ਜ਼ਮੈਟੋ ਦੇ ਸੰਸਥਾਪਕ ਦੀ ਪੁੜਪੁੜੀ 'ਤੇ ਲੱਗੀ ਡਿਵਾਈਸ ਕਿਉਂ ਬਣੀ ਚਰਚਾ ਦਾ ਵਿਸ਼ਾ, ਇਸ ਬਾਰੇ ਕੀ ਉੱਠ ਰਹੇ ਹਨ ਸਵਾਲ ਤੇ ਮਾਹਰਾਂ ਦੀ ਕੀ ਹੈ ਰਾਇ

ਦੀਪੇਂਦਰ ਗੋਇਲ

ਤਸਵੀਰ ਸਰੋਤ, @deepigoyal/X and YT/rajshamami

ਤਸਵੀਰ ਕੈਪਸ਼ਨ, ਦੀਪੇਂਦਰ ਗੋਇਲ ਮੁਤਾਬਕ ਟੈਂਪਲ ਨਾਮ ਦੀ ਛੋਟੀ ਡਿਵਾਈਸ ਦਿਮਾਗ ਤੱਕ ਪਹੁੰਚਣ ਵਾਲੇ ਬਲੱਡ ਫਲੋ ਮਾਪਦੀ ਹੈ
    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਜ਼ਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪੇਂਦਰ ਗੋਇਲ ਨੂੰ ਹਾਲ ਹੀ ਵਿੱਚ ਇੱਕ ਪੌਡਕਾਸਟ ਦੌਰਾਨ ਆਪਣੇ ਮੱਥੇ ਦੇ ਖੱਬੇ ਪਾਸੇ ਹੇਠਾਂ ਵੱਲ (ਪੁੜਪੁੜੀ) ਲੱਗੀ ਇੱਕ ਛੋਟੀ ਜਿਹੀ ਡਿਵਾਈਸ ਲਗਾਏ ਹੋਏ ਦੇਖਿਆ ਗਿਆ। ਜਿਸ ਨੇ ਕਈ ਲੋਕਾਂ ਦੇ ਮਨਾਂ ਵਿੱਚ ਉਤਸੁਕਤਾ ਪੈਦਾ ਕੀਤੀ ਕਿ ਆਖਰ ਇਹ ਡਿਵਾਈਸ ਕੀ ਹੈ, ਇਸ ਨੂੰ ਬਣਾਉਣ ਦਾ ਮਕਸਦ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।

ਗੋਇਲ ਨੇ ਇਸ ਟੈਂਪਲ ਡਿਵਾਈਸ ਬਾਰੇ ਕੀ ਦੱਸਿਆ ਹੈ ਅਤੇ ਇਸ ਬਾਰੇ ਮਾਹਰ ਡਾਕਟਰ ਕੀ ਕਹਿੰਦੇ ਹਨ, ਇਹ ਅਸੀਂ ਜਾਨਣ ਦੀ ਕੋਸ਼ਿਸ਼ ਕੀਤੀ।

3 ਜਨਵਰੀ ਨੂੰ ਰਿਲੀਜ਼ ਹੋਈ ਇੱਕ ਪੌਡਕਾਸਟ ਵਿੱਚ ਦੀਪੇਂਦਰ ਗੋਇਲ ਇਹ ਕਹਿੰਦੇ ਨਜ਼ਰ ਆਏ ਕਿ ਇਹ ਡਿਵਾਈਸ ਇੱਕ ਸਟਿੱਕਰ ਦੀ ਤਰ੍ਹਾਂ ਹੈ ਅਤੇ ਇਹ ਦਿਮਾਗ ਤੱਕ ਪਹੁੰਚਣ ਵਾਲੇ ਬਲੱਡ ਫਲੋ ਨੂੰ ਮੌਨੀਟਰ ਕਰਦੀ ਹੈ। ਡਿਵਾਈਸ ਦੇ ਪਿੱਛੇ ਮੁੱਖ ਵਿਚਾਰ ਉਸ ਚੀਜ਼ ਤੋਂ ਪੈਦਾ ਹੋਇਆ ਦੱਸਿਆ ਗਿਆ ਹੈ ਜਿਸਨੂੰ ਗੋਇਲ ਨੇ "ਗ੍ਰੈਵਇਟੀ ਏਜਿੰਗ ਹਾਈਪੋਥੀਸਿਸ" ਦਾ ਨਾਮ ਦਿੱਤਾ।

ਉਨ੍ਹਾਂ ਨੇ ਕਿਹਾ, "ਮੈਂ ਆਪਣੇ ਲਈ ਇੱਕ ਫਿਟਨੈਸ ਟੀਮ ਬਣਾਈ ਅਤੇ ਕਿਹਾ ਕਿ ਮੈਂ ਆਪਣਾ ਬ੍ਰੇਨ ਬਲੱਡ ਫਲੋ ਨੂੰ ਮੌਨੀਟਰ ਕਰਨਾ ਚਾਹੁੰਦਾ ਹਾਂ। ਅਸੀਂ ਇੱਕ ਡਿਵਾਈਸ ਤਿਆਰ ਕੀਤੀ, ਜਿਸ ਦੇ ਥਰਡ ਪਾਰਟੀ ਵੈਲੀਡੇਸ਼ਨ ਵੀ ਹੋ ਰਹੇ ਹਨ। ਪਹਿਲਾਂ ਅਸੀਂ ਇਹ ਥੋੜੀ ਵੱਡੀ ਡਿਵਾਈਸ ਤਿਆਰ ਕੀਤੀ ਸੀ ਜੋ ਹੁਣ ਛੋਟੀ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਹੋਰ ਵਧੀਆ ਬਣਾਉਣ ਵਿੱਚ ਲੱਗੇ ਹੋਏ ਹਾਂ। ਮੈਂ ਸੋਚਿਆ ਕਿ ਅਜਿਹਾ ਪ੍ਰੋਡਕਟ ਬਣਾਉਂਦੇ ਹਾਂ ਉਨ੍ਹਾਂ ਲੋਕਾਂ ਲਈ, ਜੋ ਇਸ ਦੀ ਵੈਲਿਊ ਸਮਝਣਗੇ।"

ਦਿਮਾਗ ਦੇ ਚਿਤਰਾਂ ਜ਼ਰੀਏ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ ਇੱਕ ਡਾਕਟਰ ਦੀ ਤਸਵੀਰ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਡਿਵਾਈਸ ਨੂੰ ਸਮਾਰਟ ਘੜੀਆਂ ਅਤੇ ਫਿੱਟਨੈਸ ਬੈਂਡਸ ਦੇ ਉਲਟ ਮੱਥੇ ਉੱਤੇ ਲੱਗਿਆ ਹੋਇਆ ਦਿਖਾਇਆ ਗਿਆ ਸੀ।

ਟੈਂਪਲ ਨਾਮ ਦੀ ਇਹ ਡਿਵਾਈਸ ਕੀ ਹੈ?

ਦੀਪੇਂਦਰ ਗੋਇਲ

ਤਸਵੀਰ ਸਰੋਤ, deepigoyal/instagram

ਤਸਵੀਰ ਕੈਪਸ਼ਨ, ਦੀਪੇਂਦਰ ਗੋਇਲ ਵੱਲੋਂ ਸੋਸ਼ਲ ਮੀਡੀਆ ਉੱਤੇ ਟੈਂਪਲ ਦੀ ਸਾਂਝੀ ਕੀਤੀ ਗਈ ਤਸਵੀਰ

ਤਜ਼ਰਬੇ ਅਧੀਨ ਇਸ ਡਿਵਾਈਸ ਨੂੰ ਸਮਾਰਟ ਘੜੀਆਂ ਅਤੇ ਫਿੱਟਨੈਸ ਬੈਂਡਸ ਦੇ ਉਲਟ ਮੱਥੇ ਉੱਤੇ ਲੱਗਿਆ ਹੋਇਆ ਦਿਖਾਇਆ ਗਿਆ ਸੀ। ਦੀਪੇਂਦਰ ਦੇ ਦਾਅਵੇ ਮੁਤਾਬਕ ਖੂਨ ਦੇ ਪ੍ਰਵਾਹ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਲਗਾਤਾਰ ਟ੍ਰੈਕ ਕਰਕੇ, ਇਹ ਡਿਵਾਈਸ ਸਮੇਂ ਦੇ ਨਾਲ ਦਿਮਾਗ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀਆਂ ਦਿੰਦੀ ਹੈ।

ਉਨ੍ਹਾਂ ਨੇ 20 ਨਵੰਬਰ,2025 ਨੂੰ ਆਪਣੇ ਇੰਸਟਾਗ੍ਰਾਮ ਉੱਤੇ ਲਿਖਿਆ ਸੀ ਕਿ ਕੰਨਟੀਨਿਊ ਇੱਕ ਰਿਸਰਚ ਪ੍ਰੋਜੈਕਟ ਹੈ, ਅਤੇ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਸਿਰਫ਼ ਇੱਕ ਵਰਕਿੰਗ ਮਾਡਲ ਹੈ। ਇਸ ਸਫ਼ਰ ਦੌਰਾਨ ਅਸੀਂ ਅਣਜਾਣੇ ਵਿੱਚ ਇੱਕ ਨਵਾਂ ਬ੍ਰੇਨ ਫਲੋ ਮੌਨੀਟਰ ਤਿਆਰ ਕਰ ਬੈਠੇ ਹਾਂ।

"ਲਗਭਗ ਇੱਕ ਸਾਲ ਤੱਕ ਇਹ ਡਿਵਾਈਸ ਸਿਰਫ਼ ਇੱਕ ਪ੍ਰਯੋਗਾਤਮਕ, ਲਗਾਤਾਰ ਦਿਮਾਗੀ ਖੂਨ ਦੇ ਪ੍ਰਵਾਹ ਨੂੰ ਮਾਪਣ ਵਾਲਾ ਯੰਤਰ ਸੀ, ਜਿਸਨੂੰ ਅਸੀਂ ਆਪਣੇ ਉੱਤੇ ਅਤੇ ਇੱਕ ਛੋਟੀ ਕੋਹੋਰਟ (ਕੁਝ ਲੋਕਾਂ ਦੇ ਗਰੁੱਪ) ਉੱਤੇ ਵਰਤਿਆ। ਇਸਨੂੰ ਸੈਂਕੜਿਆਂ ਐੱਮਆਰਆਈ ਅਤੇ ਡੌਪਲਰ ਸਕੈਨਾਂ ਨਾਲ ਬੈਂਚਮਾਰਕ ਕੀਤਾ ਗਿਆ।"

"ਅਸੀਂ ਇਹ ਡਿਵਾਈਸ ਨੂੰ ਕਿਸੇ ਪ੍ਰੋਡਕਟ ਆਈਡੀਆ ਵਜੋਂ ਬਣਾਉਣਾ ਸ਼ੁਰੂ ਨਹੀਂ ਕੀਤਾ ਸੀ। ਇਸਨੂੰ ਪ੍ਰੋਡਕਟ ਬਣਾਉਣਾ ਅਤੇ ਇਸ ਦਾ ਨਾਮ ਟੈਂਪਲ ਬਾਅਦ ਵਿੱਚ ਰੱਖਿਆ ਗਿਆ।"

ਇਹ ਡਿਵਾਈਸ ਬਣਾਉਣ ਦੀ ਕੀ ਲੋੜ ਪਈ?

ਦੀਪੇਂਦਰ ਗੋਇਲ ਇਹ ਕਹਿੰਦੇ ਨਜ਼ਰ ਆਏ ਕਿ ਕਿਉਂਕਿ ਬਲੱਡ ਫਲੋ ਮਾਪਣ ਵਾਲੀਆਂ ਹੋਰ ਡਿਵਾਇਜ਼ ਜਿਵੇਂ ਕਿ ਐੱਮਆਰਆਈ, ਇਹ ਕਾਫੀ ਵੱਡੀਆਂ ਹੁੰਦੀਆਂ ਹਨ ਅਤੇ ਅਸੀਂ ਇੱਕ ਛੋਟੀ ਡਿਵਾਈਸ ਤਿਆਰ ਕੀਤੀ ਹੈ।

ਇਸ ਡਿਵਾਈਸ ਦੀ ਲੋੜ ਬਾਰੇ ਉਹ ਕਹਿੰਦੇ ਹਨ, "ਜੇ ਤੁਸੀਂ ਅਜਿਹੀਆਂ ਗਤੀਵਿਧੀਆਂ ਕਰੋ ਜੋ ਖੂਨ ਦੇ ਪ੍ਰਵਾਹ ਨੂੰ ਵਧਾਉਂਦੀਆਂ ਹਨ, ਤਾਂ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ। ਇਸਦੇ ਨਾਲ-ਨਾਲ, ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਵਿਹਾਰਕ ਪੈਟਰਨ ਤੁਹਾਨੂੰ ਚੰਗਾ ਮਹਿਸੂਸ ਕਰਵਾਉਂਦੇ ਹਨ ਅਤੇ ਕਿਹੜੇ ਮਾੜਾ ਮਹਿਸੂਸ ਕਰਵਾਉਂਦੇ ਹਨ। ਸਭ ਕਹਿੰਦੇ ਹਨ ਕਿ ਬਲੱਡ ਫਲੋ ਉੱਪਰ ਰਹਿਣਾ ਚੰਗਾ ਹੁੰਦਾ ਹੈ ਤਾਂ ਫਿਰ ਉਸ ਨੂੰ ਚੰਗਾ ਹੀ ਕਿਉਂ ਨਾ ਰੱਖਿਆ ਜਾਵੇ।"

ਮਾਹਰ ਦੀਪੇਂਦਰ ਦੇ ਦਾਅਵਿਆਂ ਬਾਰੇ ਕੀ ਕਹਿੰਦੇ ਹਨ

 ਨਿਊਰੋਲੌਜਿਸਟ,ਸੀਐੱਮਸੀ ਲੁਧਿਆਣਾ

ਸੀਐੱਮਸੀ ਲੁਧਿਆਣਾ ਵਿੱਚ ਨਿਊਰੋਲੌਜੀ ਦੇ ਪ੍ਰੋਫੈਸਰ ਡਾ. ਜੈਯਾਰਾਜ ਡੀ ਪਾਂਡੀਅਨ ਮੁਤਾਬਕ ਦੀਪੇਂਦਰ ਜਿਸ ਡਿਵਾਈਸ ਦੀ ਗੱਲ ਕਰ ਰਹੇ ਹਨ ਉਹ ਇੱਕ ਫਲੋ ਸੈਂਸਰ ਹੈ ਅਤੇ ਇਸ ਤਰ੍ਹਾਂ ਦੀਆਂ ਡਿਵਾਈਸਜ਼ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਐਕਟੀਗ੍ਰਾਫੀ (ਇਹ ਇੱਕ ਪਹਿਨਣਯੋਗ ਸੈਂਸਰ ਵਾਲਾ ਯੰਤਰ ਹੁੰਦਾ, ਜਿਸ ਦੀ ਵਰਤੋਂ ਨੀਂਦ ਦੌਰਾਨ ਮਨੁੱਖ ਦੀਆਂ ਸਰੀਰਕ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਹੁੰਦੀ ਹੈ)ਵਰਗੀਆਂ ਡਿਵਾਈਸਜ਼ ਸਰੀਰਕ ਗਤੀਵਿਧੀਆਂ ਮਾਪਣ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ।

"ਪਰ ਜੋ ਡਿਵਾਈਸ ਇਸ ਤਰ੍ਹਾਂ ਪਹਿਨੀ ਜਾਂਦੀ ਹੈ, ਉਹ ਸਿੱਧੇ ਤੌਰੇ 'ਤੇ ਦਿਮਾਗੀ ਖੂਨ ਦੇ ਪ੍ਰਵਾਹ (ਸੈਰੇਬਲ ਬਲੱਡ ਫਲੋ) ਨੂੰ ਮਾਪਦੀ ਨਹੀਂ ਹੈ।"

ਡਾ. ਪਾਂਡੀਅਨ ਦੱਸਦੇ ਹਨ ਕਿ ਬ੍ਰੇਨ ਬਲੱਡ ਫਲੋ ਮਾਪਣ ਲਈ ਮੈਡੀਕਲ ਫੀਲਡ ਵਿੱਚ ਕਈ ਤਰੀਕੇ ਹਨ ਜਿਵੇਂ ਕਿ ਐੱਮਆਰ ਐਗਨੀਓਗ੍ਰਾਫੀ, ਐੱਮਆਰਆਈ, ਪੈਟ ਸਕੈਨ ਅਤੇ ਹੋਰ ਵੀ ਕਈ ਤਕਨੀਕਾਂ ਹਨ।

ਡਾ. ਪਾਂਡੀਅਨ ਮੁਤਾਬਕ ਦਿਮਾਗ ਦੀਆਂ ਕੁਝ ਬਿਮਾਰੀਆਂ ਦਾ ਪਤਾ ਲਾਉਣ ਲਈ ਟ੍ਰਾਂਸਕਾਰਨੀਅਲ ਡੋਪਲਰ ਅਲਟਰਾਸਾਊਂਡ ਵੀ ਕੀਤਾ ਜਾਂਦਾ ਹੈ।

ਉਹ ਅਗਾਂਹ ਕਹਿੰਦੇ ਹਨ ਕਿ ਕੁਝ ਲੋਕ ਦਿਮਾਗ ਦੀ ਕਾਰਗੁਜ਼ਾਰੀ ਨੂੰ ਸਮਝਣ ਲਈ ਅਜਿਹੀਆਂ ਤਕਨੀਕਾਂ ਦੀ ਖੋਜ ਕਰ ਰਹੇ ਹਨ, ਪਰ ਇਹ ਤਕਨੀਕਾਂ ਹਾਲੇ ਤੱਕ ਪੂਰੀ ਤਰ੍ਹਾਂ ਸਾਬਤ ਜਾਂ ਪ੍ਰਮਾਣਿਤ ਨਹੀਂ ਹੋਈਆਂ ਹਨ।

ਬ੍ਰੇਨ ਬਲੱਡ ਫਲੋ ਕਦੋਂ ਪ੍ਰਭਾਵਿਤ ਹੁੰਦਾ ਅਤੇ ਇਸ ਕਰਕੇ ਕੀ ਸਮੱਸਿਆ ਹੋ ਸਕਦੀ ?

ਡਾਕਟਰ ਅਤੇ ਮਰੀਜ਼ ਆਪਸ ਵਿੱਚ ਗੱਲ ਕਰਦੇ ਹੋਏ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਬ੍ਰੇਨ ਸਟ੍ਰੋਕ ਵਰਗੀਆਂ ਬਿਮਾਰੀਆਂ ਕਰਕੇ ਵੀ ਬ੍ਰੇਨ ਬਲੱਡ ਫਲੋ ਪ੍ਰਭਾਵਿਤ ਹੋ ਸਕਦਾ ਹੈ (ਸੰਕੇਤਕ ਤਸਵੀਰ)

ਡਾ. ਪਾਂਡੀਅਨ ਕਹਿੰਦੇ ਹਨ ਕਿ ਬ੍ਰੇਨ ਬਲੱਡ ਫਲੋ ਕਿਸੇ ਦਿਮਾਗੀ ਬਿਮਾਰੀ ਕਰਕੇ ਪ੍ਰਭਾਵਿਤ ਹੋ ਸਕਦਾ ਹੈ। ਇਹ ਉਸ ਸੂਰਤ ਵਿੱਚ ਘੱਟ ਸਕਦਾ ਹੈ ਜੇਕਰ ਦਿਮਾਗ ਦੀਆਂ ਨਾੜਾਂ ਵਿੱਚ ਕੋਈ ਬਲਾਕਏਜ ਭਾਵ ਰੁਕਾਵਟ ਹੋਵੇ।

ਉਹ ਦੱਸਦੇ ਹਨ ਕਿ ਜੇਕਰ ਬ੍ਰੇਨ ਬਲੱਡ ਫਲੋ ਵਿੱਚ ਕੋਈ ਅੜਿੱਕਾ ਪੈਂਦਾ ਹੈ ਤਾਂ ਦਿਮਾਗ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ, ਜਿਵੇਂ ਕਿ ਯਾਦਦਾਸ਼ਤ ਘਟਣਾ, ਗਤੀਵਿਧੀਆਂ ਵਿੱਚ ਸੁਸਤੀ ਆ ਜਾਣਾ, ਸੋਚਣ-ਸਮਝਣ ਦੀ ਸਮਰੱਥਾ ਘੱਟ ਜਾਣਾ ਆਦਿ।

ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਵਿੱਚ ਕੀ ਕੋਈ ਸੱਚ ਹੈ?

ਦੀਪੇਂਦਰ ਗੋਇਲ ਵੱਲੋਂ ਆਪਣੇ ਐਕਸ ਪਲੈਟਫਾਰਮ ਉੱਤੇ ਆਪਣੇ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ

ਤਸਵੀਰ ਸਰੋਤ, @deepigoyal

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਬਾਰੇ ਅਜੇ ਕੋਈ ਪੁਖ਼ਤਾ ਸਬੂਤ ਮੌਜੂਦ ਨਹੀਂ ਹਨ

ਡਿਵਾਈਸ ਦੇ ਪਿੱਛੇ ਮੁੱਖ ਵਿਚਾਰ ਗੋਇਲ ਨੇ "ਗ੍ਰੈਵਇਟੀ ਏਜਿੰਗ ਹਾਈਪੋਥੀਸਿਸ" ਦੱਸਿਆ ਹੈ, ਹੁਣ ਸਵਾਲ ਇਹ ਕੀ ਇਹ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਕੀ ਹੈ?

ਅਪੋਲੋ ਹਸਪਤਾਲ ਵਿੱਚ ਨਿਊਰੋਲੌਜਿਸਟ ਡਾ. ਸੁਧੀਰ ਕੁਮਾਰ ਮੁਤਾਬਕ ਦੀਪੇਂਦਰ ਪਹਿਲਾਂ ਵੀ ਇਹ ਕਹਿੰਦੇ ਹੋਏ ਨਜ਼ਰ ਆਏ ਹਨ ਕਿ ਉਨ੍ਹਾਂ ਦੇ ਵਿਗਿਆਨੀਆਂ ਦੀ ਟੀਮ ਨੇ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਥਿਊਰੀ ਬਾਰੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ। "ਜਿਸ ਵਿੱਚ ਕਿਹਾ ਗਿਆ ਕਿ ਜਦੋਂ ਕੋਈ ਸ਼ਖ਼ਸ ਖੜਾ ਹੁੰਦਾ ਹੈ ਜਾਂ ਬੈਠਾ ਹੁੰਦਾ ਹੈ ਉਦੋਂ ਦਿਲ ਨੂੰ ਦਿਮਾਗ ਤੱਕ ਖੂਨ ਭੇਜਣ ਲਈ ਗ੍ਰੈਵਇਟੀ ਭਾਵ ਗੁਰੁਤਵਾਕਰਸ਼ਣ ਦੇ ਉਲਟ ਕੰਮ ਕਰਨਾ ਪੈਂਦਾ ਹੈ। ਜਿਸ ਕਰਕੇ ਸਮੇਂ ਦੇ ਨਾਲ-ਨਾਲ ਦਿਮਾਗ ਤੱਕ ਪਹੁੰਚਣ ਵਾਲੇ ਲਹੂ ਦੀ ਮਾਤਰਾ ਘੱਟ ਜਾਂਦੀ ਹੈ ਜੋ ਛੇਤੀ ਉਮਰ ਵੱਧਣ ਦਾ ਕਾਰਨ ਹੋ ਸਕਦਾ ਹੈ।"

ਡਾ. ਸੁਧੀਰ ਕੁਮਾਰ ਕਹਿੰਦੇ ਹਨ ਕਿ ਅਜੇ ਤੱਕ ਇਸ ਥਿਊਰੀ ਬਾਰੇ ਕੋਈ ਵੀ ਪੁਖ਼ਤਾ ਸਬੂਤ ਨਹੀਂ ਹਨ। ਡਾ. ਪਾਂਡੀਅਨ ਦਾ ਵੀ ਅਜਿਹਾ ਹੀ ਮੰਨਣਾ ਹੈ ਕਿ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਨਵਾਂ ਹਾਈਪੋਥੀਸਿਸ ਹੈ ਜਿਸ ਬਾਰੇ ਮੌਜੂਦਾ ਵੇਲੇ ਵਿੱਚ ਕੋਈ ਸਬੂਤ ਮੌਜੂਦ ਨਹੀਂ ਹੈ।

ਸੋਸ਼ਲ ਮੀਡੀਆ ਉੱਤੇ ਪਾਈ ਇੱਕ ਪੋਸਟ ਵਿੱਚ ਡਾ. ਸੁਧੀਰ ਕੁਮਾਰ ਦੱਸਦੇ ਹਨ, "ਸਾਡੇ ਦਿਲ ਵਿੱਚ ਅਜਿਹੇ ਮਕੈਨਿਜ਼ਮ ਹੁੰਦੇ ਹਨ ਜੋ ਹਰ ਤਰ੍ਹਾਂ ਦੀ ਹਾਲਤ ਵਿੱਚ, ਚਾਹੇ ਅਸੀਂ ਖੜ੍ਹੇ ਹੋਈਏ, ਬੈਠੇ ਹੋਈਏ ਜਾਂ ਦੌੜ ਰਹੇ ਹੋਈਏ, ਦਿਮਾਗ ਤੱਕ ਖੂਨ ਦੀ ਸਪਲਾਈ ਯਕੀਨੀ ਬਣਾਉਂਦੇ ਹਨ। ਇਸ ਲਈ ਹਰ ਉਮਰ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜੇਕਰ ਇਨਸਾਨ ਤੰਦਰੁਸਤ ਹੈ ਤਾਂ ਦਿਮਾਗ ਤੱਕ ਸਹੀ ਮਾਤਰਾ ਵਿੱਚ ਖੂਨ ਪਹੁੰਚਦਾ ਰਹਿੰਦਾ ਹੈ।"

ਉਹ ਅਗਾਂਹ ਕਹਿੰਦੇ ਹਨ,"ਜੇਕਰ ਕਿਸੇ ਨੂੰ ਕੋਈ ਬਿਮਾਰੀ ਹੈ ਜਿਵੇਂ ਕਿ ਦਿਲ ਦੀ ਬਿਮਾਰੀ ਤਾਂ ਦਿਲ ਸਹੀ ਤਰੀਕੇ ਨਾਲ ਬਲੱਡ ਪੰਪ ਨਹੀਂ ਕਰ ਪਾਉਂਦਾ ਜਾਂ ਫਿਰ ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਸਟ੍ਰੋਕ ਹੋਇਆ ਤਾਂ ਵੀ ਦਿੱਕਤ ਹੋ ਸਕਦੀ ਹੈ।ਪਰ ਇਨ੍ਹਾਂ ਸਾਰੀਆਂ ਸਥਿਤੀਆਂ ਵਿੱਚ ਮਰੀਜ਼ ਕੁਝ ਲੱਛਣ ਮਹਿਸੂਸ ਕਰੇਗਾ ਜਿਵੇਂ ਕਿ ਚੱਕਰ ਆਉਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਕੁਝ ਹੋਰ, ਅਜਿਹੀ ਸਥਿਤੀ ਵਿੱਚ ਡਾਕਟਰੀ ਸਲਾਹ ਨਾਲ ਕਾਰਨ ਪਤਾ ਲਾਏ ਜਾ ਸਕਦੇ ਹਨ।"

ਕੀ ਹਮੇਸ਼ਾ ਬ੍ਰੇਨ ਬਲੱਡ ਫਲੋ ਮਾਪਦੇ ਰਹਿਣਾ ਚੰਗੀ ਗੱਲ ਹੈ?

ਲੈਬ ਦੀ ਇੱਕ ਤਸਵੀਰ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਜੈਯਾਰਾਜ ਡੀ ਪਾਂਡੀਅਨ ਮੁਤਾਬਕ ਹਮੇਸ਼ਾ ਡਾਕਟਰੀ ਸਲਾਹ ਮੁਤਾਬਕ ਹੀ ਬ੍ਰੇਨ ਬਲੱਡ ਫਲੋ ਮਾਪਣਾ ਚਾਹੀਦਾ ਹੈ।(ਸੰਕੇਤਕ ਤਸਵੀਰ)

ਡਾ. ਜੈਯਾਰਾਜ ਡੀ ਪਾਂਡੀਅਨ ਮੁਤਾਬਕ ਹਮੇਸ਼ਾ ਡਾਕਟਰੀ ਸਲਾਹ ਮੁਤਾਬਕ ਹੀ ਬ੍ਰੇਨ ਬਲੱਡ ਫਲੋਅ ਮਾਪਣਾ ਚਾਹੀਦਾ ਹੈ।

ਡਾ. ਸੁਧੀਰ ਕੁਮਾਰ ਕਹਿੰਦੇ ਹਨ ਕਿ ਮੰਨ ਲਵੋ ਜਿਸ ਡਿਵਾਈਸ ਦੀ ਦੀਪੇਂਦਰ ਗੱਲ ਕਰ ਰਹੇ ਹਨ ਜੇਕਰ ਇਸ ਨੂੰ ਸਾਰੇ ਮਾਪਦੰਡਾਂ ਉੱਤੇ ਖਰਾ ਉੱਤਰਣ ਬਾਅਦ ਵਰਤੋਂ ਲਈ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੀ ਫਿਰ ਕੀ ਕੋਈ ਵੀ ਇਸ ਨੂੰ ਵਰਤ ਸਕੇਗਾ ?

ਇਸ ਸਵਾਲ ਨੂੰ ਸਮਝਾਉਂਦੇ ਹੋਏ ਉਹ ਦੱਸਦੇ ਹਨ,"ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਲਗਾਤਾਰ ਮੌਨਟਰਿੰਗ ਦੀ ਲੋੜ ਹੁੰਦੀ ਹੈ, ਲਗਾਤਾਰ ਇਸ ਤਰ੍ਹਾਂ ਮੌਨੀਟਰਿੰਗ ਕਰਨ ਦੇ ਨਾਕਾਰਤਮਕ ਪ੍ਰਭਾਵ ਵੀ ਹੋ ਸਕਦੇ ਹਨ। ਅੰਕੜਿਆਂ ਵਿੱਚ ਹੁੰਦੇ ਬਦਲਾਅ ਕਈ ਕੇਸਾਂ ਵਿੱਚ ਤਣਾਅ ਅਤੇ ਐਂਗਜਾਇਟੀ ਵੀ ਪੈਦਾ ਕਰ ਸਕਦੇ ਹਨ।"

ਟੈਂਪਲ ਵਰਗੀਆਂ ਡਿਵਾਈਸਿਜ਼ ਦੀ ਲੋੜ ਬਾਰੇ ਦੱਸਦੇ ਹੋਏ ਡਾ. ਕੁਮਾਰ ਕਹਿੰਦੇ ਹਨ ਕਿ ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਤਰੀਕੇ ਮੌਜੂਦ ਹਨ ਜੋ ਬ੍ਰੇਨ ਬਲੱਡ ਫਲੋਅ ਨੂੰ ਮਾਪਦੇ ਹਨ । ਤੰਦਰੁਸਤ ਸ਼ਖ਼ਸ ਨੂੰ ਬ੍ਰੇਨ ਬਲੱਡ ਫਲੋ ਮਾਪਣ ਦੀ ਕੋਈ ਲੋੜ ਨਹੀਂ ਹੁੰਦੀ, ਇਸ ਨੂੰ ਮਾਪਣ ਦੀ ਲੋੜ ਉਦੋਂ ਹੀ ਹੁੰਦੀ ਹੈ ਜਦੋਂ ਕਿਸੇ ਮਰੀਜ਼ ਨੂੰ ਲੱਛਣ ਮਹਿਸੂਸ ਹੋਣ।

ਡਾ. ਪਾਂਡੀਅਨ ਮੁਤਾਬਕ ਜੇਕਰ ਕੋਈ ਅਜਿਹੇ ਮੈਡੀਕਲ ਉਪਕਰਣਾਂ ਨੂੰ ਬਾਜ਼ਾਰ ਵਿੱਚ ਲਿਆਉਣ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਦੀ ਲੋੜ ਹੁੰਦੀ ਹੈ ਅਤੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ।

ਆਲੋਚਕਾ ਨੂੰ ਦੀਪੇਂਦਰ ਨੇ ਕੀ ਜਵਾਬ ਦਿੱਤਾ

ਦੀਪੇਂਦਰ ਗੋਇਲ ਵੱਲੋਂ ਟੈਂਪਲ ਬਾਰੇ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ

ਤਸਵੀਰ ਸਰੋਤ, deepigoyal/instagram

ਤਸਵੀਰ ਕੈਪਸ਼ਨ, ਦੀਪੇਂਦਰ ਗੋਇਲ ਵੱਲੋਂ ਟੈਂਪਲ ਬਾਰੇ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ

ਛੋਟੀ ਡਿਵਾਈਸ ਪਹਿਨਣ ਅਤੇ ਗ੍ਰੈਵੀਇਟੀ ਏਜਿੰਗ ਹਾਈਪੋਥੀਸਿਸ ਦੀ ਗੱਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕੁਝ ਡਾਕਟਰਾਂ ਵੱਲੋਂ ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਉੱਤੇ ਸਵਾਲ ਵੀ ਖੜੇ ਕੀਤੇ ਗਏ।

ਜਿਸ ਬਾਰੇ ਗੋਇਲ ਨੇ ਕਿਹਾ ਸੀ, "ਇਹ ਹਾਈਪੋਥੋਸਿਸ ਗਲਤ ਜਾਂ ਸਹੀ ਸਾਬਿਤ ਹੋਵੇ ਪਰ ਇਸ ਨਾਲ ਨਵੀਂ ਚਰਚਾਵਾਂ ਜ਼ਰੂਰ ਛਿੜਨਗੀਆਂ। ਜਿਸ ਨਾਲ ਦਿਮਾਗ, ਉਮਰ ਵਧਣ ਅਤੇ ਹੋਰ ਕਈ ਮਸਲਿਆਂ ਬਾਰੇ ਗੱਲਾਂ ਪਤਾ ਲੱਗ ਸਕਦੀਆਂ ਹਨ।"

ਉਹ ਕਹਿੰਦੇ ਹਨ ਕਿਉਂਕਿ ਉਹ ਸਾਇੰਸ ਬੈਕਰਾਊਂਡ ਤੋਂ ਨਹੀਂ ਹਨ ਇਸ ਲਈ ਉਹ ਇਸ ਹਾਈਪੋਥੋਸਿਸ ਦੀ ਚਰਚਾ ਇਸ ਲਈ ਕਰ ਰਹੇ ਹਨ ਤਾਂ ਜੋ ਇਸ ਬਾਰੇ ਗਲੋਬਲ ਰਿਸਰਚ ਦੀ ਮੰਗ ਕਰ ਸਕਣ।

ਉਨ੍ਹਾਂ ਨੇ ਇਸ ਮਸਲੇ ਉੱਤੇ ਉਨ੍ਹਾਂ ਦੀ ਅਲੋਚਨਾ ਕਰਨ ਵਾਲਿਆਂ ਬਾਰੇ ਇੱਕ ਸੋਸ਼ਲ ਮੀਡੀਆ ਪੋਸਟ ਜ਼ਰੀਏ ਉਨ੍ਹਾਂ ਨੇ ਕਿਹਾ ਸੀ ਕਿ, "ਨਿੰਦਕ ਆਪਣੀ ਰਾਏ ਰੱਖਣ ਲਈ ਆਜ਼ਾਦ ਹਨ, ਪਰ ਘਟਨਾਵਾਂ ਦਾ ਅਸਲ ਕ੍ਰਮ ਇਹੀ ਹੈ। ਸਾਡੇ ਕੋਲ ਇੱਥੇ ਕੁਝ ਵੀ ਲੁਕਾਉਣ ਲਈ ਨਹੀਂ ਹੈ।"

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)