ਆਸਟ੍ਰੇਲੀਆ 'ਚ ਪਰਵਾਸ ਵਿਰੋਧੀ ਪ੍ਰਦਰਸ਼ਨ ਕਰਨ ਵਾਲੇ ਲੋਕ ਕੌਣ ਹਨ? ਭਾਰਤੀ ਭਾਈਚਾਰੇ ਅੰਦਰ ਕੀ ਮਾਹੌਲ ਹੈ?

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਆਸਟ੍ਰੇਲੀਆ ਵਿੱਚ ਹਜ਼ਾਰਾਂ ਲੋਕ ਐਤਵਾਰ ਨੂੰ ਦੇਸ਼ ਭਰ ਵਿੱਚ ਪਰਵਾਸ ਵਿਰੋਧੀ ਰੈਲੀਆਂ ਦੌਰਾਨ ਸੜਕਾਂ 'ਤੇ ਉੱਤਰੇ।
ਮਾਰਚ ਫ਼ਾਰ ਆਸਟ੍ਰੇਲੀਆ ਨਾਮ ਹੇਠ ਸਿਡਨੀ, ਮੈਲਬਰਨ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਹੋਈਆਂ ਰੈਲੀਆਂ 'ਚ ਪ੍ਰਦਰਸ਼ਨਕਾਰੀਆਂ ਨੇ ਆਸਟ੍ਰੇਲੀਆ ਦੇ ਝੰਡੇ ਅਤੇ ਹੱਥਾਂ ਵਿੱਚ ਪਰਵਾਸ ਵਿਰੋਧੀ ਬੈਨਰ ਫੜੇ ਹੋਏ ਸਨ।
ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਮੁਤਾਬਕ ਇੰਗਲੈਂਡ ਦੇ ਲੋਕਾਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿ ਰਹੇ ਪਰਵਾਸੀਆਂ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਵੱਧ ਭਾਰਤੀਆਂ ਲੋਕਾਂ ਦੀ ਗਿਣਤੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਤੋਂ ਬਾਅਦ ਤੀਜਾ ਨੰਬਰ ਚੀਨ ਦਾ ਆਉਂਦਾ ਹੈ।
ਆਸਟ੍ਰੇਲੀਆ ਵਿੱਚ ਹਾਲ ਹੀ ਵਿੱਚ ਸੱਜੇ ਪੱਖੀ ਸਿਆਸਤ ਦਾ ਉਭਾਰ ਹੋਇਆ ਹੈ। ਹਾਲਾਂਕਿ, ਆਸਟ੍ਰੇਲੀਆ ਦੀ ਸਰਕਾਰ ਨੇ ਇਨ੍ਹਾਂ ਮੁਜ਼ਾਹਰਿਆਂ ਦੀ ਇਹ ਕਹਿੰਦਿਆਂ ਨਿੰਦਾ ਕੀਤੀ ਕਿ ਇਹ ਮੁਜ਼ਾਹਰਾਕਾਰੀ 'ਨਫ਼ਰਤ ਫੈਲਾਉਣਾ ਚਾਹੁੰਦੇ' ਹਨ ਅਤੇ ਇਨ੍ਹਾਂ ਦੇ 'ਨੀਓ ਨਾਜ਼ੀ ਗਰੁੱਪਾਂ' ਨਾਲ ਸਬੰਧ ਹਨ।
ਭਾਵੇਂ ਆਸਟ੍ਰੇਲੀਆ ਵਿੱਚ ਸੱਤਾ ਧਾਰੀ ਅਤੇ ਵਿਰੋਧੀ ਧਿਰ ਲਈ ਪਰਵਾਸੀ ਲੋਕ ਵੱਡਾ ਵੋਟ ਬੈਂਕ ਹਨ, ਪਰ ਪਰਵਾਸ ਵਿਰੋਧੀ ਰੈਲੀਆਂ ਕਰ ਰਹੇ ਇਹ ਲੋਕ ਕੌਣ ਹੈ? ਕੀ ਇਸ ਮੁਹਿੰਮ ਨਾਲ ਉੱਥੇ ਰਹਿ ਰਹੇ ਭਾਰਤੀਆਂ ਵਿੱਚ ਕੋਈ ਡਰ ਦਾ ਮਾਹੌਲ ਹੈ?

ਪਰਵਾਸ ਵਿਰੋਧੀ ਰੈਲੀਆਂ ਕਰਨ ਵਾਲੇ ਕੌਣ ਹਨ?
ਇਨ੍ਹਾਂ ਰੋਸ ਮਾਰਚਾਂ ਨੂੰ ਕਈ ਵਿਰੋਧੀ ਧਿਰਾਂ ਦੇ ਆਗੂਆਂ, ਨੀਓ-ਨਾਜ਼ੀ ਤੱਤਾਂ ਅਤੇ ਕੁਝ ਲਾਕਡਾਊਨ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਵੱਲੋਂ ਉਤਸ਼ਾਹਿਤ ਕੀਤਾ ਗਿਆ। ਇਹ ਲੋਕ ਕੋਵਿਡ-19 ਮਹਾਮਾਰੀ ਦੌਰਾਨ ਚਰਚਾ ਵਿੱਚ ਆਏ ਸਨ।
ਕਈ ਵਿਰੋਧੀ ਧਿਰਾਂ ਦੇ ਆਗੂ ਇਨ੍ਹਾਂ ਮਾਰਚਾਂ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਵਨ ਨੇਸ਼ਨ ਦੇ ਸੇਨੇਟਰ ਪੌਲੀਨ ਹੈਨਸਨ ਅਤੇ ਫੈਡਰਲ ਮੈਂਬਰ ਬਾਬ ਕੈਟਰ ਵੀ ਸ਼ਾਮਲ ਸਨ।
ਮਾਰਚ ਫਾਰ ਆਸਟ੍ਰੇਲੀਆ ਨਾਮ ਵੀ ਵੈਬਸਾਈਟ 'ਤੇ ਉਨ੍ਹਾਂ ਲਿਖਿਆ, "ਕਈ ਸਾਲਾਂ ਤੋਂ, ਆਸਟ੍ਰੇਲੀਆ ਦੀ ਏਕਤਾ ਅਤੇ ਸਾਂਝੀਆਂ ਰੀਤਾਂ ਨੂੰ ਅਜਿਹੀਆਂ ਨੀਤੀਆਂ ਅਤੇ ਲਹਿਰਾਂ ਨੇ ਕਮਜ਼ੋਰ ਕੀਤਾ ਹੈ ਜੋ ਸਾਨੂੰ ਵੰਡਦੀਆਂ ਹਨ। ਸਾਡੀਆਂ ਸੜਕਾਂ 'ਤੇ ਵਧਦੀ ਹੋਈ ਆਸਟ੍ਰੇਲੀਆ ਵਿਰੋਧੀ ਨਫ਼ਰਤ, ਵਿਦੇਸ਼ੀ ਝਗੜੇ ਅਤੇ ਘਟਦੀ ਭਰੋਸੇਯੋਗਤਾ ਦੇ ਦ੍ਰਿਸ਼ ਵੇਖੇ ਗਏ ਹਨ। ਵੱਡੇ ਪੈਮਾਨੇ 'ਤੇ ਹੋਈ ਇਮੀਗ੍ਰੇਸ਼ਨ ਨੇ ਸਾਡੇ ਭਾਈਚਾਰਕ ਸੰਬੰਧਾਂ ਨੂੰ ਟੁੱਟਣ ਦੀ ਕਗਾਰ 'ਤੇ ਲਿਆ ਦਿੱਤਾ ਹੈ।"
ਉਨ੍ਹਾਂ ਅੱਗੇ ਲਿਖਿਆ, "ਇਹ ਮਾਰਚ ਉਨ੍ਹਾਂ ਲੋਕਾਂ, ਸਭਿਆਚਾਰ ਅਤੇ ਰਾਸ਼ਟਰ ਲਈ ਹਨ, ਜਿੰਨਾਂ ਆਸਟ੍ਰੇਲੀਆ ਨੂੰ ਬਣਾਇਆ।"
ਵੈੱਬਸਾਈਟ ਮੁਤਾਬਕ ਇਹ ਰੈਲੀਆਂ ਉਨ੍ਹਾਂ ਮੰਗਾਂ ਲਈ ਕੀਤੀਆਂ ਜਾ ਰਹੀਆਂ ਹਨ ਜੋ ਮੁੱਖ ਧਾਰਾ ਦੇ ਸਿਆਸਤਦਾਨ ਕਦੇ ਕਰਨ ਦੀ ਹਿੰਮਤ ਨਹੀਂ ਕਰਦੇ, ਉਹ ਹੈ ਵੱਡੇ ਪੱਧਰ ਉੱਤੇ ਪਰਵਾਸ ਦਾ ਅੰਤ।

ਤਸਵੀਰ ਸਰੋਤ, Getty Images/BBC
ਮੁਜ਼ਾਹਰਾ ਕਰਨ ਵਾਲੇ ਗਰੁੱਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭਿਆਚਾਰ, ਮਜ਼ਦੂਰੀ ਦੇ ਰੇਟ, ਟਰੈਫਿਕ, ਘਰਾਂ ਅਤੇ ਪਾਣੀ ਦੀ ਸਪਲਾਈ, ਵਾਤਾਵਰਣ ਦੀ ਤਬਾਹੀ, ਲੋੜੀਂਦਾ ਢਾਂਚਾ, ਹਸਪਤਾਲ ਅਤੇ ਅਪਰਾਧ ਬਾਰੇ ਵੀ ਚਿੰਤਾ ਹੈ।
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਪਿਛਲੇ 29 ਸਾਲਾਂ ਤੋਂ ਰਹਿ ਰਹੇ ਸਮਾਜਿਕ ਕਾਰਕੁਨ ਅਮਰ ਸਿੰਘ ਕਹਿੰਦੇ ਹਨ ਕਿ ਪਰਵਾਸੀਆਂ ਵਿਰੁਧ ਪ੍ਰਦਰਸ਼ਨ ਕਰਨ ਵਾਲੇ 'ਗੋਰੇ ਨੀਓ ਨਾਜ਼ੀ' ਵਿਚਾਰਧਾਰਾ ਵਾਲੇ ਅਤੇ ਹਿਟਲਰ ਨੂੰ ਆਦਰਸ਼ ਮੰਨਣ ਵਾਲੇ ਲੋਕ ਹਨ।
'ਟਰਬਨਜ਼ 4 ਆਸਟ੍ਰੇਲੀਆ' ਨਾਂ ਦੀ ਸੰਸਥਾ ਚਲਾਉਣ ਵਾਲੇ ਅਤੇ ਆਸਟ੍ਰੇਲੀਆ ਵਿੱਚ ਸਾਲ 2023 ਦੇ 'ਲੋਕਲ ਹੀਰੋ' ਐਵਾਰਡ ਜੇਤੂ ਅਮਰ ਸਿੰਘ ਅੱਗੇ ਕਹਿੰਦੇ ਹਨ, "ਸਾਡੇ ਭਾਈਚਾਰੇ ਦੇ ਪੜ੍ਹੇ ਲਿਖੇ ਅਤੇ ਹੁਨਰਮੰਦ ਲੋਕ ਹੀ ਆਸਟ੍ਰੇਲੀਆ ਆਉਂਦੇ ਹਨ ਜੋ ਕਿਸੇ ਦੀਆਂ ਨੌਕਰੀਆਂ ਨਹੀਂ ਖਾਂਦੇ ਸਗੋਂ ਆਪਣੇ ਹੁਨਰ ਕਾਰਨ ਨੌਕਰੀਆਂ ਹਾਸਲ ਕਰਦੇ ਹਨ। ਪਰ ਇਸ ਤਰ੍ਹਾਂ ਦੀਆਂ ਰੈਲੀਆਂ ਨਾਲ ਮਾਹੌਲ ਖ਼ਰਾਬ ਹੋ ਰਿਹਾ ਹੈ।"
ਆਸਟ੍ਰੇਲੀਆ ਵਿੱਚ ਪੰਜਾਬੀ ਪੱਤਰਕਾਰੀ ਕਰਦੇ ਤਰਨਦੀਪ ਦਿਓਲ ਕਹਿੰਦੇ ਹਨ ਕਿ ਇਹ ਪ੍ਰਦਰਸ਼ਨ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਨੌਕਰੀਆਂ ਦੀ ਘਾਟ ਕਾਰਨ ਹੋ ਰਹੇ ਹਨ।
ਉਹ ਕਹਿੰਦੇ ਹਨ, "ਆਰਥਿਕ ਮੰਦੀ ਕਾਰਨ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਜਿਸ ਦਾ ਕਾਰਨ ਇਹ ਲੋਕ ਪਰਵਾਸੀ ਭਾਈਚਾਰੇ ਨੂੰ ਮੰਨਦੇ ਹਨ। ਇਸ ਲਈ ਪਰਵਾਸੀਆਂ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਪਰਵਾਸੀ ਲੋਕ ਸੱਤਾ ਧਾਰੀ ਲੇਬਰ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਲਿਬਰਲ ਪਾਰਟੀ ਲਈ ਵੀ ਵੱਡਾ ਵੋਟ ਬੈਂਕ ਹਨ।"

ਆਸਟ੍ਰੇਲੀਆ ਰਹਿੰਦੇ ਭਾਰਤੀ ਲੋਕਾਂ ਦਾ ਕੀ ਕਹਿਣਾ ਹੈ?
ਆਸਟ੍ਰੇਲੀਆ ਬਿਊਰੋ ਆਫ ਸਟੈਟਿਕਸ ਮੁਤਾਬਕ 30 ਜੂਨ 2024 ਤੱਕ, ਆਸਟ੍ਰੇਲੀਆ ਵਿੱਚ ਪਰਵਾਸੀ ਲੋਕਾਂ ਦੀ ਆਬਾਦੀ 86 ਲੱਖ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕ ਵੀ ਸ਼ਾਮਿਲ ਹਨ। ਆਸਟ੍ਰੇਲੀਆ ਦੀ ਕੁੱਲ ਆਬਾਦੀ ਵਿੱਚੋਂ 31.5% ਲੋਕ ਅਜਿਹੇ ਸਨ ਜੋ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਏ ਸਨ।
ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਜਨਮੇ ਲੋਕਾਂ ਦੀ ਗਿਣਤੀ ਵਿੱਚ 2014 ਤੋਂ ਲੈ ਕੇ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ।
ਆਸਟ੍ਰੇਲੀਆ ਬਿਊਰੋ ਆਫ ਸਟੈਟਿਕਸ ਮੁਤਾਬਕ, "ਭਾਰਤ ਵਿੱਚ ਜਨਮੇ ਲੋਕਾਂ ਦੀ ਗਿਣਤੀ 9.16 ਲੱਖ ਸੀ ਜੋ ਆਸਟ੍ਰੇਲੀਆ ਤੋਂ ਬਾਹਰ ਜਨਮੇ ਲੋਕਾਂ ਦਾ ਦੂਜਾ ਸਭ ਤੋਂ ਵੱਡਾ ਨੰਬਰ ਹੈ। ਪਿਛਲੇ 3 ਸਾਲਾਂ ਦੌਰਾਨ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।"
ਇਸ ਦੇ ਨਾਲ ਹੀ ਇੰਗਲੈਂਡ ਦੇ ਲੋਕਾਂ ਦੀ ਗਿਣਤੀ 96 ਲੱਖ 4 ਹਜ਼ਾਰ ਹੈ ਜੋ ਪਹਿਲੇ ਨੰਬਰ 'ਤੇ ਹੈ ਅਤੇ ਤੀਜੇ ਨੰਬਰ ਉਪਰ ਚੀਨ ਦੇ ਲੋਕਾਂ ਦੀ ਸੰਖਿਆ ਹੈ ਜੋ 7 ਲੱਖ ਹੈ।

ਤਸਵੀਰ ਸਰੋਤ, Getty Images
ਤਰਨਦੀਪ ਦਿਓਲ ਕਹਿੰਦੇ ਹਨ ਕਿ ਪਰਵਾਸੀਆਂ ਵਿਰੁੱਧ ਹੋਏ ਪ੍ਰਦਰਸ਼ਨਾਂ ਵਿੱਚ ਸਾਰੇ ਸ਼ਹਿਰਾਂ ਵਿੱਚ ਕਰੀਬ 25 ਹਜ਼ਾਰ ਲੋਕ ਸੜਕਾਂ ਉਪਰ ਉੱਤਰੇ ਸਨ ਜਿਸ ਦੀ ਮੌਜੂਦਾ ਸਰਕਾਰ ਵੱਲੋਂ ਵੀ ਨਿੰਦਾ ਕੀਤੀ ਗਈ।
ਦਿਓਲ ਕਹਿੰਦੇ ਹਨ, "ਆਸਟ੍ਰੇਲੀਆ ਦੇ ਮੂਲ ਨਿਵਾਸੀ ਅਬੋਰੀਜਿਨਲ ਭਾਈਚਾਰੇ ਦੇ ਲੋਕਾਂ ਨੇ ਵੀ ਪਰਵਾਸੀਆਂ ਦੀ ਹਿਮਾਈਤ ਕੀਤੀ ਹੈ ਅਤੇ ਪਰਵਾਸ ਵਿਰੋਧੀ ਲੋਕਾਂ ਦੀ ਅਲੋਚਨਾ ਕਰਦਿਆਂ ਇਨ੍ਹਾਂ ਲੋਕਾਂ ਖਿਲਾਫ਼ ਉਲਟਾ ਰੈਲੀਆਂ ਵੀ ਕੱਢੀਆਂ ਹਨ, ਪਰ ਫ਼ਿਰ ਵੀ ਜਦੋਂ ਅਜਿਹੀਆਂ ਰੈਲੀਆਂ ਹੋ ਰਹੀਆਂ ਹੋਣ ਤਾਂ ਪਰਵਾਸੀ ਲੋਕਾਂ ਅੰਦਰ ਥੋੜਾ ਡਰ ਦਾ ਮਾਹੌਲ ਤਾਂ ਹੁੰਦਾ ਹੀ ਹੈ ਕਿ ਕਿਤੇ ਕੋਈ ਹਮਲਾ ਨਾ ਹੋ ਜਾਵੇ।"
ਅਮਰ ਸਿੰਘ ਕਹਿੰਦੇ ਹਨ, "ਹਾਲਾਂਕਿ ਇਹ ਲੋਕ ਥੋੜ੍ਹੀ ਜਿਹੀ ਗਿਣਤੀ ਵਿੱਚ ਹਨ ਅਤੇ 2-3 ਆਜ਼ਾਦ ਐੱਮਪੀ ਹੀ ਇਨ੍ਹਾਂ ਦਾ ਸਾਥ ਦੇ ਰਹੇ ਹਨ ਪਰ ਇਸ ਤਰ੍ਹਾਂ ਮਾਹੌਲ ਤਾਂ ਖ਼ਰਾਬ ਹੁੰਦਾ ਹੀ ਹੈ।"
"ਸਾਡੇ ਨਵੇਂ ਆ ਰਹੇ ਨੌਜਵਾਨਾਂ ਨੇ ਹੋਟਲਾਂ ਉਪਰ ਜਾਂ ਕਾਰਾਂ ਵਗੈਰਾ ਚਲਾਉਣ ਦਾ ਕੰਮ ਕਰਨਾ ਹੁੰਦਾ ਹੈ ਅਤੇ ਉਹ ਸਫ਼ਰ ਵੀ ਪਬਲਿਕ ਟਰਾਂਸਪੋਰਟ ਵਿੱਚ ਕਰਦੇ ਹਨ, ਇਸ ਲਈ ਉਨ੍ਹਾਂ ਵਾਸਤੇ ਅਜਿਹੀ ਸਥਿਤੀ ਵਿੱਚ ਡਰ ਬਣਿਆ ਰਹਿੰਦਾ ਹੈ।"
ਉਹ ਕਹਿੰਦੇ ਹਨ, "ਪਿਛਲੇ ਸਮੇਂ ਵਿੱਚ ਕਈ ਪੰਜਾਬੀ ਮੁੰਡਿਆਂ ਅਤੇ ਹਰਿਆਣਾ ਦੀਆਂ ਕੁੜੀਆਂ ਉਪਰ ਹਮਲੇ ਹੋਏ। ਇਸ ਤਰ੍ਹਾਂ ਜਦੋਂ ਪਰਵਾਸੀਆਂ ਨੂੰ ਨਿਸ਼ਾਨਾ ਬਣਿਆ ਜਾਂਦਾ ਹੈ ਤਾਂ ਚਿੰਤਾਵਾਂ ਆਪਣੇ-ਆਪ ਹੀ ਵੱਧ ਜਾਂਦੀਆਂ ਹਨ।"
ਸਰਕਾਰ ਦਾ ਕੀ ਕਹਿਣਾ ਹੈ?
ਆਸਟ੍ਰੇਲੀਆ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬੇਨਿਸ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਸਰਕਾਰ ਹੈ।
ਸਰਕਾਰ ਵੱਲੋਂ ਇਨ੍ਹਾਂ ਪ੍ਰਦਰਸ਼ਨਾਂ ਦੀ ਅਲੋਚਨਾ ਕੀਤੀ ਗਈ ਹੈ।
ਆਸਟ੍ਰੇਲੀਆ ਦੇ ਘਰੇਲੂ ਮਾਮਲਿਆਂ ਦੇ ਮੰਤਰੀ, ਟੋਨੀ ਬਰਕ ਦਾ ਕਹਿਣਾ ਹੈ, "ਸਾਡੇ ਮੁਲਕ ਵਿੱਚ ਉਨ੍ਹਾਂ ਲੋਕਾਂ ਲਈ ਕੋਈ ਥਾਂ ਨਹੀਂ ਹੈ ਜੋ ਇਸ ਨੂੰ ਵੰਡਣਾ ਚਾਹੁੰਦੇ ਹਨ ਅਤੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












