You’re viewing a text-only version of this website that uses less data. View the main version of the website including all images and videos.
ਮਰਦਾਂ ਵਿਚ ਸ਼ੁਕਰਾਣੂਆਂ ਦੀ ਗਿਣਤੀ ਦਰ ਘਟਣ ਦੇ ਖ਼ਤਰਨਾਕ ਰੁਝਾਨ ਦੇ 5 ਕਾਰਨ ਤੇ ਬਚਾਅ ਦੇ ਤਰੀਕੇ
- ਲੇਖਕ, ਆਂਦਰੇ ਬਿਰਨਾਥ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
ਪਿਛਲੇ 50 ਸਾਲਾਂ ਵਿੱਚ ਸੰਭੋਗ ਦੇ ਚਰਮ (ਇਜਾਕੂਲੇਸ਼ਨ) ਦੌਰਾਨ ਪੁਰਸ਼ਾਂ ਵਿੱਚੋਂ ਨਿਕਲਣ ਵਾਲੇ ਸ਼ੁਕਰਾਣੂਆਂ ਦੇ ਗਾੜ੍ਹੇਪਣ ਵਿੱਚ 51% ਦੀ ਗਿਰਾਵਟ ਆਈ ਹੈ।
ਇਹ ਇਜ਼ਰਾਈਲ ਵਿੱਚ ਯੇਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਮਾਊਂਟ ਸਿਨਾਈ ਸਕੂਲ ਆਫ਼ ਮੈਡੀਸਨ ਦੁਆਰਾ ਕੀਤੀ ਗਈ ਇੱਕ ਜਾਂਚ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਹੈ।
ਖੋਜ-ਕਰਤਾਵਾਂ ਦੀ ਗਣਨਾ ਮੁਤਾਬਿਕ 1970 ਦੇ ਦਹਾਕੇ ਵਿੱਚ ਪੁਰਸ਼ਾਂ ਵਿੱਚ ਪ੍ਰਤੀ ਮਿਲੀ ਲੀਟਰ ਸੀਮਨ ਵਿੱਚ ਔਸਤਨ 101 ਮਿਲੀਅਨ ਪ੍ਰਜਣਨ ਸੈੱਲ ਸਨ। ਹਾਲ ਹੀ ਦੇ ਸਮੇਂ ਵਿੱਚ ਇਹ ਔਸਤ ਘਟ ਕੇ 49 ਮਿਲੀਅਨ ਰਹਿ ਗਈ ਹੈ।
ਸੀਮਨ ਦੀ ਮਾਤਰਾ ਤੋਂ ਇਲਾਵਾ, ਸਬੂਤਾਂ ਰਾਹੀਂ ਨਰ ਗੁਣਸੂਤਰਾਂ ਦੀ ਗੁਣਵੱਤਾ ਵਿੱਚ ਗਿਰਾਵਟ ਦਾ ਵੀ ਪਤਾ ਲੱਗਦਾ ਹੈ, ਹਾਲ ਹੀ ਦੇ ਦਹਾਕਿਆਂ ਵਿੱਚ ਅੰਡਕੋਸ਼ ਵਿੱਚ ਪ੍ਰਵੇਸ਼ ਕਰਨ ਵਿੱਚ ਸਮਰੱਥ ਸੈੱਲਾਂ ਦੀ ਪ੍ਰਤੀਸ਼ਤਤਾ ਵੀ ਕਾਫ਼ੀ ਘੱਟ ਗਈ ਹੈ।
ਬ੍ਰਾਜ਼ੀਲੀਅਨ ਐਸੋਸੀਏਸ਼ਨ ਆਫ਼ ਅਸਿਸਟਿਡ ਰੀਪ੍ਰੋਡਕਸ਼ਨ ਦੇ ਉਪ ਪ੍ਰਧਾਨ, ਯੂਰੋਲੋਜਿਸਟ ਅਤੇ ਐਂਡਰੋਲੋਜਿਸਟ ਮੋਆਕਿਰ ਰਾਫੇਲ ਰੈਡੇਲੀ ਕਹਿੰਦੇ ਹਨ, "ਜੋ ਅਸੀਂ ਦੇਖਦੇ ਹਾਂ ਉਸ ’ਤੇ ਸਭ ਤੋਂ ਵੱਡਾ ਪ੍ਰਭਾਵ ਸ਼ਕਰਾਣੂ ਦੀ ਗਤੀਸ਼ੀਲਤਾ ਦਾ ਨੁਕਸਾਨ ਹੋਣਾ ਹੈ। ਇਸ ਵਿਸ਼ੇਸ਼ਤਾ ਤੋਂ ਬਿਨਾਂ ਗਰਭਧਾਰਨ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।’’
ਲਗਾਤਾਰ ਵਿਗੜ ਰਹੇ ਹਾਲਾਤ ਦਾ ਇਹ ਦ੍ਰਿਸ਼ ਸਿਹਤ ਪੇਸ਼ੇਵਰਾਂ ਵਿੱਚ ਇੱਕ ਚੇਤਾਵਨੀ ਸੰਕੇਤ ਦੇ ਰਿਹਾ ਹੈ।
ਬ੍ਰਾਜ਼ੀਲੀਅਨ ਸੁਸਾਇਟੀ ਆਫ਼ ਯੂਰੋਲੋਜੀ ਦੇ ਐਂਡਰੋਲੋਜੀ ਵਿਭਾਗ ਦੇ ਕੋਆਰਡੀਨੇਟਰ, ਡਾਕਟਰ ਐਡੁਆਰਡੋ ਮਿਰਾਂਡਾ ਕਹਿੰਦੇ ਹਨ, "ਇਹ ਚਿੰਤਾਜਨਕ ਹੈ, ਕਿਉਂਕਿ ਅਸੀਂ ਇਸ ਵਿਗਾੜ ਵਿੱਚ ਤੇਜ਼ੀ ਵੇਖ ਰਹੇ ਹਾਂ ਅਤੇ ਅਸੀਂ ਅਸਲ ਵਿੱਚ ਨਹੀਂ ਜਾਣਦੇ ਕਿ ਇਹ ਕਿੱਥੇ ਰੁਕੇਗਾ।"
ਦਰਅਸਲ, ਹਾਲ ਹੀ ਦੇ ਸਾਲਾਂ ਵਿੱਚ ਮਰਦਾਂ ਦੇ ਸ਼ੁਕਰਾਣੂ ਘਟਣ ਦੀ ਦਰ ਵਿੱਚ ਵਾਧਾ ਹੋਇਆ ਹੈ। ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਕੀਤੇ ਗਏ ਇੱਕ ਹੀ ਅਧਿਐਨ ਦੇ ਅਨੁਸਾਰ ਸਾਲ 1970 ਅਤੇ 1990 ਦੇ ਵਿਚਕਾਰ, ਗੁਣਸੂਤਰਾਂ ਦਾ ਗਾੜ੍ਹਾਪਣ ਸਾਲਾਨਾ 1.16% ਘਟਿਆ ਹੈ।
2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇਹ ਦਰ ਵਧ ਕੇ 2.64% ਹੋ ਗਈ ਯਾਨੀ ਦੁੱਗਣੇ ਤੋਂ ਵੀ ਵੱਧ।
ਇਹ ਵਿਸ਼ਵਵਿਆਪੀ ਵਰਤਾਰਾ ਹੈ। ਵਿਗਿਆਨੀਆਂ ਨੇ ਯੂਰਪ, ਅਫ਼ਰੀਕਾ, ਮੱਧ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਸਭ ਤੋਂ ਤੇਜ਼ੀ ਨਾਲ ਗਿਰਾਵਟ ਦੇ ਨਾਲ ਸਾਰੇ ਮਹਾਂਦੀਪਾਂ ਵਿੱਚ ਪੁਰਸ਼ਾਂ ਵਿੱਚ ਗੁਣਸੂਤਰਾਂ ਦੀ ਗਿਣਤੀ ਵਿੱਚ ਗਿਰਾਵਟ ਦੇਖੀ ਹੈ।
ਅਜਿਹਾ ਹੋਣ ਦੇ ਪਿੱਛੇ ਕੀ ਕਾਰਨ ਹੈ? ਮਾਹਿਰ ਘੱਟੋ-ਘੱਟ ਪੰਜ ਕਾਰਨਾਂ ਵੱਲ ਇਸ਼ਾਰਾ ਕਰਦੇ ਹਨ। ਚੰਗੀ ਖ਼ਬਰ ਇਹ ਹੈ ਕਿ ਇਨ੍ਹਾਂ ਖਤਰਿਆਂ ਨੂੰ ਉਲਟਾਉਣ ਦੇ ਤਰੀਕੇ ਹਨ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
1. ਮੋਟਾਪਾ
ਮੋਟਾਪਾ ਸ਼ੁਕਰਾਣੂ ਲਈ ਨੁਕਸਾਨ ਦੀ ਇੱਕ ਲੜੀ ਨੂੰ ਉਤਸ਼ਾਹਿਤ ਕਰਦਾ ਹੈ।
ਐਡੀਪੋਜ਼ ਟਿਸ਼ੂ ਦਾ ਵਾਧਾ ਹੋਣਾ, ਜਿਸ ਨਾਲ ਮੋਟਾਪਾ ਆਉਂਦਾ ਹੈ, ਅਜਿਹੇ ਪਦਾਰਥਾਂ ਨੂੰ ਰਿਲੀਜ਼ ਕਰਦਾ ਹੈ ਜੋ ਸਿੱਧੇ ਤੌਰ 'ਤੇ ਟੈਸਟੋਸਟੀਰੋਨ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ, ਜੋ ਨਰ ਗੁਣਸੂਤਰ ਦੇ ਉਤਪਾਦਨ ਵਿੱਚ ਸਭ ਤੋਂ ਮਹੱਤਵਪੂਰਨ ਹਾਰਮੋਨਾਂ ਵਿੱਚੋਂ ਇੱਕ ਹੈ।
ਮਿਰਾਂਡਾ ਦਾ ਕਹਿਣਾ ਹੈ ਕਿ ਵਾਧੂ ਭਾਰ ਉਹ ਪੈਦਾ ਕਰਦਾ ਹੈ, ਜਿਸ ਨੂੰ ਆਕਸੀਡੇਟਿਵ ਸਟਰੈੱਸ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਦੇ ਵੱਖ-ਵੱਖ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ।
ਯੂਰੋਲੋਜਿਸਟ ਦਾ ਕਹਿਣਾ ਹੈ, ‘‘ਇਸੇ ਤਰ੍ਹਾਂ ਮੋਟਾਪੇ ਤੋਂ ਪੀੜਤ ਵਿਅਕਤੀ ਦੇ ਜਣਨ ਖੇਤਰ ਵਿੱਚ ਵਧੇਰੇ ਚਰਬੀ ਚੜ੍ਹ ਜਾਂਦੀ ਹੈ. ਜੋ ਕਿ ਸ਼ੁਕਰਾਣੂਆਂ ਲਈ ਭਿਆਨਕ ਹੈ।’’
ਅੰਡਕੋਸ਼, ਜਿੱਥੇ ਪ੍ਰਜਣਨ ਸੈੱਲਾਂ ਨੂੰ ਬਣਾਇਆ ਅਤੇ ਸਟੋਰ ਕੀਤਾ ਜਾਂਦਾ ਹੈ, ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਸਰੀਰ ਦੇ ਤਾਪਮਾਨ ਤੋਂ 1 ਤੋਂ 2 ਡਿਗਰੀ ਘੱਟ ਰਹਿਣਾ ਚਾਹੀਦਾ ਹੈ। ਇਸ ਲਈ ਸਕ੍ਰੋਟਲ ਬੈਗ ਸਰੀਰ ਦੇ ਬਾਹਰ ਹੁੰਦਾ ਹੈ।
ਨੁਕਤਾ ਇਹ ਹੈ ਕਿ ਚਰਬੀ ਵਿੱਚ ਇਹ ਵਾਧਾ ਜਣਨ ਅੰਗਾਂ ਨੂੰ ਓਵਰਲੋਡ ਕਰਦਾ ਹੈ, ਜੋ ਉਮੀਦ ਅਨੁਸਾਰ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਅੰਦਾਜ਼ਾ ਹੈ ਕਿ ਦੁਨੀਆ ਵਿੱਚ 39% ਪੁਰਸ਼ ਜ਼ਿਆਦਾ ਭਾਰ ਵਾਲੇ ਹਨ।
ਇਹ ਅਜਿਹਾ ਅੰਕੜਾ ਹੈ ਜੋ ਪਿਛਲੇ ਪੰਜ ਦਹਾਕਿਆਂ ਵਿੱਚ ਸ਼ੁਕਰਾਣੂਆਂ ਦੇ ਅਨੁਪਾਤ ਨੂੰ ਸਮਝਾਉਣ ਵਿੱਚ ਮਦਦ ਕਰਦਾ ਹੈ।
2. ਨਸ਼ੀਲੇ ਪਦਾਰਥਾਂ ਦਾ ਸੇਵਨ
ਅਲਕੋਹਲ, ਸਿਗਰੇਟ, ਵੇਪਿੰਗ (ਇਲੈੱਕਟ੍ਰੋਨਿਕ ਸਿਗਰੇਟ ਦੀ ਵਰਤੋਂ), ਭੰਗ, ਕੋਕੀਨ, ਐਨਾਬੋਲਿਕ ਸਟੀਰੌਇਡ... ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਾਰੀਆਂ ਦਵਾਈਆਂ ਵਿੱਚ ਕੀ ਸਮਾਨ ਹੈ?
ਇਹ ਸਾਰੇ ਨਰ ਗੁਣਸੂਤਰਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।
ਮਿਰਾਂਡਾ ਨੇ ਇਸ ਦਾ ਸਾਰ ਦੱਸਦਿਆਂ ਕਿਹਾ, ‘‘ਇਨ੍ਹਾਂ ਵਿੱਚੋਂ ਕੁਝ ਪਦਾਰਥ ਸਿੱਧੇ ਤੌਰ 'ਤੇ ਜਰਮ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜੋ ਸ਼ੁਕਰਾਣੂਆਂ ਨੂੰ ਜਨਮ ਦਿੰਦੇ ਹਨ।’’
ਹਾਲਾਂਕਿ, ਹੋਰ ਅਸਿੱਧੇ ਤੌਰ 'ਤੇ ਕੰਮ ਕਰਦੇ ਹਨ। ਉਹ ਅੰਡਕੋਸ਼ ਦੇ ਕੰਮ ਨੂੰ ਉਤੇਜਿਤ ਕਰਨ ਲਈ ਜ਼ਿੰਮੇਵਾਰ ਹਾਰਮੋਨ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ।
ਮਾਹਿਰਾਂ ਵੱਲੋਂ ਹਵਾਲੇ ਵਜੋਂ ਦਿੱਤੀਆਂ ਗਈਆਂ ਸਭ ਤੋਂ ਵੱਧ ਉਦਾਹਰਨਾਂ ਵਿੱਚ ਗੋਲੀਆਂ, ਜੈੱਲ ਅਤੇ ਟੀਕਿਆਂ ਰਾਹੀਂ ਟੈਸਟੋਸਟੀਰੋਨ ਦੀ ਤਬਦੀਲੀ ਹੈ, ਜਿਨ੍ਹਾਂ ਦਾ ਮਾਸਪੇਸ਼ੀਆਂ ਬਣਾਉਣ ਲਈ ਅੰਨ੍ਹੇਵਾਹ ਉਪਯੋਗ ਕੀਤਾ ਜਾਂਦਾ ਹੈ।
ਰੈਡੇਲੀ ਚਿਤਾਵਨੀ ਦਿੰਦੇ ਹਨ, ‘‘ਇਹ ਇੱਕ ਅਜਿਹਾ ਬਾਜ਼ਾਰ ਹੈ, ਜੋ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਜ਼ਿਆਦਾ ਅਤੇ ਭਿਆਨਕ ਰੂਪ ਵਿੱਚ ਵਧਿਆ ਹੈ।’’
ਡਾਕਟਰ ਦੱਸਦੇ ਹਨ ਕਿ ਜਦੋਂ ਇਹ ਹਾਰਮੋਨ ਅੰਨ੍ਹੇਵਾਹ ਤਰੀਕੇ ਨਾਲ ਸਰੀਰ ਵਿੱਚ ਪਹੁੰਚਾਇਆ ਜਾਂਦਾ ਹੈ, ਤਾਂ ਸਰੀਰ ਸਮਝ ਜਾਂਦਾ ਹੈ ਕਿ ਹੁਣ ਇਸ ਨੂੰ ਕੁਦਰਤੀ ਤੌਰ 'ਤੇ ਪੈਦਾ ਕਰਨ ਦੀ ਕੋਈ ਲੋੜ ਨਹੀਂ ਹੈ।
ਨਤੀਜੇ ਵਜੋਂ, ਇਹ ਟੇਸਟਿਕਲਜ਼ ਐਟ੍ਰੋਫੀ ਵੀ ਕਰ ਸਕਦੇ ਹਨ ਅਤੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਜ਼ੀਰੋ ਹੋ ਜਾਂਦੀ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਨੂੰ ਮੈਡੀਕਲ ਖੇਤਰ ਵਿੱਚ ਅਜ਼ੋਸਪਰਮੀਆ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
3. ਜਿਨਸੀ ਛੂਤ ਦੇ ਰੋਗ
ਬੈਕਟੀਰੀਆ ਦੇ ਕਾਰਨ ਹੋਣ ਵਾਲੀਆਂ ਕਲੈਮਾਈਡੀਆ ਅਤੇ ਗੋਨੋਰੀਆ ਵਰਗੀਆਂ ਬਿਮਾਰੀਆਂ ਐਪੀਡਿਡਿਮਿਸ (ਅੰਡਕੋਸ਼ ਦੇ ਪਿੱਛੇ ਬਹੁਤ ਜ਼ਿਆਦਾ ਗੁੰਝਲਦਾਰ ਨਲੀ)ਵਿੱਚ ਸੋਜਸ਼ ਪੈਦਾ ਕਰ ਸਕਦੀਆਂ ਹਨ।
ਇਹ ਢਾਂਚਾ ਅੰਡਕੋਸ਼ ਦੇ ਸਿਖ਼ਰ ਨਾਲ ਜੁੜਦਾ ਹੈ ਅਤੇ ਸ਼ੁਕਰਾਣੂਆਂ ਨੂੰ ਸਟੋਰ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।
ਇਸ ਲਈ, ਉੱਥੇ ਕੋਈ ਤਬਦੀਲੀ ਗੁਣਸੂਤਰਾਂ ਦੇ ਜੀਵਤ ਰਹਿਣ ਲਈ ਖਤਰਾ ਪੈਦਾ ਕਰਦੀ ਹੈ।
ਡਬਲਯੂਐੱਚਓ ਦਾ ਅਨੁਮਾਨ ਹੈ ਕਿ ਇਕੱਲੇ 2020 ਵਿੱਚ ਮਰਦਾਂ ਅਤੇ ਔਰਤਾਂ ਵਿੱਚ ਕਲੈਮਾਈਡੀਆ ਦੇ 129 ਮਿਲੀਅਨ ਅਤੇ ਗੋਨੋਰੀਆ ਦੇ 82 ਮਿਲੀਅਨ ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ ਦਰ ਹਾਲ ਹੀ ਦੇ ਦਹਾਕਿਆਂ ਵਿੱਚ ਸਥਿਰ ਜਾਂ ਵਧਦੀ ਰਹੀ ਹੈ।
ਰੈਡੇਲੀ ਸੂਚੀ ਵਿੱਚ ਇੱਕ ਤੀਜਾ ਰੋਗਾਣੂ ਸ਼ਾਮਲ ਹੁੰਦਾ ਹੈ, ਉਹ ਹੈ ‘ਮਨੁੱਖੀ ਪੈਪੀਲੋਮਾਵਾਇਰਸ’ ਜਿਸ ਨੂੰ ਐੱਚਪੀਵੀ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ, ‘‘ਇਹ ਪਤਾ ਹੈ ਕਿ ਇਹ ਪ੍ਰੋਡਕਸ਼ਨ ਜਾਂ ਸ਼ੁਕਰਾਣੂ ਦੇ ਡੀਐੱਨਏ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।’’
4. ਗੋਦ ਵਿੱਚ ਰੱਖਿਆ ਹੋਇਆ ਕੰਪਿਊਟਰ
ਅੰਡਕੋਸ਼ ਬਾਰੇ ਉਹ ਗੱਲ ਨੂੰ ਯਾਦ ਰੱਖੋ, ਜਿਸ ਵਿੱਚ ਇਹ ਸਰੀਰ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿੱਚ 1-2 ਡਿਗਰੀ ਸੈਲਸੀਅਸ ਠੰਢਾ ਹੋਣਾ ਚਾਹੀਦਾ ਹੈ?
ਖੈਰ, ਪਿਛਲੇ ਦਹਾਕੇ ਵਿੱਚ ਪ੍ਰਕਾਸ਼ਿਤ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਗੋਦ ਵਿੱਚ ਲੈਪਟਾਪ ਰੱਖਣ ਦੀ ਆਦਤ ਸ਼ੁਕਰਾਣੂ ਫੈਕਟਰੀ ਲਈ ਇੱਕ ਵਾਧੂ ਜੋਖਮ ਪੈਦਾ ਕਰਦੀ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਡਿਵਾਈਸ ਦੀ ਬੈਟਰੀ ਗਰਮ ਹੋ ਜਾਂਦੀ ਹੈ ਅਤੇ ਸ਼ੁਕਰਾਣੂ ਨੂੰ ‘ਪਕਾਉਣ’ ਲੱਗਦੀ ਹੈ ਜੋ ਇਸ ਨੂੰ ਖਤਮ ਕਰ ਸਕਦੀ ਹੈ।
ਮਿਰਾਂਡਾ ਦੱਸਦੇ ਹਨ ਕਿ ਉੱਚ ਤਾਪਮਾਨ ਨਾਲ ਸਬੰਧਤ ਹੋਰ ਆਦਤਾਂ ਵੀ ਪ੍ਰਜਣਨ ਜੋਖਮ ਪੈਦਾ ਕਰਦੀਆਂ ਹਨ।
ਉਦਾਹਰਨ ਵਜੋਂ ਗਰਮ ਪਾਣੀ ਨਾਲ ਬਾਥਟਬ ਵਿੱਚ ਲੰਬੇ ਸਮੇਂ ਤੱਕ ਨਹਾਉਣਾ ਜਾਂ ਸੌਨਾ ਬਾਥ ਲੈਣਾ।
ਅਜੇ ਵੀ ਤਕਨਾਲੋਜੀ ਦੇ ਖੇਤਰ ਵਿੱਚ ਡਾਕਟਰ ਇਲੈੱਕਟ੍ਰੋਮੈਗਨੈਟਿਕ ਤਰੰਗਾਂ, ਟੈਲੀਫੋਨ ਸਿਗਨਲਾਂ ਅਤੇ ਇੱਥੋਂ ਤੱਕ ਕਿ ਵਾਇਰਲੈੱਸ ਇੰਟਰਨੈਟ ਦੇ ਸੰਭਾਵੀ ਪ੍ਰਭਾਵ ਦਾ ਹਵਾਲਾ ਦਿੰਦੇ ਹਨ।
ਉਹ ਦੱਸਦੇ ਹਨ, ‘‘ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਪ੍ਰਯੋਗਾਤਮਕ ਅਧਿਐਨਾਂ ਵਿੱਚ ਵਾਈ-ਫਾਈ ਅਤੇ ਇਲੈੱਕਟ੍ਰੋਮੈਗਨੈਟਿਕ ਤਰੰਗਾਂ ਵਰਗੇ ਤੱਤ ਸ਼ੁਕਰਾਣੂਆਂ ਨੂੰ ਪ੍ਰਭਾਵਿਤ ਕਰਦੇ ਹਨ।’’
ਉਹ ਇਹ ਵੀ ਮੰਨਦੇ ਹਨ, ‘‘ਇਹ ਅਜੇ ਵੀ ਯਕੀਨੀ ਬਣਾਉਣਾ ਸੰਭਵ ਨਹੀਂ ਹੈ ਕਿ ਇਹ ਤਕਨਾਲੋਜੀਆਂ ਅਸਲ ਵਿੱਚ ਇਨ੍ਹਾਂ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।’’
5. ਪ੍ਰਦੂਸ਼ਣ ਦਾ ਅਸਰ
ਸੂਚੀ ਨੂੰ ਸਮੇਟਣ ਲਈ ਮਾਹਿਰ ਐਂਡੋਕ੍ਰਾਈਨ ਡਿਸਰਪਟਰਜ਼ ਦੇ ਰੂਪ ਵਿੱਚ ਜਾਣੇ ਜਾਣ ਵਾਲੇ ਜ਼ਹਿਰੀਲੇ ਪਦਾਰਥਾਂ ਦੀ ਇੱਕ ਲੜੀ ’ਤੇ ਧਿਆਨ ਦਿੰਦੇ ਹਨ।
ਸੂਚੀ ਵਿੱਚ ਵਾਤਾਵਰਨ ਵਿੱਚ ਪਾਏ ਜਾਣ ਵਾਲੇ ਪ੍ਰਦੂਸ਼ਕਾਂ ਦੇ ਨਾਲ-ਨਾਲ ਪਲਾਸਟਿਕ ਅਤੇ ਕੀਟਨਾਸ਼ਕ ਵੀ ਸ਼ਾਮਲ ਹਨ।
ਸੰਖੇਪ ਵਿੱਚ, ਇਨ੍ਹਾਂ ਅਣੂਆਂ ਦੀ ਬਣਤਰ ਸਾਡੇ ਸਰੀਰ ਵਿੱਚ ਹਾਰਮੋਨਾਂ ਵਰਗੀ ਹੁੰਦੀ ਹੈ।
ਇਸ ਦੇ ਨਾਲ, ਜਿਸ ਤਰੀਕੇ ਨਾਲ ਇੱਕ ਕੁੰਜੀ ਤਾਲੇ ਵਿੱਚ ਦਾਖਲ ਹੁੰਦੀ ਹੈ, ਇਹ ਪਦਾਰਥ ਸੈੱਲ ਰੀਸੈਪਟਰਾਂ ਵਿੱਚ ਫਿੱਟ ਹੋਣ ਅਤੇ ਕੁਝ ਅਣਚਾਹੀਆਂ ਪ੍ਰਕਿਰਿਆਵਾਂ ਨੂੰ ਸ਼ੁਰੂ ਕਰਨ ਦਾ ਪ੍ਰਬੰਧ ਕਰਦੇ ਹਨ।
ਹਾਲ ਹੀ ਦੇ ਅਧਿਐਨਾਂ ਵਿੱਚ ਖੋਜੀਆਂ ਗਈਆਂ ਇਨ੍ਹਾਂ ਨਵੀਆਂ ਗੱਲਾਂ ਵਿੱਚੋਂ ਇੱਕ ਦਾ ਪੁਰਸ਼ਾਂ ਦੀ ਪ੍ਰਜਣਨ ਸਮਰੱਥਾ ਨਾਲ ਸਟੀਕ ਸਬੰਧ ਹੈ।
ਰੈਡੇਲੀ ਕਹਿੰਦੇ ਹਨ, ‘‘ਪਰ ਅਸੀਂ ਅਜੇ ਵੀ ਇਸ ਸਮੱਸਿਆ ਦੀ ਹੱਦ ਬਾਰੇ ਨਿਸ਼ਚਤ ਰੂਪ ਨਾਲ ਨਹੀਂ ਜਾਣਦੇ ਅਤੇ ਇਸ ਨੂੰ ਨਿਰਧਾਰਤ ਕਰਨ ਲਈ ਕਈ ਅਧਿਐਨ ਚੱਲ ਰਹੇ ਹਨ।’’
ਬਾਂਝਪਣ ਦੀ ਸਮੱਸਿਆ
ਸ਼ੁਕਰਾਣੂਆਂ ਦੇ ਘਟਣ ਪਿੱਛੇ ਵਾਤਾਵਰਨ ਅਤੇ ਵਿਹਾਰਕ ਸਬੰਧੀ ਕਾਰਕਾਂ ਤੋਂ ਇਲਾਵਾ ਦੋ ਅੰਦਰੂਨੀ ਮੁੱਦੇ ਵੀ ਹਨ, ਜੋ ਇਸ ਵਰਤਾਰੇ ਵਿੱਚ ਯੋਗਦਾਨ ਪਾਉਂਦੇ ਹਨ।
ਇਨ੍ਹਾਂ ਵਿੱਚੋਂ ਪਹਿਲਾ ਜੈਨੇਟਿਕਸ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬੱਚਾ ਪੈਦਾ ਕਰਨ ਵਿੱਚ ਮੁਸ਼ਕਲ ਦੇ 10 ਤੋਂ 30% ਕੇਸਾਂ ਦਾ ਸਬੰਧ ਮਰਦ ਦੇ ਡੀਐੱਨਏ ਵਿੱਚ ਸਮੱਸਿਆ ਹੁੰਦੀ ਹੈ।
ਦੂਜਾ ਉਮਰ ਵਧਣ ਅਤੇ ਇਸ ਤੱਥ ਨਾਲ ਸਬੰਧਤ ਹੈ ਕਿ ਪੁਰਸ਼ ਦੇਰੀ ਨਾਲ ਪਿਤਾ ਬਣਨਾ ਚਾਹੁੰਦੇ ਹਨ।
ਉਹ ਦੱਸਦੇ ਹਨ, ‘‘ਅਸੀਂ ਜਾਣਦੇ ਹਾਂ ਕਿ ਪ੍ਰਜਣਨ ਸ਼ਕਤੀ ਸਾਰੀ ਉਮਰ ਘਟਦੀ ਹੈ। ਹਾਲਾਂਕਿ ਮਰਦਾਂ ਵਿੱਚ ਕਮੀ ਔਰਤਾਂ ਦੀ ਤਰ੍ਹਾਂ ਸਪੱਸ਼ਟ ਨਹੀਂ ਹੈ, ਪਰ ਹਾਰਮੋਨਾਂ ਵਿੱਚ ਕਮੀ ਆਈ ਹੈ ਜੋ ਗੁਣਸੂਤਰਾਂ ਦੇ ਉਤਪਾਦਨ ਲਈ ਮਹੱਤਵਪੂਰਨ ਹੈ।’’
ਜੇ ਅਸੀਂ ਇਸ ਗੱਲ ’ਤੇ ਵਿਚਾਰ ਕਰੀਏ ਕਿ 50 ਸਾਲਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਿੱਚ 51% ਦੀ ਕਮੀ ਆਈ ਹੈ ਅਤੇ ਜਿਸ ਗਤੀ ਨਾਲ ਇਹ ਹੋ ਰਿਹਾ ਹੈ, ਉਹ ਪਿਛਲੇ ਦੋ ਦਹਾਕਿਆਂ ਵਿੱਚ ਤੇਜ਼ ਹੋ ਗਿਆ। ਤਾਂ ਕੀ ਇਹ ਰੁਝਾਨ ਜ਼ੀਰੋ ਦੇ ਨੇੜੇ ਅਤੇ ਹੋਰ ਨੇੜੇ ਜਾ ਰਿਹਾ ਹੈ?
ਆਖ਼ਰਕਾਰ, ਜੇਕਰ ਗਿਰਾਵਟ ਦੀ ਇਹ ਦਰ ਮੌਜੂਦਾ ਪੱਧਰਾਂ 'ਤੇ ਜਾਰੀ ਰਹਿੰਦੀ ਹੈ, ਤਾਂ 2050 ਤੱਕ ਸੀਮਨ ਵਿੱਚ ਪ੍ਰਜਣਨ ਸੈੱਲਾਂ ਦਾ ਗਾੜ੍ਹਾਪਣ ਜ਼ੀਰੋ ਦੇ ਨੇੜੇ ਹੋ ਜਾਵੇਗਾ।
ਪਰ ਮਿਰਾਂਡਾ ਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਅਜਿਹਾ ਸੱਚ ਹੋਵੇਗਾ।
ਉਹ ਦਾਅਵਾ ਕਰਦੇ ਹਨ, "ਰੁਝਾਨ ਇਹ ਹੈ ਕਿ ਸਥਿਤੀ ਹੋਰ ਵਿਗੜ ਜਾਂਦੀ ਹੈ, ਪਰ ਕਿਸੇ ਸਮੇਂ ਇਹ ਪ੍ਰਕਿਰਿਆ ਰੁਕ ਜਾਵੇਗੀ ਅਤੇ ਅਸੀਂ ਸ਼ਾਇਦ ਨਵੀਂ ਤਕਨੀਕਾਂ ਦੀ ਮਦਦ ਨਾਲ ਇਸ ਨੂੰ ਰੋਕ ਦੇਵਾਂਗੇ।"
ਕੀ ਕਰਨਾ ਚਾਹੀਦਾ ਹੈ?
ਉਨ੍ਹਾਂ ਲਈ ਜੋ ਬੱਚਾ ਪੈਦਾ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦਾ ਪਹਿਲਾ ਕਦਮ ਹੈ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨਾ। ਅਜਿਹਾ ਕਰਕੇ ਅੰਡਕੋਸ਼ ਲਈ ਨੁਕਸਾਨਦੇਹ ਪ੍ਰਕਿਰਿਆਵਾਂ ਨੂੰ ਉਲਟਾਉਣਾ ਹੈ।
ਉਦਾਹਰਨ ਲਈ, ਸੰਤੁਲਿਤ ਖੁਰਾਕ ਅਤੇ ਨਿਯਮਤ ਸਰੀਰਕ ਗਤੀਵਿਧੀ ਰਾਹੀਂ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਜਾਂ ਘਟਾਉਣਾ। ਸ਼ਰਾਬ, ਸਿਗਰੇਟ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰਨਾ ਜਾਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖਣੀ ਵੀ ਇੱਕ ਬੁਨਿਆਦੀ ਸੁਝਾਅ ਹੈ।
ਜੇ ਸੈਕਸ ਮਨੋਰੰਜਨ ਲਈ ਕਰਦੇ ਹੋ, ਜਾਂ ਕਦੇ-ਕਦਾਈਂ ਬੱਚਾ ਨਾ ਪੈਦਾ ਕਰਨ ਦੇ ਟੀਚੇ ਨਾਲ ਕਰਦੇ ਹੋ ਤਾਂ ਕਲੈਮਾਈਡੀਆ ਅਤੇ ਗੋਨੋਰੀਆ ਵਰਗੀਆਂ ਲਾਗਾਂ ਤੋਂ ਬਚਣ ਲਈ ਕੰਡੋਮ ਦੀ ਵਰਤੋਂ ਕਰਨਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ।
ਜਿਨ੍ਹਾਂ ਨੇ ਸ਼ੁਰੂਆਤੀ ਜਵਾਨੀ ਦੇ ਦਿਨਾਂ ਵਿੱਚ ਐੱਚਪੀਵੀ ਦੇ ਵਿਰੁੱਧ ਟੀਕਾ ਲਗਾਇਆ, ਉਹ ਵੀ ਇਸ ਵਾਇਰਸ ਅਤੇ ਸਰੀਰ ਵਿੱਚ ਇਸ ਦੇ ਪ੍ਰਭਾਵਾਂ ਤੋਂ ਵਧੇਰੇ ਸੁਰੱਖਿਅਤ ਰਹਿੰਦੇ ਹਨ।
ਜੇ, ਰੁਟੀਨ ਵਿੱਚ ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ, ਬੱਚਾ ਪੈਦਾ ਕਰਨ ਵਿੱਚ ਮੁਸ਼ਕਲ ਬਣੀ ਰਹਿੰਦੀ ਹੈ, ਤਾਂ ਮਾਹਿਰ ਕੋਲ ਜਾਣਾ ਉਚਿੱਤ ਹੈ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਚਰਮ ਸੁੱਖ ਦਾ ਸਮਾਂ ਔਰਤ ਦੀ ਉਮਰ 'ਤੇ ਨਿਰਭਰ ਕਰੇਗਾ।
ਮਿਰਾਂਡਾ ਕਹਿੰਦੇ ਹਨ, ‘‘ਜੇ ਤੁਹਾਡੀ ਉਮਰ 35 ਸਾਲ ਤੋਂ ਘੱਟ ਹੈ, ਤਾਂ ਜੋੜੇ ਨੂੰ ਇੱਕ ਸਾਲ ਤੱਕ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਪ੍ਰਜਣਨ ਲਈ ਢੁਕਵੇਂ ਸਮੇਂ ਦੀ ਨਿਗਰਾਨੀ ਕਰਦੇ ਹੋਏ ਹਫ਼ਤੇ ਵਿੱਚ ਤਿੰਨ ਵਾਰ ਨਿਯਮਤ ਜਿਨਸੀ ਸਬੰਧ ਬਣਾਉਣੇ ਚਾਹੀਦੇ ਹਨ।’’
ਹਾਲਾਂਕਿ, ਜੇ ਜੋੜੇ ਦੀ ਉਮਰ 35 ਸਾਲ ਤੋਂ ਵੱਧ ਹੈ, ਤਾਂ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਇਸ ਨੂੰ ਖਤਰੇ ਦੀ ਘੰਟੀ ਮੰਨਣਾ ਚਾਹੀਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਸ ਉਮਰ ਤੋਂ ਬਾਅਦ ਅੰਡੇ ਹੋਰ ਤੇਜ਼ੀ ਨਾਲ ਘਟਣਾ ਸ਼ੁਰੂ ਕਰ ਦਿੰਦੇ ਹਨ। ਇਸ ਦਾ ਨਤੀਜਾ ਉਡੀਕਣ ਲਈ 12-ਮਹੀਨੇ ਦੀ ਦੇਰੀ ਕੀਮਤੀ ਸਮੇਂ ਦੀ ਬਰਬਾਦੀ ਹੋ ਸਕਦੀ ਹੈ।
ਰੈਡੇਲੀ ਨੇ ਕਿਹਾ, ‘‘ਸੰਭਾਵਿਤ ਕਾਰਨਾਂ ਦੀ ਖੋਜ ਕਰਨ ਅਤੇ ਸਭ ਤੋਂ ਵਧੀਆ ਇਲਾਜਾਂ ਨੂੰ ਦਰਸਾਉਣ ਲਈ ਖੋਜ ਵਿੱਚ ਜੋੜੇ ਨੂੰ ਸ਼ਾਮਲ ਕਰਨ ਦੀ ਲੋੜ ਹੈ।’’
ਜੇਕਰ ਸਮੱਸਿਆ ਮਰਦ ਵਿੱਚ ਹੈ, ਤਾਂ ਮਾਹਿਰ ਆਮ ਤੌਰ 'ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਵਿਟਾਮਿਨ ਸਪਲੀਮੈਂਟਸ ਦਿੰਦੇ ਹਨ, ਜੋ ਅੰਡਕੋਸ਼ਾਂ ਦੀ ਸੁਰੱਖਿਆ ਵਿੱਚ ਮਦਦ ਕਰਦੇ ਹਨ।
ਹਾਰਮੋਨਜ਼ ਨੂੰ ਸਪਲੀਮੈਂਟਸ ਰਾਹੀਂ ਨਿਯੰਤ੍ਰਿਤ ਕਰਨ ਦੀ ਵੀ ਲੋੜ ਹੋ ਸਕਦੀ ਹੈ।
ਮਿਰਾਂਡਾ ਕਹਿੰਦੇ ਹਨ, "ਬੇਸ਼ੱਕ, ਦਵਾਈਆਂ ਅਤੇ ਸਰਜਰੀ ਰਾਹੀਂ ਸਮੱਸਿਆ ਦੇ ਮੂਲ ਵਿੱਚ ਹੋਣ ਵਾਲੀਆਂ ਕੁਝ ਬਿਮਾਰੀਆਂ ਨੂੰ ਠੀਕ ਕਰਨਾ ਸੰਭਵ ਹੈ।’’
ਉਨ੍ਹਾਂ ਨੇ ਸਿੱਟਾਂ ਕੱਢਿਆ, "ਉਦਾਹਰਨ ਲਈ ਸਰਜੀਕਲ ਦਖਲ ਨਾਲ ਪ੍ਰਜਣਨ ਪ੍ਰਣਾਲੀ ਵਿੱਚ ਐਂਟੀਬਾਇਓਟਿਕਸ ਦਵਾਈਆਂ ਅਤੇ ਸਰੀਰਿਕ ਨੁਕਸਾਂ ਨਾਲ ਬੈਕਟੀਰੀਆ ਦੀ ਲਾਗ ਦਾ ਇਲਾਜ ਕਰਨਾ।’’
ਆਖਰੀ ਉਪਾਅ ਦੇ ਰੂਪ ਵਿੱਚ ਜੋੜਾ ਸਹਾਇਕ ਪ੍ਰਜਣਨ ਤਕਨੀਕਾਂ ਦਾ ਸਹਾਰਾ ਲੈ ਸਕਦਾ ਹੈ, ਜਿਵੇਂ ਕਿ ਵਿਟਰੋ ਫਰਟੀਲਾਈਜ਼ੇਸ਼ਨ।