ਉਹ ਨੌਜਵਾਨ ਕੁੜੀ ਜੋ ਲਾਸ਼ਾਂ ਨੂੰ ਸਵਾਰਦੀ ਹੈ ਤੇ ਉਨ੍ਹਾਂ ਦਾ ਮੇਕਅਪ ਕਰਦੀ ਹੈ

ਇਜ਼ਾਬੇਲ ਵਾਲਟਨ

ਤਸਵੀਰ ਸਰੋਤ, Isabel Walton

ਤਸਵੀਰ ਕੈਪਸ਼ਨ, ਇਜ਼ਾਬੇਲ ਵਾਲਟਨ

ਇਜ਼ਾਬੇਲ ਵਾਲਟਨ ਦਾ ਸਾਰਾ ਦਿਨ ਲਾਸ਼ਾਂ ਦੁਆਲੇ ਲੰਘਦਾ ਹੈ। ਉਹ ਮ੍ਰਿਤਕਾਂ ਨੂੰ ''ਉਨ੍ਹਾਂ ਦੀ ਆਖਰੀ ਅਲਵਿਦਾ ਲਈ ਤਿਆਰ" ਕਰਦੇ ਹਨ। ਇਜ਼ਾਬੇਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਕੰਮ 'ਤੇ ਮਾਣ ਹੈ।

ਜਦੋਂ ਟੀਵੀ ਪ੍ਰੀਜ਼ੈਂਟਰ ਸਟੈਸੀ ਡੂਲੀ ਨੇ ਮੌਤ ਪ੍ਰਤੀ ਆਪਣੇ ਡਰ ਦਾ ਸਾਹਮਣਾ ਕੀਤਾ ਅਤੇ ਇਮਬਾਮਿੰਗ ਦੀ ਪ੍ਰਕਿਰਿਆ ਦੇਖੀ ਤਾਂ ਉਸ ਵੇਲੇ ਨੌਜਵਾਨ ਇਜ਼ਾਬੇਲ ਵੀ ਉਨ੍ਹਾਂ ਨਾਲ ਪਰਦੇ ਦੇ ਪਿੱਛੇ ਮੌਜੂਦ ਸਨ।

ਇਮਬਾਮਿੰਗ ਦਾ ਮਤਲਬ ਹੁੰਦਾ ਹੈ ਰਸਾਇਣਾਂ ਦੀ ਮਦਦ ਨਾਲ ਮ੍ਰਿਤਕ ਦੇਹ ਨੂੰ ਸੁਰੱਖਿਅਤ ਕਰਨਾ, ਤਾਂ ਜੋ ਹੋ ਗਲ਼ੇ-ਸੜੇ ਨਾ।

24 ਸਾਲ ਦੀ ਉਮਰ 'ਚ ਮੁਰਦਾਘਰ ਦੀ ਪ੍ਰਬੰਧਕ

ਇਜ਼ਾਬੇਲ ਵਾਲਟਨ

ਤਸਵੀਰ ਸਰੋਤ, Isabel Walton

ਠੰਢੇ ਅਤੇ ਨਿਰਜੀਵ ਮੁਰਦਾਘਰ ਵਿੱਚ ਇੱਕ ਅਸਾਧਾਰਨ ਗੰਧ ਹੈ।

ਇਜ਼ਾਬੇਲ ਕਹਿੰਦੇ ਹਨ, ''ਸਾਡੇ ਇੱਥੇ ਹਵਾਦਾਰੀ ਦਾ ਪ੍ਰਬੰਧ ਹੈ, ਪਰ ਲੋਕ ਸਾਡੇ ਦੁਆਰਾ ਵਰਤੇ ਜਾਣ ਵਾਲੇ ਰਸਾਇਣਾਂ ਦੇ ਆਦੀ ਨਹੀਂ ਹਨ। ਜਦਕਿ ਮੈਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਗੰਧ ਮਹਿਸੂਸ ਨਹੀਂ ਹੁੰਦੀ।''

24 ਸਾਲਾ ਵਿਅਕਤੀ ਲਈ ਮੁਰਦਾਘਰ ਦਾ ਪ੍ਰਬੰਧਕ ਹੋਣਾ ਕੋਈ ਆਮ ਨੌਕਰੀ ਨਹੀਂ ਹੈ।

ਉਹ ਕਹਿੰਦੇ ਹਨ, "ਲੋਕ ਹੈਰਾਨ ਹੁੰਦੇ ਹਨ ਕਿ ਮੈਂ ਕਿੰਨੀ ਜਵਾਨ ਹਾਂ ਅਤੇ ਇੱਕ ਔਰਤ ਹਾਂ, ਕਿਉਂਕਿ ਇਹ ਅਜੇ ਵੀ ਮਰਦ-ਪ੍ਰਧਾਨ ਕਿੱਤਾ ਹੈ।"

ਇਜ਼ਾਬੇਲ ਨੇ ਸਾਲ 2019 ਵਿੱਚ ਨੌਟਿੰਘਮ ਵਿਖੇ ਏ ਡਬਲਯੂ ਲਿਮਨ ਨਾਲ ਅੰਤਮ ਸੰਸਕਾਰ ਦੇ ਟ੍ਰੇਨੀ ਨਿਰਦੇਸ਼ਕ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ, ਪਰ ਉਨ੍ਹਾਂ ਨੂੰ ਕੰਪਨੀ ਦੇ ਮੁਰਦਾਘਰ ਵੱਲੋਂ ਸੱਦਾ ਆ ਗਿਆ।

ਮਹਿਜ਼ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁਰਦਾਘਰ ਵਿੱਚ ਪੱਕੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਮਬਾਮਿੰਗ ਦੀ ਆਪਣੀ ਪੜ੍ਹਾਈ ਵੀ ਜਾਰੀ ਰੱਖੀ।

ਉਮਰ ਵਿੱਚ ਸਭ ਤੋਂ ਛੋਟੀ ਹੋਣ ਦੇ ਨਾਤੇ ਟ੍ਰੇਨਿੰਗ ਕੋਰਸਾਂ ਵਿੱਚ ਉਨ੍ਹਾਂ ਨੂੰ ਅਜੀਬ ਨਜ਼ਰ ਨਾਲ ਦੇਖਿਆ ਜਾਂਦਾ ਸੀ, ਪਰ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ।

ਹਾਲਾਂਕਿ ਉਨ੍ਹਾਂ ਦੇ ਕੰਮ ਬਾਰੇ ਜਾਣ ਕੇ ਉਨ੍ਹਾਂ ਦੇ ਦੋਸਤ ਬਹੁਤ ਖੁਸ਼ ਨਹੀਂ ਹੋਏ।

ਮੌਤ ਦਾ ਡਰ ਅਤੇ ਸਹਿਜਤਾ

ਸਟੈਸੀ ਡੂਲੀ

ਤਸਵੀਰ ਸਰੋਤ, BBC/Firecracker Films

ਤਸਵੀਰ ਕੈਪਸ਼ਨ, ਸਟੈਸੀ ਡੂਲੀ (ਖੱਬੇ)

ਸਟੈਸੀ ਡੂਲੀ ਇੱਕ ਟੀਵੀ ਪ੍ਰੈਜ਼ੈਂਟਰ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਬੀਬੀਸੀ ਵਨ ਲਈ ਮੁਰਦਾਘਰ ਵਿੱਚ ਸਮਾਂ ਬਿਤਾਇਆ ਅਤੇ ਮੌਤ ਪ੍ਰਤੀ ਆਪਣੇ ਡਰ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਆਪਣੇ ਇਸ ਡਰ ਬਾਰੇ ਸਟੈਸੀ ਆਪ ਵੀ ਕਹਿੰਦੇ ਹਨ ਕਿ "ਅਟੱਲ ਨੂੰ ਲੈ ਕੇ ਤਰਕਹੀਣ ਡਰ" ਹੈ।

ਸਟੈਸੀ ਕਹਿੰਦੇ ਹਨ, "ਮੈਂ ਹਮੇਸ਼ਾ ਲਈ ਜਿਉਣਾ ਚਾਹੁੰਦੀ ਹਾਂ, ਪਰ ਮੈਂ ਇਹ ਵੀ ਮੰਨਦੀ ਹਾਂ ਕਿ ਅਜਿਹਾ ਨਹੀਂ ਹੋ ਸਕਦਾ।''

ਦੂਜੇ ਪਾਸੇ ਇਜ਼ਾਬੇਲ ਹਨ, ਜੋ ਕਹਿੰਦੇ ਹਨ ਕਿ ਡਰਨਾ ਤਾਂ ਦੂਰ ਸਗੋਂ ਹਰ ਸਮੇਂ ਮੌਤ ਨਾਲ ਘਿਰੇ ਰਹਿਣ ਕਾਰਨ ਉਹ ਇਸ ਨੂੰ ਲੈ ਕੇ ਹੁਣ ਹੋਰ ਸਹਿਜ ਹੋ ਗਏ ਹਨ।

ਉਹ ਕਹਿੰਦੇ ਹਨ, "ਮੈਨੂੰ ਪਤਾ ਹੈ ਕਿ ਜੇ ਕੁਝ ਹੁੰਦਾ ਹੈ ਤਾਂ ਮੇਰਾ ਧਿਆਨ ਰੱਖਿਆ ਜਾਵੇਗਾ।"

ਲਾਸ਼ਾ ਨੂੰ ਸਾਫ਼ ਕਰਨ ਤੋਂ ਲੈ ਕੇ ਉਨ੍ਹਾਂ ਦੇ ਮੇਕਅਪ ਤੱਕ

ਮੁਰਦਾਘਰ ਵਿੱਚ 80 ਲਾਸ਼ਾਂ ਹਨ। ਹਰ ਇੱਕ ਨੂੰ ਔਸਤਨ 15-20 ਦਿਨਾਂ ਲਈ ਸਟੋਰ ਕੀਤਾ ਜਾਂਦਾ ਹੈ।

ਇਜ਼ਾਬੇਲ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਿਸੇ ਮ੍ਰਿਤਕ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਸਿਰਫ਼ ਇੱਕ ਤਾਬੂਤ ਵਿੱਚ ਰੱਖ ਦਿੱਤਾ ਜਾਂਦਾ ਹੈ।

ਪਰ ਅਸਲ ਵਿੱਚ ਉਹ ਲਾਸ਼ਾਂ ਨੂੰ ਤਿਆਰ ਕਰਨ ਵਿੱਚ ਸਮਾਂ ਬਿਤਾਉਂਦੇ ਹਨ ਤਾਂ ਜੋ ਅਜ਼ੀਜ਼ ਉਨ੍ਹਾਂ ਨੂੰ ਸਸਕਾਰ ਕਰਨ ਤੋਂ ਪਹਿਲਾਂ ਦੇਖ ਸਕਣ ਜਾਂ ਉਹਨਾਂ ਨਾਲ ਸਮਾਂ ਬਿਤਾ ਸਕਣ।

ਇਜ਼ਾਬੇਲ ਮ੍ਰਿਤਕ ਸਰੀਰਾਂ ਨੂੰ ਧੋ ਕੇ ਸਾਫ਼ ਕਰਦੇ ਹਨ, ਉਨ੍ਹਾਂ ਦੇ ਵਾਲਾਂ ਨੂੰ ਕੰਘੀ ਕਰਦੇ ਹਨ ਜਾਂ ਸ਼ੇਵ ਕਰਦੇ ਹਨ, ਉਨ੍ਹਾਂ ਨੂੰ ਕੱਪੜੇ ਪਹਿਨਾਉਂਦੇ ਹੱਨ ਅਤੇ ਮੇਕਅੱਪ ਕਰਦੇ ਹਨ।

ਉਹ ਕਹਿੰਦੇ ਹਨ, "ਜੇਕਰ ਕੋਈ ਵਿਅਕਤੀ ਕਾਫ਼ੀ ਸਮੇਂ ਤੋਂ ਬਿਮਾਰ ਅਤੇ ਹਸਪਤਾਲ ਵਿੱਚ ਰਿਹਾ ਹੁੰਦਾ ਹੈ, ਤਾਂ ਹੋ ਸਕਦਾ ਹੈ ਕਿ ਪਰਿਵਾਰ ਉਨ੍ਹਾਂ ਨੂੰ ਦਾੜ੍ਹੀ ਨਾਲ ਦੇਖਣ ਦੇ ਆਦੀ ਨਾ ਹੋਣ।"

"ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਅਜ਼ੀਜ ਹਮੇਸ਼ਾ ਵਾਂਗ ਚੰਗੇ ਕੱਪੜਿਆਂ ਵਿੱਚ, ਨਹਾਇਆ-ਧੋਇਆ ਅਤੇ ਸੇਵ ਕਰਕੇ ਦਿਖਾਈ ਦੇਵੇ।''

ਇਮਬਾਲਮਿੰਗ ਤਰਲ

ਤਸਵੀਰ ਸਰੋਤ, BBC/Firecracker Films

ਤਸਵੀਰ ਕੈਪਸ਼ਨ, ਇਮਬਾਲਮਿੰਗ ਤਰਲ ਅਕਸਰ ਗੁਲਾਬੀ ਰੰਗ ਦਾ ਬਣਾਇਆ ਜਾਂਦਾ ਹੈ

ਲਾਸ਼ਾਂ ਦੀ ਇਮਬਾਲਮਿੰਗ

ਇਜ਼ਾਬੇਲ ਅਤੇ ਉਨ੍ਹਾਂ ਦੇ ਸਹਿਯੋਗੀ ਲਗਭਗ 65 ਫੀਸਦੀ ਲਾਸ਼ਾਂ ਨੂੰ ਇਮਬਾਲਮ ਵੀ ਕਰਦੇ ਹਨ (ਲਾਸ਼ 'ਤੇ ਰਸਾਇਣਾਂ ਦਾ ਲੇਪ ਲਗਾਉਣਾ), ਉਹਨਾਂ ਨੂੰ ਲੰਬੇ ਸਮੇਂ ਲਈ ਸੁਰੱਖਿਅਤ ਰੱਖਦੇ ਹਨ ਤਾਂ ਜੋ ਲਾਸ਼ ਜ਼ਿਆਦਾ ਸਮੇਂ ਲਈ ਸੁਰੱਖਿਅਤ ਰਹੇ।

ਇਜ਼ਾਬੇਲ ਦੱਸਦੇ ਹਨ ਕਿ ਅੰਤਿਮ-ਸੰਸਕਾਰ ਪੈਕੇਜ ਮੁਤਾਬਕ, ਕਈ ਪਰਿਵਾਰ ਕੁਝ ਹੋਰ ਸੇਵਾਵਾਂ ਦੀ ਵੀ ਬੇਨਤੀ ਕਰਦੇ ਹਨ।

ਇਨ੍ਹਾਂ ਵਿੱਚ ਸਰੀਰ ਨੂੰ ਸਹੀ ਰੰਗਤ ਦੇਣਾ ਅਤੇ "ਮੁੜ ਮੋਟਾ" ਬਣਾਉਣਾ, ਜਿਵੇਂ ਕਿ ਇੱਕ ਜਿਉਂਦਾ ਇਨਸਾਨ ਦਿਖਾਈ ਦਿੰਦਾ ਹੈ, ਆਦਿ ਸ਼ਾਮਲ ਹਨ।

ਅਜਿਹਾ ਉਨ੍ਹਾਂ ਮਾਮਲਿਆਂ ਵਿੱਚ ਵਧੇਰੇ ਕੰਮ ਕੀਤਾ ਜਾਂਦਾ ਹੈ ਜਿੱਥੇ ਅੰਤਿਮ ਸੰਸਕਾਰ ਤੇ ਦਰਸ਼ਨਾਂ ਵੇਲੇ ਲਾਸ਼ ਨੂੰ ਖੁੱਲ੍ਹਾ ਰੱਖਿਆ ਜਾਂਦਾ ਹੈ।

ਇਜ਼ਾਬੇਲ ਅਨੁਸਾਰ, "ਮੈਂ ਜੋ ਵੀ ਕਰਦੀ ਹਾਂ, ਉਸ ਵਿੱਚ ਮੈਂ ਬਹੁਤ ਸਮਾਂ ਅਤੇ ਮਿਹਨਤ ਲਾਉਂਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਇਹ ਪਤਾ ਵੀ ਹੈ ਕਿ ਇਸ ਕੰਮ ਵਿੱਚ ਕਿੰਨੀ ਦੇਖਭਾਲ ਦੀ ਲੋੜ ਹੁੰਦੀ ਹੈ।''

ਮੁਰਦਾਘਰ

ਤਸਵੀਰ ਸਰੋਤ, BBC/Firecracker Films

ਤਸਵੀਰ ਕੈਪਸ਼ਨ, ਮੁਰਦਾਘਰ

ਇਮਬਾਲਮਿੰਗ ਦੀ ਪ੍ਰਕਿਰਿਆ

ਇਮਬਾਮਿੰਗ ਦੀ ਪ੍ਰਕਿਰਿਆ ਦੇ ਦੌਰਾਨ, ਸਰੀਰ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ। ਖੂਨ ਕੱਢ ਦਿੱਤਾ ਜਾਂਦਾ ਹੈ ਅਤੇ ਸਰੀਰ ਦੁਆਲੇ ਸੁਗੰਧਿਤ ਤਰਲ ਭਰ ਦਿੱਤਾ ਜਾਂਦਾ ਹੈ, ਜਿਸ ਵਿੱਚ ਕੀਟਾਣੂਨਾਸ਼ਕ ਵੀ ਮੌਜੂਦ ਹੁੰਦੇ ਹਨ।

ਸਰੀਰ ਦੇ ਅੰਗਾਂ ਵਿਚਲੇ ਤਰਲ ਅਤੇ ਗੈਸਾਂ ਨੂੰ ਵੀ ਹਟਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਥਾਂ ਇਮਬਾਮਿੰਗ ਤਰਲ ਭਰ ਦਿੱਤਾ ਜਾਂਦਾ ਹੈ।

ਕੁਝ ਧਰਮਾਂ ਵਿੱਚ ਇਮਬਾਮਿੰਗ ਦੀ ਪ੍ਰਕਿਰਿਆ ਦੀ ਮਨਾਹੀ ਹੈ ਅਤੇ ਆਮ ਤੌਰ 'ਤੇ ਦਫਨਾਉਣ ਵਾਲੇ ਕੇਸਾਂ ਵਿੱਚ ਵੀ ਅਜਿਹਾ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਵਿੱਚ ਰਸਾਇਣਾਂ ਦਾ ਇਸਤੇਮਾਲ ਹੁੰਦਾ ਹੈ।

ਕਦੇ-ਕਦਾਈਂ, ਜੇ ਕਿਸੇ ਦੀ ਸੱਟ ਆਦਿ ਨਾਲ ਮੌਤ ਹੋ ਹੁੰਦੀ ਹੈ ਤਾਂ ਇਜ਼ਾਬੇਲ ਨੂੰ ਸਰੀਰ 'ਤੇ ਹੋਰ ਜ਼ਿਆਦਾ ਕੰਮ ਕਰਨਾ ਪੈਂਦਾ ਹੈ।

ਇਸ ਦੌਰਾਨ ਪਹਿਲਾਂ ਉਹ ਖਰਾਬ ਟਿਸ਼ੂ ਦੀ ਇਮਬਾਮਿੰਗ ਕਰਦੇ ਹਨ ਅਤੇ ਫਿਰ ਮੋਮ ਦੀ ਵਰਤੋਂ ਕਰਦੇ ਹੋਏ ਵਿਸ਼ੇਸ਼ ਮੇਕਅਪ ਕਰਦੇ ਹਨ।

ਇਜ਼ਾਬੇਲ ਦੱਸਦੇ ਹਨ ਕਿ ਇਹ "ਜੀਵਤ ਲੋਕਾਂ ਦੇ ਮੇਕਅੱਪ" ਵਰਗਾ ਨਹੀਂ ਹੁੰਦਾ, ਸਗੋਂ ਅਸੀਂ ਮੋਰਚਰੀ ਮੇਕਅਪ ਦੀ ਵਰਤੋਂ ਕਰਦੇ ਹਾਂ, ਇਸ ਲਈ ਇਹ ਠੰਢੀ ਚਮੜੀ 'ਤੇ ਬਿਹਤਰ ਟਿਕਦਾ ਹੈ।"

ਸਮਾਜ ਦੀ ਸੋਚ ਬਦਲਣ ਦੀ ਚੁਣੌਤੀ

ਸਰਦੀਆਂ ਵਿੱਚ ਦਸੰਬਰ ਤੋਂ ਮਾਰਚ ਤੱਕ, ਅੰਤਮ ਸੰਸਕਾਰ ਦੇ ਨਿਰਦੇਸ਼ਕਾਂ ਲਈ ਵਧੇਰੇ ਵਿਅਸਤ ਸਮਾਂ ਹੁੰਦਾ ਹੈ ਕਿਉਂਕਿ ਅੰਕੜਿਆਂ ਅਨੁਸਾਰ ਵਧੇਰੇ ਮੌਤਾਂ ਇਸੇ ਦੌਰਾਨ ਹੁੰਦੀਆਂ ਹਨ।

ਪਰ ਫਿਲਹਾਲ ਮੁਰਦਾਘਰ ਵਿੱਚ, ਇਜ਼ਾਬੇਲ ਇੱਕ ਦਿਨ ਵਿੱਚ ਲਗਭਗ ਤਿੰਨ ਤੋਂ ਚਾਰ ਲਾਸ਼ਾਂ ਨੂੰ ਇਮਬਾਲਮ ਕਰਦੇ ਹਨ।

ਉਹ ਕਹਿੰਦੇ ਹਨ, "ਇੱਥੇ ਖਿੜਕੀਆਂ ਨਹੀਂ ਹਨ। ਮੈਂ ਦਿਨ ਦਾ ਪ੍ਰਕਾਸ਼ ਵੀ ਸਿਰਫ਼ ਉਸੇ ਵੇਲੇ ਵੇਖਦੀ ਹਾਂ ਜਦੋਂ ਆਪਣੇ ਲਈ ਕੌਫ਼ੀ ਬਣਾਉਣ ਜਾਂਦੀ ਹਾਂ।''

ਉਹ ਕਹਿੰਦੇ ਹਨ, ਗਮਗੀਨ ਪਰਿਵਾਰਾਂ ਨੂੰ ਮਿਲਣਾ ਭਾਵੁਕ ਕਰਨ ਵਾਲਾ ਹੋ ਸਕਦਾ ਹੈ ਪਰ ਉਹ ਕੋਸ਼ਿਸ਼ ਕਰਕੇ ਹਨ ਵਿਵਹਾਰਿਕ ਬਣੇ ਰਹਿਣ ਅਤੇ ਕੰਮ 'ਤੇ ਧਿਆਨ ਦੇਣ।

ਇਜ਼ਾਬੇਲ ਮੁਤਾਬਕ, "ਬੇਸ਼ੱਕ ਤੁਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਨਾ ਕਿ ਉਨ੍ਹਾਂ ਨੇ ਤੁਹਾਨੂੰ।''

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਵਿੱਚ ਰੂੜ੍ਹੀਵਾਦੀ ਸੋਚ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ- ਫਿਰ ਭਾਵੇਂ ਉਹ ਮੁਰਦਾਘਰ 'ਚ ਕੰਮ ਕਰਨ ਦੀ ਗੱਲ ਹੋਵੇ ਜਾਂ ਅੰਤਿਮ ਅੰਸਕਾਰ 'ਚ ਸ਼ਾਮਲ ਹੋਣ ਦੀ।

ਜੇਕਰ ਉਨ੍ਹਾਂ ਨੂੰ ਕਿਸੇ ਕੰਮ ਵਿੱਚ ਮਦਦ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਅਕਸਰ ਇਕੱਲੀ ਮਹਿਲਾ ਹੁੰਦੇ ਹਨ, ਪਰ ਹਾਲ ਹੀ ਵਿੱਚ ਇੱਕ ਅੰਤਿਮ ਸੰਸਕਾਰ ਵਿੱਚ ਚਾਰ ਮਹਿਲਾਵਾਂ ਨੇ ਕੰਮ ਕੀਤਾ।

ਇਜ਼ਾਬੇਲ ਦੱਸਦੇ ਹਨ ਕਿ "ਦੁਖੀ ਪਰਿਵਾਰ ਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਇਹ ਦੇਖ ਕੇ ਖੁਸ਼ ਹੋ ਜਾਂਦੀ ਕਿਉਂਕਿ ਉਹ ਆਪ ਵੀ ਇੱਕ ਮਜ਼ਬੂਤ, ਸੁਤੰਤਰ ਔਰਤ ਸੀ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)