ਸੇਰੇਬ੍ਰਲ ਪਾਲਸੀ: ਆਪ ਬੈੱਡ ਤੋਂ ਹਿਲ ਵੀ ਨਹੀਂ ਸਕਦੀ,ਪਰ ਗਰੀਬ ਬੱਚਿਆਂ ਲਈ ਬਣੀ ਸਹਾਰਾ

ਪ੍ਰਾਜਕਤਾ ਰਿਸ਼ੀਪਾਠਕ

ਤਸਵੀਰ ਸਰੋਤ, SHRIKANT BANGALE

ਤਸਵੀਰ ਕੈਪਸ਼ਨ, ਪ੍ਰਾਜਕਤਾ ਰਿਸ਼ੀਪਾਠਕ

"ਹਰ ਵਿਅਕਤੀ ਆਪਣੀ ਜ਼ਿੰਦਗੀ ਜੀਉਂਦਾ ਹੈ, ਪਰ ਮੈਂ ਆਪਣੇ ਹਰੇਕ ਵਿਦਿਆਰਥੀ ਨਾਲ ਉਨ੍ਹਾਂ ਦੀ ਜ਼ਿੰਦਗੀ ਜੀਉਂਦੀ ਹਾਂ।''

ਇਨ੍ਹਾਂ ਸ਼ਬਦਾਂ ਤੋਂ ਪ੍ਰਾਜਕਤਾ ਰਿਸ਼ੀਪਾਠਕ ਦਾ ਜੀਵਨ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਸਾਫ਼-ਸਾਫ਼ ਝਲਕਦਾ ਹੈ।

ਪ੍ਰਾਜਕਤਾ ਨੂੰ ਜਨਮ ਤੋਂ ਹੀ ਸੇਰੇਬ੍ਰਲ ਪਾਲਸੀ ਹੈ। ਇਸ ਬਿਮਾਰੀ ਵਾਲੇ ਵਿਅਕਤੀ ਦੇ ਸਰੀਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਕਾਰਨ ਸਰੀਰ ਦੀ ਹਿਲਜੁਲ ਪ੍ਰਭਾਵਿਤ ਹੁੰਦੀ ਹੈ।

ਪ੍ਰਜਾਕਤਾ ਛਤਰਪਤੀ ਸੰਭਾਜੀਨਗਰ ਵਿੱਚ ਰਹਿੰਦੇ ਹਨ। 2010 ਤੱਕ ਉਹ ਹਲਕਾ-ਫੁਲਕਾ ਹਿਲਜੁਲ ਸਕਦੇ ਸਨ, ਪਰ ਇਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੀ ਹਰਕਤ ਲਗਭਗ ਬੰਦ ਹੋ ਗਈ।

ਉਨ੍ਹਾਂ ਨੇ 2010 ਤੱਕ ਪੜ੍ਹਾਈ ਜਾਰੀ ਰੱਖੀ ਅਤੇ ਬੀਏ ਤੱਕ ਦੀ ਪੜ੍ਹਾਈ ਕੀਤੀ ਅਤੇ ਫਿਰ ਉਨ੍ਹਾਂ ਨੇ ਘਰ ਵਿੱਚ ਹੀ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

ਕਿਵੇਂ ਸ਼ੁਰੂ ਹੋਇਆ ਇਹ ਸਿਲਸਿਲਾ

ਪ੍ਰਾਜਕਤਾ ਰਿਸ਼ੀਪਾਠਕ

ਤਸਵੀਰ ਸਰੋਤ, SHRIKANT BANGALE

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ, "ਮੇਰੀ ਮਾਂ ਜ਼ਮੀਨ 'ਤੇ ਬੈਠ ਕੇ ਸਬਜ਼ੀਆਂ ਚੁਣ ਰਹੇ ਸਨ। ਇਸ ਦੌਰਾਨ 2 ਕੁੜੀਆਂ ਟਿਊਸ਼ਨ ਪਤਾ ਕਰਨ ਆਈਆਂ।''

''ਮਾਂ ਨੇ ਪੁੱਛਿਆ ਕਿ ਉਹ ਕੀ ਲੱਭ ਰਹੀਆਂ ਸਨ? ਤਾਂ ਉਨ੍ਹਾਂ ਨੇ ਕਿਹਾ, ਅਸੀਂ ਟਿਊਸ਼ਨ ਦੇਖਣ ਆਏ ਸੀ। ਫਿਰ ਮਾਂ ਨੇ ਕਿਹਾ ਕਿ ਮੇਰੀ ਧੀ ਉੱਪਰ ਹੈ। ਉਸ ਨੂੰ ਪੁੱਛੋ ਕਿ ਕੀ ਉਹ ਤੁਹਾਨੂੰ ਪੜ੍ਹਾ ਦੇਵੇਗੀ?"

ਦੋ ਕੁੜੀਆਂ ਨਾਲ ਸ਼ੁਰੂ ਹੋਇਆ ਇਹ ਸਫਰ ਹੁਣ ਤੱਕ 30 ਵਿਦਿਆਰਥੀਆਂ ਤੱਕ ਪਹੁੰਚ ਚੁੱਕਾ ਹੈ। ਪ੍ਰਾਜਕਤਾ ਕੋਲ ਟਿਊਸ਼ਨ ਲਈ ਆਉਣ ਵਾਲੇ ਵਿਦਿਆਰਥੀਆਂ ਦੇ ਮਾਪੇ ਆਰਥਿਕ ਪੱਖੋਂ ਕਮਜ਼ੋਰ ਹਨ।

ਪ੍ਰਾਜਕਤਾ ਰਿਸ਼ੀਪਾਠਕ

ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਦੇ ਪਿਤਾ ਮਜ਼ਦੂਰ ਹਨ ਅਤੇ ਮਾਵਾਂ ਭਾਂਡੇ ਧੋਣ ਦਾ ਕੰਮ ਕਰਦੀਆਂ ਹਨ।

ਪ੍ਰਾਜਕਤਾ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ ਮੁਤਾਬਕ ਹੀ ਫੀਸ ਲੈਂਦੇ ਹਨ।

ਪ੍ਰਜਾਕਤਾ ਕਹਿੰਦੇ ਹਨ, “ਮੇਰੀ ਫੀਸ ਪਹਿਲੀ ਤੋਂ ਚੌਥੀ ਲਈ 200 ਰੁਪਏ ਹੈ। ਪੰਜਵੀਂ ਤੋਂ ਨੌਵੀਂ ਲਈ 300 ਤੋਂ 400 ਰੁਪਏ। ਪਰ, ਜੇ ਉਹ 400 ਰੁਪਏ ਦੇਣ ਵਿੱਚ ਅਸਮਰੱਥ ਹਨ ਅਤੇ ਬੱਚੇ ਇਸ ਕਾਰਨ ਟਿਊਸ਼ਨ ਬੰਦ ਕਰਨ ਦੀ ਸੋਚਦੇ ਹਨ, ਤਾਂ 300 ਰੁਪਏ ਲੈਂਦੀ ਹਾਂ। ਨੌਵੀਂ ਜਮਾਤ ਲਈ 500 ਰੁਪਏ ਅਤੇ ਦਸਵੀਂ ਜਮਾਤ ਲਈ 600 ਰੁਪਏ ਫੀਸ ਹੈ।”

ਪ੍ਰਜਾਕਤਾ ਮੈਡਮ ਤੇ ਉਨ੍ਹਾਂ ਦੇ ਵਿਦਿਆਰਥੀਆਂ ਵਿਚਕਾਰ ਮਜ਼ਬੂਤ ਰਿਸ਼ਤਾ

ਪ੍ਰਾਜਕਤਾ ਰਿਸ਼ੀਪਾਠਕ

ਤਸਵੀਰ ਸਰੋਤ, SHRIKANT BANGALE

ਪ੍ਰਜਾਕਤਾ ਮੈਡਮ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ। ਬੱਚੇ ਵੀ ਪ੍ਰਜਕਤਾ ਦਾ ਕਾਫੀ ਧਿਆਨ ਰੱਖਦੇ ਹਨ।

ਉਹ ਉਨ੍ਹਾਂ ਦੇ ਬੈੱਡ ਨੂੰ ਜ਼ਰੂਰਤ ਮੁਤਾਬਕ ਉੱਪਰ-ਹੇਠਾਂ ਕਰ ਦਿੰਦੇ ਹਨ। ਉਹ ਪੀਣ ਲਈ ਪਾਣੀ ਆਦਿ ਵੀ ਲੈ ਕੇ ਆਉਂਦੇ ਹਨ।

ਪ੍ਰਜਾਕਤਾ ਦਾ ਕਹਿਣਾ ਹੈ ਕਿ ਮੈਂ ਹੁਣ 30 ਜਣਿਆਂ ਦੀ ਭੈਣ ਹਾਂ।

ਵਿਦਿਆਰਥੀਆਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, “ਮੇਰੀ ਮਾਂ ਨੂੰ ਦੋ ਵਾਰ ਹਾਈਪੋਗਲਾਈਸੀਮੀਆ ਹੋਇਆ ਸੀ। ਉਹ ਲਗਭਗ ਬੇਹੋਸ਼ ਹੋ ਗਏ ਸਨ।''

''ਜਦੋਂ ਮੈਂ ਆਪਣੇ ਇੱਕ ਵਿਦਿਆਰਥੀ ਨੂੰ ਬੁਲਾਇਆ ਤਾਂ ਉਸ ਨੇ ਹੋਰ ਵਿਦਿਆਰਥੀ ਵੀ ਇਕੱਠੇ ਕਰ ਲਏ। ਇਨ੍ਹਾਂ ਸਾਰਿਆਂ ਨੇ ਮਿਲ ਕੇ ਮੇਰੀ ਮਾਂ ਨੂੰ ਰਿਕਸ਼ੇ ਵਿੱਚ ਪਾਇਆ। ਤੁਸੀਂ ਸਮਝ ਸਕਦੇ ਹੋ ਕਿ ਵਿਦਿਆਰਥੀ ਮੇਰੀ ਕਿੰਨੀ ਮਦਦ ਕਰਦੇ ਹਨ।''

''ਮੇਰੇ ਮਾਤਾ-ਪਿਤਾ ਨੇ ਮੈਨੂੰ ਪੜ੍ਹਾਇਆ, ਭਾਵੇਂ ਮੈਂ ਅਪਾਹਜ ਸੀ ਤੇ ਇੱਕ ਕੁੜੀ ਸੀ"

ਪ੍ਰਾਜਕਤਾ ਰਿਸ਼ੀਪਾਠਕ

ਤਸਵੀਰ ਸਰੋਤ, SHRIKANT BANGALE

ਪ੍ਰਾਜਕਤਾ ਨੇ ਆਪਣੀ ਅੱਗੇ ਦੀ ਪੜ੍ਹਾਈ ਵੀ ਜਾਰੀ ਰੱਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲ ਰਹੀ ਹੈ।

ਪ੍ਰਜਾਕਤਾ ਇਸ ਸਮੇਂ ਜੋਤਿਸ਼ ਦੀ ਪੜ੍ਹਾਈ ਕਰ ਰਹੇ ਹਨ। ਉਹ ਜੋਤਿਸ਼ ਕੇਂਦਰ, ਜਲਗਾਓਂ ਤੋਂ ਪੜ੍ਹਾਈ ਕਰ ਰਹੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਜੋਤਿਸ਼ ਵਿੱਚ ਪ੍ਰਵੀਨ, ਵਿਸ਼ਾਰਦ ਅਤੇ ਭਾਸਕਰ ਦੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਹਨ।

ਪ੍ਰਾਜਕਤਾ ਆਪਣੇ ਹੁਣ ਤੱਕ ਦੇ ਸਫ਼ਰ ਦਾ ਪੂਰਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੇ ਹਨ। ਉਹ ਇਸ ਗੱਲ ਦੀ ਕਦਰ ਕਰਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਅਪਾਹਜਤਾ ਦੇ ਬਾਵਜੂਦ ਉਨ੍ਹਾਂ ਨੂੰ ਇੰਨਾ ਪੜ੍ਹਾਇਆ। ਪ੍ਰਾਜਕਤਾ ਦੇ ਪਿਤਾ ਦਾ 2011 ਵਿੱਚ ਦੇਹਾਂਤ ਹੋ ਗਿਆ ਸੀ।

ਪ੍ਰਜਾਕਤਾ ਕਹਿੰਦੇ ਹਨ, “ਭਾਵੇਂ ਅਸੀਂ ਅੱਜਕੱਲ੍ਹ ਕਿੰਨਾ ਵੀ ਕਹਿ ਦੇਈਏ ਕਿ ਮੁੰਡਾ-ਕੁੜੀ ਬਰਾਬਰ ਹਨ। ਪਰ ਅਜੇ ਵੀ ਅਜਿਹਾ ਨਹੀਂ ਹੈ।''

''ਅੱਜ ਵੀ ਜਦੋਂ ਕੁੜੀ ਨੂੰ ਪੜ੍ਹਾਉਣ ਦੀ ਗੱਲ ਆਉਂਦੀ ਹੈ ਤਾਂ ਲੋਕ ਸੋਚਦੇ ਹਨ ਕਿ ਮੁੰਡੇ ਨੂੰ ਪੜ੍ਹਾਉਣਾ ਹੈ ਜਾਂ ਕੁੜੀ ਨੂੰ? ਇਹ ਸੱਚਮੁੱਚ ਬਹੁਤ ਵਧੀਆ ਕੰਮ ਹੈ ਕਿ ਮੇਰੇ ਮਾਤਾ-ਪਿਤਾ ਨੇ ਮੈਨੂੰ ਪੜ੍ਹਾਇਆ, ਭਾਵੇਂ ਮੈਂ ਅਪਾਹਜ ਸੀ ਅਤੇ ਇੱਕ ਕੁੜੀ ਸੀ।"

ਇਹ ਵੀ ਪੜ੍ਹੋ:-

ਇਸ ਹਾਲ 'ਚ ਵੀ ਕਿਸੇ 'ਤੇ ਬੋਝ ਨਹੀਂ

ਪ੍ਰਾਜਕਤਾ ਦੇ ਮਾਂ ਵਿਜਯਾ ਰਿਸ਼ੀਪਾਠਕ ਵੀ ਹੁਣ ਬਜ਼ੁਰਗ ਹੋ ਚੁੱਕੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਚੰਗੀ ਦੇਖਭਾਲ ਕਰਨ ਦਾ 'ਦੂਜਾ ਮੌਕਾ' ਨਹੀਂ ਮਿਲਿਆ।

ਵਿਜਯਾ ਕਹਿੰਦੇ ਹਨ, "ਜਦੋਂ ਤੋਂ ਇਸ ਨੇ ਟਿਊਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ ਹਨ, ਉਸ ਨਾਲ ਮੇਰਾ ਰਿਸ਼ਤਾ ਸਿਰਫ਼ ਖਾਣਾ ਦੇਣ ਤੱਕ ਦਾ ਰਹਿ ਗਿਆ ਹੈ। ਕਿਉਂਕਿ ਉਸ ਕੋਲ ਮੇਰੇ ਤੋਂ ਕੁਝ ਪੁੱਛਣ, ਗੱਲ ਕਰਨ ਜਾਂ ਲੜਨ ਦਾ ਸਮਾਂ ਨਹੀਂ ਹੁੰਦਾ। ਉਹ ਆਪਣੇ ਕੰਮ ਵਿੱਚ ਰੁੱਝੀ ਹੋਈ ਹੈ। ਨਾਲ ਹੀ ਉਹ ਆਪ ਵੀ ਪੜ੍ਹ ਰਹੀ ਹੈ।”

ਵਿਜਯਾ ਨੂੰ ਆਪਣੀ 'ਪ੍ਰਾਜੂ' 'ਤੇ ਬਹੁਤ ਮਾਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਲਤ ਵਿੱਚ ਵੀ ਪ੍ਰਾਜਕਤਾ ਉਨ੍ਹਾਂ ਤੋਂ ਇੱਕ ਰੁਪਈਆ ਵੀ ਨਹੀਂ ਮੰਗਦੀ।

“ਸਗੋਂ ਉਹ ਮੇਰੇ 4 ਬਿੱਲਾਂ ਦਾ ਭੁਗਤਾਨ ਕਰਦੀ ਹੈ। ਟਿਊਸ਼ਨ ਕਰਕੇ ਥੋੜ੍ਹੇ ਜਿਹੇ ਪੈਸੇ ਆਉਂਦੇ ਹਨ। ਸਾਡੇ ਕੋਲ ਕੋਈ ਪੈਨਸ਼ਨ ਵੀ ਨਹੀਂ ਹੈ।"

ਪ੍ਰਾਜਕਤਾ ਰਿਸ਼ੀਪਾਠਕ

ਤਸਵੀਰ ਸਰੋਤ, SHRIKANT BANGALE

ਮਾਧੁਰੀ ਦੀਕਸ਼ਿਤ ਨੂੰ ਮਿਲਣ ਦੀ ਇੱਛਾ

ਅਭਿਨੇਤਰੀ ਮਾਧੁਰੀ ਦੀਕਸ਼ਿਤ ਦਾ ਨਾਂ ਸੁਣਦੇ ਹੀ ਪ੍ਰਜਾਕਤਾ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਉਹ ਮਾਧੁਰੀ ਨੂੰ ਮਿਲਣਾ ਚਾਹੁੰਦੇ ਹਨ।

“ਮਾਧੁਰੀ ਦੀਕਸ਼ਿਤ ਨੂੰ ਛੂਹਣਾ ਅਤੇ ਮਿਲਣਾ ਚਾਹੁੰਦੀ ਹਾਂ। ਮੈਂ ਵੀਡੀਓ ਕਾਲ 'ਤੇ ਮਿਲਣਾ ਨਹੀਂ ਚਾਹੁੰਦੀ। ਮੇਰੀ ਉਨ੍ਹਾਂ ਨੂੰ ਮਿਲਣ ਦੀ ਇੰਨੀ ਇੱਛਾ ਹੈ ਕਿ ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।''

''ਇੱਥੋਂ ਤੱਕ ਕਿ ਉਨ੍ਹਾਂ ਦੇ ਨਾਮ ਦਾ ਜ਼ਿਕਰ ਕਰਨਾ ਵੀ ਮੈਨੂੰ ਇੰਨਾ ਖੁਸ਼ ਕਰ ਦਿੰਦਾ ਹੈ ਤਾਂ ਜਦੋਂ ਮੈਂ ਉਨ੍ਹਾਂ ਨੂੰ ਮਿਲਾਂਗੀ ਤਾਂ ਪਤਾ ਨਹੀਂ ਕੀ ਹੋਵੇਗਾ।''

ਜਦੋਂ ਟਿਊਸ਼ਨ ਲਈ ਆਉਣ ਵਾਲੇ ਵਿਦਿਆਰਥੀ ਪ੍ਰਜਾਕਤਾ ਮੈਡਮ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ ਅਤੇ ਮਾਧੁਰੀ ਦਾ ਨਾਂ ਲੈਂਦੇ ਹਨ ਤਾਂ ਪ੍ਰਜਾਕਤਾ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ।

ਪ੍ਰਾਜਕਤਾ ਰਿਸ਼ੀਪਾਠਕ

ਤਸਵੀਰ ਸਰੋਤ, SHRIKANT BANGALE

ਬਿਮਾਰੀ ਤੋਂ ਪੀੜਤ ਲੋਕਾਂ ਲਈ ਪ੍ਰਾਜਕਤਾ ਦਾ ਸੁਨੇਹਾ

ਪ੍ਰਾਜਕਤਾ ਦਾ ਮੰਨਣਾ ਹੈ ਕਿ ਪੜ੍ਹਨ ਨਾਲ ਸੋਚਣ-ਸਮਝਣ ਦੀ ਸਮਰੱਥਾ ਵਧਦੀ ਹੈ, ਇਸ ਲਈ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ। ਉਹ ਬਿਮਾਰੀ ਤੋਂ ਪੀੜਤ ਲੋਕਾਂ ਨੂੰ 3 ਕੰਮ ਕਰਨ ਦੀ ਤਾਕੀਦ ਕਰਦੇ ਹਨ।

“ਵਿਅਕਤੀ ਨੂੰ ਪਹਿਲਾਂ ਆਪਣੀ ਪੜ੍ਹਾਈ ਵਧਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਮਨੋਵਿਗਿਆਨ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਨਕਾਰਾਤਮਕ ਵਿਚਾਰਾਂ ਨੂੰ ਰੋਕਣਾ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਅਪਣਾਉਣਾ ਸਿੱਖਣਾ ਚਾਹੀਦਾ ਹੈ।"

ਪ੍ਰਾਜਕਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਦੇ ਸੁਪਨੇ ਪੂਰੇ ਕਰਨ।

ਨਾਲ ਹੀ ਉਹ ਸਵਾਲ ਕਰਦੇ ਹਨ ਕਿ ਸਮਾਜ ਸਾਨੂੰ ਸਿਰਫ਼ ਇਸ ਲਈ ਸ਼ੱਕ ਦੀ ਨਜ਼ਰ ਨਾਲ ਕਿਉਂ ਦੇਖਦਾ ਹੈ ਕਿ ਅਸੀਂ ਅਪਾਹਜ ਹਾਂ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)