ਪਾਕਿਸਤਾਨ: 9 ਮਹੀਨੇ ਦੀ ਬੱਚੀ ਦੇ ਪੇਟ 'ਚੋਂ ‘ਬੱਚੇ’ ਦੇ ਨਿਕਲਣ ਦੀ ਘਟਨਾ ਦਾ ਕੀ ਹੈ ਸੱਚ?

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਲੜਕੀ ਇੱਕ ਮਹੀਨੇ ਦੀ ਸੀ
    • ਲੇਖਕ, ਜ਼ੁਬੈਰ ਆਜ਼ਮ
    • ਰੋਲ, ਬੀਬੀਸੀ ਇਸਲਾਮਾਬਾਦ

ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਲੜਕੀ ਇੱਕ ਮਹੀਨੇ ਦੀ ਸੀ। ਉਹ ਦਰਦ ਕਾਰਨ ਰੋ ਰਹੀ ਸੀ, ਪਰ ਜ਼ਾਹਿਰ ਹੈ ਕਿ ਇੰਨੀ ਛੋਟੀ ਬੱਚੀ ਕੁਝ ਦੱਸ ਨਹੀਂ ਸਕਦੀ ਸੀ।

ਮਾਪੇ ਬੱਚੀ ਨੂੰ ਵੱਖ-ਵੱਖ ਡਾਕਟਰਾਂ ਕੋਲ ਲੈ ਕੇ ਗਏ ਕਿ ਬੱਚੀ ਰੋ ਰਹੀ ਹੈ, ਪਰ ਕਿਸੇ ਵੀ ਡਾਕਟਰ ਨੇ ਇਸ ਬਾਰੇ ਨਹੀਂ ਸੋਚਿਆ ਹੋਣਾ ਕਿਉਂਕਿ ਅਜਿਹੇ ਕੇਸ ਬਹੁਤ ਹੀ ਘੱਟ ਹੁੰਦੇ ਹਨ।

ਕੁਝ ਸਮੇਂ ਬਾਅਦ ਮਾਪਿਆਂ ਨੂੰ ਲੱਗਾ ਕਿ ਬੱਚੀ ਦਾ ਪੇਟ ਫੁੱਲ ਗਿਆ ਹੈ ਪਰ ਫਿਰ ਵੀ ਕਿਸੇ ਡਾਕਟਰ ਦਾ ਧਿਆਨ ਉਸ ਪਾਸੇ ਵੱਲ ਨਹੀਂ ਗਿਆ।

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਦਿਕਾਬਾਦ 'ਚ ਨੌਂ ਮਹੀਨੇ ਦੀ ਬੱਚੀ ਦੇ ਢਿੱਡ 'ਚੋਂ ਬੱਚੇ ਨੂੰ ਕੱਢਣ ਵਾਲੇ ਸਰਜਨ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਕਈ ਮਹੀਨਿਆਂ ਤੋਂ ਵੱਖ-ਵੱਖ ਡਾਕਟਰਾਂ ਕੋਲ ਜਾ ਰਹੇ ਸਨ, ਪਰ ਅਜਿਹੇ ਮਾਮਲੇ ‘ਦੁਰਲਭ’ ਹੋਣ ਕਾਰਨ ਅਤੇ ਡਾਕਟਰੀ ਸਹੂਲਤਾਂ ਦੀ ਘਾਟ ਹੋਣ ਕਾਰਨ ਇਸ ਦਾ ਪਤਾ ਨਹੀਂ ਲੱਗ ਸਕਿਆ ਸੀ।

ਗੌਰਤਲਬ ਹੈ ਕਿ ਸਾਦਿਕਾਬਾਦ ਪੰਜਾਬ ਦੇ ਦੱਖਣ ਵਿੱਚ ਸਿੰਧ ਸਰਹੱਦ ਦੇ ਨਾਲ ਸਥਿਤ ਇੱਕ ਅਜਿਹਾ ਸ਼ਹਿਰ ਹੈ, ਜਿੱਥੇ ਉਪਨਗਰ ਰੀਤੀ ਦੇ ਰਹਿਣ ਵਾਲੇ ਆਸਿਫ਼ ਦੀ ਧੀ ਇੱਕ ਮਹੀਨੇ ਦੀ ਸੀ ਜਦੋਂ ਉਸ ਦੇ ਪੇਟ ਵਿੱਚ ਸੋਜ ਆਉਣ ਲੱਗੀ।

ਬੀਬੀਸੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਆਸਿਫ਼ ਨੇ ਕਿਹਾ ਕਿ ਜਦੋਂ ਇਹ ਸਮੱਸਿਆ ਸ਼ੁਰੂ ਹੋਈ ਤਾਂ ਉਨ੍ਹਾਂ ਦੀ ਧੀ ਇੱਕ ਮਹੀਨੇ ਦੀ ਸੀ।

ਉਨ੍ਹਾਂ ਨੇ ਕਿਹਾ, "ਸਾਨੂੰ ਨਹੀਂ ਪਤਾ ਸੀ ਕਿ ਸਮੱਸਿਆ ਕੀ ਸੀ ਪਰ ਪੇਟ ਫੁੱਲਿਆ ਹੋਇਆ ਸੀ ਅਤੇ ਹੱਥ ਲਗਾਉਣ 'ਤੇ ਸਖ਼ਤ ਮਹਿਸੂਸ ਹੁੰਦਾ ਸੀ।"

ਆਸਿਫ਼ ਖੇਤੀ ਕਰ ਕੇ ਅਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਿੰਨ-ਚਾਰ ਡਾਕਟਰਾਂ ਕੋਲ ਗਏ ਪਰ ਬਿਮਾਰੀ ਬਾਰੇ ਪਤਾ ਨਹੀਂ ਲੱਗ ਸਕਿਆ।

ਅਜਿਹੀ ਸਥਿਤੀ ਵਿੱਚ ਉਹ ਆਪਣੀ ਧੀ ਨੂੰ ਸਹਾਇਕ ਪ੍ਰੋਫੈਸਰ ਡਾਕਟਰ ਮੁਸ਼ਤਾਕ ਅਹਿਮਦ ਕੋਲ ਲੈ ਕੇ ਗਏ।

ਡਾਕਟਰ ਮੁਸ਼ਤਾਕ, ਰਹੀਮ ਯਾਰ ਖਾਨ ਵਿਚਲੇ ਸ਼ੇਖ ਜਾਇਦ ਹਸਪਤਾਲ ਵਿੱਚ ਬਾਲ ਰੋਗਾਂ ਦੇ ਸਰਜਨ ਹਨ।

ਸਰਜਰੀ

ਤਸਵੀਰ ਸਰੋਤ, DR MUSHTAQ AHMAD

ਤਸਵੀਰ ਕੈਪਸ਼ਨ, ਬੱਚੀ ਦੇ ਮਾਤਾ-ਪਿਤਾ ਕਈ ਮਹੀਨਿਆਂ ਤੋਂ ਵੱਖ-ਵੱਖ ਡਾਕਟਰਾਂ ਕੋਲ ਜਾ ਰਹੇ ਸਨ
ਬੀਬੀਸੀ
  • ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਲੜਕੀ ਇੱਕ ਮਹੀਨੇ ਦੀ ਸੀ।
  • ਬੱਚੀ ਦੇ ਮਾਤਾ-ਪਿਤਾ ਕਈ ਮਹੀਨਿਆਂ ਤੋਂ ਵੱਖ-ਵੱਖ ਡਾਕਟਰਾਂ ਕੋਲ ਜਾ ਰਹੇ ਸਨ।
  • ਪਰ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਅਜਿਹੇ ਕੇਸ ਬਹੁਤ ਹੀ ਘੱਟ ਹੁੰਦੇ ਹਨ।
  • ਮਾਪੇ ਬੱਚੀ ਨੂੰ ਲੈ ਕੇ ਪ੍ਰੋਫੈਸਰ ਡਾਕਟਰ ਮੁਸ਼ਤਾਕ ਅਹਿਮਦ ਕੋਲ ਗਏ।
  • ਉਨ੍ਹਾਂ ਨੇ ਦੱਸਿਆ ਕਿ ਬੱਚੀ ਦੇ ਪੇਟ ਵਿੱਚ ‘ਟਿਊਮਰ’ ਹੈ।
  • ਉਸ ਸਮੇਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਬੱਚੀ ਦੇ ਢਿੱਡ ਵਿੱਚ ਕੋਈ ਬੱਚਾ ਹੈ।
ਬੀਬੀਸੀ

'ਇਹ ਇੱਕ ਬਹੁਤ ਹੀ ਵਿਲੱਖਣ ਕੇਸ ਸੀ'

ਡਾਕਟਰ ਮੁਸ਼ਤਾਕ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚੀ ਦੀ ਜਾਂਚ ਕੀਤੀ ਤਾਂ, "ਮੈਨੂੰ ਪੇਟ ਵਿੱਚ ਟਿਊਮਰ ਅਤੇ ਪਾਣੀ ਦਾ ਇੱਕ ਥੈਲਾ ਮਹਿਸੂਸ ਹੋਇਆ। ਮੈਂ ਅਲਟਰਾਸਾਊਂਡ ਕੀਤਾ ਅਤੇ ਇਸਦੀ ਪੁਸ਼ਟੀ ਹੋ ਗਈ।"

ਡਾ. ਮੁਸ਼ਤਾਕ ਅਹਿਮਦ ਨੇ ਕਿਹਾ, "ਇਹ ਇੱਕ ਬਹੁਤ ਹੀ ਵਿਲੱਖਣ ਕੇਸ ਹੈ" ਇਸ ਲਈ ਉਨ੍ਹਾਂ ਦਾ ਮਨ ਇਸ ਦਿਸ਼ਾ ਵੱਲ ਵੀ ਨਹੀਂ ਗਿਆ ਕਿ ਇਹ ਅਜਿਹਾ ਕੇਸ ਹੋ ਸਕਦਾ ਹੈ।

"ਸਾਨੂੰ ਜਾਂਚ ਲਈ ਐੱਮਆਰਆਈ ਕਰਵਾਉਣੀ ਪੈਂਦੀ ਹੈ, ਪਰ ਮਾਪਿਆਂ ਕੋਲ ਘੱਟ ਸਾਧਨ ਸਨ ਅਤੇ ਇਹ ਸਹੂਲਤ ਸਾਦਿਕਾਬਾਦ ਵਿੱਚ ਵੀ ਉਪਲਬਧ ਨਹੀਂ ਹੈ।"

ਡਾਕਟਰ ਮੁਸ਼ਤਾਕ ਅਹਿਮਦ ਨੇ ਟਿਊਮਰ ਨੂੰ ਸਰਜਰੀ ਨਾਲ ਕੱਢਣ ਦੀ ਸਲਾਹ ਦਿੱਤੀ। ਉਸ ਸਮੇਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਬੱਚੀ ਦੇ ਢਿੱਡ ਵਿੱਚ ਕੋਈ ਬੱਚਾ ਹੈ।

“ਅਸੀਂ ਸਰਜਰੀ ਦੀ ਯੋਜਨਾ ਬਣਾਈ ਪਰ ਫਿਰ ਮਾਪੇ ਘਰ ਚਲੇ ਗਏ। ਫਿਰ ਉਨ੍ਹਾਂ ਦੀ ਬੇਟੀ ਨੂੰ ਜ਼ਿਆਦਾ ਦਰਦ ਹੋਣ ਲੱਗਾ ਤਾਂ ਉਨ੍ਹਾਂ ਨੇ ਵਾਪਸ ਆ ਕੇ ਸਾਨੂੰ ਆਪ੍ਰੇਸ਼ਨ ਕਰਨ ਲਈ ਕਿਹਾ।"

"ਆਪਰੇਸ਼ਨ ਦੌਰਾਨ, ਅਸੀਂ ਪੇਟ ਖੋਲ੍ਹਿਆ ਅਤੇ ਉਸ ਵਿੱਚ ਪਾਣੀ ਦਾ ਇੱਕ ਬੈਗ਼ ਅਤੇ ਇੱਕ ਬੱਚਾ ਸੀ।"

ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਬੱਚੀ ਦੇ ਪੇਟ ਵਿਚ ਬੱਚਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਛੇ-ਸੱਤ ਮਹੀਨਿਆਂ ਦੇ ਬੱਚੇ ਦੀਆਂ ਵਿਸ਼ੇਸ਼ਤਾਵਾਂ ਬਿਲਕੁਲ ਇੱਕੋ ਜਿਹੀਆਂ ਸਨ ਅਤੇ ਚਿਹਰੇ ਤੋਂ ਇਲਾਵਾ ਸਾਰਾ ਸਰੀਰ ਮਨੁੱਖੀ ਸੀ ਕਿਉਂਕਿ ਚਿਹਰਾ ਬਾਅਦ ਵਿੱਚ ਵਿਕਸਤ ਹੁੰਦਾ ਹੈ।

ਡਾਕਟਰ ਮੁਸ਼ਤਾਕ ਅਹਿਮਦ ਨੇ ਦੱਸਿਆ, "ਇਹ ਬੱਚੇ ਵਰਗੀ ਚੀਜ਼, ਬੱਚੀ ਦੀ ਛੋਟੀ ਆਂਦਰ ਨਾਲ ਵੀ ਜੁੜੀ ਹੋਈ ਸੀ ਅਤੇ ਅੰਤੜੀਆਂ ਦੇ ਵਿਚਕਾਰੋਂ ਖ਼ੂਨ ਕੱਢ ਰਹੀ ਸੀ। ਸਾਨੂੰ ਡਰ ਸੀ ਕਿ ਕਿਤੇ ਕੁੜੀ ਦਾ ਕੋਈ ਨੁਕਸਾਨ ਨਾ ਹੋ ਜਾਵੇ। ਅਸੀਂ ਭਰੋਸਾ ਦਿਵਾਇਆ ਕਿ ਕੁੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।"

ਡਾਕਟਰ ਮੁਸ਼ਤਾਕ ਅਹਿਮਦ ਨੇ ਦੱਸਿਆ ਕਿ ਬੱਚੀ ਦਾ ਵਜ਼ਨ ਸਾਢੇ ਅੱਠ ਕਿਲੋਗ੍ਰਾਮ ਸੀ, ਜਦਕਿ ਗਰਭ 'ਚੋਂ ਕੱਢੀ ਗਏ ‘ਬੱਚੇ’ ਦਾ ਵਜ਼ਨ ਦੋ ਕਿਲੋਗ੍ਰਾਮ ਸੀ।

ਆਸਿਫ਼ ਨੇ ਬੀਬੀਸੀ ਨੂੰ ਦੱਸਿਆ ਕਿ ਅਪਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਬੇਟੀ ਦੀ ਹਾਲਤ ਠੀਕ ਹੈ।

ਡਾ. ਮੁਸ਼ਤਾਕ ਅਹਿਮਦ

ਤਸਵੀਰ ਸਰੋਤ, DR MUSHTAQ AHMAD

ਤਸਵੀਰ ਕੈਪਸ਼ਨ, ਡਾਕਟਰ ਮੁਸ਼ਤਾਕ ਅਹਿਮਦ ਨੇ ਟਿਊਮਰ ਨੂੰ ਸਰਜਰੀ ਨਾਲ ਕੱਢਣ ਦੀ ਸਲਾਹ ਦਿੱਤੀ

ਪਰ ਇਹ ਬਿਮਾਰੀ ਕੀ ਹੈ?

ਪਾਕਿਸਤਾਨ ਵਿੱਚ ਇਸ ਤਰ੍ਹਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਡਾਕਟਰ ਮੁਸ਼ਤਾਕ ਅਹਿਮਦ ਅਨੁਸਾਰ ਉਹ ਅਜਿਹਾ ਹੀ ਇੱਕ ਹੋਰ ਕੇਸ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਰਹੀਮ ਯਾਰ ਖ਼ਾਨ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਗਰਭ 'ਚ ਪਲ ਰਹੇ ਬੱਚੇ ਦੇ ਸਰੀਰ ਦੇ ਸਾਰੇ ਅੰਗ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਬਣੇ ਸਨ।

ਮੈਡੀਕਲ ਦੀ ਦੁਨੀਆਂ ਵਿਚ ਇਸ ਨੂੰ "ਫੀਟਸ-ਇਨ-ਫੇਟੂ" ਦਾ ਨਾਂ ਦਿੱਤਾ ਗਿਆ ਹੈ, ਪਰ ਵਿਗਿਆਨ ਦੀ ਦੁਨੀਆਂ ਇਸ ਸ਼ਬਦ ਅਤੇ ਸਿਧਾਂਤ 'ਤੇ ਸਹਿਮਤ ਨਹੀਂ ਹੈ।

ਪ੍ਰੋਫੈਸਰ ਨਦੀਮ ਅਖ਼ਤਰ ਨੇ ਅਜਿਹੇ ਮਾਮਲਿਆਂ 'ਤੇ ਬਹੁਤ ਖੋਜ ਕੀਤੀ ਹੈ। ਉਹ ਪਾਕਿਸਤਾਨ ਦੀ ਸੰਘੀ ਰਾਜਧਾਨੀ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜਾਂ ਪੀਆਈਐੱਮਐੱਸ ਹਸਪਤਾਲ ਵਿੱਚ ਬਾਲ ਸਰਜਰੀ ਵਿਭਾਗ ਦੇ ਮੁਖੀ ਹਨ।

ਉਹ ਕਹਿੰਦੇ ਹਨ, "ਫੀਟਸ-ਇਨ-ਫੇਟੂ" ਸ਼ਬਦ ਦਾ ਆਮ ਤੌਰ 'ਤੇ ਮਤਲਬ ਹੈ ਕਿ ਇਹ ਬਿਮਾਰੀ ਗਰਭ ਅਵਸਥਾ ਨਾਲ ਸਬੰਧਤ ਹੈ, ਜੋ ਕਿ ਜ਼ਰੂਰੀ ਨਹੀਂ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਬੱਚੇ ਵਰਗੀ ਚੀਜ਼ ਪੇਟ ਵਿੱਚ ਵਧਦੀ ਹੈ, ਪਰ ਅਕਸਰ ਇਹ ਇੱਕ ਕੈਂਸਰ ਵਾਲਾ ਟਿਊਮਰ ਜਾਂ ਟਿਊਮਰ ਹੁੰਦਾ ਹੈ ਜੋ ਜ਼ਰੂਰੀ ਤੌਰ 'ਤੇ ਪੂਰੇ ਸਰੀਰ ਵਿੱਚ ਫੈਲਣ ਦੀ ਸਮਰੱਥਾ ਨਹੀਂ ਰੱਖਦੀ ਹੈ।"

"ਇਹ ਉੱਥੇ ਹੀ ਰਹਿੰਦਾ ਹੈ, ਜ਼ਿਆਦਾਤਰ ਪੇਟ ਦੇ ਹੇਠਲੇ ਹਿੱਸੇ ਵਿੱਚ।"

ਪ੍ਰੋਫੈਸਰ ਨਦੀਮ ਅਖ਼ਤਰ ਅਨੁਸਾਰ ਇਸ ਸਥਿਤੀ ਨੂੰ 'ਫੀਟਸ-ਇਨ-ਫੇਟੂ' ਦਾ ਨਾਂ ਦਿੱਤਾ ਗਿਆ ਕਿਉਂਕਿ 'ਚਰਬੀ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ ਜੋ ਇਸ ਟਿਊਮਰ ਵਿੱਚ ਵੀ ਮੌਜੂਦ ਹੁੰਦੀਆਂ ਹਨ।

"ਅਕਸਰ ਬਹੁਤ ਸਾਰੇ ਅਖ਼ਬਾਰਾਂ ਵਿੱਚ ਲੋਕ ਇਸ ਨੂੰ ਹੋਰ ਰੰਗਤ ਦੇ ਦਿੰਦੇ ਹਨ ਕਿਉਂਕਿ ਉਹ ਇਸ ਨੂੰ ਨਹੀਂ ਸਮਝਦੇ ਅਤੇ ਪਰਿਵਾਰ ਪਰੇਸ਼ਾਨ ਹੋ ਜਾਂਦਾ ਹੈ।"

"ਇੱਕ ਹੋਰ ਨੇ ਇਸ ਨੂੰ ਟਵਿਨ ਕਿਹਾ, ਕਿ ਦੂਜਾ ਇੱਕ ਜੁੜਵਾਂ ਬੱਚਾ ਸੀ ਅਤੇ ਇਹ ਇੱਕ ਸਿਧਾਂਤ ਹੈ ਪਰ ਇਹ ਵਿਗਿਆਨਕ ਤੌਰ 'ਤੇ 100% ਸਾਬਤ ਨਹੀਂ ਹੋ ਸਕਿਆ।"

ਬੀਬੀਸੀ

ਇਸ ਮੈਡੀਕਲ ਥਿਊਰੀ ਦੇ ਅਨੁਸਾਰ, ਇਹ ਆਮ ਤੌਰ 'ਤੇ ਉਨ੍ਹਾਂ ਮਾਮਲਿਆਂ ਵਿੱਚ ਵਾਪਰਦਾ ਹੈ ਜਿੱਥੇ ਇੱਕ ਔਰਤ ਦੇ ਜੁੜਵਾਂ ਬੱਚੇ ਹੁੰਦੇ ਹਨ, ਪਰ ਗਰਭ ਅਵਸਥਾ ਦੇ ਸ਼ੁਰੂ ਵਿੱਚ, ਬੱਚਿਆਂ ਵਿੱਚੋਂ ਇੱਕ ਬੱਚਾ ਕਿਸੇ ਤਰ੍ਹਾਂ ਦੂਜੇ ਜੁੜਵਾਂ ਨਾਲ ਜੁੜ ਜਾਂਦਾ ਹੈ ਅਤੇ ਇਸੇ ਹਾਲਤ ਵਿੱਚ ਰਹਿੰਦਾ ਹੈ ਪਰ ਬਚ ਨਹੀਂ ਪਾਉਂਦਾ।

ਸਾਲ 2006 ਵਿੱਚ ਇਸਲਾਮਾਬਾਦ ਦੇ ਪੀਆਈਐੱਮਐੱਸ ਹਸਪਤਾਲ ਵਿੱਚ ਅਜਿਹਾ ਹੀ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਦੋ ਮਹੀਨੇ ਦੀ ਬੱਚੀ ਦੇ ਪੇਟ ਵਿੱਚੋਂ ਦੋ ਭਰੂਣ ਜਾਂ ਮਰੇ ਹੋਏ ਬੱਚੇ ਕੱਢੇ ਗਏ ਸਨ।

ਉਸ ਸਮੇਂ ਅਪਰੇਸ਼ਨ ਕਰਨ ਵਾਲੇ ਡਾਕਟਰ ਜ਼ਹੀਰ ਅੱਬਾਸੀ ਨੇ ਇਸ ਨੂੰ ਪਾਕਿਸਤਾਨ ਵਿੱਚ ਅਜਿਹਾ ਪਹਿਲਾ ਮਾਮਲਾ ਦੱਸਿਆ ਸੀ ਅਤੇ ਕਿਹਾ ਸੀ ਕਿ ਬੱਚੀ ਦੇ ਪੇਟ ਵਿੱਚੋਂ ਦੋ ਜੁੜਵਾ ਬੱਚੇ ਕੱਢੇ ਗਏ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ।

ਵਿਲੱਖਣ ਗੱਲ ਇਹ ਹੈ ਕਿ ਅਜਿਹੇ ਮਾਮਲੇ ਲਿੰਗ ਵਿਸ਼ੇਸ਼ ਨਹੀਂ ਹਨ ਅਤੇ ਲੜਕੇ ਤੇ ਲੜਕੀਆਂ ਦੋਵਾਂ ਵਿੱਚ ਹੋ ਸਕਦੇ ਹਨ।

ਪ੍ਰੋਫੈਸਰ ਨਦੀਮ ਅਖ਼ਤਰ ਦੇ ਮੁਤਾਬਕ, "ਅਜਿਹੇ ਮਾਮਲੇ ਮੁੰਡਿਆਂ ਵਿੱਚ ਵੀ ਹੋ ਸਕਦੇ ਹਨ, ਜਿਸ ਦਾ ਇੱਕ ਲੱਛਣ ਇਹ ਹੈ ਕਿ ਅਜਿਹੇ ਬੱਚਿਆਂ ਵਿੱਚ ਅੰਡਕੋਸ਼ ਆਪਣੀ ਥਾਂ 'ਤੇ ਨਹੀਂ ਹੁੰਦੇ, ਸਗੋਂ ਪੇਟ ਵਿੱਚ ਚਲੇ ਜਾਂਦੇ ਹਨ।"

"ਮਾਪਿਆਂ ਨੂੰ ਪਤਾ ਨਹੀਂ ਹੁੰਦਾ ਅਤੇ ਪੇਟ ਦੇ ਅੰਦਰ ਇੱਕ ਟਿਊਮਰ ਵਧਦਾ ਹੈ, ਜਿਸ ਦਾ ਸ਼ੱਕ ਉਦੋਂ ਹੀ ਹੁੰਦਾ ਹੈ ਜਦੋਂ ਬੱਚੇ ਦਾ ਪੇਟ ਸੁੱਜ ਜਾਂਦਾ ਹੈ।"

ਡਾਕਟਰ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਇਹ ਦੋ ਵੱਖ-ਵੱਖ ਤਰ੍ਹਾਂ ਦੇ ਕੇਸ ਹਨ। "ਇੱਕ ਉਹ ਹੈ ਜਿਸ ਵਿੱਚ ਇੱਕ ਬੱਚਾ ਮਨੁੱਖੀ ਵਿਸ਼ੇਸ਼ਤਾਵਾਂ ਨਾਲ ਉੱਭਰਦਾ ਹੈ ਅਤੇ ਦੂਜਾ ਜਿਸ ਵਿੱਚ ਇੱਕ ਟਿਊਮਰ ਜਾਂ ਕੈਂਸਰ ਉੱਭਰਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਇੱਕ ਮਰੀਜ਼ ਦੇ ਪੇਟ ਵਿੱਚ ਦੰਦ ਜਾਂ ਹੱਡੀਆਂ ਪਾਈਆਂ ਜਾਂਦੀਆਂ ਹਨ ਪਰ ਮਨੁੱਖੀ ਵਿਸ਼ੇਸ਼ਤਾਵਾਂ ਵਾਲੇ ਬੱਚੇ ਨੂੰ ਟੈਰਾਟੋਮਾ ਕਿਹਾ ਜਾਂਦਾ ਹੈ।"

ਦਵਾਈ ਦੀ ਦੁਨੀਆਂ ਵਿੱਚ ਇਸ ਬਿਮਾਰੀ ਦੇ ਕਾਰਨਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਲਗਾਇਆ ਗਿਆ ਹੈ, ਪਰ ਇਹ ਸਪੱਸ਼ਟ ਹੈ ਕਿ ਇਹ ਇੱਕ ਜਮਾਂਦਰੂ ਬਿਮਾਰੀ ਹੈ, ਜਿਸਦਾ ਸਮੇਂ ਸਿਰ ਨਿਦਾਨ ਕਰਨਾ ਮੁਸ਼ਕਲ ਹੈ, ਪਰ ਇਹ ਜ਼ਰੂਰੀ ਵੀ ਹੈ।

ਸਰਜਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਪੀਡੀਆਟ੍ਰੀਸ਼ੀਅਨ ਜਨਰਲ ਅਨੁਸਾਰ ਅਜਿਹਾ ਮਾਮਲਾ ਪੰਜ ਲੱਖ ਬੱਚਿਆਂ ਵਿੱਚੋਂ ਇੱਕ ਵਿੱਚ ਹੁੰਦਾ ਹੈ

ਇਸ ਬਿਮਾਰੀ ਦਾ ਪਤਾ ਲਗਾਉਣਾ ਮੁਸ਼ਕਲ ਕਿਉਂ ਹੈ?

ਡਾਕਟਰ ਮੁਸ਼ਤਾਕ ਅਹਿਮਦ ਦੇ ਅਨੁਸਾਰ, "ਇਹ ਇੱਕ ਮਿਲੀਅਨ ਕੇਸ ਵਿੱਚ ਇੱਕ, ਦਸ ਤੋਂ ਪੰਦਰਾਂ ਮਿਲੀਅਨ ਬੱਚਿਆਂ ਵਿੱਚੋਂ ਇੱਕ ਹੈ ਅਤੇ ਇਸੇ ਕਰਕੇ ਇਸ ਦਾ ਨਿਦਾਨ ਕਰਨਾ ਮੁਸ਼ਕਲ ਅਤੇ ਦੇਰ ਨਾਲ ਹੁੰਦਾ ਹੈ।"

ਅਮਰੀਕੀ ਪੀਡੀਆਟ੍ਰੀਸ਼ੀਅਨ ਜਨਰਲ ਅਨੁਸਾਰ ਅਜਿਹਾ ਮਾਮਲਾ ਪੰਜ ਲੱਖ ਬੱਚਿਆਂ ਵਿੱਚੋਂ ਇੱਕ ਵਿੱਚ ਹੁੰਦਾ ਹੈ।

ਪ੍ਰੋਫ਼ੈਸਰ ਨਦੀਮ ਅਖ਼ਤਰ ਦੇ ਮੁਤਾਬਕ, "ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਪੇਟ ਵਿੱਚ ਕੀ ਸਮੱਸਿਆ ਹੈ, ਇਹ ਦੇਖਣ ਲਈ ਅਲਟਰਾਸਾਊਂਡ, ਸਿਟੀ ਸਕੈਨ ਅਤੇ ਐੱਮਆਰਆਈ ਕਰਨਾ ਜ਼ਰੂਰੀ ਹੁੰਦਾ ਹੈ।"

ਉਨ੍ਹਾਂ ਕਿਹਾ ਕਿ ਕੁਝ ਹੋਰ ਟੈਸਟ ਵੀ ਕੀਤੇ ਜਾ ਸਕਦੇ ਹਨ। ਪਰ ਇਸ ਬਿਮਾਰੀ ਦਾ ਅੰਤਮ ਹੱਲ ਸਰਜਰੀ ਰਾਹੀਂ ਹੀ ਸੰਭਵ ਹੈ।

ਪ੍ਰੋਫੈਸਰ ਨਦੀਮ ਅਖ਼ਤਰ ਦਾ ਕਹਿਣਾ ਹੈ, "ਜੇਕਰ ਇਸ ਨੂੰ ਆਪ੍ਰੇਸ਼ਨ 'ਚ ਪੂਰੀ ਤਰ੍ਹਾਂ ਕੱਢ ਦਿੱਤਾ ਜਾਵੇ ਅਤੇ ਇਸ ਦਾ ਕੋਈ ਵੀ ਹਿੱਸਾ ਸਰੀਰ 'ਚ ਨਾ ਰਹਿਣ ਦਿੱਤਾ ਜਾਵੇ ਤਾਂ ਇਸ ਟਿਊਮਰ ਦੇ ਦੁਬਾਰਾ ਬਣਨ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ।"

"ਜੇ ਇਸ ਨੂੰ ਵਧਣ ਦਿੱਤਾ ਜਾਵੇ ਅਤੇ ਬੇਲੋੜਾ ਮੁਲਾਂਕਣ ਕਰਨ ਸਮਾਂ ਲਿਆ ਜਾਵੇ ਤਾਂ ਇਸਦੇ ਮਾੜੇ ਪ੍ਰਭਾਵ ਹੋ ਸਕਦੇ ਹਨ।"

ਹਾਲਾਂਕਿ, ਪ੍ਰੋਫੈਸਰ ਨਦੀਮ ਅਖ਼ਤਰ ਦੇ ਅਨੁਸਾਰ, ਅਜਿਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿੱਜਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)