ਬਾਗੇਸ਼ਵਰ ਧਾਮ ਦੇ ਧਿਰੇਂਦਰਾ ਕ੍ਰਿਸ਼ਨਾ ਸ਼ਾਸਤਰੀ ਜਿਸ ਮਾਈਂਡ ਰੀਡਿੰਗ ਦਾ ਦਾਅਵਾ ਕਰਦੇ ਹਨ ਉਹ ਕੀ ਹੈ ਤੇ ਇਹ ਕਿਵੇਂ ਸੰਭਵ ਹੈ

ਮਾਈਂਡ ਰੀਡਿੰਗ

ਤਸਵੀਰ ਸਰੋਤ, Bageshwer Dham Sarkar/FB

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਕਦੀ ਨਾ ਕਦੀ ਤੁਹਾਨੂੰ ਵੀ ਕਿਸੇ ਨੇ ਦੱਸਿਆ ਹੋਵੇਗਾ ਕਿ ਤੁਹਾਡਾ ਆਉਣ ਵਾਲਾ ਦਿਨ ਕਿਹੋ ਜਿਹਾ ਰਹੇਗਾ, ਜਾਂ ਕਦੀ ਇਸ ਤਰ੍ਹਾਂ ਹੋਇਆ ਹੋਵੇਗਾ ਕਿ ਕਿਸੇ ਨੇ ਚਿਹਰਾ ਦੇਖਦਿਆ ਹੀ ਦੱਸ ਦਿੱਤਾ ਕਿ ਮਨ ’ਚ ਕਿਹੜੇ ਵਿਚਾਰ ਘਰ ਕਰੀ ਬੈਠੇ ਹਨ।

ਬੀਤੇ ਕਈ ਦਿਨਾਂ ਤੋਂ ਸਤਸੰਗ ਸੰਚਾਲਕ ਧਿਰੇਂਦਰਾ ਕ੍ਰਿਸ਼ਨਾ ਸ਼ਾਸਤਰੀ ਆਪਣੀਆਂ ਅਜਿਹੀਆਂ ਹੀ ਚਮਤਕਾਰੀ ਸ਼ਕਤੀਆਂ ਕਾਰਨ ਚਰਚਾ ਵਿੱਚ ਹਨ।

ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਬਾਗੇਸ਼ਵਰ ਧਾਮ ਦੇ ਮੁਖੀ ਸ਼ਾਸਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਬਾਘੇਸ਼ਵਰ ਬਾਲਾਜੀ ਵਿੱਚ ਵਿਸ਼ਵਾਸ ਹੈ।

ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ,“ਕੋਈ ਵੀ ਮੇਰੇ ਸ਼ਬਦਾਂ ਤੇ ਗਤੀਵਿਧੀਆਂ ਨੂੰ ਕੈਮਰੇ ਸਾਹਮਣੇ ਚੁਣੌਤੀ ਦੇ ਸਕਦਾ ਹੈ। ਮੈਨੂੰ ਜੋ ਪ੍ਰੇਰਿਤ ਕਰੇਗਾ, ਮੈਂ ਲਿਖਾਂਗਾ। ਜੋ ਮੈਂ ਲਿਖ ਦੇਵਾਂ, ਉਹ ਸੱਚ ਹੋ ਜਾਵੇਗਾ।”

ਬਾਘੇਸ਼ਵਰ ਧਾਮ ਦੇ ਮੁਖੀ ਬਾਰੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਲੋਕਾਂ ਦੀਆਂ ਦੁੱਖ਼-ਤਕਲੀਫ਼ਾਂ ਬਾਰੇ ਆਪ-ਮੁਹਾਰੇ ਸਮਝ ਜਾਂਦੇ ਹਨ। ਕਿਸੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਕੁਝ ਦੱਸਿਆ ਹੋਵੇ ਜਾਂ ਨਾ ਉਹ ਮਨ ਦੀਆਂ ਗੱਲਾਂ ਸਮਝ ਲੈਂਦੇ ਹਨ।

ਮਾਈਂਡ ਰੀਡਿੰਗ

ਤਸਵੀਰ ਸਰੋਤ, Bageshwer Dham Sarkar/FB

ਤਸਵੀਰ ਕੈਪਸ਼ਨ, ਬਾਘੇਸ਼ਵਰ ਧਾਮ ਸੰਚਾਲਕ ਧਿਰੇਂਦਰਾ ਕ੍ਰਿਸ਼ਨਾ ਸ਼ਾਸਤਰੀ

ਅਜਿਹਾ ਹੋਣ ’ਤੇ ਕਈ ਵਾਰ ਅਸੀਂ ਹੈਰਾਨ ਹੁੰਦੇ ਹਾਂ ਤੇ ਕਈ ਵਾਰ ਜੀਅ ਕਰਦਾ ਹੈ, ਮਨ ਪੜ੍ਹਨ ਦਾ ਦਾਅਵਾ ਕਰਨ ਵਾਲਿਆਂ ’ਤੇ ਵਿਸ਼ਵਾਸ ਕਰ ਲਈਏ।

ਭਲਾਂ ਕੋਈ ਅਣਜਾਣ ਵਿਅਕਤੀ ਤੁਹਾਡਾ ਚਿਹਰਾ ਦੇਖਕੇ ਜਾਂ ਤੁਹਾਡੇ ਹਾਵ-ਭਾਵ ਤੋਂ ਇਹ ਕਿਵੇਂ ਦੱਸ ਸਕਦਾ ਹੈ ਕਿ ਤੁਹਾਡੇ ਜ਼ਿਹਨ ’ਚ ਚੱਲ ਕੀ ਰਿਹਾ ਹੈ?

ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਪ੍ਰਚਾਰਕ ਅਜਿਹੇ ਦੇਖੇ ਜੋ ਆਉਣ ਵਾਲੇ ਸਮੇਂ ਬਾਰੇ ਜਾਣਨ ਦਾ ਦਾਅਵਾ ਕਰਦੇ ਹਨ।

ਭਵਿੱਖ ਵਿੱਚ ਤੁਹਾਡੇ ਨਾਲ ਕੀ ਹੋਵੇਗਾ ਇਹ ਦੱਸਣ ਦਾ ਵੀ ਦਾਅਵਾ ਕਰਦੇ ਹਨ। ਸਮੇਂ ਸਮੇਂ ਅਜਿਹੇ ਦਾਅਵਿਆਂ ਨੂੰ ਚੁਣੌਤੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ।

ਪਰ ਅਸਲ ਵਿੱਚ ਇਹ ਮਾਈਂਡ ਰੀਡਿੰਗ ਹੈ ਕੀ। ਕੋਈ ਕਿਵੇਂ ਤੁਹਾਡੀਆਂ ਅੱਖਾਂ ਜਾਂ ਚਿਹਰਾ ਪੜ੍ਹ ਲੈਂਦਾ ਹੈ। ਕੀ ਇਹ ਵਰਤਾਰਾ ਕਿਸੇ ਵਿਗਿਆਨਕ ਢੰਗ ਤਰੀਕੇ ਤੋਂ ਪ੍ਰੇਰਿਤ ਹੈ ਜਾਂ ਮਹਿਜ਼ ਤੁੱਕਾ ਹੀ ਜੋ ਕਦੇ ਕਦੇ ਨਿਸ਼ਾਨੇ ’ਤੇ ਲੱਗ ਜਾਂਦਾ ਹੈ।

ਮਾਈਂਡ ਰੀਡਿੰਗ ਕੀ ਹੈ ?

ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਪ੍ਰਚਾਰਕ ਅਜਿਹੇ ਦੇਖੇ ਜੋ ਆਉਣ ਵਾਲੇ ਸਮੇਂ ਬਾਰੇ ਜਾਣਨ ਦਾ ਦਾਅਵਾ ਕਰਦੇ ਹਨ। ਭਵਿੱਖ ਵਿੱਚ ਤੁਹਾਡੇ ਨਾਲ ਕੀ ਹੋਵੇਗਾ ਇਹ ਦੱਸਣ ਦਾ ਵੀ ਦਾਅਵਾ ਕਰਦੇ ਹਨ। ਸਮੇਂ ਸਮੇਂ ਅਜਿਹੇ ਦਾਅਵਿਆਂ ਨੂੰ ਚੁਣੌਤੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ।

ਪਰ ਅਸਲ ਵਿੱਚ ਇਹ ਮਾਈਂਡ ਰੀਡਿੰਗ ਹੈ ਕੀ। ਕੋਈ ਕਿਵੇਂ ਤੁਹਾਡੀਆਂ ਅੱਖਾਂ ਜਾਂ ਚਿਹਰਾ ਪੜ੍ਹ ਲੈਂਦਾ ਹੈ। ਕੀ ਇਹ ਵਰਤਾਰਾ ਕਿਸੇ ਵਿਗਿਆਨਕ ਢੰਗ ਤਰੀਕੇ ਤੋਂ ਪ੍ਰੇਰਿਤ ਹੈ ਜਾਂ ਮਹਿਜ਼ ਤੁੱਕਾ ਹੀ ਜੋ ਕਦੇ ਕਦੇ ਨਿਸ਼ਾਨੇ ’ਤੇ ਲੱਗ ਜਾਂਦਾ ਹੈ।

ਮਾਈਂਡ ਰੀਡਿੰਗ

ਤਸਵੀਰ ਸਰੋਤ, Bageshwar Dham Sarkar/Inderjit Nikku/FB

ਤਸਵੀਰ ਕੈਪਸ਼ਨ, ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੂੰ ਧਿਰੇਂਦਰਾ ਕ੍ਰਿਸ਼ਨਾ ਸ਼ਾਸਤਰੀ ਕੋਲ ਜਾਣ ਕਾਰਨ ਅਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ

ਹਰ ਇੱਕ ਵਿਅਕਤੀ ਦੇ ਦਿਮਾਗ ਵਿੱਚ ਵੱਖ ਵੱਖ ਵਿਚਾਰ ਚੱਲਦੇ ਰਹਿੰਦੇ ਹਨ। ਮਾਈਂਡ ਰੀਡਿੰਗ ਕਿਸੇ ਦੇ ਮਨ ਵਿੱਚ ਚੱਲ ਰਹੇ ਵਿਚਾਰਾਂ ਬਾਰੇ ਅਨੁਮਾਨ ਲਗਾਉਣਾ ਹੀ ਹੈ।

ਇਸ ਦੀ ਵਰਤੋਂ ਭਵਿੱਖਬਾਣੀ ਕਰਨ ਵਾਲਿਆਂ ਵਲੋਂ ਵੀ ਕੀਤੀ ਜਾਂਦੀ ਹੈ, ਮਨੋਵਿਗਿਆਨੀਆਂ ਵਲੋਂ ਵੀ ਕੀਤੀ ਜਾਂਦੀ ਹੈ।

ਮਨੋਵਿਗਿਆਨੀ ਕਿਸੇ ਵਿਅਕਤੀ ਦੀ ਮਾਨਸਿਕਤਾ ਸਮਝਣ ਲਈ ਮਾਈਂਡ ਰੀਡਿੰਗ ਕਰਦੇ ਹਨ।

ਮਨ ਨੂੰ ਪੜ੍ਹਨ ਲਈ ਵਿਗਿਆਨਿਕ ਤੇ ਵਿਵਹਾਰਕ ਤਰੀਕੇ ਅਲੱਗ ਅਲੱਗ ਹਨ।

ਮਨੋਵਿਗਿਆਨੀਆਂ ਵਲੋਂ ਜ਼ਿਆਦਾਤਰ ਹਿਪਨੋਸਿਸ ਵਿਧੀ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅਮਰੀਕੀ ਮਨੋਵਿਗਿਆਨੀ ਮਿਲਟਨ ਐੱਚ.ਐਰਿਕਸਨ ਨੂੰ ਲੋਕਾਂ ਦੇ ਮਨਾਂ ਨੂੰ ਪੜ੍ਹਨ ਲਈ ਜਾਣਿਆ ਜਾਂਦਾ ਹੈ। ਉਹ ਮੈਡੀਕਲ ਹਿਪਨੋਸਿਸ ਦੇ ਮਾਹਰ ਸਨ।

ਹਿਪਨੋਸਿਸ ਇੱਕ ਅਜਿਹੀ ਸੁਚੇਤ ਅਵਸਥਾ ਹੈ। ਇਸ ਤਰ੍ਹਾਂ ਦੀ ਮਾਨਸਿਕ ਅਵਸਥਾ ਦੌਰਾਨ ਵਿਅਕਤੀ ਆਪਣੇ ਆਪ ’ਤੇ ਕਾਬੂ ਗਵਾ ਦਿੰਦਾ ਹੈ ਤੇ ਸਾਹਮਣੇ ਵਾਲੇ ਦੀਆਂ ਹਦਾਇਤਾਂ ਤੇ ਸਲਾਹਾਂ ਨੂੰ ਸੌਖਿਆਂ ਸਵਿਕਾਰ ਲੈਂਦਾ ਹਨ।

ਐਰਿਕਸਨ ਲੋਕਾਂ ਨੂੰ ਦੇਖ ਕੇ ਉਨ੍ਹਾਂ ਬਾਰੇ ਦੱਸ ਦਿੰਦੇ ਸਨ। ਲੋਕਾਂ ਨੂੰ ਜਾਦੂ ਵਰਗਾ ਲੱਗਣ ਵਰਗਾ ਇਹ ਰਵੱਈਆ ਅਸਲ ਵਿੱਚ ਉਨ੍ਹਾਂ ਦੀ ਲੋਕਾਂ ਨੂੰ ਨੇੜਿਓਂ ਧਿਆਨ ਨਾਲ ਦੇਖਣ ਦੀ ਸਮਰੱਥਾ, ਜਿਸ ਨੂੰ ‘ਓਬਜ਼ਰਵ ਕਰਨਾ’ ਕਿਹਾ ਜਾਂਦਾ ਹੈ, ਦਾ ਨਤੀਜਾ ਸੀ।

ਆਮ ਲੋਕਾਂ ਬਾਰੇ ਦਾਅਵਾ ਕਰਨ ਵਾਲੇ ਜਾਦੂਗਰ ਜਾਂ ਭਵਿੱਖਬਾਣੀ ਕਰਨ ਵਾਲੇ ਜਿਸ ਤਕਨੀਤ ਦੀ ਵਰਤੋਂ ਕਰਦੇ ਹਨ ਉਹ ਵੀ ਵਿਵਹਾਰ ’ਤੇ ਨਿਰਭਰ ਕਰਦੀ ਹੈ।

ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਇਹ ਜਾਣਕਾਰੀ ਹੋਵੇ ਕਿ ਕਿਸੇ ਵਿਅਕਤੀ ਨੇ ਬੀਤੇ ਸਮੇਂ ਵਿੱਚ ਵੱਖ ਵੱਖ ਖ਼ੁਸ਼ੀ ਗ਼ਮੀ ਦੀਆਂ ਸਥਿਤੀਆਂ ਵਿੱਚ ਕਿਸ ਤਰ੍ਹਾਂ ਦਾ ਪ੍ਰਤੀਕ੍ਰਮ ਦਿੱਤਾ ਤਾਂ ਇਹ ਅੰਦਾਜਾ ਸੌਖਿਆਂ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਮਿਲਦੀਆਂ ਜੁਲਦੀਆਂ ਸਥਿਤੀਆਂ ਵਿੱਚ ਉਹ ਕਿਹੋ ਜਿਹਾ ਰਵੱਈਆ ਅਖ਼ਤਿਆਰ ਕਰ ਸਕਦਾ ਹੈ।

ਮਾਈਂਡ ਰੀਡਿੰਗ

ਤਸਵੀਰ ਸਰੋਤ, Bageshwer Dham Sarkar/FB

ਤਸਵੀਰ ਕੈਪਸ਼ਨ, ਫ਼ਿਲਮ ਇੰਡਸਟਰੀ ਦੇ ਲੋਕਾਂ ਦੇ ਸਿਆਸੀ ਆਗੂਆਂ ਸਮੇਤ ਵੱਡੀ ਗਿਣਤੀ ਲੋਕ ਬਾਘੇਸ਼ਵਰ ਧਾਮ ਦੇ ਮੁਰੀਦ ਹਨ

ਮਾਈਂਡ ਰੀਡਿੰਗ ਦੇ ਵੱਖ-ਵੱਖ ਤਰੀਕੇ

ਕਿਸੇ ਵਿਅਕਤੀ ਦੇ ਮਨ ਨੂੰ ਪੜ੍ਹਨ ਲਈ ਕਈ ਵਿਗਿਆਨਿਕ ਤੇ ਗ਼ੈਰ-ਵਿਗਿਆਨਿਕ ਤਰੀਕੇ ਅਪਣਾਏ ਜਾਂਦੇ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਵਿਵਹਾਰ ਦੀ ਸਟੱਡੀ ਬਾਰੇ ਗੱਲ ਸਕਦੇ ਹਨ।

ਦਿਮਾਗ਼ੀ ਤਰੰਗਾਂ ਦੀ ਹਿਲਜੁਲ ਤੋਂ ਮਨ ਪੜ੍ਹਨਾ

ਇਹ ਇੱਕ ਵਿਗਿਆਨਿਕ ਤਰੀਕਾ ਹੈ ਜਿਸ ਦੀ ਖੋਜ ਜਪਾਨ ਦੀ ਤਿਓਹਾਸ਼ੀ ਯੁਨੀਵਰਸਿਟੀ ਆਫ਼ ਟੈਕਨਾਲੋਜੀ ਵਲੋਂ ਕੀਤੀ ਗਈ।

ਇਸ ਵਿਧੀ ਮੁਤਾਬਕ ਕਿਸੇ ਵਿਅਕਤੀ ਦੀਆਂ ਬ੍ਰੇਨਵੇਵਜ਼ ਯਾਨੀ ਦਿਮਾਗ਼ ਦੀਆਂ ਤਰੰਗਾਂ ਦਾ ਅਧਿਐਨ ਕਰਕੇ ਉਸਦੇ ਵਿਚਾਰਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ ਖੋਜਕਤਾਵਾਂ ਦਾ ਦਾਅਵਾ ਹੈ ਕਿ ਇਸ ਵਿਧੀ ਜ਼ਰੀਏ ਲਗਾਏ ਗਏ ਅਨੁਮਾਨ 90 ਫ਼ੀਸਦ ਤੱਕ ਸਹੀ ਸਾਬਤ ਹੁੰਦੇ ਹਨ।

ਮਾਈਂਡਰੀਡਿੰਗ

ਤਸਵੀਰ ਸਰੋਤ, Getty Images

ਸੋਸ਼ਲ ਸਿਗਨਲਾਂ ਤੋਂ ਅੰਦਾਜਾ ਲਗਾਉਣਾ

ਦਿ ਹਿੰਦੂ ਦੀ ਇੱਕ ਰਿਪੋਰਟ ਮੁਤਾਬਕ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਵਾਰੰਗਾਲ ਤੇਲੰਗਾਨਾ ਦੇ ਐਸੋਸੀਏਟ ਪ੍ਰੋਫ਼ੈਸਰ ਡਾਕਟਰ. ਟੀ. ਕਿਸ਼ੋਰ ਕੁਮਾਰ ਮੁਤਾਬਕ ਕਿਸੇ ਵਿਅਕਤੀ ਦੀ ਅਲੱਗ ਅਲੱਗ ਪ੍ਰੀਸਥਿਤੀਆਂ ਵਿੱਚ ਮਾਨਸਿਕ ਹਾਲਾਤ ਦਾ ਡਾਟਾ ਇਕੱਤਰ ਕਰਕੇ ਉਸਦਾ ਅਧਿਐਨ ਕੀਤਾ ਜਾ ਸਕਦਾ ਹੈ। ਇਸ ਨੂੰ ਸੋਸ਼ਲ ਸਿਗਨਲ ਕਿਹਾ ਜਾਂਦਾ ਹੈ ਜਿਸ ਦੇ ਅਧਿਐਨ ਤੋਂ ਵਿਅਕਤੀ ਦੇ ਭਵਿੱਖ ਦੇ ਰਵੱਈਏ ਬਾਰੇ ਪਤਾ ਲਾਇਆ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਵ, ਰਿਸ਼ਤੇ ਤੇ ਸਾਡਾ ਵਿਵਹਾਰ ਸਾਡੀ ਸਮਾਜਿਕ ਜ਼ਿੰਦਗੀ ’ਤੇ ਅਸਰ ਪਾਉਂਦੇ ਹਨ। ਸੋਸ਼ਲ ਸਿਗਨਲ ਜ਼ਰੀਏ ਇਹ ਸਮਝਿਆ ਜਾ ਸਕਦਾ ਹੈ ਕਿ ਕੋਈ ਆਲੇ ਦੁਆਲੇ ਦੇ ਬਦਲਾਵਾਂ ਪ੍ਰਤੀ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦਾ ਹੈ।

ਇਸ ਤਕਨੀਕ ਵਿੱਚ ਵਿਅਕਤੀ ਦੇ ਅਤੀਤ ਬਾਰੇ ਵਿਸਥਾਰ ਵਿੱਚ ਪੜਤਾਲ ਕੀਤੀ ਜਾਂਦੀ ਹੈ। ਉਸੇ ਦੇ ਆਧਾਰ ’ਤੇ ਭਵਿੱਖ ਬਾਰੇ ਅਨੁਮਾਨ ਲਗਾਏ ਜਾਂਦੇ ਹਨ।

ਮਾਈਂਡ ਰੀਡਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਿਹਰੇ ਦੇ ਹਾਵ ਭਾਵ ਮਨ ਦੇ ਹਾਲਾਤ ਦੱਸਦੇ ਹਨ

ਸਰੀਰਕ ਹਾਵਭਾਵ

ਕਈ ਵਾਰ ਮਨ ਵਿੱਚ ਜੋ ਚੱਲ ਰਿਹਾ ਹੈ ਉਸ ਦਾ ਅਨੁਮਾਨ ਸਰੀਰਕ ਸੰਕੇਤਾਂ ਤੋਂ ਲਗਾਇਆ ਜਾਂਦਾ ਹੈ। ਜਿਵੇਂ ਕਿ ਕੋਈ ਦੁਚਿੱਤੀ ਵਿੱਚ ਹੈ, ਖ਼ੁਸ਼ ਹੈ ਜਾਂ ਉਦਾਸ ਇਹ ਸਭ ਚਿਹਰੇ ਤੇ ਸਰੀਰ ਦੇ ਹਾਵਭਾਵਾਂ ਤੋਂ ਸਪੱਸ਼ਟ ਨਜ਼ਰ ਆ ਜਾਂਦਾ ਹੈ।

ਕਈ ਵਾਰ ਆਵਾਜ਼, ਸਰੀਰਕ ਛੋਹ ਜਾਂ ਲਿਖਤ ਵੀ ਕਿਸੇ ਦੇ ਮਨ ਨੂੰ ਪੜ੍ਹਨ ਵਿੱਚ ਮਦਦ ਕਰਦੀ ਹੈ।

ਦੇਖਿਆ ਗਿਆ ਹੈ ਕਿ ਭਵਿੱਖ ਜਾਂ ਕਿਸੇ ਅਣਜਾਣ ਵਿਅਕਤੀ ਬਾਰੇ ਜਾਣਨ ਦਾ ਦਾਅਵਾ ਕਰਨ ਵਾਲੇ ਬਹੁਤੇ ਲੋਕ ਇਸੇ ਵਿਧੀ ਦੀ ਵਰਤੋਂ ਕਰਦੇ ਹਨ।

ਇਸ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਜਿਵੇਂ ਕਿਸੇ ਉਦਾਸ ਚਿਹਰੇ ਜਾਂ ਆਵਾਜ਼ ਵਾਲੇ ਵਿਅਕਤੀ ਨੂੰ ਕਿਹਾ ਜਾਣਾ ਕਿ ‘ਜਿੰਦਗੀ ’ਚ ਪਰੇਸ਼ਾਨੀ ਚੱਲ ਰਹੀ ਹੈ’। ਉਸ ਨੂੰ ਆਪ ਮੁਹਾਰੇ ਵਿਸਥਾਰ ਵਿੱਚ ਹਾਲਾਤ ਦੱਸਣ ਲਈ ਪ੍ਰੇਰਦਾ ਹੈ।

ਇਸ ਤਰ੍ਹਾਂ ਤੁਹਾਡਾ ਚਿਹਰਾ, ਅੱਖਾਂ, ਬੈਠਣ ਦਾ ਢੰਗ ਆਦਿ ਕਿਸੇ ਨੂੰ ਵੀ ਤੁਹਾਡੀ ਅੰਦਰੂਨੀ ਮਾਨਸਿਕ ਸਥਿਤੀ ਦੀ ਝਲਕ ਦਿਖਾ ਸਕਦੇ ਹਨ।

ਇਹ ਮੰਨਿਆਂ ਜਾਂਦਾ ਹੈ, ਮਾਂ ਆਪਣੇ ਬੱਚਿਆਂ ਦੇ ਅਣਕਹੇ ਨੂੰ ਬਾਖ਼ੂਬੀ ਸਮਝਦੀ ਹੈ, ਵੀ ਇਸੇ ਵਿਵਹਾਰ ਦੀ ਉਦਾਹਰਣ ਹੈ।

ਮਾਈਂਂਡ ਰੀਡਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮਿਰਰ ਤਕਨੀਕ

ਕਈ ਮਾਹਰਾਂ ਵਲੋਂ ֲ‘ਮਿਰਰ ਤਕਨੀਕ’ ਯਾਨੀ ਸ਼ੀਸ਼ੇ ’ਚ ਪ੍ਰਤੀਬਿੰਬ ਦੇਖਣਾ ਜਿਸ ਦਾ ਅਰਥ ਹੈ, ਕਿਸੇ ਦੀ ਸਥਿਤੀ ਵਿੱਚ ਖ਼ੁਦ ਨੂੰ ਰੱਖਕੇ ਦੇਖਣ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

ਇਸ ਢੰਗ ਵਿੱਚ ਆਪਣੇ ਆਪ ਨੂੰ ਨਾ ਸਿਰਫ਼ ਉਸ ਵਿਅਕਤੀ ਦੀ ਸਥਿਤੀ ਵਿੱਚ ਦੇਖਿਆ ਜਾਂਦਾ ਹੈ ਬਲਕਿ ਉਸਦੇ ਵਿਵਹਾਰ ਦੇ ਆਧਾਰ ’ਤੇ ਪ੍ਰਤੀਕਰਮ ਦੀ ਕਲਪਨਾ ਵੀ ਕੀਤੀ ਜਾਂਦੀ ਹੈ।

ਆਉਣ ਵਾਲੇ ਸਮੇਂ ਵਿੱਚ ਕਿਸੇ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਤਕਲੀਫ਼ਾਂ ਬਾਰੇ ਕਈ ਭਵਿੱਖਬਾਣੀਆਂ ਇਸੇ ਤਕਨੀਕ ਜ਼ਰੀਏ ਕੀਤੀਆਂ ਜਾਂਦੀਆਂ ਹਨ।

ਜੇ ਕੋਈ ਵਿਅਕਤੀ ਖ਼ੁਸ਼ ਮਿਜ਼ਾਜ ਹੈ ਤਾਂ ਉਸ ਨੂੰ ਖ਼ੁਸ਼ ਭਵਿੱਖ ਤੇ ਜੇ ਕੋਈ ਉਦਾਸ ਸੁਰ ਵਾਲਾ ਹੈ ਤਾਂ ਭਵਿੱਖ ਵਿੱਚ ਪਰੇਸ਼ਾਨੀਆਂ ਆਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ।

BBC

ਮਾਈਂਡ ਰੀਡਿੰਗ ਜਾਂ ਮਨ ਪੜ੍ਹ ਲੈਣਾ

  • ਚਿਹਰੇ ਦੇ ਹਾਵ ਭਾਵ, ਤੁਹਾਡੇ ਮਨ ਦੇ ਹਾਲਾਤ ਤੇ ਵਿਚਾਰਾਂ ਦਾ ਸ਼ੀਸ਼ਾ ਹਨ।
  • ਅਤੀਤ ’ਚ ਵੱਖ-ਵੱਖ ਸਥਿਤੀਆਂ ’ਚ ਲਏ ਫ਼ੈਸਲੇ ਭਵਿੱਖ ਦੇ ਸੰਭਾਵਿਤ ਵਿਵਹਾਰ ਬਾਰੇ ਦੱਸ ਸਕਦੇ ਹਨ।
  • ਮਾਈਂਡ ਰੀਡਿੰਗ ਦੀ ਵਰਤੋਂ ਮਾਨਸਿਕ ਬੀਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।
  • ਤੁਹਾਡੇ ਹਾਲਾਤ ਦੱਸਣ ਦਾ ਦਾਅਵਾ ਕਰਨ ਵਾਲੇ ਵੀ ਚਿਹਰਾ ਪੜ੍ਹਨ ਦੀਆਂ ਵਿਵਹਾਰਕ ਵਿਧੀਆਂ ਦੀ ਵਰਤੋਂ ਕਰਦੇ ਹਨ।
  • ਮਾਈਂਡ ਰੀਡਿੰਗ ਨੂੰ ਆਨਲਾਈਨ ਸ਼ਾਪਿੰਗ ਸਾਈਟਸ ਵਲੋਂ ਵੀ ਵਰਤਿਆਂ ਜਾਂਦਾ ਹੈ।
BBC

ਮਾਈਂਡ ਰੀਡਿੰਗ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ

ਮਾਈਂਡ ਰੀਡਿੰਗ ਦੀ ਵਰਤੋਂ ਇੱਕ ਪਾਸੇ ਮਾਨਸਿਕ ਰੋਗੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਆਨਲਾਈਨ ਸ਼ਾਪਿੰਗ ਸਾਈਟਸ ਵਲੋਂ ਲੋਕਾਂ ਦਾ ਧਿਆਨ ਵੱਖ-ਵੱਖ ਉਤਪਾਦਾਂ ਵੱਲ ਖਿੱਚਣ ਲਈ ਵੀ ਕੀਤੀ ਜਾਂਦੀ ਹੈ।

ਸਾਲ 2013 ਵਿੱਚ ਵਿਗਿਆਨੀਆਂ ਨੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੂੰ ਜਾਣਨ ਤੇ ਇਸ ਦੇ ਪ੍ਰਭਾਵਾਂ ਬਾਰੇ ਖੋਜ ਕੀਤੀ।

ਇਸ ਵਿਗਿਆਨਕ ਖੋਜ ਦਾ ਮਕਸਦ ਇਹ ਜਾਣਨਾ ਸੀ ਕਿ ਕੀ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲਿਆ ਜਾ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਦਿਮਾਗ ਦੀ ‘ਰੀਪ੍ਰੋਗਰਾਮਿੰਗ’ ਹੋ ਸਕੇ ਤਾਂ ਅਲਜ਼ਾਈਮਰ ਦੇ ਮਰੀਜ਼ਾਂ ਦੀ ਯਾਦ ਸ਼ਕਤੀ ਵਾਪਸ ਲਿਆਂਦੀ ਜਾ ਸਕਦੀ ਹੈ।

ਕੋਲੰਬੀਆ ਯੂਨੀਵਰਸਿਟੀ ਦੇ ਨਿਓਰੋਲੌਜੀ ਵਿਭਾਗ ਦੇ ਨਿਰਦੇਸ਼ਕ ਡਾਕਟਰ ਰਾਫ਼ੀਲ ਯੂਸਤੇ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਸਾਡੇ ਦਿਮਾਗ ਸਾਡੀ ਸ਼ਖ਼ਸੀਅਤ ਨੂੰ ਪ੍ਰਭਾਸ਼ਿਤ ਕਰਦੇ ਹਨ। ਜੇ ਅਸੀਂ ਇਨ੍ਹਾਂ ਦਾ ਧਿਆਨ ਨਹੀਂ ਰੱਖ ਸਕਾਂਗੇ ਤਾਂ ਅਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹਾਂ?

ਜੇ ਅਸੀਂ ਆਪਣੇ ਦਿਮਾਗ਼ ਦੇ ਵਿਵਹਾਰ ਨੂੰ ਸਮਝ ਲਵਾਂਗੇ ਤਾਂ ਇਸ ਨੂੰ ਤੰਦਰੁਸਤ ਰੱਖਣ ਵਿੱਚ ਵੀ ਕਾਮਯਾਬ ਹੋ ਸਕਾਂਗੇ।

ਕਿਸਮਤ ਦੱਸਣ ਦਾ ਦਾਅਵਾ ਕਰਨ ਵਾਲਿਆਂ ਵਲੋਂ ਵੀ ਮਾਈਂਡ ਰੀਡਿੰਗ ਕੀਤੀ ਜਾਂਦੀ ਹੈ।

ਉਹ ਵਿਅਕਤੀ ਦੇ ਹਾਵ-ਭਾਵ, ਪਰਿਵਾਰਕ ਪਿਛੋਕੜ, ਆਤਮਵਿਸ਼ਵਾਸ ਦੇ ਆਧਾਰ ’ਤੇ ਅੰਦਾਜੇ ਲਗਾਉਂਦੇ ਹਨ।

ਉਨ੍ਹਾਂ ਵਲੋਂ ਇਹ ਬਹੁਤ ਹੀ ਫ਼ੁਰਤੀ ਨਾਲ ਕੀਤਾ ਜਾਂਦਾ।

ਇਹ ਤੱਥ ਆਮ ਦੇਖਣ ਵਿੱਚ ਆਇਆ ਹੈ ਕਿ ਵਿਸ਼ਵਾਸ ਕਰਨ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਹਿਪਨੋਸਿਸ ਦੀ ਸਥਿਤੀ ਵਿੱਚ ਹੁੰਦਾ ਹੈ। ਇਸ ਤਰ੍ਹਾਂ ਉਹ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਆਪ ਮੁਹਾਰੇ ਦੇਣ ਲੱਗਦਾ ਹੈ।

ਦਿਲਚਸਪ ਗੱਲ ਇਹ ਕਿ ਆਨਲਾਈਨ ਸ਼ਾਪਿੰਗ ਕੰਪਨੀਆਂ ਵਲੋਂ ਵੀ ਗਾਹਕਾਂ ਦੇ ਮਨ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਇੱਕ ਵੱਖਰਾ ਤਰੀਕਾ ਹੈ, ਜਿਸ ਵਿੱਚ ਕਿਸੇ ਵਲੋਂ ਦੇਖੇ ਜਾ ਰਹੇ ਉਤਪਾਦਾਂ ਦੇ ਆਧਾਰ ’ਤੇ ਅੰਦਾਜੇ ਲਗਾਏ ਜਾਂਦੇ ਹਨ ਕਿ ਕਿਸੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ।

ਮਾਈਂਡ ਰੀਡਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੇ ਬੈਠਣ ਉੱਠਣ ਦੇ ਅੰਦਾਜ ਤੋਂ ਮਾਨਸਿਕ ਸਥਿਤੀ ਦਾ ਅੰਦਾਜਾ ਲੱਗ ਸਕਦਾ ਹੈ

ਮਾਈਂਡ ਰੀਡਿੰਗ ਕਿੰਨੀ ਕੁ ਦਰੁਸਤ ਹੁੰਦੀ ਹੈ

ਮਾਈਂਡ ਰੀਡਿੰਗ ਦੇ ਨਤੀਜੇ ਵਿਅਕਤੀ ਤੋਂ ਵਿਅਕਤੀ ਵੱਖਰੇ ਹੁੰਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਤੀਤ ਦੇ ਵਿਵਹਾਰ ਨੂੰ ਧਿਆਨ ਵਿੱਚ ਰੱਖਕੇ ਕੀਤੀ ਗਈ ਮਾਈਂਡ ਰੀਡਿੰਗ 90ਫ਼ੀਸਦ ਤੱਕ ਸਹੀ ਹੋ ਸਕਦੀ ਹੈ।

ਪਰ ਅਸਲ ਵਿੱਚ ਇਨ੍ਹਾਂ ਅਨੁਮਾਨਾਂ ਦੇ ਨਤੀਜੇ 1-9 ਅੰਕਾਂ ਵਿੱਚ ਰਹਿੰਦੇ ਹਨ।

ਯਾਨੀ ਕਦੀ ਬਿਲਕੁਲ ਸਹੀ ਤਾਂ ਕਦੀ ਬਿਲਕੁਲ ਹੀ ਗ਼ਲਤ।

ਵਿਗਿਆਨਕ ਤੌਰ ’ਤੇ ਪ੍ਰਮਾਣਿਤ ਹੈ ਜਾਂ ਮਹਿਜ਼ ਹੱਥ ਦੀ ਸਫਾਈ ਹੈ

ਮਾਈਂਡ ਰੀਡਿੰਗ ਕਿਸੇ ਵਿਅਕਤੀ ਦੇ ਮਾਨਸਿਕ ਵਿਵਹਾਰ ਨੂੰ ਸਮਝਣ ਦਾ ਮਨੋਵਿਗਿਆਨਿਕ ਢੰਗ ਹੈ।

ਮਨੋਵਿਗਿਆਨੀਆਂ ਵਲੋਂ ਮਾਨਸਿਕ ਰੋਗੀਆਂ ਖ਼ਾਸਕਰ ਐਲਜ਼ਾਈਮਰ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ, ਵਿਗਿਆਨਿਕ ਤੌਰ ’ਤੇ ਪ੍ਰਮਾਣਿਤ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਜਦਕਿ ਕੁਝ ਵੱਖਰੀਆਂ ਪ੍ਰਸਥਿਤੀਆਂ ਵਿੱਚ ਜਿੱਥੇ ਲੋਕਾਂ ਦਾ ਮਨ ਪੜ੍ਹਨ ਦਾ ਦਾਅਵਾ ਮਹਿਜ਼ ਨਿੱਜੀ ਤਜ਼ਰਬੇ ਦੇ ਆਧਾਰ ’ਤੇ ਹੁੰਦਾ ਹੈ।

ਅਜਿਹੀ ਸਥਿਤੀ ਵਿੱਚ ਕਈ ਵਾਰ ਮਹਿਜ਼ ਅਟਕਲਾਂ ਲਗਾਈਆਂ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)