ਰਾਜਪੂਤ ਆਗੂ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ 'ਚ ਦੋ ਸ਼ੂਟਰ ਚੰਡੀਗੜ੍ਹ ਤੋਂ ਗ੍ਰਿਫ਼ਤਾਰ, ਪੰਜਾਬ ਨਾਲ ਕਿਵੇਂ ਜੁੜੀਆਂ ਤਾਰਾਂ

ਸੁਖਦੇਵ ਸਿੰਘ ਗੋਗਾਮੇੜੀ

ਤਸਵੀਰ ਸਰੋਤ, Karnisena/Facebook

ਤਸਵੀਰ ਕੈਪਸ਼ਨ, ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ

ਰਾਸ਼ਟਰੀ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿੱਚ ਦੋ ਸ਼ੂਟਰ ਸ਼ਾਮਲ ਹਨ।

ਬੀਬੀਸੀ ਸਹਿਯੋਗੀ ਮੋਹਰ ਸਿੰਘ ਮੀਣਾ ਦੀ ਰਿਪੋਰਟ ਮੁਤਾਬਕ ਦਿੱਲੀ ਅਤੇ ਰਾਜਸਥਾਨ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਸ਼ਨੀਵਾਰ ਰਾਤ ਨੂੰ ਚੰਡੀਗੜ੍ਹ ਤੋਂ ਦੋ ਸ਼ੂਟਰਾਂ – ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਹੋਰ ਸਾਥੀ ਉੱਧਮ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਹੁਣ ਤੱਕ ਚਾਰ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ।

ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਦੇ ਦੋਵੇਂ ਮੁੱਖ ਮੁਲਜ਼ਮਾਂ ਨੂੰ ਚੰਡੀਗੜ੍ਹ ਦੇ ਸੈਕਟਰ 22 ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੋਵਾਂ ਨੂੰ ਸਖ਼ਤ ਸੁਰੱਖਿਆ ਹੇਠ ਜੈਪੁਰ ਲੈ ਗਈ।

ਜੈਪੁਰ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸੈੱਫ ਦੇ ਮੁਤਾਬਕ ਕਤਲ ਦੀ ਸਾਜਿਸ਼ ਵਿੱਚ ਸ਼ਾਮਲ 23 ਸਾਲਾਂ ਦੇ ਮੁਲਜ਼ਮ ਰਾਮਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਦੇ ਮੁਤਾਬਕ ਮੁਲਜ਼ਮ ਰਾਮਵੀਰ ਹਰਿਆਣਾ ਵਿੱਚ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਤਨਾਲੀ ਇਲਾਕੇ ਦਾ ਹੈ।

ਪੁਲਿਸ ਦੇ ਮੁਤਾਬਕ ਸੁਖਦੇਵ ਸਿੰਘ ਗੋਗਾਮੜੀ ਦੇ ਕਤਲ ਵਿੱਚ ਸ਼ੂਟਰਸ ਨਿਤਿਨ ਫੌਜੀ ਅਤੇ ਰੋਹਿਤ ਰਾਠੌਰ ਨੂੰ ਮੁਲਜ਼ਮ ਰਾਮਵੀਰ ਨੇ ਜੈਪੁਰ ਵਿੱਚ ਮਦਦ ਕੀਤੀ ਸੀ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਹੋਏ ਰਾਮਵੀਰ ਅਤੇ ਨਿਤਿਨ ਫੌਜੀ ਦੋਸਤ ਹਨ ਅਤੇ ਦੋਵਾਂ ਦੇ ਪਿੰਡ ਨੇੜੇ-ਤੇੜੇ ਹਨ। ਉਨ੍ਹਾਂ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।

ਸੁਖਦੇਵ ਸਿੰਘ ਗੋਗਾਮੇੜੀ

ਤਸਵੀਰ ਸਰੋਤ, X/Sukhdev Singh Gogamedi

ਤਸਵੀਰ ਕੈਪਸ਼ਨ, ਸੁਖਦੇਵ ਸਿੰਘ ਗੋਗਾਮੇੜੀ

ਮੰਗਲਵਾਰ ਨੂੰ ਜੈਪੁਰ 'ਚ ਰਾਜਪੂਤ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਸੀ ਕਿ ਇਸ ਦੇ ਤਾਰ ਕਥਿਤ ਤੌਰ 'ਤੇ ਪੰਜਾਬ ਦੇ ਜੇਲ੍ਹ ਨਾਲ ਜੁੜੇ ਹੋਏ ਹਨ।

ਬੀਬੀਸੀ ਸਹਿਯੋਗੀ ਮੋਹਰ ਸਿੰਘ ਮੀਣਾ ਦੀ ਰਿਪੋਰਟ ਮੁਤਾਬਕ ਮਾਮਲੇ ਵਿੱਚ ਪੰਜਾਬ ਅਤੇ ਰਾਜਸਥਾਨ ਪੁਲਿਸ ਦੀਆਂ ਚਿੱਠੀਆਂ ਸਾਹਮਣੇ ਆਈਆਂ ਸਨ।

ਇਸ ਮਾਮਲੇ ਬਾਰੇ ਪੰਜਾਬ ਪੁਲਿਸ ਦੇ ਡੀਜੀਪੀ (ਅੰਦਰੂਨੀ ਸੁਰੱਖਿਆ) ਨੇ ਮਾਰਚ ਮਹੀਨੇ ਰਾਜਸਥਾਨ ਪੁਲਿਸ ਦੇ ਡੀਜੀਪੀ ਨੂੰ ਸੁਚੇਤ ਕਰਨ ਲਈ ਪੱਤਰ ਲਿਖਿਆ ਸੀ।

ਕਤਲ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਵਧ ਗਿਆ ਹੈ ਅਤੇ ਰਾਜਪੂਤ ਭਾਈਚਾਰੇ ਨੇ ਅੱਜ ਸੂਬੇ ਵਿੱਚ ਬੰਦ ਦਾ ਐਲਾਨ ਕੀਤਾ ਹੈ।

ਸ਼ਿਆਮ ਨਗਰ ਇਲਾਕੇ ਵਿੱਚ ਉਨ੍ਹਾਂ ਦੇ ਘਰ ਮਿਲਣ ਦੇ ਬਹਾਨੇ ਆਏ ਤਿੰਨ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ।ਸੀ ਘਟਨਾ ਵਿੱਚ ਇੱਕ ਹਮਲਾਵਰ ਦੀ ਵੀ ਮੌਤ ਹੋ ਗਈ ਸੀ।

ਸੁਖਦੇਵ ਸਿੰਘ ਗੋਗਾਮੇੜੀ ਨੂੰ ਗੰਭੀਰ ਹਾਲਤ ਵਿੱਚ ਮਾਨਸਰੋਵਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਲੋਕ
ਤਸਵੀਰ ਕੈਪਸ਼ਨ, ਕਤਲ ਤੋਂ ਬਾਅਦ ਲੋਕਾਂ ਵੱਲੋਂ ਬੰਦ ਦਾ ਐਲਾਨ

ਪੁਲਿਸ ਨੇ ਕੀ ਕਿਹਾ ਸੀ

ਇਸ ਤੋਂ ਬਾਅਦ ਸੂਬੇ 'ਚ ਹਿੰਸਕ ਪ੍ਰਦਰਸ਼ਨਾਂ ਦੇ ਖਦਸ਼ੇ ਦਰਮਿਆਨ ਪੁਲਿਸ ਨੇ ਵੀ ਅਲਰਟ ਜਾਰੀ ਕਰ ਦਿੱਤਾ ਸੀ ਅਤੇ ਕਿਹਾ ਹੈ ਕਿ ਹਰ ਖੇਤਰ 'ਚ ਸੁਰੱਖਿਆ ਵਧਾ ਦਿੱਤੀ ਜਾਵੇ ਤਾਂ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਨਾ ਹੋਵੇ।

ਘਟਨਾ ਦੇ ਤਿੰਨ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਦੋ ਹਮਲਾਵਰ ਹਾਲ ਵਿੱਚ ਬੈਠੇ ਹੋਏ (ਜੋ ਉਨ੍ਹਾਂ ਨੂੰ ਮਿਲਣ ਦੇ ਬਹਾਨੇ ਆਏ ਸਨ) ਸੁਖਦੇਵ ਸਿੰਘ 'ਤੇ ਗੋਲੀਆਂ ਵਰਸਾਉਂਦੇ ਹੋਏ ਨਜ਼ਰ ਆ ਰਹੇ ਹਨ।

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ, ਐੱਫਐੱਸਐੱਲ ਟੀਮ ਨੇ ਵੀ ਮੌਕੇ ਨਾਲ ਸਬੂਤ ਇਕੱਠੇ ਕੀਤੇ।

ਜੈਪੁਰ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸਫ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆ ਮੀਡੀਆ ਨੂੰ ਦੱਸਿਆ ਕਿ 'ਤਿੰਨ ਲੋਕ ਗੋਗਾਮੇੜੀ ਨਾਲ ਮਿਲਣ ਲਈ ਆਏ ਸਨ। ਮਨਜ਼ੂਰੀ ਮਿਲਣ ਤੋਂ ਬਾਅਦ ਉਹ ਅੰਦਰ ਗਏ ਅਤੇ ਕਰੀਬ ਦਸ ਮਿੰਟ ਤੱਕ ਉਨ੍ਹਾਂ ਨਾਲ ਗੱਲਬਾਤ ਕੀਤੀ।'

ਉਨ੍ਹਾਂ ਨੇ ਅੱਗੇ ਦੱਸਿਆ, "ਦਸ ਮਿੰਟ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਸੁਖਦੇਵ ਸਿੰਘ 'ਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਸੁਖਦੇਵ ਸਿੰਘ ਦੀ ਮੌਤ ਹੋ ਗਈ।"

"ਉਨ੍ਹਾਂ ਦੇ ਨੇੜੇ ਖੜ੍ਹੇ ਸੁਰੱਖਿਆ ਗਾਰਡ ਨੂੰ ਵੀ ਗੋਲੀ ਵੱਜੀ, ਉਹ ਵੀ ਆਈਸੀਯੂ ਵਿੱਚ ਭਰਤੀ ਹੈ। ਇਸ ਗੋਲੀਬਾਰੀ ਵਿੱਚ ਇੱਕ ਹਮਲਾਵਰ ਦੀ ਮੌਤ ਹੋ ਗਈ ਹੈ।"

ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਕ ਮੁਲਜ਼ਮ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਨਕਲੀ ਪਛਾਣ ਪੱਤਰ ਦੇ ਅਧਾਰ ‘ਤੇ ਰਹਿ ਰਹੇ ਸਨ।

ਕਥਿਤ ਮੁਲਜ਼ਮਾਂ ਨੂੰ – ਜੈਪੁਰ ਦੇ ਰੋਹਿਤ ਰਾਠੌਰ ਅਤੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ਼ਹੇ ਦੇ ਨਿਤਿਨ ਫੌਜੀ ਨੂੰ ਚੰਡੀਗੜ੍ਹ ਦੇ ਸੈਕਟਰ 24 ਦੇ ਹੋਟਲ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ(ਕ੍ਰਾਈਮ) ਅਮਿਤ ਗੋਇਲ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਜੈਪੁਰ ਲਿਜਾਂਦਾ ਗਿਆ ਹੈ।

ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ) ਰਵਿੰਦਰ ਯਾਦਵ ਦੇ ਮੁਤਾਬਕ ਦਿੱਲੀ ਪੁਲਿਸ ਗੋਗਾਮੇੜੀ ਦੇ ਕਤਲ ਤੋਂ ਬਾਅਦ ਹੀ ਇਨ੍ਹਾਂ ਨੂੰ ਟਰੇਸ ਕਰ ਰਹੀ ਸੀ।

ਸੁਖਦੇਵ ਸਿੰਘ ਗੋਗਾਮੇੜੀ

ਪੰਜਾਬ ਜੇਲ੍ਹ 'ਚ ਹੋ ਰਹੀ ਸੀ ਕਤਲ ਦੀ ਸਾਜ਼ਿਸ਼

ਰਾਜਪੂਤ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਅਤੇ ਰਾਜਸਥਾਨ ਪੁਲਿਸ ਦੀਆਂ ਚਿੱਠੀਆਂ ਸਾਹਮਣੇ ਆਈਆਂ ਹਨ।

ਪੰਜਾਬ ਪੁਲਿਸ ਦੇ ਡੀਜੀਪੀ ਅੰਦਰੂਨੀ ਸੁਰੱਖਿਆ ਨੇ ਮਾਰਚ ਮਹੀਨੇ ਰਾਜਸਥਾਨ ਪੁਲਿਸ ਦੇ ਡੀਜੀਪੀ ਨੂੰ ਪੱਤਰ ਲਿਖਿਆ ਸੀ।

ਪੱਤਰ ਵਿੱਚ ਉਨ੍ਹਾਂ ਨੇ ਇਨਪੁਟ ਦੇ ਅਧਾਰ 'ਤੇ ਰਾਜਸਥਾਨ ਪੁਲਿਸ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਸੰਪਤ ਨਹਿਰਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ।

ਸੰਪਤ ਨਹਿਰਾ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਉਸ ਨੇ ਇਸ ਲਈ ਏਕੇ 47 ਹਥਿਆਰ ਦਾ ਇੰਤਜ਼ਾਮ ਕੀਤਾ ਹੈ।

ਪੰਜਾਬ ਪੁਲਿਸ ਤੋਂ ਮਿਲੇ ਪੱਤਰ ਦੇ ਆਧਾਰ 'ਤੇ ਰਾਜਸਥਾਨ ਪੁਲਿਸ ਦੇ ਐਂਟੀ ਟੈਰੇਰਿਸਟ ਸਕੁਐਡ (ਏਟੀਐੱਸ) ਨੇ ਏਡੀਜੀ ਸੁਰੱਖਿਆ ਨੂੰ ਲੋੜੀਂਦੀ ਕਾਰਵਾਈ ਲਈ 14 ਮਾਰਚ ਨੂੰ ਪੱਤਰ ਲਿਖਿਆ ਸੀ।

ਪੱਤਰ ਵਿੱਚ ਦੱਸਿਆ ਗਿਆ, "ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ (ਲਾਰੈਂਸ ਬਿਸ਼ਨੋਈ ਗੈਂਗ) ਦੇ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਨੂੰ ਮਾਰਨ ਦੀ ਯੋਜਨਾ ਬਣਾਉਣ ਦੀ ਸੂਚਨਾ ਮਿਲੀ ਹੈ।"

ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਲਈ ਬੀਕਾਨੇਰ ਰੇਂਜ ਦੇ ਆਈਜੀ ਅਤੇ ਹਨੂੰਮਾਨਗੜ੍ਹ ਦੇ ਐੱਸਪੀ ਨੂੰ ਵੀ ਸੂਚਿਤ ਕੀਤਾ ਸੀ।

ਸੁਖਦੇਵ ਸਿੰਘ ਗੋਗਾਮੇੜੀ

ਤਸਵੀਰ ਸਰੋਤ, ANI

ਰੋਹਿਤ ਗੋਦਾਰਾ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ

ਰਾਜਸਥਾਨ ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ ਸੀ, "ਰੋਹਿਤ ਗੋਦਾਰਾ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਅਸੀਂ ਜਲਦੀ ਤੋਂ ਜਲਦੀ ਗ੍ਰਿਫ਼ਤਾਰੀਆਂ ਨੂੰ ਯਕੀਨੀ ਬਣਾਵਾਂਗੇ।"

1 ਲੱਖ ਰੁਪਏ ਇਨਾਮੀ ਰੋਹਿਤ ਗੋਦਾਰਾ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ।

ਦਿੱਲੀ ਪੁਲਿਸ ਦਾ ਸਪੈੱਸ਼ਲ ਸੈੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਰੋਹਿਤ ਗੋਦਾਰਾ ਦੀ ਸ਼ਮੂਲੀਅਤ ਬਾਰੇ ਦਾਅਵਾ ਕਰ ਚੁੱਕਿਆ ਹੈ।

ਰੋਹਿਤ ਗੋਦਾਰਾ, ਜੋ ਕਿ ਮੂਲ ਰੂਪ ਵਿੱਚ ਬੀਕਾਨੇਰ ਦੇ ਕਪੂਰੀਆਸਰ ਦੇ ਰਹਿਣ ਵਾਲੇ ਹਨ। ਰੋਹਿਤ ਗੋਦਾਰਾ 'ਤੇ ਵੀ ਬੀਤੇ ਸਾਲ ਫਰਜ਼ੀ ਢੰਗ ਨਾਲ ਦੇਸ਼ ਤੋਂ ਬਾਹਰ ਭੱਜਣ ਦਾ ਇਲਜ਼ਾਮ ਹੈ।

ਸੁਖਦੇਵ ਸਿੰਘ ਗੋਗਾਮੇੜੀ

ਤਸਵੀਰ ਸਰੋਤ, ANI

ਸੁਖਦੇਵ ਸਿੰਘ ਗੋਗਾਮੇੜੀ ਕੌਣ ਸੀ?

ਪੰਜਾਬ ਦੇ ਨਾਲ ਲੱਗਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਸੁਖਦੇਵ ਸਿੰਘ ਗੋਗਾਮੇੜੀ ਨੂੰ ਰਾਜਪੂਤ ਭਾਈਚਾਰੇ ਦੇ ਹਮਲਾਵਰ ਆਗੂ ਵਜੋਂ ਜਾਣਿਆ ਜਾਂਦਾ ਹੈ।

ਉਹ 2017 'ਚ ਫਿਲਮ ਪਦਮਾਵਤ ਦੇ ਵਿਰੋਧ 'ਚ ਦੇਸ਼ ਭਰ 'ਚ ਚਰਚਾ 'ਚ ਆਏ ਸਨ। ਜੈਪੁਰ 'ਚ ਫਿਲਮ ਪਦਮਾਵਤ ਦੀ ਸ਼ੂਟਿੰਗ ਦੌਰਾਨ ਰਾਜਪੂਤ ਕਰਣੀ ਸੈਨਾ ਨੇ ਫਿਲਮ ਦੇ ਸੈੱਟ 'ਤੇ ਭੰਨਤੋੜ ਕੀਤੀ ਸੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਰਾਜਪੂਤ ਕਰਣੀ ਸੈਨਾ ਨੇ ਫਿਲਮ 'ਚ ਸ਼ਾਮਲ ਕਈ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਸੀ।

ਇਸ ਦੌਰਾਨ ਸੁਖਦੇਵ ਸਿੰਘ ਗੋਗਾਮੇੜੀ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਸੁਰਖੀਆਂ ਵਿੱਚ ਰਹੇ।

ਉਹ ਕਈ ਸਾਲਾਂ ਤੋਂ ਰਾਜਪੂਤ ਸਮਾਜ ਦੀ ਸੰਸਥਾ ਕਰਣੀ ਸੈਨਾ ਨਾਲ ਜੁੜੇ ਰਹੇ, ਪਰ ਲੋਕੇਂਦਰ ਸਿੰਘ ਕਾਲਵੀ ਨਾਲ ਵਿਵਾਦ ਹੋਣ ਕਾਰਨ ਉਨ੍ਹਾਂ ਨੇ ਰਾਜਪੂਤ ਕਰਣੀ ਸੈਨਾ ਨਾਂ ਦੀ ਜਥੇਬੰਦੀ ਬਣਾ ਲਈ।

ਰੋਹਿਤ ਗੋਦਾਰਾ ਨੇ ਲਈ ਕਤਲ ਦੀ ਜ਼ਿੰਮੇਵਾਰੀ

ਤਸਵੀਰ ਸਰੋਤ, MOHAR SINGH MEENA

ਤਸਵੀਰ ਕੈਪਸ਼ਨ, ਰੋਹਿਤ ਗੋਦਾਰਾ ਨੇ ਲਈ ਕਤਲ ਦੀ ਜ਼ਿੰਮੇਵਾਰੀ

ਲੋਕੇਂਦਰ ਸਿੰਘ ਕਾਲਵੀ ਦੀ ਮੌਤ ਤੋਂ ਬਾਅਦ ਸੁਖਦੇਵ ਸਿੰਘ ਗੋਗਾਮੇੜੀ ਰਾਜਪੂਤ ਭਾਈਚਾਰੇ ਦੇ ਵੱਡੇ ਆਗੂ ਵਜੋਂ ਉਭਰੇ ਸਨ।

ਸੁਖਦੇਵ ਸਿੰਘ ਗੋਗਾਮੇੜੀ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ। ਉਹ ਰਾਜਨੀਤੀ ਵਿੱਚ ਵੀ ਸਰਗਰਮ ਰਹੇ ਅਤੇ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਦੋ ਵਾਰ ਚੋਣ ਵੀ ਲੜੇ, ਹਾਲਾਂਕਿ ਉਹ ਜਿੱਤ ਨਹੀਂ ਸਕੇ।

ਸਾਲ 2020 'ਚ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਵਿਚਾਲੇ ਸ਼ਬਦੀ ਜੰਗ ਦੌਰਾਨ ਸੁਖਦੇਵ ਸਿੰਘ ਗੋਗਾਮੇੜੀ ਕੰਗਨਾ ਰਣੌਤ ਦੇ ਸਮਰਥਨ 'ਚ ਖੜ੍ਹੇ ਸਨ।

ਉਸ ਦੌਰਾਨ ਰਾਜਪੂਤ ਕਰਣੀ ਸੈਨਾ ਨੇ ਕੰਗਨਾ ਰਣੌਤ ਦੇ ਸਮਰਥਨ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ।

ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ ਹੈ ਕਿ 'ਹਮਲਾਵਰਾਂ ਦੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜੈਪੁਰ ਅਤੇ ਬੀਕਾਨੇਰ ਡਿਵੀਜ਼ਨ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ।

ਕਰਣੀ ਸੈਨਾ ਕੀ ਹੈ ਤੇ ਕਿਵੇਂ ਕਰਦੀ ਹੈ ਕੰਮ?

ਨਾਰਾਇਣ ਬਾਰੇਠ ਦੀ ਸਾਲ 2018 ਦੀ ਰਿਪੋਰਟ ਮੁਤਾਬਕ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਰਾਜਪੂਤ ਸਮਾਜ ਦੇ ਇੱਕ ਮੈਂਬਰ ਨੇ ਉਸ ਵੇਲੇ ਦੱਸਿਆ ਸੀ ਸਮੇਂ ਦੌਰਾਨ ਕਰਣੀ ਸੈਨਾ ਤਿੰਨ ਹਿੱਸਿਆਂ ਵਿੱਚ ਵੰਡੀ ਗਈ। ਹੁਣ ਇਹ ਤਿੰਨੇ ਧੜੇ ਆਪਣੇ-ਆਪ ਨੂੰ ਅਸਲੀ ਕਰਣੀ ਸੈਨਾ ਦੱਸਦੇ ਹਨ।

ਇਸ ਨੂੰ ਲੈ ਕੇ ਕੋਰਟ ਕਚਹਿਰੀ ਤੱਕ ਗੱਲ ਜਾ ਚੁੱਕੀ ਹੈ। ਇਨ੍ਹਾਂ ਵਿੱਚ ਇੱਕ ਕਰਣੀ ਸੈਨਾ ਲੋਕੇਂਦਰ ਕਾਲਵੀ ਦੀ ਹੈ।

ਦੂਸਰੀ ਸ਼੍ਰੀ ਰਾਜਪੂਤ ਕਰਣੀ ਸੇਵਾ ਸਮਿਤੀ ਅਜੀਤ ਮਾਮਡੋਲੀ ਦੀ ਹੈ।

ਤੀਸਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਸੁਖਦੇਵ ਸਿੰਘ ਗੋਗਾਮੋੜੀ ਦੀ ਹੈ।

ਕਰਣੀ ਸੈਨਾ ਦੇ ਮਹੀਪਾਲ ਸਿੰਘ ਨੇ ਉਸ ਵੇਲੇ ਦੱਸਿਆ ਸੀ ਕਿ ਸ਼੍ਰੀ ਕਾਲਵੀ ਨੇ ਇਸ ਸੰਗਠਨ ਨੂੰ ਖੜ੍ਹਾ ਕੀਤਾ ਹੈ ਤੇ ਇਹੀ ਅਸਲੀ ਕਰਣੀ ਸੈਨਾ ਹੈ।

ਇਹ ਨੌਜਵਾਲ ਕੇਂਦਰਿਤ ਸੰਗਠਨ ਹੈ। ਬਾਕੀ ਦੇ ਸੰਗਠਨਾਂ ਵਿੱਚ ਜ਼ਿਆਦਾਤਰ ਅਧੇੜ ਤੇ ਬਜ਼ੁਰਗ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)