You’re viewing a text-only version of this website that uses less data. View the main version of the website including all images and videos.
ਕਿਮ ਜੋਂਗ ਉਨ ਦੀ ਧੀ ਬਾਰੇ ਕੀ ਪਤਾ ਹੈ, ਜਿਸ ਨੂੰ ਉਨ੍ਹਾਂ ਦਾ ਸੰਭਾਵੀ ਉੱਤਰਾਧਿਕਾਰੀ ਦੱਸਿਆ ਜਾ ਰਿਹਾ ਹੈ
- ਲੇਖਕ, ਫਲੋਰਾ ਡਰੂਰੀ
- ਰੋਲ, ਬੀਬੀਸੀ ਨਿਊਜ਼
ਕਿਮ ਜੋਂਗ ਉਨ ਆਪਣੀ ਪਹਿਲੀ ਬਹੁਪੱਖੀ ਮੁਲਾਕਾਤ ਲਈ ਚੀਨ ਪਹੁੰਚ ਚੁੱਕੇ ਹਨ। ਬੇਸ਼ੱਕ ਉਨ੍ਹਾਂ ਦੀ ਇਹ ਪਹਿਲੀ ਬਹੁਪੱਖੀ ਮੁਲਾਕਾਤ ਸੁਰਖ਼ੀਆਂ 'ਚ ਰਹਿਣੀ ਹੀ ਸੀ।
ਪਰ ਜਦੋਂ ਉਹ ਚੀਨ ਪਹੁੰਚਣ 'ਤੇ ਆਪਣੀ ਬਖ਼ਤਰਬੰਦ ਰੇਲਗੱਡੀ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨਾਲ ਆਈ ਇੱਕ ਛੋਟੀ ਉਮਰ ਦੀ ਕੁੜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਫੋਰਮਲ ਕੱਪੜਿਆਂ 'ਚ ਕਿਮ ਜੋਂਗ ਉਨ ਦੇ ਪਿੱਛੇ ਖੜ਼੍ਹੀ ਇਹ ਕੁੜੀ ਹੋਰ ਕੋਈ ਨਹੀਂ ਬਲਕਿ ਉਨ੍ਹਾਂ ਦੀ ਆਪਣੀ ਧੀ ਕਿਮ ਜੂ ਏ ਹੈ।
ਉੱਤਰੀ ਕੋਰੀਆਈ ਸ਼ਾਸਨ ਦੀ ਸੰਭਾਵੀ ਉੱਤਰਾਧਿਕਾਰੀ।
ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਦੇ ਅਨੁਸਾਰ, ਕਿਮ ਆਪਣੇ ਪਿਤਾ ਦੀ ਸਭ ਤੋਂ ਸੰਭਾਵਿਤ ਉੱਤਰਾਧਿਕਾਰੀ ਹੈ।
ਪਰ ਕਿਮ ਜੂ ਏ ਬਾਰੇ ਜਾਣਕਾਰੀ ਜਿਵੇਂ ਕਿ ਉਨ੍ਹਾਂ ਦੀ ਸਹੀ ਉਮਰ ਆਦਿ ਬਾਰੇ ਬਹੁਤ ਹੀ ਘੱਟ ਵੇਰਵੇ ਉਪਲਬਧ ਹਨ।
ਕਿਮ ਜੂ ਏ ਕੌਣ ਹਨ
ਕਈ ਸਾਲਾਂ ਤੋਂ ਕਿਮ ਜੂ ਏ ਨੂੰ ਕਿਮ ਜੋਂਗ ਉਨ ਅਤੇ ਉਨ੍ਹਾਂ ਦੀ ਪਤਨੀ ਰੀ ਸੋਲ-ਜੂ ਦੇ ਤਿੰਨ ਬੱਚਿਆਂ ਵਿੱਚੋਂ ਦੂਜੀ ਸੰਤਾਨ ਮੰਨਿਆ ਜਾਂਦਾ ਰਿਹਾ ਹੈ।
ਹਾਲਾਂਕਿ, ਉਨ੍ਹਾਂ ਦੇ ਬੱਚਿਆਂ ਦੀ ਸਹੀ ਗਿਣਤੀ, ਉਮਰ ਨਿਸ਼ਚਿਤ ਤੌਰ 'ਤੇ ਕਿਸੇ ਨੂੰ ਵੀ ਨਹੀਂ ਪਤਾ।
ਕਿਮ ਜੋਂਗ ਉਨ ਆਪਣੇ ਪਰਿਵਾਰ ਬਾਰੇ ਬਹੁਤ ਗੁਪਤ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਜਨਤਾ ਨਾਲ ਜਾਣੂ ਆਪਣੇ ਵਿਆਹ ਦੇ ਕਈ ਸਾਲ ਮਗਰੋਂ ਹੀ ਕਰਵਾਇਆ ਸੀ।
ਕਿਮ ਜੂ ਏ ਉਨ੍ਹਾਂ ਦਾ ਇਕਲੌਤਾ ਅਜਿਹਾ ਬੱਚਾ ਹੈ ਜਿਸ ਦੀ ਹੋਂਦ ਦੀ ਪੁਸ਼ਟੀ ਦੇਸ਼ ਦੀ ਲੀਡਰਸ਼ਿਪ ਦੁਆਰਾ ਕੀਤੀ ਗਈ ਹੈ। ਉਨ੍ਹਾਂ ਦਾ ਕੋਈ ਹੋਰ ਬੱਚਾ ਜਨਤਕ ਤੌਰ 'ਤੇ ਨਹੀਂ ਦਿਖਾਇਆ ਗਿਆ ਹੈ।
ਕਿਮ ਜੂ ਏ ਦੇ ਹੋਂਦ ਦੀ ਖ਼ਬਰ ਵੀ ਸਭ ਤੋਂ ਪਹਿਲਾਂ ਇੱਕ ਅਸਾਧਾਰਨ ਸਰੋਤ ਦੁਆਰਾ ਹੀ ਸਾਹਮਣੇ ਆਈ ਸੀ।
ਇਹ ਖ਼ਬਰ ਸਾਂਝੀ ਕਰਨ ਵਾਲੇ ਵਿਅਕਤੀ ਸਨ ਬਾਸਕਟਬਾਲ ਖਿਡਾਰੀ ਡੈਨਿਸ ਰੋਡਮੈਨ।
ਉਨ੍ਹਾਂ ਨੇ ਸਾਲ 2013 ਵਿੱਚ ਗਾਰਡੀਅਨ ਅਖ਼ਬਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਕੋਰੀਆ ਦੀ ਗੁਪਤ ਯਾਤਰਾ ਦੌਰਾਨ "ਉਨ੍ਹਾਂ ਦੀ ਬੱਚੀ ਜੂ ਏ" ਨੂੰ ਗੋਦ 'ਚ ਲਿਆ ਸੀ।
ਉਸ ਤੋਂ ਬਾਅਦ ਨਵੰਬਰ 2022 ਤੱਕ ਉਸ ਬਾਰੇ ਬਹੁਤਾ ਕੁਝ ਸਾਹਮਣੇ ਨਹੀਂ ਆਇਆ।
ਨਵੰਬਰ 2022 'ਚ ਉਹ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ (ਐਸੀਬੀਐੱਮ) ਦੇ ਲਾਂਚ ਸਮੇਂ ਆਪਣੇ ਪਿਤਾ ਦੇ ਨਾਲ ਦਿਖਾਈ ਦਿੱਤੇ ਸਨ।
ਇਸ ਸਮਾਗਮ ਤੋਂ ਬਾਅਦ ਅਗਲੇ ਸਾਲ ਦੀ ਫਰਵਰੀ ਤੱਕ, ਉਹ ਡਾਕ ਟਿਕਟਾਂ 'ਤੇ ਦਿਖਾਈ ਦੇ ਰਹੀ ਸੀ ਅਤੇ ਨਾਲ ਹੀ ਉਹ ਉੱਚ ਅਧਿਕਾਰੀਆਂ ਲਈ ਕੀਤੀਆਂ ਜਾ ਰਹੀਆਂ ਦਾਅਵਤਾਂ ਵਿੱਚ ਵੀ ਸ਼ਾਮਲ ਹੁੰਦੇ ਨਜ਼ਰ ਆਏ।
ਇਨ੍ਹਾਂ ਦਾਅਵਤਾਂ 'ਚ ਕਿਮ ਜੂ ਏ ਨੂੰ ਕਿਮ ਜੋਂਗ ਉਨ ਦੀ "ਸਤਿਕਾਰਯੋਗ" ਧੀ ਵਜੋਂ ਦਰਸਾਇਆ ਗਿਆ ਸੀ।
"ਸਤਿਕਾਰਯੋਗ" ਵਿਸ਼ੇਸ਼ਣ ਉੱਤਰੀ ਕੋਰੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਲਈ ਰਾਖਵਾਂ ਹੈ।
ਜੇਕਰ ਗੱਲ ਉਨ੍ਹਾਂ ਦੇ ਪਿਤਾ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਵੀ "ਸਤਿਕਾਰਯੋਗ ਕਾਮਰੇਡ" ਕਹਿ ਕੇ ਉਦੋਂ ਸੰਬੋਧਨ ਕੀਤਾ ਗਿਆ ਸੀ ਜਦੋਂ ਉਹ ਭਵਿੱਖ ਦੇ ਨੇਤਾ ਵਜੋਂ ਚੁਣ ਲਏ ਗਏ ਸਨ।
ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਦੱਖਣੀ ਕੋਰੀਆ ਦੀ ਰਾਸ਼ਟਰੀ ਖੁਫੀਆ ਸੇਵਾ (ਐੱਨਆਈਐੱਸ) ਨੇ ਕਾਨੂੰਨਸਾਜ਼ਾਂ ਨੂੰ ਕੁੜੀ ਬਾਰੇ ਕੁਝ ਵਾਧੂ ਵੇਰਵੇ ਪ੍ਰਦਾਨ ਕੀਤੇ ਸਨ ਜਦੋਂ ਉਹ ਕਰੀਬ 10 ਸਾਲ ਦੀ ਸੀ।
ਇਸ ਵਿੱਚ ਦੱਸਿਆ ਗਿਆ ਸੀ ਕਿ ਉਸ ਨੂੰ ਘੋੜਸਵਾਰੀ, ਸਕੀਇੰਗ ਅਤੇ ਤੈਰਾਕੀ ਦਾ ਬਹੁਤ ਸ਼ੌਕ ਹੈ ਅਤੇ ਉਸ ਨੂੰ ਰਾਜਧਾਨੀ ਪਿਓਂਗਯਾਂਗ ਦੇ ਹੀ ਘਰ ਵਿੱਚ ਸਿੱਖਿਆ ਦਿੱਤੀ ਗਈ ਸੀ।
ਫਿਰ ਜਨਵਰੀ 2024 'ਚ ਐੱਨਆਈਐੱਸ ਨੇ ਕੁਝ ਨਵਾਂ ਦੱਸਿਆ। ਉਨ੍ਹਾਂ ਦਾ ਮੰਨਣਾ ਸੀ ਕਿ ਕਿਮ ਜੂ ਏ ਉੱਤਰੀ ਕੋਰੀਆ ਦੇ "ਸਭ ਤੋਂ ਵੱਧ ਸੰਭਾਵਿਤ" ਭਵਿੱਖ ਦੇ ਨੇਤਾ ਹੋ ਸਕਦੇ ਹਨ।
ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਬਦਲ ਸਕਦੀਆਂ ਹਨ। ਇਹ ਵੀ ਮਾਅਨੇ ਰੱਖਦਾ ਹੈ ਕਿ ਕਿਮ ਜੋਂਗ ਉਨ ਅਜੇ ਵੀ ਜਵਾਨ ਹਨ।
ਪਰ ਇਸ ਦੇ ਬਾਵਜੂਦ 2024 ਤੋਂ, ਜੂ ਏ ਅਕਸਰ ਆਪਣੇ ਪਿਤਾ ਨਾਲ ਦਿਖਾਈ ਦਿੰਦੀ ਹੈ। ਉਹ ਮਿਜ਼ਾਈਲ ਪ੍ਰੀਖਣਾਂ ਅਤੇ ਫੌਜੀ ਪਰੇਡਾਂ ਵਿੱਚ ਉਨ੍ਹਾਂ ਦੇ ਨਾਲ ਹੀ ਖੜ੍ਹੀ ਨਜ਼ਰ ਆਉਂਦੀ ਹੈ।
ਸੀਨੀਅਰ ਕਮਾਂਡਰ ਸਟੇਜ ਦੀ ਕੇਂਦਰ 'ਚ ਨਜ਼ਰ ਆਉਣ ਵਾਲੀ ਜੂ ਏ ਨੂੰ ਸਲਾਮ ਵੀ ਕਰਦੇ ਹਨ।
ਮੰਗਲਵਾਰ ਨੂੰ, ਉਹ ਪਹਿਲੀ ਵਾਰ ਉੱਤਰੀ ਕੋਰੀਆ ਤੋਂ ਬਾਹਰ ਗਈ ਹੈ। ਇਹ ਯਾਤਰਾ ਇਸ ਵਿਚਾਰ ਨੂੰ ਵਧਾ ਸਕਦੀ ਹੈ ਕਿ ਉਹ ਭਵਿੱਖ 'ਚ ਆਪਣੇ ਪਿਤਾ ਦੀ ਥਾਂ ਲੈ ਸਕਦੀ ਹੈ।
ਕਿਮ ਪਰਿਵਾਰ 1948 ਤੋਂ ਰਾਜ ਕਰ ਰਿਹਾ ਹੈ। ਉਹ ਨਾਗਰਿਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਨਸਲ ਪਵਿੱਤਰ ਹੈ।
ਇਸਦਾ ਮਤਲਬ ਹੈ ਕਿ ਸਿਰਫ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੀ ਰਾਜ ਕਰ ਸਕਦੇ ਹਨ।
ਪਰ ਚਰਚਾ ਕਿਸੇ ਹੋਰ ਗੱਲ ਨੂੰ ਲੈ ਕੇ ਹੋ ਰਹੀ ਹੈ, ਕਿਉਂਕਿ ਉੱਤਰੀ ਕੋਰੀਆ ਇੱਕ ਅਜਿਹਾ ਸਮਾਜ ਹੈ ਜਿਸ ਦੀ ਅਗਵਾਈ ਮਰਦ ਕਰਦੇ ਆਏ ਹਨ। ਇੱਥੇ ਕਦੇ ਵੀ ਕੋਈ ਔਰਤ ਨੇਤਾ ਨਹੀਂ ਰਹੀ।
ਕੁਝ ਮਾਹਰ ਸੋਚਦੇ ਹਨ ਕਿ ਕਿਮ ਜੋਂਗ ਉਨ ਆਪਣੀ ਧੀ ਨੂੰ ਅਜਿਹੇ ਮੁਲਾਕਾਤਾਂ 'ਤੇ ਨਾਲ ਰੱਖ ਕੇ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਲੜਨ ਲਈ ਤਿਆਰ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ