ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਵਿੱਚ 25 ਲੋਕਾਂ ਦੀ ਮੌਤ, ਅੱਧੀ ਰਾਤ ਨੂੰ ਕੀ ਹੋਇਆ ਸੀ

ਗੋਆ ਕਲੱਬ

ਤਸਵੀਰ ਸਰੋਤ, pti/ugc

ਸ਼ਨੀਵਾਰ ਰਾਤ ਨੂੰ ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਅੱਗ ਸਿਲੰਡਰ ਫਟਣ ਕਾਰਨ ਲੱਗੀ ਸੀ।

ਉੱਤਰੀ ਗੋਆ ਦੇ ਅਰਪੋਰਾ ਇਲਾਕੇ ਵਿੱਚ ਇੱਕ ਨਾਈਟ ਕਲੱਬ ਵਿੱਚ ਮਾਰੇ ਗਏ ਲੋਕਾਂ ਵਿੱਚ ਕੁਝ ਸੈਲਾਨੀ ਵੀ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਕਲੱਬ ਦੇ ਹੀ ਕਰਮਚਾਰੀ ਹਨ।

ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਨਾਈਟ ਕਲੱਬ ਦੀ ਰਸੋਈ ਦੇ ਕਰਮਚਾਰੀ ਹਨ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਲਿਖਿਆ, "ਗੋਆ ਦੇ ਅਰਪੋਰਾ ਵਿੱਚ ਵਾਪਰੀ ਘਟਨਾ ਬਹੁਤ ਦੁਖਦਾਈ ਹੈ। ਮੇਰੀ ਸੰਵੇਦਨਾ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਗੋਆ ਦੇ ਮੁੱਖ ਮੰਤਰੀ ਡਾਕਟਰ ਪ੍ਰਮੋਦ ਸਾਵੰਤ ਜੀ ਨਾਲ ਸਥਿਤੀ ਬਾਰੇ ਗੱਲ ਕੀਤੀ ਹੈ। ਸੂਬਾ ਸਰਕਾਰ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।"

ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਘਟਨਾ ਦੇ ਮ੍ਰਿਤਕਾਂ ਅਤੇ ਜ਼ਖਮੀਆਂ ਲਈ ਸਹਾਇਤਾ ਦਾ ਐਲਾਨ ਕੀਤਾ ਹੈ।

ਪੀਐੱਮਓ ਨੇ ਐਕਸ 'ਤੇ ਲਿਖਿਆ, "ਗੋਆ ਦੇ ਅਰਪੋਰਾ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵਿੱਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।"

ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਘਟਨਾ ਦੇ ਚਸ਼ਮਦੀਦ, ਇੱਕ ਸੁਰੱਖਿਆ ਗਾਰਡ ਨੇ ਦੱਸਿਆ, ਘਟਨਾ ਰਾਤ ਦੇ 11 ਤੋਂ 12 ਵਜੇ ਦੇ ਵਿਚਕਾਰ ਦੀ ਹੈ

ਅੱਧੀ ਰਾਤ ਨੂੰ ਹੋਇਆ ਕੀ ਸੀ?

ਵੀਡੀਓ ਕੈਪਸ਼ਨ, ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਵਿੱਚ 25 ਲੋਕਾਂ ਦੀ ਮੌਤ

ਗੋਆ ਦੇ ਡੀਜੀਪੀ ਆਲੋਕ ਕੁਮਾਰ ਨੇ ਦੱਸਿਆ, "ਅਰਪੋਰਾ ਵਿੱਚ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। (ਸ਼ਨੀਵਾਰ ਅੱਧੀ ਰਾਤ) 12 ਵੱਜ ਕੇ 4 ਮਿੰਟ 'ਤੇ ਪੁਲਿਸ ਕੰਟਰੋਲ ਰੂਮ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।"

ਉਨ੍ਹਾਂ ਦੱਸਿਆ, "ਜ਼ਿਆਦਾਤਰ ਲਾਸ਼ਾਂ ਰੈਸਟੋਰੈਂਟ ਦੀ ਰਸੋਈ ਵਿੱਚੋਂ ਮਿਲੀਆਂ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਨਤੀਜੇ ਆਉਣਗੇ ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।"

ਪੁਲਿਸ ਕਰਮੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੋਆ ਦੇ ਡੀਜੀਪੀ ਆਲੋਕ ਕੁਮਾਰ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ

ਘਟਨਾ ਦੇ ਚਸ਼ਮਦੀਦ, ਇੱਕ ਸੁਰੱਖਿਆ ਗਾਰਡ ਸੰਜੇ ਕੁਮਾਰ ਗੁਪਤਾ ਨੇ ਦੱਸਿਆ, "ਘਟਨਾ ਰਾਤ ਦੇ 11 ਤੋਂ 12 ਵਜੇ ਦੇ ਵਿਚਕਾਰ ਦੀ ਹੈ। ਅਚਾਨਕ ਅੱਗ ਲੱਗ ਗਈ... ਮੈਂ ਗੇਟ 'ਤੇ ਸੀ... ਇੱਥੇ ਡੀਜੇ ਅਤੇ ਡਾਂਸਰ ਆਉਣ ਵਾਲੇ ਸਨ ਅਤੇ ਉੱਥੇ ਕਾਫੀ ਭੀੜ ਹੋਣ ਵਾਲੀ ਸੀ..."

ਨਾਈਟ ਕਲੱਬ ਦੇ ਨੇੜੇ ਇੱਕ ਰੈਸਟੋਰੈਂਟ 'ਚ ਮੌਜੂਦ ਇੱਕ ਸੁਰੱਖਿਆ ਗਾਰਡ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ, "ਅਸੀਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਵੇਂ ਕਿਸੇ ਕਾਰ ਦਾ ਟਾਇਰ ਫਟ ਗਿਆ ਹੋਵੇ। ਬਾਅਦ ਵਿੱਚ ਦੱਸਿਆ ਗਿਆ ਕਿ ਸਿਲੰਡਰ ਫਟਣ ਕਾਰਨ ਅੱਗ ਲੱਗੀ ਹੈ।"

ਉਨ੍ਹਾਂ ਦੱਸਿਆ ਕਿ ਉਹ ਪਿਛਲੇ 8-9 ਸਾਲਾਂ ਤੋਂ ਉੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਹਨ ਅਤੇ ਸ਼ਨੀਵਾਰ ਨੂੰ ਉਹ ਸ਼ਾਮ 8 ਵਜੇ ਤੋਂ ਐਤਵਾਰ ਸਵੇਰੇ 8 ਵਜੇ ਤੱਕ ਡਿਊਟੀ 'ਤੇ ਸਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਇਹ ਅੱਗ ਬਾਗਾ (ਇਲਾਕੇ ਦਾ ਨਾਮ) ਵਿਖੇ ਬਿਰਚ ਬਾਏ ਰੋਮੀਓ ਲੇਨ ਨਾਮਕ ਕਲੱਬ ਵਿੱਚ ਅੱਗ ਲੱਗੀ, ਜੋ ਕਿ ਇੱਥੋਂ ਦੇ ਸਭ ਤੋਂ ਮਸ਼ਹੂਰ ਬੀਚਾਂ ਵਿੱਚੋਂ ਇੱਕ 'ਤੇ ਸਥਿਤ ਹੈ।

ਇਸ ਇਲਾਕੇ ਵਿੱਚ ਅਕਸਰ ਹੀ ਸੈਲਾਨੀਆਂ ਦੀ ਚੰਗੀ-ਖਾਸੀ ਭੀੜ ਰਹਿੰਦੀ ਹੈ, ਖਾਸ ਕਰ ਰਾਤ ਵੇਲੇ।

ਮਰਨ ਵਾਲਿਆਂ ਵਿੱਚ ਕੌਣ-ਕੌਣ?

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ

ਡੀਜੀਪੀ ਆਲੋਕ ਕੁਮਾਰ ਨੇ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਰੈਸਟੋਰੈਂਟ ਦਾ ਸਟਾਫ ਸੀ। ਮ੍ਰਿਤਕਾਂ ਵਿੱਚ ਕੁਝ ਸੈਲਾਨੀ ਵੀ ਹੋ ਸਕਦੇ ਹਨ।"

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮੀਡੀਆ ਨੂੰ ਦੱਸਿਆ, "ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਨਾਈਟ ਕਲੱਬ ਨੇ ਅੱਗ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਸੀ। ਮਾਰੇ ਗਏ ਲੋਕਾਂ ਵਿੱਚ ਤਿੰਨ ਔਰਤਾਂ ਅਤੇ ਤਿੰਨ ਤੋਂ ਚਾਰ ਸੈਲਾਨੀ ਸ਼ਾਮਲ ਹਨ।"

ਉਨ੍ਹਾਂ ਅੱਗੇ ਕਿਹਾ, "ਕੁੱਲ ਮ੍ਰਿਤਕਾਂ ਵਿੱਚੋਂ ਤਿੰਨ ਦੀ ਮੌਤ ਸੜਨ ਕਾਰਨ ਹੋਈ, ਜਦਕਿ ਬਾਕੀਆਂ ਦੀ ਮੌਤ ਦਮ ਘੁਟਣ ਕਾਰਨ ਹੋਈ। ਅਸੀਂ ਇਸ ਦੀ ਵਿਸਤ੍ਰਿਤ ਜਾਂਚ ਕਰਾਂਗੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।"

ਜਦਕਿ ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ, "ਇਸ ਘਟਨਾ ਵਿੱਚ ਜੋ ਲੋਕ ਮਰੇ ਹਨ, ਉਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਬਾਕੀ ਪੁਰਸ਼ ਹਨ। ਕੁਝ ਸੈਲਾਨੀ ਹਨ, ਜਦਕਿ ਜ਼ਿਆਦਾਤਰ ਸਥਾਨਕ ਲੋਕ ਹਨ ਜੋ ਰੈਸਟੋਰੈਂਟ ਦੇ ਬੇਸਮੈਂਟ ਵਿੱਚ ਕੰਮ ਕਰ ਰਹੇ ਸਨ।"

ਖਬਰ ਏਜੰਸੀ ਏਐਨਆਈ ਦੇ ਅਨੁਸਾਰ, ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਡਾਕਟਰੀ ਸਹਾਇਤਾ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਯਤਨ ਜਾਰੀ ਹਨ।

ਇਹ ਵੀ ਪੜ੍ਹੋ-

'ਕੋਈ ਵੀ ਕੁਝ ਨਹੀਂ ਕਰ ਸਕਿਆ, ਦ੍ਰਿਸ਼ ਬਹੁਤ ਭਿਆਨਕ ਸਨ'

ਗੋਆ ਤੋਂ ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨੇ ਮੌਕੇ 'ਤੇ ਮੌਜੂਦ ਗਵਾਹਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਭੀੜ-ਭੜੱਕੇ ਵਾਲੇ ਨਾਈਟਲਾਈਫ ਏਰੀਆ ਵਿੱਚ ਅੱਗ ਦੀ ਭਿਆਨਕ ਘਟਨਾ ਦੇ ਦ੍ਰਿਸ਼ਾਂ ਦਾ ਵਰਣਨ ਕੀਤਾ।

ਹਾਦਸੇ ਵਾਲੀ ਥਾਂ ਨੇੜੇ ਕੰਮ ਕਰਨ ਵਾਲੇ ਇੱਕ ਸ਼ੈੱਫ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਬਿਰਚ ਕਲੱਬ ਦੇ ਕੁਝ ਕਰਮਚਾਰੀਆਂ ਨੂੰ ਜਾਣਦੇ ਹਨ।

ਉਨ੍ਹਾਂ ਕਿਹਾ, "ਦੇਸ਼ ਭਰ ਤੋਂ ਅਤੇ ਨੇਪਾਲ ਤੋਂ ਵੀ ਲੋਕ ਗੋਆ ਦੇ ਵੱਖ-ਵੱਖ ਕਲੱਬਾਂ ਵਿੱਚ ਕੰਮ ਕਰਦੇ ਹਨ।''

"ਮੈਂ ਕੁਝ ਲੋਕਾਂ ਨੂੰ ਕਲੱਬ ਵਿੱਚ ਜਾਣਦਾ ਹਾਂ ਅਤੇ ਉਨ੍ਹਾਂ ਲਈ ਬਹੁਤ ਚਿੰਤਤ ਹਾਂ। ਉਨ੍ਹਾਂ ਦੇ ਫ਼ੋਨ ਬੰਦ ਆ ਰਹੇ ਹਨ।"

ਐਤਵਾਰ ਸਵੇਰੇ ਵੀ ਭਾਰੀ ਸੁਰੱਖਿਆ ਮੌਜੂਦ ਰਹੀ, ਨਾਈਟ ਕਲੱਬ ਦੇ ਦਰਵਾਜ਼ੇ ਬੰਦ ਸਨ ਅਤੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਬੀਬੀਸੀ ਨੇ ਦੇਖਿਆ ਕਿ ਕਲੱਬ ਦੇ ਇੱਕ ਕੋਨੇ ਵਿੱਚ ਕੁਰਸੀਆਂ, ਮੇਜ਼ਾਂ ਅਤੇ ਪੌਦਿਆਂ ਦੇ ਸੜੇ ਹੋਏ ਅਤੇ ਪਿਘਲੇ ਹੋਏ ਅਵਸ਼ੇਸ਼ ਦਿਖਾਈ ਦੇ ਰਹੇ ਸਨ।

ਗੋਆ ਦੇ ਨਾਈਟ ਕਲੱਬ 'ਚ ਲੱਗੀ ਅੱਗ ਦੇ ਇੱਕ ਚਸ਼ਮਦੀਦ

ਇੱਕ ਚਸ਼ਮਦੀਦ ਨੇ ਕਿਹਾ ਕਿ ਇਹ ਸ਼ਨੀਵਾਰ ਦੀ ਰਾਤ ਸੀ ਅਤੇ ਛੁੱਟੀਆਂ ਮਨਾਉਣ ਵਾਲੇ ਲੋਕ ਆਨੰਦ ਮਾਣ ਰਹੇ ਸਨ।

ਉਨ੍ਹਾਂ ਕਿਹਾ, "ਮੈਂ ਕਲੱਬ ਦੇ ਬਾਹਰ ਹੀ ਸੀ ਜਦੋਂ ਮੈਂ ਚੀਕਾਂ ਸੁਣੀਆਂ, ਸ਼ੁਰੂ ਵਿੱਚ ਤਾਂ ਮੈਨੂੰ ਸਮਝ ਹੀ ਨਹੀਂ ਆਇਆ ਕਿ ਕੀ ਹੋ ਰਿਹਾ ਹੈ।''

"ਥੋੜ੍ਹੇ ਸਮੇਂ ਵਿੱਚ ਸਪੱਸ਼ਟ ਹੋ ਗਿਆ ਕਿ ਇੱਕ ਵੱਡੀ ਅੱਗ ਲੱਗ ਗਈ ਹੈ। ਕੋਈ ਵੀ ਕੁਝ ਨਹੀਂ ਕਰ ਸਕਿਆ। ਦ੍ਰਿਸ਼ ਬਹੁਤ ਭਿਆਨਕ ਸਨ।"

ਬਚਾਅ ਕਰਮਚਾਰੀ ਪੀੜਤਾਂ ਦੀਆਂ ਲਾਸ਼ਾਂ ਨੂੰ ਪਣਜੀ ਦੇ ਗੋਆ ਮੈਡੀਕਲ ਕਾਲਜ ਲੈ ਗਏ ਹਨ।

ਮੌਕੇ 'ਤੇ ਮੌਜੂਦ ਇੱਕ ਦਮਕਲ ਕਰਮਚਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜੇ ਵੀ ਪੀੜਤਾਂ ਦੀ ਪਛਾਣ ਕਰ ਰਹੇ ਹਨ ਅਤੇ ਫਿਰ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ।

ਫਾਇਰ ਸੇਫਟੀ ਨੂੰ ਲੈ ਕੇ ਉੱਠੇ ਸਵਾਲ

ਦਮਕਲ ਵਿਭਾਗ ਦੀਆਂ ਗੱਡੀਆਂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੁਲਿਸ ਨੂੰ ਸ਼ਨੀਵਾਰ ਰਾਤ 12 ਵੱਜ ਕੇ 4 ਮਿੰਟ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਸਨ

ਇਸ ਘਟਨਾ ਤੋਂ ਬਾਅਦ, ਗੋਆ ਦੇ ਕਲੱਬਾਂ ਵਿੱਚ ਫਾਇਰ ਸੇਫਟੀ ਬਾਰੇ ਸਵਾਲ ਉੱਠਣ ਲੱਗੇ ਹਨ।

ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ ਹੈ ਕਿ ਹੋਰ ਕਲੱਬਾਂ ਦੀ ਫਾਇਰ ਸੇਫਟੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ, "ਸਾਨੂੰ ਗੋਆ ਦੇ ਹੋਰ ਸਾਰੇ ਕਲੱਬਾਂ ਦਾ ਸੇਫਟੀ ਆਡਿਟ ਕਰਨਾ ਪਵੇਗਾ, ਜੋ ਕਿ ਬਹੁਤ ਜ਼ਰੂਰੀ ਹੈ। ਸੈਲਾਨੀ ਹਮੇਸ਼ਾ ਗੋਆ ਨੂੰ ਇੱਕ ਬਹੁਤ ਸੁਰੱਖਿਅਤ ਜਗ੍ਹਾ ਮੰਨਦੇ ਆਏ ਹਨ।"

ਉਨ੍ਹਾਂ ਕਿਹਾ, "ਅੱਗ ਦੀ ਘਟਨਾ ਬਹੁਤ ਪਰੇਸ਼ਾਨ ਕਰਨ ਵਾਲੀ ਹੈ ਅਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ। ਸੈਲਾਨੀਆਂ ਅਤੇ ਇਨ੍ਹਾਂ ਥਾਵਾਂ 'ਤੇ ਕੰਮ ਕਰਨ ਵਾਲਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।'

ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ ਗੋਆ

ਗੋਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਆ ਦੀ ਨਾਈਟ ਲਾਈਫ, ਰੇਤਲੇ ਬੀਚ ਅਤੇ ਰਿਜ਼ੋਰਟ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ

ਗੋਆ ਅਰਬ ਸਾਗਰ ਕੰਢੇ ਵੱਸਿਆ ਹੈ ਅਤੇ ਸਾਬਕਾ ਪੁਰਤਗਾਲੀ ਕਲੋਨੀ ਹੈ। ਇੱਥੋਂ ਦੀ ਨਾਈਟ ਲਾਈਫ, ਰੇਤਲੇ ਬੀਚ ਅਤੇ ਰਿਜ਼ੋਰਟ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।

ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਾਲ ਦੇ ਪਹਿਲੇ ਅੱਧ ਵਿੱਚ ਲਗਭਗ 5.5 ਮਿਲੀਅਨ ਸੈਲਾਨੀ ਗੋਆ ਆਏ ਸਨ, ਜਿਨ੍ਹਾਂ ਵਿੱਚ 270,000 ਵਿਦੇਸ਼ਾਂ ਤੋਂ ਆਏ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)