ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ 'ਚ ਮੁਜ਼ਾਹਰਿਆਂ ਦੌਰਾਨ ਵਿਗੜੇ ਹਾਲਾਤ, ਰਾਤ ਭਰ ਲੋਕਾਂ ਨੇ ਸੁਣੀ ਗੋਲੀਬਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਅਤੇ ਪਿਛਲੀਆਂ ਚੋਣਾਂ ਨੂੰ ਰੱਦ ਕਰਨ ਦੀ ਮੰਗ ਦੇ ਮਸਲੇ ਉੱਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਹਜ਼ਾਰਾਂ ਵਰਕਰ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚ ਗਏ ਸਨ।

ਇਸ ਮੁਜ਼ਾਹਰੇ ਖ਼ਿਲਾਫ਼ ਹੋਈ ਪੁਲਿਸ ਅਤੇ ਪਾਕਿਸਤਾਨ ਰੇਂਜਰਜ਼ ਦੀ ਕਾਰਵਾਈ ਦੌਰਾਨ ਕਰੀਬ 500 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਇਸ ਵਿਰੋਧ 'ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਵੀ ਹਿੱਸਾ ਲੈ ਰਹੇ ਹਨ। ਬੁਸ਼ਰਾ ਬੀਬੀ ਹਾਲੇ ਪਿਛਲੇ ਮਹੀਨੇ ਹੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਏ ਹਨ।

ਪਹਿਲੀ ਵਾਰ ਹੈ ਜਦੋਂ ਬੁਸ਼ਰਾ ਬੀਬੀ ਕਿਸੇ ਅਜਿਹੇ ਸਿਆਸੀ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ।

ਜ਼ਿਕਰਯੋਗ ਹੈ ਕਿ ਕ੍ਰਿਕਟਰ ਤੋਂ ਪ੍ਰਧਾਨ ਮੰਤਰੀ ਬਣੇ 72 ਸਾਲਾ ਇਮਰਾਨ ਖ਼ਾਨ ਜਦੋਂ 2022 'ਚ ਸੱਤਾ ਤੋਂ ਬਾਹਰ ਹੋਏ ਤਾਂ ਉਨ੍ਹਾਂ 'ਤੇ ਕਈ ਮਾਮਲੇ ਦਰਜ ਕੀਤੇ ਗਏ।

ਇਮਰਾਨ ਖ਼ਾਨ ਨੂੰ ਪਹਿਲੀ ਵਾਰ ਮਈ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਹਨ।

ਮੁਜ਼ਾਹਰੇ ਵਾਲੀ ਥਾਂ ਨੂੰ ਖਾਲੀ ਕਰਵਾਉਣ ਦਾ ਦਾਅਵਾ

ਪਾਕਿਸਤਾਨ ਦੇ ਸਥਾਨਕ ਅਤੇ ਸੋਸ਼ਲ ਮੀਡੀਆ 'ਤੇ ਮੰਗਲਵਾਰ ਰਾਤ ਤੋਂ ਹੀ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਪੁਲਿਸ ਨੇ ਇਸਲਾਮਾਬਾਦ ਦੇ ਬਲੂ ਏਰੀਆ 'ਚ ਕਾਰਵਾਈ ਕਰਦੇ ਹੋਏ ਪੀਟੀਆਈ ਦੇ ਪ੍ਰਦਰਸ਼ਨਕਾਰੀਆਂ ਤੋਂ ਖ਼ਾਲੀ ਕਰਵਾ ਲਿਆ ਹੈ।

ਪ੍ਰਧਾਨ ਮੰਤਰੀ ਦੇ ਸਲਾਹਕਾਰ ਰਾਣਾ ਸਨਾਉੱਲ੍ਹਾ ਨੇ ਇਸਲਾਮਾਬਾਦ ਦੇ ਬਲੂ ਏਰੀਆ ਵਿੱਚ ਪੀਟੀਆਈ ਦੇ ਮੁਜ਼ਾਹਰਾਕਾਰੀਆਂ ਵਿਰੁੱਧ ਰੇਂਜਰਾਂ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਪੁਸ਼ਟੀ ਕੀਤੀ ਹੈ।

ਇੱਕ ਨਿੱਜੀ ਚੈਨਲ ਜੀਓ ਨਿਊਜ਼ ਨਾਲ ਗੱਲਬਾਤ ਕਰਦਿਆਂ ਰਾਣਾ ਸਨਾਉੱਲ੍ਹਾ ਦੱਸਿਆ, “ਸਾਡੇ ਕੋਲ ਜਾਣਕਾਰੀ ਸੀ, ਇਸ ਲਈ ਰੇਂਜਰਾਂ ਅਤੇ ਪੁਲਿਸ ਨੇ ਇਸ ਮੁਜ਼ਾਹਰੇ ਵਿੱਚ ਸ਼ਾਮਲ ਗੰਭੀਰ ਅਪਰਾਧੀਆਂ ਦੇ ਖ਼ਿਲਾਫ਼ ਮੁਹਿੰਮ ਚਲਾਈ।”

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 500 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਰਾਣਾ ਸਨਾਉੱਲ੍ਹਾ ਮੁਤਾਬਕ ਰੇਂਜਰਾਂ ਅਤੇ ਪੁਲਿਸ ਦੀ ਕਾਰਵਾਈ ਦੌਰਾਨ ਬੁਸ਼ਰਾ ਬੀਬੀ ਅਤੇ ਖ਼ੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਭੱਜਣ ਵਿੱਚ ਕਾਮਯਾਬ ਰਹੇ।

ਇਸਲਾਮਾਬਾਦ ਦੇ ਐੱਫ਼ 7 ਸੈਕਟਰ ਵਿੱਚ ਰਹਿਣ ਵਾਲੇ ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਰਾਤ ਨੂੰ ਗੋਲੀਬਾਰੀ ਦੀਆਂ ਅਵਾਜ਼ਾਂ ਸੁਣੀਆਂ ਸਨ।

ਪੀਟੀਆਈ ਨੇ ਵੀ ਦਾਅਵਾ ਕੀਤਾ ਹੈ ਕਿ ਪੁਲਿਸ ਅਤੇ ਰੇਂਜਰਜ਼ ਨੇ ਬਲੂ ਏਰੀਆ ਵਿੱਚ ਪੀਟੀਆਈ ਵਰਕਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।

ਇਮਰਾਨ ਖ਼ਾਨ ਦਾ ਆਖ਼ਰੀ ਗੇਂਦ ਤੱਕ ਲੜਨ ਦਾ ਸੁਨੇਹਾ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਐਕਸ ਅਕਾਉਂਟ ਤੋਂ ਉਨ੍ਹਾਂ ਦਾ ਬਿਆਨ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਲਿਖਿਆ, “ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ।”

ਉਨ੍ਹਾਂ ਨੇ ਆਪਣੀ ਟੀਮ ਨੂੰ 'ਆਖਰੀ ਗੇਂਦ ਤੱਕ ਲੜਨ' ਦਾ ਸੁਨੇਹਾ ਦਿੱਤਾ ਹੈ।

ਇਮਰਾਨ ਖਾਨ ਦੇ ਬਿਆਨ 'ਚ ਕਿਹਾ ਗਿਆ ਹੈ, "ਫ਼ੌਜੀ ਅਦਾਲਤ ਵਿੱਚ ਮੁਕੱਦਮੇ ਦੀ ਧਮਕੀ ਦੇਣ ਵਾਲਿਆਂ ਲਈ ਮੇਰਾ ਸੰਦੇਸ਼ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਮੈਂ ਪਿੱਛੇ ਨਹੀਂ ਹਟਾਂਗਾ।"

ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਜਿਹੜੇ ਲੋਕ ਅਜੇ ਤੱਕ ਧਰਨੇ ਵਿੱਚ ਨਹੀਂ ਪਹੁੰਚੇ, ਉਹ ਵੀ ਇਸਲਾਮਾਬਾਦ ਡੀ-ਚੌਕ ਪਹੁੰਚਣ।

ਪਰ ਦੇਰ ਰਾਤ ਪੁਲਿਸ ਦੀ ਕਾਰਵਾਈ ਤੋਂ ਬਾਅਦ ਡੀ ਚੌਕ ਨੂੰ ਖਾਲੀ ਕਰਵਾ ਲਿਆ ਗਿਆ ਹੈ।

'ਆਖਰੀ ਕਾਲ ਨਹੀਂ ਮਿਸ ਕਾਲ ਸੀ, '

ਪੀਟੀਆਈ ਨੇ ਇਸ ਹੜਤਾਲ ਨੂੰ ਆਖਰੀ ਕਾਲ ਦਾ ਨਾਂ ਦਿੱਤਾ ਸੀ।

ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਇਸ 'ਤੇ ਤੰਜ਼ ਕਰਦਿਆਂ ਕਿਹਾ, “ਇਹ ਆਖਰੀ ਕਾਲ ਨਹੀਂ ਸੀ, ਸਗੋਂ ਮਿਸ ਕਾਲ ਸੀ।”

ਇਸਲਾਮਾਬਾਦ 'ਚ ਧਰਨੇ ਵਾਲੀ ਥਾਂ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੁਸ਼ਰਾ ਬੀਬੀ ਅਤੇ ਖ਼ੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਮੋਨਾਲ ਵੱਲ ਭੱਜ ਗਏ ਹਨ।

ਪਰ ਤਰਾਰ ਨੇ ਇਹ ਨਹੀਂ ਦੱਸਿਆ ਕਿ ਧਰਨੇ ਵਾਲੀ ਥਾਂ ਨੂੰ ਕਿਵੇਂ ਖਾਲੀ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਲੋਕ ਕਹਿੰਦੇ ਸਨ ਕਿ ਤੁਸੀਂ ਸਖ਼ਤ ਨਹੀਂ ਹੋ, ਪਰ ਅਸੀਂ ਉਨ੍ਹਾਂ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਸੀ। ਅਸੀਂ ਸਹੀ ਸਮੇਂ ਦੀ ਉਡੀਕ ਕਰ ਰਹੇ ਸੀ ਅਤੇ ਗ੍ਰਹਿ ਮੰਤਰੀ ਲਗਾਤਾਰ ਨਿਗਰਾਨੀ ਕਰ ਰਹੇ ਸਨ।"

ਤਰਾਰ ਨੇ ਕਿਹਾ, "ਪੀਟੀਆਈ ਦੇ ਲੋਕ ਜਿਸ ਤਰ੍ਹਾਂ ਪਾਗਲਾਂ ਵਾਂਗ ਆਪਣੇ ਹੀ ਵਾਹਨਾਂ ਨੂੰ ਟੱਕਰ ਮਾਰਦੇ ਭੱਜੇ ਹਨ, ਉਸ ਤੋਂ ਵੀ ਇੱਕ ਸਬਕ ਸਿੱਖਿਆ ਜਾ ਸਕਦਾ ਹੈ।"

ਅਤਾਉੱਲਾ ਤਰਾਰ ਨੇ ਕਿਹਾ ਕਿ ਵਰਕਰ ਆਪਣੇ ਆਗੂ ਨੂੰ ਰਿਹਾਅ ਕਰਵਾਉਣ ਆਏ ਸਨ ਪਰ ਉਹ ਆਪ ਹੀ ਗ੍ਰਿਫ਼ਤਾਰ ਹੋ ਗਏ।

“ਉਨ੍ਹਾਂ ਦੇ ਸਿਆਸੀ ਇਰਾਦੇ ਨੇਕ ਨਹੀਂ ਸਨ ਅਤੇ ਇਸ ਲਈ ਉਹ ਅਸਫ਼ਲ ਰਹੇ।”

ਮੰਗਲਵਾਰ ਨੂੰ ਕੀ ਹੋਇਆ

ਮੰਗਲਵਾਰ ਨੂੰ, ਇਸਲਾਮਾਬਾਦ ਪੁਲਿਸ ਨੇ ਕਿਹਾ ਕਿ ਤਹਿਰੀਕ-ਏ-ਇਨਸਾਫ਼ ਦੇ ਵਰਕਰਾਂ ਦੇ ਰੈੱਡ ਜ਼ੋਨ ਵਿੱਚ ਡੀ ਚੌਕ ਪਹੁੰਚਣ ਤੋਂ ਬਾਅਦ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ।

ਇਸ ਮਗਰੋਂ ਡੀ ਚੌਕ ’ਤੇ ਪੁਲੀਸ ਤੇ ਰੇਂਜਰਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਸੀ।

ਬੀਬੀਸੀ ਪੱਤਰਕਾਰ ਫ਼ਾਖ਼ਿਰ ਮੁਨੀਰ ਮੁਤਾਬਕ ਡੀ ਚੌਕ ਮੰਗਲਵਾਰ ਦੇਰ ਸ਼ਾਮ ਤੱਕ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ ਅਤੇ ਪੀਟੀਆਈ ਦੇ ਵਰਕਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦੇਖੇ ਗਏ।

ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਤਹਿਰੀਕ-ਏ-ਇਨਸਾਫ਼ ਦੇ ਵਰਕਰ ਇਸ ਗੱਲ 'ਤੇ ਅੜੇ ਹੋਏ ਸਨ ਕਿ ਉਹ ਇਸਲਾਮਾਬਾਦ ਦੇ ਡੀ ਚੌਕ ਪਹੁੰਚ ਕੇ ਇਮਰਾਨ ਖ਼ਾਨ ਦੀ ਰਿਹਾਈ ਲਈ ਪ੍ਰਦਰਸ਼ਨ ਕਰਨਗੇ।

ਆਖਿਰਕਾਰ ਮੰਗਲਵਾਰ ਦੁਪਹਿਰ ਨੂੰ ਤਹਿਰੀਕ-ਏ-ਇਨਸਾਫ਼ ਦਾ ਪ੍ਰਦਰਸ਼ਨ ਇਸਲਾਮਾਬਾਦ ਦੇ ਰੈੱਡ ਜ਼ੋਨ 'ਚ ਡੀ ਚੌਕ ਪਹੁੰਚ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਪ੍ਰਦਰਸ਼ਨਕਾਰੀ ਡੀ ਚੌਕ 'ਤੇ ਰੱਖੇ ਕੰਟੇਨਰਾਂ 'ਤੇ ਚੜ੍ਹ ਕੇ ਜਸ਼ਨ ਮਨਾਉਂਦੇ ਨਜ਼ਰ ਆਏ ਸਨ।

ਪਿਛਲੇ ਹਫ਼ਤੇ ਵੀਰਵਾਰ ਨੂੰ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਇੱਕ ਵੀਡੀਓ ਸੰਦੇਸ਼ 'ਚ ਕਿਹਾ ਸੀ ਕਿ ਜਦੋਂ ਇਮਰਾਨ ਖ਼ਾਨ ਮਦੀਨਾ ਤੋਂ ਵਾਪਸ ਆਏ ਸਨ, ਉਦੋਂ ਪਾਕਿਸਤਾਨ ਦੇ ਤਤਕਾਲੀ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੂੰ ਫ਼ੋਨ ਆਇਆ ਸੀ ਕਿ ਉਹ ਕਿਸ ਨੂੰ ਲੈ ਕੇ ਆਏ ਹਨ।

ਸਤੰਬਰ 2019 ਵਿੱਚ, ਇਮਰਾਨ ਖ਼ਾਨ ਉਮਰਾਹ ਲਈ ਆਪਣੀ ਪਤਨੀ ਬੁਸ਼ਰਾ ਬੀਬੀ ਨਾਲ ਮਦੀਨਾ ਗਏ ਸਨ।

ਦਰਅਸਲ ਬੁਸ਼ਰਾ ਬੀਬੀ ਜੇਲ੍ਹ 'ਚ ਇਮਰਾਨ ਖ਼ਾਨ ਨੂੰ ਮਿਲਣ ਗਏ ਸਨ ਅਤੇ ਇਸ ਮੁਲਾਕਾਤ ਤੋਂ ਬਾਅਦ ਹੀ ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ।

ਬੁਸ਼ਰਾ ਬੀਬੀ ਦੇ ਇਸ ਬਿਆਨ 'ਤੇ ਪਾਕਿਸਤਾਨ 'ਚ ਰੌਲਾ ਪੈ ਗਿਆ ਸੀ।

ਇਸ ਬਿਆਨ ਕਾਰਨ ਪਾਕਿਸਤਾਨ ਵਿੱਚ ਬੁਸ਼ਰਾ ਬੀਬੀ ਖ਼ਿਲਾਫ਼ ਕਈ ਨਵੇਂ ਕੇਸ ਦਰਜ ਕੀਤੇ ਗਏ ਸਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਸਾਊਦੀ ਅਰਬ ਬਾਰੇ ਅਜਿਹੀਆਂ ਟਿੱਪਣੀਆਂ ਅਸਹਿਣਯੋਗ ਹਨ।

26 ਨਵੰਬਰ ਨੂੰ ਹੋਈ ਪੁਲਿਸ ਤੇ ਰੇਂਜਰਜ਼ ਦੀ ਕਾਰਵਾਈ ਤੇ ਮੁਜ਼ਾਹਰੇ ਦੀਆਂ ਕੁਝ ਤਸਵੀਰਾਂ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)