ਬਿੱਗ ਬੌਸ ਸੀਜ਼ਨ 19: 'ਸ਼ੋਅ ਸ਼ੁਰੂ, ਲੜਾਈਆਂ ਸ਼ੁਰੂ..' ਜਾਣੋ ਇੰਨੇ ਸਾਲਾਂ 'ਚ ਕਿੰਨਾਂ ਬਦਲਿਆ ਇਹ ਰਿਐਲਿਟੀ ਸ਼ੋਅ

ਤਸਵੀਰ ਸਰੋਤ, Getty Images
- ਲੇਖਕ, ਵੰਦਨਾ
- ਰੋਲ, ਸੀਨੀਅਰ ਨਿਊਜ਼ ਐਡੀਟਰ, ਬੀਬੀਸੀ ਨਿਊਜ਼
'ਘਰਵਾਲੋਂ ਕੀ ਸਰਕਾਰ' ਥੀਮ ਨਾਲ ਬਿੱਗ ਬੌਸ ਸੀਜ਼ਨ 19 ਇੱਕ ਨਵੇਂ ਅੰਦਾਜ਼ ਵਿੱਚ ਸ਼ੁਰੂ ਹੋ ਚੁੱਕਿਆ ਹੈ।
ਸ਼ੋਅ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸਟੈਂਡ-ਅੱਪ ਕਾਮੇਡੀਅਨ ਪ੍ਰਣੀਤ ਮੋਰੇ, ਯੂਟਿਊਬਰ ਮ੍ਰਿਦੁਲ ਤਿਵਾਰੀ, ਸੋਸ਼ਲ ਮੀਡੀਆ ਇੰਫਲੂਐਂਸਰ ਤਾਨਿਆ ਮਿੱਤਲ ਅਤੇ ਨਗਮਾ ਮਿਰਾਜਕਰ ਸ਼ਾਮਲ ਹਨ।
ਟੀਵੀ ਸਟਾਰ ਗੌਰਵ ਖੰਨਾ ਵੀ ਸ਼ੋਅ ਦਾ ਹਿੱਸਾ ਹਨ। ਫਿਲਮਾਂ ਅਤੇ ਟੀਵੀ ਵਿੱਚ ਕੰਮ ਕਰ ਚੁੱਕੇ ਕੁਨਿਕਾ ਸਦਾਨੰਦ, 21 ਸਾਲਾ ਅਸ਼ਨੂਰ ਕੌਰ ਅਤੇ ਭੋਜਪੁਰੀ ਫਿਲਮ ਸਟਾਰ ਨੀਲਮ ਗਿਰੀ ਵੀ ਬਿੱਗ ਬੌਸ ਦੇ ਘਰ ਦਾ ਹਿੱਸਾ ਹਨ।
ਸ਼ੋਅ ਦੀ ਸ਼ੁਰੂਆਤ ਦੇ ਨਾਲ ਹੀ ਲੜਾਈਆਂ ਦੀ ਵੀ ਸ਼ੁਰੂਆਤ ਹੋ ਗਈ ਹੈ। ਬਸੀਰ ਅਲੀ ਨੇ ਤਾਨਿਆ ਨੂੰ ਬੇਦਿਮਾਗ ਕਿਹਾ, ਤਾਂ ਦਾਲ ਦੀ ਕੌਲੀ ਨੂੰ ਲੈ ਕੇ ਹੋਈ ਲੜਾਈ 'ਚ ਜ਼ੀਸ਼ਾਨ ਕਾਦਰੀ ਨੇ ਗੌਰਵ ਖੰਨਾ ਨੂੰ 'ਸਭ ਤੋਂ ਵੱਡਾ ਜਾਹਿਲ' ਕਹਿ ਦਿੱਤਾ।
ਸਾਲ 2006 ਵਿੱਚ ਭਾਰਤ ਵਿੱਚ ਸ਼ੁਰੂ ਹੋਏ ਇਸ ਰਿਐਲਿਟੀ ਸ਼ੋਅ ਦੇ ਤੇਵਰ ਅਤੇ ਕਲੇਵਰ ਪਿਛਲੇ 19 ਸਾਲਾਂ ਵਿੱਚ ਬਹੁਤ ਬਦਲ ਗਏ ਹਨ।
ਇੰਫਲੂਐਂਸਰ, ਕੰਟੈਂਟ ਕ੍ਰੀਏਟਰ ਦਾ ਪ੍ਰਭਾਵ

ਤਸਵੀਰ ਸਰੋਤ, Colors PR
ਬਿੱਗ ਬੌਸ ਦੇ ਪਿਛਲੇ ਕਈ ਸੀਜ਼ਨਾਂ ਦੇ ਜੇਤੂ ਜਾਂ ਪ੍ਰਤੀਯੋਗੀ ਸੋਸ਼ਲ ਮੀਡੀਆ ਇੰਫਲੂਐਂਸਰ, ਡਿਜੀਟਲ ਕੰਟੈਂਟ ਕ੍ਰੀਏਟਰ, ਯੂਟਿਊਬਰ ਅਤੇ ਰੈਪ ਆਰਟਿਸਟ ਰਹੇ ਹਨ।
ਸਾਲ 2023 ਦੇ ਜੇਤੂ ਐਮਸੀ ਸਟੈਨ ਨੂੰ ਦੇਖ ਲਓ, ਇੱਕ ਚਾਲ (ਇੱਕ ਪ੍ਰਕਾਰ ਦੀ ਬਸਤੀ ਜਿੱਥੇ ਬਹੁਤ ਸਾਰੇ ਲੋਕ ਇੱਕੋ-ਇਮਾਰਤ ਵਿੱਚ ਰਹਿੰਦੇ ਹਨ) ਦੀਆਂ ਤੰਗ ਗਲ਼ੀਆਂ 'ਚ ਪਲ਼ੇ ਇਸ 23 ਸਾਲਾ ਰੈਪਰ ਨੇ ਭਾਰਤ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਜਿੱਤਿਆ।
ਐਮਸੀ ਸਟੈਨ 2006 ਵਿੱਚ ਬਿੱਗ ਬੌਸ ਦੇ ਪਹਿਲੇ ਸੀਜ਼ਨ ਦੇ ਜੇਤੂ ਰਹੇ ਫਿਲਮ ਅਦਾਕਾਰ ਰਾਹੁਲ ਰਾਏ ਦੀ ਲਵਰ ਬੁਆਏ ਅਤੇ ਸਾਫ਼-ਸੁਥਰੀ ਇਮੇਜ ਤੋਂ ਬਿਲਕੁਲ ਵੱਖਰਾ ਹੈ।
ਇਹ ਸ਼ੋਅ ਬਦਲਦੇ ਭਾਰਤ ਦੀ ਤਸਵੀਰ ਦਿਖਾਉਂਦਾ ਹੈ, ਜਿੱਥੇ ਡਿਜੀਟਲ ਇੰਡੀਆ ਵਿੱਚ ਪ੍ਰਸਿੱਧੀ ਦੇ ਮਿਆਰ ਤੇਜ਼ੀ ਨਾਲ ਬਦਲਦੇ ਹਨ।
ਰਾਹੁਲ ਦੀ ਆਸ਼ਿਕੀ ਤੋਂ ਲੈ ਕੇ ਐਮਸੀ ਸਟੈਨ ਦੀ 'ਗਨ' ਤੱਕ

ਤਸਵੀਰ ਸਰੋਤ, Colors PR
ਲੋਕਾਂ ਨੇ ਰਾਹੁਲ ਰਾਏ ਨੂੰ ਫਿਲਮਾਂ ਵਿੱਚ 'ਮੈਂ ਦੁਨੀਆਂ ਭੁੱਲਾ ਦੂੰਗਾ ਤੇਰੀ ਚਾਹਤ ਮੇਂ' ਗਾਉਂਦੇ ਦੇਖਿਆ ਸੀ।
ਦੂਜੇ ਪਾਸੇ, ਰੈਪਰ ਐਮਸੀ ਸਟੈਨ ਦੇ ਤੇਵਰ ਅਤੇ ਅੰਦਾਜ਼ ਕੁੱਝ ਵੱਖਰੇ ਹਨ, ਜਦੋਂ ਉਹ ਗਾਉਂਦੇ ਹਨ - 'ਤੂਨੇ ਸੁਬਹਾ ਉਠਕੇ ਸਨ ਦੇਖਾ, ਮੈਨੇ ਸੁਬਹਾ ਉਠਕੇ ਗਨ ਦੇਖਾ'।
ਐਮਸੀ ਸਟੈਨ ਆਪਣੇ ਕੁਝ ਗੀਤਾਂ ਦੇ ਸੈਕਸਿਸਟ ਬੋਲਾਂ ਕਾਰਨ ਵਿਵਾਦਾਂ ਵਿੱਚ ਵੀ ਰਹੇ ਹਨ। ਪਰ ਬਿੱਗ ਬੌਸ ਵਿਵਾਦਾਂ ਲਈ ਹੀ ਜਾਣਿਆ ਜਾਂਦਾ ਹੈ।
ਯੂਟਿਊਬਰ ਐਲਵਿਸ਼ ਯਾਦਵ, ਜੋ ਕਿ ਬਿੱਗ ਬੌਸ ਓਟੀਟੀ ਦੇ ਜੇਤੂ ਸਨ, ਦਾ ਵੀ ਅਜਿਹਾ ਹੀ ਸਫ਼ਰ ਰਿਹਾ ਹੈ।
ਐਲਵਿਸ਼ ਨੇ ਬਿੱਗ ਬੌਸ ਵਿੱਚ ਬਹੁਤ ਸਾਰੀਆਂ ਅਸ਼ਲੀਲ ਟਿੱਪਣੀਆਂ ਕੀਤੀਆਂ, ਹੋਸਟ ਸਲਮਾਨ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਐਲਵਿਸ਼ ਨੇ ਮੁਆਫੀ ਮੰਗੀ। ਐਲਵਿਸ਼ ਦੇ ਪ੍ਰਸ਼ੰਸਕਾਂ ਨੇ ਸਲਮਾਨ ਨੂੰ ਜ਼ਬਰਦਸਤ ਟ੍ਰੋਲ ਕੀਤਾ ਅਤੇ ਫਿਰ ਵੀ ਐਲਵਿਸ਼ ਜਿੱਤ ਗਏ।
ਬਿੱਗ ਬੌਸ ਓਟੀਟੀ ਦੇ ਉਸ ਸੀਜ਼ਨ ਵਿੱਚ ਟੌਪ-3 ਵਿੱਚ ਪਹੁੰਚਣ ਵਾਲੇ ਤਿੰਨੋਂ ਪ੍ਰਤੀਭਾਗੀ ਸੋਸ਼ਲ ਮੀਡੀਆ ਇੰਫਲੂਐਂਸਰ ਸਨ।
ਰਾਹੁਲ ਰਾਏ, ਸ਼ਵੇਤਾ ਤਿਵਾਰੀ..

ਤਸਵੀਰ ਸਰੋਤ, Yogen Shah/The India Today Group via Getty Images
ਸੀਨੀਅਰ ਫਿਲਮ ਅਤੇ ਟੀਵੀ ਆਲੋਚਕ ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ, "ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਨੌਜਵਾਨ ਹੁਣ ਜਾਣਦੇ ਹਨ ਕਿ ਡਿਜੀਟਲ ਸਟਾਰ ਬਣ ਕੇ ਉਹ ਆਪਣੇ ਨਿੱਜੀ ਬ੍ਰਾਂਡ ਨੂੰ ਪ੍ਰਸਿੱਧੀ ਅਤੇ ਪੈਸੇ ਲਈ ਵਰਤ ਸਕਦੇ ਹਨ। ਉਨ੍ਹਾਂ ਨੂੰ ਟੀਵੀ ਜਾਂ ਫਿਲਮਾਂ ਦੀ ਜ਼ਰੂਰਤ ਨਹੀਂ ਹੈ। ਬਿੱਗ ਬੌਸ ਨੇ ਇਸ ਬਦਲਦੀ ਹਕੀਕਤ ਦੇ ਅਨੁਸਾਰ ਆਪਣੇ ਆਪ ਨੂੰ ਢਾਲਿਆ ਹੈ।"
ਬਿੱਗ ਬੌਸ ਦੇ ਸ਼ੁਰੂਆਤੀ ਸੀਜ਼ਨਾਂ ਵਿੱਚ, ਰਾਹੁਲ ਰਾਏ, ਸ਼ਵੇਤਾ ਤਿਵਾਰੀ, ਕਸ਼ਮੀਰਾ ਸ਼ਾਹ, ਰਾਖੀ ਸਾਵੰਤ, ਰਵੀ ਕਿਸ਼ਨ ਵਰਗੇ ਫਿਲਮ ਅਤੇ ਟੀਵੀ ਸਿਤਾਰਿਆਂ ਦਾ ਦਬਦਬਾ ਰਹਿੰਦਾ ਸੀ।
ਬਿੱਗ ਬੌਸ ਵਿੱਚ ਵਿਵਾਦਪੂਰਨ ਚਿਹਰਿਆਂ ਦਾ ਰੁਝਾਨ

ਤਸਵੀਰ ਸਰੋਤ, Ramchandran
ਸਾਲ 2010 ਤੱਕ ਆਉਂਦੇ-ਆਉਂਦੇ ਸ਼ੋਅ ਦਾ ਮਿਜਾਜ਼ ਥੋੜ੍ਹਾ ਬਦਲਣ ਲੱਗ ਪਿਆ। ਨਾ ਸਿਰਫ਼ ਮਸ਼ਹੂਰ ਚਿਹਰੇ, ਸਗੋਂ ਕਮਾਲ ਆਰ ਖਾਨ ਅਤੇ ਡੌਲੀ ਬਿੰਦਰਾ ਵਰਗੇ ਵਿਵਾਦਪੂਰਨ ਚਿਹਰੇ ਵੀ ਬਿੱਗ ਬੌਸ ਵਿੱਚ ਦਿਖਾਈ ਦੇਣ ਲੱਗੇ।
ਸੀਜ਼ਨ 15 ਵਿੱਚ ਬਿੱਗ ਬੌਸ ਮਰਾਠੀ ਦਾ ਹਿੱਸਾ ਰਹੇ ਅਭਿਜੀਤ ਬਿਚਕੁਲੇ ਵੱਲੋਂ ਔਰਤਾਂ 'ਤੇ ਕੀਤੀਆਂ ਅਸ਼ਲੀਲ ਟਿੱਪਣੀਆਂ ਚਰਚਾ ਵਿੱਚ ਰਹੀਆਂ।
ਹੁਣ ਮਨੋਰੰਜਨ ਕਾਫ਼ੀ ਨਹੀਂ ਸੀ, ਥੋੜ੍ਹੀ ਸਨਸਨੀ ਅਤੇ ਸਕੈਂਡਲ ਦੀ ਵੀ ਲੋੜ ਸੀ।
ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ, "ਸੋਸ਼ਲ ਮੀਡੀਆ ਲੋਕਾਂ ਦੁਆਰਾ ਕੀਤੇ ਗਏ ਭੱਦੇ ਗਾਲੀ-ਗਲੋਚ, ਟ੍ਰੋਲਿੰਗ ਅਤੇ ਨਿੱਜੀ ਹਮਲਿਆਂ ਨਾਲ ਭਰਿਆ ਪਿਆ ਹੈ। ਹੁਣ ਅਸੀਂ ਬਿੱਗ ਬੌਸ ਵਿੱਚ ਜੋ ਗਾਲੀ-ਗਲੋਚ ਅਤੇ ਭੱਦੀ ਭਾਸ਼ਾ ਦੇਖਦੇ ਹਾਂ, ਉਹ ਇਸ ਬਦਲਦੇ ਸਮਾਜ ਦਾ ਹੀ ਅਕਸ ਹੈ। ਅਜਿਹੇ ਪ੍ਰਤੀਭਾਗੀ ਬਿੱਗ ਬੌਸ ਜਿੱਤ ਵੀ ਜਾਂਦੇ ਹਨ। ਇਸ ਤਰ੍ਹਾਂ ਦਾ ਵਿਵਹਾਰ ਹੁਣ ਦਰਸ਼ਕਾਂ ਲਈ ਡੀਲ ਬ੍ਰੇਕਰ ਨਹੀਂ ਹੈ।"
ਜੇਕਰ ਅਸੀਂ ਰਾਹੁਲ ਰਾਏ ਦੇ ਦੌਰ ਦੀ ਗੱਲ ਕਰੀਏ ਤਾਂ ਮਸ਼ਹੂਰ ਹਸਤੀਆਂ ਤੋਂ ਇੱਕ ਖਾਸ ਕਿਸਮ ਦੇ ਨਰਮ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਸੀ। ਪਰ ਅੱਜ ਦਾ ਮਾਹੌਲ 'ਰੀਅਲ' ਹੋਣ 'ਤੇ ਕੇਂਦ੍ਰਿਤ ਹੈ ਅਤੇ ਰੀਅਲ ਨੂੰ ਅਕਸਰ ਬਿਨਾਂ ਫਿਲਟਰ ਦੇ ਵਰਤੀ ਜਾਂਦੀ ਇਤਰਾਜ਼ਯੋਗ ਭਾਸ਼ਾ ਮੰਨਿਆ ਜਾਂਦਾ ਹੈ।"
ਬਿੱਗ ਬੌਸ ਅਤੇ ਹੈਸ਼ਟੈਗ ਦੀ ਦੁਨੀਆਂ ਦੇ ਬਾਦਸ਼ਾਹ

ਤਸਵੀਰ ਸਰੋਤ, Twitter/Jio
ਸੀਜ਼ਨ 13 ਤੋਂ ਬਾਅਦ ਬਿੱਗ ਬੌਸ ਵਿੱਚ ਇੱਕ ਵੱਡੀ ਤਬਦੀਲੀ ਆਈ, ਜਦੋਂ ਡਿਜੀਟਲ ਦੁਨੀਆਂ ਦੇ ਲੋਕ ਮਸ਼ਹੂਰ ਹਸਤੀਆਂ ਬਣਨ ਲੱਗ ਪਏ।
ਬਿੱਗ ਬੌਸ ਦੇ ਪ੍ਰਤੀਭਾਗੀ ਸ਼ਹਿਨਾਜ਼ ਗਿੱਲ, ਮੁਨੱਵਰ ਫਾਰੂਖੀ, ਐਲਵਿਸ਼ ਹੈਸ਼ਟੈਗ ਦੀ ਦੁਨੀਆਂ ਦੇ ਬਾਦਸ਼ਾਹ ਸਨ।
ਲੋਕਾਂ ਨੂੰ ਐਮਸੀ ਸਟੈਨ ਦਾ ਜੈਸੇ ਨੂੰ ਤੈਸਾ ਕਹਿਣਾ ਵਾਲਾ ਅੰਦਾਜ਼ ਪਸੰਦ ਆਇਆ। ਹੱਕ ਸੇ, ਫੀਲ ਯੂ ਬ੍ਰੋ ਵਰਗੇ ਉਨ੍ਹਾਂ ਦੇ ਜੁਮਲੇ ਪਸੰਦ ਆਏ।
ਡਿਜੀਟਲ ਦੁਨੀਆਂ ਵਿੱਚ ਜੁਮਲਿਆਂ ਨੂੰ ਰਾਤੋ-ਰਾਤ ਵਾਇਰਲ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ।
ਬਿੱਗ ਬੌਸ ਤੋਂ ਮਿਲੀ ਜ਼ਬਰਦਸਤ ਪ੍ਰਸਿੱਧੀ ਬਾਰੇ ਬੀਬੀਸੀ ਨੇ ਬਿੱਗ ਬੌਸ ਦੀ ਸਾਬਕਾ ਪ੍ਰਤੀਭਾਗੀ 'ਚੁਮ' ਨਾਲ ਗੱਲ ਕੀਤੀ ਸੀ।
ਉਨ੍ਹਾਂ ਦਾ ਕਹਿਣਾ ਸੀ, "ਮੈਂ 'ਬਧਾਈ ਦੋ' ਅਤੇ 'ਗੰਗੂਬਾਈ ਕਾਠੀਆਵਾੜੀ' ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਮੈਂ ਸੋਚਿਆ ਸੀ ਕਿ ਇਨ੍ਹਾਂ ਤੋਂ ਬਾਅਦ ਲੋਕ ਮੈਨੂੰ ਪਛਾਨਣ ਲੱਗ ਪੈਣਗੇ। ਪਰ ਅਜਿਹਾ ਨਹੀਂ ਹੋਇਆ। ਬਿੱਗ ਬੌਸ ਨੇ ਸਭ ਕੁਝ ਬਦਲ ਦਿੱਤਾ। ਹੁਣ ਜਦੋਂ ਮੈਂ ਕਿਤੇ ਵੀ ਜਾਂਦੀ ਹਾਂ ਤਾਂ ਲੋਕ ਮੈਨੂੰ ਪਛਾਣਦੇ ਹਨ।"
ਕਿਉਂ ਹਿੱਟ ਹੁੰਦੇ ਹਨ ਬਿੱਗ ਬੌਸ ਵਰਗੇ ਸ਼ੋਅ

ਤਸਵੀਰ ਸਰੋਤ, Nisha Khanna
ਡਾਕਟਰ ਨਿਸ਼ਾ ਖੰਨਾ ਇੱਕ ਮਨੋਵਿਗਿਆਨੀ ਹਨ ਅਤੇ ਰਿਐਲਿਟੀ ਸ਼ੋਅ ਵਿੱਚ ਬਤੌਰ ਥੈਰੇਪਿਸਟ ਕੰਮ ਕਰ ਚੁੱਕੇ ਹਨ।
ਉਹ ਕਹਿੰਦੇ ਹਨ, "ਅੱਜ ਦਾ ਨੌਜਵਾਨ ਬਿਨਾਂ ਫਿਲਟਰ ਕੀਤੇ ਕੰਟੈਂਟ ਤੋਂ ਪ੍ਰਭਾਵਿਤ ਹੈ, ਜਿਸ ਵਿੱਚ ਵਿਵਾਦ ਅਤੇ ਹਮਲਾਵਰ ਸੁਭਾਅ ਹੋਵੇ। ਉਹ ਵਾਇਰਲ ਹੋਣਾ ਚਾਹੁੰਦੇ ਹਨ, ਉਹ ਤੁਰੰਤ ਮਸ਼ਹੂਰ ਹੋਣਾ ਚਾਹੁੰਦੇ ਹਨ। ਉਹ ਪੁਰਾਣੇ ਵਿਸ਼ਵਾਸਾਂ ਨੂੰ ਵੀ ਚੁਣੌਤੀ ਦੇਣਾ ਚਾਹੁੰਦੇ ਹਨ।"
"ਉਨ੍ਹਾਂ ਨੂੰ ਲੱਗਦਾ ਹੈ ਕਿ ਬਿੱਗ ਬੌਸ ਵਿੱਚ ਲੜਾਈਆਂ ਅਤੇ ਗਾਲ਼ਾਂ ਹਨ, ਉਨ੍ਹਾਂ ਵਿੱਚ ਕੋਈ ਲਾਗ-ਲਪੇਟ ਨਹੀਂ ਹੈ ਅਤੇ ਇਹੀ ਰੀਅਲ ਹੈ। ਇਸ ਲਈ ਉਹ ਇਸ ਨਾਲ ਰਿਲੇਟ (ਜੁੜਿਆ ਹੋਇਆ ਮਹਿਸੂਸ) ਕਰ ਰਹੇ ਹਨ। ਪਰ ਇਹ ਬਹੁਤ ਸਕ੍ਰਿਪਟਡ ਹੁੰਦਾ ਹੈ।"
ਬਿੱਗ ਬੌਸ ਸ਼ੋਅ ਦੀ ਪ੍ਰੋਡਕਸ਼ਨ ਟੀਮ ਦਾ ਹਿੱਸਾ ਰਹੇ ਇੱਕ ਵਿਅਕਤੀ ਨੇ ਬੀਬੀਸੀ ਪੱਤਰਕਾਰ ਵਿਕਾਸ ਤ੍ਰਿਵੇਦੀ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਸੀ, "ਜਨਤਾ ਨੂੰ ਉਹੀ ਦਿਖਾਇਆ ਜਾਂਦਾ ਹੈ ਜੋ ਉਹ ਦੇਖਣਾ ਚਾਹੁੰਦੀ ਹੈ। ਗਾਲਾਂ, ਲੜਾਈਆਂ, ਮੁਹੱਬਤ, ਕੁਝ ਵੀ ਮਨਘੜਤ ਨਹੀਂ ਹੈ। ਪ੍ਰਤੀਭਾਗੀ ਜਾਣਦੇ ਹਨ ਕਿ ਜਨਤਾ ਕੀ ਪਸੰਦ ਕਰਦੀ ਹੈ। 24 ਘੰਟਿਆਂ ਦੀ ਰਿਕਾਰਡਿੰਗ ਤੋਂ ਇੱਕ ਘੰਟੇ ਦਾ ਐਪੀਸੋਡ ਪ੍ਰਸਾਰਿਤ ਹੁੰਦਾ ਹੈ। ਇਸ ਲਈ ਸਿਰਫ਼ ਮਸਾਲਾ ਦਿਖਾਇਆ ਜਾਂਦਾ ਹੈ।"
ਬਿੱਗ ਬੌਸ ਨੇ ਬਦਲੀ ਇਮੇਜ

ਬਿੱਗ ਬੌਸ ਦੇ ਇਸੇ ਰੋਮਾਂਚ, ਵਿਵਾਦ ਅਤੇ ਡਰਾਮੇ ਨੇ ਕਈ ਡਿਜੀਟਲ ਸਿਤਾਰਿਆਂ ਨੂੰ ਨਵੀਂ ਪਛਾਣ ਦਿੱਤੀ ਹੈ।
ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਖੀ ਨੂੰ 2021 ਵਿੱਚ ਇੱਕ ਕਾਮੇਡੀ ਸ਼ੋਅ ਤੋਂ ਬਾਅਦ ਜੇਲ੍ਹ ਦੀ ਸਜ਼ਾ ਭੁਗਤਣੀ ਪਈ ਸੀ।
ਪਰ ਰਿਐਲਿਟੀ ਸ਼ੋਅ ਰਾਹੀਂ ਮੁਨੱਵਰ ਨੇ ਆਪਣੀ ਇਮੇਜ ਪੂਰੀ ਤਰ੍ਹਾਂ ਬਦਲ ਦਿੱਤੀ।
ਜਦੋਂ ਮੁਨੱਵਰ ਬਿੱਗ ਬੌਸ ਤੋਂ ਬਾਹਰ ਆਏ ਤਾਂ ਉਹ ਧਾਰਮਿਕ ਵਿਵਾਦ ਵਿੱਚ ਫਸੇ ਕਾਮੇਡੀਅਨ ਨਹੀਂ ਸਨ।
ਲੋਕਾਂ ਨੇ ਆਪਣੇ ਆਪ ਨੂੰ ਮੁਨੱਵਰ ਵਿੱਚ ਦੇਖਿਆ

ਤਸਵੀਰ ਸਰੋਤ, Colors PR
ਜਿੱਤ ਤੋਂ ਬਾਅਦ, ਮੁੰਬਈ ਦੇ ਨੇੜੇ ਡੋਂਗਰੀ ਦੀਆਂ ਤੰਗ ਗਲੀਆਂ ਵਿੱਚ ਉਨ੍ਹਾਂ ਦੇ ਸਵਾਗਤ ਲਈ ਜੋ ਵੱਡੀ ਭੀੜ ਇਕੱਠਾ ਹੋਈ, ਉਸਨੂੰ ਦੇਖ ਕੇ ਲੋਕ ਹੈਰਾਨ ਸਨ।
ਬਹੁਤ ਸਾਰੇ ਲੋਕਾਂ ਨੇ ਤਾਂ ਇਹ ਸਵਾਲ ਵੀ ਉਠਾਇਆ ਸੀ ਕਿ ਇੱਕ ਰਿਐਲਿਟੀ ਸ਼ੋਅ ਦੇ ਸਟਾਰ ਲਈ ਇੰਨੀ ਭੀੜ?
ਮੁਨੱਵਰ ਨੇ ਉਹ ਜ਼ਿੰਦਗੀ ਦੇਖੀ ਹੈ, ਜਿੱਥੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਬਚਪਨ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੇ ਪਿਤਾ ਨੇ 2002 ਦੇ ਦੰਗੇ ਝੱਲੇ।
ਬਿੱਗ ਬੌਸ ਵਿੱਚ ਮੁਨੱਵਰ ਦੀ ਜਿੱਤ ਤੋਂ ਬਾਅਦ ਰਾਜਨੀਤਿਕ ਵਿਗਿਆਨੀ ਅਸੀਮ ਅਲੀ ਨੇ ਬੀਬੀਸੀ ਨੂੰ ਕਿਹਾ ਸੀ, "ਮੁਨੱਵਰ ਵਰਗੀਆਂ ਹਸਤੀਆਂ ਵਿੱਚ ਨੌਜਵਾਨਾਂ ਨੇ ਆਪਣੇ ਆਪ ਨੂੰ ਦੇਖਿਆ, ਉਹ ਉਨ੍ਹਾਂ ਵਿੱਚ ਆਪਣੇ ਸੰਘਰਸ਼ਾਂ ਅਤੇ ਉਮੀਦਾਂ ਦੇਖਦੇ ਹਾਂ।"
ਬਿੱਗ ਬੌਸ, ਇੰਸਟੈਂਟ ਫੇਮ ਅਤੇ ਸਮਾਜ

ਬਿੱਗ ਬੌਸ ਵਿੱਚ ਰਾਹੁਲ ਰਾਏ ਤੋਂ ਮੁਨੱਵਰ ਫਾਰੂਖੀ ਤੱਕ ਦਾ ਸਫ਼ਰ ਸਿਰਫ਼ 2006 ਤੋਂ 2025 ਤੱਕ ਦਾ ਸਫ਼ਰ ਨਹੀਂ ਹੈ।
ਹੁਣ ਇਹ ਸ਼ੋਅ ਸਿਰਫ਼ ਸਾਲਾਂ ਦੇ ਕਰੀਅਰ ਦੇ ਆਧਾਰ 'ਤੇ ਇੱਥੇ ਪਹੁੰਚਣ ਦੀ ਕਹਾਣੀ ਨਹੀਂ ਹੈ, ਇਹ ਇੰਸਟੈਂਟ ਫੇਮ ਦੀ ਕਹਾਣੀ ਵੀ ਹੈ।
ਹੁਣ ਇਹ ਸ਼ੋਅ ਸੋਸ਼ਲ ਮੀਡੀਆ ਦੀ ਇੱਕ ਪੋਸਟ ਨਾਲ ਵਾਇਰਲ ਹੁੰਦੇ ਅਤੇ ਇੱਕ ਹੀ ਵੀਡੀਓ ਨਾਲ ਟ੍ਰੋਲ ਹੋ ਕੇ ਪਸਤ ਹੁੰਦੇ ਭਾਰਤ ਦਾ ਵੀ ਸਫ਼ਰ ਹੈ।
ਬਿੱਗ ਬੌਸ ਦੇ ਬਹੁਤ ਸਾਰੇ ਦਰਸ਼ਕਾਂ ਲਈ ਇਹ ਸ਼ੋਅ ਮਨੋਰੰਜਨ ਨਾਲ ਭਰਪੂਰ ਹੈ ਅਤੇ ਇਸਦੇ ਜੇਤੂ ਹੀਰੋ ਹਨ, ਜਿਨ੍ਹਾਂ ਵਿੱਚ ਉਹ ਆਪਣੇ ਆਪ ਨੂੰ ਦੇਖਦੇ ਹਨ।
ਜਦਕਿ ਕੁਝ ਲੋਕਾਂ ਲਈ ਇਹ ਸ਼ੋਅ ਬੁਲਿੰਗ, ਐਗਰੇਸ਼ਨ ਅਤੇ ਗਾਲ਼ੀ-ਗਲੌਚ ਵਾਲੇ ਦਰਕਦੇ ਸਮਾਜ ਅਤੇ ਇੱਕ ਡੂੰਘੀ ਸਮੱਸਿਆ ਦਾ ਪ੍ਰਤੀਕ ਹੈ, ਜਿਸ ਦਾ ਦਰਸ਼ਕ ਖੁਦ ਵੀ ਹਿੱਸਾ ਹਨ।
ਬਿੱਗ ਬੌਸ ਜੇਤੂ

ਤਸਵੀਰ ਸਰੋਤ, Getty Images
ਸੀਜ਼ਨ 1- ਰਾਹੁਲ ਰਾਏ
ਸੀਜ਼ਨ 4- ਸ਼ਵੇਤਾ ਤਿਵਾਰੀ
ਸੀਜ਼ਨ 9- ਪ੍ਰਿੰਸ ਨਿਰੂਲਾ
ਸੀਜ਼ਨ 16- ਐਮਸੀ ਸਟੈਨ
ਸੀਜ਼ਨ 17- ਮੁਨੱਵਰ ਫਾਰੂਖੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












