'ਕਿਉਂਕੀ ਸਾਸ ਭੀ ਕਭੀ...' ਦੀ ਟੀਵੀ 'ਤੇ ਵਾਪਸੀ, ਸਮ੍ਰਿਤੀ ਈਰਾਨੀ ਦੇ ਇਸ ਸ਼ੋਅ ਨੂੰ 'ਪ੍ਰਗਤੀਸ਼ੀਲ' ਕਹਿਣਾ ਕਿੰਨਾ ਸਹੀ

ਸਮ੍ਰਿਤੀ ਈਰਾਨੀ

ਤਸਵੀਰ ਸਰੋਤ, starplus

ਤਸਵੀਰ ਕੈਪਸ਼ਨ, 'ਕਿਓਂਕੀ ਸਾਸ ਭੀ ਕਭੀ ਬਹੂ ਥੀ - ਸੀਜ਼ਨ 2' ਟੀਵੀ 'ਤੇ ਆ ਗਿਆ ਹੈ
    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ, ਏਸ਼ੀਆ ਡਿਜੀਟਲ

'ਘਰ ਘਰ ਕੀ ਰਾਨੀ, ਤੁਲਸੀ ਵਿਰਾਨੀ'- ਸਾਲ 2004 ਵਿੱਚ ਜਦੋਂ ਅਦਾਕਾਰਾ ਸਮ੍ਰਿਤੀ ਈਰਾਨੀ ਨੇ ਭਾਰਤੀ ਜਨਤਾ ਪਾਰਟੀ ਲਈ ਚੋਣ ਲੜਨ ਦਾ ਫੈਸਲਾ ਕੀਤਾ, ਤਾਂ ਉਸ ਸਮੇਂ ਦੀਆਂ ਚੋਣ ਸਭਾਵਾਂ ਇਨ੍ਹਾਂ ਨਾਅਰਿਆਂ ਨਾਲ ਸਜੀਆਂ ਹੁੰਦੀਆਂ ਸਨ।

ਲੋਕਾਂ ਉਨ੍ਹਾਂ ਨੂੰ ਸਮ੍ਰਿਤੀ ਈਰਾਨੀ ਨਹੀਂ, ਸਗੋਂ ਤੁਲਸੀ ਵਿਰਾਨੀ ਵਜੋਂ ਪਛਾਣਦੇ ਸਨ।

ਤੁਲਸੀ ਵਿਰਾਨੀ ਭਾਵ ਸਮ੍ਰਿਤੀ ਈਰਾਨੀ ਇੱਕ ਨੂੰਹ ਵਜੋਂ ਟੀਵੀ ਸੀਰੀਅਲ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਦੇ ਸਭ ਤੋਂ ਮਸ਼ਹੂਰ ਕਿਰਦਾਰਾਂ ਵਿੱਚੋਂ ਇੱਕ ਸਨ।

ਅੱਜ ਦੀ ਪੀੜ੍ਹੀ ਸਮ੍ਰਿਤੀ ਈਰਾਨੀ ਨੂੰ ਭਾਜਪਾ ਆਗੂ, ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਵਜੋਂ ਜਾਣਦੀ ਹੈ। ਉਨ੍ਹਾਂ ਨੂੰ ਤਿੱਖੀਆਂ ਸਿਆਸੀ ਬਹਿਸਾਂ ਵਿੱਚ ਬੋਲਦੇ ਸੁਣਿਆ ਹੈ, ਰਾਹੁਲ ਗਾਂਧੀ ਵਿਰੁੱਧ ਪਲਟਵਾਰ ਕਰਦੇ ਦੇਖਿਆ ਹੈ।

ਜੁਲਾਈ 2000 ਵਿੱਚ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਦਾ ਪਹਿਲਾ ਐਪੀਸੋਡ ਆਇਆ ਸੀ।

ਇਹ ਉਹ ਦੌਰ ਸੀ ਜਦੋਂ ਭਾਰਤ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਹਿੰਦੀ ਸੀਰੀਅਲ ਦੇਖਣ ਵਾਲੇ ਲੋਕ ਰਾਤ 10.30 ਵਜੇ ਆਪਣਾ ਕੰਮ ਖਤਮ ਕਰਕੇ 'ਕਿਓਂਕੀ ਸਾਸ ਭੀ ਕਭੀ ਬਹੂ ਥੀ' ਦੇਖਣ ਲਈ ਇਕੱਠੇ ਹੋ ਕੇ ਬੈਠ ਜਾਂਦੇ ਸਨ।

ਇਸਨੂੰ ਦੇਖਣਾ ਇੱਕ ਤਰ੍ਹਾਂ ਦਾ ਪਰਿਵਾਰਕ, ਸਮੂਹਿਕ ਯਤਨ ਸੀ।

ਹੁਣ, ਲਗਭਗ 25 ਸਾਲਾਂ ਬਾਅਦ ਦਰਸ਼ਕਾਂ ਨੇ ਸਮ੍ਰਿਤੀ ਈਰਾਨੀ ਵਰਗੇ ਕੁਝ ਪੁਰਾਣੇ ਚਿਹਰਿਆਂ ਅਤੇ ਕਈ ਨਵੇਂ ਚਿਹਰਿਆਂ ਨਾਲ 'ਕਿਓਂਕੀ ਸਾਸ ਭੀ ਕਭੀ ਬਹੂ ਥੀ - ਸੀਜ਼ਨ 2' ਨੂੰ ਟੀਵੀ ਸੈੱਟਾਂ 'ਤੇ ਦੇਖਿਆ ਹੈ।

'ਤੁਲਸੀ ਵਰਗੀ ਨੂੰਹ ਹੋਵੇ ਜੋ ਵੱਡਿਆਂ ਦੀ ਹਰ ਗੱਲ ਮੰਨੇ'

ਕਿਉਂਕੀ ਸਾਸ ਭੀ ਕਭੀ ਬਹੂ ਥੀ

ਤਸਵੀਰ ਸਰੋਤ, starplus

ਤਸਵੀਰ ਕੈਪਸ਼ਨ, ਇਹ ਸੀਰੀਅਲ ਪਹਿਲੀ ਵਾਰ ਸਾਲ 2000 ਵਿੱਚ ਸ਼ੁਰੂ ਹੋਇਆ ਸੀ ਅਤੇ ਇਸਨੇ ਸਮ੍ਰਿਤੀ ਇਰਾਨੀ ਨੂੰ ਇੱਕ ਵੱਖਰੀ ਪਛਾਣ ਦਿਵਾਈ

ਜਿੱਥੇ ਇੱਕ ਪਾਸੇ ਇਸ ਸੀਰੀਅਲ ਨੇ ਸਫਲਤਾ ਦੇ ਨਵੇਂ ਅਧਿਆਇ ਲਿਖੇ, ਉੱਥੇ ਹੀ ਇਸਦੀ ਆਲੋਚਨਾ ਵੀ ਕੀਤੀ ਗਈ ਹੈ ਕਿ ਇਸ ਸ਼ੋਅ ਨੇ ਮਹਿਲਾਵਾਂ ਦੇ ਮਾਮਲਿਆਂ ਵਿੱਚ ਪਿਛੜੀ ਸੋਚ ਨੂੰ ਪਰਦੇ 'ਤੇ ਲਿਆਉਣ ਦਾ ਰੁਝਾਨ ਸ਼ੁਰੂ ਕੀਤਾ।

ਵੈਸੇ, ਇਹ ਸੀਰੀਅਲ ਭਾਰਤ ਤੋਂ ਬਾਹਰ ਵੀ ਬਹੁਤ ਮਸ਼ਹੂਰ ਰਿਹਾ ਹੈ, ਉਹ ਵੀ ਬਿਨਾਂ ਕਿਸੇ ਸੋਸ਼ਲ ਮੀਡੀਆ ਦੇ।

'ਸਾਫਟ ਪਾਵਰ ਆਫ਼ ਇੰਡੀਅਨ ਟੈਲੀਵਿਜ਼ਨ ਸ਼ੋਅਜ਼ ਇਨ ਨੇਪਾਲ' ਸਿਰਲੇਖ ਵਾਲੇ ਇੱਕ ਖੋਜ ਪੱਤਰ ਵਿੱਚ ਡੰਬਰ ਰਾਜ ਭੱਟਾ ਨੇ ਲਿਖਿਆ ਹੈ, "ਇਸ ਸੀਰੀਅਲ ਦਾ ਪ੍ਰਭਾਵ ਇਹ ਸੀ ਕਿ ਨੇਪਾਲ ਦੀਆਂ ਸ਼ਹਿਰੀ ਮਹਿਲਾਵਾਂ ਕਹਿੰਦੀਆਂ ਸਨ ਕਿ ਉਹ ਤੁਲਸੀ ਵਰਗੀ ਨੂੰਹ ਚਾਹੁੰਦੀਆਂ ਹਨ। ਮੇਰੀ ਇੱਕ ਰਿਸ਼ਤੇਦਾਰ ਨੇ ਕਿਹਾ ਸੀ ਕਿ 'ਮੈਨੂੰ ਤੁਲਸੀ ਵਰਗੀ ਨੂੰਹ ਚਾਹੀਦੀ ਹੈ ਜੋ ਬਜ਼ੁਰਗਾਂ ਦੀ ਹਰ ਗੱਲ ਮੰਨੇ'।"

ਦਾਰੀ ਭਾਸ਼ਾ ਵਿੱਚ ਡੱਬ ਹੋ ਕੇ ਅਫਗਾਨਿਸਤਾਨ ਵਿੱਚ ਟੈਲੀਕਾਸਟ ਹੋਣ ਵਾਲਾ ਇਹ ਪਹਿਲਾ ਭਾਰਤੀ ਸੀਰੀਅਲ ਬਣਿਆ। ਇਹ ਉੱਥੇ ਤੁਲਸੀ ਦੇ ਨਾਮ ਨਾਲ ਮਸ਼ਹੂਰ ਸੀ। ਉੱਥੇ ਇੱਕ ਕਿੱਸਾ ਮਸ਼ਹੂਰ ਸੀ ਕਿ ਜਦੋਂ ਲੋਕ ਤੁਲਸੀ ਦੇਖ ਰਹੇ ਹੁੰਦੇ ਸਨ, ਤਾਂ ਚੋਰ ਉਸ ਸਮੇਂ ਚੋਰੀ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਲੋਕ ਟੀਵੀ 'ਤੇ ਨਜ਼ਰਾਂ ਗੱਡੀ ਬੈਠੇ ਹੋਣਗੇ।''

ਹਾਲਾਂਕਿ, ਅਫਗਾਨ ਸੱਭਿਆਚਾਰ ਦੇ ਅਨੁਸਾਰ ਬਹੁਤ ਸਾਰੇ ਦ੍ਰਿਸ਼ ਧੁੰਦਲੇ ਕਰ ਦਿੱਤੇ ਜਾਂਦੇ ਸਨ - ਜਿਵੇਂ ਕਿ ਮਹਿਲਾਵਾਂ ਦੇ ਕੱਪੜੇ ਜਾਂ ਨੱਚਣ-ਗਾਉਣ ਦੇ ਦ੍ਰਿਸ਼ ਜਾਂ ਧਾਰਮਿਕ ਚਿੰਨ੍ਹ।

ਭੂਟਾਨ, ਸ਼੍ਰੀਲੰਕਾ, ਪਾਕਿਸਤਾਨ, ਨੇਪਾਲ ਵਰਗੀਆਂ ਕਈ ਥਾਵਾਂ 'ਤੇ ਇਸ ਸੀਰੀਅਲ ਦਾ ਕ੍ਰੇਜ਼ ਸੀ।

'ਕਿਉਂਕੀ ਸਾਸ ਭੀ ਕਭੀ ਬਹੂ ਥੀ.. ਦੇ ਪ੍ਰਗਤੀਸ਼ੀਲ ਹੋਣ ਦੇ ਦਾਅਵੇ ਗਲਤ'

ਏਕਤਾ ਕਪੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਦਿਨ ਪਹਿਲਾਂ ਏਕਤਾ ਕਪੂਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ ਕਿ ਉਸਦੇ ਸੀਰੀਅਲ ਨੇ ਭਾਰਤੀ ਔਰਤਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਇੱਕ ਨਵੀਂ ਆਵਾਜ਼ ਦਿੱਤੀ

ਹਾਲਾਂਕਿ ਅਜੇ ਨਵੇਂ ਸੀਜ਼ਨ ਦੇ ਕੁਝ ਹੀ ਐਪੀਸੋਡ ਆਏ ਹਨ, ਜਿਨ੍ਹਾਂ ਵਿੱਚ ਜੇਨ ਜ਼ੀ ਕਿਰਦਾਰ ਹਨ, ਸੋਸ਼ਲ ਮੀਡੀਆ 'ਤੇ ਹੈਸ਼ਟੈਗ ਪਾਉਂਦੇ ਅਤੇ ਸੈਲਫੀਆਂ ਅਪਲੋਡ ਕਰਦੇ ਕਿਰਦਾਰ ਹਨ, ਪਰ ਗੱਲਾਂ ਕੁਝ ਉਹੀ ਪੁਰਾਣੀਆਂ ਜਿਹੀਆਂ ਪ੍ਰਤੀਤ ਹੁੰਦੀਆਂ ਹਨ।

ਜਿਵੇਂ, ਜਦੋਂ ਤੁਲਸੀ ਆਪਣੀ ਨੂੰਹ ਨੂੰ ਕਹਿੰਦੀ ਹੈ - 'ਘਰ 'ਚ ਮਾਂ, ਨੂੰਹ ਅਤੇ ਧੀ ਘਰ ਖਾਣਾ ਪਕਾਉਣ ਅਤੇ ਖਾਣੇ ਦੀ ਖੁਸ਼ਬੂ ਪੂਰੇ ਘਰ ਵਿੱਚ ਫੈਲ ਜਾਵੇ, ਤਾਂ ਹੀ ਘਰ.. ਘਰ ਵਰਗਾ ਲੱਗਦਾ ਹੈ।'

ਜਾਂ ਜਦੋਂ ਤੁਲਸੀ ਬੱਚਿਆਂ ਨੂੰ ਕਹਿੰਦੀ ਹੈ - "ਜੇ ਮੈਂ ਕੰਮ ਨਹੀਂ ਕਰਾਂਗੀ ਤਾਂ ਕੌਣ ਕਰੇਗਾ? ਇਹ ਘਰ ਇਸ ਤਰ੍ਹਾਂ ਚੱਲਦਾ ਹੈ।"

ਪੁਰਾਣੇ ਸੀਰੀਅਲ ਦੀ ਬੇਮਿਸਾਲ ਸਫਲਤਾ ਦੇ ਬਾਵਜੂਦ, ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਕੀ ਇਸ ਸੀਰੀਅਲ ਨੇ ਵਾਕਈ ਮਹਿਲਾਵਾਂ ਦੇ ਮੁੱਦਿਆਂ ਨੂੰ ਪ੍ਰਗਤੀਸ਼ੀਲ ਤਰੀਕੇ ਨਾਲ ਦਿਖਾਇਆ ਹੈ।

ਕੁਝ ਦਿਨ ਪਹਿਲਾਂ ਏਕਤਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਇੱਕ ਅੰਤਰਰਾਸ਼ਟਰੀ ਸੰਸਥਾ ਨੇ

ਸਮ੍ਰਿਤੀ ਇਰਾਨੀ

ਆਪਣੀ ਖੋਜ ਵਿੱਚ ਪਾਇਆ ਕਿ ਇਸ ਸ਼ੋਅ ਨੇ ਭਾਰਤੀ ਘਰਾਂ ਵਿੱਚ ਮਹਿਲਾਵਾਂ ਨੂੰ ਇੱਕ ਨਵੀਂ ਆਵਾਜ਼ ਦਿੱਤੀ। 2000 ਅਤੇ 2005 ਦੇ ਵਿਚਕਾਰ ਪਹਿਲੀ ਵਾਰ ਮਹਿਲਾਵਾਂ ਪਰਿਵਾਰਕ ਚਰਚਾਵਾਂ ਦਾ ਹਿੱਸਾ ਬਣਨ ਲੱਗੀਆਂ। ਇਹ ਬਦਲਾਅ ਭਾਰਤੀ ਟੀਵੀ, ਖਾਸ ਕਰਕੇ 'ਕਿਓਂਕੀ ਸਾਸ ਭੀ ਕਭੀ ਬਹੂ ਥੀ' ਅਤੇ 'ਕਹਾਨੀ ਘਰ ਘਰ ਕੀ' ਤੋਂ ਪ੍ਰਭਾਵਿਤ ਸੀ।"

ਪੇਮਰਾਜ ਸ਼ਾਰਦਾ ਕਾਲਜ ਦੇ ਪ੍ਰੋਫੈਸਰ ਮਾਧੁਰੀ ਟੀਵੀ ਅਤੇ ਫਿਲਮ ਇੰਡਸਟਰੀ 'ਤੇ ਆਲੋਚਨਾਤਮਕ ਟਿੱਪਣੀਆਂ ਵੀ ਲਿਖਦੇ ਹਨ।

ਉਹ ਕਹਿੰਦੇ ਹਨ, "ਇਨ੍ਹਾਂ ਸੀਰੀਅਲਾਂ ਵਿੱਚ ਮਹਿਲਾਵਾਂ ਦੇ ਮੁੱਦਿਆਂ ਨੂੰ ਬਹੁਤ ਹੀ ਸਜਾ-ਧਜਾ ਕੇ ਪੇਸ਼ ਕੀਤਾ ਗਿਆ। ਤੁਸੀਂ ਦੇਖੋ ਕਿ ਟੀਵੀ ਸੀਰੀਅਲਾਂ ਵਿੱਚ ਮਹਿਲਾਵਾਂ ਨੂੰ ਕਿੰਨੇ ਸਮਝੌਤੇ ਕਰਨੇ ਪੈਂਦੇ ਹਨ। ਸੀਰੀਅਲ ਦਾ ਅੰਤ ਚਾਹੇ ਜਿਹੋ-ਜਿਹਾ ਵੀ ਹੋਵੇ, ਪਰਿਵਾਰ ਦੀ ਮਰਦ-ਪ੍ਰਧਾਨ ਪ੍ਰਣਾਲੀ ਜਿਓਂ ਦੀ ਤਿਓਂ ਹੀ ਰਹਿੰਦੀ ਹੈ। ਇਸ ਲਈ ਇਨ੍ਹਾਂ ਟੀਵੀ ਸੀਰੀਅਲਾਂ ਰਾਹੀਂ ਮਹਿਲਾਵਾਂ ਦੇ ਮੁੱਦਿਆਂ ਨੂੰ ਉਠਾਉਣ ਦਾ ਸਿਹਰਾ ਲੈਣਾ ਸਹੀ ਨਹੀਂ ਹੋਵੇਗਾ।"

ਮਹਿਲਾਵਾਂ 'ਤੇ ਬਣੇ ਰਜਨੀ, ਸ਼ਾਂਤੀ, ਉੜਾਨ ਵਰਗੇ ਵੀ ਸੀਰੀਅਲ

ਇੱਥੇ ਅਸੀਂ ਏਕਤਾ ਕਪੂਰ ਦੇ ਬਿਆਨ 'ਤੇ ਵਾਪਸ ਆਉਂਦੇ ਹਾਂ ਕਿ ਇਸ ਸ਼ੋਅ ਨੇ ਭਾਰਤੀ ਘਰਾਂ ਵਿੱਚ ਮਹਿਲਾਵਾਂ ਨੂੰ ਇੱਕ ਨਵੀਂ ਆਵਾਜ਼ ਦਿੱਤੀ।

ਜੇਕਰ ਅਸੀਂ ਸਾਲ 2000 ਤੋਂ ਪਹਿਲਾਂ ਦੇ ਹਿੰਦੀ ਟੀਵੀ ਸੀਰੀਅਲਾਂ 'ਤੇ ਨਜ਼ਰ ਮਾਰੀਏ, ਤਾਂ 1985 ਵਿੱਚ ਦੂਰਦਰਸ਼ਨ 'ਤੇ ਸੀਰੀਅਲ 'ਰਜਨੀ' ਆਇਆ ਸੀ, ਜਿਸ ਵਿੱਚ ਇੱਕ ਆਮ ਮਹਿਲਾ (ਪ੍ਰਿਆ ਤੇਂਦੁਲਕਰ) ਸਰਕਾਰੀ ਵਿਭਾਗ ਦੇ ਢਿੱਲੇ ਅਤੇ ਭ੍ਰਿਸ਼ਟ ਰਵੱਈਏ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਨਾਗਰਿਕ ਬਣਦੀ ਹੈ।

ਸਾੜ੍ਹੀ ਪਹਿਨੇ ਅਤੇ ਵੱਡੀ ਸਾਰੀ ਬਿੰਦੀ ਲਗਾਏ ਹੋਏ 'ਰਜਨੀ' ਇੱਕ ਐਪੀਸੋਡ ਵਿੱਚ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਗੈਰ-ਕਾਨੂੰਨੀ ਵਾਧੇ ਵਿਰੁੱਧ ਡਿਲੀਵਰੀ ਏਜੰਟਾਂ ਵਿਰੁੱਧ ਖੜ੍ਹੀ ਹੋ ਜਾਂਦੀ ਹੈ।

ਇਸਦਾ ਇੰਨਾ ਪ੍ਰਭਾਵ ਪਿਆ ਕਿ ਆਲ ਇੰਡੀਆ ਐਲਪੀਜੀ ਡਿਸਟ੍ਰੀਬਿਊਟਰਜ਼ ਇਸ ਸ਼ੋਅ ਦੇ ਵਿਰੁੱਧ ਪ੍ਰਦਰਸ਼ਨ ਕਰਨ ਲਈ ਆ ਗਏ।

ਸਾਲ 1989 ਵਿੱਚ ਦੂਰਦਰਸ਼ਨ 'ਤੇ ਹੀ 'ਉੜਾਨ' ਨਾਮ ਦਾ ਇੱਕ ਸੀਰੀਅਲ ਪ੍ਰਸਾਰਿਤ ਹੋਇਆ ਸੀ ਜੋ ਭਾਰਤ ਦੀ ਪਹਿਲੀ ਮਹਿਲਾ ਡੀਜੀਪੀ 'ਤੇ ਅਧਾਰਤ ਸੀ।

90 ਦੇ ਦਹਾਕੇ ਵਿੱਚ ਲੋਕਾਂ ਨੇ ਸੀਰੀਅਲ 'ਸ਼ਾਂਤੀ' ਵਿੱਚ ਮੰਦਿਰਾ ਬੇਦੀ ਨੂੰ ਇੱਕ ਨਿਡਰ, ਆਜ਼ਾਦ ਸੋਚ ਵਾਲੀ ਮਹਿਲਾ ਪੱਤਰਕਾਰ ਦੇ ਰੂਪ ਵਿੱਚ ਦੇਖਿਆ, ਜੋ ਕੰਮਕਾਜੀ ਹੈ ਅਤੇ ਆਪਣੇ ਲਈ ਲੜਨਾ ਜਾਣਦੀ ਹੈ।

ਇਸ ਲਈ, ਇਹ ਕਹਿਣਾ ਕਿ 'ਕਿਊਂਕੀ ਸਾਸ ਭੀ ਕਭੀ ਬਹੂ ਥੀ' ਵਰਗੇ ਸੀਰੀਅਲ ਪਹਿਲੀ ਵਾਰ ਮਹਿਲਾਵਾਂ ਦੀ ਆਵਾਜ਼ ਬਣੇ, ਪੂਰੀ ਤਰ੍ਹਾਂ ਜਾਇਜ਼ ਨਹੀਂ ਜਾਪਦਾ।

'ਕਿਊਂਕੀ ਸਾਸ...' ਨੇ ਉਠਾਏ ਮੈਰਿਟਲ ਰੇਪ ਵਰਗੇ ਮੁੱਦੇ

ਦੂਜੇ ਪਾਸੇ, ਬਹੁਤ ਸਾਰੇ ਆਲੋਚਕ ਅਤੇ ਇੰਡਸਟਰੀ ਦੇ ਲੋਕ ਇਸ ਸੀਰੀਅਲ ਅਤੇ ਏਕਤਾ ਕਪੂਰ ਦੇ ਸਮਰਥਨ ਵਿੱਚ ਖੜ੍ਹੇ ਜਾਪਦੇ ਹਨ।

ਰੋਹਿਣੀ ਨਿਨਾਵੇ ਟੀਵੀ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਪਿਛਲੇ 28 ਸਾਲਾਂ ਤੋਂ ਕਈ ਟੀਵੀ ਸੀਰੀਅਲ ਲਿਖ ਚੁੱਕੇ ਹਨ।

ਉਨ੍ਹਾਂ ਦਾ ਵਿਚਾਰ ਹੈ, "ਮੈਂ ਨਹੀਂ ਕਹਾਂਗੀ ਕਿ ਇਹ ਇੱਕ ਰਿਗਰੇਸਿਵ ਕਹਾਣੀ ਸੀ। ਸ਼ੋਅ ਵਿੱਚ ਕੋਸ਼ਿਸ਼ ਕੀਤੀ ਗਈ ਸੀ ਕਿ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਵਜੂਦ ਦਾ ਅਹਿਸਾਸ ਕਰਵਾਇਆ ਜਾਵੇ। ਉਸ ਸਮੇਂ ਦੇ ਅਨੁਸਾਰ, ਸੀਰੀਅਲ ਵਿੱਚ ਬਾ ਤੋਂ ਲੈ ਕੇ ਬਹੂ ਤੱਕ ਦੇ ਕਿਰਦਾਰਾਂ ਨੂੰ ਵਧੀਆ ਢੰਗ ਨਾਲ ਦਿਖਾਇਆ ਗਿਆ ਸੀ।"

"ਇਹ ਉਹ ਸਮਾਂ ਸੀ ਜਦੋਂ ਮਹਿਲਾਵਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੀਆਂ ਸਨ। ਪਰ ਪਿੰਡਾਂ ਅਤੇ ਕਸਬਿਆਂ ਵਿੱਚ ਮਹਿਲਾਵਾਂ ਦੀ ਸਥਿਤੀ ਵੱਖਰੀ ਸੀ ਅਤੇ ਹੁਣ ਵੀ ਹੈ। ਮਹਿਲਾਵਾਂ ਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਕਰੋ, ਘਰ ਦਾ ਕੰਮ ਕਰੋ। ਮਹਿਲਾਵਾਂ ਰਿਸ਼ਤਿਆਂ ਵਿੱਚ ਹੀ ਉਲਝੀਆਂ ਰਹਿੰਦੀਆਂ ਹਨ, ਤਾਂ ਸੀਰੀਅਲ ਵਿੱਚ ਵੀ ਇਹੀ ਦਿਖਾਇਆ ਗਿਆ।"

ਲੇਖਿਕਾ ਲਕਸ਼ਮੀ ਯਾਦਵ ਦਾ ਮੰਨਣਾ ਹੈ ਕਿ ਜੋ ਮਹਿਲਾਵਾਂ ਆਪਣੀ ਦੇਹਲੀਜ਼ ਲੰਘ ਕੇ ਆਪਣੀ ਇੱਕ ਨਵੀਂ ਪਛਾਣ ਬਣਾਉਣਾ ਚਾਹੁੰਦੀਆਂ ਸਨ, ਇਸ ਸੀਰੀਅਲ ਨੇ ਅਸਿੱਧੇ ਤੌਰ 'ਤੇ ਉਨ੍ਹਾਂ ਮਹਿਲਾਵਾਂ ਨੂੰ ਦੇਹਲੀਜ਼ ਅੰਦਰ ਲਿਆਉਣ ਦਾ ਕੰਮ ਕੀਤਾ ਹੈ।

ਲਕਸ਼ਮੀ ਯਾਦਵ ਦੇ ਅਨੁਸਾਰ, "ਪਰਿਵਾਰ ਵੀ ਇਸ ਸੀਰੀਅਲ ਨੂੰ ਦੇਖ ਕੇ ਘਰ ਦੀਆਂ ਮਹਿਲਾਵਾਂ ਤੋਂ ਉਹੀ ਨਿਰਸਵਾਰਥ ਰੂਪ ਦੀਆਂ ਰਵਾਇਤੀ ਉਮੀਦਾਂ ਰੱਖਣ ਲੱਗਿਆ। ਇਸ ਸੀਰੀਅਲ ਨੇ ਭਾਰਤ ਦੀਆਂ ਮਹਿਲਾਵਾਂ ਨੂੰ ਸਿਰਫ਼ ਦੋ ਤਰ੍ਹਾਂ ਦੀਆਂ ਮਹਿਲਾਵਾਂ ਵਿੱਚ ਵੰਡਿਆ, 'ਦੇਵੀ' ਤੁਲਸੀ ਅਤੇ 'ਡੈਣ' ਮੰਦਿਰਾ।"

ਸਮ੍ਰਿਤੀ ਈਰਾਨੀ ਵੀ ਲਗਾਤਾਰ ਆਲੋਚਨਾ ਨੂੰ ਖਾਰਿਜ ਕਰਦੇ ਰਹੇ ਹਨ।

'ਕਿਓਂਕੀ ਸਾਸ ਭੀ ਕਭੀ ਬਹੂ ਥੀ' ਦੀ ਵਾਪਸੀ 'ਤੇ ਸਮ੍ਰਿਤੀ ਈਰਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਇਸ ਸ਼ੋਅ ਨੇ ਭਾਰਤੀ ਘਰਾਂ ਵਿੱਚ ਕਈ ਮੁਸ਼ਕਲ ਮੁੱਦਿਆਂ 'ਤੇ ਆਵਾਜ਼ ਉਠਾਈ। ਜਦੋਂ ਮੈਂ ਸਟ੍ਰੀਮ ਮੀਡੀਆ 'ਚ ਹਿੰਮਤ ਨਹੀਂ ਸੀ, ਉਸ ਤੋਂ ਪਹਿਲਾਂ ਇਸ ਸ਼ੋਅ ਨੇ ਗੁੰਝਲਦਾਰ ਸਮਾਜਿਕ ਹਕੀਕਤਾਂ ਨਾਲ ਰੂਬਰੂ ਕਰਾਇਆ।''

'ਕਿਓਂਕੀ ਸਾਸ ਭੀ ਕਭੀ ਬਹੂ ਥੀ' ਵਿੱਚ ਇੱਕ ਪਲਾਟ ਮੈਰਿਟਲ ਰੇਪ 'ਤੇ ਆਧਾਰਿਤ ਸੀ, ਜਿੱਥੇ ਸੱਸ ਬਣਨ ਤੋਂ ਬਾਅਦ ਤੁਲਸੀ ਆਪਣੀ ਨੂੰਹ ਲਈ ਲੜਦੀ ਹੈ, ਜੋ ਮੈਰਿਟਲ ਰੇਪ ਦਾ ਸ਼ਿਕਾਰ ਹੁੰਦੀ ਹੈ।

ਇਸ ਸੀਰੀਅਲ ਵਿੱਚ ਬਾ ਭਾਵ ਦਾਦੀ ਨੂੰ ਫੈਸ਼ਨ ਡਿਜ਼ਾਈਨ ਸਕੂਲ ਜਾਂਦੇ ਦਿਖਾਇਆ ਗਿਆ ਹੈ ਅਤੇ 'ਐਡਲਟ ਲਿਟਰੇਸੀ' ਵਰਗੇ ਮੁੱਦੇ ਨੂੰ ਦਰਸਾਇਆ ਹੈ।

ਸਮ੍ਰਿਤੀ ਈਰਾਨੀ ਨੂੰ ਮਿਲਦੇ ਸੀ ਪੁਰਸ਼ ਲੀਡ ਕਲਾਕਾਰ ਨਾਲੋਂ ਵੱਧ ਪੈਸੇ

ਸਮ੍ਰਿਤੀ ਈਰਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮ੍ਰਿਤੀ ਈਰਾਨੀ ਨੇ ਆਪਣੇ ਸਮੇਂ ਦੀਆਂ ਮਹਿਲਾ ਕਲਾਕਾਰਾਂ ਬਾਰੇ ਕਈ ਮਿੱਥਾਂ ਨੂੰ ਤੋੜਿਆ

ਸਮ੍ਰਿਤੀ ਈਰਾਨੀ ਨੇ ਕਰਣ ਜੌਹਰ ਨਾਲ ਸ਼ੋਅ ਵਿੱਚ ਇੱਕ ਹੋਰ ਗੱਲ ਉਠਾਈ।

ਉਨ੍ਹਾਂ ਨੇ ਦੱਸਿਆ ਕਿ ਇਸ ਸੀਰੀਅਲ ਨੇ ਹੋਰ ਮਾਅਨਿਆਂ ਵਿੱਚ ਵੀ ਬਦਲਾਅ ਲਿਆਂਦੇ ਕਿਉਂਕਿ ਬਤੌਰ ਮਹਿਲਾ ਕਿਰਦਾਰ ਉਨ੍ਹਾਂ ਨੂੰ ਪੁਰਸ਼ ਲੀਡ ਕਿਰਦਾਰ ਨਾਲੋਂ ਵੱਧ ਫੀਸ ਮਿਲਣ ਲੱਗੀ, ਜੋ ਨਹੀਂ ਹੁੰਦਾ ਸੀ।

ਸੋਸ਼ਲ ਮੀਡੀਆ 'ਤੇ ਨਜ਼ਰ ਮਾਰੀਏ ਤਾਂ ਉੱਥੇ ਵੀ ਵੰਡੀ ਹੋਈ ਰਾਇ ਦੇਖੀ ਜਾ ਸਕਦੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੁੰਦਰ ਰਾਏ ਲਿਖਦੇ ਹਨ - "ਸੱਭਿਅਤਾ, ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੀ ਝਲਕ ਲੈ ਕੇ ਮੇਰੀ ਮਾਂ ਦੀ ਪਸੰਦੀਦਾ ਤੁਲਸੀ ਨੂੰਹ ਆ ਰਹੀ ਹੈ ਲੈ ਕੇ, ਸਾਡੇ ਘਰ ਆਪਣਾ ਪਰਿਵਾਰ। ਮਾਂ ਤਾਂ ਨਹੀਂ ਰਹੀ ਪਰ ਪੂਰੀ ਦੁਨੀਆਂ ਕਰ ਰਹੀ ਹੈ ਇੰਤਜ਼ਾਰ।''

ਕੀ ਸਮ੍ਰਿਤੀ ਈਰਾਨੀ ਜੇਨ ਜ਼ੀ ਦੀ ਕਸੌਟੀ 'ਤੇ ਖਰੇ ਉਤਰਨਗੇ?

ਮੰਦਿਰਾ ਬੇਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 90 ਦੇ ਦਹਾਕੇ ਵਿੱਚ, ਸੀਰੀਅਲ 'ਸ਼ਾਂਤੀ' ਆਇਆ ਜਿਸ ਵਿੱਚ ਲੋਕਾਂ ਨੇ ਮੰਦਿਰਾ ਬੇਦੀ ਦੇ ਰੂਪ ਵਿੱਚ ਇੱਕ ਬਹਾਦਰ, ਸੁਤੰਤਰ ਸੋਚ ਵਾਲੀ ਮਹਿਲਾ ਪੱਤਰਕਾਰ ਨੂੰ ਦੇਖਿਆ

ਜਦੋਂ ਸਾਲ 2000 ਵਿੱਚ 'ਕਿਓਂਕੀ ਸਾਸ ਭੀ ਕਭੀ ਬਹੂ ਥੀ' ਆਇਆ ਤਾਂ ਥੀਏਟਰ ਜਾਣ ਤੋਂ ਇਲਾਵਾ ਟੀਵੀ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਸੀ। ਓਟੀਟੀ ਜਾਂ ਸੋਸ਼ਲ ਮੀਡੀਆ ਨਹੀਂ ਸੀ।

ਲੋਕਾਂ ਨੇ ਜ਼ਿਆਦਾ ਵਿਦੇਸ਼ੀ ਕੰਟੇਂਟ ਬਹੁਤ ਨਹੀਂ ਦੇਖਿਆ ਸੀ। ਇਹ ਸੀਰੀਅਲ ਪਰਿਵਾਰ ਨੂੰ ਇਕੱਠੇ ਲੈ ਕੇ ਬੈਠਣ ਦਾ ਵੀ ਇੱਕ ਮਾਧਿਅਮ ਸੀ।

ਪਰ ਅੱਜ ਹਰ ਮੈਂਬਰ ਆਪਣੀ ਪਸੰਦ ਅਨੁਸਾਰ ਆਪਣੇ ਕਮਰੇ ਵਿੱਚ ਬੈਠ ਕੇ ਮੋਬਾਈਲ 'ਤੇ ਕੁਝ ਵੀ ਦੇਖ ਸਕਦਾ ਹੈ। ਰਿਸ਼ਤਿਆਂ ਅਤੇ ਵਿਆਹ ਬਾਰੇ ਜੇਨ ਜ਼ੀ ਦੀ ਸੋਚ ਵੱਖਰੀ ਹੈ।

ਤੁਲਸੀ ਨੂੰਹ ਦੇ ਹਰ ਪਹਿਲੂ, ਹਰ ਕਦਮ, ਹਰ ਕੁਰਬਾਨੀ, ਹਰ ਰਸਮ ਨੂੰ ਇੱਕ ਆਦਰਸ਼ ਵਜੋਂ ਸਵੀਕਾਰ ਕਰਨ ਵਾਲੀ ਪੀੜ੍ਹੀ ਤੋਂ ਅੱਗੇ, ਕੀ ਸਮ੍ਰਿਤੀ ਈਰਾਨੀ ਹੁਣ 25 ਸਾਲਾਂ ਬਾਅਦ ਜੇਨ ਜ਼ੀ ਦੀ ਕਸੌਟੀ 'ਤੇ ਖਰਾ ਉਤਰ ਸਕਣਗੇ?

ਜਦੋਂ ਏਕਤਾ ਕਪੂਰ 2000 ਵਿੱਚ 'ਕਿਓਂਕੀ ਸਾਸ ਭੀ ਕਭੀ ਬਹੂ ਥੀ' ਲੈ ਕੇ ਆਏ, ਤਾਂ ਉਸ ਸਮੇਂ ਦੇ ਲਿਬਰਲਾਈਜ਼ੇਸ਼ਨ ਵਾਲੇ ਭਾਰਤ 'ਚ ਬਹੁਤ ਸਾਰੇ ਲੋਕਾਂ ਨੇ ਇਸਨੂੰ ਇੱਕ ਨਵੇਂ ਪ੍ਰਯੋਗ ਵਜੋਂ ਦੇਖਿਆ - ਕੁਝ ਨੇ ਇਸ ਪ੍ਰਯੋਗ ਨੂੰ ਸਹੀ ਅਤੇ ਪ੍ਰਗਤੀਸ਼ੀਲ ਮੰਨਿਆ ਅਤੇ ਕੁਝ ਨੇ ਦਕਿਆਨੂਸੀ।

ਪਰ ਕੁਝ ਨਵਾਂ ਅਤੇ ਐਕਸਪੈਰੀਮੈਂਟਲ ਲਿਆਉਣ ਦੀ ਬਜਾਏ, ਜਦੋਂ 25 ਸਾਲ ਪਹਿਲਾਂ ਦੇ ਇੱਕ ਹਿੱਟ ਸੀਰੀਅਲ ਨੂੰ ਠੋਕ-ਪਿੱਟ ਕੇ ਦੁਬਾਰਾ ਪਰੋਸਿਆ ਜਾਵੇ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਟੀਵੀ ਅਤੇ ਮਨੋਰੰਜਨ ਉਦਯੋਗ ਡਿਫੈਂਸਿਵ ਮੋਡ ਵਿੱਚ ਚਲਾ ਗਿਆ ਹੈ, ਜਿੱਥੇ ਕੁਝ ਨਵਾਂ ਕਰਨਾ ਜਾਂ ਕਹਿਣਾ ਜੋਖਮ ਭਰਿਆ ਹੋ ਸਕਦਾ ਹੈ?

ਅਤੇ ਕੀ ਰਿਵਾਇਤ ਅਤੇ ਪਰਿਵਾਰਕ ਕਦਰਾਂ-ਕੀਮਤਾਂ 'ਤੇ ਬਣਾਈ ਚਾਸ਼ਣੀ ਜੋਖ਼ਮ ਤੋਂ ਪਰ੍ਹੇ ਹੈ?

ਟੀਵੀ ਲੇਖਿਕਾ ਰੋਹਿਣੀ ਨਿਨਾਵੇ ਦਾ ਮੰਨਣਾ ਹੈ, "ਇਹ ਸ਼ੋਅ ਬਿਜ਼ਨਸ ਹੈ ਅਤੇ ਅਜਿਹੇ ਪੈਂਤੜੇ ਅਜ਼ਮਾਉਣੇ ਪੈਸੇ ਹਨ। ਹਾਂ, ਜੇਕਰ ਕਿਊਂਕੀ ਸਾਸ ਭੀ ਕਭੀ ਬਹੂ ਥੀ ਦੁਬਾਰਾ ਆਇਆ ਹੈ, ਤਾਂ ਉਸਨੂੰ ਕੁਝ ਨਵਾਂ ਦ੍ਰਿਸ਼ਟੀਕੋਣ ਲੈ ਕੇ ਆਉਣਾ ਚਾਹੀਦਾ ਹੈ। ਮਹਿਲਾਵਾਂ ਨੂੰ ਇਹ ਅਹਿਸਾਸ ਕਰਾਓ ਕਿ ਰਿਸ਼ਤੇ ਨਿਭਾਓ ਪਰ ਆਪਣੀ ਹੋਂਦ ਨੂੰ ਨਾ ਭੁੱਲੋ। ਜੇਕਰ ਅਜਿਹਾ ਕੀਤਾ ਗਿਆ ਹੈ ਤਾਂ ਇਸਨੂੰ ਦੁਬਾਰਾ ਬਣਾਉਣ ਵਿੱਚ ਕੋਈ ਬੁਰਾਈ ਨਹੀਂ ਹੈ।"

ਸਵਾਲ ਬਹੁਤ ਸਾਰੇ ਹਨ, ਜਵਾਬ ਸ਼ਾਇਦ 'ਕਿਊਂਕੀ ਸਾਸ ਭੀ ਕਭੀ ਬਹੂ ਥੀ' ਦੇ ਆਉਣ ਵਾਲੇ ਐਪੀਸੋਡ ਖੁਦ ਦੇਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)