'ਸੈਯਾਰਾ': ਅੰਮ੍ਰਿਤਸਰ ਦੀ ਅਨੀਤ ਪੱਡਾ ਅਤੇ ਅਹਾਨ ਪਾਂਡੇ ਦੀ ਪਹਿਲੀ ਫ਼ਿਲਮ ਹਿੱਟ ਹੋਣ ਦੇ ਕੀ ਕਾਰਨ ਰਹੇ

ਸੈਯਾਰਾ

ਤਸਵੀਰ ਸਰੋਤ, YRF/INSTAGRAM

ਤਸਵੀਰ ਕੈਪਸ਼ਨ, ਫਿਲਮ 'ਸੈਯਾਰਾ’ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ
    • ਲੇਖਕ, ਰਵੀ ਜੈਨ
    • ਰੋਲ, ਬੀਬੀਸੀ ਲਈ

ਫਿਲਮ 'ਸੈਯਾਰਾ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਹੀ 22 ਕਰੋੜ ਰੁਪਏ ਦੀ ਕਮਾਈ ਕਰ ਕੇ ਇੰਡਸਟਰੀ ਮਾਹਰਾਂ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਯਸ਼ਰਾਜ ਫਿਲਮਜ਼ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਫਿਲਮ ਦੀ ਦੂਜੇ ਦਿਨ ਦੀ ਕਮਾਈ 26.25 ਕਰੋੜ ਰੁਪਏ ਰਹੀ, ਜਦਕਿ ਐਤਵਾਰ ਨੂੰ ਤੀਜੇ ਦਿਨ ਇਹ ਅੰਕੜਾ ਵਧ ਕੇ 35.75 ਕਰੋੜ ਰੁਪਏ ਤੱਕ ਪਹੁੰਚ ਗਿਆ।

ਇਸ ਤਰ੍ਹਾਂ, ਫਿਲਮ ਨੇ ਪਹਿਲੇ ਵੀਕਐਂਡ ਵਿੱਚ ਕੁੱਲ 84 ਕਰੋੜ ਰੁਪਏ ਕਮਾਏ।

ਸੋਮਵਾਰ (ਚੌਥੇ ਦਿਨ) ਵੀ ਫਿਲਮ ਨੇ 20 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਅਤੇ ਚਾਰ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ।

ਇਸ ਫਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਹੈ।

ਕਰੀਬ ਦੋ ਦਹਾਕਿਆਂ ਵਿੱਚ 13 ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਮੋਹਿਤ ਸੂਰੀ ਨੂੰ ਇਸ ਤੋਂ ਪਹਿਲਾਂ ਅਜਿਹੀ ਸਫ਼ਲਤਾ ਕਦੇ ਨਹੀਂ ਮਿਲੀ।

ਲੋਕਾਂ ਦਾ ਕੀ ਕਹਿਣਾ ਹੈ?

ਮੋਹਿਤ ਸੂਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਲਮ ਦੇ ਨਿਰਦੇਸ਼ਕ ਮੋਹਿਤ ਸੂਰੀ ਪਹਿਲਾਂ 13 ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ

ਫਿਲਮ 'ਸੈਯਾਰਾ' ਨੂੰ ਦਰਸ਼ਕਾਂ, ਖ਼ਾਸ ਤੌਰ 'ਤੇ ਨੌਜਵਾਨਾਂ ਤੋਂ ਮਿਲ ਰਹੀਆਂ ਪ੍ਰਤੀਕਿਰਿਆਵਾਂ ਬਹੁਤ ਚਰਚਾ ਵਿੱਚ ਹਨ।

ਮੁੰਬਈ ਦੀ 20 ਸਾਲਾ ਮਾਹੀ ਵਿਠਲਾਨੀ ਨੇ ਫਿਲਮ ਦੇਖਣ ਤੋਂ ਬਾਅਦ ਕਿਹਾ, "ਇਹ ਇੱਕ ਇਮਾਨਦਾਰ, ਜਜ਼ਬਾਤੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ ਹੈ, ਜੋ ਲੰਬੇ ਸਮੇਂ ਤੋਂ ਸਿਨੇਮਾਘਰਾਂ ਵਿੱਚ ਨਹੀਂ ਆਈ ਸੀ। ਇਹ ਫਿਲਮ ਤਾਜ਼ਾ ਹਵਾ ਦੇ ਬੁੱਲੇ ਵਰਗੀ ਹੈ। ਸਟਾਰ ਵੈਲਿਊ ਤੋਂ ਬਿਨਾਂ ਵੀ ਦੋਵੇਂ ਨਵੇਂ ਕਲਾਕਾਰਾਂ ਨੇ ਬਿਹਤਰੀਨ ਅਦਾਕਾਰੀ ਕੀਤੀ ਹੈ।"

"ਅਹਾਨ ਪਾਂਡੇ ਅਤੇ ਅਨੀਤ ਪੱਡਾ ਦੀ ਕੈਮਿਸਟ੍ਰੀ ਬਹੁਤ ਰੀਅਲ ਲੱਗੀ। ਸੈਯਾਰਾ ਇੱਕ ਅਜਿਹੀ ਫਿਲਮ ਹੈ ਜੋ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਰੁੱਕ ਕੇ ਪਿਆਰ ਬਾਰੇ ਸੋਚਣ 'ਤੇ ਮਜ਼ਬੂਰ ਕਰਦੀ ਹੈ।"

28 ਸਾਲਾ ਵਿਨੈ ਵਿਧਾਤੀ ਨੂੰ ਵੀ ਫਿਲਮ ਬਹੁਤ ਪਸੰਦ ਆਈ।

ਉਨ੍ਹਾਂ ਨੇ ਕਿਹਾ, "ਇਹ ਇੱਕ ਟਰੇਡਮਾਰਕ ਮੋਹਿਤ ਸੂਰੀ ਫਿਲਮ ਹੈ, ਜਿਸ ਵਿੱਚ ਸੋਹਣੇ ਸੰਗੀਤ ਰਾਹੀਂ ਪਿਆਰ ਦੀ ਟੀਸ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਇਹੀ ਗੱਲ ਨੌਜਵਾਨਾਂ ਨੂੰ ਖਿੱਚ ਰਹੀ ਹੈ ਅਤੇ ਸਿਨੇਮਾਘਰਾਂ ਤੱਕ ਲੈ ਕੇ ਰਹੀ ਹੈ।"

ਭੂਪਾਲ ਦੀ ਪ੍ਰੋਫੈਸਰ 29 ਸਾਲਾ ਇਸ਼ਾ ਪਬਿਆ ਕਹਿੰਦੇ ਹਨ, "ਫਿਲਮ ਦੀ ਪ੍ਰੇਮ ਕਹਾਣੀ ਅਸਲ ਲੱਗਦੀ ਹੈ। ਦੋ ਪ੍ਰੇਮੀਆਂ ਦਾ ਹਰ ਹਾਲ ਵਿੱਚ ਇੱਕ-ਦੂਜੇ ਨੂੰ ਸਮਰਪਣ ਦਿਲ ਨੂੰ ਛੂਹ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਮੈਨੂੰ ਵੀ ਸੈਯਾਰਾ ਦੀ ਕਹਾਣੀ ਬਹੁਤ ਪਸੰਦ ਆਈ।"

ਹਾਲਾਂਕਿ ਕੁਝ ਦਰਸ਼ਕਾਂ ਨੇ ਫਿਲਮ ਦੀ ਕਹਾਣੀ ਦੀ ਆਲੋਚਨਾ ਵੀ ਕੀਤੀ ਹੈ।

ਦਿੱਲੀ ਦੀ 24 ਸਾਲਾ ਨੀਤੂ ਅਰੋੜਾ ਦਾ ਮੰਨਣਾ ਹੈ, "ਕਹਾਣੀ ਵਿੱਚ ਜ਼ਿਆਦਾ ਨਵਾਂ ਕੁਝ ਨਹੀਂ ਹੈ, ਇਹ ਬੌਲੀਵੁੱਡ ਦੀ ਟਿਪੀਕਲ ਪ੍ਰੇਮ ਕਹਾਣੀ ਵਰਗੀ ਹੀ ਲੱਗਦੀ ਹੈ। ਨਵੇਂ ਕਲਾਕਾਰਾਂ ਨੂੰ ਹਾਲੇ ਆਪਣੀ ਥਾਂ ਬਣਾਉਣ ਦੇ ਲਈ ਹੋਰ ਮਿਹਨਤ ਕਰਨੀ ਹੋਵੇਗੀ। ਫਿਰ ਵੀ ਫਿਲਮ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ।”

'ਸੈਯਾਰਾ' ਦੀ ਵਿਲੱਖਣ ਪ੍ਰਚਾਰ ਰਣਨੀਤੀ

ਸੈਯਾਰਾ

ਤਸਵੀਰ ਸਰੋਤ, YRF/Insta

ਫਿਲਮ ਸੈਯਾਰਾਦੀ ਕਾਮਯਾਬੀ ਨੂੰ ਲੈ ਕੇ ਫਿਲਮ ਇੰਡਸਟਰੀ ਦੇ ਜਾਣਕਾਰਾਂ ਅਤੇ ਸਮੀਖਿਆਕਾਰਾਂ ਨੇ ਕਈ ਕਾਰਨ ਗਿਣਾਏ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਇੱਕ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰੇਮ ਕਹਾਣੀ, ਵਧੀਆ ਸੰਗੀਤ ਅਤੇ ਸੀਮਤ ਪ੍ਰਮੋਸ਼ਨ ਦੇ ਨਾਲ ਅਹਾਨ ਪਾਂਡੇ-ਅਨੀਤ ਪੱਡਾ ਵਰਗੇ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਦੀ ਰਣਨੀਤੀ ਨੇ ਇਸ ਫਿਲਮ ਨੂੰ ਵੱਡੀ ਸਫ਼ਲਤਾ ਦਿਵਾਈ ਹੈ।

ਸੀਨੀਅਰ ਪੱਤਰਕਾਰ ਮੀਨਾ ਅਈਅਰ ਲਗਭਗ ਚਾਰ ਦਹਾਕਿਆਂ ਤੋਂ ਫਿਲਮ ਪੱਤਰਕਾਰੀ ਵਿੱਚ ਸਰਗਰਮ ਹਨ। ਉਨ੍ਹਾਂ ਨੇ 'ਸੈਯਾਰਾ' ਦੀ ਸਫ਼ਲਤਾ ਨੂੰ ਹੈਰਾਨੀਜਨਕ ਦੱਸਿਆ।

ਉਨ੍ਹਾਂ ਨੇ ਖ਼ਾਸ ਤੌਰ 'ਤੇ ਫਿਲਮ ਦੇ ਪ੍ਰਚਾਰ ਦੇ ਤਰੀਕੇ ਵੱਲ ਧਿਆਨ ਖਿੱਚਿਆ।

ਉਹ ਕਹਿੰਦੇ ਹਨ, "ਯਸ਼ਰਾਜ ਫਿਲਮਜ਼ ਨੇ ਸੈਯਾਰਾ ਦੇ ਪ੍ਰਮੋਸ਼ਨ ਵਿੱਚ ਸਭ ਤੋਂ ਜ਼ਰੂਰੀ ਕੰਮ ਇਹ ਕੀਤਾ ਹੈ ਕਿ ਫਿਲਮ ਰਿਲੀਜ਼ ਤੋਂ ਪਹਿਲਾਂ ਅਹਾਨ ਅਤੇ ਅਨੀਤ ਨੂੰ ਜ਼ਿਆਦਾ ਐਕਸਪੋਜ਼ ਨਹੀਂ ਕੀਤਾ।”

"ਨਾ ਤਾਂ ਉਨ੍ਹਾਂ ਨੂੰ ਮੀਡੀਆ ਇੰਟਰਵਿਊਜ਼ ਵਿੱਚ ਘਸੀਟਿਆ ਗਿਆ, ਨਾ ਸ਼ਹਿਰ-ਸ਼ਹਿਰ ਘੁੰਮਣ ਭੇਜਿਆ ਗਿਆ। ਇਸ ਨਾਲ ਦਰਸ਼ਕਾਂ ਵਿੱਚ ਉਨ੍ਹਾਂ ਪ੍ਰਤੀ ਰਹੱਸ ਤੇ ਰੋਮਾਂਚ ਬਣਿਆ ਰਿਹਾ, ਜੋ ਰਿਲੀਜ਼ ਦੇ ਸਮੇਂ ਕੰਮ ਆਇਆ।"

ਨਿਰਦੇਸ਼ਕ ਮੋਹਿਤ ਸੂਰੀ ਨੇ ਇਸ ਤੋਂ ਪਹਿਲਾਂ 'ਜ਼ਹਿਰ', 'ਕਲਿਯੁਗ', 'ਅਵਾਰਾਪਣ', 'ਮਰਡਰ-2', 'ਆਸ਼ਿਕੀ-2' ਅਤੇ 'ਏਕ ਵਿਲੇਨ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਸੂਰੀ ਰੋਮਾਂਟਿਕ-ਥ੍ਰਿਲਰ ਫਿਲਮਾਂ ਦੇ ਮਾਹਰ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਫਿਲਮਾਂ ਦੀ ਵੱਡੀ ਖ਼ਾਸੀਅਤ ਸੰਗੀਤ ਰਹੀ ਹੈ, ਜੋ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਜ਼ਹਿਨ ਵਿੱਚ ਰਹਿੰਦਾ ਹੈ।

'ਸੈਯਾਰਾ' ਦਾ ਸੁਪਰਹਿੱਟ ਟਾਈਟਲ ਟਰੈਕ ਅਤੇ ਬਾਕੀ ਗੀਤ ਵੀ ਫਿਲਮ ਦੀ ਪ੍ਰੇਮ ਕਹਾਣੀ ਦੇ ਜਜ਼ਬਾਤੀ ਪੱਖ ਨੂੰ ਮਜ਼ਬੂਤੀ ਨਾਲ ਉਭਾਰਦੇ ਹਨ। ਫਿਲਮ ਦੇ ਗੀਤ-ਸੰਗੀਤ ਨੂੰ ਲੋਕਾਂ ਦੇ ਮੂੰਹ 'ਤੇ ਚੜ੍ਹਨ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਸਮੀਖਿਆਕਾਰਾਂ ਦਾ ਮੰਨਣਾ ਹੈ ਕਿ ਇਸ ਨੇ ਫਿਲਮ ਦੀ ਕਾਮਯਾਬੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

ਦਿਲਾਂ ਦੀ ਡੂੰਘਾਈ ਵਿੱਚ ਉਤਰਨ ਵਾਲੀ ਪ੍ਰੇਮ ਕਹਾਣੀ

ਆਹਾਨ ਪਾਂਡੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਦਾਕਾਰ ਆਹਾਨ ਪਾਂਡੇ ਅਤੇ ਅਨਿਤ ਪੱਡਾ ਦੀ ਔਨ-ਸਕ੍ਰੀਨ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ

ਸੀਨੀਅਰ ਫ਼ਿਲਮ ਆਲੋਚਕ ਮਯੰਕ ਸ਼ੇਖਰ ਦਾ ਵੀ ਮੰਨਣਾ ਹੈ ਕਿ 'ਸੈਯਾਰਾ' ਦੀ ਸਫ਼ਲਤਾ ਵਿੱਚ ਸੰਗੀਤ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਹ ਕਹਿੰਦੇ ਹਨ, "ਨਾ ਸਿਰਫ਼ ਫਿਲਮ ਦਾ ਸੰਗੀਤ ਲਾਜਵਾਬ ਹੈ, ਬਲਕਿ ਫਿਲਮ ਦੇ ਸਾਰਿਆਂ ਗੀਤਾਂ ਨੂੰ ਵੀ ਬਾਖ਼ੂਬੀ ਨਾਲ ਫਿਲਮਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਵੱਡੀ ਗਿਣਤੀ 'ਚ ਆਕਰਸ਼ਿਤ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ।"

ਮਯੰਕ ਸ਼ੇਖਰ ਦੇ ਅਨੁਸਾਰ ਅਹਾਨ ਪਾਂਡੇ ਅਤੇ ਅਨੀਤ ਪੱਡਾ ਵਰਗੇ ਨਵੇਂ ਕਲਾਕਾਰਾਂ ਦੀ ਕਾਸਟਿੰਗ, ਉਨ੍ਹਾਂ ਦੀ ਭਰੋਸੇਯੋਗ ਅਦਾਕਾਰੀ ਅਤੇ ਮੋਹਿਤ ਸੂਰੀ ਦਾ ਨਿਰਦੇਸ਼ਨ ਫਿਲਮ ਨੂੰ ਸਫ਼ਲ ਬਣਾਉਂਦਾ ਹੈ।

ਉਹ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਤੋਂ ਭਾਵਨਾਤਮਕ ਅਤੇ ਜ਼ਹਿਨ 'ਤੇ ਅਸਰ ਕਰਨ ਵਾਲੀਆਂ ਪ੍ਰੇਮ ਕਹਾਣੀਆਂ ਬਾਕਸ ਆਫਿਸ 'ਤੇ ਆਉਣੀਆਂ ਲਗਭਗ ਬੰਦ ਹੋ ਗਈਆਂ ਸਨ। ਇਹੀ ਕਾਰਨ ਹੈ ਕਿ ਅੱਜ ਦੀ ਪੀੜ੍ਹੀ ਦੇ ਦਰਸ਼ਕ 'ਲੈਲਾ ਮਜਨੂੰ', 'ਯੇ ਜਵਾਨੀ ਹੈ ਦੀਵਾਨੀ', 'ਸਨਮ ਤੇਰੀ ਕਸਮ' ਵਰਗੀਆਂ ਸਾਰੀਆਂ ਪ੍ਰੇਮ ਕਹਾਣੀਆਂ ਦੇਖਣ ਲਈ ਵੱਡੀ ਗਿਣਤੀ ਵਿੱਚ ਸਿਨੇਮਾਘਰਾਂ ਵਿੱਚ ਜਾ ਰਹੇ ਸਨ ਜੋ ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਹੋ ਰਹੀਆਂ ਸਨ।"

ਸ਼ੇਖਰ ਅੱਗੇ ਕਹਿੰਦੇ ਹਨ, "ਅਜਿਹੇ ਮਾਹੌਲ ਵਿੱਚ ਜਦੋਂ ਇੱਕ ਨਵੀਂ ਅਤੇ ਭਾਵੁਕ ਪ੍ਰੇਮ ਕਹਾਣੀ 'ਸੈਯਾਰਾ' ਨੌਜਵਾਨ ਕਲਾਕਾਰਾਂ ਨਾਲ ਆਈ ਤਾਂ ਦਰਸ਼ਕਾਂ ਨੇ ਤੁਰੰਤ ਇਸ ਨੂੰ ਸਵੀਕਾਰ ਕਰ ਲਿਆ। 'ਸੈਯਾਰਾ' ਨੇ ਨੌਜਵਾਨ ਦਰਸ਼ਕਾਂ ਦੀ ਲੰਬੇ ਸਮੇਂ ਤੋਂ ਪ੍ਰੇਮ ਕਹਾਣੀਆਂ ਦੀ ਭੁੱਖ ਨੂੰ ਪੂਰਾ ਕੀਤਾ।"

'ਸੈਯਾਰਾ' ਨੂੰ ਸਿੰਗਲ ਸਕ੍ਰੀਨ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ

ਫਿਲਮ ਥੀਏਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਹ ਧਿਆਨ ਦੇਣ ਯੋਗ ਹੈ ਕਿ 'ਸੈਯਾਰਾ' ਨੂੰ ਨਾ ਸਿਰਫ਼ ਮਲਟੀਪਲੈਕਸਾਂ ਵਿੱਚ ਫਿਲਮਾਂ ਦੇਖਣ ਆਉਣ ਵਾਲੇ ਦਰਸ਼ਕਾਂ ਪਸੰਦ ਕਰ ਰਹੇ ਹਨ, ਸਗੋਂ ਦੇਸ਼ ਭਰ ਦੇ 'ਬੀ' ਅਤੇ 'ਸੀ' ਕੇਂਦਰਾਂ ਵਿੱਚ ਵੀ ਬਹੁਤ ਕਮਾਈ ਕਰ ਰਹੀ ਹੈ ਅਤੇ ਸਿੰਗਲ ਸਕ੍ਰੀਨ ਦਰਸ਼ਕ ਵੀ ਇਸ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਹਨ।

ਬਿਹਾਰ ਵਿੱਚ 'ਸੈਯਾਰਾ' ਨੂੰ ਮਿਲ ਰਹੇ ਦਰਸ਼ਕਾਂ ਦੇ ਪਿਆਰ ਨੂੰ ਲੈ ਕੇ ਮਧੂਬਨੀ ਜ਼ਿਲ੍ਹੇ ਦੇ ਰੂਪਬਾਨੀ ਸਿਨੇਮਾ ਹਾਲ ਦੇ ਮਾਲਕ ਵਿਸ਼ੇਕ ਚੌਹਾਨ ਨਾਲ ਵੀ ਗੱਲ ਕੀਤੀ ਗਈ। ਉਨ੍ਹਾਂ ਪੁਸ਼ਟੀ ਕੀਤੀ ਕਿ ਬਿਹਾਰ ਦੇ ਛੋਟੇ ਸਿਨੇਮਾ ਹਾਲਾਂ ਵਿੱਚ ਵੀ ʻਸੈਯਾਰਾʼ ਲਈ ਦਰਸ਼ਕਾਂ ਦੀ ਇੱਕ ਵੱਡੀ ਭੀੜ ਆ ਰਹੀ ਹੈ।

ਉਨ੍ਹਾਂ ਕਿਹਾ, "ਬਿਹਾਰ ਵਿੱਚ ਇਸ ਸਾਲ ਸਭ ਤੋਂ ਸਫ਼ਲ ਰਹੀ ਛਾਵਾ ਨੂੰ ਵੀ 'ਸੈਯਾਰਾ' ਪਿੱਛੇ ਛੱਡ ਸਕਦੀ ਹੈ। 'ਛਾਵਾ' ਨੂੰ ਬਿਹਾਰ ਵਿੱਚ ਵੀ ਚੰਗਾ ਹੁੰਗਾਰਾ ਮਿਲਿਆ, ਪਰ ਬਿਹਾਰ ਦੇ ਸਿਨੇਮਾਘਰਾਂ ਵਿੱਚ 'ਸੈਯਾਰਾ' ਦਾ ਕ੍ਰੇਜ਼ 'ਛਾਵਾ' ਤੋਂ ਵੱਧ ਹੈ।"

ਵਿਸ਼ੇਕ ਚੌਹਾਨ ਵੀ ਫਿਲਮ ਆਲੋਚਕ ਮਯੰਕ ਸ਼ੇਖਰ ਨਾਲ ਸਹਿਮਤ ਹਨ ਕਿ ਨੌਜਵਾਨ ਦਰਸ਼ਕ ਲੰਬੇ ਸਮੇਂ ਤੋਂ ਇੱਕ ਭਾਵਨਾਤਮਕ ਪ੍ਰੇਮ ਕਹਾਣੀ ਦੀ ਉਡੀਕ ਕਰ ਰਹੇ ਸਨ, ਜਿਸਨੂੰ 'ਸੈਯਾਰਾ' ਨੇ ਪੂਰਾ ਦਿੱਤਾ ਹੈ।

ਇਸ ਦੇ ਨਾਲ ਹੀ, ਜੈਪੁਰ ਵਿੱਚ ਐਂਟਰਟੇਨਮੈਂਟ ਪੈਰਾਡਾਈਜ਼ ਨਾਮ ਦੇ ਮਲਟੀਪਲੈਕਸ ਦੇ ਮਾਲਕ ਰਾਜ ਬਾਂਸਲ ਨੇ ਕਿਹਾ ਕਿ ਫਿਲਮ ਨੂੰ ਨਾ ਸਿਰਫ਼ ਜੈਪੁਰ ਵਰਗੇ ਵੱਡੇ ਸ਼ਹਿਰ ਵਿੱਚ, ਸਗੋਂ ਭਰਤਪੁਰ, ਸੀਕਰ ਅਤੇ ਰਾਜਸਥਾਨ ਦੇ ਹੋਰ ਛੋਟੇ ਸਥਾਨਾਂ ਵਿੱਚ ਵੀ ਦਰਸ਼ਕਾਂ ਦਾ ਸਮਰਥਨ ਮਿਲ ਰਿਹਾ ਹੈ।

ਰਾਜ ਬਾਂਸਲ ਕਹਿੰਦੇ ਹਨ, "ਜੇਕਰ ਇੱਕ ਚੰਗਾ ਨਿਰਦੇਸ਼ਕ, ਇੱਕ ਚੰਗੀ ਕਹਾਣੀ ਅਤੇ ਚੰਗਾ ਸੰਗੀਤ ਹੈ, ਤਾਂ ਫਿਲਮ ਨੂੰ ਚੰਗਾ ਕੰਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ। 'ਸੈਯਾਰਾ' ਨਾਲ ਵੀ ਅਜਿਹਾ ਹੀ ਹੋਇਆ ਹੈ, ਜਿਸਦਾ ਪ੍ਰਭਾਵ ਬਾਕਸ ਆਫਿਸ 'ਤੇ ਇਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ।"

ਕੀ 'ਸੈਯਾਰਾ' 'ਛਾਵਾ' ਦੇ ਕਲੈਕਸ਼ਨ ਨੂੰ ਟੱਕਰ ਦੇਵੇਗੀ?

ਫਿਲਮ ਛਾਵਾ

ਤਸਵੀਰ ਸਰੋਤ, INSTAGRAM/VICKYKAUSHAL

ਤਸਵੀਰ ਕੈਪਸ਼ਨ, ਫਿਲਮ 'ਛਾਵਾ' ਨੇ ਬਾਕਸ ਆਫਿਸ 'ਤੇ 600 ਕਰੋੜ ਰੁਪਏ ਦੀ ਕਮਾਈ ਕੀਤੀ

ਬਾਕਸ ਆਫਿਸ ʼਤੇ ਕਰੀਬ 600 ਕਰੋੜ ਰੁਪਏ ਦਾ ਕਾਰੋਬਾਰ ਕਰ ਕੇ ਇਤਿਹਾਸ ਰਚਣ ਵਾਲੀ ਫਿਲਮ ʻਛਾਵਾʼ ਤੋਂ ਬਾਅਦ 'ਸੈਯਾਰਾ' ਇਸ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਹਾਸਲ ਕਰ ਵਾਲੀ ਫਿਲਮ ਬਣ ਗਈ ਹੈ।

ਇਸ ਸਾਲ ਫਰਵਰੀ ਵਿੱਚ ਰਿਲੀਜ਼ ਹੋਈ ਵਿੱਕੀ ਕੌਸ਼ਲ ਸਟਾਰਰ 'ਛਾਵਾ' ਨੇ ਪਹਿਲੇ ਦਿਨ 33 ਕਰੋੜ ਤੋਂ ਵੱਧ ਦੀ ਓਪਨਿੰਗ ਕੀਤੀ ਸੀ। ਇਸ ਦੇ ਨਾਲ ਹੀ, ਨਵੇਂ ਕਲਾਕਾਰਾਂ ਵਾਲੀ 'ਸੈਯਾਰਾ' ਨੇ ਪਹਿਲੇ ਦਿਨ 22 ਕਰੋੜ ਕਮਾ ਕੇ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਦਰਜ ਕੀਤੀ।

ਮਸ਼ਹੂਰ ਟ੍ਰੇਡ ਐਨਾਲਿਸਟ ਕੋਮਲ ਨਾਹਟਾ ਨੇ 'ਸੈਯਾਰਾ' ਦੇ ਬਾਕਸ ਆਫਿਸ ਦੀਆਂ ਸੰਭਾਵਨਾਵਾਂ ਨੂੰ ਵੀ ਸ਼ਾਨਦਾਰ ਮੰਨਿਆ ਹੈ, ਜਿਸ ਨੇ ਆਪਣੀ ਰਿਲੀਜ਼ ਦੇ ਚੌਥੇ ਦਿਨ 100 ਕਰੋੜ ਦਾ ਅੰਕੜਾ ਪਾਰ ਕੀਤਾ ਸੀ।

ਕੋਮਲ ਨਾਹਟਾ ਕਹਿੰਦੇ ਹਨ, "ਫਿਲਮ 'ਸੈਯਾਰਾ' ਨੇ ਚਾਰ ਦਿਨਾਂ ਵਿੱਚ ਬਾਕਸ ਆਫਿਸ 'ਤੇ ਜੋ ਜਾਦੂ ਕੀਤਾ ਹੈ, ਉਹ ਕਈ ਤਰੀਕਿਆਂ ਨਾਲ ਬੇਮਿਸਾਲ ਹੈ। ਮੈਂ 'ਸੈਯਾਰਾ' ਦੀ ਤੁਲਨਾ 'ਛਾਵਾ' ਨਾਲ ਨਹੀਂ ਕਰਨਾ ਚਾਹਾਂਗਾ, ਕਿਉਂਕਿ ਉਸ ਫਿਲਮ ਨੇ ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਦਾਨਾ ਵਰਗੇ ਸਥਾਪਿਤ ਕਲਾਕਾਰਾਂ ਸਨ ਅਤੇ ਇਹ ਇਤਿਹਾਸਕ ਪਿਛੋਕੜ 'ਤੇ ਆਧਾਰਿਤ ਇੱਕ ਵੱਡੇ ਬਜਟ ਵਾਲੀ ਫਿਲਮ ਸੀ।"

ਉਹ ਅੱਗੇ ਕਹਿੰਦੇ ਹਨ, "ਫਿਲਹਾਲ ਮੈਂ ਇਹ ਨਹੀਂ ਕਹਿ ਸਕਦਾ ਕਿ 'ਸੈਯਾਰਾ' ਦਾ ਐਂਡ ਕਲੈਕਸ਼ਨ ਕੀ ਹੋਵੇਗਾ, ਪਰ ਫਿਲਮ ਨੂੰ ਦੁਨੀਆ ਭਰ ਵਿੱਚ ਮਿਲ ਰਹੇ ਹੁੰਗਾਰੇ ਨੂੰ ਦੇਖਦੇ ਹੋਏ, ਮੈਂ ਯਕੀਨਨ ਕਹਿ ਸਕਦਾ ਹਾਂ ਕਿ ਇਹ ਫਿਲਮ ਆਸਾਨੀ ਨਾਲ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ।"

"ਹਾਲਾਂਕਿ, ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਫਿਲਮ ਕਾਰੋਬਾਰ ਦੇ ਮਾਮਲੇ ਵਿੱਚ ਕਿੱਥੇ ਰੁਕੇਗੀ। ਫਿਲਮ ਵਿਦੇਸ਼ਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਜਿਸ ਦਾ ਇਸਦੇ ਕੁੱਲ ਕਲੈਕਸ਼ਨ 'ਤੇ ਅਸਰ ਪਵੇਗਾ।"

ਅਦਾਕਾਰ ਅਹਾਨ ਪਾਂਡੇ ਅਤੇ ਅਦਾਕਾਰਾ ਅਨੀਤ ਪੱਡਾ ਕੌਣ ਹਨ?

'ਸੈਯਾਰਾ'

ਤਸਵੀਰ ਸਰੋਤ, INSTAGRAM/YRF

ਤਸਵੀਰ ਕੈਪਸ਼ਨ, 'ਸਈਆਰਾ' ਅਨੀਤ ਪੱਡਾ ਦੀ ਬਤੌਰ ਮੁੱਖ ਹੀਰੋਇਨ ਪਹਿਲੀ ਫਿਲਮ ਹੈ

'ਸੈਯਾਰਾ' ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੇ ਅਹਾਨ ਪਾਂਡੇ ਦੀ ਤੁਲਨਾ ਰਿਤਿਕ ਰੋਸ਼ਨ ਨਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ 25 ਸਾਲ ਪਹਿਲਾਂ ਰਿਲੀਜ਼ ਹੋਈ ਸੁਪਰਹਿੱਟ ਫਿਲਮ 'ਕਹੋ ਨਾ... ਪਿਆਰ ਹੈ' ਨਾਲ ਡੈਬਿਊ ਕੀਤਾ ਸੀ।

ਇਸੇ ਤਰ੍ਹਾਂ ਅਨੀਤ ਪੱਡਾ ਅਤੇ ਅਹਾਨ ਦੀ ਜੋੜੀ ਨੂੰ ਵੀ ਰਿਤਿਕ-ਅਮੀਸ਼ਾ ਦੀ ਜੋੜੀ ਵਾਂਗ ਬਾਕਸ ਆਫਿਸ 'ਤੇ ਹਲਚਲ ਮਚਾਉਣ ਵਾਲਾ ਮੰਨਿਆ ਜਾਂਦਾ ਹੈ।

ਅਹਾਨ ਪਾਂਡੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੇ ਭਰਾ ਚਿੱਕੀ ਪਾਂਡੇ ਅਤੇ ਫਿਟਨੈਸ ਕੋਚ ਡਿਆਨ ਪਾਂਡੇ ਦਾ ਪੁੱਤਰ ਹੈ। 27 ਸਾਲਾ ਅਹਾਨ ਨੇ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਪਰਦੇ ਪਿੱਛੇ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ।

ਇਹ ਧਿਆਨ ਦੇਣ ਯੋਗ ਹੈ ਕਿ 'ਸੈਯਾਰਾ' ਦੇ ਨਿਰਮਾਤਾ ਆਦਿਤਿਆ ਚੋਪੜਾ ਨੇ ਨਿਰਦੇਸ਼ਕ ਮੋਹਿਤ ਸੂਰੀ ਨੂੰ ਫਿਲਮ ਵਿੱਚ ਅਹਾਨ ਨੂੰ ਕਾਸਟ ਕਰਨ ਦਾ ਸੁਝਾਅ ਦਿੱਤਾ ਸੀ।

ਸ਼ੁਰੂ ਵਿੱਚ, ਮੋਹਿਤ ਸੂਰੀ ਨੂੰ ਅਹਾਨ ਮੁੱਖ ਭੂਮਿਕਾ ਵਿੱਚ ਫਿੱਟ ਨਹੀਂ ਲੱਗ ਰਹੇ ਸਨ, ਪਰ ਕੁਝ ਸਮਾਂ ਇਕੱਠੇ ਬਿਤਾਉਣ ਤੋਂ ਬਾਅਦ, ਉਹ ਸਹਿਮਤ ਹੋ ਗਏ ਕਿ ਅਹਾਨ ਇਸ ਰੋਮਾਂਟਿਕ ਕਹਾਣੀ ਲਈ ਸਹੀ ਚਿਹਰਾ ਹੈ।

ਜਿੱਥੋਂ ਤੱਕ ਅਹਾਨ ਦੇ ਉਲਟ ਮੁੱਖ ਭੂਮਿਕਾ ਨਿਭਾਉਣ ਵਾਲੀ ਅਨੀਤ ਪੱਡਾ ਦੀ ਗੱਲ ਹੈ, ਉਨ੍ਹਾਂ ਨੇ ਦੋ ਸਾਲ ਪਹਿਲਾਂ ਰਿਲੀਜ਼ ਹੋਈ ਵੈੱਬ ਸੀਰੀਜ਼ 'ਬਿਗ ਗਰਲਜ਼ ਡੋਂਟ ਕ੍ਰਈ' ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਲਈ ਉਨ੍ਹਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਹੋਈ ਸੀ।

ਅਨੀਤ ਪੱਡਾ ਪਹਿਲਾਂ ਰੇਵਤੀ ਨਿਰਦੇਸ਼ਿਤ ਅਤੇ ਕਾਜੋਲ ਸਟਾਰਰ ਫਿਲਮ 'ਸਲਾਮ ਵੈਂਕੀ' ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵੀ ਨਿਭਾ ਚੁੱਕੇ ਹਨ। ਪਰ ਬਤੌਰ ਲੀਡ ਅਦਾਕਾਰ 'ਸੈਯਾਰਾ' ਉਨ੍ਹਾਂ ਦੀ ਪਹਿਲੀ ਫਿਲਮ ਹੈ।

ਅੰਮ੍ਰਿਤਸਰ ਨਾਲ ਸਬੰਧ ਰੱਖਣ ਵਾਲੀ ਅਨੀਤ ਪੱਡਾ, ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਮਾਡਲਿੰਗ ਕਰਦੀ ਸੀ ਅਤੇ ਕਈ ਇਸ਼ਤਿਹਾਰਾਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)