'ਖੇਤੀ 'ਚ ਕ੍ਰਾਂਤੀ' : ਮਖਾਣੇ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ? ਭਾਰਤ ਵਿੱਚ ਕਿੱਥੇ ਹੁੰਦੀ ਹੈ ਸਭ ਤੋਂ ਵੱਧ ਪੈਦਾਵਾਰ

ਮਖਾਣੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਖਾਣੇ ਨੂੰ ਜ਼ਿਆਦਾਤਰ ਸਨੈਕਸ ਵਜੋਂ ਖਾਧਾ ਜਾਂਦਾ ਹੈ।
    • ਲੇਖਕ, ਪ੍ਰੀਤੀ ਗੁਪਤਾ
    • ਰੋਲ, ਬੀਬੀਸੀ ਪੱਤਰਕਾਰ

ਆਪਣੇ ਪਿਤਾ ਅਤੇ ਦਾਦੇ ਵਾਂਗ ਫੂਲ ਦੇਵ ਸ਼ਾਹਨੀ ਨੂੰ ਵੀ ਰੋਜ਼ੀ-ਰੋਟੀ ਕਮਾਉਣ ਲਈ ਇਕ ਛੱਪੜ ਵਿੱਚ ਜਾਣਾ ਪੈਂਦਾ ਸੀ।

ਬਿਹਾਰ ਦੇ ਰਹਿਣ ਵਾਲੇ ਸ਼ਾਹਨੀ ਦੱਸਦੇ ਹਨ,“ਮੈਂ ਹਰ ਰੋਜ਼ ਪਾਣੀ ’ਚ ਸੱਤ ਤੋਂ ਅੱਠ ਫੁੱਟ ਹੇਠਾਂ ਡੁੱਬਕੀ ਲਗਾਉਂਦਾ ਸੀ। ਨੌਂ ਜਾਂ ਦਸ ਮਿੰਟ ਬਾਅਦ ਸਾਹ ਲੈਣ ਲਈ ਬਾਹਰ ਆਉਂਦਾ ਸੀ।”

ਉਹ ਉਸ ਗੰਦੇ ਪਾਣੀ ਵਿੱਚ ਕਮਲ ਦੇ ਬੀਜ ਕੱਢਦੇ ਸਨ। ਇਨ੍ਹਾਂ ਗਿਰੀਆਂ ਨੂੰ ਮਖਾਣੇ ਜਾਂ ਫੌਕਸ ਨਟਸ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ। ਵਿਟਾਮਿਨ ਬੀ, ਪ੍ਰੋਟੀਨ ਅਤੇ ਫਾਇਬਰ ਦੀ ਵਧੇਰੇ ਮਾਤਰਾ ਹੁੰਦੀ ਹੈ।

ਕੁਝ ਲੋਕ ਇਨ੍ਹਾਂ ਨੂੰ ‘ਸੁਪਰ ਫੂਡ’ ਕਹਿੰਦੇ ਹਨ।

ਮਖਾਣੇ ਨੂੰ ਜ਼ਿਆਦਾਤਰ ਸਨੈਕਸ ਵਜੋਂ ਖਾਧਾ ਜਾਂਦਾ ਹੈ। ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਕਿਸਾਨ

ਤਸਵੀਰ ਸਰੋਤ, Dhirendra Kumar

ਤਸਵੀਰ ਕੈਪਸ਼ਨ, ਕਈ ਕਿਸਾਨਾਂ ਦਾ ਕਹਿਣਾ ਹੈ ਕਿ ਮਖਾਣੇ ਦੀ ਕਾਸ਼ਤ ਸਖ਼ਤ ਮਿਹਨਤ ਦਾ ਕੰਮ ਹੈ

ਮਖਾਣੇ ਦੀ ਕਾਸ਼ਤ ਪਹਿਲਾਂ ਸਖ਼ਤ ਮਿਹਨਤ ਦਾ ਕੰਮ ਸੀ। ਦੁਨੀਆਂ ਭਰ ਦੇ 90 ਫ਼ੀਸਦ ਮਖਾਣੇ ਦੀ ਕਾਸ਼ਤ ਬਿਹਾਰ ਸੂਬੇ ਵਿੱਚ ਹੁੰਦੀ ਹੈ। ਇਸ ਬੂਟੇ ਦੇ ਵੱਡੇ ਆਕਾਰ ਦੇ ਪੱਤੇ ਹੁੰਦੇ ਹਨ, ਜੋ ਪਾਣੀ ਦੇ ਉਪਰ ਤੈਰਦੇ ਹਨ। ਪਰ ਇਸ ਦੇ ਬੀਜ ਪਾਣੀ ਦੇ ਹੇਠਾਂ ਫਲੀਆਂ ’ਚ ਤਿਆਰ ਹੁੰਦੇ ਹਨ।

ਇਸ ਨੂੰ ਇਕੱਤਰ ਕਰਨ ਦਾ ਕੰਮ ਬੜੀ ਮਿਹਨਤ ਵਾਲਾ ਹੈ।

ਸ਼ਾਹਨੀ ਦੱਸਦੇ ਹਨ,“ਜਦੋਂ ਤੁਸੀਂ ਪਾਣੀ ਵਿੱਚ ਪੈਰ ਰੱਖਦੇ ਹੋ ਤਾਂ ਚਿੱਕੜ ਤੁਹਾਡੇ ਕੰਨਾਂ, ਅੱਖਾਂ, ਨੱਕ ਤੇ ਮੂੰਹ ਵਿੱਚ ਆ ਜਾਂਦਾ ਹੈ। ਇਸ ਨਾਲ ਕਈ ਲੋਕਾਂ ਨੂੰ ਚਮੜੀ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਦੇ ਬੂਟੇ ਦੇ ਸਾਰੇ ਪਾਸੇ ਕੰਡੇ ਹੁੰਦੇ ਹਨ। ਬੀਜ ਕੱਢਣ ਲਈ ਬੂਟੇ ਨੂੰ ਸਾਫ ਕੀਤਾ ਜਾਂਦਾ ਹੈ।”

ਹਾਲਾਂਕਿ ਕਿਸਾਨਾਂ ਨੇ ਅਜੋਕੇ ਸਮੇਂ ਵਿੱਚ ਮਖਾਣੇ ਦੀ ਕਾਸ਼ਤ ਕਰਨ ਦੇ ਤਰੀਕੇ ਨੂੰ ਬਦਲਿਆ ਹੈ। ਹੁਣ ਇਸ ਦੀ ਕਾਸ਼ਤ ਖੇਤਾਂ ਜਾਂ ਘੱਟ ਡੂੰਘਾਈ ’ਤੇ ਛੱਪੜਾਂ ਬਣਾ ਕੇ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਫੁੱਟ ਡੂੰਘੇ ਪਾਣੀ ਵਿੱਚ ਵੀ ਕੀਤੀ ਜਾਂਦੀ ਹੈ।

ਸ਼ਾਹਨੀ ਦੱਸਦੇ ਹਨ,“ਪਰ ਇਹ ਹਾਲੇ ਵੀ ਸਖ਼ਤ ਮਿਹਨਤ ਦਾ ਕੰਮ ਹੈ। ਪਰ ਇਹ ਸਾਡੇ ਲਈ ਇੱਕ ਰਵਾਇਤੀ ਕਿੱਤਾ ਹੈ। ਮੈਨੂੰ ਇਸ ’ਤੇ ਮਾਣ ਹੈ। ਮੇਰੇ ਤਿੰਨ ਬੱਚੇ ਹਨ। ਮੈਂ ਇਹ ਯਕੀਨੀ ਬਣਾਵਾਂਗਾ ਕਿ ਸਾਡੇ ਬੱਚਿਆਂ ਵਿੱਚੋਂ ਇਕ ਪੁੱਤਰ ਖੇਤੀ ਦੀ ਇਸ ਵਿਰਾਸਤ ਨੂੰ ਜਾਰੀ ਰੱਖੇ।”

ਬੀਬੀਸੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

10 ਸਾਲ ਪਹਿਲਾਂ ਆਇਆ ਬਦਲਾਅ

ਮਧੂਬਨੀ ਮਖਾਨਾ

ਤਸਵੀਰ ਸਰੋਤ, Madhubani Makhana

ਤਸਵੀਰ ਕੈਪਸ਼ਨ, ਇਸ ਫ਼ਸਲ ਲਈ ਇੱਕ ਫੁੱਟ ਡੂੰਘਾ ਪਾਣੀ ਵੀ ਕਾਫੀ ਹੈ।

ਡਾ. ਮਨੋਜ ਕੁਮਾਰ ਉਨ੍ਹਾਂ ਵਿੱਚੋਂ ਇੱਕ ਮੋਹਰੀ ਹਨ, ਜਿਨ੍ਹਾਂ ਨੇ ਕਮਲ ਦੇ ਬੀਜਾਂ ਦੀ ਕਾਸ਼ਤ ਵਿੱਚ ਬਦਲਾਅ ਲਿਆਂਦਾ। ਉਨ੍ਹਾਂ ਨੇ ਦਸ ਸਾਲ ਪਹਿਲਾਂ ਮਹਿਸੂਸ ਕੀਤਾ ਕਿ ਇਸ ਦੀ ਕਾਸ਼ਤ ਨੂੰ ਡੂੰਘੇ ਪਾਣੀ ਵਿੱਚ ਵਧਾਉਣਾ ਕਾਫੀ ਜੋਖ਼ਮ ਭਰਿਆ ਕੰਮ ਹੋਵੇਗਾ।

ਮਨੋਜ ਕੁਮਾਰ ਮੌਜੂਦਾ ਸਮੇਂ ਵਿੱਚ ਨੈਸ਼ਨਲ ਰਿਸਰਚ ਸੈਂਟਰ ਫਾਰ ਮਖਾਨਾ (ਐੱਨਆਰਸੀਐੱਮ) ਦੇ ਸੀਨੀਅਰ ਵਿਗਿਆਨੀ ਹਨ। ਉਨ੍ਹਾਂ ਨੇ ਘੱਟ ਡੂੰਘਾਈ ਦੇ ਪਾਣੀ ਵਾਲੇ ਖੇਤਾਂ ਵਿੱਚ ਇਸ ਫ਼ਸਲ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਕਈ ਲੋਕ ਇਸ ਤਕਨੀਕ ਨਾਲ ਪਿਛਲੇ ਚਾਰ-ਪੰਜ ਸਾਲਾਂ ਤੋਂ ਕਾਸ਼ਤ ਕਰ ਰਹੇ ਹਨ।

ਮਨੋਜ ਕੁਮਾਰ ਦੱਸਦੇ ਹਨ,“ਸਾਡੀਆਂ ਕਾਢਾਂ ਨਾਲ ਕਮਲ ਦੇ ਬੀਜ ਦੀ ਕਾਸ਼ਤ ਹੁਣ ਰਵਾਇਤੀ ਫ਼ਸਲਾਂ ਦੀ ਖੇਤੀ ਵਾਂਗ ਆਸਾਨ ਹੋ ਗਈ ਹੈ। ਹੁਣ ਇਸ ਫ਼ਸਲ ਲਈ ਇੱਕ ਫੁੱਟ ਡੂੰਘਾ ਪਾਣੀ ਵੀ ਕਾਫੀ ਹੈ। ਇਸ ਨਾਲ ਹੁਣ ਕਿਸਾਨਾਂ ਨੂੰ ਘੰਟਿਆਂ ਬੱਧੀ ਡੂੰਘੇ ਪਾਣੀ ਵਿੱਚ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ।”

ਕਿਸਾਨਾਂ ਦੀ ਆਮਦਨ ਵਿੱਚ ਤਿੰਨ ਗੁਣਾਂ ਵਾਧਾ ਹੋਇਆ

ਮਖਾਣੇ ਦੀ ਖੇਤੀ ਕਰਦਾ ਕਿਸਾਨ

ਤਸਵੀਰ ਸਰੋਤ, Phool dev Shahni

ਤਸਵੀਰ ਕੈਪਸ਼ਨ, ਮਖਾਣੇ ਦੀ ਕਾਸ਼ਤ ਨੇ ਬਿਹਾਰ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਹੜ੍ਹਾਂ ਤੇ ਬੇਮੌਸਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕੀਤੀ

ਮਨੋਜ ਕੁਮਾਰ ਦਾ ਕਹਿਣਾ ਹੈ,“ਜਿਸ ਕੰਪਨੀ ਲਈ ਉਹ ਕੰਮ ਕਰਦੇ ਹਨ, ਉਨ੍ਹਾਂ ਨੇ ਕਮਲ ਦੇ ਬੀਜ ’ਤੇ ਬਹੁਤ ਸਾਰੇ ਪ੍ਰਯੋਗ ਕੀਤੇ ਹਨ। ਇਕ ਚੰਗਾ ਤੇ ਉਚ ਉਪਜ ਦਾ ਬੀਜ ਵਿਕਸਤ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਤਿੰਨ ਗੁਣਾਂ ਵਾਧਾ ਹੋਇਆ ਹੈ।”

ਮਨੋਜ ਕੁਮਾਰ ਕਹਿੰਦੇ ਹਨ ਕਿ ਮਖਾਣੇ ਦੀ ਕਾਸ਼ਤ ਨੇ ਬਿਹਾਰ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਹੜ੍ਹਾਂ ਤੇ ਬੇਮੌਸਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕੀਤੀ ਹੈ। ਹੁਣ ਐੱਨਆਰਸੀਐੱਮ ਅਜਿਹੀਆਂ ਮਸ਼ੀਨਾਂ ਵਿਕਸਿਤ ਕਰਨ ’ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਮਖਾਨੇ ਦੀ ਕਾਸ਼ਤ ਹੋਰ ਆਸਾਨ ਹੋ ਜਾਵੇਗੀ।

ਇਸ ਕੰਪਨੀ ਦੀਆਂ ਕਾਢਾਂ ਬਹੁਤ ਸਾਰੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਸਾਲ 2022 ਵਿੱਚ 35,224 ਹੈਕਟੇਅਰ (87,000 ਏਕੜ) ਹੇਠ ਮਖਾਣੇ ਦੀ ਕਾਸ਼ਤ ਕੀਤੀ ਜਾਂਦੀ ਸੀ। 10 ਸਾਲ ਪਹਿਲਾਂ ਦੇ ਮੁਕਾਬਲੇ ਇਸ ਕਾਸ਼ਤ ਵਿੱਚ ਕਰੀਬ ਤਿੰਨ ਗੁਣਾਂ ਵਾਧਾ ਹੋਇਆ ਹੈ।

ਧਰੇਂਦਰ ਕੁਮਾਰ ਉਨ੍ਹਾਂ ਕਿਸਾਨਾਂ ਵਿੱਚੋਂ ਹਨ, ਜਿਨ੍ਹਾਂ ਨੇ ਹੋਰ ਫਸਲਾਂ ਨੂੰ ਛੱਡ ਕੇ ਮਖਾਣੇ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਹੈ। ਉਹ ਦੱਸਦੇ ਹਨ,“ਪਹਿਲਾਂ ਅਸੀਂ ਸਿਰਫ ਕਣਕ, ਸਰ੍ਹੋਂ ਤੇ ਕੇਸਰ ਦੀ ਖੇਤੀ ਕਰਦੇ ਸੀ। ਅਸੀਂ ਬਹੁਤ ਨੁਕਸਾਨ ਝੱਲਿਆ ਹੈ। ਬਹੁਤ ਵਾਰ ਹੜ੍ਹਾਂ ਨੇ ਸਾਡੀ ਫ਼ਸਲ ਦਾ ਨੁਕਸਾਨ ਕੀਤਾ।”

ਕਿਸਾਨ ਮਖਾਣੇ ਦੀ ਕਾਸ਼ਤ ਨੂੰ ਅਪਣਾ ਕੇ ਮੁਨਾਫਾ ਕਮਾ ਰਹੇ ਹਨ।

ਜਦੋਂ ਧਰੇਂਦਰ ਪੀਐੱਚਡੀ ਕਰ ਰਹੇ ਸਨ ਤਾਂ ਉਸ ਸਮੇਂ ਉਹ ਇੱਕ ਵਿਗਿਆਨੀ ਦੇ ਸੰਪਰਕ ਵਿੱਚ ਆਏ ਜੋ ਮਖਾਣੇ ਦੀ ਕਾਸ਼ਤ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਨਾਲ ਕੀਤੀ ਜਾਣ-ਪਛਾਣ ਤੋਂ ਬਾਅਦ ਉਸ ਨੇ ਆਪਣੇ ਖੇਤਾਂ ਵਿੱਚ ਮਖਾਣੇ ਦੀ ਕਾਸ਼ਤ ਦਾ ਤਜਰਬਾ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ ਦੱਸਿਆ,“ਇਸ ਦੀ ਪੈਦਾਵਾਰ ਬਹੁਤ ਵਧੀਆ ਰਹੀ। ਪਹਿਲੇ ਸਾਲ ਹੀ ਅਸੀਂ 36,000 ਦਾ ਮੁਨਾਫਾ ਕਮਾਇਆ।”

ਹੁਣ ਉਹ 17 ਏਕੜ ਵਿੱਚ ਮਖਾਣੇ ਦੀ ਕਾਸ਼ਤ ਕਰ ਰਹੇ ਹਨ।

ਉਨ੍ਹਾਂ ਕਿਹਾ,“ਮੈਂ ਮਖਾਣੇ ਦੀ ਖੇਤੀ ਕਰਨ ਬਾਰੇ ਕਦੇ ਸੁਪਨਾ ਨਹੀਂ ਸੀ ਲਿਆ ਕਿਉਂਕਿ ਇਹ ਬਹੁਤ ਮਿਹਨਤ ਦਾ ਕੰਮ ਹੈ। ਇਸ ਨੂੰ ਜ਼ਿਆਦਾਤਰ ਮਛੇਰਿਆਂ ਵੱਲੋਂ ਕੀਤਾ ਜਾਂਦਾ ਹੈ।”

ਇਸ ਬਦਲਾਅ ਨੇ ਔਰਤਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।

ਧਰੇਂਦਰ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਹੈ ਤੇ ਕਿਸੇ ਵੀ ਸਥਿਤੀ ਵਿੱਚ ਉਹ ਇਹ ਕੰਮ ਛੱਡਣਾ ਨਹੀਂ ਚਾਹੁੰਦਾ।

ਮਖਾਣੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਪੱਧਰ ’ਤੇ ਮਖਾਣੇ ਦੀ ਮੰਗ ਵਧ ਰਹੀ ਹੈ

ਮਧੂਬਨੀ ਮਖਾਣਾ ਕੰਪਨੀ ਮਖਾਣੇ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਕਈ ਦੇਸ਼ਾਂ ਵਿੱਚ ਮਖਾਣੇ ਦੀ ਬਰਾਮਦ ਕਰਨ ਵਿੱਚ ਮੋਹਰੀ ਹੈ। ਮਖਾਨੇ ਦੀ ਪ੍ਰੋਸੈਸਿੰਗ ਵੀ ਇਕ ਮਿਹਨਤ ਦਾ ਕੰਮ ਹੈ।

ਮਧੂਬਨੀ ਮਖਾਣਾ ਆਰਗੇਨਾਈਜੇਸ਼ਨ ਦੇ ਸੰਸਥਾਪਕ ਸ਼ੰਭੂ ਪ੍ਰਸਾਦ ਦਾ ਕਹਿਣਾ ਹੈ,“ਇਹ ਇੱਕ ਕੱਚਾ ਕੰਮ ਹੈ। ਇਹ ਖਤਰਨਾਕ ਹੈ ਤੇ ਮਿਹਨਤ ਦਾ ਕੰਮ ਹੈ। ਇਹ ਕੰਮ ਸਮਾਂ ਮੰਗਦਾ ਹੈ। ਕਈ ਵਾਰ ਸੱਟਾਂ ਵੀ ਲੱਗਦੀਆਂ ਵੀ ਹਨ।”

ਉਨ੍ਹਾਂ ਦੀ ਕੰਪਨੀ ਨੇ ਐੱਨਆਰਸੀਐੱਮ ਨਾਲ ਸਾਂਝੇਦਾਰੀ ਕਰ ਕੇ ਮਖਾਣੇ ਭੁੰਨਣ ਵਾਲੀ ਮਸ਼ੀਨ ਨੂੰ ਵਿਕਸਿਤ ਕੀਤਾ ਹੈ। ਸ਼ੰਭੂ ਪ੍ਰਸਾਦ ਨੇ ਕਿਹਾ,“ਇਸ ਮਸ਼ੀਨ ਨੇ ਮਖਾਨੇ ਦੀ ਗੁਣਵਤਾ ਵਧਾਉਣ ਵਿੱਚ ਸਾਡੀ ਮਦਦ ਕੀਤੀ ਹੈ।”

ਉਨ੍ਹਾਂ ਦਾ ਪਲਾਂਟ ਬਿਹਾਰ ਦੇ ਮਧੂਬਨੀ ਵਿੱਚ ਸਥਿਤ ਹੈ।

ਸ਼ੰਭੂ ਪ੍ਰਸਾਦ ਦਾ ਕਹਿਣਾ ਹੈ,“ਮਖਾਣੇ ਦੀ ਵਧਦੀ ਵਿਸ਼ਵਵਿਆਪੀ ਮੰਗ ਨੂੰ ਦੇਖਦੇ ਹੋਏ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਲਿਆਉਣ ਲਈ ਇਸ ਦੇ ਉਤਪਾਦਨ ਵਿੱਚ ਭਾਰੀ ਵਾਧਾ ਕਰਨ ਦੀ ਜ਼ਰੂਰਤ ਹੈ।”

ਧਰੇਂਦਰ ਦਾ ਕਹਿਣਾ ਹੈ ਕਿ ਮਖਾਣੇ ਦੀ ਕਾਸ਼ਤ ਨਾਲ ਕ੍ਰਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਮਖਾਣੇ ਦੀ ਕਾਸ਼ਤ ਬਿਹਾਰ ਦੀ ਨੁਹਾਰ ਬਦਲ ਦੇਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)