ਸੰਗਰੂਰ: ਕਣਕ-ਝੋਨੇ ਦੇ ਦੋ ਫ਼ਸਲੀ ਚੱਕਰ ਤੋਂ ਨਿਕਲ ਕੇ ਕਿਵੇਂ ਸੁਖਦੀਪ ਸਿੰਘ ਨੇ ਫੁੱਲਾਂ ਦੀ ਖੇਤੀ ਨੂੰ ਬਣਾਇਆ ਲਾਹੇਵੰਦ

ਸੁਖਦੀਪ ਸਿੰਘ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਸੁਖਦੀਪ ਸਿੰਘ 4 ਏਕੜ ਜ਼ਮੀਨ ਵਿੱਚ ਫੁੱਲਾਂ ਦੀ ਖੇਤੀ ਕਰਦੇ ਹਨ
    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

ਅੱਜ ਦੇ ਸਮੇਂ ਵਿੱਚ ਪੰਜਾਬ ਦੇ ਕਿਸਾਨ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਆਖ ਰਹੇ ਨੇ। ਪੰਜਾਬ ਵਿੱਚ ਕਿਸਾਨਾਂ ਦੇ ਬੱਚੇ ਵੱਡੇ ਪੱਧਰ ਉੱਤੇ ਖੇਤੀ ਦਾ ਧੰਦਾ ਛੱਡ ਕੇ ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਲਈ ਜਾ ਰਹੇ ਹਨ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਨੂੰ ਕਣਕ ਅਤੇ ਝੋਨੇ ਦੀ ਦੋ ਫ਼ਸਲੀ ਚੱਕਰ ਵਿਚੋਂ ਕੱਢ ਕੇ ਹੋਰ ਬਦਲਵੀਆਂ ਫ਼ਸਲਾਂ ਵੱਲ ਜਾਣ ਦੀ ਜ਼ਰੂਰਤ ਹੈ।

ਉੱਥੇ ਹੀ ਸੰਗਰੂਰ ਦੇ ਪਿੰਡ ਪੇਧਨੀ ਕਲਾਂ ਦੇ ਕਿਸਾਨ ਸੁਖਦੀਪ ਸਿੰਘ ਕਣਕ-ਝੋਨੇ ਦੇ ਦੋ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਪੂਰਾ ਸਾਲ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਰਹੇ ਹਨ ਅਤੇ ਇਸ ਤੋਂ ਦੁਗਣੇ ਮੁਨਾਫ਼ੇ ਦਾ ਦਾਅਵਾ ਵੀ ਕਰਦੇ ਹਨ।

ਫੁੱਲ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਸੁਖਦੀਪ ਆਪਣੇ ਖੇਤਾਂ ਵਿੱਚ ਗੇਂਦੇਂ ਦੀਆਂ ਕਿਸਮਾਂ ਬੀਜਦੇ ਹਨ

ਇੱਕ ਵਿਘਾ ਜ਼ਮੀਨ ਤੋਂ ਸ਼ੁਰੂਆਤ ਕਰਨ ਵਾਲੇ ਸੁਖਦੀਪ ਸਿੰਘ ਅੱਜ 4 ਏਕੜ ਜ਼ਮੀਨ ਵਿੱਚ ਫੁੱਲਾਂ ਦੀ ਖੇਤੀ ਕਰ ਕੇ 7 ਲੱਖ ਤੋਂ 8 ਲੱਖ ਰੁਪਏ ਸਲਾਨਾ ਕਮਾਈ ਕਰ ਰਹੇ ਹਨ।

ਸੁਖਦੀਪ ਸਿੰਘ ਦੱਸਦੇ ਹਨ ਕਿ 6 ਮਹੀਨੇ ਦੇ ਇੱਕ ਸੀਜ਼ਨ ਵਿੱਚ ਫੁੱਲਾਂ ਦੀ ਕਾਸ਼ਤ ਉੱਤੇ ਕਰੀਬ 30 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਅਤੇ ਇੱਕ ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਹੋ ਜਾਂਦੀ ਹੈ।

ਇਸ ਤਰ੍ਹਾਂ 4 ਏਕੜ ਦੀ ਜ਼ਮੀਨ ਵਿੱਚੋਂ ਉਹ 7-8 ਏਕੜ ਸਲਾਨਾ ਕਮਾਈ ਕਰ ਲੈਂਦੇ ਹਨ ।

ਸੁਖਦੀਪ ਸਿੰਘ ਦੱਸਦੇ ਹਨ ਕਿ ਝੋਨੇ ਦੀ ਖੇਤੀ ਵਿੱਚ ਪਾਣੀ ਦੀ ਬਹੁਤ ਖ਼ਪਤ ਹੁੰਦੀ ਹੈ। ਇਸ ਨਾਲ ਸਾਡਾ ਜ਼ਮੀਨੀ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਫ਼ਸਲ ਦੀ ਵਾਢੀ ਤੋਂ ਬਾਅਦ ਪਰਾਲੀ ਵੀ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ, ਜਿਸ ਦੇ ਨਿਪਟਾਰੇ ਨੂੰ ਲੈ ਕੇ ਕਿਸਾਨ ਅਤੇ ਸਰਕਾਰਾਂ ਖ਼ਿਲਾਫ਼ ਰੇੜਕਾ ਖ਼ਤਮ ਨਹੀਂ ਹੋ ਰਿਹਾ।

ਫੁੱਲਾਂ ਦੀ ਕਾਸ਼ਤ ਵੱਲ ਆਉਣ ਨਾਲ ਇਹ ਸਾਰੀਆਂ ਸਮੱਸਿਆਵਾਂ ਤੋਂ ਖਹਿੜਾ ਛੁੱਟ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਣਕ-ਝੋਨੇ ਦੀ ਖੇਤੀ ਨਾਲੋਂ ਦੁਗਣੀ ਕਮਾਈ ਦਾ ਦਾਅਵਾ

ਵੀਡੀਓ ਕੈਪਸ਼ਨ, ਉਹ ਕਣਕ-ਝੋਨੇ ਦੇ ਦੋ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਪੂਰਾ ਸਾਲ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਰਹੇ ਹਨ

ਸੁਖਦੀਪ ਸਿੰਘ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਕੇ ਕਣਕ-ਝੋਨੇ ਦੀ ਖੇਤੀ ਨਾਲੋਂ ਦੁਗਣੀ ਕਮਾਈ ਦਾ ਦਾਅਵਾ ਕਰ ਰਹੇ ਹਨ ਅਤੇ ਇਸ ਦੇ ਨਾਲ ਆਪਣੇ ਹੀ ਪਿੰਡ ਦੀਆਂ 5 ਤੋਂ 7 ਔਰਤਾਂ ਨੂੰ ਵੀ ਆਪਣੇ ਖੇਤ ਵਿੱਚ ਕੰਮ ਦੇ ਕੇ ਰੋਜ਼ਗਾਰ ਦੇ ਰਹੇ ਹਨ।

ਸੁਖਦੀਪ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੀ ਭੈਣ ਦਾ ਸਹੁਰਾ ਪਰਿਵਾਰ ਇਸ ਤਰ੍ਹਾਂ ਦੀ ਫੁੱਲਾਂ ਦੀ ਖੇਤੀ ਕਰਦਾ ਸੀ ਅਤੇ ਉਨ੍ਹਾਂ ਤੋਂ ਉਤਸ਼ਾਹਿਤ ਹੋ ਕੇ ਸਾਲ 2012 ਵਿੱਚ ਗੇਂਦੇ ਦੇ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ।

ਉਹ ਦੱਸਦੇ ਹਨ, "ਪੂਰਾ ਪਰਿਵਾਰ ਮਿਹਨਤ ਕਰਦਾ ਸੀ ਅਤੇ ਮਿਹਨਤ ਦਾ ਮੁੱਲ ਕਣਕ ਝੋਨੇ ਦੀ ਖੇਤੀ ਤੋਂ ਵਧੀਆ ਮਿਲਦਾ ਸੀ। ਫੁੱਲਾਂ ਦੀ ਮੰਗ ਨੂੰ ਦੇਖਦੇ ਹੋਏ ਫ਼ੇਰ ਹੌਲੀ-ਹੌਲੀ ਹਰ ਸਾਲ ਫੁੱਲਾਂ ਦੀ ਖੇਤੀ ਦਾ ਰਕਬਾ ਵਧਦਾ ਗਿਆ।"

ਸੁਖਦੀਪ ਸਿੰਘ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਕਿਸਾਨ ਸੁਖਦੀਪ ਸਿੰਘ ਕਣਕ-ਝੋਨੇ ਦੇ ਦੋ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਪੂਰਾ ਸਾਲ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਰਹੇ ਹਨ

ਉਹ ਅੱਗੇ ਕਹਿੰਦੇ ਹਨ, "ਅੱਜ ਮੈਂ 4 ਏਕੜ ਜ਼ਮੀਨ ਵਿੱਚ ਅਲੱਗ-ਅਲੱਗ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਗੇਂਦੇ ਦੇ ਫੁੱਲਾਂ ਦੀਆਂ ਕਿਸਮਾਂ ਦੀ ਖੇਤੀ ਕਰਦਾ ਹਾਂ।"

ਕਿਸਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਦੀਪ ਕਹਿੰਦੇ ਹਨ ਕਿ ਮਈ ਮਹੀਨੇ ਵਿੱਚ ਗੇਂਦੇ ਦੇ ਫੁੱਲ ਦੀ ਇੱਕ ਖ਼ਾਸ ਵਰਾਇਟੀ ਬੀਜੀ ਸੀ ਜਿਸ ਦੇ ਹੁਣ ਅਗਸਤ-ਸਤੰਬਰ ਵਿੱਚ ਫੁੱਲ ਟੁੱਟ ਰਹੇ ਹਨ।

ਇਸ ਤੋਂ ਪਹਿਲਾਂ ਹੀ ਜੁਲਾਈ ਮਹੀਨੇ ਵਿੱਚ ਇੱਕ ਏਕੜ ਜ਼ਮੀਨ ਵਿੱਚ ਜਾਫ਼ਰੀ ਕਿਸਮ ਦੇ ਤਿੰਨ ਤਰ੍ਹਾਂ ਦੀਆਂ ਵੱਖ-ਵੱਖ ਕਿਸਮਾਂ ਦੀ ਗੇਂਦੇ ਫੁੱਲਾਂ ਦੀ ਬਿਜਾਈ ਵੀ ਕਰ ਦਿੱਤੀ ਸੀ।

ਇਨ੍ਹਾਂ ਵਿਚੋਂ ਇੱਕ ਸੱਠੀ ਜਾਫ਼ਰੀ ਤੇ ਦੂਜੀ ਕਿਸਮ ਦੀਵਾਲ਼ੀ ਦੇ ਤਿਉਹਾਰਾਂ ਵੇਲੇ ਫੁੱਲ ਦਿੰਦੀ ਹੈ ਅਤੇ ਤੀਜੀ ਕਿਸਮ ਲੋਹੜੀ ਦੇ ਤਿਉਹਾਰ ਵੇਲੇ ਫੁੱਲ ਦੇ ਦਿੰਦੀ ਹੈ।

ਫੁੱਲਾਂ ਦੀ ਖੇਤੀ

ਇਸ ਤਰ੍ਹਾਂ, ਪੂਰੀਆਂ ਸਰਦੀਆਂ ਜਾਫ਼ਰੀ ਦੀਆਂ ਕਿਸਮਾਂ ਦੇ ਫੁੱਲ ਖੇਤ ਵਿੱਚ ਖਿੜਦੇ ਰਹਿੰਦੇ ਹਨ।

ਉਹ ਅੱਗੇ ਦੱਸਦੇ ਹਨ, "ਇਸੇ ਤਰ੍ਹਾਂ ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਲਗਭਗ ਲੱਡੂ ਗੇਂਦੇ ਦੀ ਬੀਜ ਵਾਲੀ ਕਿਸਮ ਦੀ ਬਿਜਾਈ ਹੋ ਜਾਂਦੀ ਹੈ, ਜੋ ਜੁਲਾਈ-ਅਗਸਤ ਤੱਕ ਫੁੱਲ ਦਿੰਦੀ ਰਹਿੰਦੀ ਹੈ।"

ਸੁਖਦੀਪ ਕਹਿੰਦੇ ਹਨ ਕਿ ਇਸੀ ਤਰੀਕੇ ਨਾਲ ਉਨ੍ਹਾਂ ਨੇ 4 ਏਕੜ ਜ਼ਮੀਨ ਨੂੰ ਵੰਡ ਕੇ ਵੱਖ-ਵੱਖ ਸਾਈਕਲ ਬਣਾਏ ਹੋਏ ਹਨ ਜਿਸ ਨਾਲ ਪੂਰਾ ਸਾਲ ਉਨ੍ਹਾਂ ਦੇ ਖੇਤਾਂ ਵਿੱਚ ਫੁੱਲ ਖਿੜਦੇ ਰਹਿੰਦੇ ਹਨ ਅਤੇ ਰੋਜ਼ਾਨਾ ਫੁੱਲ ਵੇਚ ਕੇ ਕਮਾਈ ਹੁੰਦੀ ਰਹਿੰਦੀ ਹੈ।

ਹੋਰਨਾਂ ਨੂੰ ਰੁਜ਼ਗਾਰ

ਖੇਤ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਸੁਖਦੀਪ ਪਿੰਡ ਦੀਆਂ ਔਰਤਾਂ ਨੂੰ ਰੁਜ਼ਗਾਰ ਵੀ ਦਿੰਦੇ ਹਨ

ਸੁਖਦੀਪ ਮੁਤਾਬਕ ਫੁੱਲਾਂ ਦੀ ਖੇਤੀ ਵਿੱਚ ਰੋਜ਼ਾਨਾ ਦੀ ਮਿਹਨਤ ਹੈ। ਹਰ ਰੋਜ਼ ਕਿਸਾਨ ਨੂੰ ਖੇਤ ਵਿੱਚ ਕੰਮ ਕਰਨਾ ਪੈਂਦਾ ਹੈ।

ਫੁੱਲਾਂ ਦੀ ਪਨੀਰੀ ਤਿਆਰ ਕਰਨ ਅਤੇ ਬਿਜਾਈ ਤੋਂ ਲੈ ਕੇ ਸਾਂਭ ਸੰਭਾਲ ਤੇ ਰੋਜ਼ਾਨਾ ਫੁੱਲਾਂ ਦੀ ਤੁੜਾਈ ਕਰਨੀ, ਇਹ ਕੰਮ ਸ਼ਾਮਿਲ ਰਹਿੰਦਾ ਹੈ।

ਉਹ ਦੱਸਦੇ ਹਨ, "ਪਹਿਲਾਂ ਜਦੋਂ ਇੱਕ ਬੀਗਾ ਜ਼ਮੀਨ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਮੈਂ ਆਪਣੇ ਪਰਿਵਾਰ ਨਾਲ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ। ਪਰ ਹੁਣ ਜਿਵੇਂ-ਜਿਵੇਂ ਖ਼ੇਤੀ ਦਾ ਰਕਬਾ ਵਧਦਾ ਗਿਆ, ਉਸੇ ਤਰ੍ਹਾਂ ਲੇਬਰ ਦੀ ਲੋੜ ਵੀ ਪੈਣੀ ਸ਼ੁਰੂ ਹੋ ਗਈ।"

ਅੱਜ ਉਨ੍ਹਾਂ ਦੇ ਖੇਤਾਂ ਵਿੱਚ ਪਿੰਡ ਪੇਧਨੀ ਕਲਾਂ ਦੀਆਂ 2 ਤੋਂ 3 ਔਰਤਾਂ ਰੋਜ਼ਾਨਾ ਪੱਕੇ ਤੌਰ ʼਤੇ ਕੰਮ ਕਰਦੀਆਂ ਹਨ। ਇਨ੍ਹਾਂ ਔਰਤਾਂ ਨੂੰ ਉਹ 350 ਰੁਪਏ ਦਿਹਾੜੀ ਅਤੇ ਰੋਟੀ ਚਾਹ ਵੀ ਦਿੰਦੇ ਹਨ।

ਸੁਖਦੀਪ ਸਿੰਘ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਸੁਖਦੀਪ ਮੁਤਾਬਕ ਖੇਤਾਂ ਵਿੱਚ ਸਾਰਾ ਸਾਲ ਕੰਮ ਚੱਲਦਾ ਰਹਿੰਦਾ ਹੈ

ਸੁਖਦੀਪ ਅੱਗੇ ਆਖਦੇ ਹਨ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਜਦੋਂ ਕੰਮ ਵਧ ਜਾਂਦਾ ਹੈ, ਉਦੋਂ ਤਾਂ ਕੰਮ ਦੇ ਹਿਸਾਬ ਨਾਲ 5 ਤੋਂ 7 ਔਰਤਾਂ ਦੀ ਜ਼ਰੂਰਤ ਪੈਂਦੀ ਹੈ।

ਸੁਖਦੀਪ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕਹਿੰਦੇ ਹਨ ਕਿ ਉਹ ਫੁੱਲਾਂ ਦੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਸਕਦੇ ਹਨ ਅਤੇ ਨਾਲ-ਨਾਲ 2-4 ਔਰਤਾਂ ਨੂੰ ਕੰਮ ਦੇ ਕੇ ਉਨ੍ਹਾਂ ਦਾ ਵੀ ਰੁਜ਼ਗਾਰ ਵੀ ਬੰਨ੍ਹ ਸਕਦੇ ਹਨ।

ਸੁਖਦੀਪ ਸਿੰਘ ਦੇ ਖੇਤ ਵਿੱਚ ਦਿਹਾੜੀ ਉੱਤੇ ਫੁੱਲ ਤੋੜਨ ਆਈਆਂ ਪਿੰਡ ਦੀਆਂ ਔਰਤਾਂ ਪਰਮਜੀਤ ਕੌਰ ਅਤੇ ਜੱਸੀ ਨੇ ਵੀ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਸੁਖਦੀਪ ਨੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀ, ਉਹ ਉਦੋਂ ਤੋਂ ਹੀ ਸੁਖਦੀਪ ਸਿੰਘ ਦੇ ਖੇਤਾਂ ਵਿੱਚ ਕੰਮ ਕਰਦੀਆਂ ਹਨ।

ਫੁੱਲਾਂ ਦੀ ਬਿਜਾਈ ਤੋਂ ਲੈ ਕੇ ਸਾਂਭ-ਸੰਭਾਲ ਅਤੇ ਫੁੱਲਾਂ ਦੀ ਤੁੜਾਈ ਦਾ ਕੰਮ, ਉਹ ਖੇਤ ਵਿੱਚ ਕਰਦੀਆਂ ਹਨ।

ਜੱਸੀ ਅਤੇ ਪਰਮਜੀਤ ਕੌਰ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਜੱਸੀ ਅਤੇ ਪਰਮਜੀਤ ਕੌਰ ਸੁਖਦੀਪ ਦੇ ਖੇਤਾਂ ਵਿੱਚ ਕੰਮ ਕਰਦੀਆਂ ਹਨ

ਉਹ ਸਵੇਰੇ ਆਪਣੇ ਘਰ ਦਾ ਕੰਮਕਾਜ ਕਰ ਕੇ 9 ਵਜੇ ਦੇ ਲਗਭਗ ਖੇਤ ਵਿੱਚ ਆ ਜਾਂਦੀਆਂ ਹਨ ਅਤੇ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਉਹ ਸ਼ਾਮ ਨੂੰ 6 ਵਜੇ ਆਪਣੇ ਘਰ ਚਲੀਆਂ ਜਾਂਦੀਆਂ ਹਨ।

ਜੱਸੀ ਦਾ ਕਹਿਣਾ ਹੈ ਕਿ ਉਹ ਦਸਵੀਂ ਜਮਾਤ ਪਾਸ ਹੈ ਅਤੇ ਉਸ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਤੇ ਵੱਡਾ ਭਰਾ ਤੇ ਭਾਬੀ ਰਹਿੰਦੇ ਹਨ।

ਉਹ ਕਹਿੰਦੀ ਹੈ, "ਅੱਜ ਦੇ ਸਮੇਂ ਵਿੱਚ ਪਿੰਡਾਂ ਤੋਂ ਚੱਲ ਕੇ ਕੁੜੀਆਂ ਨੂੰ ਬਾਹਰ ਕਿਸੇ ਵੀ ਰੋਜ਼ਗਾਰ ʼਤੇ ਜਾਣਾ-ਆਉਣਾ ਆਸਾਨ ਨਹੀਂ ਹੈ। ਸਾਨੂੰ ਇਸ ਨਾਲ ਹੌਂਸਲਾ ਮਿਲਦਾ ਹੈ ਕਿਉਂਕਿ ਇੱਥੇ ਅਸੀਂ 10 ਹਜ਼ਾਰ ਦੇ ਕਰੀਬ ਮਹੀਨੇ ਦਾ ਕਮਾ ਲੈਂਦੀਆਂ ਹਾਂ।"

ਉਹ ਅੱਗੇ ਕਹਿੰਦੀ ਹੈ ਕਿ ਜਿਸ ਨਾਲ ਉਸ ਦੇ ਵਿਆਹ ਦਾ ਹੁਣ ਉਸ ਦੇ ਆਪਣੇ ਪਿਤਾ ਅਤੇ ਭਰਾ ਉੱਤੇ ਜ਼ਿਆਦਾ ਬੋਝ ਨਹੀਂ ਰਿਹਾ।

ਮਾਹਰਾਂ ਦੀ ਰਾਇ

ਪਰਮਜੀਤ ਕੌਰ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਪੰਜਾਬ ਦੇ ਬਾਗ਼ਬਾਨੀ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਬਲਾਕ ਦੀ ਹੈੱਡ ਅਮਨਪ੍ਰੀਤ ਕੌਰ

ਪੰਜਾਬ ਦੇ ਬਾਗ਼ਬਾਨੀ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਬਲਾਕ ਦੀ ਹੈੱਡ ਅਮਨਪ੍ਰੀਤ ਕੌਰ ਨੇ ਫੁੱਲਾਂ ਦੀ ਖੇਤੀ ਬਾਰੇ ਦੱਸਦਿਆਂ ਕਿਹਾ ਕਿ ਮਾਲਵੇ ਇਲਾਕੇ ਵਿੱਚ ਮੁੱਖ ਤੌਰ ʼਤੇ ਤਿੰਨ ਤਰ੍ਹਾਂ ਦੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ।

ਇਨ੍ਹਾਂ ਵਿੱਚੋਂ ਲੂਜ਼ ਫਲਾਵਰ, ਕੱਟ ਫਲਾਵਰ ਅਤੇ ਬੀਜ ਨਾਲ ਹੋਣ ਵਾਲੇ ਫੁੱਲ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਬੀਜ ਵਾਲੇ ਫੁੱਲਾਂ ਅਤੇ ਲੂਜ਼ ਫੁੱਲਾਂ ਦੀ ਖੇਤੀ ਹੁੰਦੀ ਹੈ।

ਉਹ ਦੱਸਦੇ ਹਨ, "ਲੂਜ਼ ਫੁੱਲਾਂ ਵਿੱਚ ਜ਼ਿਆਦਾਤਰ ਗੇਂਦੇ ਦੇ ਫੁੱਲਾਂ ਦੀ ਖੇਤੀ ਹੁੰਦੀ ਹੈ। ਸੰਗਰੂਰ ਜ਼ਿਲ੍ਹੇ ਵਿੱਚ ਬੀਜ ਨਾਲ ਉੱਗਣ ਵਾਲੇ ਫੁੱਲਾਂ ਦੀ ਖੇਤੀ ਲਗਭਗ 200 ਏਕੜ ਵਿੱਚ ਹੁੰਦੀ ਅਤੇ ਲੂਜ਼ ਫੁੱਲਾਂ ਦੀ ਖੇਤੀ 10-15 ਏਕੜ ਵਿੱਚ ਖੇਤੀ ਹੁੰਦੀ ਹੈ।"

ਸੰਗਰੂਰ

"ਗੇਂਦੇ ਦੇ ਫੁੱਲਾਂ ਦੀ ਕਿਸਮ ਵਿੱਚ ਲੱਡੂ ਗੇਂਦੇ ਦੀ ਕਿਸਮ ਕਿਸਾਨ ਸਰਦੀਆਂ ਦੇ ਫਰਵਰੀ, ਮਾਰਚ ਅਤੇ ਅਪ੍ਰੈਲ ਮਹੀਨੇ ਵਿੱਚ ਲਗਾ ਸਕਦੇ ਹਨ ਅਤੇ ਇਹ ਸਾਰੀਆਂ ਗਰਮੀਆਂ ਵਿੱਚ ਫੁੱਲ ਦਿੰਦੇ ਹਨ।"

"ਇਸ ਤੋਂ ਇਲਾਵਾ ਅਰਲੀ ਜਾਫ਼ਰੀ ਅਤੇ ਮੇਨ ਜਾਫ਼ਰੀ ਹੁੰਦਾ ਹੈ, ਜਿਸ ਦੀ ਬਿਜਾਈ ਜੁਲਾਈ ਦੇ ਮਹੀਨੇ ਵਿੱਚ ਹੁੰਦੀ ਹੈ ਅਤੇ ਸਾਰੇ ਤਿਉਹਾਰਾਂ ਜਿਵੇਂ ਗੁਰਪੁਰਬ, ਦੀਵਾਲੀ , ਦੁਸਿਹਰਾ ਤੱਕ ਇਸ ਦੇ ਫੁੱਲ ਖਿੜਦੇ ਰਹਿੰਦੇ ਹਨ।"

"ਇਸ ਦੀ ਵਿੱਕਰੀ ਸਾਰੇ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਸੰਗਰੂਰ, ਬਰਨਾਲਾ ਵਿਖੇ ਹੁੰਦੀ ਰਹਿੰਦੀ ਹੈ ਅਤੇ ਆਮ ਤੌਰ ਉੱਤੇ ਫੁੱਲਾਂ ਦਾ ਰੇਟ 50-60 ਰੁਪਏ ਕਿਲੋ ਚਲਦਾ ਰਹਿੰਦਾ ਹੈ। ਪਰ ਤਿਉਹਾਰਾਂ ਦੇ ਸੀਜ਼ਨ ਵਿੱਚ ਫੁੱਲਾਂ ਦੇ ਰੇਟ 120 ਰੁਪਏ ਤੱਕ ਜ਼ਿਆਦਾ ਵਧ ਜਾਂਦੇ ਹਨ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੁੰਦਾ ਹੈ।"

ਸੁਖਦੀਪ ਸਿੰਘ

ਤਸਵੀਰ ਸਰੋਤ, Charanjeev Kaushal/BBC

ਜੇਕਰ ਕੋਈ ਵੀ ਕਿਸਾਨ ਕਣਕ ਝੋਨੇ ਦੀ ਖੇਤੀ ਦੀ ਬਜਾਏ ਫੁੱਲਾਂ ਦੀ ਖੇਤੀ ਕਰਦਾ ਹੈ ਤਾਂ ਬਾਗ਼ਵਾਨੀ ਵਿਭਾਗ ਵੱਲੋਂ ਕਿਸਾਨ ਨੂੰ ਐੱਫਆਈਡੀ ਦੀ ਸਕੀਮ ਦੇ ਤਹਿਤ ਬੀਜ ਵਾਲੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 35000 ਰੁਪਏ ਪ੍ਰਤੀ ਹੈਕਟੇਅਰ ਦੀ ਸਹਾਇਤਾ ਕਿਸਾਨ ਨੂੰ ਦਿੱਤੀ ਜਾਂਦੀ ਹੈ ਅਤੇ ਲੂਜ਼ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ 16000 ਰੁਪਏ ਪ੍ਰਤੀ ਹੈਕਟੇਅਰ ਸਹਾਇਤਾ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ, ਕਿਸਾਨ ਨੂੰ ਜੇਕਰ ਕਿਸੇ ਵੀ ਕਿਸਮ ਦੀ ਮਸ਼ੀਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਸਪਰੇਅ ਵਾਲਾ ਛੋਟਾ ਪੰਪ ਜਾਂ ਟਰੈਕਟਰ ਵਾਲਾ ਵੱਡਾ ਪੰਪ, ਪਾਵਰ ਟੇਲਰ ਲੈਣਾ ਹੈ ਤਾਂ ਕਿਸਾਨ ਨੂੰ ਉਸ ਉੱਪਰ ਵੀ 40 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)