ਬੋਇੰਗ ਦੇ 787 ਡ੍ਰੀਮਲਾਈਨਰ ਨੂੰ ਜਹਾਜ਼ਾਂ ਵਿੱਚੋਂ 'ਸਭ ਤੋਂ ਸੁਰੱਖਿਅਤ' ਮੰਨਿਆ ਜਾਂਦਾ ਸੀ, ਪਰ ਹੁਣ ਇਸ ਉੱਤੇ ਹੀ ਸਵਾਲ ਕਿਉਂ ਉੱਠਣ ਲੱਗੇ

    • ਲੇਖਕ, ਥੀਓ ਲੈਗੇਟ
    • ਰੋਲ, ਅੰਤਰਰਾਸ਼ਟਰੀ ਬਿਜ਼ਨੇਸ ਪੱਤਰਕਾਰ

ਏਅਰ ਇੰਡੀਆ ਦੇ ਦਰਦਨਾਕ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਹੋ ਗਈ ਹੈ। ਜੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ, ਉਹ ਬੋਇੰਗ ਦੇ ਸਭ ਤੋਂ ਹਾਲੀਆ ਅਤੇ ਚਰਚਿਤ ਜਹਾਜ਼ਾਂ ਵਿੱਚੋਂ ਇੱਕ ਸੀ। ਹੁਣ ਤੱਕ, ਇਸਨੂੰ ਬੋਇੰਗ ਦੇ ਸਭ ਤੋਂ ਸੁਰੱਖਿਅਤ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।

ਸਾਨੂੰ ਅਜੇ ਵੀ ਨਹੀਂ ਪਤਾ ਕਿ ਫਲਾਈਟ 171 ਟੇਕ-ਆਫ ਤੋਂ ਸਿਰਫ਼ 30 ਸਕਿੰਟਾਂ ਬਾਅਦ ਹੀ ਕਿਉਂ ਕ੍ਰੈਸ਼ ਹੋ ਗਈ। ਜਾਂਚਕਰਤਾਵਾਂ ਨੇ ਹੁਣ ਫਲਾਈਟ ਰਿਕਾਰਡਰ ਡੇਟਾ ਪ੍ਰਾਪਤ ਕਰ ਲਿਆ ਹੈ ਅਤੇ ਇਹ ਪਤਾ ਲਗਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਕਿ ਹਾਦਸਾ ਕਿਉਂ ਵਾਪਰਿਆ।

ਪਰ ਇਸ ਹਾਦਸੇ ਨੇ ਇਸ ਘਟਨਾ 'ਚ ਸ਼ਾਮਲ ਜਹਾਜ਼ ਵੱਲ ਧਿਆਨ ਖਿੱਚਿਆ ਹੈ: 787 ਡ੍ਰੀਮਲਾਈਨਰ, ਜੋ ਕਿ ਆਧੁਨਿਕ ਪੀੜ੍ਹੀ ਦੇ ਕੁਸ਼ਲ ਜਹਾਜ਼ਾਂ ਵਿੱਚੋਂ ਪਹਿਲਾ ਹੈ।

ਦੁਰਘਟਨਾ ਤੋਂ ਪਹਿਲਾਂ, 787 ਲਗਭਗ ਡੇਢ ਦਹਾਕੇ ਤੱਕ ਬਿਨਾਂ ਕਿਸੇ ਵੱਡੇ ਹਾਦਸੇ ਅਤੇ ਇੱਕ ਵੀ ਮੌਤ ਦੇ ਬਿਨਾਂ ਉੱਡਦਾ ਰਿਹਾ ਹੈ।

ਬੋਇੰਗ ਦੇ ਅਨੁਸਾਰ, ਇਸ ਸਮੇਂ ਦੌਰਾਨ ਇਸਨੇ ਇੱਕ ਅਰਬ ਤੋਂ ਵੀ ਵੱਧ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਹੈ। ਇਸ ਸਮੇਂ ਦੁਨੀਆ ਭਰ ਵਿੱਚ 1,100 ਤੋਂ ਵੱਧ ਅਜਿਹੇ ਜਹਾਜ਼ ਸੇਵਾ ਵਿੱਚ ਹਨ।

ਹਾਲਾਂਕਿ, ਇਸ ਨੂੰ ਗੁਣਵੱਤਾ ਨਿਯੰਤਰਣ ਸਬੰਧੀ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਜਹਾਜ਼ 'ਤੇ ਕੰਮ ਕਰਨ ਵਾਲੇ ਵਿਸਲਬਲੋਅਰਾਂ ਨੇ ਉਤਪਾਦਨ ਦੇ ਮਿਆਰਾਂ ਬਾਰੇ ਕਈ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਕੁਝ ਨੇ ਦਾਅਵਾ ਕੀਤਾ ਹੈ ਕਿ ਸੰਭਾਵੀ ਤੌਰ 'ਤੇ ਅਜਿਹੇ ਜਹਾਜ਼ਾਂ ਨੂੰ ਸੇਵਾ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਜਿਨ੍ਹਾਂ ਵਿੱਚ ਕਈ ਕਮੀਆਂ ਹਨ ਅਤੇ ਜੋ ਕਿ ਖ਼ਤਰਨਾਕ ਹੈ - ਇਹ ਅਜਿਹੇ ਇਲਜ਼ਾਮ ਹਨ ਜਿਨ੍ਹਾਂ ਤੋਂ ਕੰਪਨੀ ਲਗਾਤਾਰ ਇਨਕਾਰ ਕਰਦੀ ਰਹੀ ਹੈ।

ਸੋਨਿਕ ਕਰੂਜ਼ਰ ਅਤੇ 9/11 ਦਾ ਪ੍ਰਭਾਵ

ਇਹ ਸਾਲ 2009 ਵਿੱਚ ਦਸੰਬਰ ਦੀ ਇੱਕ ਠੰਡੀ ਸਵੇਰ ਸੀ ਜਦੋਂ ਸੀਏਟਲ ਦੇ ਨੇੜੇ ਪੇਨ ਫੀਲਡ ਹਵਾਈ ਅੱਡੇ 'ਤੇ ਇੱਕ ਬਿਲਕੁਲ ਨਵਾਂ ਜਹਾਜ਼ ਰਨਵੇਅ 'ਤੇ ਆਇਆ ਅਤੇ ਵਾਹ-ਵਾਹੀ ਕਰਦੀ ਭੀੜ ਦੇ ਦੇਖਦਿਆਂ-ਦੇਖਦਿਆਂ ਹੀ ਬੱਦਲਾਂ ਨਾਲ ਘਿਰੇ ਅਸਮਾਨ ਵਿੱਚ ਉਡਾਣ ਗਿਆ।

ਇਹ ਉਡਾਣ ਕਈ ਸਾਲਾਂ ਦੇ ਵਿਕਾਸ ਅਤੇ ਅਰਬਾਂ ਡਾਲਰ ਦੇ ਨਿਵੇਸ਼ ਦਾ ਨਤੀਜਾ ਸੀ।

787 ਦੀ ਕਲਪਨਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕੀਤੀ ਗਈ ਸੀ, ਜਦੋਂ ਤੇਲ ਦੀਆਂ ਕੀਮਤਾਂ ਵਧ ਰਹੀਆਂ ਸਨ, ਜਦੋਂ ਬਾਲਣ ਦੀਆਂ ਵਧਦੀਆਂ ਕੀਮਤਾਂ ਏਅਰਲਾਈਨਾਂ ਲਈ ਇੱਕ ਵੱਡੀ ਚਿੰਤਾ ਬਣ ਗਈਆਂ ਸਨ। ਬੋਇੰਗ ਨੇ ਉਨ੍ਹਾਂ ਲਈ ਇੱਕ ਲੰਬੀ ਦੂਰੀ ਦਾ ਜਹਾਜ਼ ਬਣਾਉਣ ਦਾ ਫੈਸਲਾ ਕੀਤਾ ਜੋ ਕੁਸ਼ਲਤਾ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗਾ।

ਹਵਾਬਾਜ਼ੀ ਇਤਿਹਾਸਕਾਰ ਸ਼ੀਆ ਓਕਲੇ ਦੱਸਦੇ ਹਨ, "1990 ਦੇ ਦਹਾਕੇ ਦੇ ਅਖੀਰ ਵਿੱਚ, ਬੋਇੰਗ ਸੋਨਿਕ ਕਰੂਜ਼ਰ ਨਾਮਕ ਡਿਜ਼ਾਈਨ 'ਤੇ ਕੰਮ ਕਰ ਰਹੀ ਸੀ।"

ਪਹਿਲਾਂ ਤਾਂ ਜਹਾਜ਼ ਦੀ ਕਲਪਨਾ ਇੱਕ ਅਜਿਹੇ ਜਹਾਜ਼ ਵਜੋਂ ਕੀਤੀ ਗਈ ਸੀ ਜੋ ਆਵਾਜ਼ ਦੀ ਗਤੀ ਨਾਲ 250 ਯਾਤਰੀਆਂ ਨੂੰ ਲਿਜਾਣ ਲਈ ਉੱਨਤ ਸਮੱਗਰੀ ਅਤੇ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰੇਗਾ। ਸ਼ੁਰੂਆਤੀ ਜ਼ੋਰ ਗਤੀ ਅਤੇ ਈਂਧਨ ਬਚਾਉਣ ਦੀ ਬਜਾਏ ਯਾਤਰਾ ਦੇ ਸਮੇਂ ਨੂੰ ਘਟਾਉਣ 'ਤੇ ਸੀ।

ਓਕਲੇ ਕਹਿੰਦੇ ਹਨ, "ਪਰ ਫਿਰ 9/11 ਦੇ ਪ੍ਰਭਾਵਾਂ ਨੇ ਵਿਸ਼ਵ ਏਅਰਲਾਈਨ ਉਦਯੋਗ ਨੂੰ ਕਾਫ਼ੀ ਪ੍ਰਭਾਵਿਤ ਕੀਤਾ।''

"ਏਅਰਲਾਈਨਜ਼ ਨੇ ਬੋਇੰਗ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਸਲ ਵਿੱਚ ਸਭ ਤੋਂ ਵੱਧ ਈਂਧਨ-ਕੁਸ਼ਲ, ਕਿਫ਼ਾਇਤੀ ਲੰਬੀ-ਦੂਰੀ ਵਾਲਾ ਜੈੱਟਲਾਈਨਰ ਚਾਹੀਦਾ ਹੈ। ਹੁਣ ਉਹ ਸੋਨਿਕ ਕਰੂਜ਼ਰ ਵਰਗੀਆਂ ਸਮਰੱਥਾਵਾਂ ਵਾਲਾ ਇੱਕ ਹਵਾਈ ਜਹਾਜ਼ ਚਾਹੁੰਦੇ ਸਨ, ਬਿਨਾਂ ਤੇਜ਼ ਰਫ਼ਤਾਰ ਦੇ।"

ਬੋਇੰਗ ਨੇ ਆਪਣੇ ਸ਼ੁਰੂਆਤੀ ਵਿਚਾਰ ਨੂੰ ਤਿਆਗ ਦਿੱਤਾ ਅਤੇ 787 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਜਿਹਾ ਕਰਕੇ, ਇਸਨੇ ਏਅਰਲਾਈਨਾਂ ਲਈ ਇੱਕ ਨਵਾਂ ਕਾਰੋਬਾਰੀ ਮਾਡਲ ਬਣਾਉਣ ਵਿੱਚ ਮਦਦ ਕੀਤੀ।

"ਹੱਬ" ਹਵਾਈ ਅੱਡਿਆਂ ਵਿਚਕਾਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਜਾਣ ਲਈ ਵੱਡੇ ਜਹਾਜ਼ਾਂ ਦੀ ਵਰਤੋਂ ਕਰਨ ਦੀ ਬਜਾਏ, ਉਨ੍ਹਾਂ ਨੂੰ ਹੋਰ ਮੰਜ਼ਿਲਾਂ ਲਈ ਕਨੈਕਟਿੰਗ ਉਡਾਣਾਂ 'ਤੇ ਭੇਜਣ ਤੋਂ ਪਹਿਲਾਂ, ਉਹ ਹੁਣ ਛੋਟੇ ਸ਼ਹਿਰਾਂ ਦੇ ਵਿਚਕਾਰ ਘੱਟ ਭੀੜ-ਭੜੱਕੇ ਵਾਲੇ ਸਿੱਧੇ ਰੂਟਾਂ 'ਤੇ ਛੋਟੇ ਜਹਾਜ਼ ਉਡਾ ਸਕਦੇ ਹਨ, ਜੋ ਕਿ ਪਹਿਲਾਂ ਅਵਿਵਹਾਰਕ ਸੀ।

ਏਅਰਬੱਸ ਦਾ ਸੁਪਰਜੰਬੋ ਬਨਾਮ ਬੋਇੰਗ ਦੀ ਬਾਲਣ ਕੁਸ਼ਲਤਾ

ਉਸ ਸਮੇਂ ਬੋਇੰਗ ਦਾ ਵੱਡਾ ਵਿਰੋਧੀ, ਯੂਰਪੀਅਨ ਦਿੱਗਜ ਏਅਰਬੱਸ, ਬਿਲਕੁਲ ਉਲਟ ਨਜ਼ਰੀਆ ਅਪਣਾ ਰਿਹਾ ਸੀ। ਇਹ ਵਿਸ਼ਾਲ A380 ਸੁਪਰਜੰਬੋ ਵਿਕਸਤ ਕਰ ਰਹੀ ਸੀ - ਇੱਕ ਮਸ਼ੀਨ ਜੋ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਵਿਅਸਤ ਹਵਾਈ ਅੱਡਿਆਂ ਦੇ ਵਿਚਕਾਰ ਵਿਅਸਤ ਰੂਟਾਂ 'ਤੇ ਵੱਧ ਤੋਂ ਵੱਧ ਯਾਤਰੀਆਂ ਨੂੰ ਲਿਜਾਣ ਲਈ ਤਿਆਰ ਕੀਤੀ ਗਈ ਸੀ।

ਪਿੱਛੇ ਮੁੜ ਕੇ ਦੇਖੀਏ ਤਾਂ ਬੋਇੰਗ ਦਾ ਨਜ਼ਰੀਆ ਜ਼ਿਆਦਾ ਸਮਝਦਾਰੀ ਭਰਿਆ ਸੀ। ਖੁੱਲ੍ਹ ਕੇ ਇੰਧਨ ਪੀਣ ਵਾਲੀ ਏ380 ਦਾ ਉਤਪਾਦਨ 2021 ਵਿੱਚ ਬੰਦ ਹੋ ਗਿਆ, ਜਦੋਂ ਸਿਰਫ 251 ਬਣਾਏ ਗਏ ਸਨ।

ਐਰੋਡਾਇਨਾਮਿਕ ਐਡਵਾਈਜ਼ਰੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਹਵਾਬਾਜ਼ੀ ਵਿਸ਼ਲੇਸ਼ਕ ਰਿਚਰਡ ਅਬੋਲਾਫੀਆ ਦੱਸਦੇ ਹਨ, "ਬੋਇੰਗ ਨੇ ਕਿਹਾ 'ਨਹੀਂ, ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਡਣਾ ਚਾਹੁੰਦੇ ਹਨ'। ਅਤੇ ਬੋਇੰਗ ਦਾ ਇਹ ਕਹਿਣਾ ਬਿਲਕੁਲ ਸਹੀ ਸੀ।"

787 ਸੱਚਮੁੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣ ਵਾਲਾ ਜਹਾਜ਼ ਸੀ। ਇਹ ਪਹਿਲਾ ਵਪਾਰਕ ਜਹਾਜ਼ ਸੀ, ਜਿਸਨੂੰ ਹਲਕਾ ਬਣਾਉਂਦੇ ਨਜ਼ਰੀਆ ਨਾਲ ਮੁੱਖ ਤੌਰ 'ਤੇ ਐਲੂਮੀਨੀਅਮ ਦੀ ਬਜਾਏ ਕਾਰਬਨ ਫਾਈਬਰ ਵਰਗੇ ਕੰਪੋਜ਼ਿਟ ਤੋਂ ਬਣਾਇਆ ਗਿਆ ਸੀ। ਇਸ ਵਿੱਚ ਉੱਨਤ ਏਰੋਡਾਇਨੈਮਿਕਸ ਸੀ।

ਇਸਨੇ ਜਨਰਲ ਇਲੈਕਟ੍ਰਿਕ ਅਤੇ ਰੋਲਸ-ਰਾਇਸ ਦੇ ਬਹੁਤ ਕੁਸ਼ਲ ਆਧੁਨਿਕ ਇੰਜਣਾਂ ਦੀ ਵੀ ਵਰਤੋਂ ਕੀਤੀ ਗਈ ਸੀ, ਅਤੇ ਇਸਨੇ ਬਹੁਤ ਸਾਰੇ ਮਕੈਨੀਕਲ ਅਤੇ ਨਿਊਮੈਟਿਕ ਸਿਸਟਮਾਂ ਨੂੰ ਹਲਕੇ ਇਲੈਕਟ੍ਰੀਕਲ ਸਿਸਟਮਾਂ ਨਾਲ ਬਦਲ ਦਿੱਤਾ ਸੀ।

ਬੋਇੰਗ ਨੇ ਕਿਹਾ ਕਿ ਇਸ ਸਭ ਨੇ ਇਸਨੂੰ ਆਪਣੇ ਪੂਰਵਗਾਮੀ, ਬੋਇੰਗ 767 ਨਾਲੋਂ 20 ਫੀਸਦੀ ਵਧੇਰੇ ਕੁਸ਼ਲ ਬਣਾਉਂਦਾ ਹੈ। ਇਹ ਕਾਫ਼ੀ ਸ਼ਾਂਤ ਵੀ ਸੀ, ਅਤੇ ਬੋਇੰਗ ਮੁਤਾਬਕ ਇਸਦਾ ਨੂਆਇਸ ਫੁੱਟਪ੍ਰਿੰਟ (ਜਹਾਜ਼ ਦੇ ਸ਼ੋਰ ਨਾਲ ਪ੍ਰਭਾਵਿਤ ਹੋਣ ਵਾਲਾ ਜਮੀਨੀ ਖੇਤਰ) 60 ਫੀਸਦੀ ਤੱਕ ਛੋਟਾ ਸੀ।

ਐਮਰਜੈਂਸੀ ਲੈਂਡਿੰਗ ਅਤੇ ਜਹਾਜ਼ 'ਚ ਅੱਗ

ਹਾਲਾਂਕਿ, ਸੇਵਾ ਵਿੱਚ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਵਿੱਚ ਗੰਭੀਰ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ। ਜਨਵਰੀ 2013 ਵਿੱਚ, ਬੋਸਟਨ ਦੇ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਗੇਟ 'ਤੇ ਉਡੀਕ ਕਰਦੇ ਸਮੇਂ 787 ਦੀਆਂ ਲਿਥੀਅਮ-ਆਇਨ ਬੈਟਰੀਆਂ ਨੂੰ ਅੱਗ ਲੱਗ ਗਈ।

ਇੱਕ ਹਫ਼ਤੇ ਬਾਅਦ, ਬੈਟਰੀਆਂ ਦੇ ਜ਼ਿਆਦਾ ਗਰਮ ਹੋਣ ਕਾਰਨ ਜਾਪਾਨ ਵਿੱਚ ਇੱਕ ਘਰੇਲੂ ਉਡਾਣ ਦੌਰਾਨ ਇੱਕ ਹੋਰ 787 ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਕਈ ਮਹੀਨਿਆਂ ਲਈ ਇਸ ਡਿਜ਼ਾਈਨ ਨੂੰ ਦੁਨੀਆਂ ਭਰ ਵਿੱਚ ਰੋਕ ਦਿੱਤਾ ਗਿਆ ਅਤੇ ਬੋਇੰਗ ਨੇ ਸਮੱਸਿਆ ਦਾ ਹੱਲ ਲੱਭਿਆ।

ਉਦੋਂ ਤੋਂ, ਰੋਜ਼ਾਨਾ ਦੇ ਕੰਮ ਸੁਚਾਰੂ ਢੰਗ ਨਾਲ ਚੱਲ ਰਹੇ ਹਨ, ਪਰ ਉਤਪਾਦਨ ਵਿੱਚ ਗੰਭੀਰ ਸਮੱਸਿਆਵਾਂ ਆਈਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੰਸ਼ਕ ਤੌਰ 'ਤੇ ਇਹ ਬੋਇੰਗ ਦੇ ਉੱਤਰੀ ਚਾਰਲਸਟਨ, ਦੱਖਣੀ ਕੈਰੋਲੀਨਾ ਵਿੱਚ 787 ਲਈ ਇੱਕ ਨਵੀਂ ਅਸੈਂਬਲੀ ਲਾਈਨ ਸਥਾਪਤ ਕਰਨ ਦੇ ਫੈਸਲੇ ਦੇ ਕਾਰਨ ਹੋ ਸਕਦਾ ਹੈ - ਜੋ ਸੀਏਟਲ ਦੇ ਮੁੱਖ ਖੇਤਰ ਤੋਂ 2000 ਮੀਲ ਤੋਂ ਵੱਧ ਦੂਰ ਹੈ।

ਇਹ ਖੇਤਰ ਦੀ ਯੂਨੀਅਨ ਮੈਂਬਰਸ਼ਿਪ ਦੀਆਂ ਘੱਟ ਦਰਾਂ ਅਤੇ ਨਾਲ ਹੀ ਰਾਜ ਤੋਂ ਉਦਾਰ ਸਮਰਥਨ ਦਾ ਫਾਇਦਾ ਉਠਾਉਣ ਲਈ ਕੀਤਾ ਗਿਆ ਸੀ।

ਅਬੋਲਾਫੀਆ ਕਹਿੰਦੇ ਹਨ, "ਗੰਭੀਰ ਵਿਕਾਸ ਮੁੱਦੇ ਸਨ, ਕੁਝ ਮਹੱਤਵਪੂਰਨ ਉਤਪਾਦਨ ਮੁੱਦੇ ਸਨ, ਖਾਸ ਤੌਰ 'ਤੇ ਪੁਗੇਟ ਸਾਊਂਡ ਖੇਤਰ ਤੋਂ ਬਾਹਰ ਬੋਇੰਗ ਦੀ ਪਹਿਲੀ ਉਤਪਾਦਨ ਲਾਈਨ ਬਣਾਉਣ ਦੇ ਫੈਸਲੇ ਨਾਲ ਸਬੰਧਤ ਸੰਨ।"

ਵਿਸਲਬਲੋਅਰਜ਼ ਦੇ ਇਲਜ਼ਾਮ

ਸਾਲ 2019 ਵਿੱਚ, ਬੋਇੰਗ ਨੇ ਨਿਰਮਾਣ ਸਬੰਧੀ ਕਮੀਆਂ ਦੀ ਇੱਕ ਲੜੀ ਦੀ ਪਹਿਲੀ ਖੋਜ ਕੀਤੀ ਜਿਸਨੇ ਜਹਾਜ਼ ਦੇ ਵੱਖ-ਵੱਖ ਹਿੱਸਿਆਂ ਨੂੰ ਇਕੱਠੇ ਫਿੱਟ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ। ਜਿਵੇਂ-ਜਿਵੇਂ ਹੋਰ ਸਮੱਸਿਆਵਾਂ ਸਾਹਮਣੇ ਆਈਆਂ, ਕੰਪਨੀ ਨੇ ਆਪਣੀ ਜਾਂਚ ਦੇ ਦਾਇਰੇ ਦਾ ਵਿਸਤਾਰ ਕੀਤਾ ਅਤੇ ਹੋਰ ਸਮੱਸਿਆਵਾਂ ਦਾ ਪਤਾ ਲਗਾਇਆ ਗਿਆ।

ਇਸ ਦੌਰਾਨ ਡਿਲੀਵਰੀ ਵਿੱਚ ਕਾਫ਼ੀ ਰੁਕਾਵਟ ਆਈ ਅਤੇ ਮਈ 2021 ਅਤੇ ਜੁਲਾਈ 2022 ਦੇ ਵਿਚਕਾਰ ਡਿਲੀਵਰੀ ਪੂਰੀ ਤਰ੍ਹਾਂ ਰੋਕ ਦਿੱਤੀ ਗਈ, ਫਿਰ ਅਗਲੇ ਸਾਲ ਦੁਬਾਰਾ ਰੋਕ ਦਿੱਤੀ ਗਈ।

ਹਾਲਾਂਕਿ, 787 ਪ੍ਰੋਗਰਾਮ ਬਾਰੇ ਸੰਭਾਵੀ ਤੌਰ 'ਤੇ ਸਭ ਤੋਂ ਵੱਧ ਨੁਕਸਾਨਦੇਹ ਇਲਜ਼ਾਮ ਕੰਪਨੀ ਦੇ ਆਪਣੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਵੱਲੋਂ ਆਏ ਹਨ।

ਸਭ ਤੋਂ ਪ੍ਰਮੁੱਖ ਇਲਜ਼ਾਮ ਮਰਹੂਮ ਜੌਨ ਬਾਰਨੇਟ ਵੱਲੋਂ ਆਇਆ ਸੀ, ਜੋ ਸਾਊਥ ਕੈਰੋਲੀਨਾ ਵਿੱਚ 787 ਫੈਕਟਰੀ ਦੇ ਸਾਬਕਾ ਕੁਆਲਿਟੀ ਕੰਟਰੋਲ ਮੈਨੇਜਰ ਸਨ। ਉਨ੍ਹਾਂ ਨੇ ਦਾਅਵਾ ਕੀਤਾ ਦੀ ਕਿ ਜਲਦੀ ਤੋਂ ਜਲਦੀ ਜਹਾਜ਼ ਬਣਾਉਣ ਦੇ ਦਬਾਅ ਨੇ ਸੁਰੱਖਿਆ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ।

2019 ਵਿੱਚ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਲਾਂਟ ਦੇ ਕਰਮਚਾਰੀ ਫੈਕਟਰੀ ਰਾਹੀਂ ਹਿੱਸਿਆਂ ਨੂੰ ਟਰੈਕ ਕਰਨ ਲਈ ਸਖ਼ਤ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਸਨ, ਜਿਸ ਕਾਰਨ ਸੰਭਾਵੀ ਤੌਰ 'ਤੇ ਨੁਕਸਾਂ ਵਾਲੇ ਹਿੱਸੇ ਗਾਇਬ ਹੋ ਗਏ ਸਨ।

ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ ਵਿੱਚ, ਕਰਮਚਾਰੀਆਂ ਨੇ ਉਤਪਾਦਨ 'ਚ ਦੇਰੀ ਤੋਂ ਬਚਣ ਲਈ ਜਾਣਬੁੱਝ ਕੇ ਸਕ੍ਰੈਪ ਬਿਨ ਤੋਂ (ਜਿਨ੍ਹਾਂ ਨੂੰ ਕਮੀਆਂ ਕਾਰਨ ਸੁੱਟ ਦਿੱਤਾ ਜਾਂਦਾ ਹੈ) ਘਟੀਆ ਹਿੱਸੇ ਜਹਾਜ਼ ਵਿੱਚ ਫਿੱਟ ਕੀਤੇ ਸਨ।

ਉਸਨੇ ਇਹ ਵੀ ਕਿਹਾ ਕਿ ਜਹਾਜ਼ ਦੇ ਡੈੱਕਾਂ ਨੂੰ ਸੁਰੱਖਿਅਤ ਕਰਨ ਲਈ ਜਿਸ ਫਿਕਸਿੰਗਸ (ਪੇਚਾਂ ਆਦਿ) ਦੀ ਵਰਤੋਂ ਕੀਤੀ ਗਈ ਸੀ, ਉਨ੍ਹਾਂ ਵਿੱਚ ਵੀ ਨੁਕਸ ਸਨ। ਉਨ੍ਹਾਂ ਨੂੰ ਪੇਚ ਕਰਨ ਨਾਲ ਧਾਤ ਦੇ ਬਹੁਤ ਤਿੱਖੇ ਟੁਕੜੇ ਪੈਦਾ ਹੋਏ, ਕੁਝ ਮਾਮਲਿਆਂ ਵਿੱਚ ਤਾਂ ਉਹ ਤਿੱਖੇ ਟੁਕੜੇ ਡੈੱਕ ਦੇ ਹੇਠਾਂ ਉੱਥੇ ਜਾ ਕੇ ਫਸ ਗਏ ਜਿੱਥੇ ਵੱਡੀ ਮਾਤਰਾ ਵਿੱਚ ਜਹਾਜ਼ ਦੀਆਂ ਤਾਰਾਂ ਹੁੰਦੀਆਂ ਹਨ।

ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਨੂੰ ਪਹਿਲਾਂ ਅਮਰੀਕੀ ਰੈਗੂਲੇਟਰ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਕੋਲ ਭੇਜਿਆ ਗਿਆ ਸੀ, ਜਿਸਨੇ ਉਨ੍ਹਾਂ ਨੂੰ ਅੰਸ਼ਕ ਤੌਰ 'ਤੇ ਸਹੀ ਠਹਿਰਾਇਆ ਸੀ। ਫਿਰ ਜਾਂਚ ਤੋਂ ਬਾਅਦ, ਇਹ ਸਿੱਟਾ ਕੱਢਿਆ ਕਿ ਫੈਕਟਰੀ ਵਿੱਚੋਂ ਘੱਟੋ-ਘੱਟ 53 "ਗੈਰ-ਅਨੁਕੂਲ" ਹਿੱਸੇ ਗਾਇਬ ਹੋ ਗਏ ਸਨ, ਅਜਿਹੇ ਹਿੱਸੇ ਜਿਨ੍ਹਾਂ ਨੂੰ ਜਹਾਜ਼ ਨਿਰਮਾਣ ਲਈ ਸਹੀ ਨਹੀਂ ਮੰਨਿਆ ਗਿਆ ਸੀ।

ਐਫਏਏ ਦੁਆਰਾ ਕੀਤੇ ਗਏ ਆਡਿਟ 'ਚ ਵੀ ਇਹ ਪੁਸ਼ਟੀ ਹੋਈ ਕਿ ਕਈ ਜਹਾਜ਼ਾਂ ਦੇ ਫਰਸ਼ਾਂ ਦੇ ਹੇਠਾਂ ਧਾਤ ਦੇ ਟੁਕੜੇ ਮੌਜੂਦ ਸਨ।

ਬੋਇੰਗ ਨੇ ਕਿਹਾ ਕਿ ਇਸਦੇ ਬੋਰਡ ਨੇ ਸਮੱਸਿਆ ਦਾ ਵਿਸ਼ਲੇਸ਼ਣ ਕੀਤਾ ਅਤੇ ਫੈਸਲਾ ਕੀਤਾ ਕਿ ਇਹ "ਉਡਾਣ ਸਬੰਧੀ ਸੁਰੱਖਿਆ ਦਾ ਮੁੱਦਾ ਨਹੀਂ ਹੈ", ਹਾਲਾਂਕਿ ਫਿਕਸਿੰਗ ਨੂੰ ਬਾਅਦ ਵਿੱਚ ਦੁਬਾਰਾ ਡਿਜ਼ਾਈਨ ਕੀਤਾ ਗਿਆ ਸੀ।

ਕੰਪਨੀ ਨੇ ਬਾਅਦ ਵਿੱਚ ਕਿਹਾ ਕਿ ਉਸਨੇ "(ਜਹਾਜ਼ ਦੇ) ਭਾਗਾਂ ਸੰਬੰਧੀ ਐਫਏਏ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਹੱਲ ਕਰ ਲਿਆ ਹੈ ਅਤੇ ਦੁਬਾਰਾ ਹੋਣ ਤੋਂ ਰੋਕਣ ਲਈ ਕਾਰਵਾਈਆਂ ਕੀਤੀਆਂ ਹਨ।''

'ਕੁਝ ਵੱਡਾ ਹੋਣ ਵਿੱਚ ਸਮਾਂ ਲੱਗੇਗਾ'

ਬਾਰਨੇਟ ਨੂੰ ਚਿੰਤਾ ਸੀ ਕਿ ਜੋ ਜਹਾਜ਼ ਪਹਿਲਾਂ ਹੀ ਸੇਵਾ ਵਿੱਚ ਦਾਖਲ ਹੋ ਚੁੱਕੇ ਸਨ, ਉਨ੍ਹਾਂ ਵਿੱਚ ਅਜਿਹੇ ਨੁਕਸ ਹੋ ਸਕਦੇ ਹਨ ਜੋ ਸਾਹਮਣੇ ਨਹੀਂ ਆਏ ਅਤੇ ਉਨ੍ਹਾਂ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

ਉਨ੍ਹਾਂ ਨੇ ਸਾਲ 2019 ਵਿੱਚ ਮੈਨੂੰ ਦੱਸਿਆ ਸੀ, "ਮੈਨੂੰ ਲੱਗਦਾ ਹੈ ਕਿ 787 ਨਾਲ ਕੁਝ ਵੱਡਾ ਹੋਣ ਵਿੱਚ ਸਮਾਂ ਲੱਗੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਗਲਤ ਹੋਵਾਂ।"

2024 ਦੇ ਸ਼ੁਰੂ ਵਿੱਚ, ਬਾਰਨੇਟ ਨੇ ਆਤਮ-ਹੱਤਿਆ ਕਰ ਲਈ। ਉਸ ਸਮੇਂ ਉਹ ਕੰਪਨੀ ਦੇ ਖਿਲਾਫ ਲੰਬੇ ਸਮੇਂ ਤੋਂ ਚੱਲ ਰਹੇ ਵ੍ਹਿਸਲਬਲੋਅਰ ਮੁਕੱਦਮੇ ਵਿੱਚ ਗਵਾਹੀ ਦੇ ਰਿਹਾ ਸਨ - ਜਿਸ ਬਾਰੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਇਲਜ਼ਾਮਾਂ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪੀੜਤ ਕੀਤਾ ਗਿਆ ਸੀ। ਹਾਲਾਂਕਿ, ਬੋਇੰਗ ਨੇ ਇਸ ਤੋਂ ਇਨਕਾਰ ਕੀਤਾ ਸੀ।

ਬਾਰਨੇਟ ਨੇ ਜੋ ਇਲਜ਼ਾਮ ਲਗਾਏ ਸਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਇਲਜ਼ਾਮ ਪਲਾਂਟ ਦੇ ਹੀ ਇੱਕ ਹੋਰ ਸਾਬਕਾ ਕੁਆਲਿਟੀ ਮੈਨੇਜਰ, ਸਿੰਥੀਆ ਕਿਚਨ ਦੇ ਪਿਛਲੇ ਦਾਅਵਿਆਂ ਨਾਲ ਮੇਲ ਖਾਂਦੇ ਸਨ।

ਸਾਲ 2011 ਵਿੱਚ, ਸਿੰਥੀਆ ਨੇ ਰੈਗੂਲੇਟਰਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਤਪਾਦਨ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਵਿੱਚ ਘਟੀਆ ਪੁਰਜ਼ਿਆਂ ਨੂੰ ਜਾਣਬੁੱਝ ਕੇ ਕੁਆਰੰਟੀਨ ਕੰਪਾਰਟਮੈਂਟਾਂ ਤੋਂ ਹਟਾ ਕੇ ਜਹਾਜ਼ਾਂ ਵਿੱਚ ਫਿੱਟ ਕੀਤਾ ਜਾ ਰਿਹਾ ਹੈ।

ਸਿੰਥੀਆ ਨੇ ਸਾਲ 2016 ਵਿੱਚ ਬੋਇੰਗ ਛੱਡ ਦਿੱਤੀ ਸੀ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਕਰਮਚਾਰੀਆਂ ਨੂੰ ਘਟੀਆ ਕੰਮ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ ਸੀ।

ਸਿੰਥੀਆ ਨੇ ਕਿਹਾ ਸੀ ਕਿ ਘਟੀਆ ਵਾਇਰਿੰਗ ਬੰਡਲ, ਜਿਨ੍ਹਾਂ ਦੀ ਕੋਟਿੰਗ ਦੇ ਅੰਦਰ ਧਾਤ ਦੇ ਫਾਲਤੂ ਅਤੇ ਤਿੱਖੇ ਟੁਕੜੇ ਸਨ, ਨੂੰ ਜਾਣਬੁੱਝ ਕੇ ਜਹਾਜ਼ਾਂ ਵਿੱਚ ਲਗਾਏ ਗਏ ਸਨ - ਜਿਸ ਨਾਲ ਖਤਰਨਾਕ ਸ਼ਾਰਟ-ਸਰਕਟ ਦਾ ਖ਼ਤਰਾ ਪੈਦਾ ਹੁੰਦਾ ਹੈ।

ਬੋਇੰਗ ਨੇ ਇਨ੍ਹਾਂ ਵਿਸ਼ੇਸ਼ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਹੈ, ਪਰ ਕਿਹਾ ਹੈ ਕਿ ਸਿੰਥੀਆ ਨੇ 2016 ਵਿੱਚ "ਇਹ ਸੂਚਿਤ ਕੀਤੇ ਜਾਣ ਤੋਂ ਬਾਅਦ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਸੁਧਾਰ ਯੋਜਨਾ 'ਚ ਰੱਖਿਆ ਜਾ ਰਿਹਾ ਹੈ" ਅਸਤੀਫਾ ਦੇ ਦਿੱਤਾ।

ਇਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੇ ਬਾਅਦ ਵਿੱਚ ਬੋਇੰਗ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ, ਜਿਸ ਵਿੱਚ "ਕਿਸੇ ਵੀ ਗੁਣਵੱਤਾ ਨਾਲ ਸਬੰਧਤ ਮੁੱਦਿਆਂ ਨਾਲ ਸਬੰਧਤ ਵਿਤਕਰੇ ਅਤੇ ਬਦਲਾਖੋਰੀ ਦੇ ਦਾਅਵਿਆਂ" ਦਾ ਇਲਜ਼ਾਮ ਲਗਾਇਆ ਗਿਆ'', ਜਿਸਨੂੰ ਖਾਰਜ ਕਰ ਦਿੱਤਾ ਗਿਆ।

ਹਾਲ ਹੀ ਵਿੱਚ, ਪਿਛਲੇ ਸਾਲ ਇੱਕ ਸੀਨੇਟ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਸਮੇਂ ਇੱਕ ਤੀਜੇ ਵ੍ਹਿਸਲਬਲੋਅਰ ਨੇ ਸੁਰਖੀਆਂ ਬਟੋਰੀਆਂ।

ਬੋਇੰਗ ਦੇ ਇੱਕ ਮੌਜੂਦਾ ਕਰਮਚਾਰੀ, ਸੈਮ ਸਾਲੇਹਪੋਰ ਨੇ ਅਮਰੀਕਾ ਦੇ ਕਾਨੂੰਨ ਨਿਰਮਾਤਾਵਾਂ ਨੂੰ ਦੱਸਿਆ ਕਿ ਉਹ ਇਸ ਲਈ ਅੱਗੇ ਆਏ ਹਨ ਕਿਉਂਕਿ "ਮੈਂ ਬੋਇੰਗ ਵਿੱਚ ਜੋ ਸੁਰੱਖਿਆ ਸਮੱਸਿਆਵਾਂ ਦੇਖੀਆਂ ਹਨ, ਜੇਕਰ ਉਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਤਾਂ ਉਹ ਇੱਕ ਕਮਰਸ਼ੀਅਲ ਹਵਾਈ ਜਹਾਜ਼ ਦੀ ਵਿਨਾਸ਼ਕਾਰੀ ਅਸਫਲਤਾ ਦਾ ਕਾਰਨ ਬਣ ਸਕਦੀਆਂ ਹਨ, ਜਿਸ ਨਾਲ ਸੈਂਕੜੇ ਜਾਨਾਂ ਜਾ ਸਕਦੀਆਂ ਹਨ।''

ਕੁਆਲਿਟੀ ਇੰਜੀਨੀਅਰ ਸੈਮ ਨੇ ਇਹ ਵੀ ਕਿਹਾ ਕਿ 2020 ਦੇ ਅਖੀਰ ਵਿੱਚ 787 'ਤੇ ਕੰਮ ਕਰਦੇ ਸਮੇਂ, ਉਨ੍ਹਾਂ ਨੇ ਦੇਖਿਆ ਕੰਪਨੀ ਨੇ ਜਹਾਜ਼ ਦੇ ਉਤਪਾਦਨ ਅਤੇ ਡਿਲੀਵਰੀ ਨੂੰ ਤੇਜ਼ ਕਰਨ ਲਈ ਜਹਾਜ਼ ਦੀ ਅਸੈਂਬਲੀ ਪ੍ਰਕਿਰਿਆਵਾਂ ਵਿੱਚ ਸ਼ਾਰਟਕੱਟ ਪੇਸ਼ ਕੀਤੇ।

ਉਨ੍ਹਾਂ ਕਿਹਾ, "ਇਸ ਨਾਲ 787 ਵਿੱਚ ਸੰਭਾਵੀ ਤੌਰ 'ਤੇ ਘਟੀਆ ਪੁਰਜ਼ਿਆਂ ਅਤੇ ਮਾੜੀ ਇੰਸਟਾਲੇਸ਼ਨ ਦੀ ਆਗਿਆ ਮਿਲੀ ਸੀ।''

ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਨੂੰ ਉਨ੍ਹਾਂ ਨੇ ਦੇਖਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਜਹਾਜ਼ ਦੇ ਢਾਂਚੇ ਵਿਚਕਾਰਲੇ ਜੋੜਾਂ 'ਚ ਮੌਜੂਦ ਫਰਕ (ਦੋ ਹਿੱਸਿਆਂ ਨੂੰ ਜੋੜਨ ਦੌਰਾਨ ਆਇਆ ਪਾੜ ਜਾਂ ਗੈਪ) ਚੰਗੀ ਤਰ੍ਹਾਂ ਠੀਕ ਨਹੀਂ ਕੀਤਾ ਗਿਆ ਸੀ।

ਉਨ੍ਹਾਂ ਕਿਹਾ, ਇਸਦਾ ਮਤਲਬ ਸੀ ਕਿ ਉਹ ਜੋੜ "ਸਮੇਂ ਦੇ ਨਾਲ-ਨਾਲ ਸਮੇਂ ਤੋਂ ਪਹਿਲਾਂ ਹੀ ਅਸਫਲ" ਹੋ ਜਾਣਗੇ ਅਤੇ "ਸੰਭਾਵੀ ਤੌਰ 'ਤੇ ਵਿਨਾਸ਼ਕਾਰੀ" ਨਤੀਜਿਆਂ ਦੇ ਨਾਲ "ਜਹਾਜ਼ ਲਈ ਬਹੁਤ ਹੀ ਅਸੁਰੱਖਿਅਤ ਸਥਿਤੀਆਂ" ਪੈਦਾ ਕਰਨਗੇ।

ਉਨ੍ਹਾਂ ਨੇ ਸੁਝਾਅ ਦਿੱਤਾ ਕਿ 1,000 ਤੋਂ ਵੱਧ ਜਹਾਜ਼ - 787 ਜਹਾਜ਼ਾਂ ਵਿੱਚੋਂ ਇੱਕ ਵੱਡਾ ਹਿੱਸਾ - ਇਸ ਸਮੱਸਿਆ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਬੋਇੰਗ ਜ਼ੋਰ ਦੇ ਕੇ ਕਹਿੰਦਾ ਹੈ ਕਿ "787 ਦੇ ਢਾਂਚੇ 'ਚ ਸਮੱਸਿਆਵਾਂ ਬਾਰੇ ਦਾਅਵੇ ਗਲਤ ਹਨ"।

ਬੋਇੰਗ ਦਾ ਕਹਿਣਾ ਹੈ, "ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਚੁੱਕੇ ਗਏ ਮੁੱਦਿਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ ਹੈ। ਇਸ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਕਈ ਦਹਾਕਿਆਂ ਤੱਕ ਟਿਕਾਊ ਰਹਿਣਗੇ ਅਤੇ ਸੇਵਾ ਦੇਣ ਦੇ ਯੋਗ ਹੋਣਗੇ ਅਤੇ ਇਹ ਮੁੱਦੇ ਕੋਈ ਸੁਰੱਖਿਆ ਚਿੰਤਾਵਾਂ ਪੇਸ਼ ਨਹੀਂ ਕਰਦੇ ਹਨ।"

'ਗੰਭੀਰ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ'

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੋਇੰਗ ਹਾਲ ਹੀ ਦੇ ਸਾਲਾਂ ਵਿੱਚ ਆਪਣੇ ਕਾਰਪੋਰੇਟ ਸੱਭਿਆਚਾਰ ਅਤੇ ਉਤਪਾਦਨ ਮਿਆਰਾਂ ਨੂੰ ਲੈ ਕੇ ਭਾਰੀ ਦਬਾਅ ਹੇਠ ਆ ਗਈ ਹੈ।

ਆਪਣੇ ਸਭ ਤੋਂ ਵੱਧ ਵਿਕਣ ਵਾਲੇ 737 ਮੈਕਸ ਨਾਲ ਜੁੜੇ ਦੋ ਜਾਨਲੇਵਾ ਹਾਦਸਿਆਂ ਤੋਂ ਬਾਅਦ ਅਤੇ ਪਿਛਲੇ ਸਾਲ ਇੱਕ ਹੋਰ ਗੰਭੀਰ ਘਟਨਾ ਤੋਂ ਬਾਅਦ, ਬੋਇੰਗ 'ਤੇ ਵਾਰ-ਵਾਰ ਇਲਜ਼ਾਮ ਲਗਾਇਆ ਗਿਆ ਹੈ ਕਿ ਕੰਪਨੀ ਯਾਤਰੀ ਸੁਰੱਖਿਆ ਦੀ ਬਜਾਏ ਮੁਨਾਫ਼ੇ ਨੂੰ ਤਰਜੀਹ ਦੇ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਮੁੱਖ ਕਾਰਜਕਾਰੀ ਕੈਲੀ ਔਰਟਬਰਗ, ਜੋ ਪਿਛਲੇ ਸਾਲ ਕੰਪਨੀ ਵਿੱਚ ਸ਼ਾਮਲ ਹੋਏ ਸਨ, ਇਸ ਸਥਿਤੀ ਨੂੰ ਉਲਟਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਆਪਣੀਆਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾ ਰਹੇ ਹਨ ਅਤੇ ਇੱਕ ਵਿਆਪਕ ਸੁਰੱਖਿਆ ਅਤੇ ਗੁਣਵੱਤਾ ਨਿਯੰਤਰਣ ਯੋਜਨਾ 'ਤੇ ਰੈਗੂਲੇਟਰਾਂ ਨਾਲ ਕੰਮ ਕਰ ਰਹੇ ਹਨ।

ਪਰ ਕੀ 787 ਪਹਿਲਾਂ ਹੀ ਅਤੀਤ ਦੀਆਂ ਅਸਫਲਤਾਵਾਂ ਕਾਰਨ ਖਤਰੇ 'ਚ ਪੈ ਚੁੱਕਿਆ ਹੈ, ਜਿਸ ਨਾਲ ਸੁਰੱਖਿਆ ਸਬੰਧੀ ਜੋਖਮ ਪੈਦਾ ਹੋ ਰਹੇ ਹਨ?

ਰਿਚਰਡ ਅਬੋਲਾਫੀਆ ਦਾ ਮੰਨਣਾ ਹੈ ਕਿ ਅਜਿਹਾ ਨਹੀਂ ਹੈ। ਉਹ ਕਹਿੰਦੇ ਹਨ, "ਤੁਸੀਂ ਜਾਣਦੇ ਹੋ, 16 ਸਾਲ ਹੋ ਗਏ ਹਨ, 1,200 ਜੈਟ ਅਤੇ ਇੱਕ ਅਰਬ ਤੋਂ ਵੱਧ ਯਾਤਰੀਆਂ ਨੇ ਉਡਾਣ ਭਰੀ ਹੈ, ਪਰ ਅਜੇ ਤੱਕ ਕੋਈ ਹਾਦਸਾ ਨਹੀਂ ਹੋਇਆ ਹੈ। ਇਹ ਇੱਕ ਸ਼ਾਨਦਾਰ ਸੁਰੱਖਿਆ ਰਿਕਾਰਡ ਹੈ।"

ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੀ ਵੱਡੀ ਸਮੱਸਿਆ ਪਹਿਲਾਂ ਹੀ ਸਪਸ਼ਟ ਹੋ ਗਈ ਹੋਵੇਗੀ।

ਉਹ ਕਹਿੰਦੇ ਹਨ, "ਮੈਨੂੰ ਸੱਚਮੁੱਚ ਲੱਗਦਾ ਹੈ ਕਿ ਉਤਪਾਦਨ ਸਮੱਸਿਆਵਾਂ ਇੱਕ ਥੋੜ੍ਹੇ ਸਮੇਂ ਦੀ ਚਿੰਤਾ ਹੈ। ਪਿਛਲੇ ਕੁਝ ਸਾਲਾਂ ਤੋਂ, 787 ਦੇ ਉਤਪਾਦਨ 'ਤੇ ਭਾਰੀ ਨਿਗਰਾਨੀ ਰੱਖੀ ਜਾ ਰਹੀ ਹੈ।''

"ਪੁਰਾਣੇ ਜਹਾਜ਼ਾਂ ਲਈ ਵੀ, ਜੇ ਕੋਈ ਵੀ ਗੰਭੀਰ ਸਮੱਸਿਆ ਹੋਵੇਗੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਹੁਣ ਤੱਕ ਲੱਭ ਲਈ ਗਈ ਹੋਵੇਗੀ।"

ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਇਆ ਏਅਰ ਇੰਡੀਆ ਦਾ ਜਹਾਜ਼ 11 ਸਾਲ ਤੋਂ ਵੱਧ ਪੁਰਾਣਾ ਸੀ, ਜਿਸਨੇ ਪਹਿਲੀ ਵਾਰ ਸਾਲ 2013 ਵਿੱਚ ਉਡਾਣ ਭਰੀ ਸੀ।

ਪਰ ਫਾਊਂਡੇਸ਼ਨ ਫਾਰ ਏਵੀਏਸ਼ਨ ਸੇਫਟੀ, ਕਹਿੰਦਾ ਹੈ ਕਿ ਹਾਲ ਹੀ ਵਿੱਚ ਹੋਏ ਹਾਦਸੇ ਤੋਂ ਪਹਿਲਾਂ ਉਸਨੂੰ 787 ਬਾਰੇ ਚਿੰਤਾਵਾਂ ਸਨ।

ਇਹ ਇੱਕ ਅਮਰੀਕੀ ਸੰਗਠਨ ਹੈ ਜੋ ਕਿ ਬੋਇੰਗ ਦੇ ਸਾਬਕਾ ਵ੍ਹਿਸਲਬਲੋਅਰ ਐਡ ਪੀਅਰਸਨ ਦੁਆਰਾ ਸਥਾਪਿਤ ਕੀਤਾ ਗਿਆ ਸੀ ਅਤੇ ਜੋ ਪਹਿਲਾਂ ਕੰਪਨੀ ਦੀ ਬਹੁਤ ਆਲੋਚਨਾ ਕਰਦਾ ਰਿਹਾ ਹੈ।

ਪੀਅਰਸਨ ਦਾ ਦਾਅਵਾ ਹੈ, "ਹਾਂ, ਇਹ ਇੱਕ ਸੰਭਾਵੀ ਸੁਰੱਖਿਆ ਜੋਖਮ ਸੀ। ਅਸੀਂ ਘਟਨਾ ਦੀਆਂ ਰਿਪੋਰਟਾਂ ਦੀ ਨਿਗਰਾਨੀ ਕਰਦੇ ਹਾਂ, ਅਸੀਂ ਰੈਗੂਲੇਟਰੀ ਦਸਤਾਵੇਜ਼ਾਂ ਦੀ ਨਿਗਰਾਨੀ ਕਰਦੇ ਹਾਂ। ਹਵਾਬਾਜ਼ੀ ਨਿਰਦੇਸ਼ਾਂ ਵਿੱਚ ਵੱਖ-ਵੱਖ ਮੁੱਦਿਆਂ ਦਾ ਵਰਣਨ ਹੁੰਦਾ ਹੈ ਅਤੇ ਇਹ ਤੁਹਾਨੂੰ ਹੈਰਾਨ ਕਰਦਾ ਹੈ।"

ਉਹ ਦਲੀਲ ਦਿੰਦੇ ਹਨ ਕਿ ਅਜਿਹਾ ਹੀ ਇੱਕ ਮੁੱਦਾ ਟਾਇਲਟ ਦੀਆਂ ਟੂਟੀਆਂ ਤੋਂ ਪਾਣੀ ਦਾ ਲੀਕ ਹੋਣਾ ਹੋ ਸਕਦਾ ਹੈ, ਜੋ ਬਿਜਲੀ ਦੇ ਉਪਕਰਣਾਂ ਵਾਲੇ ਡੱਬੇ ਵਿੱਚ ਜਾ ਸਕਦਾ ਹੈ।

ਪਿਛਲੇ ਸਾਲ, ਜਦੋਂ ਕੁਝ 787 ਮਾਡਲਾਂ ਵਿੱਚ ਪਾਣੀ ਲੀਕ ਹੋਣ ਦੀਆਂ ਰਿਪੋਰਟਾਂ ਆਈਆਂ ਸਨ ਤਾਂ ਐਫਏਏ ਨੇ ਏਅਰਲਾਈਨਾਂ ਨੂੰ ਨਿਯਮਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ।

ਹਾਲਾਂਕਿ, ਉਹ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਹਨ ਕਿ ਹਾਲ ਹੀ ਵਿੱਚ ਹੋਈ ਦਰਦਨਾਕ ਘਟਨਾ ਦਾ ਕਾਰਨ ਅਜੇ ਵੀ ਅਣਜਾਣ ਹੈ - ਅਤੇ ਇਹ ਮਹੱਤਵਪੂਰਨ ਹੈ ਕਿ ਜਾਂਚ ਤੇਜ਼ੀ ਨਾਲ ਅੱਗੇ ਵਧਾਈ ਜਾਵੇ, ਤਾਂ ਜੋ ਕਿਸੇ ਵੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ, ਭਾਵੇਂ ਉਹ ਜਹਾਜ਼ ਨਾਲ ਹੋਵੇ, ਏਅਰਲਾਈਨ ਨਾਲ ਹੋਵੇ ਜਾਂ ਕਿਤੇ ਹੋਰ।

ਹਾਲਾਂਕਿ, ਫਿਲਹਾਲ 787 ਦਾ ਸੁਰੱਖਿਆ ਰਿਕਾਰਡ ਮਜ਼ਬੂਤ ਬਣਿਆ ਹੋਇਆ ਹੈ।

ਏਵੀਏਸ਼ਨ ਕੰਸਲਟਿੰਗ ਫਰਮ ਲੀਹੈਮ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਸਕਾਟ ਹੈਮਿਲਟਨ ਕਹਿੰਦੇ ਹਨ "ਸਾਨੂੰ ਇਸ ਸਮੇਂ ਨਹੀਂ ਪਤਾ ਕਿ ਏਅਰ ਇੰਡੀਆ ਦੇ ਹਾਦਸੇ ਦਾ ਕਾਰਨ ਕੀ ਸੀ।"

"ਪਰ ਜਹਾਜ਼ ਬਾਰੇ ਜੋ ਵੀ ਅਸੀਂ ਜਾਣਦੇ ਹਾਂ, ਉਸ ਦੇ ਆਧਾਰ 'ਤੇ ਮੈਂ 787 'ਤੇ ਸਵਾਰ ਹੋਣ ਤੋਂ ਝਿਜਕਾਂਗਾ ਨਹੀਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)