You’re viewing a text-only version of this website that uses less data. View the main version of the website including all images and videos.
ਹਵਾਈ ਜਹਾਜ਼ ਲੱਖਾਂ ਕਿਲੋਗ੍ਰਾਮ ਦਾ ਹੁੰਦਾ ਹੈ ਪਰ ਹਵਾ ਵਿੱਚ ਕਿਵੇਂ ਉੱਡਦਾ ਹੈ? ਇਸ ਦੇ ਪਿੱਛੇ ਦਾ ਵਿਗਿਆਨ ਸਮਝੋ
- ਲੇਖਕ, ਅਮ੍ਰਿਤਾ ਦੁਰਵੇ
- ਰੋਲ, ਬੀਬੀਸੀ ਮਰਾਠੀ
ਅਸਮਾਨ ਵਿੱਚ ਉੱਡਦੇ ਜਹਾਜ਼ ਨੂੰ ਦੇਖ ਕੇ ਲਗਭਗ ਹਰ ਕੋਈ ਮੋਹਿਤ ਹੁੰਦਾ ਹੈ। ਪਰ ਹਰ ਕਿਸੇ ਦੇ ਮਨ 'ਚ ਇੱਕ ਸਵਾਲ ਵੀ ਹੁੰਦਾ ਹੈ ਕਿ ਆਖਰ ਇੰਨਾ ਭਾਰੀ ਜਹਾਜ਼ ਉੱਡਦਾ ਕਿਵੇਂ ਹੈ?
ਤਾਂ, ਆਓ ਇਸ ਪਿੱਛੇ ਅਸਲ ਵਿਗਿਆਨ ਨੂੰ ਸਮਝੀਏ।
ਇੱਕ ਹਵਾਈ ਜਹਾਜ਼ ਹਵਾ ਵਿੱਚ ਕਿਵੇਂ ਉੱਡਦਾ ਹੈ, ਇਸ ਵਿਗਿਆਨ ਨੂੰ ਉਡਾਣ ਦੀ ਗਤੀਸ਼ੀਲਤਾ ਕਿਹਾ ਜਾਂਦਾ ਹੈ।
ਪਰ ਇਸ ਨੂੰ ਸਮਝਣ ਤੋਂ ਪਹਿਲਾਂ, ਆਓ ਉਸ ਹਵਾ ਬਾਰੇ ਜਾਣੀਏ ਜਿਸ ਵਿੱਚ ਇੱਕ ਹਵਾਈ ਜਹਾਜ਼ ਉੱਡਦਾ ਹੈ ਜਾਂ ਤੈਰਦਾ ਹੈ।
ਹਵਾ ਕੀ ਹੈ?
ਹਵਾ ਇੱਕ ਭੌਤਿਕ ਚੀਜ਼ ਹੈ। ਇਸਦਾ ਭਾਰ ਹੁੰਦਾ ਹੈ।
ਹਵਾ ਵਿੱਚ ਕੀ ਹੈ? ਆਕਸੀਜਨ, ਨਾਈਟ੍ਰੋਜਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਵੱਖ-ਵੱਖ ਗੈਸਾਂ ਹਨ।
ਇਨ੍ਹਾਂ ਵੱਖ-ਵੱਖ ਤੱਤਾਂ ਦੇ ਅਣੂ ਹਵਾ ਵਿੱਚ ਲਗਾਤਾਰ ਘੁੰਮਦੇ ਰਹਿੰਦੇ ਹਨ, ਜੋ ਹਵਾ ਦਾ ਦਬਾਅ ਬਣਾਉਂਦੇ ਹਨ। ਇਹ ਵਗਦੀ ਜਾਂ ਚੱਲਦੀ ਹੋਈ ਹਵਾ ਬਲ ਪੈਦਾ ਕਰਦੀ ਹੈ।
ਇਹ ਬਲ ਉਹ ਹੈ ਜੋ ਇੱਕ ਹਲਕੇ ਭਾਰ ਵਾਲੀ ਵਸਤੂ ਨੂੰ ਹਵਾ ਵਿੱਚ ਉੱਪਰ ਉੱਠਣ ਜਾਂ ਹੇਠਾਂ ਡਿੱਗਣ ਦਿੰਦਾ ਹੈ।
ਹਵਾ ਵਿੱਚ ਪੰਛੀਆਂ, ਪਤੰਗਾਂ, ਗੁਬਾਰਿਆਂ ਅਤੇ ਹਵਾਈ ਜਹਾਜ਼ਾਂ ਨੂੰ ਖਿੱਚਣ ਜਾਂ ਧੱਕਣ ਦੀ ਸ਼ਕਤੀ ਹੁੰਦੀ ਹੈ। ਇਸੇ ਲਈ, ਜੋ ਚੀਜ਼ ਵੀ ਉੱਡਦੀ ਹੈ, ਹਵਾ ਉਸ ਹਰ ਚੀਜ਼ ਲਈ ਜ਼ਰੂਰੀ ਹੈ।
ਇੱਕ ਹਵਾਈ ਜਹਾਜ਼ ਦਾ ਭਾਰ ਮਹੱਤਵਪੂਰਨ ਕਿਉਂ ਹੈ?
ਇੱਕ ਹਵਾਈ ਜਹਾਜ਼ ਦਾ ਭਾਰ ਉਡਾਣ ਲਈ ਇੱਕ ਬਹੁਤ ਮਹੱਤਵਪੂਰਨ ਕਾਰਕ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਸ ਭਾਰ 'ਤੇ ਨਿਰਭਰ ਕਰਦੀਆਂ ਹਨ।
ਹਰੇਕ ਜਹਾਜ਼ ਦਾ ਵੱਧ ਤੋਂ ਵੱਧ ਟੇਕਆਫ ਭਾਰ ਹੁੰਦਾ ਹੈ। ਯਾਨੀ, ਇਹ ਵੱਧ ਤੋਂ ਵੱਧ ਭਾਰ ਦੀ ਸੀਮਾ ਹੈ ਜਿਸ ਨਾਲ ਇੱਕ ਜਹਾਜ਼ ਉਡਾਣ ਭਰ ਸਕਦਾ ਹੈ।
ਇਸ ਵਿੱਚ ਜਹਾਜ਼ ਦਾ ਭਾਰ, ਉਸ 'ਤੇ ਮੌਜੂਦ ਬਾਲਣ ਦਾ ਭਾਰ, ਪਖਾਨਿਆਂ ਲਈ ਲੋੜੀਂਦੇ ਪਾਣੀ ਦਾ ਭਾਰ, ਯਾਤਰੀਆਂ ਅਤੇ ਚਾਲਕ ਦਲ, ਉਨ੍ਹਾਂ ਦਾ ਸਮਾਨ, ਉਨ੍ਹਾਂ ਦਾ ਭੋਜਨ, ਆਦਿ ਸ਼ਾਮਲ ਹਨ।
ਬੋਇੰਗ ਡ੍ਰੀਮਲਾਈਨਰ 787-8 ਨੂੰ ਧਿਆਨ ਵਿੱਚ ਰੱਖਦੇ ਹੋਏ, ਇਸਦੀ ਸੀਮਾ 2 ਲੱਖ 27 ਹਜ਼ਾਰ 950 ਕਿਲੋਗ੍ਰਾਮ ਹੈ, ਭਾਵ 227.95 ਮੀਟ੍ਰਿਕ ਟਨ।
ਆਓ ਇਸਨੂੰ ਇੱਕ ਹਾਥੀ ਦੇ ਭਾਰ ਨਾਲ ਸਮਝੀਏ। ਇੱਕ ਪੂਰੇ ਵਧੇ ਹੋਏ ਅਫਰੀਕੀ ਹਾਥੀ ਦਾ ਭਾਰ ਲਗਭਗ 7 ਟਨ ਹੁੰਦਾ ਹੈ। ਇਸ ਲਈ ਕਲਪਨਾ ਕਰੋ ਕਿ ਇੱਕ ਹਵਾਈ ਜਹਾਜ਼ ਕਿੰਨਾ ਭਾਰੀ ਹੋਵੇਗਾ।
ਪਰ ਫਿਰ ਇੰਨਾ ਭਾਰੀ ਹੋਣ ਦੇ ਬਾਵਜੂਦ ਇੱਕ ਜਹਾਜ਼ ਉੱਡਦਾ ਕਿਵੇਂ ਹੈ? ਇਹ ਸਮਝਣ ਲਈ, ਸਰ ਆਈਜ਼ੈਕ ਨਿਊਟਨ ਦੁਆਰਾ ਪ੍ਰਸਤਾਵਿਤ ਗਤੀ ਦੇ ਨਿਯਮ, ਗਤੀ ਦੇ ਸਿਧਾਂਤ, ਮਹੱਤਵਪੂਰਨ ਹਨ।
ਗਤੀਸ਼ੀਲਤਾ ਦਾ ਸਿਧਾਂਤ
ਇਸ ਸਿਧਾਂਤ ਦੇ ਅਨੁਸਾਰ, ਜੇਕਰ ਕੋਈ ਵਸਤੂ ਗਤੀ ਵਿੱਚ ਨਹੀਂ ਹੈ, ਤਾਂ ਇਹ ਆਪਣੇ ਆਪ ਨਹੀਂ ਚੱਲੇਗੀ। ਇਸੇ ਤਰ੍ਹਾਂ, ਜੇਕਰ ਕੋਈ ਚੀਜ਼ ਗਤੀ ਵਿੱਚ ਹੈ, ਤਾਂ ਇਹ ਉਦੋਂ ਤੱਕ ਨਹੀਂ ਰੁਕੇਗੀ ਜਾਂ ਦਿਸ਼ਾ ਨਹੀਂ ਬਦਲੇਗੀ ਜਦੋਂ ਤੱਕ ਇਸਨੂੰ ਕਿਸੇ ਚੀਜ਼ ਦੁਆਰਾ ਧੱਕਿਆ ਨਹੀਂ ਜਾਂਦਾ।
ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਵਸਤੂ ਨੂੰ ਜ਼ੋਰ ਨਾਲ ਧੱਕਦੇ ਹੋ, ਤਾਂ ਇਹ ਤੇਜ਼ੀ ਨਾਲ ਅੱਗੇ ਵਧੇਗੀ ਅਤੇ ਵਧੇਰੇ ਦੂਰੀ ਤੈਅ ਕਰੇਗੀ।
ਇਸ ਲਈ ਜਦੋਂ ਕੋਈ ਬਲ ਕਿਸੇ ਵਸਤੂ ਨੂੰ ਇੱਕ ਦਿਸ਼ਾ ਵਿੱਚ ਧੱਕਦਾ ਹੈ, ਤਾਂ ਉਲਟ ਦਿਸ਼ਾ ਵਿੱਚ ਉਸ ਵਸਤੂ 'ਤੇ ਬਰਾਬਰ ਬਲ ਹੁੰਦਾ ਹੈ।
ਉਡਾਣ ਦੇ ਦਬਾਅ/ਬਲ
ਜਦੋਂ ਇੱਕ ਹਵਾਈ ਜਹਾਜ਼ ਉੱਡਦਾ ਹੈ, ਤਾਂ 4 ਕਿਸਮਾਂ ਦੇ ਦਬਾਅ ਹੁੰਦੇ ਮਹੱਤਵਪੂਰਨ ਹੁੰਦੇ ਹਨ। ਇਹਨਾਂ ਨੂੰ ਉਡਾਣ ਦੀਆਂ ਤਾਕਤਾਂ (ਫੋਰਸਿਜ਼ ਆਫ਼ ਫਲਾਇਟ) ਕਿਹਾ ਜਾਂਦਾ ਹੈ। ਇਹ ਇਸ ਪ੍ਰਕਾਰ ਹਨ:
ਲਿਫਟ - ਉਹ ਬਲ ਜੋ ਇੱਕ ਜਹਾਜ਼ ਨੂੰ ਉੱਪਰ ਵੱਲ ਧੱਕਦਾ ਹੈ।
ਡ੍ਰੈਗ - ਉਹ ਬਲ ਜੋ ਪਿੱਛੇ ਖਿੱਚਦਾ ਹੈ।
ਭਾਰ - ਗੁਰੂਤਾ ਕਾਰਨ ਹੇਠਾਂ ਵੱਲ ਜੋ ਬਲ ਹੁੰਦਾ ਹੈ।
ਥ੍ਰਸਟ- ਉਹ ਬਲ ਜੋ ਅੱਗੇ ਵਧਾਉਂਦਾ ਹੈ।
ਇੱਕ ਜਹਾਜ਼ ਕਿਵੇਂ ਉਡਾਣ ਭਰਦਾ ਹੈ?
ਹਵਾਈ ਜਹਾਜ਼ ਦੇ ਖੰਭ ਹਵਾ ਵਿੱਚ ਉੱਡਣ ਲਈ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੇ ਹਨ।
ਜੇ ਤੁਸੀਂ ਅਸਮਾਨ ਵਿੱਚ ਉੱਚੇ ਉੱਡਦੇ ਪੰਛੀਆਂ ਦੇ ਖੰਭਾਂ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਸੀਂ ਉਨ੍ਹਾਂ ਅਤੇ ਹਵਾਈ ਜਹਾਜ਼ਾਂ ਦੇ ਖੰਭਾਂ ਵਿੱਚ ਸਮਾਨਤਾਵਾਂ ਵੇਖੋਗੇ।
ਇਹ ਖੰਭ ਇੱਕ ਪਾਸੇ ਫੁੱਲੇ ਹੋਏ ਹੁੰਦੇ ਹਨ ਅਤੇ ਦੂਜੇ ਪਾਸੇ ਪਤਲੇ ਹੁੰਦੇ ਹਨ। ਇਨ੍ਹਾਂ ਦੇ ਉੱਪਰ ਇੱਕ ਕਰਵ ਹੁੰਦਾ ਹੈ।
ਜਦੋਂ ਪਾਇਲਟ ਜਹਾਜ਼ ਦਾ ਇੰਜਣ ਚਾਲੂ ਕਰਦਾ ਹੈ, ਤਾਂ ਜਹਾਜ਼ ਗਤੀ ਫੜ੍ਹਦਾ ਹੈ ਅਤੇ ਇਹ ਗਤੀ ਵਧਦੀ ਜਾਂਦੀ ਹੈ। ਜਹਾਜ਼ ਦੇ ਖੰਭਾਂ ਅਤੇ ਪਾਸਿਆਂ ਉੱਤੇ ਵੱਧ ਤੋਂ ਵੱਧ ਹਵਾ ਵਹਿਣੀ ਸ਼ੁਰੂ ਹੋ ਜਾਂਦੀ ਹੈ।
ਕੁਝ ਹਵਾ ਖੰਭਾਂ ਦੇ ਉੱਪਰੋਂ ਲੰਘਦੀ ਹੈ, ਕੁਝ ਉਨ੍ਹਾਂ ਦੇ ਹੇਠਾਂ ਤੋਂ ਲੰਘਦੀ ਹੈ। ਇਸ ਹਵਾ ਦੀ ਗਤੀ ਵੱਖ-ਵੱਖ ਹੁੰਦੀ ਹੈ।
ਹਵਾ ਖੰਭਾਂ ਦੇ ਉੱਪਰਲੇ ਕਰਵ ਵਾਲੇ ਪਾਸੇ ਤੇਜ਼ੀ ਨਾਲ ਚਲਦੀ ਹੈ, ਜਦਕਿ ਸਮਤਲ ਹੇਠਲੇ ਪਾਸੇ ਦੇ ਨਾਲ ਹਵਾ ਹੌਲੀ ਚਲਦੀ ਹੈ।
ਜਦੋਂ ਹਵਾ ਤੇਜ਼ੀ ਨਾਲ ਚਲਦੀ ਹੈ, ਤਾਂ ਹਵਾ ਦਾ ਦਬਾਅ ਘਟ ਜਾਂਦਾ ਹੈ।
ਭਾਵ, ਜਦੋਂ ਇੱਕ ਹਵਾਈ ਜਹਾਜ਼ ਉੱਡ ਰਿਹਾ ਹੁੰਦਾ ਹੈ, ਤਾਂ ਖੰਭਾਂ ਦੇ ਉੱਪਰ ਹਵਾ ਦਾ ਦਬਾਅ ਘੱਟ ਹੁੰਦਾ ਹੈ, ਜਦਕਿ ਖੰਭਾਂ ਦੇ ਹੇਠਾਂ ਹਵਾ ਦਾ ਦਬਾਅ ਜ਼ਿਆਦਾ ਹੁੰਦਾ ਹੈ।
ਹਵਾ ਦੇ ਦਬਾਅ ਵਿੱਚ ਇਹ ਅੰਤਰ ਹਵਾਈ ਜਹਾਜ਼ ਦੇ ਖੰਭਾਂ ਉੱਤੇ ਇੱਕ ਬਲ ਪੈਦਾ ਕਰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਹਵਾ ਵਿੱਚ ਉੱਚੇ ਉੱਠਣ ਅਤੇ ਬਣੇ ਰਹਿਣ ਵਿੱਚ ਮਦਦ ਕਰਦਾ ਹੈ।
ਨਤੀਜੇ ਵਜੋਂ, ਪੂਰਾ ਜਹਾਜ਼ ਉੱਪਰ ਉੱਠ ਜਾਂਦਾ ਹੈ। ਇਸ ਬਲ ਨੂੰ ਲਿਫਟ ਕਿਹਾ ਜਾਂਦਾ ਹੈ।
ਜਦੋਂ ਜਹਾਜ਼ ਲਗਭਗ 250 - 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਪਹੁੰਚਦਾ ਹੈ, ਤਾਂ ਇਹ ਲਿਫਟ ਫੋਰਸ ਇੰਨੀ ਵੱਧ ਜਾਂਦੀ ਹੈ ਕਿ ਜਹਾਜ਼ ਉਡਾਣ ਭਰਦਾ ਹੈ।
ਜਹਾਜ਼ ਜਿੰਨਾ ਭਾਰੀ ਹੋਵੇਗਾ, ਹਵਾ ਵਿੱਚ ਰਹਿਣ ਲਈ ਓਨੀ ਹੀ ਜ਼ਿਆਦਾ ਗਤੀ ਪ੍ਰਾਪਤ ਕਰਨ ਦੀ ਲੋੜ ਹੋਵੇਗੀ।
ਜਹਾਜ਼, ਹਵਾ ਦੇ ਦਬਾਅ ਕਾਰਨ ਹੀ ਹਵਾ ਵਿੱਚ ਤੈਰਦਾ ਜਾਂ ਉੱਡਦਾ ਹੈ।
ਕਲਪਨਾ ਕਰੋ ਕਿ ਤੁਹਾਡੇ ਹੱਥ ਇੱਕ ਹਵਾਈ ਜਹਾਜ਼ ਦੇ ਖੰਭ ਹਨ। ਇੱਕ ਵਿੰਗ ਨੂੰ ਹੇਠਾਂ ਅਤੇ ਦੂਜੇ ਨੂੰ ਉੱਪਰ ਲਿਜਾ ਕੇ, ਹਵਾਈ ਜਹਾਜ਼ ਦਿਸ਼ਾ ਬਦਲ ਸਕਦਾ ਹੈ, ਯਾਨੀ ਮੁੜ ਸਕਦਾ ਹੈ।
ਇੱਕ ਹਵਾਈ ਜਹਾਜ਼ ਦਾ ਅਗਲਾ ਸਿਰਾ, ਜਹਾਜ਼ ਦੀ ਪਿੱਚ ਨੂੰ ਕੰਟਰੋਲ ਕਰਨ ਲਈ ਉੱਪਰ ਚੁੱਕਿਆ ਜਾਂ ਹੇਠਾਂ ਝੁਕਾਇਆ ਜਾ ਸਕਦਾ ਹੈ।
ਕਾਕਪਿਟ ਵਿੱਚ ਮੌਜੂਦ ਪਾਇਲਟ ਰਾਡਾਰ, ਨੈਵੀਗੇਸ਼ਨ ਕੰਟਰੋਲ, ਉਚਾਈ ਸੂਚਕ, ਸਿਸਟਮ ਜਾਣਕਾਰੀ ਡਿਸਪਲੇਅ, ਦਿਸ਼ਾ ਖੋਜਕ, ਫਲਾਈਟ ਡਿਸਪਲੇਅ, ਥ੍ਰੋਟਲ, ਪਹੀਆਂ ਦੇ ਕੰਟਰੋਲ, ਰਡਰ ਅਤੇ ਬ੍ਰੇਕ ਪੈਡਲ ਵਰਗੇ ਸਿਸਟਮਾਂ ਦੀ ਵਰਤੋਂ ਕਰਕੇ ਜਹਾਜ਼ ਨੂੰ ਕੰਟਰੋਲ ਕਰਦੇ ਹਨ। ਇਸ ਦੇ ਨਾਲ ਹੀ ਉਹ ਸਾਰਾ ਸਮਾਂ ਲਗਾਤਾਰ ਜ਼ਮੀਨ 'ਤੇ ਵੀ ਨਿਯੰਤਰਣ ਸਿਸਟਮ ਨਾਲ ਸੰਪਰਕ 'ਚ ਰਹਿੰਦੇ ਹਨ।
ਇਸ ਤੋਂ ਇਲਾਵਾ, ਹੁਣ ਆਧੁਨਿਕ ਆਟੋਪਾਇਲਟ ਸਿਸਟਮ ਟੇਕਆਫ ਤੋਂ ਲੈ ਕੇ ਲੈਂਡਿੰਗ ਤੱਕ ਹਰ ਚੀਜ਼ ਨੂੰ ਸੰਭਾਲ ਸਕਦੇ ਹਨ।
ਹਵਾਈ ਜਹਾਜ਼ ਦੀ ਲੈਂਡਿੰਗ
ਜਹਾਜ਼ਾਂ ਦੀ ਔਸਤ ਹਵਾ ਦੀ ਗਤੀ 880–926 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਇਹ ਗਤੀ ਲੈਂਡਿੰਗ ਦੌਰਾਨ ਘਟ ਜਾਂਦੀ ਹੈ।
ਜਦੋਂ ਹਵਾਈ ਜਹਾਜ਼ ਹੇਠਾਂ ਉਤਰਨਾ ਸ਼ੁਰੂ ਕਰਦਾ ਹੈ, ਤਾਂ ਪਾਇਲਟ ਫਲੈਪ ਅਤੇ ਸਲੈਟ- ਖੰਭਾਂ ਦੇ ਦੋਵੇਂ ਪਾਸੇ ਮੌਜੂਦ ਵਾਲਵ ਖੋਲ੍ਹਦਾ ਹੈ। ਇਸ ਨਾਲ ਹਵਾਈ ਜਹਾਜ਼ ਦੇ ਖੰਭ ਵੱਡੇ ਹੋ ਜਾਂਦੇ ਹਨ ਅਤੇ ਉਹ ਜ਼ਿਆਦਾ ਹਵਾ ਫੜ੍ਹਦੇ ਹਨ।
ਫਿਰ ਏਅਰਬ੍ਰੇਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖੰਭਾਂ ਉੱਤੇ ਵਹਿਣ ਵਾਲੀ ਹਵਾ ਨੂੰ ਰੋਕਦਾ ਹੈ, ਜਿਸ ਨਾਲ ਹਵਾਈ ਜਹਾਜ਼ ਹੇਠਾਂ ਉਤਰਦਾ ਹੈ।
ਲੈਂਡਿੰਗ ਗੀਅਰ ਦੀ ਵਰਤੋਂ ਕਰਨ ਤੋਂ ਬਾਅਦ, ਹਵਾਈ ਜਹਾਜ਼ ਦੇ ਹੇਠਾਂ ਵਾਲੇ ਪਾਸੇ ਪਹੀਏ ਬਾਹਰ ਆਉਂਦੇ ਹਨ। ਜਦੋਂ ਹਵਾਈ ਜਹਾਜ਼ ਕਾਫ਼ੀ ਹੇਠਾਂ ਉਤਰਦਾ ਹੈ, ਤਾਂ ਪਹੀਏ ਜ਼ਮੀਨ ਨੂੰ ਛੂਹਦੇ ਹਨ ਅਤੇ ਇੰਜਣ ਵਿੱਚੋਂ ਨਿਕਲ ਰਹੀ ਹਵਾ ਉਲਟ ਦਿਸ਼ਾ ਵਿੱਚ ਬਾਹਰ ਸੁੱਟੀ ਜਾਂਦੀ ਹੈ। ਇਸ ਨਾਲ ਹਵਾਈ ਜਹਾਜ਼ ਦੀ ਗਤੀ ਹੋਰ ਵੀ ਘੱਟ ਜਾਂਦੀ ਹੈ।
ਖੰਭਾਂ 'ਤੇ ਲੱਗੇ ਏਅਰਬ੍ਰੇਕ ਸਿੱਧੇ ਹੋ ਜਾਂਦੇ ਹਨ ਅਤੇ ਪਹੀਏ ਵੀ ਬ੍ਰੇਕ ਕੀਤੇ ਜਾਂਦੇ ਹਨ।
ਹਵਾ ਦੀ ਦਿਸ਼ਾ ਅਤੇ ਗਤੀ, ਰਨਵੇ ਦਾ ਢਲਾਣ ਵਾਲਾ ਹੋਣਾ ਜਾਂ ਸਮਤਲ ਜਾਂ ਥੋੜ੍ਹੀ ਜਿਹੀ ਚੜ੍ਹਾਈ ਵਾਲਾ ਹੋਣਾ, ਰਨਵੇ ਦੀ ਲੰਬਾਈ, ਭਾਵੇਂ ਇਸ 'ਤੇ ਪਾਣੀ ਜਾਂ ਬਰਫ਼ ਹੋਵੇ, ਟੱਚਡਾਊਨ ਜ਼ੋਨ ਦੀ ਲੰਬਾਈ, ਅਤੇ ਜਿਸ ਉਚਾਈ ਤੋਂ ਜਹਾਜ਼ ਹੇਠਾਂ ਉਤਰ ਰਿਹਾ ਹੈ, ਇਸਦਾ ਭਾਰ, ਅਤੇ ਮੌਸਮ ਦੀਆਂ ਸਥਿਤੀਆਂ, ਇਹ ਸਭ ਜਹਾਜ਼ ਦੀ ਲੈਂਡਿੰਗ ਨੂੰ ਪ੍ਰਭਾਵਤ ਕਰਦੇ ਹਨ।
ਇਸੇ ਲਈ ਇੱਕ ਸਾਫਟ ਲੈਂਡਿੰਗ - ਭਾਵ ਬਿਨਾਂ ਕਿਸੇ ਕ੍ਰੈਸ਼ ਹੋਏ ਜਹਾਜ਼ ਨੂੰ ਰਨਵੇਅ 'ਤੇ ਉਤਾਰਨਾ, ਪਾਇਲਟ ਦੇ ਹੁਨਰ ਨੂੰ ਦਰਸਾਉਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ