ਅਹਿਮਦਾਬਾਦ ਹਵਾਈ ਹਾਦਸਾ: 'ਮੇਅ ਡੇਅ ਕਾਲ' ਕੀ ਹੁੰਦੀ ਹੈ, ਇਹ ਕਿਹੜੇ ਹਾਲਤਾਂ ਵਿੱਚ ਕੀਤੀ ਜਾਂਦੀ ਹੈ

ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ।

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਅਤੇ ਟੇਕਆਫ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।

ਹੁਣ ਤੱਕ ਹਾਦਸੇ ਵਿੱਚ 204 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, 41 ਜਖ਼ਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚ ਕੁਝ ਉਹ ਲੋਕ ਵੀ ਦੱਸੇ ਜਾ ਰਹੇ ਹਨ, ਜੋ ਉਸ ਇਮਾਰਤ ਵਿੱਚ ਮੌਜੂਦ ਸਨ, ਜਿਸ ਉੱਤੇ ਜਹਾਜ਼ ਡਿੱਗਿਆ।

ਏਅਰ ਇੰਡੀਆ ਨੇ ਐਕਸ ਹੈਂਡਲ ʼਤੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਫਲਾਈਟ ਵਿੱਚ 242 ਲੋਕ ਸਵਾਰ ਸਨ।

ਡੀਜੀਸੀਏ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਏਅਰ ਇੰਡੀਆ ਦਾ ਬੀ 787 ਡ੍ਰੀਮਲਾਈਨਰ ਜਹਾਜ਼, ਏਆਈ 171, ਅਹਿਮਦਾਬਾਦ ਤੋਂ ਲੰਡਨ (ਗੈਟਵਿਕ) ਹਵਾਈ ਅੱਡੇ ਲਈ ਦੁਪਹਿਰ 1:38 ਵਜੇ ਉਡਾਣ ਭਰਨ ਤੋਂ 5 ਮਿੰਟ ਬਾਅਦ ਹੀ ਰਿਹਾਇਸ਼ੀ ਖੇਤਰ (ਮੇਘਾਨੀ ਨਗਰ) ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਜਹਾਜ਼ ਵਿੱਚ ਪਾਇਲਟ ਇਨ ਕਮਾਂਡ ਸੁਮਿਤ ਸੱਭਰਵਾਲ, ਸਹਿ-ਪਾਇਲਟ ਕਲਾਈਵ ਕੁੰਦਰ ਸਨ। ਇਸ ਵਿੱਚ 2 ਬੱਚਿਆਂ ਸਣੇ 232 ਯਾਤਰੀ ਅਤੇ 10 ਕਰੂ ਮੈਂਬਰ ਸਵਾਰ ਸਨ।

ਅਹਿਮਦਾਬਾਦ ਹਵਾਈ ਹਾਦਸਾ-

  • ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਵੀਰਵਾਰ ਨੂੰ ਦੁਪਹਿਰੇ 1.38 ਵਜੇ ʼਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
  • ਜਹਾਜ਼ ਵਿੱਚ 10 ਕਰੂ ਮੈਂਬਰਾਂ ਸਣੇ 242 ਯਾਤਰੀ ਸਵਾਰ ਸਨ।
  • ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਹਾਇਸ਼ੀ ਇਲਾਕੇ ਦੀ ਇੱਕ ਇਮਾਰਤ ʼਤੇ ਜਾ ਡਿੱਗਿਆ।
  • ਗੁਜਰਾਤ ਪੁਲਿਸ ਨੇ ਹੁਣ ਤੱਕ 204 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ 41 ਯਾਤਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
  • ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਦੇਹਾਂਤ ਹੋ ਗਿਆ ਹੈ।
  • ਮੌਤਾਂ ਦੇ ਇਨ੍ਹਾਂ ਅੰਕੜਿਆਂ ਵਿੱਚ ਇਮਾਰਤ ਵਿੱਚ ਮੌਜੂਦ ਕੁਝ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ।
  • ਟਾਟਾ ਗਰੁੱਪ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਇੱਕ ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੇ ਹਵਾਲੇ ਨਾਲ ਏਐੱਨਆਈ ਨੇ ਰਿਪੋਰਟ ਕੀਤਾ ਹੈ ਕਿ, "ਜਹਾਜ਼ ਦੇ ਕੈਪਟਨ ਸੁਮਿਤ ਸੱਭਰਵਾਲ ਨੇ ਏਟੀਸੀ (ਏਅਰ ਟ੍ਰੈਫਿਕ ਕੰਟਰੋਲ) ਨੂੰ ਇੱਕ ਡਿਸਟਰੈਸ ਕਾਲ ਦਿੱਤੀ, ਪਰ ਉਸ ਤੋਂ ਬਾਅਦ ਏਟੀਸੀ ਕਾਲ ਦਾ ਕੋਈ ਜਵਾਬ ਨਹੀਂ ਆਇਆ।"

"ਰੰਨਵੇ 23 ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਹਵਾਈ ਅੱਡੇ ਦੇ ਬਾਹਰ ਜ਼ਮੀਨ 'ਤੇ ਡਿੱਗ ਗਿਆ। ਹਾਦਸੇ ਵਾਲੀ ਥਾਂ ਤੋਂ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ।"

ਮੇਅ ਡੇਅ ਕਾਲ ਕੀ ਹੈ?

ਜਹਾਜ਼ ਦੇ ਕੈਪਟਨ ਸੁਮਿਤ ਸੱਭਰਵਾਲ ਵੱਲੋਂ ਏਟੀਸੀ (ਏਅਰ ਟ੍ਰੈਫਿਕ ਕੰਟਰੋਲ) ਨੂੰ ਦਿੱਤੀ ਗਈ ਡਿਸਟ੍ਰੈੱਸ ਕਾਲ ਮਤਲਬ ਐਮਰਜੈਂਸੀ ਕਾਲ ਨੂੰ ਤਕਨੀਕੀ ਭਾਸ਼ਾ ਵਿੱਚ 'ਮੇਅ ਡੇਅ ਕਾਲ' ਕਿਹਾ ਜਾਂਦਾ ਹੈ।

ਗਲੋਬ ਏਅਰ ਅਨੁਸਾਰ "ਮੇਅ ਡੇਅ" ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਭਿਆਨਕ ਸੰਕਟ ਦਾ ਸੰਕੇਤ ਹੈ ਜੋ ਜਹਾਜ਼ ਦੇ ਪਾਇਲਟਾਂ ਅਤੇ ਕਿਸ਼ਤੀਆਂ ਦੇ ਮਲਾਹਾਂ ਦੁਆਰਾ ਰੇਡੀਓ ਸੰਚਾਰ ਦੁਆਰਾ ਬਹੁਤ ਜ਼ਿਆਦਾ ਐਮਰਜੈਂਸੀ ਸਥਿਤੀ ਵਿੱਚ ਵਰਤਿਆ ਜਾਂਦਾ ਹੈ।

ਗਲੋਬਏਅਰ ਯੂਰਪ ਦੀ ਪ੍ਰਾਈਵੇਟ ਜੈੱਟ ਆਪਰੇਟਰ ਕੰਪਨੀ ਹੈ।

ਗਲੋਬਏਅਰ ਦੇ ਮੁਤਾਬਕ ਜਦੋਂ ਕੋਈ ਜਹਾਜ਼ ਜਾਂ ਸਮੁੰਦਰੀ ਜਹਾਜ਼ ਸਫ਼ਰ ਦੌਰਾਨ ਐਮਰਜੈਂਸੀ ਦਾ ਅਨੁਭਵ ਕਰਦਾ ਹੈ, ਤਾਂ ਇੱਕ 'ਮੇਅ ਡੇਅ ਕਾਲ' ਜਾਰੀ ਕੀਤੀ ਜਾਂਦੀ ਹੈ।

ਮੇਅ ਡੇਅ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸੰਕਟ ਸੰਕੇਤ ਹੈ, ਜੋ ਆਉਣ ਵਾਲੇ ਖ਼ਤਰੇ ਜਾਂ ਜਾਨਲੇਵਾ ਐਮਰਜੈਂਸੀ ਸਥਿਤੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਗਲੋਬਏਅਰ ਮੁਤਾਬਕ "ਮੇਅ ਡੇਅ" ਸ਼ਬਦ ਫਰਾਂਸੀਸੀ ਸ਼ਬਦ "ਐੱਮ,ਏਡਰ" ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ "ਮੇਰੀ ਮਦਦ ਕਰੋ।"

ਇਹ ਇੱਕ ਤਰ੍ਹਾਂ ਦਾ ਰੇਡੀਓ ਸਿਗਨਲ ਹੈ ਜੋ ਰੇਡੀਓ ਰਾਹੀਂ ਹਵਾਈ ਆਵਾਜਾਈ ਨਿਯੰਤਰਣ ਜਾਂ ਹੋਰ ਨੇੜਲੇ ਜਹਾਜ਼ਾਂ ਨੂੰ ਭੇਜਿਆ ਜਾਂਦਾ ਹੈ।

ਮੇਅ ਡੇਅ ਕਾਲ ਰਾਹੀਂ ਪਾਇਲਟ ਐਮਰਜੈਂਸੀ ਸਥਿਤੀ ਵਿੱਚ ਸਬੰਧਤ ਅਧਿਕਾਰੀਆਂ ਜਾਂ ਬਚਾਅ ਕਰਮੀਆਂ ਨੂੰ ਸਮੇਂ ਸਿਰ ਅਲਰਟ ਹੋਣ ਅਤੇ ਤੁਰੰਤ ਮਦਦ ਕਰਨ ਲਈ ਬੇਨਤੀ ਕਰਨ ਲਈ "ਮੇਅ ਡੇਅ ਕਾਲ" ਦੀ ਵਰਤੋਂ ਕਰਦੇ ਹਨ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਮੇਅ ਡੇਅ ਕਾਲ ਕੰਟਰੋਲ ਟਾਵਰ ਦਾ ਧਿਆਨ ਖਿੱਚਣ ਜਾਂ ਸਥਿਤੀ ਦੀ ਗੰਭੀਰਤਾ 'ਤੇ ਜ਼ੋਰ ਦੇਣ ਲਈ ਵਰਤੀ ਜਾਂਦੀ ਹੈ।

ਜਹਾਜ਼ਾਂ ਵਾਂਗ, ਕਿਸ਼ਤੀਆਂ ਵੀ ਇਸ ਮੇਅ ਡੇ ਕਾਲ ਦੀ ਵਰਤੋਂ ਕਰਦੀਆਂ ਹਨ।

ਕਿਹੜੀ ਸਥਿਤੀ ਵਿੱਚ ਵਰਤੀ ਜਾਂਦੀ 'ਮੇਅ ਡੇਅ ਕਾਲ'

ਗਲੋਬਏਅਰ ਮੁਤਾਬਕ "ਮੇਅ ਡੇਅ ਕਾਲ" ਉਨ੍ਹਾਂ ਸਥਿਤੀਆਂ ਲਈ ਰਾਖਵੀਂ ਹੈ ਜਿੱਥੇ ਜਹਾਜ਼, ਚਾਲਕ ਦਲ ਜਾਂ ਯਾਤਰੀਆਂ ਦੀ ਸੁਰੱਖਿਆ ਗੰਭੀਰ ਖ਼ਤਰੇ ਵਿੱਚ ਹੈ, ਜਿੱਥੇ ਜਾਨ-ਮਾਲ ਦੇ ਸੰਭਾਵੀ ਨੁਕਸਾਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ਹੁੰਦੀ ਹੈ।

ਇਨ੍ਹਾਂ ਹਾਲਤਾਂ ਵਿੱਚ ਜਹਾਜ਼ ਦਾ ਇੰਜਣ ਫੇਲ੍ਹ ਹੋਣਾ, ਖ਼ਰਾਬ ਮੌਸਮ, ਢਾਂਚਾਗਤ ਖ਼ਰਾਬੀ ਜਾਂ ਜਹਾਜ਼ ਵਿੱਚ ਡਾਕਟਰੀ ਐਮਰਜੈਂਸੀ ਸ਼ਾਮਲ ਹੋ ਸਕਦੀ ਹੈ।

ਕਿਵੇਂ ਕੰਮ ਕਰਦੀ ਹੈ ਮੇਅ ਡੇਅ ਕਾਲ

'ਮੇਅ ਡੇਅ ਕਾਲ' ਰੇਡੀਓ ਸੰਚਾਰਾਂ ਰਾਹੀਂ ਪ੍ਰਸਾਰਿਤ ਕੀਤੀ ਜਾਂਦੀ ਹੈ, ਜਿਸ ਨਾਲ ਪਾਇਲਟ ਜਾਂ ਮਲਾਹ ਹਵਾਈ ਆਵਾਜਾਈ ਨਿਯੰਤਰਣ (ਏਟੀਸੀ), ਸਮੁੰਦਰੀ ਅਧਿਕਾਰੀਆਂ, ਜਾਂ ਨੇੜਲੇ ਜਹਾਜ਼ਾਂ ਨੂੰ ਐਮਰਜੈਂਸੀ ਬਾਰੇ ਸੁਚੇਤ ਕਰ ਸਕਦੇ ਹਨ।

"ਮੇਅ ਡੇਅ" ਕਾਲ ਪ੍ਰਾਪਤ ਹੋਣ 'ਤੇ, ਹਵਾਈ ਆਵਾਜਾਈ ਕੰਟਰੋਲਰ, ਖੋਜ ਅਤੇ ਬਚਾਅ ਟੀਮਾਂ, ਅਤੇ ਹੋਰ ਸਬੰਧਤ ਅਧਿਕਾਰੀ ਬਚਾਅ ਯਤਨਾਂ ਦਾ ਤਾਲਮੇਲ ਕਰਨ ਅਤੇ ਸੰਕਟ ਵਿੱਚ ਫਸੇ ਜਹਾਜ਼ ਜਾਂ ਜਹਾਜ਼ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਨੂੰ ਤਰਜੀਹ ਦਿੰਦੇ ਹਨ।

ਜ਼ੋਖਮਾਂ ਨੂੰ ਘੱਟ ਕਰਨ ਅਤੇ ਜਹਾਜ਼ ਵਿੱਚ ਫਸੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਤੇਜ਼ ਅਤੇ ਤਾਲਮੇਲ ਵਾਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)