ਚਾਰ ਘੰਟੇ ਲਾਸ਼ ਨਾਲ ਬੈਠਾ ਰਿਹਾ ਜੋੜਾ, ਜਦੋਂ ਜਹਾਜ਼ ਵਿੱਚ ਕਿਸੀ ਦੀ ਮੌਤ ਹੋ ਜਾਵੇ ਤਾਂ ਕੀ ਹੁੰਦਾ ਹੈ

ਇੱਕ ਆਸਟ੍ਰੇਲੀਆਈ ਜੋੜੇ ਨੂੰ ਕਤਰ ਏਅਰਵੇਜ਼ ਦੀ ਉਡਾਣ ਵਿੱਚ ਇੱਕ ਹੋਰ ਯਾਤਰੀ ਦੀ ਮ੍ਰਿਤਕ ਦੇਹ ਕੋਲ ਬੈਠ ਕੇ ਯਾਤਰਾ ਕਰਨੀ ਪਈ। ਇਸ ਜੋੜੇ ਨੇ ਆਸਟ੍ਰੇਲੀਆ ਦੇ ਚੈਨਲ 9 ਨਾਲ ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਹੋਏ 'ਭਿਆਨਕ ਅਨੁਭਵ' ਨੂੰ ਸਾਂਝਾ ਕੀਤਾ।

ਮਿਸ਼ੇਲ ਰਿੰਗ ਅਤੇ ਜੈਨੀਫਰ ਕੋਲਿਨਜ਼ ਨੇ ਕਿਹਾ ਕਿ ਉਹ ਆਪਣੀ 'ਡ੍ਰੀਮ ਵੇਕੇਸ਼ਨ' ਲਈ ਵੇਨਿਸ ਜਾ ਰਹੇ ਸਨ।

ਇਸ ਦੌਰਾਨ, ਮੈਲਬਰਨ ਤੋਂ ਦੋਹਾ ਜਾ ਰਹੀ ਇੱਕ ਉਡਾਣ ਵਿੱਚ ਯਾਤਰਾ ਕਰਦੇ ਸਮੇਂ, ਨਾਲ ਲੱਗਦੀ ਕਤਾਰ ਵਿੱਚ ਇੱਕ ਸੀਟ 'ਤੇ ਬੈਠੀ ਔਰਤ ਦੀ ਮੌਤ ਹੋ ਗਈ।

ਜੋੜੇ ਦਾ ਕਹਿਣਾ ਹੈ ਕਿ ਕੈਬਿਨ ਕਰੂ ਨੇ ਔਰਤ ਦੀ ਲਾਸ਼ ਨੂੰ ਉੱਥੋਂ ਨਹੀਂ ਹਟਾਇਆ।

ਇਸ ਦੀ ਬਜਾਏ ਉਨ੍ਹਾਂ ਵੱਲੋਂ ਉਸ ਦੇਹ 'ਤੇ ਇੱਕ ਕੰਬਲ ਪਾ ਦਿੱਤਾ ਗਿਆ।

ਛੁੱਟੀ ਮਨਾਉਣ ਜਾ ਰਹੇ ਇਸ ਜੋੜੇ ਨੂੰ ਅਗਲੇ ਚਾਰ ਘੰਟੇ ਲਾਸ਼ ਦੇ ਨਾਲ ਯਾਤਰਾ ਕਰਨੀ ਪਈ।

ਉਨ੍ਹਾਂ ਦਾ ਕਹਿਣ ਹੈ ਕਿ ਬਹੁਤ ਸਾਰੀਆਂ ਸੀਟਾਂ ਖਾਲੀ ਹੋਣ ਦੇ ਬਾਵਜੂਦ ਵੀ ਕੈਬਿਨ ਕਰੂ ਨੇ ਉਨ੍ਹਾਂ ਨੂੰ ਕੋਈ ਹੋਰ ਸੀਟ ਨਹੀਂ ਦਿੱਤੀ।

ਕਤਰ ਏਅਰਵੇਜ਼ ਨੇ 'ਇਸ ਘਟਨਾ ਕਾਰਨ ਹੋਈ ਕਿਸੇ ਵੀ ਅਸੁਵਿਧਾ ਜਾਂ ਅਣਸੁਖਾਵੇਂ ਅਨੁਭਵ ਲਈ ਮੁਆਫੀ ਮੰਗੀ ਹੈ।'

ਏਅਰਵੇਜ਼ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਵਾਂ ਯਾਤਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਾਲਾਂਕਿ, ਜੋੜੇ ਨੇ ਕਿਹਾ ਕਿ ਨਾ ਤਾਂ ਕਤਰ ਏਅਰਵੇਜ਼ ਅਤੇ ਨਾ ਹੀ ਆਸਟ੍ਰੇਲੀਆ ਦੀ ਏਅਰਲਾਈਂਜ਼ ਕੁਆਂਟਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਇਸ ਜੋੜੇ ਨੇ ਕੁਆਂਟਸ ਰਾਹੀਂ ਕਤਰ ਏਅਰਵੇਜ਼ ਦੀਆਂ ਟਿਕਟਾਂ ਬੁੱਕ ਕੀਤੀਆਂ ਸਨ।

ਮਿਸ਼ੇਲ ਰਿੰਗ ਨੇ ਚੈਨਲ 9 ਦੇ 'ਦ ਕਰੰਟ ਅਫੇਅਰ' ਪ੍ਰੋਗਰਾਮ ਨੂੰ ਦੱਸਿਆ ਕਿ ਜਿਵੇਂ ਹੀ ਔਰਤ ਆਪਣੀ ਸੀਟ 'ਤੇ ਡਿੱਗੀ, ਏਅਰਲਾਈਨ ਦੇ ਸਟਾਫ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਉਨ੍ਹਾਂ ਨੇ ਕਿਹਾ, "ਇਹ ਦੇਖ ਕੇ ਦਿਲ ਦੁਖੀ ਹੋਇਆ।"

ਮਿਸ਼ੇਲ ਰਿੰਗ ਨੇ ਕਿਹਾ ਕਿ ਕੈਬਿਨ ਕਰੂ ਨੇ ਉਨ੍ਹਾਂ ਦੀ ਲਾਸ਼ ਨੂੰ ਬਿਜ਼ਨਸ ਕਲਾਸ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ।

ਰਿੰਗ ਨੇ ਕਿਹਾ ਕਿ ਇਸ ਦੌਰਾਨ ਚਾਲਕ ਦਲ ਨੇ ਦੇਖਿਆ ਕਿ ਉਨ੍ਹਾਂ ਦੇ ਨਾਲ ਵਾਲੀਆਂ ਸੀਟਾਂ ਖਾਲੀ ਸਨ।

"ਕੈਬਿਨ ਕਰੂ ਨੇ ਕਿਹਾ, ਕੀ ਤੁਸੀਂ ਥੋੜ੍ਹਾ ਅੱਗੇ ਵਧ ਸਕਦੇ ਹੋ। ਇਸ 'ਤੇ ਮੈਂ ਸਿਰਫ਼ ਕਿਹਾ - ਹਾਂ, ਕੋਈ ਗੱਲ ਨਹੀਂ। ਫਿਰ ਉਨ੍ਹਾਂ ਨੇ ਇਸ ਔਰਤ ਦੀ ਲਾਸ਼ ਉਸ ਸੀਟ 'ਤੇ ਰੱਖ ਦਿੱਤੀ ਜਿਸ 'ਤੇ ਮੈਂ ਬੈਠਾ ਸੀ।"

ਇਸ ਦੌਰਾਨ, ਉਨ੍ਹਾਂ ਦੀ ਪਤਨੀ ਕੋਲਿਨ ਉਨ੍ਹਾਂ ਦੇ ਨਾਲ ਵਾਲੀ ਸੀਟ 'ਤੇ ਬੈਠ ਗਈ। ਪਰ ਰਿੰਗ ਨੂੰ ਅਜਿਹੀ ਕੋਈ ਸੀਟ ਨਹੀਂ ਦਿੱਤੀ ਗਈ।

ਰਿੰਗ ਨੇ ਕਿਹਾ ਕਿ ਕੈਬਿਨ ਕਰੂ ਨੇ ਉਨ੍ਹਾਂ ਨੂੰ ਅਜਿਹਾ ਕੋਈ ਵਿਕਲਪ ਨਹੀਂ ਦਿੱਤਾ। ਜਦੋਂ ਕਿ ਜਹਾਜ਼ ਵਿੱਚ ਕੁਝ ਸੀਟਾਂ ਖਾਲੀ ਸਨ।

'ਦੇਖਭਾਲ ਦਾ ਫਰਜ਼'

ਜੋੜੇ ਨੇ ਕਿਹਾ ਕਿ ਅਜਿਹੇ ਮਾਮਲਿਆਂ ਲਈ ਸਟਾਫ ਅਤੇ ਯਾਤਰੀਆਂ ਲਈ 'ਦੇਖਭਾਲ ਦੀ ਡਿਊਟੀ' ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, "ਏਅਰਲਾਈਨਜ਼ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਕੀ ਸਾਨੂੰ ਕਿਸੇ ਮਦਦ ਦੀ ਲੋੜ ਹੈ।"

"ਕੀ ਤੁਹਾਨੂੰ ਕਾਊਂਸਲਿੰਗ ਦੀ ਲੋੜ ਹੈ?"

ਕੋਲਿਨ ਨੇ ਇਸ ਅਨੁਭਵ ਨੂੰ ਦੁਖਦਾਈ ਦੱਸਿਆ।

ਉਨ੍ਹਾਂ ਕਿਹਾ, "ਅਸੀਂ ਸਮਝਦੇ ਹਾਂ ਕਿ ਉਸ ਔਰਤ ਦੀ ਮੌਤ ਲਈ ਏਅਰਲਾਈਨਜ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪਰ ਅਜਿਹੀਆਂ ਘਟਨਾਵਾਂ ਤੋਂ ਬਾਅਦ, ਜਹਾਜ਼ ਵਿੱਚ ਯਾਤਰਾ ਕਰਨ ਵਾਲੇ ਸਾਥੀ ਯਾਤਰੀਆਂ ਦਾ ਧਿਆਨ ਰੱਖਣ ਲਈ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ ਹੈ।"

ਕਤਰ ਏਅਰਵੇਜ਼ ਨੇ ਇੱਕ ਬਿਆਨ ਜਾਰੀ ਕਰਕੇ ਏਅਰਲਾਈਨਜ਼ ਵਿੱਚ ਔਰਤ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਇਸ ਘਟਨਾ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਅਤੇ ਪਰੇਸ਼ਾਨੀ ਲਈ ਮੁਆਫ਼ੀ ਚਾਹੁੰਦੇ ਹਾਂ।"

"ਅਸੀਂ ਆਪਣੀਆਂ ਨੀਤੀਆਂ ਅਤੇ ਨਿਯਮਾਂ ਅਨੁਸਾਰ ਯਾਤਰੀਆਂ ਨਾਲ ਸੰਪਰਕ ਕਰਨ ਦੀ ਪ੍ਰਕਿਰਿਆ ਵਿੱਚ ਹਾਂ।"

ਕੁਆਂਟਸ ਦੇ ਬੁਲਾਰੇ ਨੇ ਕਿਹਾ, "ਜਹਾਜ਼ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਪ੍ਰਬੰਧਨ ਉਡਾਣ ਪ੍ਰਬੰਧਨ ਏਜੰਸੀ ਦੁਆਰਾ ਕੀਤਾ ਜਾਂਦਾ ਹੈ। ਇਸ ਮਾਮਲੇ ਵਿੱਚ, ਇਹ ਕਤਰ ਏਅਰਵੇਜ਼ ਦੀ ਜ਼ਿੰਮੇਵਾਰੀ ਸੀ।"

ਉਡਾਣ ਦੌਰਾਨ ਮੌਤਾਂ ਸੰਬੰਧੀ ਕੀ ਨਿਯਮ ਹਨ?

ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਨੇ ਉਡਾਣਾਂ ਦੌਰਾਨ ਹੋਣ ਵਾਲੀਆਂ ਮੌਤਾਂ ਸੰਬੰਧੀ ਇੱਕ ਪ੍ਰੋਟੋਕੋਲ ਬਣਾਇਆ ਹੈ।

ਆਈਏਟੀਏ ਦੇ ਅਨੁਸਾਰ -

  • ਜਿਵੇਂ ਹੀ ਕਿਸੇ ਦੀ ਮੌਤ ਹੁੰਦੀ ਹੈ, ਜਹਾਜ਼ ਦੇ ਕਪਤਾਨ ਨੂੰ ਤੁਰੰਤ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਕੰਪਨੀ ਪ੍ਰੋਟੋਕੋਲ ਦੇ ਅਨੁਸਾਰ ਇਸ ਬਾਰੇ ਉਸ ਹਵਾਈ ਅੱਡੇ ਨੂੰ ਸੂਚਿਤ ਕਰਨਾ ਪਵੇਗਾ ਜਿੱਥੇ ਫਲਾਈਟ ਨੇ ਪਹੁੰਚਣਾ ਹੈ।
  • ਵਿਅਕਤੀ ਨੂੰ ਉਸ ਸੀਟ 'ਤੇ ਲੈ ਜਾਇਆ ਜਾਵੇ ਜਿੱਥੇ ਉਸ ਦੇ ਆਲੇ-ਦੁਆਲੇ ਘੱਟ ਯਾਤਰੀ ਹੋਣ। ਜੇਕਰ ਜਹਾਜ਼ ਭਰਿਆ ਹੋਇਆ ਹੈ, ਤਾਂ ਵਿਅਕਤੀ ਨੂੰ ਉਸ ਦੀ ਸੀਟ 'ਤੇ ਵਾਪਸ ਬਿਠਾ ਦਿੱਤਾ ਜਾਵੇ।ਜਾਂ ਚਾਲਕ ਦਲ, ਆਪਣੀ ਮਰਜ਼ੀ ਨਾਲ, ਮ੍ਰਿਤਕ ਦੇਹ ਨੂੰ ਕਿਸੇ ਹੋਰ ਥਾਂ 'ਤੇ ਰੱਖ ਸਕਦਾ ਹੈ ਜਿਥੋਂ ਐਮਰਜੈਂਸੀ ਨਿਕਾਸ 'ਚ ਵਿਘਨ ਨਾ ਪਵੇ।
  • ਜੇਕਰ ਏਅਰਲਾਈਨ ਕੋਲ ਬਾਡੀ ਬੈਗ ਉਪਲਬਧ ਹਨ, ਤਾਂ ਬਾਡੀ ਨੂੰ ਉਸ ਵਿੱਚ ਪਾਇਆ ਜਾਵੇ । ਬਾਡੀ ਬੈਗ ਨੂੰ ਸਿਰਫ਼ ਗਰਦਨ ਤੱਕ ਜ਼ਿਪ ਕੀਤਾ ਜਾਵੇ।
  • ਦੇਹ ਨੂੰ ਸੀਟ ਬੈਲਟ ਜਾਂ ਹੋਰ ਉਪਕਰਣ ਨਾਲ ਕੰਟਰੋਲ ਵਿੱਚ ਰੱਖੋ।
  • ਜੇਕਰ ਬਾਡੀ ਬੈਗ ਉਪਲਬਧ ਨਹੀਂ ਹੈ ਤਾਂ ਲਾਸ਼ ਦੀਆਂ ਅੱਖਾਂ ਬੰਦ ਕਰੋ ਅਤੇ ਸਰੀਰ ਨੂੰ ਗਰਦਨ ਤੱਕ ਕੰਬਲ ਨਾਲ ਢੱਕੋ।
  • ਯਾਤਰਾ ਕੰਪਨੀ ਨਾਲ ਸੰਪਰਕ ਕਰੋ ਅਤੇ ਯਾਤਰੀ ਬਾਰੇ ਜਾਣਕਾਰੀ ਇਕੱਠੀ ਕਰੋ।
  • ਉਤਰਨ ਤੋਂ ਬਾਅਦ, ਪਹਿਲਾਂ ਦੂਜੇ ਯਾਤਰੀਆਂ ਨੂੰ ਉਤਾਰੋ ਅਤੇ ਇਹ ਯਕੀਨੀ ਬਣਾਓ ਕਿ ਪਰਿਵਾਰਕ ਮੈਂਬਰ ਲਾਸ਼ ਦੇ ਨਾਲ ਰਹਿਣ।
  • ਜਦੋਂ ਤੱਕ ਸਥਾਨਕ ਅਧਿਕਾਰੀ ਇਸਦੀ ਦੇਖਭਾਲ ਦਾ ਜ਼ਿੰਮਾ ਨਹੀਂ ਲੈ ਲੈਂਦੇ ਅਤੇ ਜ਼ਮੀਨੀ ਅਮਲੇ ਉਪਲਬਧ ਨਹੀਂ ਹੁੰਦੇ, ਉਦੋਂ ਤੱਕ ਲਾਸ਼ ਨੂੰ ਨਾ ਉਤਾਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)