ਪੰਜਾਬ: ਅਖ਼ਬਾਰ ਲੈ ਜਾ ਰਹੇ ਵਾਹਨਾਂ ਦੀ ਪੁਲਿਸ ਚੈਕਿੰਗ, ਵਿਰੋਧੀ ਧਿਰਾਂ ਨੇ ਕਿਹਾ 'ਮੀਡੀਆ 'ਤੇ ਹਮਲਾ', ਪੁਲਿਸ ਕੀ ਬੋਲੀ

ਪੰਜਾਬ ਵਿੱਚ ਕਈ ਥਾਵਾਂ 'ਤੇ ਪੁਲਿਸ ਵੱਲੋਂ ਅਖ਼ਬਾਰ ਲੈ ਜਾ ਰਹੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ

ਤਸਵੀਰ ਸਰੋਤ, Gurpreet Chawal/BBC

ਤਸਵੀਰ ਕੈਪਸ਼ਨ, ਪੰਜਾਬ ਵਿੱਚ ਕਈ ਥਾਵਾਂ 'ਤੇ ਪੁਲਿਸ ਵੱਲੋਂ ਅਖ਼ਬਾਰ ਲੈ ਜਾ ਰਹੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ

"ਮੈਂ ਕਈ ਸਾਲਾਂ ਤੋਂ ਅਖਬਾਰਾਂ ਦਾ ਕੰਮ ਕਰ ਰਿਹਾ ਹਾਂ, ਅਜਿਹੀ ਮੁਸ਼ਕਲ ਕਦੇ ਆਈ ਹੀ ਨਹੀਂ। ਇਥੋਂ ਤੱਕ ਜੇਕਰ ਅਖ਼ਬਾਰ ਲੈ ਕੇ ਆ ਰਹੀ ਗੱਡੀ ਖ਼ਰਾਬ ਵੀ ਹੋ ਜਾਵੇ, ਤਾਂ ਵੀ ਪ੍ਰੈਸ ਵਾਲੇ ਤੁਰੰਤ ਦੂਜੀ ਗੱਡੀ ਮੁਹੱਈਆ ਕਰਵਾ ਦਿੰਦੇ ਹਨ ਤਾਂ ਜੋ ਦੇਰੀ ਨਾ ਹੋਵੇ। ਸਵੇਰ ਤੋਂ ਗਾਹਕਾਂ ਵੱਲੋਂ ਵੀ ਲਗਾਤਾਰ ਫ਼ੋਨ ਆ ਰਹੇ ਸਨ ਕਿ ਅਜੇ ਤੱਕ ਅਖ਼ਬਾਰ ਕਿਉਂ ਨਹੀਂ ਆਈ।"

ਬਟਾਲੇ ਵਿੱਚ ਅਖ਼ਬਾਰ ਵੰਡਣ ਵਾਲੇ ਵਿਨੋਦ ਕੁਮਾਰ ਇਹਨਾਂ ਬੋਲਾਂ ਨਾਲ ਆਪਣਾ ਐਤਵਾਰ ਸਵੇਰ ਦਾ ਤਜਰਬਾ ਸਾਂਝਾ ਕਰਦੇ ਹਨ। ਉਹ ਕਹਿੰਦੇ ਹਨ ਕਿ ਉਹਨਾਂ ਕੋਲ 11 ਵੱਜੇ ਤੱਕ ਅਖ਼ਬਾਰ ਨਹੀਂ ਪਹੁੰਚੇ ਸਨ, 'ਜੋ ਰੋਜ਼ਾਨਾ ਸਵੇਰੇ 5:30 ਵੱਜੇ ਤੱਕ ਮਿਲ ਜਾਂਦੇ ਹਨ'।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਗੁਰਦਸਪੂਰ 'ਚ ਲੋਕ ਦੁਪਹਿਰ 12 ਵੱਜੇ ਤੱਕ ਅਖ਼ਬਾਰ ਦੀ ਉਡੀਕ ਕਰਦੇ ਰਹੇ।

ਨਵੰਬਰ 2 ਦੀ ਸਵੇਰੇ ਨੂੰ ਇਹ ਸਮੱਸਿਆ ਪੰਜਾਬ ਦੇ ਕਈ ਸ਼ਹਿਰਾਂ ਅਤੇ ਕਸਬਿਆਂ 'ਚ ਦੇਖਣ ਨੂੰ ਮਿਲੇ, ਜਿਸ ਦੇ ਮਗਰੋਂ ਸੂਬੇ ਵਿੱਚ ਸਿਆਸਤ ਗਰਮਾ ਗਈ।

ਜਾਣਕਾਰੀ ਮੁਤਾਬਕ ਅਖਬਾਰਾਂ ਦੇ ਸਹਿਰਾਂ ਵਿੱਚ ਦੇਰੀ ਨਾਲ ਪਹੁੰਚ ਦਾ ਕਾਰਨ ਸੀ ਅਖ਼ਬਾਰਾਂ ਵਾਲੀਆਂ ਗੱਡੀਆਂ ਦੀ ਪੰਜਾਬ ਪੁਲਿਸ ਵੱਲੋਂ ਚੈਕਿੰਗ ਕੀਤੇ ਜਾਣਾ।

ਪੰਜਾਬ ਦੇ ਕਈ ਸ਼ਹਿਰਾਂ 'ਚ ਲੋਕ ਦੁਪਹਿਰ 12 ਵੱਜੇ ਤੱਕ ਅਖ਼ਬਾਰ ਦੀ ਉਡੀਕ ਦੇ ਰਹੇ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਪੰਜਾਬ ਦੇ ਕਈ ਸ਼ਹਿਰਾਂ 'ਚ ਲੋਕ ਦੁਪਹਿਰ 12 ਵੱਜੇ ਤੱਕ ਅਖ਼ਬਾਰ ਦੀ ਉਡੀਕ ਕਰਦੇ ਰਹੇ।

ਦੂਜੇ ਪਾਸੇ ਪੰਜਾਬ ਵਿੱਚ ਵਿਰੋਧੀ ਧਿਰਾਂ ਦੇ ਆਗੂਆਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਸੂਬੇ ਵਿੱਚ 'ਪ੍ਰੈਸ ਦੀ ਆਜ਼ਾਦੀ ਉਪਰ ਹਮਲਾ' ਦੱਸਿਆ।

ਬੀਬੀਸੀ ਪੰਜਾਬੀ ਦੇ ਪੱਤਰਕਾਰ ਹਰਪਿੰਦਰ ਸਿੰਘ ਟੌਹੜਾ ਨਾਲ ਫੋਨ 'ਤੇ ਗੱਲ ਕਰਦੇ ਹੋਏ ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ, "ਖੁਫ਼ੀਆ ਸੂਚਨਾ ਮਿਲੀ ਸੀ ਕਿ ਕੁਝ ਅਖ਼ਬਾਰ ਵੰਡਣ ਵਾਲੀਆਂ ਗੱਡੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀਆਂ ਜਾ ਰਹੀਆਂ ਹਨ। ਇਸ ਕਰਕੇ ਕਈ ਗੱਡੀਆਂ ਨੂੰ ਇਸ ਮੁਹਿੰਮ ਦੌਰਾਨ ਰੋਕਿਆ ਗਿਆ, ਹਾਲਾਂਕਿ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ।"

ਪਠਾਨਕੋਟ ਤੋਂ ਭਾਜਪਾ ਵਿਧਾਇਕ ਅਤੇ ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਅਣ-ਐਲਾਨੀ ਐਮਰਜੈਂਸੀ' ਦੱਸਿਆ।

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਪਠਾਨਕੋਟ ਤੋਂ ਭਾਜਪਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਅਣ-ਐਲਾਨੀ ਐਮਰਜੈਂਸੀ' ਦੱਸਿਆ।

ਵਿਰੋਧੀ ਧਿਰ ਨੇ ਲਾਏ ਇਹ ਇਲਜ਼ਾਮ

ਭਾਵੇਂ ਕਿ ਦੁਪਹਿਰ ਨੂੰ ਅਖ਼ਬਾਰ ਵੰਡੇ ਗਏ, ਪਰ ਪੁਲਿਸ ਦੀ ਇਸ ਕਾਰਵਾਈ ਕਾਰਨ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵਿਰੋਧੀਆਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

ਪਠਾਨਕੋਟ ਤੋਂ ਭਾਜਪਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਅਣ-ਐਲਾਨੀ ਐਮਰਜੈਂਸੀ' ਦੱਸਿਆ।

ਇਸ ਬਾਰੇ ਆਪਣੇ ਐਕਸ ਅਕਾਊਂਟ 'ਤੇ ਉਨ੍ਹਾਂ ਨੇ ਲਿਖਿਆ, "ਅੱਜ ਸਵੇਰੇ ਪੁਲਿਸ ਨੇ ਅਖ਼ਬਾਰਾਂ ਦੀਆਂ ਗੱਡੀਆਂ ਰੋਕ ਕੇ ਬੰਡਲਾਂ ਦੀ ਤਲਾਸ਼ੀ ਲਈ, ਕਈ ਥਾਵਾਂ 'ਤੇ ਗੱਡੀਆਂ ਥਾਣਿਆਂ 'ਚ ਲੈ ਗਏ। ਸ਼ੀਸ਼ ਮਹਿਲ ਦੀਆਂ ਖ਼ਬਰਾਂ ਤੋਂ ਘਬਰਾਈ ਆਪ ਸਰਕਾਰ ਦਾ ਮੀਡੀਆ 'ਤੇ ਹਮਲਾ।"

ਉਨ੍ਹਾਂ ਨੇ ਅੱਗੇ ਲਿਖਿਆ, "ਬੰਡਲਾਂ 'ਚੋਂ ਅਖ਼ਬਾਰ ਪੜ੍ਹਨ ਤੋਂ ਬਾਅਦ ਹੀ ਅੱਗੇ ਜਾਣ ਦਿੱਤੀਆਂ ਗਈਆਂ। ਪੰਜਾਬ ਦੇ ਇਤਿਹਾਸ 'ਚ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਤੋਂ ਬਾਅਦ ਪਹਿਲੀ ਵਾਰ ਮੀਡੀਆ ਦਾ ਗਲਾ ਘੁਟਣ ਅਤੇ ਧਮਕਾਉਣ ਦੀ ਕੋਸ਼ਿਸ਼।"

ਅਸ਼ਵਨੀ ਸ਼ਰਮਾ

ਤਸਵੀਰ ਸਰੋਤ, X

ਕਾਂਗਰਸ ਆਗੂ ਪਰਗਟ ਸਿੰਘ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, ''ਇਹ ਪੰਜਾਬ ਵਿੱਚ ਪ੍ਰੈਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ।''

ਉਹਨਾਂ ਲਿਖਿਆ, ''ਭਗਵੰਤ ਮਾਨ ਸਰਕਾਰ ਨੇ ਅਖਬਾਰਾਂ ਲੈ ਜਾ ਰਹੇ ਵਾਹਨਾਂ 'ਤੇ ਛਾਪੇ ਮਾਰੇ ਅਤੇ ਸੂਬੇ ਭਰ ਵਿੱਚ ਅਖ਼ਬਾਰਾਂ ਦੀ ਵੰਡ ਨੂੰ ਰੋਕ ਦਿੱਤਾ ਤਾਂ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿੱਚ ਸਰਕਾਰੀ ਘਰ ਨੰਬਰ 50 ਵਿੱਚ ਠਹਿਰਨ ਦੀਆਂ ਖ਼ਬਰਾਂ ਜਨਤਾ ਤੱਕ ਨਾ ਪਹੁੰਚ ਸਕਣ।"

ਪਰਗਟ

ਤਸਵੀਰ ਸਰੋਤ, Pargat Singh/X

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦਿਆਂ ਕਿਹਾ, "ਅਸੀਂ ਮੀਡੀਆ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ। ਆਮ ਆਦਮੀ ਪਾਰਟੀ ਨੂੰ ਰੋਜ਼ਾਨਾ ਅਖ਼ਬਾਰਾਂ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰਕੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਵੇਂ ਕਿ ਉਨ੍ਹਾਂ ਨੇ ਅੱਜ ਕੀਤਾ ਹੈ।

ਉਨ੍ਹਾਂ ਨੇ ਅੱਗੇ ਲਿਖਿਆ, "ਅਸੀਂ ਸੱਚਾਈ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਅਜਿਹੇ ਤਾਨਾਸ਼ਾਹੀ ਕਦਮਾਂ ਦਾ ਵਿਰੋਧ ਕਰਾਂਗੇ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, X/officeofssbadal

ਪੰਜਾਬ ਪੁਲਿਸ ਨੇ ਕੀ ਕਿਹਾ ?

ਪੰਜਾਬ ਪੁਲਿਸ

ਤਸਵੀਰ ਸਰੋਤ, X/PargatSOfficial

ਤਸਵੀਰ ਕੈਪਸ਼ਨ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਖ਼ਾਸ ਖੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਗਈ।

ਪੰਜਾਬ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ 1 ਅਤੇ 2 ਨਵੰਬਰ 2025 ਦੀ ਦਰਮਿਆਨੀ ਰਾਤ ਨੂੰ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸੂਬੇ ਦੇ ਵੱਖ-ਵੱਖ ਹਿਸਿਆਂ ਵਿੱਚ ਸਮਾਨ ਢੋਣ ਵਾਲੇ ਵਾਹਨ, ਵਿਸ਼ੇਸ਼ਕਰ ਵਪਾਰਕ ਵਾਹਨਾਂ ਦੀ ਜਾਂਚ ਕੀਤੀ।

ਬੁਲਾਰੇ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿੱਥੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਡਰੋਨ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਕੇ ਅਤੇ ਵਾਹਨਾਂ ਰਾਹੀਂ ਉਨ੍ਹਾਂ ਨੂੰ ਪਹੁੰਚਾ ਕੇ ਭਾਰਤ ਵਿਰੁੱਧ 'ਪ੍ਰੌਕਸੀ ਯੁੱਧ' ਛੇੜਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਪੁਲਿਸ ਨੇ ਬਿਆਨ 'ਚ ਅੱਗੇ ਕਿਹਾ, "ਦੇਸ਼ ਵਿਰੋਧੀ ਤਾਕਤਾਂ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਨਵੇਂ ਤਰੀਕੇ ਅਪਣਾ ਰਹੀਆਂ ਹਨ, ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਉਨ੍ਹਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ, ਪੰਜਾਬ ਵਿੱਚ ਇੱਕ ਸਰਗਰਮ ਅਤੇ ਮਜ਼ਬੂਤ ​​ਅੰਦਰੂਨੀ ਸੁਰੱਖਿਆ ਗਰਿੱਡ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।"

ਪੰਜਾਬ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਆਪਣੇ ਨਾਗਰਿਕਾਂ ਅਤੇ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਮ ਸੁਰੱਖਿਆ ਉਪਾਅ ਇਸ ਤਰੀਕੇ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਜਨਤਾ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ।

ਚੰਡੀਗੜ੍ਹ ਪ੍ਰੈਸ ਕਲੱਬ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਡੀਗੜ੍ਹ ਪ੍ਰੈਸ ਕਲੱਬ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਖ਼ਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕਣ ਦੀ ਪੁਲਿਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਚੰਡੀਗੜ੍ਹ ਪ੍ਰੈਸ ਕਲੱਬ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਖ਼ਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕਣ ਦੀ ਪੁਲਿਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਐਤਵਾਰ ਨੂੰ, ਅਖਬਾਰਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਸਖ਼ਤ ਪੁਲਿਸ ਜਾਂਚ ਕਾਰਨ ਸੂਬੇ ਭਰ ਵਿੱਚ ਕਈ ਅਖ਼ਬਾਰਾਂ ਦੀ ਵੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਮਾਮਲਿਆਂ ਵਿੱਚ, ਅਖ਼ਬਾਰਾਂ ਦੀ ਵੰਡ ਕਰਨ ਵਾਲੇ ਵਾਹਨਾਂ ਨੂੰ ਪੁਲਿਸ ਥਾਣਿਆਂ ਵਿੱਚ ਲਿਜਾਣ ਦੀਆਂ ਰਿਪੋਰਟਾਂ ਹਨ, ਜਿਸ ਕਾਰਨ ਡਿਲੀਵਰੀ ਸਟਾਫ ਨੂੰ ਬੇਲੋੜਾ ਪਰੇਸ਼ਾਨ ਕੀਤਾ ਗਿਆ ਅਤੇ ਅਖ਼ਬਾਰਾਂ ਦੀ ਵੰਡ ਵਿੱਚ ਦੇਰੀ ਹੋਈ।ਅਜਿਹੀਆਂ ਕਾਰਵਾਈਆਂ ਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਅਤੇ ਸਰਕਾਰੀ ਮਸ਼ੀਨਰੀ ਰਾਹੀਂ ਜਾਣਕਾਰੀ ਦੇ ਸੁਤੰਤਰ ਪ੍ਰਵਾਹ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਹੈ।"

ਚੰਡੀਗੜ੍ਹ ਪ੍ਰੈਸ ਕਲੱਬ ਮੁਤਾਬਕ ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਤੋਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿੱਥੇ ਅਖ਼ਬਾਰਾਂ ਦੀ ਵੰਡ ਵਿੱਚ ਦੇਰੀ ਹੋਈ ਜਾਂ ਪੂਰੀ ਤਰ੍ਹਾਂ ਰੋਕ ਦਿੱਤੀ ਗਈ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)