ਭਾਰਤ ਵਿੱਚ ਵਿਦੇਸ਼ੀ ਸੈਲਾਨੀ ਨਾਲ ਗੈਂਗਰੇਪ ਹੋਣ ਦਾ ਕੀ ਹੈ ਪੂਰਾ ਮਾਮਲਾ

ਵਿਦੇਸ਼ੀ ਸੈਲਾਨੀ

ਤਸਵੀਰ ਸਰੋਤ, FACEBOOK

ਤਸਵੀਰ ਕੈਪਸ਼ਨ, ਵਿਦੇਸ਼ੀ ਸੈਲਾਨੀ ਦੇ ਨਾਲ ਸਮੂਹਿਕ ਬਲਾਤਕਾਰ ਦੀ ਇਸ ਘਟਨਾ ਨੇ ਝਾਰਖੰਡ ਦੇ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਪ੍ਰਬੰਧ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ
    • ਲੇਖਕ, ਰਵੀ ਪ੍ਰਕਾਸ਼
    • ਰੋਲ, ਬੀਬੀਸੀ ਸਹਿਯੋਗੀ

ਝਾਰਖੰਡ ਵਿੱਚ ਇੱਕ ਸਪੈਨਿਸ਼ ਸੈਲਾਨੀ ਦੇ ਨਾਲ ਕਥਿਤ ਤੌਰ ਉੱਤੇ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਝਾਰਖੰਡ ਦੇ ਡੀਜੀਪੀ ਅਜੈ ਕੁਮਾਰ ਸਿੰਘ ਦੇ ਮੁਤਾਬਕ, “ਇਸ ਘਟਨਾ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਜਲਦੀ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਜਾਵੇਗੀ।”

ਉੱਥੇ ਹੀ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਪੂਰੇ ਮਾਮਲੇ ਵਿੱਚ ਰਿਪੋਰਟ ਤਲਬ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਜਿਹੜੇ ਵੀ ਦੋਸ਼ੀ ਹੋਣਗੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਵਿਦੇਸ਼ੀ ਸੈਲਾਨੀ ਦੇ ਨਾਲ ਸਮੂਹਿਕ ਬਲਾਤਕਾਰ ਦੀ ਇਸ ਘਟਨਾ ਨੇ ਝਾਰਖੰਡ ਦੇ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਪ੍ਰਬੰਧ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ।

ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਜਾਣਕਾਰੀ

ਵਿਦੇਸ਼ੀ ਸੈਲਾਨੀ

ਤਸਵੀਰ ਸਰੋਤ, FACEBOOK

ਬ੍ਰਾਜ਼ੀਲ ਮੂਲ ਦੀ ਸਪੈਨਿਸ਼ ਨਾਗਰਿਕ ਹਿਆਨਾ ਅਤੇ ਉਨ੍ਹਾਂ ਦੇ ਪਤੀ ਜੋਹਨ (ਬਦਲਿਆ ਹੋਇਆ ਨਾਮ) ਨੇ ਇਸ ਘਟਨਾ ਬਾਰੇ ਜਾਣਕਾਰੀ ਦੋ ਮਾਰਚ ਨੂੰ ਸਵੇਰੇ ਇੰਸਟਾਗ੍ਰਾਮ ਦੇ ਸਟੇਟਸ ਵਿੱਚ ਲਿਖੀ ਸੀ।

ਇਹ ਉਨ੍ਹਾਂ ਦੋਵਾਂ ਦਾ ਸਾਂਝਾ ਅਕਾਊਂਟ ਹੈ। ਇਸ ਦੇ ਨਾਲ ਉਨ੍ਹਾਂ ਨੇ ਦੋ ਵੀਡੀਓ ਵੀ ਪੋਸਟ ਕੀਤੇ ਸਨ।

ਵੀਡੀਓ ਵਿੱਚ ਹਿਆਨਾ ਅਤੇ ਜੋਹਨ ਆਪਣੇ ਨਾਲ ਹੋਈ ਵਾਰਦਾਤ ਦੀ ਜਾਣਕਾਰੀ ਦੇ ਰਹੇ ਹਨ।

ਸਪੈਨਿਸ਼ ਭਾਸ਼ਾ ਵਿੱਚ ਰਿਕਾਰਡ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਬੀਬੀਸੀ

ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, “ਸਾਡੇ ਨਾਲ ਜੋ ਹੋਇਆ, ਅਸੀਂ ਨਹੀਂ ਚਾਹਾਂਗੇ ਕਿ ਅਜਿਹਾ ਕਿਸੇ ਦੇ ਨਾਲ ਹੋਵੇ, ਸੱਤ ਲੋਕਾਂ ਨੇ ਮੇਰਾ ਰੇਪ ਕੀਤਾ। ਉਨ੍ਹਾਂ ਲੋਕਾਂ ਨੇ ਸਾਨੂੰ ਕੁੱਟਿਆ ਅਤੇ ਲੁੱਟਮਾਰ ਵੀ ਕੀਤੀ। ਉਨ੍ਹਾਂ ਲੋਕਾਂ ਨੇ ਹੋਰ ਕੁਝ ਨਹੀਂ ਕੀਤਾ ਕਿਉਂਕਿ ਉਹ ਸਿਰਫ਼ ਮੇਰਾ ਬਲਾਤਕਾਰ ਕਰਨਾ ਚਾਹੁੰਦੇ ਸਨ। ਅਸੀਂ ਹਸਪਤਾਲ ਵਿੱਚ ਪੁਲਿਸ ਦੇ ਨਾਲ ਹਾਂ ਅਤੇ ਇਹ ਘਟਨਾ ਸਾਡੇ ਨਾਲ ਭਾਰਤ ਵਿੱਚ ਹੋਈ ਹੈ।”

ਇੱਕ ਹੋਰ ਵੀਡੀਓ ਵਿੱਚ ਜੋਹਨ ਕਹਿੰਦੇ ਹਨ, “ਮੇਰਾ ਚਿਹਰਾ ਖ਼ਰਾਬ ਹੋ ਚੁੱਕਾ ਹੈ, ਪਰ ਹਿਆਨਾ ਦੀ ਹਾਲਤ ਮੇਰੇ ਤੋਂ ਜ਼ਿਆਦਾ ਖ਼ਰਾਬ ਹੈ, ਉਨ੍ਹਾਂ ਲੋਕਾਂ ਨੇ ਮੈਨੂੰ ਹੈਲਮੈੱਟ ਨਾਲ ਕਈ ਵਾਰੀ ਮਾਰਿਆ, ਰੱਬ ਦਾ ਸ਼ੁਕਰ ਹੈ ਕਿਉਂਕਿ ਉਨ੍ਹਾਂ ਨੇ ਜੈਕਟ ਪਾਈ ਹੋਈ ਸੀ, ਇਸ ਲਈ ਉਸ ਨੂੰ ਥੋੜ੍ਹੀ ਘੱਟ ਸੱਟ ਲੱਗੀ।”

ਇਨ੍ਹਾਂ ਵੀਡੀਓਜ਼ ਵਿੱਚ ਦੋਵਾਂ ਦੇ ਚਿਹਰੇ ਉੱਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਦਿਖ ਰਹੇ ਹਨ। ਇਹ ਵੀਡੀਓ ਹਸਪਤਾਲ ਵਿੱਚ ਰਿਕਾਰਡ ਕੀਤਾ ਗਿਆ।

ਮੋਟਰਸਾਈਕਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਦੋਵਾਂ ਕੋਲ ਸਪੈਨਿਸ਼ ਪਾਸਪੋਰਟ

ਜੋਹਨ ਅਤੇ ਹਿਆਨਾ ਸਪੇਨ ਮੂਲ ਦੇ ਸੈਲਾਨੀ ਹਨ।

ਜੋਹਨ ਸਪੇਨ ਦੇ ਗ੍ਰੇਨਾਡਾ ਦੇ ਸਮੁੰਦਰੀ ਸ਼ਹਿਰ ਦੇ ਰਹਿਣ ਵਾਲੇ ਹਨ। ਹਿਆਨਾ ਦਾ ਪਿਛੋਕੜ ਬ੍ਰਾਜ਼ੀਲ ਦਾ ਹੈ ਪਰ ਉਸ ਨੇ ਸਪੇਨ ਦੀ ਨਾਗਰਿਕਤਾ ਲੈ ਲਈ ਹੈ।

ਦੋਵਾਂ ਕੋਲ ਸਪੈਨਿਸ਼ ਪਾਸਪੋਰਟ ਹਨ।

ਉਨ੍ਹਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ, ਮੋਟਰਸਾਈਕਲ 'ਤੇ ਦੁਨੀਆ ਦੀ ਸੈਰ ਕਰਨ ਲਈ ਨਿਕਲੇ ਇਹ ਪਤੀ-ਪਤਨੀ ਜੋੜੇ ਨੇ ਪਿਛਲੇ ਪੰਜ ਸਾਲਾਂ 'ਚ ਆਪਣੇ ਮੋਟਰਸਾਈਕਲ 'ਤੇ 66 ਦੇਸ਼ਾਂ ਦੀ ਸੈਰ ਕੀਤੀ ਹੈ ਅਤੇ 1,70,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।

ਭਾਰਤ ਤੋਂ ਬਾਅਦ ਉਹ ਨੇਪਾਲ ਦੇ ਰਸਤੇ ਆਸਟ੍ਰੇਲੀਆ ਜਾ ਰਹੇ ਸਨ। ਦੋਵੇਂ ਆਪਣੇ ਦੋ ਵੱਖ-ਵੱਖ ਮੋਟਰਸਾਈਕਲਾਂ 'ਤੇ ਇਕੱਠੇ ਸਫ਼ਰ ਕਰਦੇ ਹਨ।

ਆਪਣੀ ਯਾਤਰਾ ਦੌਰਾਨ ਜੋਹਨ ਅਤੇ ਹਿਆਨਾ ਈਰਾਨ, ਇਰਾਕ, ਤੁਰਕੀ, ਸ਼੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਸਾਊਦੀ ਅਰਬ, ਜਾਰਡਨ, ਇਟਲੀ, ਜੌਰਜੀਆ ਅਤੇ ਅਫਗਾਨਿਸਤਾਨ ਤੋਂ ਲੰਘੇ।

ਇਹ ਜੋੜਾ ਪਿਛਲੇ ਛੇ ਮਹੀਨਿਆਂ ਤੋਂ ਭਾਰਤ ਵਿੱਚ ਸੀ। ਝਾਰਖੰਡ ਆਉਣ ਤੋਂ ਪਹਿਲਾਂ ਉਹ ਦੱਖਣੀ ਭਾਰਤ, ਕਸ਼ਮੀਰ, ਲੱਦਾਖ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰ ਚੁੱਕੇ ਹਨ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ ਫੌਲੋਅਰਜ਼ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਇਲਾਵਾ ਯੂਟਿਊਬ 'ਤੇ ਵੀ ਉਨ੍ਹਾਂ ਦਾ ਅਕਾਊਂਟ ਅਤੇ ਚੈਨਲ ਹੈ।

ਝਾਰਖੰਡ ਵਿੱਚ ਕੀ ਹੋਇਆ?

ਝਾਰਖੰਡ

ਤਸਵੀਰ ਸਰੋਤ, RAVI PRAKASH /BBC

ਤਸਵੀਰ ਕੈਪਸ਼ਨ, ਇਸ ਦੌਰਾਨ ਹਿਆਨਾ ਅਤੇ ਜੋਹਨ ਨਾਲ ਮਾਰਕੁੱਟ ਕੀਤੀ ਗਈ। ਹਿਆਨਾ ਦੇ ਨਾਲ ਕਥਿਤ ਤੌਰ ਉੱਤੇ ਜਬਰ-ਜਨਾਹ ਕਰਕੇ ਇਹ ਮੁੰਡੇ ਉੱਥੋਂ ਫ਼ਰਾਰ ਹੋ ਗਏ।

ਹਿਆਨਾ ਅਤੇ ਜੋਹਨ ਆਪਣੇ ਵੱਖਰੇ-ਵੱਖਰੇ ਮੋਟਰਸਾਈਕਲ ਰਾਹੀਂ ਝਾਰਖੰਡ ਦੇ ਰਸਤੇ ਭਾਗਲਪੁਰ ਦੇ ਵੱਲ ਜਾ ਰਹੇ ਸਨ। ਉਨ੍ਹਾਂ ਦੀ ਯੋਜਨਾ ਬਿਹਾਰ ਦੇ ਰਸਤੇ ਨੇਪਾਲ ਜਾਣ ਦੀ ਸੀ। ਇਹ ਦੋਵੇਂ ਸੈਲਾਨੀ ਵੀਜ਼ਾ ਉੱਤੇ ਭਾਰਤ ਵਿੱਚ ਘੁੰਮ ਰਹੇ ਸਨ।

1 ਮਾਰਚ ਦੀ ਰਾਤ ਇਹ ਦੁਮਕਾ ਜ਼ਿਲ਼੍ਹੇ ਦੇ ਛੋਟੇ ਜਿਹੇ ਪਿੰਡ ਕੁਰਮਾਹਟ (ਕੁੰਜੀ) ਵਿੱਚ ਸੜਕ ਤੋਂ ਥੋੜ੍ਹੀ ਦੂਰ ਇੱਕ ਟੈਂਟ ਲਾ ਕੇ ਸੁੱਤੇ ਸਨ।

ਉਦੋਂ ਹੀ ਕੁਝ ਮੁੰਡੇ ਉੱਥੇ ਪਹੁੰਚੇ, ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਨੂੰ ਉੱਥੇ ਬੁਲਾ ਲਿਆ। ਉਹ ਲੋਕ ਟੈਂਟ ਵਿੱਚ ਵੜ ਗਏ ਅਤੇ ਉਨ੍ਹਾਂ ਨੇ ਹਿਆਨਾ ਨੂੰ ਬੰਦੀ ਬਣਾ ਲਿਆ।

ਇਸ ਦੌਰਾਨ ਹਿਆਨਾ ਅਤੇ ਜੋਹਨ ਨਾਲ ਮਾਰਕੁੱਟ ਕੀਤੀ ਗਈ। ਹਿਆਨਾ ਦੇ ਨਾਲ ਕਥਿਤ ਤੌਰ ਉੱਤੇ ਜਬਰ-ਜਨਾਹ ਕਰਕੇ ਇਹ ਮੁੰਡੇ ਉੱਥੋਂ ਫ਼ਰਾਰ ਹੋ ਗਏ।

ਇਸ ਦੌਰਾਨ ਉਨ੍ਹਾਂ ਕੋਲੋਂ ਕੀਮਤੀ ਵਸਤਾਂ ਲੁੱਟ ਲਈਆਂ ਗਈਆਂ।

ਇਸ ਘਟਨਾ ਮਗਰੋਂ ਬੁਰੀ ਤਰ੍ਹਾਂ ਨਾਲ ਡਰੇ ਜੋਹਨ ਅਤੇ ਹਿਆਨਾ ਆਪਣਾ ਸਮਾਨ ਲੈ ਕੇ ਸੜਕ ਉੱਤੇ ਆ ਗਏ।

ਗਸ਼ਤ ਉੱਤੇ ਨਿਕਲੀ ਹੰਸਡੀਹਾ ਥਾਣੇ ਦੀ ਪੁਲਿਸ ਨੇ ਰਾਤ ਨੂੰ 10:30 ਵਜੇ ਬੁਰੀ ਹਾਲਤ ਵਿੱਚ ਇਨ੍ਹਾਂ ਦੋਵਾਂ ਨੂੰ ਦੇਖਿਆ ਅਤੇ ਪੁੱਛਗਿੱਛ ਕੀਤੀ।

ਜਦੋਂ ਪੁਲਿਸ ਉਨ੍ਹਾਂ ਨੂੰ ਲੈ ਕੇ ਸਰੈਯਾਹਾਟ ਹਸਪਤਾਲ ਪਹੁੰਚੀ ਉਦੋਂ ਉਨ੍ਹਾਂ ਨੂੰ ਹਿਆਨਾ ਦੇ ਨਾਲ ਸਮੂਹਿਕ ਜਬਰ ਜਨਾਹ ਅਤੇ ਲੁੱਟ ਦੀ ਪੂਰੀ ਜਾਣਕਾਰੀ ਮਿਲੀ।

ਗੱਲ ਕਰਨ ਵਿੱਚ ਮੁਸ਼ਕਲ

ਹੰਸਡੀਹਾ ਪੁਲਿਸ

ਤਸਵੀਰ ਸਰੋਤ, RAVI PRAKASH /BBC

ਦੁਮਕਾ ਦੇ ਐੱਸਪੀ ਪੀਤਾਂਬਰ ਸਿੰਘ ਖੇਰਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਹੰਸਡੀਹਾ ਪੁਲਿਸ ਉਨ੍ਹਾਂ ਦੀ ਹਾਲਤ ਦੇਖ ਕੇ ਇਹ ਸਮਝ ਗਈ ਸੀ ਕਿ ਉਨ੍ਹਾਂ ਦੇ ਨਾਲ ਕੁਝ ਗ਼ਲਤ ਹੋਇਆ ਹੈ।

ਪਰ ਭਾਸ਼ਾ ਦੀਆਂ ਮੁਸ਼ਕਲਾਂ ਦੇ ਕਾਰਨ ਉਨ੍ਹਾਂ ਨਾਲ ਸਿੱਧੀ ਗੱਲਬਾਤ ਨਹੀਂ ਹੋ ਸਕੀ।

ਐੱਸਪੀ ਪੀਤਾਂਬਰ ਸਿੰਘ ਖੇਰਵਾਰ ਨੇ ਬੀਬੀਸੀ ਨੂੰ ਦੱਸਿਆ, ਉਹ ਲੋਕ ਸਿਰਫ਼ ਸਪੈਨਿਸ਼ ਬੋਲ ਰਹੇ ਸਨ ਉਨ੍ਹਾਂ ਦੀ ਅੰਗਰੇਜ਼ੀ ਵੀ ਟੁੱਟੀ ਫੁੱਟੀ ਸੀ ਸਾਡੀ ਪੁਲਿਸ ਹਿੰਦੀ ਵਿੱਚ ਉਨ੍ਹਾਂ ਨਾਲ ਗੱਲ ਕਰ ਰਹੀ ਸੀ। ਇਸ ਲਈ ਸ਼ੁਰੂਆਤੀ ਦੌਰ ਵਿੱਚ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦੇ ਨਾਲ ਕੀ ਹੋਇਆ ਹੈ।

ਉਹ ਦੱਸਦੇ ਹਨ, ਹਸਪਤਾਲ ਵਿੱਚ ਪਹੁੰਚਣ ਤੋਂ ਬਾਅਦ ਗੂਗਲ ਟ੍ਰਾਂਸਲੇਟਰ ਦੀ ਵਰਤੋਂ ਨਾਲ ਉਨ੍ਹਾਂ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ।

ਉਨ੍ਹਾਂ ਅੱਗੇ ਦੱਸਿਆ, "ਸੈਲਾਨੀਆਂ ਨੇ ਅਪਰਾਧੀਆਂ ਦਾ ਹੂਲੀਆ ਦੱਸਿਆ, ਅੱਧੀ ਰਾਤ ਮਗਰੋਂ ਪੂਰੀ ਘਟਨਾ ਦੀ ਜਾਣਕਾਰੀ ਮੈਨੂੰ ਮਿਲੀ ਅਤੇ ਮੈਂ ਮੌਕੇ ਉੱਤੇ ਪਹੁੰਚਿਆ, ਪੁਲਿਸ ਨੇ ਰਾਤ ਨੂੰ ਹੀ ਕੁਝ ਮੁਲਜ਼ਮਾਂ ਨੂੰ ਫੜ ਲਿਆ।"

ਉਹ ਦੱਸਦੇ ਹਨ, "ਪੁੱਛਗਿੱਛ ਦੌਰਾਨ ਉਨ੍ਹਾਂ ਨੇ ਇਸ ਘਟਨਾ ਵਿੱਚ ਸ਼ਮੂਲੀਅਤ ਦੀ ਗੱਲ ਮੰਨੀ ਅਤੇ ਆਪਣੇ ਦੂਜੇ ਸਾਥੀਆਂ ਦੇ ਨਾਮ ਵੀ ਦੱਸੇ, ਅਸੀਂ ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਆਪ੍ਰੇਸ਼ਨ ਚਲਾ ਰਹੇ ਹਾਂ। ਸਾਡੀਆਂ ਕਈ ਟੀਮਾਂ ਇਸ ਵਿੱਚ ਲੱਗੀਆਂ ਹਨ।"

ਉਨ੍ਹਾਂ ਦੱਸਿਆ, "ਅਸੀਂ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ, ਇਹ ਮਾਮਲੇ ਵਿਦੇਸ਼ੀ ਸੈਲਾਨੀਆਂ ਨਾਲ ਜੁੜਿਆ ਹੋਇਆ ਹੈ।"

ਉਨ੍ਹਾਂ ਦੱਸਿਆ, "ਅਸੀਂ ਜਾਂਚ ਦੇ ਦੌਰਾਨ ਕੌਮਾਂਤਰੀ ਪ੍ਰੋਟੋਕੋਲ(ਨਿਯਮਾਂ) ਦਾ ਵੀ ਪਾਲਣ ਕਰ ਰਹੇ ਹਾਂ। ਪੀੜਤਾਂ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ, ਉਨ੍ਹਾਂ ਨੂੰ ਦੁਮਕਾ ਵਿਖੇ ਲਿਆ ਕੇ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਤਾਂ ਕਿ ਅੱਗੇ ਦੀ ਕਾਰਵਾਈ ਪੂਰੀ ਕੀਤੀ ਜਾ ਸਕੇ।"

ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਪੈਨਿਸ਼ ਸੈਲਾਨੀ ਦਾ ਬਿਆਨ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 1964 ਦੇ ਤਹਿਤ ਦਰਜ ਕਰ ਲਿਆ ਗਿਆ ਹੈ।

ਐੱਸਪੀ ਦੇ ਮੁਤਾਬਕ ਸਥਾਨਕ ਪੁਲਿਸ ਦੇ ਕੋਲ ਵਿਦੇਸ਼ੀ ਸੈਲਾਨੀਆਂ ਦੇ ਦੁਮਕਾ ਵਿਖੇ ਆਉਣ ਅਤੇ ਕੈਂਪ ਲਾਉਣ ਦੀ ਕੋਈ ਸੂਚਨਾ ਨਹੀਂ ਸੀ।

ਪੁਲਿਸ

ਤਸਵੀਰ ਸਰੋਤ, ANI/X

ਵਿਧਾਨ ਸਭਾ ਵਿੱਚ ਉੱਠੀ ਗੱਲ

ਭਾਜਪਾ ਵਿਧਾਇਕ ਅਮਿਤ ਮੰਡਲ ਨੇ ਝਾਰਖੰਡ ਵਿਧਾਨ ਸਭਾ ਵਿੱਚ ਇਹ ਮਾਮਲਾ ਚੁੱਕਿਆ ਅਤੇ ਇਸ ਵਿੱਚ ਪੁਲਿਸ ਨੇ ਕਾਰਵਾਈ ਦੀ ਮੰਗ ਕੀਤੀ।

ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸੂਬਾ ਸਰਕਾਰ ਅੱਗੇ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਕਿਹਾ, "ਝਾਰਖੰਡ ਵਿੱਚ ਅਪਰਾਧੀਆਂ ਦਾ ਹੌਂਸਲਾ ਵਧਿਆ ਹੋਇਆ ਹੈ, ਇਸ ਘਟਨਾ ਨਾਲ ਦੇਸ਼ ਦਾ ਅਕਸ ਧੁੰਦਲੀ ਹੋ ਰਹੀ ਹੈ, ਅਤੇ ਇਸ ਦੇ ਲਈ ਝਾਰਖੰਡ ਸਰਕਾਰ ਜ਼ਿੰਮੇਵਾਰ ਹੈ।"

ਕਾਂਗਰਸ ਵਿਧਾਇਕ ਦੀਪਿਕਾ ਪਾਂਡੇ ਸਿੰਘ ਨੇ ਵੀ ਇਸ ਨੂੰ ਸ਼ਰਮਨਾਕ ਘਟਨਾ ਕਿਹਾ ਹੈ।

ਉਨ੍ਹਾਂ ਨੇ ਕਿਹਾ, "ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਬਾਕੀ ਅਪਰਾਧੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗ, ਅਸੀਂ ਮੁੱਖ ਮੰਤਰੀ ਕੋੋਲੋਂ ਇਹ ਮੰਗ ਕੀਤੀ ਹੈ ਕਿ ਅਪਰਾਧੀਆਂ ਨੂੰ ਛੇਤੀ ਸਜ਼ਾ ਦਿਵਾਉਣ ਦੇ ਲਈ ਫਾਸਟ ਟ੍ਰੈਕ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਕੀਤੀ ਜਾਵੇ।"

ਬਾਬੂਲਾਲ ਮਰਾਂਡੀ

ਤਸਵੀਰ ਸਰੋਤ, Babulal Marandi/X

ਸਪੈਨਿਸ਼ ਦੂਤਘਰ ਨੂੰ ਜਾਣਕਾਰੀ

ਸਪੈਨਿਸ਼ ਨਾਗਰਿਕਾਂ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਭਾਰਤ ਵਿੱਚ ਮੌਜੂਦ ਸਪੇਨ ਦੇ ਦੂਤਘਰ ਦੇ ਅਧਿਕਾਰੀਆਂ ਨੇ ਝਾਰਖੰਡ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।

ਮੀਡੀਆ ਰਿਪੋਰਟ ਦੇ ਮੁਤਾਬਕ ਦੂਤਘਰ ਦੇ ਇੱਕ ਅਧਿਕਾਰੀ ਨੇ ਦੁਮਕਾ ਜਾ ਕੇ ਪੀੜਤਾ ਨਾਲ ਗੱਲ ਕਰਨਗੇ ਅਤੇ ਪੂਰੇ ਮਾਲੇ ਦੀ ਜਾਣਕਾਰੀ ਲੈਣਗੇ।

ਝਾਰਖੰਡ ਵਿੱਚ ਹਰ ਦਿਨ 4 ਤੋਂ ਵੱਧ ਔਰਤਾਂ ਨਾਲ ਜਬਰ-ਜਨਾਹ

ਔਰਤਾਂ ਦੇ ਖ਼ਿਲਾਫ਼ ਹਿੰਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਝਾਰਖੰਡ ਵਿੱਚ ਔਰਤਾਂ ਦੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ

ਝਾਰਖੰਡ ਵਿੱਚ ਔਰਤਾਂ ਦੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।

ਝਾਰਖੰਡ ਪੁਲਿਸ ਦੀ ਵੈੱਬਸਾਈਟ ਦੇ ਮੁਤਾਬਕ ਸੂਬੇ ਵਿੱਚ ਹਰ ਦਿਨ ਔਸਤਨ ਚਾਰ ਤੋਂ ਵੱਧ ਔਰਤਾਂ ਨਾਲ ਬਲਾਤਾਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ।

ਪਿਛਲੇ 9 ਸਾਲ ਦੇ ਦੌਰਾਨ ਝਾਰਖੰਡ ਵਿੱਚ ਬਲਾਤਕਾਰ ਦੀਆਂ ਕੁੱਲ 13,533 ਘਟਨਾਵਾਂ ਦਰਜ ਕਰਵਾਈਆਂ ਗਈਆਂ ਹਨ।ਇਨ੍ਹਾਂ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਸਜ਼ਾ ਮਿਲਣ ਦੇ ਮਾਮਲੇ ਵੀ ਇੰਨੇ ਨਹੀਂ ਹਨ।

ਝਾਰਖੰਡ ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਸਾਲ 2015 ਤੋਂ 2023 ਦੇ ਵਿੱਚ ਸੂਬਾ ਸਰਕਾਰ ਵਿੱਚ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੀਆਂ ਕੁੱਲ 13,533 ਘਟਨਾਵਾਂ ਦਰਜ ਕਰਵਾਈਆਂ ਗਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)