You’re viewing a text-only version of this website that uses less data. View the main version of the website including all images and videos.
ਕੌਣ ਹਨ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਵਨੀਤ ਚਤੁਰਵੇਦੀ, ਇਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਆਹਮੋ-ਸਾਹਮਣੇ ਕਿਉਂ ਹੋਈ ਸੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੀਡੀਆ ਅਤੇ ਆਮ ਲੋਕਾਂ ਵਿੱਚ ਨਵਨੀਤ ਚਤੁਰਵੇਦੀ ਦਾ ਨਾਮ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ। ਮੂਲ ਰੂਪ ਵਿੱਚ ਰਾਜਸਥਾਨ ਵਾਸੀ ਨਵਨੀਤ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਰੂਪਨਗਰ ਅਦਾਲਤ ਨੇ ਸੱਤ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 23 ਅਕਤੂਬਰ ਨੂੰ ਹੋਵੇਗੀ।
ਪੂਰਾ ਮਾਮਲਾ ਪੰਜਾਬ ਤੋਂ ਖ਼ਾਲੀ ਹੋਈ ਰਾਜ ਸਭਾ ਸੀਟ ਦੀ 24 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਨਾਲ ਜੁੜਿਆ ਹੋਇਆ ਹੈ ਅਤੇ ਨਵਨੀਤ ਚਤੁਰਵੇਦੀ ਨੇ ਇਸ ਲਈ ਆਪਣਾ ਨੋਮੀਨੇਸ਼ਨ ਪੰਜਾਬ ਵਿਧਾਨ ਸਭਾ ਵਿੱਚ ਜਮਾਂ ਕਰਵਾਇਆ ਸੀ, ਪਰ ਕਾਗ਼ਜ਼ਾਤਾਂ ਵਿੱਚ ਕਮੀਆਂ ਰਹਿਣ ਕਾਰਨ ਉਨ੍ਹਾਂ ਦੇ ਪੇਪਰ ਰੱਦ ਹੋ ਚੁੱਕੇ ਹਨ।
ਨਵਨੀਤ ਚਤੁਰਵੇਦੀ ਨੇ ਰਾਜ ਸਭਾ ਉਮੀਦਵਾਰ ਵਜੋਂ ਜੋ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸੀ, ਉਸ ਵਿੱਚ ਉਸ ਨੇ ਕਥਿਤ ਤੌਰ ਉੱਤੇ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਹਸਤਾਖ਼ਰ ਨੂੰ ਪ੍ਰਸਤਾਵਕ ਵਜੋਂ ਸ਼ਾਮਲ ਕੀਤਾ ਸੀ, ਜਿਸ ਨੂੰ ਇੱਕ ਵਿਧਾਇਕ ਨੇ ਫ਼ਰਜ਼ੀ ਕਰਾਰ ਦਿੱਤਾ ਅਤੇ ਇਸ ਖ਼ਿਲਾਫ਼ ਬਕਾਇਦਾ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ।
ਕਾਗ਼ਜ਼ਾਂ ਦੀ ਪੜਤਲ ਮੌਕੇ ਤਜਵੀਜ਼ ਕਰਨ ਵਾਲੇ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਪਾਏ ਗਏ। ਇਸੇ ਆਧਾਰ 'ਤੇ ਚਤੁਰਵੇਦੀ ਦੇ ਕਾਗ਼ਜ਼ ਵਿਧਾਨ ਸਭਾ ਸਕੱਤਰੇਤ ਵੱਲੋਂ ਰੱਦ ਕਰ ਦਿੱਤੇ ਗਏ।
ਫ਼ਰਜ਼ੀ ਹਸਤਾਖ਼ਰ ਦੀ ਸ਼ਿਕਾਇਤ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਜਿਸ ਤੋਂ ਬਾਅਦ ਰੋਪੜ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੀ ਹੈ ਪੂਰਾ ਮਾਮਲਾ
ਰਾਜ ਸਭਾ ਦੀ ਉਪ ਚੋਣ 'ਚ ਨਿੱਤਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੰਜਾਬ ਪੁਲਿਸ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪਈ। ਅਸਲ ਵਿੱਚ ਨਵਨੀਤ ਚਤੁਰਵੇਦੀ ਨੇ ਚੰਡੀਗੜ ਪੁਲਿਸ ਤੋਂ ਲਿਖਤੀ ਤੌਰ ਉੱਤੇ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ, ਇਸ ਕਰ ਕੇ ਉਨ੍ਹਾਂ ਦੀ ਪ੍ਰੋਟੈਕਸ਼ਨ ਚੰਡੀਗੜ ਪੁਲਿਸ ਕਰ ਰਹੀ ਸੀ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸ਼ਿਕਾਇਤ 'ਤੇ 13 ਅਕਤੂਬਰ ਨੂੰ ਰੋਪੜ, ਮੋਗਾ, ਲੁਧਿਆਣਾ ਤੇ ਸਰਦੂਲਗੜ੍ਹ ਦੇ ਥਾਣਿਆਂ 'ਚ ਪਹਿਲਾਂ ਹੀ ਕੇਸ ਦਰਜ ਹੋ ਗਿਆ ਸੀ। ਰੋਪੜ ਪੁਲੀਸ ਬੀਤੇ ਦਿਨੀਂ ਚਤੁਰਵੇਦੀ ਦੇ ਗ੍ਰਿਫ਼ਤਾਰੀ ਵਾਰੰਟ ਲੈ ਕੇ ਜਦੋਂ ਚੰਡੀਗੜ੍ਹ ਪਹੁੰਚੀ ਤਾਂ ਚੰਡੀਗੜ੍ਹ ਪੁਲੀਸ ਨੇ ਉਸ ਦੀ ਹਿਫ਼ਾਜ਼ਤ ਕੀਤੀ ਅਤੇ ਪੰਜਾਬ ਨੂੰ ਨਵਨੀਤ ਦੀ ਕਸਟੱਡੀ ਨਹੀਂ ਮਿਲੀ।
ਇਸ ਤੋਂ ਬਾਅਦ ਪੰਜਾਬ ਪੁਲਿਸ, ਰੂਪਨਗਰ ਅਦਾਲਤ ਪਹੁੰਚੀ ਅਤੇ ਅਦਾਲਤ ਨੂੰ ਦੱਸਿਆ ਕਿ ਅਦਾਲਤੀ ਹੁਕਮਾਂ ਦੀ ਤਾਮੀਲ ਨਹੀਂ ਹੋ ਸਕੀ।
ਰੂਪਨਗਰ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਖਵਿੰਦਰ ਸਿੰਘ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਨਾ ਯਕੀਨੀ ਬਣਾਉਣ, ਜਿਸ ਤੋਂ ਬਾਅਦ ਬੁੱਧਵਾਰ ਦੇਰ ਰਾਤ ਰੋਪੜ ਪੁਲੀਸ ਨੇ ਗ੍ਰਿਫ਼ਤਾਰੀ ਵਰੰਟਾਂ ਦੇ ਆਧਾਰ 'ਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਵਿੱਚ ਰੂਪਨਗਰ ਦੀ ਜ਼ਿਲ੍ਹਾ ਅਦਾਲਤ ਨੇ ਚੰਡੀਗੜ੍ਹ ਪੁਲਿਸ ਤੋਂ ਨਵਨੀਤ ਚਤੁਰਵੇਦੀ ਮਾਮਲੇ 'ਤੇ ਚਾਰ ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਵੀ ਮੰਗਿਆ ਹੈ।
ਅਦਾਲਤ ਦੇ ਅੱਠ ਪੰਨਿਆਂ ਦੇ ਹੁਕਮਾਂ 'ਚ ਚੰਡੀਗੜ੍ਹ ਦੇ ਸੈਕਟਰ-3 ਦੇ ਐੱਸਐੱਚਓ ਨਰਿੰਦਰ ਪਟਿਆਲ ਨੂੰ ਵੀ ਸਪੱਸ਼ਟੀਕਰਨ ਪੇਸ਼ ਕਰਨ ਲਈ ਕਿਹਾ ਹੈ ਕਿ 'ਕਿਸ ਕਾਨੂੰਨ ਤਹਿਤ ਨਵਨੀਤ ਨੂੰ ਆਪਣੀ ਹਿਰਾਸਤ ਵਿਚ ਰੱਖਿਆ।'
ਅਦਾਲਤ ਨੇ ਚੰਡੀਗੜ੍ਹ ਪੁਲੀਸ ਨੂੰ ਇਹ ਵੀ ਕਿਹਾ ਹੈ ਕਿ ਜੇ ਉਹ ਜਵਾਬ ਦਾਖ਼ਲ ਨਹੀਂ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਰੋਪੜ ਵਿੱਚ ਹੋਈ ਐੱਫਆਈਆਰ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਖ਼ਿਲਾਫ਼ ਨਵਨੀਤ ਚਤੁਰਵੇਦੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਪਹੁੰਚ ਕੀਤੀ।
ਮਾਮਲਾ ਹਾਈਕੋਰਟ ਵਿੱਚ ਵੀ ਪਹੁੰਚਿਆ
ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਦੇ ਵਿਚਾਰ ਅਧੀਨ ਵੀ ਹੈ। ਨਵਨੀਤ ਵੱਲੋਂ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਇਲਜ਼ਾਮ ਲਗਾਏ ਗਏ ਕਿ ਰੋਪੜ ਪੁਲਿਸ ਵੱਲੋਂ ਚੰਡੀਗੜ੍ਹ ਪੁਲੀਸ 'ਤੇ ਹਮਲਾ ਕਰ ਕੇ ਉਸ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਚਤੁਰਵੇਦੀ ਵੱਲੋਂ ਪੇਸ਼ ਵਕੀਲ ਨਿਖਿਲ ਘਈ ਨੇ ਪੰਜਾਬ ਪੁਲਿਸ ਵੱਲੋਂ ਚਤੁਰਵੇਦੀ 'ਤੇ ਦਰਜ ਸਾਰੀਆਂ ਐੱਫਆਈਆਰਜ਼ ਅਤੇ ਲੰਬਿਤ ਸ਼ਿਕਾਇਤਾਂ 'ਚ ਚਤੁਰਵੇਦੀ ਨੂੰ 10 ਦਿਨਾਂ ਲਈ ਗ੍ਰਿਫ਼ਤਾਰੀ ਤੋਂ ਪ੍ਰੋਟੈਕਸ਼ਨ ਦੇਣ ਦੀ ਮੰਗ ਕੀਤੀ ਤਾਂ ਜੋ ਉਹ ਇਨ੍ਹਾਂ ਕੇਸਾਂ ਦੇ ਸਬੰਧ 'ਚ ਕਾਨੂੰਨੀ ਮਦਦ ਲੈ ਸਕਣ।
ਹਾਈ ਕੋਰਟ 'ਚੋਂ ਚਤੁਰਵੇਦੀ ਨੂੰ ਕੋਈ ਫ਼ੌਰੀ ਰਾਹਤ ਨਹੀਂ ਮਿਲੀ ਅਤੇ ਹੁਣ ਮਾਮਲੇ ਦੀ ਸੁਣਵਾਈ 4 ਨਵੰਬਰ ਨੂੰ ਹੋਵੇਗੀ।
ਕੌਣ ਹੈ ਨਵਨੀਤ ਚਤੁਰਵੇਦੀ
ਨਵਨੀਤ ਚਤੁਰਵੇਦੀ ਦਾ ਸਬੰਧ ਰਾਜਸਥਾਨ ਦੇ ਜੈਪੁਰ ਨਾਲ ਹੈ। ਪੰਜਾਬ ਵਿਧਾਨ ਸਭਾ ਦਫ਼ਤਰ ਵਿੱਚ ਜੋ ਕਾਗ਼ਜ਼ ਉਨ੍ਹਾਂ ਵੱਲੋਂ ਜਮਾਂ ਕਰਵਾਏ ਗਏ ਹਨ, ਉਸ ਮੁਤਾਬਕ ਉਨ੍ਹਾਂ ਦੀ ਵੋਟ ਵੀ ਜੈਪੁਰ ਵਿੱਚ ਹੀ ਦਰਜ ਹੈ।
ਨਵਨੀਤ ਚਤੁਰਵੇਦੀ ਆਪਣੇ ਆਪ ਨੂੰ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਦੱਸਦੇ ਹਨ, ਜਿਸ ਬਾਰੇ ਉਹ ਦਾਅਵਾ ਕਰਦਾ ਹੈ ਕਿ ਇਹ ਉਹੀ ਜਨਤਾ ਪਾਰਟੀ ਹੈ ਜਿਸ ਦੀ ਸਥਾਪਨਾ ਜੈਪ੍ਰਕਾਸ਼ ਨਰਾਇਣ ਨੇ ਕੀਤੀ ਸੀ।
ਇਸ ਸਬੰਧ ਵਿੱਚ ਉਨ੍ਹਾਂ ਪਾਰਟੀ ਦੀ ਵੈੱਬਸਾਈਟ ਵੀ ਬਣਾਈ ਹੋਈ ਹੈ, ਜਿਸ ਵਿੱਚ ਪਾਰਟੀ ਦਾ ਸੰਵਿਧਾਨ, ਮੈਂਬਰਸ਼ਿਪ, ਚੰਦਾ ਆਦਿ ਬਾਰੇ ਵੇਰਵਾ ਦਿੱਤੇ ਗਏ ਹਨ।
ਵੈੱਬਸਾਈਟ ਉੱਤੇ ਸਿਰਫ਼ ਫ਼ੋਨ ਨੰਬਰ ਹੀ ਦਰਜ ਹੈ, ਜਿਸ ਵਿੱਚ ਇਕ ਬੰਦ ਪਿਆ ਹੈ ਅਤੇ ਦੂਜਾ ਕਿਸੇ ਹੋਰ ਵਿਅਕਤੀ ਦਾ ਹੈ, ਜਿਸ ਨੇ ਪਾਰਟੀ ਨਾਲ ਕਿਸੇ ਵੀ ਤਰਾਂ ਦਾ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ।
ਪਾਰਟੀ ਦਾ ਦਫ਼ਤਰ ਕਿੱਥੇ ਹੈ ਇਸ ਦਾ ਕੋਈ ਵੇਰਵਾ ਦਰਜ ਨਹੀਂ ਹੈ। ਇਸ ਤੋਂ ਇਲਾਵਾ, ਉਹ ਆਪਣੇ ਆਪ ਨੂੰ ਇੱਕ ਲੇਖਕ ਅਤੇ ਪੱਤਰਕਾਰ ਵੀ ਦੱਸਦੇ ਹਨ।
ਜਨਤਾ ਪਾਰਟੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਨਵਨੀਤ ਚਤੁਰਵੇਦੀ ਇੱਕ ਰਾਜਨੀਤਿਕ ਵਿਸ਼ਲੇਸ਼ਕ ਅਤੇ ਆਰਟੀਆਈ ਕਾਰਕੁਨ ਹਨ। "ਜੀਓਪੋਲੀਟਿਕਸ" ਅਤੇ "ਮੋਡਾਸ ਦਿ ਪੋਲੀਟੀਕਲ ਵਾਇਰਸ" ਕਿਤਾਬਾਂ ਲਿਖਣ ਦਾ ਦਾਅਵਾ ਵੀ ਚਤੁਰਵੇਦੀ ਵੱਲੋਂ ਕੀਤਾ ਗਿਆ ਹੈ।
ਰਾਜ ਸਭਾ 'ਚ 'ਆਪ' ਦੀ ਜਿੱਤ ਲਗਭਗ ਤੈਅ
ਪੰਜਾਬ ਤੋਂ ਰਾਜ ਸਭਾ ਸੀਟ ਲਈ ਉਪ ਚੋਣ 24 ਅਕਤੂਬਰ ਨੂੰ ਹੋਣੀ ਹੈ। ਇਹ ਸੀਟ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਸੰਜੀਵ ਅਰੋੜਾ ਦਾ ਕਾਰਜਕਾਲ 9 ਅਪ੍ਰੈਲ, 2028 ਨੂੰ ਖਤਮ ਹੋਣਾ ਸੀ। ਉਹ ਹੁਣ ਪੰਜਾਬ ਸਰਕਾਰ ਵਿੱਚ ਮੰਤਰੀ ਹਨ।
ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਨੇ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਮੈਦਾਨ ਵਿੱਚ ਉਤਾਰਿਆ।
ਆਮ ਆਦਮੀ ਪਾਰਟੀ ਦੇ 117 ਸੀਟਾਂ ਵਾਲੀ ਵਿਧਾਨ ਸਭਾ ਵਿੱਚ 93 ਵਿਧਾਇਕ ਹਨ। ਇਸ ਲਈ, ਰਾਜ ਸਭਾ ਉਪ ਚੋਣ ਵਿੱਚ ਰਜਿੰਦਰ ਗੁਪਤਾ ਦੀ ਜਿੱਤ ਲਗਭਗ ਤੈਅ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ