ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਰਿਸ਼ਵਤਖੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ, ਕਰੋੜਾਂ ਰੁਪਏ ਸਣੇ ਬਰਾਮਦਗੀ ’ਚ ਕੀ-ਕੀ ਮਿਲਣ ਦਾ ਦਾਅਵਾ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਸੀਬੀਆਈ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਭੁੱਲਰ ਸਣੇ ਇੱਕ ਹੋਰ ਸ਼ਖ਼ਸ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਮੁਤਾਬਕ ਇਹ 8 ਲੱਖ ਰੁਪਏ ਦੀ ਰਿਸ਼ਵਤਖੋਰੀ ਦਾ ਮਾਮਲਾ ਹੈ।

ਬੀਬੀਸੀ ਸਹਿਯੋਗੀ ਨਵਜੋਤ ਕੌਰ ਦੀ ਜਾਣਕਾਰੀ ਮੁਤਾਬਕ, ਸੀਬੀਆਈ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੂਬਾ ਪੁਲਿਸ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਸੀਬੀਆਈ ਨੇ ਕੇਸ ਬਾਰੇ ਕੀ ਦੱਸਿਆ

ਸੀਬੀਆਈ ਮੁਤਾਬਕ, ਮੁਲਜ਼ਮ ਅਫਸਰ ਵੱਲੋਂ ਕਥਿਤ ਤੌਰ ਉੱਤੇ ਸ਼ਿਕਾਇਤਕਰਤਾ ਤੋਂ ਮਹੀਨੇਵਾਰ ਗੈਰ-ਕਾਨੂੰਨੀ ਢੰਗ ਨਾਲ ਪੇਮੈਂਟਸ ਦੀ ਮੰਗ ਕੀਤੀ ਜਾ ਰਹੀ ਸੀ। ਇਲਜ਼ਾਮ ਹਨ ਕਿ ਇੱਕ ਐੱਫਆਈਆਰ ਦਾ ਨਿਪਟਾਰਾ ਕਰਨ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ।

ਸੀਬੀਆਈ ਵੱਲੋਂ 16 ਅਕਤੂਬਰ 2025 ਨੂੰ ਇਸ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਗਿਆ ਕਿ ਸ਼ਿਕਾਇਤਕਰਤਾ ਤੋਂ 8 ਲੱਖ ਦੀ ਰਿਸ਼ਵਤ ਅਤੇ ਮਹੀਨੇਵਾਰ ਪੇਮੈਂਟ ਦੀ ਇੱਕ ਸ਼ਖ਼ਸ ਦੇ ਜ਼ਰੀਏ ਮੰਗ ਕੀਤੀ ਜਾ ਰਹੀ ਸੀ।

ਸੀਬੀਆਈ ਮੁਤਾਬਕ, ਉਨ੍ਹਾਂ ਨੇ ਇੱਕ ਜਾਲ ਵਿਛਾ ਕੇ ਸੈਕਟਰ 21, ਚੰਡੀਗੜ੍ਹ ਵਿਖੇ ਡੀਆਈਜੀ ਵੱਲੋਂ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਦੀ ਮੰਗ ਕਰਦੇ ਅਤੇ ਸਵੀਕਾਰ ਕਰਦੇ ਹੋਏ ਨਿੱਜੀ ਵਿਅਕਤੀ ਨੂੰ ਰੰਗੇ ਹੱਥੀਂ ਫੜ੍ਹ ਲਿਆ।

ਸੀਬੀਆਈ ਮੁਤਾਬਕ, ਇਸ ਤੋਂ ਬਾਅਦ, ਸੀਬੀਆਈ ਟੀਮ ਨੇ ਅਧਿਕਾਰੀ ਨੂੰ ਉਸ ਦੇ ਦਫ਼ਤਰ ਤੋਂ ਫੜਿਆ ਅਤੇ ਦੋਵੇਂ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ।

ਤਲਾਸ਼ੀ ਦੌਰਾਨ ਕੀ-ਕੀ ਮਿਲਿਆ

ਸੀਬੀਆਈ ਮੁਤਾਬਕ ਅਫਸਰ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਜਿੱਥੋਂ ਕੈਸ਼, ਗਹਿਣੇ, ਜਾਇਦਾਦ ਦੇ ਕਾਗਜ਼, ਲਗਜ਼ਰੀ ਵਾਹਨਾਂ ਦੀਆਂ ਚਾਬੀਆਂ, ਘੜੀਆਂ ਅਤੇ ਹੋਰ ਸਮਾਨ ਮਿਲਿਆ ਹੈ। ਇਸ ਦੇ ਇਲਾਵਾ ਜੋ ਦੂਜਾ ਸ਼ਖ਼ਸ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਕੋਲੋਂ 21 ਲੱਖ ਰੁਪਏ ਕੈਸ਼ ਮਿਲਿਆ ਹੈ।

ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। 31 ਅਕਤੂਬਰ ਨੂੰ ਡੀਆਈਜੀ ਭੁੱਲਰ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਕੌਣ ਹਨ ਹਰਚਰਨ ਸਿੰਘ ਭੁੱਲਰ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਮੁਤਾਬਕ, ਹਰਚਰਨ ਸਿੰਘ ਭੁੱਲਰ ਮੌਜੂਦਾ ਵੇਲੇ ਵਿੱਚ ਰੋਪੜ ਰੇਜ ਦੇ ਡੀਆਈਜੀ ਵਜੋਂ ਤਾਇਨਾਤ ਹਨ। ਹਰਚਰਨ ਸਿੰਘ ਭੁੱਲਰ ਨੇ ਸ਼ੁਰੂਆਤ ਪੰਜਾਬ ਪੁਲਿਸ ਸਰਵਿਸ ਅਫਸਰ (ਪੀਪੀਐੱਸ) ਵਜੋਂ ਕੀਤੀ ਸੀ, ਬਾਅਦ ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਆਈਪੀਐੱਸ ਬਣਾਇਆ ਗਿਆ ਸੀ।

ਉਨ੍ਹਾਂ ਨੇ ਜਗਰਾਉਂ (ਲੁਧਿਆਣਾ ਦਿਹਾਤੀ), ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਖੰਨਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਐੱਸਏਐੱਸ ਨਗਰ (ਮੁਹਾਲੀ) ਵਰਗੇ ਜ਼ਿਲ੍ਹਿਆਂ ਵਿੱਚ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਸਮੇਤ ਕਈ ਸੀਨੀਅਰ ਅਹੁਦਿਆਂ 'ਤੇ ਕੰਮ ਕੀਤਾ ਹੈ।

2023 ਵਿੱਚ ਉਨ੍ਹਾਂ ਨੂੰ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਤਰੱਕੀ ਦਿੱਤੀ ਗਈ ਅਤੇ ਪਟਿਆਲਾ ਰੇਂਜ ਲਈ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਰੂਪਨਗਰ (ਰੋਪੜ) ਰੇਂਜ ਲਈ ਡੀਆਈਜੀ ਵਜੋਂ ਸੇਵਾ ਨਿਭਾਈ। ਰੋਪੜ ਰੇਂਜ ਵਿੱਚ ਮੋਹਾਲੀ, ਰੋਪੜ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਆਉਂਦੇ ਹਨ।

ਭੁੱਲਰ 27 ਨਵੰਬਰ, 2024 ਨੂੰ ਰੋਪੜ ਰੇਂਜ ਦੇ ਡੀਆਈਜੀ ਵਜੋਂ ਜੁਆਇਨ ਹੋਏ ਸਨ। ਇਸ ਤੋਂ ਪਹਿਲਾਂ, ਉਹ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਸਨ। ਉਹ ਰੋਪੜ ਰੇਂਜ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

ਉਹ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ। ਹਰਚਰਨ ਸਿੰਘ ਭੁੱਲਰ ਨੇ ਉਸ ਵਿਸ਼ੇਸ਼ ਜਾਂਚ ਟੀਮ ਦੀ ਵੀ ਅਗਵਾਈ ਕੀਤੀ ਜਿਸਨੇ ਨਸ਼ਾ ਤਸਕਰੀ ਦੇ ਇਲਜ਼ਾਮਾਂ ਵਿੱਚ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ।

ਉਹ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)