60 ਕੁੜੀਆਂ ਨਾਲ ਅਸ਼ਲੀਲ ਹਰਕਤਾਂ ਦੇ ਇਲਜ਼ਾਮ 'ਚ ਪ੍ਰਿੰਸੀਪਲ ਗ੍ਰਿਫਤਾਰ, ਪਰ ਬੱਚੀਆਂ ਅਜੇ ਵੀ ਡਰੀਆਂ ਹੋਈਆਂ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ, ਜੀਂਦ ਤੋਂ ਪਰਤ ਕੇ

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ 'ਚ ਮਾਹੌਲ ਤਣਾਅ ਭਰਿਆ ਹੈ ਅਤੇ ਵਿਦਿਆਰਥਣਾਂ ਦੇ ਚਿਹਰੇ ਸਹਿਮੇ ਨਜ਼ਰ ਆ ਰਹੇ ਹਨ।

ਲਗਭਗ 2 ਮਹੀਨੇ ਪਹਿਲਾਂ, ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੱਠ ਦੇ ਕਰੀਬ ਸਕੂਲੀ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਮਹਿਲਾ ਕਮਿਸ਼ਨ ਸਣੇ ਕਈ ਵੱਡੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਿਆ ਗਿਆ ਸੀ।

ਇਲਜ਼ਾਮ ਹਨ ਕਿ ਸਕੂਲ ਦਾ ਪ੍ਰਿੰਸੀਪਲ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪਿਛਲੇ ਹਫ਼ਤੇ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਪਰ ਬੱਚੀਆਂ ਵਿੱਚ ਅਜੇ ਵੀ ਡਰ ਦਾ ਮਾਹੌਲ ਹੈ।

ਇਸ ਵੇਲੇ ਕੀ ਹੈ ਸਕੂਲ ਦਾ ਮਾਹੌਲ

ਕਰੀਬ 11 ਵਜੇ ਹਨ ਅਤੇ ਜੀਂਦ ਹੈੱਡਕੁਆਰਟਰ ਤੋਂ ਚਾਈਲਡ ਵੈਲਫੇਅਰ ਕਮੇਟੀ ਦੇ ਚਾਰ ਮੈਂਬਰ ਬੱਚਿਆਂ ਨੂੰ ਪੋਕਸੋ ਐਕਟ ਅਤੇ ਚਾਈਲਡ ਹੈਲਪਲਾਈਨ ਨੰਬਰ ਬਾਰੇ ਦੱਸਣ ਆਏ ਹਨ।

ਜਿਸ ਸਕੂਲ ਦੀ ਇਹ ਘਟਨਾ ਹੈ, ਉਹ ਸਿਰਫ਼ ਕੁੜੀਆਂ ਦਾ ਸਕੂਲ ਹੈ, ਜਿੱਥੇ ਪਿੰਡ ਅਤੇ ਕਸਬੇ ਦੀਆਂ ਬੱਚੀਆਂ ਪੜ੍ਹਨ ਆਉਂਦੀਆਂ ਹਨ।

ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਗਿਣਤੀ 40 ਹੈ, ਜਿਨ੍ਹਾਂ ਵਿੱਚੋਂ ਅੱਧੇ ਦੇ ਕਰੀਬ ਮਹਿਲਾ ਅਧਿਆਪਕ ਹਨ ਅਤੇ ਵਿਦਿਆਰਥਣਾਂ ਦੀ ਗਿਣਤੀ 1200 ਤੋਂ ਉਪਰ ਦੱਸੀ ਜਾਂਦੀ ਹੈ।

ਇਸ ਸਮੇਂ ਸਕੂਲ ਦਾ ਮਾਹੌਲ ਅਜਿਹਾ ਹੈ ਕਿ ਵਿਦਿਆਰਥਣਾਂ ਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਮਨਾਹੀ ਹੈ।

ਜਿਵੇਂ ਹੀ ਅਧਿਆਪਕਾਂ ਨੇ ਬਾਹਰੋਂ ਆਏ ਲੋਕਾਂ ਨੂੰ ਦੇਖਿਆ ਤਾਂ ਉਹ ਵਿਦਿਆਰਥਣਾਂ ਨੂੰ ਅੱਗੇ ਨਾ ਆਉਣ ਦਾ ਇਸ਼ਾਰਾ ਕਰਦੇ ਨਜ਼ਰ ਆਏ।

ਪੂਰੇ ਸਕੂਲ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਪ੍ਰਿੰਸੀਪਲ ਦੇ ਕਮਰੇ ਵਿੱਚ ਇੱਕ ਕੈਮਰਾ ਵੀ ਲਗਾਇਆ ਗਿਆ ਹੈ ਅਤੇ ਪ੍ਰਿੰਸੀਪਲ ਦੇ ਕਮਰੇ ਵਿੱਚ ਇੱਕ ਮੋਨੀਟਰਿੰਗ ਪੈਨਲ ਵੀ ਲਗਾਇਆ ਗਿਆ ਹੈ।

ਇੱਕ ਸਵਾਲ ਇਹ ਵੀ ਚੁੱਕਿਆ ਜਾ ਰਿਹਾ ਹੈ ਕਿ ਮੁਲਜ਼ਮ ਪ੍ਰਿੰਸੀਪਲ ਪਿਛਲੇ ਛੇ ਸਾਲਾਂ ਤੋਂ ਬਿਨਾਂ ਤਬਾਦਲੇ ਦੇ ਉਸੇ ਸਕੂਲ ਵਿੱਚ ਕਿਵੇਂ ਤਾਇਨਾਤ ਰਿਹਾ, ਜਦਕਿ ਬਾਕੀ ਸਟਾਫ਼ ਨੂੰ ਇਸ ਸਮੇਂ ਦੌਰਾਨ ਕਈ ਵਾਰ ਬਦਲਿਆ ਗਿਆ ਹੈ।

ਦੱਬੀ ਜ਼ੁਬਾਨ 'ਚ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਦਾ ਇੱਕ ਸਿਆਸੀ ਪਰਿਵਾਰ ਤੋਂ ਹੋਣ ਕਾਰਨ ਦਬਦਬਾ ਕਾਇਮ ਰਿਹਾ ਹੈ। ਇਸ ਕਰਕੇ ਪਹਿਲਾਂ ਕਦੇ ਕੋਈ ਕਾਰਵਾਈ ਨਹੀਂ ਹੋਈ।

ਲੋਕਾਂ ਨੇ ਇਹ ਵੀ ਕਿਹਾ ਕਿ ਮੁਲਜ਼ਮ ਦੀਆਂ ਹਰਕਤਾਂ ਕਾਰਨ ਕਈ ਕੁੜੀਆਂ ਸਕੂਲ ਛੱਡ ਗਈਆਂ।

ਪ੍ਰਧਾਨ ਮੰਤਰੀ ਸਣੇ ਕਈਆਂ ਦੇ ਨਾਂ ਇੱਕ ਗੁਮਨਾਮ ਪੱਤਰ

ਲੰਘੀ 31 ਅਗਸਤ ਨੂੰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਭਾਰਤ ਦੇ ਚੀਫ਼ ਜਸਟਿਸ, ਕੇਂਦਰੀ ਮਹਿਲਾ ਕਮਿਸ਼ਨ, ਹਰਿਆਣਾ ਮਹਿਲਾ ਕਮਿਸ਼ਨ ਅਤੇ ਹਰਿਆਣਾ ਦੇ ਸਿੱਖਿਆ ਮੰਤਰੀ ਨੂੰ ਪੰਜ ਪੰਨਿਆਂ ਦਾ ਇੱਕ ਗੁਮਨਾਮ ਪੱਤਰ ਭੇਜਿਆ ਗਿਆ।

ਇਸ ਵਿੱਚ ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਪ੍ਰਿੰਸੀਪਲ ਵਿਦਿਆਰਥਣਾਂ ਨੂੰ ਕਾਲੇ ਸ਼ੀਸ਼ੇ ਵਾਲੇ ਕੈਬਿਨ ਵਿੱਚ ਬੁਲਾਉਂਦਾ ਹੈ ਉਨ੍ਹਾਂ ਨਾਲ ਗਲਤ ਹਰਕਤਾਂ ਕਰਦਾ ਹੈ।

ਪੱਤਰ ਵਿੱਚ ਇਤਰਾਜ਼ਯੋਗ ਢੰਗ ਨਾਲ ਛੂਹਣ ਦਾ ਵੀ ਜ਼ਿਕਰ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਅਜਿਹਾ ਕਰਦੇ ਹੋਏ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਪ੍ਰੈਕਟੀਕਲ ਅਤੇ ਇਮਤਿਹਾਨਾਂ ਵਿੱਚ ਫੇਲ੍ਹ ਕਰ ਦਿੱਤਾ ਜਾਵੇਗਾ।

ਕਾਲੇ ਸ਼ੀਸ਼ੇ ਵਾਲਾ ਕੈਬਿਨ

ਪੱਤਰ 'ਚ ਲਿਖਿਆ ਗਿਆ ਹੈ ਕਿ ਕਾਲੇ ਸ਼ੀਸ਼ੇ ਵਾਲੇ ਇਸ ਕੈਬਿਨ 'ਚ ਬਾਹਰੋਂ ਅੰਦਰ ਕੁਝ ਦਿਖਾਈ ਨਹੀਂ ਦਿੰਦਾ, ਜਦਕਿ ਅੰਦਰੋਂ ਬਾਹਰ ਤੱਕ ਸਭ ਕੁਝ ਦਿਖਾਈ ਦਿੰਦਾ ਹੈ।

ਜੇਕਰ ਅਧਿਕਾਰੀ ਸਕੂਲ ਦੇ ਬਾਹਰ ਆਕੇ ਵਿਦਿਆਰਥਣਾਂ ਨਾਲ ਗੱਲ ਕਰਨਗੇ ਤਾਂ ਉਹ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਸਾਰੀਆਂ ਹਰਕਤਾਂ ਦੱਸ ਦੇਣਗੀਆਂ।

ਪੱਤਰ ਵਿੱਚ ਇੱਕ ਮਹਿਲਾ ਅਧਿਆਪਕ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਤਬਾਦਲਾ ਹੋ ਚੁੱਕਾ ਹੈ ਅਤੇ ਉਹ ਵੀ ਪ੍ਰਿੰਸੀਪਲ ਦੀਆਂ ਹਦਾਇਤਾਂ ’ਤੇ ਵਿਦਿਆਰਥਣਾਂ ਨੂੰ ਕਾਲੇ ਸ਼ੀਸ਼ੇ ਵਾਲੇ ਕੈਬਿਨ ਵਿੱਚ ਭੇਜਦੀ ਸੀ।

ਪੱਤਰ ਮੁਤਾਬਕ, ਜਦੋਂ ਮੁਲਜ਼ਮ ਕੈਬਿਨ ਵਿੱਚ ਵਿਦਿਆਰਥਣਾਂ ਨਾਲ ਇਕੱਲਾ ਹੁੰਦਾ ਸੀ ਤਾਂ ਉਹ ਗਲਤ ਹਰਕਤਾਂ ਕਰਦਾ ਸੀ ਅਤੇ ਜਿਵੇਂ ਹੀ ਕੋਈ ਬਾਹਰੋਂ ਆਉਂਦਾ ਸੀ ਤਾਂ ਉਹ ਪੜ੍ਹਾਈ ਬਾਰੇ ਗੱਲਾਂ ਕਰਨ ਲੱਗ ਪੈਂਦਾ ਸੀ।

ਹਾਲਾਂਕਿ ਇਸ ਘਟਨਾ ਤੋਂ ਬਾਅਦ ਕਾਲੇ ਸ਼ੀਸ਼ੇ ਵਾਲੇ ਕੈਬਿਨ ਨੂੰ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:-

ਪ੍ਰਿੰਸੀਪਲ ਗ੍ਰਿਫ਼ਤਾਰ, ਇਹ ਲੱਗੀਆਂ ਧਾਰਾਵਾਂ

ਪੱਤਰ ਮਿਲਣ ਤੋਂ ਬਾਅਦ 14 ਸਤੰਬਰ ਨੂੰ ਮਹਿਲਾ ਕਮਿਸ਼ਨ ਨੇ ਹਰਿਆਣਾ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ।

ਪਰ ਪੁਲਿਸ ਨੇ ਇਸ ਮਾਮਲੇ ਵਿੱਚ ਦੇਰੀ ਕੀਤੀ ਅਤੇ ਇੱਕ ਮਹੀਨੇ ਬਾਅਦ ਮੁਲਜ਼ਮ ਪ੍ਰਿੰਸੀਪਲ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਇਸ ਮਾਮਲੇ ਵਿੱਚ ਪਿਛਲੇ ਹਫਤੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜੀਂਦ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸੀਪਲ ਦੇ ਖ਼ਿਲਾਫ਼ ਧਾਰਾ 354 (ਜਿਨਸੀ ਸ਼ੋਸ਼ਣ), 341, 342 ਆਈਪੀਸੀ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸਕੂਲ ਦੇ ਸਟਾਫ਼ ਨੇ ਕੀ ਦੱਸਿਆ?

ਬੀਬੀਸੀ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਇੱਕ ਪੁਰਸ਼ ਅਧਿਆਪਕ ਨੇ ਕਿਹਾ ਕਿ ਇਲਜ਼ਾਮ ਪ੍ਰਿੰਸੀਪਲ 'ਤੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨਾਲ ਕੁਝ ਗਲਤ ਹੋ ਰਿਹਾ ਸੀ ਤਾਂ ਸਟਾਫ਼ ਮੈਂਬਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਸੀ।

ਅਧਿਆਪਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤਾਂ ਇਸ ਮਾਮਲੇ ਬਾਰੇ ਪਤਾ ਹੀ ਉਦੋਂ ਪਤਾ ਲੱਗਾ ਜਦੋਂ ਸਿੱਖਿਆ ਵਿਭਾਗ ਦੀ ਟੀਮ ਜਾਂਚ ਲਈ ਸਕੂਲ ਪਹੁੰਚੀ।

ਉਨ੍ਹਾਂ ਕਿਹਾ, "ਸਾਡੇ ਇੱਥੇ ਤਿੰਨ ਮੈਂਬਰੀ ਜਿਨਸੀ ਸ਼ੋਸ਼ਣ ਵਿਰੋਧੀ ਕਮੇਟੀ ਵੀ ਹੈ, ਪਰ ਉਨ੍ਹਾਂ ਨੂੰ ਵੀ ਕੁਝ ਨਹੀਂ ਦੱਸਿਆ ਗਿਆ। ਪੱਤਰ ਸਿੱਧਾ ਉੱਚ ਅਹੁਦੇ ਵਾਲੇ ਲੋਕਾਂ ਨੂੰ ਭੇਜਿਆ ਗਿਆ।''

''ਹਾਲਾਂਕਿ ਇਸ ਦੀ ਪ੍ਰਮਾਣਿਕਤਾ ਜਾਂਚ ਦਾ ਵਿਸ਼ਾ ਹੈ, ਪਰ ਵਿਦਿਆਰਥਣਾਂ ਅਤੇ ਮਾਪਿਆਂ ਵਿੱਚੋਂ ਵੀ ਕਿਸੇ ਨੇ ਸਕੂਲ ਦੇ ਸਟਾਫ਼ ਨਾਲ ਗੱਲ ਨਹੀਂ ਕੀਤੀ। ਜਦੋਂ ਤੋਂ ਇਹ ਘਟਨਾ ਵਾਪਰੀ ਹੈ, ਸਾਰੇ ਅਧਿਆਪਕ ਸਦਮੇ ਵਿੱਚ ਹਨ ਕਿ ਇੰਨੀ ਵੱਡੀ ਗੱਲ ਹੋ ਗਈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ।"

ਗੱਲ ਅੱਗੇ ਤੋਰਦਿਆਂ ਉਨ੍ਹਾਂ ਕਿਹਾ ਕਿ ਸਕੂਲ ਦਾ ਜ਼ਿਆਦਾਤਰ ਸਟਾਫ਼ ਪਿਛਲੇ ਸਾਲ ਹੀ ਤਬਾਦਲੇ ਤੋਂ ਬਾਅਦ ਆਇਆ ਸੀ ਅਤੇ ਉਸ ਸਮੇਂ ਸਕੂਲ ਵਿੱਚ ਕਾਲੇ ਸ਼ੀਸ਼ੇ ਵਾਲਾ ਕੈਬਿਨ ਪਹਿਲਾਂ ਹੀ ਬਣਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਇਸ ਵਿੱਚ ਕੋਈ ਅਜੀਬ ਗੱਲ ਨਹੀਂ ਲੱਗੀ ਅਤੇ ਨਾ ਹੀ ਇਸ ਸਬੰਧੀ ਕੋਈ ਵਿਰੋਧ ਕੀਤਾ ਗਿਆ।

ਅਧਿਆਪਕ ਨੇ ਦੱਸਿਆ ਕਿ ਇਸ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਬਹੁਤ ਵਧੀਆ ਰਹੇ ਹਨ ਅਤੇ ਵੀਹ, ਤੀਹ ਵਿਦਿਆਰਥਣਾਂ ਮੈਰਿਟ ਵਿੱਚ ਵੀ ਆਉਂਦੀਆਂ ਹਨ।

ਪੀੜਤ ਕੁੜੀਆਂ ਬਹੁਤ ਡਰੀਆਂ ਹੋਈਆਂ ਹਨ- ਬਾਲ ਭਲਾਈ ਕਮੇਟੀ

ਸੁਜਾਤਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜੀਂਦ, ਜੋ ਅੱਜ ਬਾਲ ਭਲਾਈ ਟੀਮ ਨਾਲ ਪਹੁੰਚੇ ਸਨ, ਨੇ ਦੱਸਿਆ ਕਿ ਪੀੜਤ ਵਿਦਿਆਰਥਣਾਂ ਅਤੇ ਹੋਰ ਵਿਦਿਆਰਥਣਾਂ ਬਹੁਤ ਸਦਮੇ ਵਿੱਚ ਹਨ।

ਉਨ੍ਹਾਂ ਦੱਸਿਆ ਕਿ ਬੱਚੀਆਂ ਫਿਲਹਾਲ ਖੁੱਲ੍ਹ ਕੇ ਗੱਲ ਕਰਨ 'ਚ ਝਿਜਕ ਮਹਿਸੂਸ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਫਿਲਹਾਲ ਗੱਲ ਨਹੀਂ ਕਰ ਰਹੇ ਹਨ।

ਸੁਜਾਤਾ ਮੁਤਾਬਕ, ਉਨ੍ਹਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਹਿਜ ਹੋ ਜਾਣ ਅਤੇ ਫਿਲਹਾਲ ਜੋ ਪੀੜਤ ਕੁੜੀਆਂ ਦੀ ਸੰਖਿਆ ਹੈ, ਉਹ ਪੰਜਾਹ ਤੋਂ ਸੱਠ ਤੋਂ ਵੱਧ ਹੋ ਵੀ ਸਕਦੀ ਹੈ।

ਬਾਲ ਕਲਿਆਣ ਕਮੇਟੀ ਦੇ ਕਾਉਂਸਲਰ ਮਮਤਾ ਸ਼ਰਮਾ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਬਹੁਤ ਡਰੀਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਮਨ 'ਚ ਦੱਸਣ ਲਈ ਬਹੁਤ ਕੁਝ ਹੈ ਪਰ ਮਾਹੌਲ ਉਨ੍ਹਾਂ ਦੇ ਖ਼ਿਲਾਫ਼ ਰਿਹਾ ਹੈ।

ਮਮਤਾ ਸ਼ਰਮਾ ਕਹਿੰਦੇ ਹਨ ਕਿ ਇਸ ਘਟਨਾ ਦਾ ਬੱਚੀਆਂ ਦੇ ਮਨ-ਦਿਮਾਗ 'ਤੇ ਡੂੰਘਾ ਅਸਰ ਪਿਆ ਹੈ ਅਤੇ ਭਵਿੱਖ 'ਚ ਕੁਝ ਨਵੀਆਂ ਗੱਲਾਂ ਵੀ ਸਾਹਮਣੇ ਆ ਸਕਦੀਆਂ ਹਨ।

ਗੱਲਬਾਤ ਕਰਦਿਆਂ ਕੁਝ ਹੋਰ ਲੋਕਾਂ ਨੇ ਦਾਅਵਾ ਕੀਤਾ ਕਿ ਮੁਲਜ਼ਮ ਪ੍ਰਿੰਸੀਪਲ ਪੰਜ ਮੋਬਾਈਲ ਫੋਨ ਰੱਖਦਾ ਸੀ ਅਤੇ ਤਿੰਨ ਮੋਬਾਈਲਾਂ ’ਤੇ ਅਸ਼ਲੀਲ ਚੈਟ ਕਰਦਾ ਸੀ।

ਪੁਲਿਸ ਨੇ ਮੁਲਜ਼ਮ ਦਾ ਮੋਬਾਈਲ ਅਤੇ ਹੋਰ ਸਿਮ ਕਾਰਡ ਵੀ ਜ਼ਬਤ ਕਰ ਲਏ ਹਨ।

ਕਈ ਪੱਧਰਾਂ 'ਤੇ ਜਾਂਚ ਜਾਰੀ: ਜੀਂਦ ਦੇ ਡਿਪਟੀ ਕਮਿਸ਼ਨਰ

ਜੀਂਦ ਦੇ ਡਿਪਟੀ ਕਮਿਸ਼ਨਰ ਮੁਹੰਮਦ ਏ ਰਾਜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਵਟਸਐਪ 'ਤੇ ਪੱਤਰ ਮਿਲਿਆ ਸੀ ਅਤੇ ਉਨ੍ਹਾਂ ਨੇ ਇਸ 'ਤੇ ਕਾਰਵਾਈ ਕੀਤੀ ਹੈ।

ਇਸ ਤੋਂ ਇਲਾਵਾ ਪੁਲਿਸ ਦੀ ਆਪਣੀ ਜਾਂਚ ਜਾਰੀ ਹੈ, ਜਿਸ 'ਚ ਮੁਲਜ਼ਮ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਤੋਂ ਇਲਾਵਾ ਡਾਇਰੈਕਟਰ ਸਕੂਲ ਐਜੂਕੇਸ਼ਨ, ਪੰਚਕੂਲਾ ਵੀ ਆਪਣੀ ਜਾਂਚ ਕਰ ਰਹੇ ਹਨ ਅਤੇ ਹਰਿਆਣਾ ਸਰਕਾਰ ਵੱਲੋਂ ਵਰਕਪਲੇਸ 'ਤੇ ਸੈਕਸੁਅਲ ਹਰਾਸਮੈਂਟ ਦੇ ਤਹਿਤ ਵੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਹਿਲਾ ਕਮਿਸ਼ਨ ਦੀ ਜਾਂਚ ਵੀ ਵੱਖਰੇ ਤਰੀਕੇ ਨਾਲ ਅੱਗੇ ਵਧ ਰਹੀ ਹੈ।