ਕਿਸਾਨ ਅੰਦੋਲਨ: ਸ਼ੁਭ ਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਕੀ ਖੁਲਾਸੇ ਹੋਏ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਸ਼ੁਭ ਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਦੀ ਮੌਤ ਸਿਰ 'ਤੇ ਗੋਲੀ ਲੱਗਣ ਕਾਰਨ ਹੋਈ ਸੀ।
ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਸ਼ੁਭ ਕਰਨ ਸਿੰਘ ਦਾ ਪੋਸਟਮਾਰਟਮ 29 ਫਰਵਰੀ ਨੂੰ ਕੀਤਾ ਸੀ।
ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੇ ਕਿਸਾਨ ਸ਼ੁਭ ਕਰਨ ਸਿੰਘ ਦੀ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ।
ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ, ਜੋ ਕਿ ਅਧਿਕਾਰਤ ਪ੍ਰਕਿਰਿਆ ਦਾ ਹਿੱਸਾ ਸਨ, ਨੇ ਨਾਮ ਗੁਪਤ ਰੱਖਣ ਦੀ ਮੰਗ ਕਰਦੇ ਹੋਏ ਕਿਹਾ ਕਿ ਸ਼ੁਭ ਕਰਨ ਸਿੰਘ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੁਭ ਕਰਨ ਸਿੰਘ ਦੇ ਸਰੀਰ ਤੋਂ ਧਾਤ ਦੀਆਂ ਪੇਲੈਟ ਵੀ ਮਿਲੀਆਂ ਸਨ।
ਉਨ੍ਹਾਂ ਅੱਗੇ ਕਿਹਾ ਕਿ ਬੈਲਿਸਟਿਕ ਮਾਹਿਰ ਸ਼ੁਭ ਕਰਨ ਸਿੰਘ ਦੀ ਮੌਤ ਵਿੱਚ ਵਰਤੇ ਗਏ ਹਥਿਆਰ ਦਾ ਪਤਾ ਲਗਾਉਣ ਵਿੱਚ ਮਦਦ ਕਰਨਗੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ੁਭ ਕਰਨ ਸਿੰਘ ਦੀ ਖੋਪੜੀ ਵਿੱਚੋਂ ਮਿਲੇ ਧਾਤ ਦੀਆਂ ਪੇਲੈਟ ਵੀ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਜਦੋਂ ਬੀਬੀਸੀ ਪੰਜਾਬੀ ਵੱਲੋਂ ਸੰਪਰਕ ਕੀਤਾ ਗਿਆ ਤਾਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, "ਸਾਡੀ ਰਾਇ ਵਿੱਚ ਇਸ ਕੇਸ ਵਿੱਚ ਮੌਤ ਦਾ ਕਾਰਨ ਹਥਿਆਰ ਦੇ ਨਤੀਜੇ ਵਜੋਂ ਸਿਰ ਦੀ ਸੱਟ ਹੈ, ਜੋ ਕਿ ਮੌਤ ਦਾ ਕਾਰਨ ਬਣੀ।"
ਬੀਬੀਸੀ ਪੰਜਾਬੀ ਨੇ ਹਰਿਆਣਾ ਪੁਲਿਸ ਦਾ ਪੱਖ ਜਾਨਣ ਲਈ ਜੀਂਦ ਦੇ ਪੁਲਿਸ ਸੁਪਰਡੈਂਟ, ਸੁਮਿਤ ਕੁਮਾਰ ਨੂੰ ਕਈ ਫੋਨ ਕੀਤੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਸੁਮਿਤ ਕੁਮਾਰ ਨੇ ਪਹਿਲਾਂ ਕਿਸਾਨਾਂ 'ਤੇ ਪੈਲੇਟ ਗੰਨ ਜਾਂ ਕਿਸੇ ਹੋਰ ਕਿਸਮ ਦੇ ਹਥਿਆਰ ਦੀ ਵਰਤੋਂ ਤੋਂ ਇਨਕਾਰ ਕੀਤਾ ਸੀ।
ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਪਿਛਲੇ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਪੰਜਾਬ-ਹਰਿਆਣਾ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਉਹ ਕੇਂਦਰ ਸਰਕਾਰ ਤੋਂ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
ਕਿਸਾਨ ਯੂਨੀਅਨ ਵੱਲੋਂ ਨਿਰਪੱਖ ਜਾਂਚ ਦੀ ਮੰਗ

ਤਸਵੀਰ ਸਰੋਤ, Getty Images
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ 22 ਸਾਲਾ ਕਿਸਾਨ ਸ਼ੁਭ ਕਰਨ ਸਿੰਘ ਦੇ ਕਤਲ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਬੀਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਹਰਿਆਣਾ ਪੁਲਿਸ ਕਿਸਾਨਾਂ ਖਿਲਾਫ ਮਾਰੂ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ।
ਡੱਲੇਵਾਲ ਅੱਗੇ ਕਹਿੰਦੇ ਹਨ , “ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਕਾਰਨ 300 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ।”
ਉਨ੍ਹਾਂ ਕਿਹਾ, “ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੇਨਤੀ ਕਰਾਂਗੇ ਕਿ ਸ਼ੁਭ ਕਰਨ ਸਿੰਘ ਦੇ ਕਤਲ ਦੀ ਸੁਤੰਤਰ ਜਾਂਚ ਦੇ ਹੁਕਮ ਦਿੱਤੇ ਜਾਣ।”
ਡੱਲੇਵਾਲ ਨੇ ਸਵਾਲ ਕਰਦਿਆਂ ਕਿਹਾ ਕਿ ਹਰਿਆਣਾ ਪੁਲਿਸ ਕਿਵੇਂ ਸ਼ੁਭ ਕਰਨ ਸਿੰਘ ਦੇ ਮਾਮਲੇ ਦੀ ਜਾਂਚ ਕਰ ਸਕਦੀ ਹੈ ਜਦੋਂ ਉਹ ਖੁਦ ਸ਼ੁਭ ਕਰਨ ਸਿੰਘ ਨੂੰ ਮਾਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, “ਅਸੀਂ ਮੋਰਚੇ ਵਿੱਚ 8 ਮਾਰਚ ਨੂੰ ਮਹਿਲਾ ਦਿਵਸ ਮਨਾ ਰਹੇ ਹਾਂ ਅਤੇ ਸਾਡਾ 10 ਮਾਰਚ ਨੂੰ ਪੰਜਾਬ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ।”
ਪੰਜਾਬ ਪੁਲਿਸ ਵੱਲੋਂ ਜ਼ੀਰੋ ਐਫ.ਆਈ.ਆਰ

ਤਸਵੀਰ ਸਰੋਤ, Getty Images
ਪੰਜਾਬ ਪੁਲਿਸ ਨੇ ਪਟਿਆਲਾ ਦੇ ਪਾਤੜਾਂ ਥਾਣੇ ਵਿੱਚ ਸ਼ੁਭ ਕਰਨ ਦੀ ਮੌਤ ਦੇ ਮਾਮਲੇ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਹੈ। ਪੰਜਾਬ ਪੁਲਿਸ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302 (ਕਤਲ) ਅਤੇ 114 (ਅਪਰਾਧ ਕਰਨ ਵੇਲੇ ਹਾਜ਼ਰ ਹੋਣ) ਤਹਿਤ ਇਹ ਕੇਸ ਦਰਜ ਕੀਤਾ ਹੈ।
ਸ਼ੁਭ ਕਰਨ ਦੇ ਪਿਤਾ ਦੀ ਸ਼ਿਕਾਇਤ 'ਤੇ ਦਰਜ ਜ਼ੀਰੋ ਐਫਆਈਆਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤੀ ਗਈ ਹੈ।
ਇਸ ਐਫਆਈਆਰ ਅਨੁਸਾਰ ਘਟਨਾ ਵਾਲੀ ਥਾਂ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਗੜ੍ਹੀ ਵਿੱਚ ਦਿਖਾਈ ਗਈ ਹੈ।
ਕਿਸੇ ਵੀ ਪੁਲਿਸ ਸਟੇਸ਼ਨ ਦੁਆਰਾ ਇੱਕ ਜ਼ੀਰੋ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ, ਅਧਿਕਾਰ ਖੇਤਰ ਦੀ ਪਰਵਾਹ ਕੀਤੇ ਬਿਨਾਂ, ਜਦੋਂ ਉਸ ਨੂੰ ਕਿਸੇ ਅਪਰਾਧਿਕ ਅਪਰਾਧ ਬਾਰੇ ਸ਼ਿਕਾਇਤ ਮਿਲਦੀ ਹੈ।
ਜ਼ੀਰੋ ਐਫਆਈਆਰ ਪ੍ਰਾਪਤ ਕਰਨ ਤੋਂ ਬਾਅਦ, ਸਬੰਧਤ ਥਾਣਾ ਜਿਸ ਦੇ ਅਧਿਕਾਰ ਖੇਤਰ ਵਿੱਚ ਇਹ ਘਟਨਾ ਵਾਪਰੀ ਹੈ, ਇੱਕ ਨਵੀਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰਦਾ ਹੈ। ਇਸ ਮਾਮਲੇ ਵਿੱਚ ਸਬੰਧਤ ਥਾਣਾ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਹੈ।
ਆਪਣੀ ਸ਼ਿਕਾਇਤ ਵਿੱਚ ਸ਼ੁਭ ਕਰਨ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਸ਼ੁਭਕਰਨ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਲੱਗੀ ਸੀ ਤੇ ਉਹ ਡਿੱਗ ਗਿਆ ਫਿਰ ਉਸਨੂੰ ਖਨੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਸ਼ੁਭ ਕਰਨ ਸਿੰਘ ਦੀ ਲਾਸ਼ 8 ਦਿਨ ਮੁਰਦਾਘਰ ਵਿਚ ਪਈ ਰਹੀ

ਤਸਵੀਰ ਸਰੋਤ, SURINDER MAAN/BBC
ਸ਼ੁਭ ਕਰਮ ਸਿੰਘ ਦੀ ਮ੍ਰਿਤਕ ਦੇਹ 8 ਦਿਨਾਂ ਤੱਕ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਰਹੀ ਸੀ।
ਸ਼ੁਭ ਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰਨ ਨੂੰ ਲੈ ਕੇ ਸੂਬਾ ਸਰਕਾਰ ਨਾਲ ਸ਼ੁਭ ਕਰਨ ਸਿੰਘ ਪਰਿਵਾਰ ਅਤੇ ਕਿਸਾਨ ਯੂਨੀਅਨ ਵਿਚਾਲੇ ਰੇੜਕਾ ਚਲ ਰਿਹਾ ਸੀ।
ਸ਼ੁਭ ਕਰਨ ਸਿੰਘ ਦਾ ਪਰਿਵਾਰ ਤੇ ਕਿਸਾਨ ਯੂਨੀਅਨ ਮੰਗ ਕਰ ਰਹੇ ਸਨ ਕਿ ਪਹਿਲਾ ਕਤਲ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਜਾਵੇ ਫਿਰ ਸ਼ੁਭ ਕਰਨ ਸਿੰਘ ਦਾ ਪੋਸਟਮਾਰਟਮ ਤੇ ਸਸਕਾਰ ਕੀਤਾ ਜਾਵੇਗਾ।
ਆਖਰਕਾਰ ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲ੍ਹੇ ਵਿੱਚ 29 ਫਰਵਰੀ ਨੂੰ ਜ਼ੀਰੋ ਐਫਆਈਆਰ ਦਰਜ ਕੀਤੀ ਬਾਅਦ ਵਿੱਚ ਡਾਕਟਰਾਂ ਨੇ ਉਸਦਾ ਪੋਸਟਮਾਰਟਮ ਕੀਤਾ ਗਿਆ।
ਕਿਸਾਨ ਯੂਨੀਅਨ ਨੇ 1 ਮਾਰਚ ਨੂੰ ਸ਼ੁਭ ਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਖਨੌਰ ਬਾਰਡਰ ਵਿਖੇ ਲਿਜਾਇਆ, ਜਿੱਥੇ ਕਿਸਾਨਾਂ ਨੇ ਉਸਨੂੰ ਸ਼ਰਧਾਂਜਲੀ ਭੇਟ ਕੀਤੀ, ਬਾਅਦ ਵਿੱਚ ਬਠਿੰਡਾ ਜ਼ਿਲ੍ਹੇ ਦੇ ਜੱਦੀ ਪਿੰਡ ਬੱਲ੍ਹੋ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ 1 ਕਰੋੜ ਮੁਆਵਜ਼ੇ ਅਤੇ ਭੈਣ ਨੂੰ ਨੌਕਰੀ ਦਾ ਐਲਾਨ

ਪੰਜਾਬ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ), ਹੈੱਡਕੁਆਰਟਰ, ਸੁਖਚੈਨ ਸਿੰਘ ਗਿੱਲ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸ਼ੁਭ ਕਰਨ ਦੇ ਮਾਮਲੇ ਵਿੱਚ ਕਾਨੂੰਨੀ ਮਾਹਿਰਾਂ ਦੀ ਸਲਾਹ 'ਤੇ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕਾਨੂੰਨ ਅਨੁਸਾਰ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸ਼ੁਭਕਰਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ।
ਉਹਨਾਂ ਕਿਹਾ, "ਪਰਿਵਾਰ ਦੀ ਬੇਨਤੀ ਅਨੁਸਾਰ, ਸ਼ੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਨੌਕਰੀ ਦਿੱਤੀ ਜਾਵੇਗੀ।"












