ਭਾਰਤ ਵਿੱਚ ਖਸਰੇ ਦੇ ਕੇਸ ਵਧੇ ਤੇ ਕੁਝ ਮੌਤਾਂ, ਲੱਛਣ ਤੇ ਇਲਾਜ ਸਣੇ ਜਾਣੋ 10 ਅਹਿਮ ਗੱਲਾਂ

    • ਲੇਖਕ, ਗੁਲਸ਼ਨ ਕੁਮਾਰ ਵਨਕਰ
    • ਰੋਲ, ਬੀਬੀਸੀ ਪੱਤਰਕਾਰ

ਹੁਣ ਜਦੋਂ ਕੋਰੋਨਾ ਸੰਕਟ ਦੇ ਘੱਟ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਖਸਰੇ ਦਾ ਖ਼ਤਰਾ ਵੱਧ ਸਕਦਾ ਹੈ।

ਖਸਰਾ ਇੱਕ ਲਾਗ ਦੀ ਬਿਮਾਰੀ ਹੈ ਅਤੇ ਇਸਦੀ ਰੋਕਥਾਮ ਸਿਰਫ਼ ਮੁਕੰਮਲ ਤੌਰ ’ਤੇ ਕੀਤੇ ਟੀਕਾਕਰਣ ਜ਼ਰੀਏ ਹੋ ਸਕਦੀ ਹੈ।

ਪਰ ਜੇ ਖਸਰਾ ਹੋ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਜੇ ਖਸਰਾ ਹੋਣ ਦਾ ਗੰਭੀਰ ਸ਼ੱਕ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?

ਅਜਿਹੇ ਕਈ ਸਵਾਲ ਆਮ ਲੋਕਾਂ ਦੇ ਮਨਾਂ ਵਿੱਚ ਘੁੰਮ ਰਹੇ ਹਨ।

ਬੀਬੀਸੀ ਨੇ ਅਜਿਹੇ 10 ਸਵਾਲਾਂ ਦੇ ਜਵਾਬਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜੋ ਖਸਰੇ ਬਾਰੇ ਕਿਸੇ ਦੇ ਵੀ ਮਨ ਵਿੱਚ ਆ ਸਕਦੇ ਹਨ।

1. ਖਸਰਾ ਕੀ ਹੈ?

ਖਸਰਾ ਇੱਕ ਬੇਹੱਦ ਗੰਭੀਰ ਲਾਗ ਵਾਲੀ ਬਿਮਾਰੀ ਹੈ, ਜੋ ਕਿ 'ਪੈਰਾਮਾਈਕਸੋਵਾਇਰਸ' ਨਾਮਕ ਵਾਇਰਸ ਦੀ ਲਾਗ ਨਾਲ ਫ਼ੈਲਦੀ ਹੈ।

ਜੇ ਖਸਰੇ ਤੋਂ ਪੀੜਤ ਵਿਅਕਤੀ ਖੰਘਦਾ ਹੈ ਜਾਂ ਛਿੱਕ ਮਾਰਦਾ ਹੈ ਤਾਂ ਇਹ ਵਾਇਰਸ ਵਿਅਕਤੀ ਦੇ ਥੁੱਕ ਦੇ ਕਣਾਂ ਜ਼ਰੀਏ ਹਵਾ ਵਿੱਚ ਫ਼ੈਲ ਜਾਂਦਾ ਹੈ। ਉਹ ਇੱਕ ਸਿਹਤਮੰਦ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਸਕਦੇ ਹਨ।

ਖਸਰੇ ਦੇ ਲੱਛਣ ਆਮ ਤੌਰ 'ਤੇ ਦੂਜੇ ਹਫ਼ਤੇ ਤੱਕ ਦਿਖਾਈ ਦੇਣ ਲੱਗ ਪੈਂਦੇ ਹਨ। ਖਸਰੇ ਤੋਂ ਪੀੜਤ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਵੀ ਖਸਰੇ ਦੀ ਲਾਗ ਹੋ ਸਕਦੀ ਹੈ।

2. ਖਸਰੇ ਦੇ ਲੱਛਣ ਕੀ ਹਨ?

ਬੱਚਿਆਂ ਵਿੱਚ ਇਸ ਦੇ ਸ਼ੁਰੂਆਤੀ ਲੱਛਣ ਜ਼ੁਕਾਮ, ਬੁਖ਼ਾਰ, ਖੰਘ, ਗਲੇ ਵਿੱਚ ਖਰਾਸ਼, ਸਰੀਰ ਵਿੱਚ ਦਰਦ, ਅੱਖਾਂ ਵਿੱਚ ਜਲਨ, ਅੱਖਾਂ ਦਾ ਲਾਲ ਹੋਣਾ ਆਦਿ ਹਨ।

ਪੰਜ ਤੋਂ ਸੱਤ ਦਿਨਾਂ ਬਾਅਦ, ਸਰੀਰ 'ਤੇ ਲਾਲ ਚਟਾਕ ਦਿਖਾਈ ਦਿੰਦੇ ਹਨ। ਕਈ ਵਾਰ ਮੂੰਹ ਵਿੱਚ ਚਿੱਟੇ ਧੱਬੇ ਵੀ ਦਿਖਾਈ ਦਿੰਦੇ ਹਨ।

3. ਜੇਕਰ ਲੱਛਣ ਦਿਖਾਈ ਦੇਣ ਤਾਂ ਕੀ ਕਰਨਾ ਹੈ?

ਖਸਰੇ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਖੂਨ ਦੀ ਜਾਂਚ ਤੋਂ ਬਿਮਾਰੀ ਦਾ ਪਤਾ ਲੱਗਣ 'ਤੇ ਤੁਰੰਤ ਦਵਾਈ ਸ਼ੁਰੂ ਕਰ ਦਿਓ।

ਘਰੇਲੂ ਉਪਾਅ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਬਿਮਾਰੀ ਨੂੰ ਵਧਾ ਸਕਦੇ ਹਨ ਤੇ ਨਿਮੋਨੀਆ ਦਾ ਖਤਰਾ ਪੈਦਾ ਹੋ ਸਕਦਾ ਹੈ।

4. ਖਸਰਾ ਕਿਸ ਨੂੰ ਹੋ ਸਕਦਾ ਹੈ?

ਬੱਚੇ ਜਿਨ੍ਹਾਂ ਦਾ ਟੀਕਾਕਰਨ ਨਾ ਹੋਇਆ ਹੋਵੇ ਨੂੰ ਖਸਰੇ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।

ਉਸ ਤੋਂ ਬਾਅਦ, ਗਰਭਵਤੀ ਔਰਤਾਂ ਨੂੰ ਵੀ ਖਸਰੇ ਦੀ ਲਾਗ ਲੱਗਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।

ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਸ ਨੇ ਖਸਰੇ ਦੀ ਰੋਕਥਾਮ ਤੋਂ ਟੀਕਾ ਨਾ ਲਗਵਾਇਆ ਹੋਵੇ ਨੂੰ ਖਸਰਾ ਹੋ ਸਕਦਾ ਹੈ।

5. ਖਸਰੇ ਦਾ ਟੀਕਾ ਕੀ ਹੈ? ਕਿੰਨੀ ਖੁਰਾਕ ਲੈਣੀ ਹੈ?

ਬੱਚਿਆਂ ਨੂੰ ਖਸਰੇ ਦੇ ਨਾਲ-ਨਾਲ ਰੁਬੈਲਾ ਵੈਕਸੀਨ, ਜਿਸ ਨੂੰ ਐੱਮਆਰ ਵੈਕਸੀਨ ਕਿਹਾ ਜਾਂਦਾ ਹੈ, ਦੋ ਖੁਰਾਕਾਂ ਵਿੱਚ ਦਿੱਤੀ ਜਾਂਦੀ ਹੈ।

ਪਹਿਲੀ ਖ਼ੁਰਾਕ ਉਸ ਸਮੇਂ ਦਿੱਤੀ ਜਾਂਦੀ ਹੈ ਜਦੋਂ ਬੱਚਾ 9 ਤੋਂ 12 ਮਹੀਨਿਆਂ ਦਾ ਹੁੰਦਾ ਹੈ ਅਤੇ ਦੂਜੀ ਖੁਰਾਕ ਜਦੋਂ ਬੱਚਾ 16 ਤੋਂ 24 ਮਹੀਨਿਆਂ ਦਾ ਹੁੰਦਾ ਹੈ।

6. ਜੇ ਬਚਪਨ ਵਿੱਚ ਲੱਗਿਆ ਹੋਵੇ ਤਾਂ ਕੀ ਹੁਣ ਦੁਬਾਰਾ ਲਗਵਾਉਣ ਦੀ ਲੋੜ ਹੈ?

ਨਹੀਂ ਜੇ ਤੁਸੀਂ ਬਚਪਨ ਵਿੱਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਤਾਂ ਤੁਸੀਂ ਉਮਰ ਭਰ ਲਈ ਖਸਰੇ ਤੋਂ ਸੁਰੱਖਿਅਤ ਹੋ।

7. ਵਿਟਾਮਿਨ ਏ ਦੀ ਖ਼ੁਰਾਕ ਕਿਉਂ ਜ਼ਰੂਰੀ ਹੈ?

ਜਿਨ੍ਹਾਂ ਬੱਚਿਆਂ ਵਿੱਚ ਵਿਟਾਮਿਨ ਏ ਦੀ ਕਮੀ ਹੁੰਦੀ ਹੈ, ਉਨ੍ਹਾਂ ਵਿੱਚ ਖਸਰੇ ਦੀ ਲਾਗ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਇਸ ਤੋਂ ਇਲਾਵਾ ਜਦੋਂ ਕੋਈ ਲਾਗ ਤੋਂ ਪ੍ਰਭਾਵਿਤ ਹੁੰਦਾ ਹੈ, ਤਾਂ ਸਰੀਰ ਵਿੱਚ ਤਰਲ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਵਿਟਾਮਿਨ ਏ ਦਾ ਪੱਧਰ ਡਿੱਗ ਜਾਂਦਾ ਹੈ।

ਇਹੀ ਕਾਰਨ ਹੈ ਕਿ ਖਸਰੇ ਦੇ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਜਾਰੀ ਰੱਖਦੇ ਹੋਏ ਰੋਜ਼ਾਨਾ ਵਿਟਾਮਿਨ ਏ ਦੀ ਖੁਰਾਕ ਦਿੱਤੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਨੇ ਮੌਤ ਦਰ ਨੂੰ ਵੀ ਘਟਾਇਆ ਹੈ।

8. ਕੀ ਨਿੰਮ ਦਾ ਪਾਣੀ ਵਾਕਈ ਫਾਇਦੇਮੰਦ ਹੈ?

ਖਸਰੇ ਦੀ ਲਾਗ ਵਿੱਚ ਧੱਫੜਾਂ ਤੇ ਬੁਖ਼ਾਰ ਨਾਲ ਅਕਸਰ ਖ਼ਾਰਿਸ਼ ਹੋਣ ਲੱਗਦੀ ਹੈ। ਇਸ ਲਈ ਨਹਾਉਣ ਵਾਲੇ ਪਾਣੀ 'ਚ ਨਿੰਮ ਦੇ ਪੱਤੇ ਪਾਉਣਾ ਕੁਦਰਤੀ ਤੌਰ 'ਤੇ ਪਹਿਲਾ ਘਰੇਲੂ ਉਪਾਅ ਹੈ-

ਮਹਾਰਾਸ਼ਟਰ ਵਿੱਚ ਰੋਗ ਸਰਵੇਖਣ ਅਧਿਕਾਰੀ ਡਾ. ਪ੍ਰਦੀਪ ਆਵਤੇ ਕਹਿੰਦੇ ਹਨ, "ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਹ ਬਿਮਾਰੀ ਵਾਇਰਲ ਹੈ ਅਤੇ ਲੱਛਣਾਂ ਦੇ ਆਧਾਰ ’ਤੇ ਇਸ ਦਾ ਇਲਾਜ ਕੀਤਾ ਜਾਂਦਾ ਹੈ।”

“ਪਰ ਪਸ ਬਣਨ ਤੋਂ ਰੋਕਣ ਲਈ, ਨਿੰਬੂ ਦੀਆਂ ਪੱਤੀਆਂ ਨੂੰ ਐਂਟੀਸੈਪਟਿਕ, ਕੀਟਾਣੂਨਾਸ਼ਕ ਵਜੋਂ ਵਰਤਿਆ ਜਾਂਦਾ ਹੈ।"

9. ਕੀ ਖਸਰਾ ਇੱਕ ਵਿਸ਼ਵਵਿਆਪੀ ਮਹਾਂਮਾਰੀ ਹੈ?

ਇਸ ਸਮੇਂ ਖਸਰੇ ਦੀ ਕੋਈ ਵਿਸ਼ਵਵਿਆਪੀ ਮਹਾਂਮਾਰੀ ਨਹੀਂ ਹੈ, ਪਰ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਦਾ ਪ੍ਰਕੋਪ ਦੇਖਿਆ ਜਾ ਰਿਹਾ ਹੈ।

ਮੁੰਬਈ ਵਿੱਚ ਵੀ ਕੁਝ ਮੌਤਾਂ ਹੋਈਆਂ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਦੁਨੀਆ ਵਿਚ ਕਈ ਚੀਜ਼ਾਂ ਰੁਕ ਗਈਆਂ ਸਨ।

ਡਬਲਿਊਐੱਚਓ ਦਾ ਅੰਦਾਜ਼ਾ ਹੈ ਕਿ ਕਰੀਬ 4 ਕਰੋੜ ਬੱਚੇ ਖਸਰੇ ਦੇ ਟੀਕੇ ਤੋਂ ਵਾਂਝੇ ਰਹਿ ਗਏ ਸਨ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਖਸਰੇ ਦੀ ਰੋਕਥਾਮ ਲਈ 95 ਫ਼ੀਸਦੀ ਆਬਾਦੀ ਦੇ ਟੀਕਾਕਰਨ ਦੀ ਲੋੜ ਹੁੰਦੀ ਹੈ, ਪਰ ਦੁਨੀਆ ਭਰ ਵਿੱਚ ਇਸ ਸਮੇਂ ਇਹ ਦਰ ਘੱਟ ਕੇ 81 ਫੀਸਦੀ ਰਹਿ ਗਈ ਹੈ।

ਇਨ੍ਹਾਂ ਹਾਲਾਤਾ ਵਿੱਚ ਖਸਰੇ ਦਾ ਪ੍ਰਕੋਪ ਵਿਆਪਕ ਰੂਪ ਵਿੱਚ ਫ਼ੈਲ ਸਕਦਾ ਹੈ।

 ਡਾਕਟਰ ਪ੍ਰਦੀਪ ਆਵਤੇ ਕਹਿੰਦੇ ਹਨ, "ਮਹਾਰਾਸ਼ਟਰ ਵਿੱਚ ਟੀਕਾਕਰਨ ਦੀ ਸਥਿਤੀ ਇਸ ਵੇਲੇ ਚੰਗੀ ਹੈ, ਕਰੀਬ 90 ਫ਼ੀਸਦ। ਪਰ ਕੁਝ ਖੇਤਰਾਂ ਵਿੱਚ ਇਹ ਅੰਕੜਾ ਔਸਤ ਤੋਂ ਘੱਟ ਹੈ, ਇਸ ਲਈ ਪ੍ਰਕੋਪ ਹੈ।”

“ਦੇਸ਼ ਦੇ ਕਈ ਸੂਬਿਆਂ ਵਿੱਚ, ਮਹਾਰਾਸ਼ਟਰ ਦੇ ਮੁਕਾਬਲੇ ਖਸਰੇ ਦੇ ਮਰੀਜ ਪੰਜ ਤੋਂ ਛੇ ਗੁਣਾ ਤੱਕ ਵੱਧ ਹਨ। ਪਿਛਲੇ ਸਾਲ ਖਸਰੇ ਦੇ ਜ਼ਿਆਦਾ ਮਰੀਜ਼ ਦੇਖੇ ਗਏ ਹਨ। ਇਸ ਲਈ ਮੌਜੂਦਾ ਸਮੇਂ ਵਿੱਚ ਕੌਮੀ ਪੱਧਰ 'ਤੇ ਇਸ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਕੰਮ ਚੱਲ ਰਿਹਾ ਹੈ।”

10. ਖਸਰਾ ਕਿੰਨਾ ਖਤਰਨਾਕ ਹੈ

ਅਤੀਤ ਵਿੱਚ, ਖਸਰੇ ਦਾ ਪ੍ਰਕੋਪ ਹਰ ਦੋ ਤੋਂ ਤਿੰਨ ਸਾਲਾਂ ਵਿੱਚ ਹੁੰਦਾ ਸੀ ਅਤੇ ਹਰ ਸਾਲ ਦੁਨੀਆ ਭਰ ਵਿੱਚ 26 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਸੀ।

ਸਾਲ 1963 ਵਿੱਚ ਖਸਰੇ ਦੇ ਟੀਕੇ ਦੀ ਖੋਜ ਤੋਂ ਬਾਅਦ ਵਿਸ਼ਵ ਭਰ ਵਿੱਚ ਟੀਕਾਕਰਨ ਮੁਹਿੰਮ ਸ਼ੁਰੂ ਹੋਈ।

ਪਰ ਇਕੱਲੇ 2021 ਵਿਚ ਹੀ ਦੁਨੀਆ ਭਰ ਵਿਚ ਖਸਰੇ ਕਾਰਨ 1 ਲੱਖ 28 ਹਜ਼ਾਰ ਲੋਕਾਂ ਦੀ ਮੌਤ ਹੋ ਗਈ।

ਇਸ ਲਈ ਜੇਕਰ ਤੁਸੀਂ ਆਪਣੇ ਬੱਚੇ ਦਾ ਐੱਮਆਰ ਜਾਂ ਐੱਮਐੱਨਆਰ ਟੀਕਾ ਲਗਵਾਉਣ ਤੋਂ ਖੁੰਝ ਗਏ ਹੋ, ਤਾਂ ਯਕੀਨੀ ਤੌਰ 'ਤੇ ਇਸ ਨੂੰ ਲਗਵਾਓ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)