ਕੋਰੋਨਾਵਾਇਰਸ: ਵੈਕਸੀਨ ਬਣਾਉਣ ਲਈ 20 ਸਾਲ ਲਗਾਉਣ ਵਾਲੀ ਸਾਇੰਸਦਾਨ ਉਸ ਤੋਂ ਪੈਸੇ ਨਹੀਂ ਕਮਾਉਣਾ ਚਾਹੁੰਦੀ

    • ਲੇਖਕ, ਬੀਬੀਸੀ ਨਿਊਜ਼ ਵਰਲਡ
    • ਰੋਲ, ਕਾਰਲੋਸ ਸੇਰਾਨੋ

ਜਦੋਂ ਤੋਂ ਕੋਰੋਨਾਵਾਇਰਸ ਖ਼ਿਲਾਫ਼ ਪਹਿਲਾ ਵੈਕਸੀਨ ਬਣਿਆ ਹੈ ਉਦੋਂ ਤੋਂ ਹੀ ਇੱਕ ਬਹਿਸ ਨੇ ਦੁਨੀਆਂ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ।

ਇੱਕ ਪਾਸੇ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਉਹ ਵੱਡੀਆਂ ਦਵਾਈ ਕੰਪਨੀਆਂ ਹਨ ਜਿਨ੍ਹਾਂ ਨੇ ਆਪੋ-ਆਪਣੇ ਵੈਕਸੀਨਾਂ ਦੇ ਬੌਧਿਕ ਹੱਕਾਂ ਨੂੰ ਸੁਰੱਖਿਅਤ ਕਰ ਲਿਆ ਹੈ।

ਦੂਜੇ ਪਾਸੇ ਉਹ ਲੋਕ ਹਨ ਜੋ ਇਹ ਮੰਗ ਕਰ ਰਹੇ ਹਨ ਕਿ ਵੈਕਸੀਨਾਂ ਦੇ ਫਾਰਮੂਲਿਆਂ ਉੱਪਰ ਕਿਸੇ ਇੱਕ ਦੀ ਅਜਾਰੇਦਾਰੀ (ਪੇਟੈਂਟ) ਨਹੀਂ ਹੋਣੀ ਚਾਹੀਦੀ ਤਾਂ ਜੋ ਵੈਕਸੀਨ ਵੱਡੀ ਮਾਤਰਾ ਵਿੱਚ ਬਣਾਏ ਜਾ ਸਕਣ ਅਤੇ ਗ਼ਰੀਬ ਦੇਸ਼ਾਂ ਤੱਕ ਵੀ ਪਹੁੰਚਾਏ ਜਾ ਸਕਣ।

ਇੱਕ ਸਾਇੰਸਦਾਨ ਨੇ ਇਸ ਬਹਿਸ ਨੂੰ ਖ਼ਤਮ ਕਰਨ ਵੱਲ ਕਦਮ ਚੁੱਕਿਆ ਹੈ, ਉਨ੍ਹਾਂ ਨੇ ਕੋਰੋਨਾਵਾਇਰਸ ਖ਼ਿਲਾਫ਼ ਦੁਨੀਆਂ ਦਾ ਪਹਿਲਾਂ ਪੇਟੈਂਟ ਮੁਕਤ ਵੈਕਸੀਨ ਵਿਕਸਿਤ ਕੀਤਾ ਹੈ।

ਇਹ ਸਾਇੰਸਦਾਨ ਹਨ ਡਾ਼ ਮਾਰੀਆ ਐਲੇਨਾ ਬੋਟਾਜ਼ੀ ਜੋ ਕਿ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਬੱਚਿਆਂ ਦੇ ਹਸਪਤਾਲ ਵਿੱਚ ਵੈਕਸੀਨ ਵਿਕਾਸ ਸੈਂਟਰ ਦੇ ਕੋਆਰਡੀਨੇਟਰ ਹਨ।

ਡਾ਼ ਬੋਟਾਜ਼ੀ ਅਤੇ ਡਾ਼ ਪੀਟਰ ਹੋਟੇਜ਼ ਨੇ ਕੋਰੋਨਾਵਾਇਰਸ ਖ਼ਿਲਾਫ਼ ਇੱਕ ਟੀਕਾ ਵਿਕਸਿਤ ਕੀਤਾ ਜਿਸ ਨੂੰ ਭਾਰਤ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਐਮਰਜੈਂਸੀ ਸੂਰਤਾਂ ਵਿੱਚ ਵਰਤਣ ਲਈ ਪ੍ਰਵਾਨਗੀ ਮਿਲ ਚੁੱਕੀ ਹੈ।

ਇਸ ਉਨ੍ਹਾਂ ਵੱਲੋਂ ਵਿਕਸਿਤ ਕੀਤੇ ਗਏ ਵੈਕਸੀਨ ਦਾ ਨਾਮ ਕੋਰਬੇਵੈਕਸ ਹੈ। ਡਾ਼ ਬੋਟਾਜ਼ੀ ਮੁਤਾਬਕ ਇਸ ਵੈਕਸੀਨ ਬਾਰੇ ਸਾਰੀ ਜਾਣਕਾਰੀ ਬਿਨਾਂ ਮੁਨਾਫ਼ਾ ਅਧਾਰ 'ਤੇ ਸਾਰਿਆਂ ਲਈ ਉਪਲਭਧ ਹੈ।

ਉਨ੍ਹਾਂ ਨੇ ਕਿਹਾ,''ਇਸ ਨੂੰ ਕੋਈ ਵੀ ਬਣਾ ਸਕਦਾ ਹੈ। ਕੋਈ ਵੀ ਸਾਡੇ ਨਾਲ ਕੰਮ ਕਰ ਸਕਦਾ ਹੈ।''

ਫ਼ਿਲਹਾਲ ਡਾ਼ ਬੋਟਾਜ਼ੀ ਅਤੇ ਉਨ੍ਹਾਂ ਦੀ ਟੀਮ ਵੈਕਸੀਨ ਨੂੰ ਇੰਡੋਨੇਸ਼ੀਆ, ਬੰਗਲਾਦੇਸ਼ ਅਤੇ ਬੋਤਸਵਾਨਾ ਵਿੱਚ ਬਣਵਾਉਣ ਲਈ ਕੋਸ਼ਿਸ਼ ਕਰ ਰਹੇ ਹਨ।

ਲੈਟਿਨ ਅਮਰੀਕੀ ਭਾਈਚਾਰੇ ਹੋਨਡਿਊਰਾ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਦੀ ਖ਼ਾਸ ਦਿਲਚਸਪੀ ਹੈ ਕਿ ਵੈਕਸੀਨ ਕਿਸੇ ਕੇਂਦਰੀ ਅਮਰੀਕੀ ਦੇਸ਼ ਵਿੱਚ ਵੀ ਬਣ ਸਕੇ ਅਤੇ ਸਮੁੱਚੇ ਖੇਤਰ ਵਿੱਚ ਵੰਡਿਆ ਜਾ ਸਕੇ।

ਬੀਬੀਸੀ ਮੁੰਡੋ ਨਾਲ ਗੱਲਬਾਤ ਦੌਰਾਨ ਡਾ਼ ਬੋਟਾਜ਼ੀ ਨੇ ਸਮਝਾਇਆ,''ਕੋਰਬੇਵੈਕਸ ਕੋਰੋਨਾਵਾਇਰਸ ਖ਼ਿਲਾਫ਼ ਵਿਸ਼ਵੀ ਸਿਹਤ ਲਈ ਡਿਜ਼ਾਇਨ ਕੀਤਾ ਗਿਆ ਪਹਿਲਾ ਵੈਕਸੀਨ ਹੈ।''

ਬੀਬੀਸੀ ਨੂੰ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇਸ ਵੈਕਸੀਨ ਨਾਲ ਦੁਨੀਆਂ ਵਿੱਚ ਵੈਕਸੀਨ ਦੀ ਵੰਡ ਤੇ ਉਤਪਾਦਨ ਉੱਪਰ ਅਸਰ ਪਵੇਗਾ।

ਅਜ਼ਮਾਈ ਹੋਈ ਤਕਨੀਕ

ਦੋਵਾਂ ਸਾਇੰਸਦਾਨਾਂ ਵੱਲੋਂ ਵਿਕਸਿਤ ਕੀਤਾ ਗਿਆ ਵੈਕਸੀਨ ਰਵਾਇਤੀ ਤਕਨੀਕ (ਰੀਕੋਂਮਬੀਐਂਟ ਪ੍ਰੋਟੀਨ) ਉੱਪਰ ਅਧਾਰਿਤ ਹੈ।

ਇਹ ਤਕਨੀਕ ਹੈਪਿਟਾਈਟਸ-ਬੀ ਵਰਗੇ ਰੋਗਾਂ ਖ਼ਿਲਾਫ਼ ਵੀ ਸਫ਼ਲਤਾ ਸਹਿਤ ਵਰਤੀ ਜਾ ਚੁੱਕੀ ਹੈ ਅਤੇ ਦਹਾਕਿਆਂ ਦੌਰਾਨ ਇਸ ਦੀ ਕਾਰਗਰਤਾ ਸਾਬਤ ਹੋਈ ਹੈ।

ਇਸ ਤਕਨੀਕ ਦਾ ਮੂਲ ਹੈ ਕਿ ਕਿਸੇ ਵਾਇਰਸ ਵਿੱਚੋਂ ਇੰਨੇ ਪ੍ਰੋਟੀਨ ਹਾਸਲ ਕਰਨੇ ਕਿ ਸਰੀਰ ਦੀ ਰੋਗ ਰੱਖਿਆ ਪ੍ਰਣਾਲੀ ਉਸ ਪ੍ਰਤੀ ਪ੍ਰਤੀਕਿਰਿਆ ਤਾਂ ਕਰੇ ਪਰ ਬੀਮਾਰੀ ਉਤਪੰਨ ਨਾ ਹੋਵੇ।

ਇਸ ਤੋਂ ਇਲਾਵਾ ਇਸ ਦੇ ਨਿਰਮਾਣ ਲਈ ਦੂਜੇ ਵੈਕਸੀਨਾਂ ਦੇ ਮੁਕਾਬਲੇ ਕਿਤੇ ਸਸਤੀ ਅਤੇ ਸਧਾਰਣ ਉਤਪਾਦਨ ਪ੍ਰਕਿਰਿਆ ਦੀ ਲੋੜ ਪੈਂਦੀ ਹੈ, ਜਿਵੇਂ ਕਿ ਫ਼ਾਇਜ਼ਰ ਜਾਂ ਮੌਡਰਨਾ ਦੇ ਵੈਕਸੀਨ।

ਬੋਟਾਜ਼ੀ ਅਤੇ ਹੋਟੇਜ਼ ਇਸ ਵੈਕਸੀਨ ਉੱਪਰ ਸਾਲ 2000 ਦੇ ਦਹਾਕੇ ਤੋਂ ਕੰਮ ਕਰ ਰਹੇ ਸਨ, ਜਦੋਂ ਕਿ ਐਮਈਆਰਐਸ ਅਤੇ ਸਾਰਸ ਬੀਮਾਰੀਆਂ ਉੱਠੀਆਂ ਸਨ ਜੋ ਕਿ ਕੋਰੋਨਾਵਇਰਸ ਦੇ ਹੀ ਰੂਪਾਂ ਤੋਂ ਫ਼ੈਲਦੀਆਂ ਹਨ।

ਉਸ ਸਮੇਂ ਕਿਉਂਕਿ ਇਨ੍ਹਾਂ ਵਾਇਰਸਾਂ ਨੇ ਮਹਾਮਾਰੀ ਦਾ ਰੂਪ ਧਾਰਨ ਨਹੀਂ ਕੀਤਾ ਸੀ। ਇਨ੍ਹਾਂ ਵੈਕਸੀਨਾਂ ਵਿੱਚ ਰੁਚੀ ਘਟ ਗਈ। ਹਾਲਾਂਕਿ ਸਾਰਸ- ਕੋਵ-2 ਤੋਂ ਪਹਿਲਾਂ ਹੀ ਦੋਵਾਂ ਮਾਹਰਾਂ ਨੇ ਵੈਕਸੀਨ ਉੱਪਰ ਆਪਣਾ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਜਿੱਥੇ ਕੰਮ ਛੱਡਿਆ ਸੀ ਉੱਥੋਂ ਹੀ ਮੁੜ ਸ਼ੁਰੂ ਕਰ ਲਿਆ, ਇਸ ਤਰ੍ਹਾਂ ਉਨ੍ਹਾਂ ਦੇ ਬਹੁਤ ਸਾਰੇ ਕੀਮਤੀ ਸਮੇਂ ਦੀ ਬਚਤ ਹੋ ਗਈ।

ਦਿਲਚਸਪੀ ਦੀ ਕਮੀ

ਇਸ ਤਰ੍ਹਾਂ ਜਦੋਂ ਕੋਵਿਡ-19 ਮਹਾਮਾਰੀ ਆਈ ਤਾਂ ਮਾਹਰ ਡਾ਼ ਬੋਟਾਜ਼ੀ ਅਤੇ ਹੋਟੇਜ਼ ਆਪਣੇ ਵੈਕਸੀਨ ਨੂੰ ਹੋਰ ਵਧੀਆ ਕਰਨ ਲਈ ਲੋੜੀਂਦੇ ਟੈਸਟਾਂ ਨਾਲ ਤਿਆਰ ਸਨ।

ਹਾਲਾਂਕਿ ਡਾ਼ ਬੋਟਾਜ਼ੀ ਦੱਸਦੇ ਹਨ ਕਿ ਉਨ੍ਹਾਂ ਨੂੰ ਅਮਰੀਕੀ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੋਈ ਮਦਦ ਨਹੀਂ ਮਿਲੀ ਕਿਉਂਕਿ ਇਸ ਵਿੱਚ ''ਦਿਲਚਸਪੀ ਹੀ ਨਹੀਂ ਰਹੀ'' ਸੀ।

ਇਹ ਵੀ ਪੜ੍ਹੋ:

ਉਹ ਦੱਸਦੇ ਹਨ ਕਿ, ਉਨ੍ਹਾਂ ਦੀ ਦਿਲਚਸਪੀ ਐਮਆਰਐਨਏ ਵੈਕਸੀਨ ਵਿੱਚ ਸੀ।

ਉਹ ਦੱਸਦੇ ਹਨ, ''ਰੀਕੋਂਬੀਐਂਟ ਜਾਂ ਰਵਾਇਤੀ ਵੈਕਸੀਨਾਂ ਦੀ ਮਦਦ ਨਾ ਕਰਨਾ ਇੱਕ ਵੱਡੀ ਭੁੱਲ ਸੀ ਕਿਉਂਕਿ ਇਹ ਸੱਚ ਹੈ ਕਿ ਸ਼ਾਇਦ ਸਾਨੂੰ ਉਤਪਾਦਨ ਕਰਨ ਵਿੱਚ ਜ਼ਿਆਦਾ ਦੇਰ ਲੱਗੀ ਪਰ ਜਦੋਂ ਅਸੀਂ ਬਣਾ ਲਈ ਤਾਂ ਇਸ ਤੋਂ ਖਰਬਾਂ ਖ਼ੁਰਾਕਾਂ ਤਿਆਰ ਕੀਤੀਆਂ ਜਾ ਸਕਦੀ ਹਨ। ਜਦਕਿ ਐਮਆਰਐਨਏ ਨਾਲ ਖ਼ੁਰਾਕਾਂ ਤੇਜ਼ੀ ਨਾਲ ਤਾਂ ਬਣ ਸਕਦੀਆਂ ਹਨ ਪਰ ਸੰਤੁਸ਼ਟੀਜਨਕ ਪੱਧਰ 'ਤੇ ਨਹੀਂ ਬਣ ਸਕਦੀਆਂ।''

ਵੈਕਸੀਨ ਦੀ ਕਾਰਗਰਤਾ

ਹਾਲਾਂਕਿ ਜਦੋਂ ਮਹਾਮਾਰੀ ਆਪਣੇ ਤੀਜੇ ਸਾਲ ਵਿੱਚ ਦਾਖ਼ਲ ਹੋ ਰਹੀ ਹੈ ਤਾਂ ਉਮੀਦ ਹੈ ਕਿ ਡਾ਼ ਬੋਟਾਜ਼ੀ ਦੀ ਵੈਕਸੀਨ ਨੂੰ ਇਸ ਵਾਰ ਮੌਕਾ ਮਿਲੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਾਇੰਸਦਾਨ ਮੁਤਾਬਕ ਭਾਰਤ ਸਰਕਾਰ ਸਮੱਸਿਆ ਦੇ ਹੱਲ ਪ੍ਰਤੀ ਜ਼ਿਆਦਾ ਉਤਸੁਕ ਸੀ।

3000 ਵਲੰਟੀਅਰਾਂ ਉੱਪਰ ਕੀਤੇ ਗਏ ਤੀਜੇ ਪੜਾਅ ਦੇ ਅਧਿਐਨ ਮੁਤਾਬਕ ਕੋਰਬੇਵੈਕਸ ਸਾਰਸ-ਕੋਵ-2 ਦੁਆਰਾ ਕੀਤੀ ਜਾਣ ਵਾਲੀ ਬੀਮਾਰੀ ਖ਼ਿਲਾਫ 90 ਫ਼ੀਸਦੀ ਅਤੇ ਡੇਲਟਾ ਵੇਰੀਐਂਟ ਖ਼ਿਲਾਫ਼ 80 ਫ਼ੀਸਦੀ ਤੱਕ ਕਾਰਗਰ ਹੈ।

ਇਨ੍ਹਾਂ ਅਧਿਐਨਾਂ ਦੇ ਨਤੀਜੇ ਅਜੇ ਪ੍ਰਕਾਸ਼ਿਤ ਨਹੀਂ ਹੋਏ ਹਨ। ਇਸ ਲਈ ਮਾਹਿਰ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ।

ਸਿਹਤ ਸੇਵਾਵਾਂ ਵਿੱਚ ਬਰਾਬਰੀ ਲਈ ਕੰਮ ਕਰਨ ਵਾਲੀ ਸੰਸਥਾ PrEP4All ਦੇ ਸਹਿਮੋਢੀ ਜੇਮਜ਼ ਕਰੈਲਿਨਸਟਾਈਨ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ, "ਵਿਗਿਆਨ ਖ਼ਾਸ ਕਰਕੇ ਜਦੋਂ ਇਸ ਦਾ ਸੰਬੰਧ ਜਨਤਕ ਸਿਹਤ ਨਾਲ ਹੋਵੇ ਤਾਂ ਇਹ ਖੁੱਲ੍ਹੇ ਰੱਖੇ ਗਏ (ਸਾਰਿਆਂ ਦੇ ਵਿਸ਼ਲੇਸ਼ਣ ਲਈ) ਡੇਟਾ ਦੇ ਵਸਤੂਨਿਸ਼ਟ ਵਿਸ਼ਲੇਸ਼ਣ ਉੱਪਰ ਅਧਾਰਿਤ ਹੁੰਦੀ ਹੈ। ਵੈਕਸੀਨ ਨਿਰਮਾਤਾ ਦੇ ਕਹੇ ਸ਼ਬਦਾਂ ਉੱਪਰ ਭਰੋਸਾ ਨਹੀਂ ਕੀਤਾ ਜਾਂਦਾ ਨਾ ਹੀ ਉਤਪਾਦ ਵਿੱਚ ਉਸ ਦੇ ਨਿਹਿੱਤ ਹਿੱਤਾਂ ਦਾ ਖਿਆਲ ਰੱਖਿਆ ਜਾਂਦਾ ਹੈ।"

ਓਮੀਕਰੋਨ ਵੇਰੀਐਂਟ ਬਾਰੇ ਬੇਟੋਜ਼ੀ ਦਾ ਕਹਿਣਾ ਹੈ ਕਿ ਉਹ ਟੈਸਟ ਕਰ ਰਹੇ ਹਨ ਅਤੇ ਨਤੀਜਿਆਂ ਦੀ ਪੁਸ਼ਟੀ ਦੀ ਉਡੀਕ ਕਰ ਰਹੇ ਹਨ।

ਰਿਸਰਚਰ ਦਾ ਕਹਿਣਾ ਹੈ ਕਿ ਡੇਟਾ ਅਜੇ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਿਆ ਹੈ ਕਿਉਂਕਿ ਉਸ ਨੂੰ ਪ੍ਰੋਸੈਸ ਕਰਨ ਅਤੇ ਜਨਤਕ ਕਰਨ ਵਿੱਚ ਸਮਾਂ ਲੱਗਦਾ ਹੈ। ਜਦਕਿ ਬਾਇਓਲੈਜੀਕਲ-ਈ ਅਤੇ ਉਨ੍ਹਾਂ ਦੋਵਾਂ ਦੀਆਂ ਟੀਮਾਂ ਦੂਜੀਆਂ ਵੱਡੀਆਂ ਕਾਰਪੋਰਟ ਕੰਪਨੀਆਂ ਦੇ ਮੁਕਾਬਲੇ ਛੋਟੀਆਂ ਹਨ।

ਸੱਚਾਈ ਇਹ ਹੈ ਕਿ ਭਾਰਤ ਸਰਕਾਰ ਨੇ ਬਾਇਓਲੌਜੀਕਲ-ਈ ਰਾਹੀਂ 30 ਕਰੋੜ ਵੈਕਸੀਨਾਂ ਦਾ ਆਰਡਰ ਪਹਿਲਾਂ ਹੀ ਦੇ ਦਿੱਤਾ ਹੈ।

ਬੇਟੋਜ਼ੀ ਦੱਸਦੇ ਹਨ ਕਿ ਉਮੀਦ ਹੈ ਕਿ ਮਾਰਚ ਤੱਕ ਵੈਕਸੀਨ ਵਿਸ਼ਵ ਸਿਹਤ ਸੰਗਠਨ ਦੇ ਕੋਵੈਕਸ ਪ੍ਰੋਗਰਾਮ ਦਾ ਹਿੱਸਾ ਬਣ ਸਕੇਗੀ। ਇਸ ਪ੍ਰੋਗਰਾਮ ਰਾਹੀਂ ਸੰਗਠਨ ਗਰੀਬ ਦੇਸ਼ਾਂ ਤੱਕ ਵੈਕਸੀਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਭਲਾਈ ਦਾ ਜਜ਼ਬਾ

ਬੋਟਾਜ਼ੀ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਕੰਮ ਨਾਲ ਵੈਕਸੀਨ ਨਿਰਮਾਣ ਅਤੇ ਵੰਡ ਦਾ ਦੁਨੀਆਂ ਦਾ ਮਾਡਲ ਬਦਲ ਜਾਵੇਗਾ।

"ਵੈਕਸੀਨ ਬਣਾਉਣ ਵਾਲਿਆਂ ਵਿੱਚ ਭਲਾਈ ਦਾ ਜਜ਼ਬਾ ਹੋਣਾ ਚਾਹੀਦਾ ਹੈ।"

"ਬਦਕਿਸਮਤੀ ਦੀ ਗੱਲ ਹੈ ਕਿ ਇਹ ਭਲਾਈ ਦਾ ਜਜ਼ਬਾ ਉਨ੍ਹਾਂ ਐਮਰਜੈਂਸੀ ਹਾਲਤ ਵਿੱਚ ਕਿਤੇ ਵੀ ਨਹੀਂ ਸੀ ਅਤੇ ਅਸੀਂ ਦੁਨੀਆਂ ਨੂੰ ਉਹ ਨਹੀਂ ਦੇ ਸਕੇ ਜਿਸ ਦੀ ਉਸ ਨੂੰ ਲੋੜ ਸੀ। ਇਸੇ ਵਜ੍ਹਾ ਕਾਰਨ ਅਸੀਂ ਅਜੇ ਵੀ ਇਸ ਗੰਭੀਰ ਸਥਿਤੀ ਵਿੱਚ ਹਾਂ।"

"ਵਿਸ਼ਵੀ ਪਹੁੰਚ ਦਾ ਮਤਲਬ ਸਿਰਫ਼ ਦੁਨੀਆਂ ਦੇ ਦੂਜੇ ਹਿੱਸੇ ਤੱਕ ਟੀਕਾ ਪਹੁੰਚਾਉਣਾ ਹੀ ਨਹੀਂ ਹੈ। ਸਗੋਂ ਵਿਸ਼ਵੀ ਪਹੁੰਚ ਦਾ ਮਤਲਬ ਹੈ ਕਿ ਟੀਕੇ ਤੱਕ ਪਹੁੰਚ ਵਿੱਚ ਬਰਾਬਰੀ ਹੋਵੇ। ਕਿ ਕੋਈ ਵੀ ਨਿਰਮਾਤਾ ਫਾਰਮੂਲਾ ਵਰਤ ਸਕੇ ਹਰ ਕਿਸੇ ਤੱਕ ਵੈਕਸੀਨ ਦੀ ਪਹੁੰਚ ਹੋਵੇ।"

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਅਕਾਦਮਿਕ ਸੰਸਥਾਵਾਂ ਵੱਲ ਧਿਆਨ ਖਿੱਚਣਾ ਹੈ ਤਾਂ ਜੋ ਅਜਿਹੀਆਂ ਸੰਸਥਾਵਾਂ ਲਈ ਹੋਰ ਫੰਡ ਮਿਲਣ।

"ਇਨਸੈਂਟਿਵ ਬਦਲਣੇ ਪੈਣਗੇ, ਆਰਥਿਕਤਾ ਸਭ ਕੁਝ ਨਹੀਂ ਹੋ ਸਕਦੀ।"

"ਵੈਕਸੀਨ ਟੀਕਾ ਬਣਾਉਣ ਦਾ ਸਾਧਨ ਨਹੀਂ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)