You’re viewing a text-only version of this website that uses less data. View the main version of the website including all images and videos.
ਪ੍ਰਜਵਲ ਰੇਵੰਨਾ: ਰਸੂਖ਼ਦਾਰ ਪਰਿਵਾਰ ਦੇ ਆਗੂ ’ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਦੇ ਗੜ੍ਹ ਦੇ ਲੋਕ ਕੀ ਕਹਿ ਰਹੇ – ਗਰਾਊਂਡ ਰਿਪੋਰਟ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਸਹਿਯੋਗੀ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਅਤੇ ਇੱਕ ਲੋਕ ਸਭਾ ਸੀਟ ਦੇ ਉਮੀਦਵਾਰ ਪ੍ਰਜਵਲ ਰੇਵੰਨਾ ਨਾਲ ਕਥਿਤ ਤੌਰ ’ਤੇ ਜੁੜੇ ਅਸ਼ਲੀਲ ਵੀਡੀਓ ਕਲਿੱਪਾਂ ਵਾਲੇ ਪੈਨ ਡਰਾਈਵ ਜਨਤਕ ਥਾਵਾਂ 'ਤੇ ਰੱਖੇ ਜਾਣ ਤੋਂ ਲਗਭਗ ਇੱਕ ਮਹੀਨੇ ਬਾਅਦ, ਹਲਕੇ ਵਿੱਚ ਬੇਚੈਨੀ ਫੈਲ ਗਈ ਹੈ।
ਕਰਨਾਟਕ ਦਾ ਹਾਸਨ ਜ਼ਿਲ੍ਹਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦਾ ਪਿਛਲੇ ਛੇ ਦਹਾਕਿਆਂ ਵਿੱਚ ਫੈਲੇ ਲੰਬੇ ਸਿਆਸੀ ਜੀਵਨ ਦੌਰਾਨ ਲਗਭਗ ਪੰਜ ਦਹਾਕਿਆਂ ਤੱਕ ਗੜ੍ਹ ਰਿਹਾ ਹੈ।
ਦੇਵੇਗੌੜਾ ਖੇਤਰੀ ਪਾਰਟੀ ਜਨਤਾ ਦਲ (ਸੈਕੂਲਰ) ਦੇ ਮੁਖੀ ਹਨ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਦੇ ਸਹਿਯੋਗੀ ਹਨ। ਦੇਵਗੌੜਾ ਦੇ ਪੋਤੇ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਇਸ ਗੱਠਜੋੜ ਦੇ ਉਮੀਦਵਾਰ ਹਨ।
ਪਰਿਵਾਰ ਦੇ ਪ੍ਰਭਾਵ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੇਵੇਗੌੜਾ ਦੇ ਪੁੱਤਰਾਂ ਵਿੱਚੋਂ ਇੱਕ ਐੱਚਡੀ ਕੁਮਾਰਸਵਾਮੀ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਅਤੇ ਦੂਜਾ ਬੇਟੇ ਐੱਚਡੀ ਰੇਵੰਨਾ ਮੰਤਰੀ ਅਤੇ ਵਿਧਾਨ ਸਭਾ ਦੇ ਮੌਜੂਦਾ ਮੈਂਬਰ ਹਨ।
ਰੇਵੰਨਾ ਦਾ ਦੂਜਾ ਪੁੱਤਰ ਸੂਰਜ ਰੇਵੰਨਾ ਰਾਜ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਜਿਸ ਤਰ੍ਹਾਂ ਕੇਂਦਰ ਵਿੱਚ ਲੋਕ ਸਭਾ ਹੇਠਲਾ ਸਦਨ ਅਤੇ ਰਾਜ ਸਭਾ ਉੱਪਰਲਾ ਸਦਨ ਹੁੰਦੇ ਹਨ ਉਸੇ ਤਰ੍ਹਾਂ ਕੁਝ ਸੂਬਿਆਂ ਵਿੱਚ ਵਿਧਾਨ ਸਭਾ ਹੇਠਲਾ ਸਦਨ ਅਤੇ ਵਿਧਾਨ ਕਾਊਂਸਲ ਉੱਪਰਲਾ ਸਦਨ ਹੁੰਦਾ ਹੈ।
ਇੱਕ ਨੌਜਵਾਨ ਦੁਕਾਨਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ, ‘‘ਸਾਡੇ ਜ਼ਿਲ੍ਹੇ ਵਿੱਚ ਜੋ ਹੋਇਆ, ਉਸ ਬਾਰੇ ਗੱਲ ਕਰਨਾ ਬਹੁਤ ਸ਼ਰਮਨਾਕ ਹੈ।’’
ਉਨ੍ਹਾਂ ਨੇ ਕਿਹਾ, “ਇਸ ਦਾ ਜ਼ਿਕਰ ਕਰਨਾ ਵੀ ਘਿਣਾਉਣਾ ਹੈ। ਇਸ ਨੇ ਸਾਡੇ ਜ਼ਿਲ੍ਹੇ ਦੀ ਬਦਨਾਮੀ ਕਰਵਾਈ ਹੈ।’’
26 ਅਪ੍ਰੈਲ ਨੂੰ ਹਾਸਨ ਸੰਸਦੀ ਸੀਟ ਲਈ ਚੋਣ ਹੋਣ ਤੋਂ ਸਿਰਫ਼ ਚਾਰ ਦਿਨ ਪਹਿਲਾਂ 2960 ਵੀਡੀਓ ਕਲਿੱਪਾਂ ਵਾਲੀਆਂ ਪੈੱਨ ਡਰਾਈਵ 21 ਅਪ੍ਰੈਲ ਨੂੰ ਬੱਸ ਸਟੈਂਡਾਂ, ਪਾਰਕਾਂ ਅਤੇ ਹੋਰ ਥਾਵਾਂ ਉੱਤੇ ਰੱਖੀਆਂ ਗਈਆਂ ਸਨ।
ਵਿਵਾਦ ਵਧਣ ਤੋਂ ਬਾਅਦ ਅਗਲੇ ਦਿਨ ਤੜਕੇ ਪ੍ਰਜਵਲ ਰੇਵੰਨਾ ਦੇ ਦੇਸ ਛੱਡਣ ਦੀ ਖ਼ਬਰ ਆਈ ਸੀ।
ਸੋਮਵਾਰ ਨੂੰ ਪ੍ਰਜਵਲ ਰੇਵੰਨਾ ਆਖਰਕਾਰ ਇਹ ਕਹਿਣ ਲਈ ਖੁੱਲ੍ਹ ਕੇ ਸਾਹਮਣੇ ਆਏ ਕਿ ਉਹ 31 ਮਈ ਨੂੰ 10 ਵਜੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਸਾਹਮਣੇ ਪੇਸ਼ ਹੋਣਗੇ ਅਤੇ ਆਪਣੇ ਉਤੇ ਲਾਏ ਗਏ ਇਲਜ਼ਾਮਾਂ ਦਾ ਜਵਾਬ ਦੇਣਗੇ ਕਿ ਉਨ੍ਹਾਂ ਉੱਤੇ ਵੀਡੀਓਜ਼ ਵਿੱਚ ਲਾਏ ਗਏ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ‘ਝੂਠੇ’ ਹਨ।
ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਕਿਉਂਕਿ ਉਹ ‘ਪ੍ਰੇਸ਼ਾਨ’ ਸੀ ਅਤੇ ਉਨ੍ਹਾਂ ਨੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਕਥਿਤ ਇਲਜ਼ਾਮਾਂ ਦੇ ਪਿੱਛੇ ‘ਸਿਆਸੀ ਸਾਜ਼ਿਸ਼’ ਦੱਸਦਿਆਂ ਆਪਣੇ ਆਪ ਨੂੰ ਸਭ ਤੋਂ ਦੂਰ ਕਰ ਲਿਆ ਸੀ।
ਉਨ੍ਹਾਂ ਨੇ ਅੱਗੇ ਕਿਹਾ: ‘‘ਵੋਟਾਂ ਵਾਲੇ ਦਿਨ (26 ਅਪ੍ਰੈਲ) ਮੇਰੇ ਖਿਲਾਫ਼ ਕੋਈ ਮਾਮਲਾ ਨਹੀਂ ਸੀ, ਮੇਰੀ ਵਿਦੇਸ਼ ਯਾਤਰਾ ਪਹਿਲਾਂ ਤੋਂ ਤੈਅ ਸੀ। ਤਿੰਨ ਚਾਰ ਦਿਨਾਂ ਬਾਅਦ ਮੈਂ ਯੂਟਿਊਬ ਚੈਨਲ ਦੇਖ ਰਿਹਾ ਸੀ ਜਦੋਂ ਮੈਨੂੰ ਇਸ ਬਾਰੇ (ਜਿਨਸੀ ਸ਼ੋਸ਼ਣ ਦੇ ਦੋਸ਼) ਪਤਾ ਲੱਗਾ।
‘‘ਮੈਂ ਐੱਸਆਈਟੀ ਦੁਆਰਾ ਭੇਜੇ ਗਏ ਨੋਟਿਸ ਦਾ ਜਵਾਬ ਦਿੱਤਾ ਅਤੇ ਆਪਣੇ ਵਕੀਲ ਰਾਹੀਂ ਨੋਟ ਭੇਜ ਕੇ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਸੱਤ ਦਿਨਾਂ ਦਾ ਸਮਾਂ ਮੰਗਿਆ।
‘‘ਮੈਨੂੰ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸ ਮਾਮਲੇ ਤੋਂ ਬਾਹਰ ਆ ਜਾਵਾਂਗਾ।’’
ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਕਥਿਤ ਪੀੜਤ ਔਰਤਾਂ ਵਿੱਚੋਂ ਇੱਕ ਨੇ ਪ੍ਰਜਵਲ ਰੇਵੰਨਾ 'ਤੇ ਉਸ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲਾਇਆ ਹੈ।
ਮਹਿਲਾ ਨੇ ਮੈਜਿਸਟ੍ਰੇਟ ਦੇ ਸਾਹਮਣੇ ਅਧਿਕਾਰਤ ਬਿਆਨ ਵਿੱਚ 1 ਜਨਵਰੀ 2021 ਤੋਂ 25 ਅਪ੍ਰੈਲ 2024 ਦੇ ਵਿਚਕਾਰ ਸਰਕਾਰੀ ਬੰਗਲੇ ਵਿੱਚ ਉਸ ਨਾਲ ਕਥਿਤ ਤੌਰ ਉੱਤੇ ਬਲਾਤਕਾਰ ਕਰਨ ਦਾ ਵੀ ਇਲਜ਼ਾਮ ਲਾਇਆ ਹੈ।
ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਕਾਰਵਾਈ ਪਰਿਵਾਰ ਨੂੰ ਰਾਸ ਨਹੀਂ ਆਈ। ਦਹਾਕਿਆਂ ਤੋਂ ਜਨਤਾ ਦਲ
(ਸੈਕੂਲਰ) ਪਾਰਟੀ ਦੇ ‘‘ਵਫ਼ਾਦਾਰ’’ ਇਸ ਵਰਕਰ ਜੋੜੇ ਨੂੰ ਹਾਸਨ ਛੱਡਣ ਲਈ ਮਜਬੂਰ ਕੀਤਾ ਗਿਆ।
ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ, ਭੈਣਾਂ-ਭਰਾਵਾਂ ਨੇ ਉਨ੍ਹਾਂ ਨਾਲ ਸਭ ਤਰ੍ਹਾਂ ਦੀ ਗੱਲਬਾਤ ਬੰਦ ਕਰ ਦਿੱਤੀ।
ਕੁਝ ਲੋਕਾਂ ਨੇ ਰੇਵੰਨਾ ਦੇ ਪਰਿਵਾਰ ਉੱਤੇ ਉਨ੍ਹਾਂ ਨੂੰ ਬਚਾਉਣ ਦਾ ਇਲਜ਼ਾਮ ਵੀ ਲਾਇਆ।
ਪੀੜਤਾ ਦੇ ਇੱਕ ਰਿਸ਼ਤੇਦਾਰ ਨੇ ਕਿਹਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ ਦੇਵਗੌੜਾ ਅਤੇ ਐੱਚਡੀ ਰੇਵੰਨਾ ਨੂੰ ਆਪਣੇ ਬੇਟੇ ਅਤੇ ਪੋਤੇ ਦੇ ਕੰਮਾਂ ਦਾ ਨਾ ਪਤਾ ਹੋਵੇ, ਜਦਕਿ ਉਹ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਫਾਈਲਾਂ ਦੀ ਹਿਲਜੁਲ ਉੱਤੇ ਬਾਰੀਕੀ ਨਾਲ ਨਜ਼ਰ ਰੱਖਦੇ ਹਨ?’’
ਪ੍ਰਜਵਲ ਰੇਵੰਨਾ ਦੇ ਪਿਤਾ ਐੱਚਡੀ ਰੇਵੰਨਾ ਜੋ ਕਰਨਾਟਕ ਵਿਧਾਨ ਸਭਾ ਵਿੱਚ ਵਿਧਾਇਕ ਹਨ, ਉਹ ਵੀ ਪਰਿਵਾਰ ਦੇ ਇੱਕ ਸਾਬਕਾ ਕਰਮਚਾਰੀ ਦੁਆਰਾ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ ਵਿੱਚ ਮੁਲਜ਼ਮ ਹਨ। ਉਨ੍ਹਾਂ ਨੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ।
ਦੇਵੇਗੋੜਾ ਦੀ ਪੋਤੇ ਨੂੰ ਚੇਤਵਾਨੀ
ਰੇਵੰਨਾ ਦੇ ਦਾਦਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਵੀ ਆਪਣੇ ਪੋਤੇ ਨੂੰ ਵਾਪਸ ਆਉਣ ਅਤੇ ਪੁਲਿਸ ਜਾਂਚ ਦਾ ਸਾਹਮਣਾ ਕਰਨ ਲਈ ਸਖ਼ਤ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, ‘‘ਮੈਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਮੈਂ ਪ੍ਰਜਵਲ ਦੇ ਕੰਮਾਂ ਤੋਂ ਅਣਜਾਣ ਸੀ। ਮੈਂ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਮੇਰੀ ਉਸ ਨੂੰ ਬਚਾਉਣ ਦੀ ਕੋਈ ਇੱਛਾ ਨਹੀਂ ਹੈ। ਮੈਂ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਮੈਨੂੰ ਉਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਨਹੀਂ ਹੈ, ਅਤੇ ਮੈਨੂੰ ਉਸ ਦੀ ਵਿਦੇਸ਼ ਯਾਤਰਾ ਬਾਰੇ ਜਾਣਕਾਰੀ ਨਹੀਂ ਸੀ।
“ਮੈਂ ਆਪਣੀ ਅੰਤਰ ਆਤਮਾ ਨੂੰ ਜਵਾਬ ਦੇਣ ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਪ੍ਰਮਾਤਮਾ ’ਤੇ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਸਰਵਸ਼ਕਤੀਮਾਨ ਸੱਚਾਈ ਨੂੰ ਜਾਣਦਾ ਹੈ।’’
ਇੱਕ ਹੋਰ ਸ਼ਿਕਾਇਤਕਰਤਾ ਵੱਲੋਂ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚਣ ਤੋਂ ਬਾਅਦ ਰਾਜ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ। ਕਥਿਤ ਬਲਾਤਕਾਰ ਦੀਆਂ ਦੋ ਹੋਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਪਰ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਦੇ ਚਿਹਰਿਆਂ ਨੂੰ ਧੁੰਦਲਾ ਕੀਤੇ ਬਿਨਾਂ ਪੈਨ ਡਰਾਈਵ ਸੁੱਟਣ ਨਾਲ ਉਨ੍ਹਾਂ ਨੇ ਪਰਿਵਾਰਕ ਸਬੰਧਾਂ ਉੱਤੇ ਅਸਰ ਪਿਆ ਹੈ।
ਕਾਰਕੁਨ ਰੂਪਾ ਹਸਨਾ ਨੇ ਕਿਹਾ, ‘‘ਬਹੁਤ ਸਾਰੇ ਪਰਿਵਾਰ ਜ਼ਿਲ੍ਹਾ ਛੱਡ ਚੁੱਕੇ ਹਨ। ਕਈ ਲੋਕ ਹਫ਼ਤਿਆਂ ਤੋਂ ਆਪਣੇ ਘਰਾਂ ਤੋਂ ਬਾਹਰ ਨਹੀਂ ਆਏ ਹਨ।’’
ਸੂਬਾ ਸਰਕਾਰ ਨੇ ਪ੍ਰਜਵਲ ਰੇਵੰਨਾ ਦਾ ਪਾਸਪੋਰਟ ਰੱਦ ਕਰਨ ਲਈ ਮਈ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ, ਜਿਸ ਤੋਂ ਬਾਅਦ ਦੂਜਾ ਪੱਤਰ ਲਿਖਿਆ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਾਬਕਾ ਸਰਕਾਰੀ ਵਕੀਲ ਬੀਟੀ ਵੈਂਕਟੇਸ਼ ਨੇ ਬੀਬੀਸੀ ਨੂੰ ਦੱਸਿਆ, ‘‘ਇਹ ਸੁਰੱਖਿਅਤ ਰੂਪ ਨਾਲ ਮੰਨਿਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ 4 ਜੂਨ ਤੋਂ ਬਾਅਦ ਹੀ ਕਾਰਵਾਈ ਕਰੇਗੀ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਜਾਣਗੇ।’’
ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਸਖ਼ਤੀ ਨਾਲ ਪੇਸ਼ ਆਈ ਹੈ।
ਸੀਪੀਐੱਮ ਆਗੂ ਧਰਮੇਸ਼ (ਜਿਨ੍ਹਾਂ ਨੂੰ ਇਸ ਨਾਮ ਨਾਲ ਹੀ ਜਾਣਿਆ ਜਾਂਦਾ ਹੈ) ਨੇ ਬੀਬੀਸੀ ਨੂੰ ਦੱਸਿਆ “ਪੈਨ ਡਰਾਈਵ ਵੰਡਣ ਤੋਂ ਬਾਅਦ ਦੇਵਗੌੜਾ ਖੁਦ ਆਪਣੇ ਪੋਤੇ ਲਈ ਪ੍ਰਚਾਰ ਕਰਨ ਲਈ ਪਿੰਡਾਂ ਵਿੱਚ ਗਏ ਸਨ। ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਇਸ ਤੋਂ ਅਣਜਾਣ ਸਨ।’’
'ਲੋਕ ਆਪਣੇ ਟੀਵੀ ਬੰਦ ਕਰ ਦਿੰਦੇ ਹਨ...'
ਜਨਤਕ ਸਥਾਨਾਂ ’ਤੇ ਪੈਨ ਡਰਾਈਵਾਂ ਸੁੱਟੇ ਜਾਣ ਤੋਂ ਬਾਅਦ ਹਾਸਨ ਦੇ ਆਮ ਤੌਰ 'ਤੇ ਮਿਲਣਸਾਰ ਲੋਕ ਖੁੱਲ੍ਹ ਕੇ ਬੋਲਣ ਤੋਂ ਕਤਰਾਉਂਦੇ ਹਨ।
ਸਥਾਨਕ ਸਰਕਾਰੀ ਸਾਇੰਸ ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਪਹਿਲਾਂ ਤਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਇਹ ਬਹੁਤ ਘਿਣਾਉਣੀ ਗੱਲ ਹੈ। ਅਸੀਂ ਜਾਣਦੇ ਹਾਂ ਕਿ ਲੜਕੇ ਇਸ ਬਾਰੇ ਗੱਲ ਕਰਦੇ ਹਨ। ਪਰ ਸਾਨੂੰ ਲੱਗਦਾ ਹੈ ਕਿ ਜੋ ਕੁਝ ਹੋਇਆ ਹੈ, ਉਸ ਨੂੰ ਸੁਣਨਾ ਵੀ ਘਿਣਾਉਣੀ ਗੱਲ ਹੈ।’’
ਇੱਕ ਰੀਅਲ ਅਸਟੇਟ ਏਜੰਟ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, ‘‘ਲੋਕ ਆਪਣੇ ਟੀਵੀ ਬੰਦ ਕਰ ਦਿੰਦੇ ਹਨ ਕਿਉਂਕਿ ਉਹ ਸਿਰਫ਼ ਇਸ ਸ਼ਰਮਨਾਕ ਘਟਨਾ ਨੂੰ ਦਿਖਾਉਂਦੇ ਹਨ। ਲੋਕ ਤੰਗ ਹੋ ਚੁੱਕੇ ਹਨ। ਹਾਸਨ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਬਦਨਾਮ ਨਹੀਂ ਹੋਇਆ ਸੀ।’’
ਇੱਕ ਦੁਕਾਨਦਾਰ ਨੇ ਕਿਹਾ, ‘‘ਪਰਿਵਾਰ ਦੇ ਰਾਜਨੀਤਿਕ ਪ੍ਰਭਾਵ ਕਾਰਨ ਇਸ ਦੇ ਬੁਰੇ ਸਿੱਟਿਆਂ ਦਾ ਵੀ ਡਰ ਹੈ।’’
ਇਸ ਲਈ ਕੌਣ ਜ਼ਿੰਮੇਵਾਰ ਹੈ?
ਲੋਕ ਸਭਾ ਚੋਣਾਂ ਦੌਰਾਨ ਵੀਡੀਓ ਕਲਿੱਪ ਜਾਰੀ ਕੀਤੇ ਜਾਣ ਉਤੇ ਵੀ ਬਹਿਸ ਹੋਈ ਹੈ।
ਇੱਕ ਘਰੇਲੂ ਔਰਤ ਮਾਲਾ ਰਵੀਕੁਮਾਰ ਨੇ ਕਿਹਾ, ‘‘ਸਾਨੂੰ ਕਿਵੇਂ ਪਤਾ ਲੱਗੇਗਾ ਕਿ ਔਰਤ ਖਿਲਾਫ਼ ਬਲੈਕਮੇਲ ਅਤੇ ਜ਼ਬਰਦਸਤੀ ਕੀਤੀ ਗਈ? ਇਹ ਸਿਆਸਤ ਹੈ।’’
ਹਾਲਾਂਕਿ ਕਾਰਕੁਨ ਰੂਪਾ ਹਸਨਾ ਦਾ ਮੰਨਣਾ ਹੈ ਕਿ ਕਥਿਤ ਤੌਰ ਉੱਤੇ ਪੀੜਤਾਂ ਵਿੱਚ ਜ਼ਿਆਦਾਤਰ ਲੋਕ ਪਾਰਟੀ ਦੇ ਵਰਕਰ ਸਨ ਅਤੇ ਇਸੇ ਕਾਰਨ ਹੈ ਉਹ ਸ਼ਿਕਾਇਤਾਂ ਦਰਜ ਕਰਵਾਉਣ ਲਈ ਥਾਣਿਆਂ ਤੱਕ ਨਹੀਂ ਗਏ।
ਦੇਵੇਗੌੜਾ ਪਰਿਵਾਰ ਦੇ ਰਸੂਖ ਨੂੰ ਢਾਹ
ਸੂਬੇ ਦੇ ਸਿਆਸੀ ਤੌਰ 'ਤੇ ਸ਼ਕਤੀਸ਼ਾਲੀ ਵੋਕਾਲੀਗਾ ਭਾਈਚਾਰੇ ਦੇ ਨੇਤਾ ਦੇਵੇਗੌੜਾ ਦਾ ਹਾਸਨ ਵਿੱਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿਆਸੀ ਰਸੂਖ ਰਿਹਾ ਹੈ।
ਦੇਵੇਗੋੜਾ 70 ਦੇ ਦਹਾਕੇ ਦੇ ਅਖੀਰ ਵਿੱਚ ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ।
ਜਦੋਂ ਕਰਨਾਟਕ ਵਿੱਚ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੀ ਅਗਵਾਈ ਵਿੱਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਵੀ ਹੁਲਾਰਾ ਮਿਲਿਆ।
1996 ਵਿੱਚ ਖੇਤਰੀ ਪਾਰਟੀਆਂ ਦੀ ਗੱਠਜੋੜ ਸਰਕਾਰ ਵਿਚ ਜਦੋਂ ਉਹ ਕਰਨਾਟਕ ਦੇ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ ਤਾਂ ਉਨ੍ਹਾਂ ਦਾ ਕੱਦ ਵੱਧ ਬਹੁਤ ਗਿਆ।
ਹਾਲਾਂਕਿ ਪਿਛਲੇ ਦੋ ਦਹਾਕਿਆਂ ਦੌਰਾਨ ਉਨ੍ਹਾਂ ਦੇ ਪੁੱਤਰ ਐੱਚਡੀ ਰੇਵੰਨਾ ਦਾ ਜ਼ਿਲ੍ਹੇ ਵਿੱਚ ਇੱਕ ਸ਼ਕਤੀਸ਼ਾਲੀ ਨੇਤਾ ਵਜੋਂ ਉੱਭਾਰ ਹੋਇਆ ਹੈ।
ਜੇਡੀਐੱਸ ਦੀ ਇੱਕ ਸੀਨੀਅਰ ਮਹਿਲਾ ਵਰਕਰ ਨੇ ਬੀਬੀਸੀ ਨੂੰ ਦੱਸਿਆ ਕਿ ਪੈਨ ਡਰਾਈਵ ਦੇ ਘਟਨਾਕ੍ਰਮ ਤੋਂ ਬਾਅਦ ਮਹਿਲਾ ਪਾਰਟੀ ਵਰਕਰ ‘‘ਉਦਾਸ ਅਤੇ ਪ੍ਰੇਸ਼ਾਨ’’ ਹਨ।
ਉਨ੍ਹਾਂ ਨੇ ਕਿਹਾ, ‘‘ਅਸੀਂ ਸਾਰੇ ਦੇਵੇਗੌੜਾ ਦੇ ਵਿਸਥਾਰਤ ਪਰਿਵਾਰ ਵਾਂਗ ਸੀ। ਲੇਕਿਨ ਸਾਡੇ ਵਿੱਚੋਂ ਕਿਸੇ ਨੂੰ ਵੀ ਅਜਿਹਾ ਹੋਣ ਦੀ ਉਮੀਦ ਨਹੀਂ ਸੀ।’’