You’re viewing a text-only version of this website that uses less data. View the main version of the website including all images and videos.
ਕੌਣ ਹੈ ਸਾਇਕਲ ਮਿਸਤਰੀ ਜੋ ਮੋਦੀ ਤੇ ਮਨਮੋਹਨ ਖਿਲਾਫ਼ ਚੋਣ ਲੜਿਆ ਤੇ 239 ਚੋਣਾਂ ਹਾਰਿਆ
- ਲੇਖਕ, ਸੁਭਾਸ਼ ਚੰਦਰ ਬੋਸ
- ਰੋਲ, ਬੀਬੀਸੀ ਤਾਮਿਲ
ਭਾਰਤ ਵਿੱਚ ਚੋਣਾਂ ਨੂੰ ਲੋਕਤੰਤਰ ਦੇ ਮਹਾਨ ਤਿਉਹਾਰ ਵਜੋਂ ਦੇਖਿਆ ਜਾਂਦਾ ਹੈ।
ਹਰ ਚੋਣ ਦੌਰਾਨ ਵੱਖ-ਵੱਖ ਪਿਛੋਕੜ ਵਾਲੇ ਉਮੀਦਵਾਰ ਮੈਦਾਨ ਵਿੱਚ ਹੁੰਦੇ ਹਨ। ਉਨ੍ਹਾਂ ਵਿਚੋਂ ਕੁਝ ਮਸ਼ਹੂਰ ਹਨ ਅਤੇ ਕੁਝ ਸਿਰਫ਼ ਆਮ ਲੋਕ ਹਨ।
ਚੋਣਾਂ ਦੇ ਰੰਗ ਵੀ ਰੌਚਕ ਹਨ, ਸਨਸਨੀਖੇਜ਼ ਪ੍ਰਚਾਰ, ਮੰਚਾਂ ਤੋਂ ਭੜਕਾਊ ਭਾਸ਼ਣ, ਰੰਗ-ਬਿਰੰਗੀਆਂ ਰੈਲੀਆਂ, ਪੋਸਟਰ, ਬੈਨਰ, ਝੰਡੇ, ਰੋਡ ਸ਼ੋਅ, ਇਹ ਸਭ ਮਿਲ ਕੇ ਵੋਟਰਾਂ ਵਿੱਚ ਜੋਸ਼ ਭਰਦੇ ਹਨ। ਉਮੀਦਵਾਰ ਚੋਣ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਦਾ ਹੈ।
ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਦੇ ਮੇਟੂਰ ਦੇ ਰਹਿਣ ਵਾਲੇ ਕੇ. ਪਦਮਰਾਜਨ ਲਈ, ਕਿਸੇ ਵੀ ਚੋਣ ਵਿਚ ਟੀਚਾ ਹਮੇਸ਼ਾ 'ਹਾਰ' ਰਿਹਾ ਹੈ। ਹੈਰਾਨ ਨਾ ਹੋਵੋ, ਇਹ ਸੱਚਾਈ ਹੈ।
ਉਨ੍ਹਾਂ ਨੇ 1988 ਤੋਂ ਹੁਣ ਤੱਕ 239 ਚੋਣਾਂ ਲੜੀਆਂ ਹਨ। ਭਾਰਤ ਵਿੱਚ ਸਭ ਤੋਂ ਵੱਧ ਚੋਣ ਲੜਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ।
ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਉਹ ਅਜੇ ਵੀ ਚੋਣ ਜਿੱਤਣ ਦੀ ਉਡੀਕ ਕਰ ਰਹੇ ਹਨ।
ਪਦਮਰਾਜਨ ਨੇ ਕਿੰਨੇ ਸੂਬਿਆਂ ਵਿੱਚ ਚੋਣ ਲੜੀ ਹੈ?
ਪਦਮਰਾਜਨ 12 ਸੂਬਿਆਂ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਚੁੱਕੇ ਹਨ। ਇਸ ਵਿੱਚ ਵਿਧਾਨ ਸਭਾ, ਸੰਸਦ ਅਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਚੋਣਾਂ ਵੀ ਸ਼ਾਮਲ ਹਨ।
ਭਾਰਤ ਵਿੱਚ ਚੋਣ ਲੜਨ ਲਈ ਯੋਗ ਕੋਈ ਵੀ ਵਿਅਕਤੀ ਕਿਤੋਂ ਵੀ ਚੋਣ ਲੜ ਸਕਦਾ ਹੈ। ਇਸ ਦੇ ਲਈ ਉਸ ਨੂੰ ਹਲਫਨਾਮਾ ਦਾਇਰ ਕਰਨਾ ਹੁੰਦਾ ਹੈ।
ਪਦਮਰਾਜਨ ਬੀਬੀਸੀ ਤਮਿਲ ਨੂੰ ਦੱਸਦੇ ਹਨ, "ਈਮਾਨਦਾਰੀ ਨਾਲ ਕਹਾਂ ਤਾਂ ਮੇਰਾ ਟੀਚਾ ਹੋਰ ਚੋਣਾਂ ਹਾਰਨਾ ਹੈ।"
ਯਕੀਨ ਕਰਨਾ ਔਖਾ ਹੋ ਸਕਦਾ ਹੈ, ਪਰ ਇਹ ਉਨ੍ਹਾਂ ਦੀ ਅਜੀਬ ਇੱਛਾ ਹੈ। ਇਸ ਦਰਮਿਆਨ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਚੋਣ ਰਾਜਾ ਕਹੇ ਜਾਣ ਵਾਲੇ ਪਦਮਰਾਜਨ ਵਿੱਚ ਚੋਣ ਲੜਨ ਦੀ ਦਿਲਚਸਪੀ ਕਿਵੇਂ ਪੈਦਾ ਹੋਈ?
ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਸੀ, ਉਦੋਂ ਤੋਂ ਉਸ ਨੇ ਸਾਈਕਲਾਂ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਸੀ।
ਹਾਲਾਂਕਿ ਕਾਲਜ ਵਿੱਚ ਜਾਣ ਤੋਂ ਬਿਨਾਂ ਹੀ ਪੱਤਰ-ਵਿਹਾਰ ਸਿੱਖਿਆ ਰਾਹੀਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ, ਸਾਈਕਲ ਦੀ ਮੁਰੰਮਤ ਦੀ ਦੁਕਾਨ ਅਜੇ ਵੀ ਉਨ੍ਹਾਂ ਦਾ ਮੁੱਖ ਪੇਸ਼ਾ ਹੈ।
ਚੋਣਾਂ ਲੜਨ ਲਈ ਪੈਸੇ ਕਿੱਥੋਂ ਆਉਂਦੇ ਹਨ?
ਉਨ੍ਹਾਂ ਨੇ ਹੁਣ ਤੱਕ ਜੋ 239 ਚੋਣਾਂ ਲੜੀਆਂ ਹਨ। ਉਹਨਾਂ ਨੇ ਚੋਣਾਂ ਆਪਣੀ ਸਾਈਕਲ ਮੁਰੰਮਤ ਦੀ ਦੁਕਾਨ ਤੋਂ ਹੋਈ ਆਮਦਨ ਨਾਲ ਲੜੀਆਂ ਹਨ।
ਉਨ੍ਹਾਂ ਦਾ ਦਾਅਵਾ ਹੈ ਕਿ ਹੁਣ ਤੱਕ ਉਹ ਚੋਣ ਲੜਨ ਲਈ ਆਪਣੀ ਮਿਹਨਤ ਦੀ ਕਮਾਈ ਵਿੱਚੋਂ 1 ਕਰੋੜ ਰੁਪਏ ਖਰਚ ਕਰ ਚੁੱਕੇ ਹਨ।
ਚੋਣ ਲੜਨ ਦੀ ਇੱਛਾ ਬਾਰੇ ਉਹ ਕਹਿੰਦੇ ਹਨ, "ਇਸ ਸਾਈਕਲ ਦੀ ਦੁਕਾਨ 'ਤੇ ਬੈਠ ਕੇ ਹੀ ਚੋਣ ਲੜਨ ਦੀ ਇੱਛਾ ਪੈਦਾ ਹੋਈ। ਇਹ 1988 ਦਾ ਸਾਲ ਸੀ, ਜਿਸ ਤੋਂ ਬਾਅਦ ਮੇਰੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਬਦਲ ਗਈ।"
ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਚੋਣ ਲੜਨ ਲੱਗੇ ਤਾਂ ਦੋਸਤਾਂ ਨੇ ਮਜ਼ਾਕ ਉਡਾਇਆ ਅਤੇ ਪੁੱਛਿਆ ਕਿ ਇੱਕ ਸਾਈਕਲ ਦੁਕਾਨਦਾਰ ਚੋਣ ਕਿਵੇਂ ਲੜ ਸਕੇਗਾ।
ਇਹੀ ਕਾਰਨ ਹੈ ਕਿ ਪਦਮਰਾਜਨ ਹੁਣ ਤੱਕ 239 ਚੋਣਾਂ ਲੜ ਚੁੱਕੇ ਹਨ।
ਉਹ ਕਹਿੰਦੇ ਹਨ, "ਮੈਨੂੰ ਪਤਾ ਹੈ ਕਿ ਮੈਂ ਚੋਣਾਂ ਨਹੀਂ ਜਿੱਤ ਸਕਾਂਗਾ, ਪਰ ਮੈਂ ਕੁਝ ਖਾਸ ਹਾਸਲ ਕਰਨਾ ਚਾਹੁੰਦਾ ਹਾਂ। ਮੈਂ ਸਭ ਤੋਂ ਵੱਧ ਚੋਣ ਲੜਨ ਅਤੇ ਹਾਰਨ ਦਾ ਰਿਕਾਰਡ ਬਣਾਇਆ ਹੈ। ਇਸੇ ਲਈ ਮੈਂ ਬਿਨਾਂ ਥੱਕੇ ਚੋਣ ਲੜ ਰਿਹਾ ਹਾਂ।"
ਪਰਿਵਾਰ ਵੱਲੋਂ ਸਾਥ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ, "ਪਹਿਲਾਂ ਤਾਂ ਲੋਕਾਂ ਨੇ ਬਹੁਤ ਵਿਰੋਧ ਕੀਤਾ ਪਰ ਸਮੇਂ ਦੇ ਨਾਲ ਉਹ ਵੀ ਮੇਰੀ ਗੱਲ ਸਮਝ ਗਏ।"
ਪਦਮਰਾਜਨ ਦਾ ਬੇਟਾ ਸ਼੍ਰੀਜੇਸ਼ ਐਮਬੀਏ ਗ੍ਰੈਜੂਏਟ ਹੈ। ਉਹ ਆਪਣੇ ਪਿਤਾ ਦੀ ਜ਼ਿੱਦ ਬਾਰੇ ਕਹਿੰਦਾ ਹੈ, "ਜਦੋਂ ਮੈਂ ਪੜ੍ਹਦਾ ਸੀ ਤਾਂ ਮੈ ਆਪਣੇ ਪਿਤਾ ਨਾਲ ਗੁੱਸੇ ਰਹਿੰਦਾ ਸੀ। ਮੈਂ ਸੋਚਦਾ ਸੀ ਕਿ ਉਹ ਕੀ ਕਰ ਰਹੇ ਹਨ, ਪਰ ਜਦੋਂ ਮੈਂ ਵੱਡਾ ਹੋਇਆ ਤਾਂ ਮੈਨੂੰ ਸਮਝ ਆਉਣ ਲੱਗੀ ਕਿ ਮੇਰੇ ਪਿਤਾ ਦਾ ਟੀਚਾ ਕੀ ਹੈ।"
"ਉਹ ਆਮ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਕੋਈ ਵੀ ਆਦਮੀ ਚੋਣ ਲੜ ਸਕਦਾ ਹੈ। ਇਸ ਤੋਂ ਬਾਅਦ ਮੈਂ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ।"
ਚੋਣ ਲੜਨ ਕਾਰਨ ਪਰਿਵਾਰ ਦੀ ਹਾਲਤ ਵਿਗੜੀ
ਲਗਾਤਾਰ ਚੋਣਾਂ ਲੜਨ ਕਾਰਨ ਪਰਿਵਾਰ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਹੋ ਰਿਹਾ ਹੈ, ਸਗੋਂ ਕਈ ਵਾਰ ਉਨ੍ਹਾਂ ਨੂੰ ਅਣਕਿਆਸੇ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਕੇ ਪਦਮਰਾਜਨ ਦਾ ਦਾਅਵਾ ਹੈ ਕਿ 1991 ਵਿੱਚ ਜਦੋਂ ਉਸਨੇ ਆਂਧਰਾ ਪ੍ਰਦੇਸ਼ ਦੇ ਨੰਦਿਆਲ ਤੋਂ ਉਪ ਚੋਣ ਲਈ ਪੀਵੀ ਨਰਸਿਮਹਾ ਰਾਓ ਦੇ ਖਿਲਾਫ ਨਾਮਜ਼ਦਗੀ ਦਾਖਲ ਕੀਤੀ ਸੀ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ।
ਉਨ੍ਹਾਂ ਦੇ ਦਾਅਵੇ ਮੁਤਾਬਕ ਉਹ ਕਿਸੇ ਤਰ੍ਹਾਂ ਅਗਵਾਕਾਰਾਂ ਦੇ ਚੁੰਗਲ ਤੋਂ ਬਚ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋ ਗਏ ਪਰ ਉਸ ਦੀ ਚੋਣ ਲੜਨ ਦੀ ਇੱਛਾ 'ਤੇ ਕੋਈ ਅਸਰ ਨਹੀਂ ਪਿਆ।
ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੋਂ ਇਲਾਵਾ ਪਦਮਰਾਜਨ 2004 ਵਿੱਚ ਲਖਨਊ ਵਿੱਚ ਅਟਲ ਬਿਹਾਰੀ ਵਾਜਪਾਈ, 2007 ਅਤੇ 2013 ਵਿੱਚ ਅਸਾਮ ਵਿੱਚ ਮਨਮੋਹਨ ਸਿੰਘ ਅਤੇ 2014 ਵਿੱਚ ਵਡੋਦਰਾ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਚੋਣ ਲੜ ਚੁੱਕੇ ਹਨ।
ਇੰਨਾ ਹੀ ਨਹੀਂ, ਉਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਕੇਆਰ ਨਰਾਇਣਨ, ਅਬਦੁਲ ਕਲਾਮ, ਪ੍ਰਤਿਭਾ ਪਾਟਿਲ, ਪ੍ਰਣਬ ਮੁਖਰਜੀ ਅਤੇ ਰਾਮਨਾਥ ਕੋਵਿੰਦ ਦੇ ਨਾਲ-ਨਾਲ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਖਿਲਾਫ ਵੀ ਚੋਣ ਲੜ ਚੁੱਕੇ ਹਨ।
ਤਾਮਿਲਨਾਡੂ ਵਿੱਚ ਉਹ ਕੇ. ਕਰੁਣਾਨਿਧੀ, ਜੇ. ਜੈਲਲਿਤਾ, ਐੱਮਕੇ ਸਟਾਲਿਨ ਅਤੇ ਈਕੇ ਪਲਾਨੀਸਵਾਮੀ, ਕਰਨਾਟਕ ਵਿੱਚ ਸਿੱਧਰਮਈਆ, ਬਸਵਰਾਜ ਬੋਮਈ, ਕੁਮਾਰਸਵਾਮੀ ਅਤੇ ਯੇਦੀਯੁਰੱਪਾ, ਕੇਰਲ ਵਿੱਚ ਪਿਨਾਰਈ ਵਿਜਯਨ ਅਤੇ ਕੇ. ਚੰਦਰਸ਼ੇਖਰ ਰਾਓ ਵਰਗੇ ਮੁੱਖ ਮੰਤਰੀਆਂ ਵਿਰੁੱਧ ਵੀ ਚੋਣ ਲੜ ਚੁੱਕੇ ਹਨ।
ਉਹ ਜਿੱਥੋਂ ਚੋਣ ਲੜਦੇ ਹਨ, ਕੀ ਉਹ ਚੋਣ ਪ੍ਰਚਾਰ ਲਈ ਜਾਂਦੇ ਹਨ, ਇਸ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਉਹ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ, ਪਰ ਪ੍ਰਚਾਰ ਨਹੀਂ ਕਰਦੇ।
ਪਦਮਰਾਜਨ ਨੂੰ ਸਭ ਤੋਂ ਵੱਧ ਵੋਟਾਂ ਕਿੱਥੋਂ ਮਿਲੀਆਂ?
ਪਦਮਰਾਜਨ, ਜੋ ਸਿਰਫ ਨਾਮਜ਼ਦਗੀ ਲਈ ਗਏ ਸਨ, ਨੇ 2019 ਵਿੱਚ ਰਾਹੁਲ ਗਾਂਧੀ ਦੇ ਖਿਲਾਫ ਵਾਇਨਾਡ ਤੋਂ ਚੋਣ ਲੜੀ ਸੀ। ਇੱਥੇ ਉਨ੍ਹਾਂ ਨੂੰ 1887 ਵੋਟਾਂ ਮਿਲੀਆਂ।
ਹਾਲਾਂਕਿ ਇੱਕ ਵਾਰ ਉਨ੍ਹਾਂ ਦੇ ਵਾਰਡ ਦੀਆਂ ਚੋਣਾਂ ਵਿੱਚ ਅਜਿਹੀ ਸਥਿਤੀ ਵੀ ਆਈ ਕਿ ਪਦਮਰਾਜਨ ਨੂੰ ਇੱਕ ਵੀ ਵੋਟ ਨਹੀਂ ਮਿਲੀ।
ਇਸ ਤੋਂ ਇਲਾਵਾ 2011 ਮੇਟੂਰ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ 6 ਹਜ਼ਾਰ 273 ਵੋਟਾਂ ਮਿਲੀਆਂ ਸਨ ਅਤੇ ਇਹ ਉਨ੍ਹਾਂ ਨੂੰ ਕਿਸੇ ਵੀ ਚੋਣ 'ਚ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ।
ਪਦਮਾਰਾਜਨ ਮੁਤਾਬਕ ਉਨ੍ਹਾਂ ਦੀ ਨੀਤੀ ਚੋਣਾਂ ਹਾਰਨ ਦੀ ਹੈ। ਇਸ ਕਾਰਨ ਪਦਮਾਰਾਜਨ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸਭ ਤੋਂ ਵੱਧ ਚੋਣਾਂ ਹਾਰਨ ਵਾਲੇ ਉਮੀਦਵਾਰ ਵਜੋਂ ਦਰਜ ਹੈ।
ਹਾਲਾਂਕਿ ਹੁਣ ਉਨ੍ਹਾਂ ਦਾ ਇਰਾਦਾ ਵੱਧ ਤੋਂ ਵੱਧ ਚੋਣ ਲੜਨ ਲਈ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਉਣ ਦਾ ਹੈ।
ਦਰਅਸਲ ਭਾਰਤ ਵਿੱਚ ਪਦਮਾਰਾਜਨ ਤੋਂ ਪਹਿਲਾਂ ਕਾਕਾ ਜੋਗਿੰਦਰ ਸਿੰਘ ਧਰਤੀਪਕੜ ਨੇ ਵੀ ਲਗਾਤਾਰ ਚੋਣਾਂ ਲੜਨ ਦੀ ਮਿਸਾਲ ਕਾਇਮ ਕੀਤੀ ਸੀ।
ਉਨ੍ਹਾਂ ਨੇ 1962 ਵਿੱਚ ਚੋਣ ਲੜਨੀ ਸ਼ੁਰੂ ਕੀਤੀ। ਦਸੰਬਰ 1998 ਵਿੱਚ ਆਪਣੀ ਮੌਤ ਤੋਂ ਪਹਿਲਾਂ, ਉਨ੍ਹਾਂ ਨੇ ਲਗਭਗ 300 ਚੋਣਾਂ ਲੜੀਆਂ ਸਨ।
ਉਨ੍ਹਾਂ ਨੇ ਸਥਾਨਕ ਪੱਧਰ ਤੋਂ ਲੈ ਕੇ ਰਾਸ਼ਟਰਪਤੀ ਪੱਧਰ ਤੱਕ ਦੀਆਂ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ। ਉਹ ਹਲਕੇ ਵਿੱਚ ਆਪ ਲਈ ਚੋਣ ਪ੍ਰਚਾਰ ਵੀ ਕਰਦੇ ਰਹੇ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਵੀ ਕਰਦੇ ਰਹੇ।
ਹਾਲਾਂਕਿ, ਪਦਮਰਾਜਨ ਨੇ ਤਾਮਿਲਨਾਡੂ ਦੀ ਧਰਮਪੁਰੀ ਸੀਟ ਤੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ ਹੈ।
ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਪਰ ਚੋਣ ਬਾਦਸ਼ਾਹ ਧਰਤੀ ਪਕੜ ਤੋਂ ਅੱਗੇ ਨਿਕਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)