ਘੁਰਾੜੇ ਰਿਸ਼ਤਿਆਂ ’ਤੇ ਕਿਵੇਂ ਅਸਰ ਪਾ ਸਕਦੇ ਹਨ

ਤਸਵੀਰ ਸਰੋਤ, Getty Images
ਸਿੰਗਾਪੁਰ ਦੀ 45 ਸਾਲਾ ਔਰਤ ਅਰੁਣਿਕਾ ਸੇਲਵਮ ਨੇ ਕਿਹਾ, "ਮੈਂ ਆਪਣੇ ਪਤੀ ਦੇ ਉੱਚੀ ਆਵਾਜ਼ ਵਾਲੇ ਘੁਰਾੜਿਆਂ ਬਾਰੇ ਪਰਿਵਾਰ ਅਤੇ ਦੋਸਤਾਂ ਨਾਲ ਮਜ਼ਾਕ ਉਡਾਉਂਦੀ ਸੀ, ਪਰ ਅੰਦਰ ਹੀ ਅੰਦਰ ਇਹ ਅਸਲ ਵਿੱਚ ਮੈਨੂੰ ਪਰੇਸ਼ਾਨ ਕਰਦਾ ਸੀ।"
"ਮੈਨੂੰ ਡਰ ਸੀ ਕਿ ਜੇ ਮੈਂ ਆਪਣੇ ਪਤੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਨਾਰਾਜ਼ ਹੋ ਜਾਣਗੇ।"
ਉਨ੍ਹਾਂ ਨੇ ਸੋਚਿਆ ਕਿ ਘੁਰਾੜੇ ਉਨ੍ਹਾਂ ਦੇ ਵਿਆਹ ਦਾ ਹੀ ਇੱਕ ਹਿੱਸਾ ਹਨ ਜੋ ਵਿਆਹ ਦੇ ਨਾਲ ਉਨ੍ਹਾਂ ਨੂੰ ਮਿਲੇ ਹਨ। ਪਰ ਇਸ ਦਾ ਅਸਰ ਉਨ੍ਹਾਂ ਦੇ ਪਤੀ-ਪਤਨੀ ਦੇ ਰਿਸ਼ਤੇ 'ਤੇ ਪੈ ਰਿਹਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਰਾਤ ਨੂੰ ਨੀਂਦ ਬਹੁਤ ਜ਼ਿਆਦਾ ਖ਼ਰਾਬ ਹੋਣੀ ਸ਼ੁਰੂ ਹੋ ਗਈ ਅਤੇ ਸਵੇਰੇ ਉਹ ਚਿੜਚਿੜੀ ਹੋ ਜਾਂਦੀ ਸੀ।
ਉਨ੍ਹਾਂ ਦੇ ਪਤੀ ਦੇ ਘੁਰਾੜਿਆਂ ਕਾਰਨ ਉਹ ਰਾਤ ਨੂੰ ਚੰਗੀ ਤਰ੍ਹਾਂ ਆਰਾਮ ਨਹੀਂ ਕਰ ਸਕਦੇ ਸਨ ਅਤੇ ਨੀਂਦ ਦੀ ਕਮੀ ਕਾਰਨ ਦਫ਼ਤਰ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਅਸਰ ਪੈਂਦਾ ਸੀ।
ਬੈੱਡ ’ਤੇ ਨਾਲ ਪਏ ਘੁਰਾੜੇ ਮਾਰਨ ਵਾਲੇ ਸਾਥੀ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਆਮ ਗੱਲ ਹੈ, ਪਰ ਸਿਹਤ ਅਤੇ ਸਬੰਧਾਂ ਦੇ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਇਹ ਉਨ੍ਹਾਂ ਦੇ ਸਾਥੀ ਅਤੇ ਉਨ੍ਹਾਂ ਦੇ ਰਿਸ਼ਤੇ ਦੋਵਾਂ ਦੀ ਸਿਹਤ ’ਤੇ ਗੰਭੀਰ ਅਸਰ ਪਾ ਸਕਦਾ ਹੈ।

ਤਸਵੀਰ ਸਰੋਤ, Getty Images
ਸਲੀਪ ਐਪਨੀਆ ਕੀ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਉੱਚੀ-ਉੱਚੀ ਘੁਰਾੜੇ ਮਾਰਨਾ ਅਕਸਰ ਨੀਂਦ ਦੇ ਇੱਕ ਵਿਕਾਰ ਨਾਲ ਜੁੜਿਆ ਹੁੰਦਾ ਹੈ ਜਿਸ ਨੂੰ ‘ਔਬਸਟਰਕਟਿਵ ਸਲੀਪ ਐਪਨੀਆ’ (ਓਐੱਸਏ) ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਨੀਂਦ ਦੇ ਦੌਰਾਨ ਸਾਹ ਰੁਕ ਜਾਂਦਾ ਹੈ ਅਤੇ ਵਾਰ-ਵਾਰ ਸ਼ੁਰੂ ਹੁੰਦਾ ਹੈ।
ਇਸ ਵਿਕਾਰ ਦੇ ਕਾਰਨ ਗਲੇ ਦੀਆਂ ਸਾਈਡਾਂ ਸ਼ਾਂਤ ਅਤੇ ਤੰਗ ਹੋ ਜਾਂਦੀਆਂ ਹਨ, ਜਿਸ ਨਾਲ ਸਾਧਾਰਨ ਤੌਰ ’ਤੇ ਸਾਹ ਲੈਣ ਵਿੱਚ ਵਿਘਨ ਪੈਂਦਾ ਹੈ, ਨਤੀਜੇ ਵਜੋਂ ਆਕਸੀਜਨ ਦੀ ਕਮੀ ਹੋ ਜਾਂਦੀ ਹੈ।
ਯੂਕੇ ਦੇ ਜੇਮਸ ਕੁੱਕ ਯੂਨੀਵਰਸਿਟੀ ਹਸਪਤਾਲ ਦੇ ਸਾਹ ਦੀਆਂ ਬਿਮਾਰੀਆਂ ਸਬੰਧੀ ਸਲਾਹਕਾਰ ਡਾਕਟਰ ਰਾਮਾਮੂਰਤੀ ਸਤਿਆਮੂਰਤੀ ਅਨੁਸਾਰ, ਸਲੀਪ ਐਪਨੀਆ ਦੇ ਲੱਛਣ ਅਲੱਗ-ਅਲੱਗ ਹੋ ਸਕਦੇ ਹਨ, ਹਲਕੇ ਤੋਂ ਦਰਮਿਆਨੇ ਜਾਂ ਗੰਭੀਰ ਤੱਕ, ਪਰ ਉਹ ਆਮ ਤੌਰ 'ਤੇ ਹੌਲੀ-ਹੌਲੀ ਹੋਰ ਖ਼ਰਾਬ ਹੁੰਦੇ ਜਾਂਦੇ ਹਨ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਲਾਜ ਨਾ ਕੀਤੇ ਜਾਣ ਨਾਲ ਘੁਰਾੜੇ ਮਾਰਨ ਵਾਲੇ ਅਤੇ ਉਨ੍ਹਾਂ ਦੇ ਸਾਥੀ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਕਈ ਪਹਿਲੂਆਂ ’ਤੇ ਅਸਰ ਪੈ ਸਕਦਾ ਹੈ, ਜਿਸ ਵਿੱਚ ਉਨ੍ਹਾਂ ਦੀ ਸੈਕਸ ਦੀ ਇੱਛਾ ਵੀ ਸ਼ਾਮਲ ਹੈ।

ਤਸਵੀਰ ਸਰੋਤ, Getty Images
ਸਲੀਪ ਐਪਨੀਆ ਦੇ ਲੱਛਣ ਕੀ ਹਨ?
ਲੱਛਣ ਮੁੱਖ ਤੌਰ 'ਤੇ ਸੌਂਦੇ ਸਮੇਂ ਪ੍ਰਗਟ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਸ਼ਾਮਲ ਹਨ-
- ਉੱਚੀ ਆਵਾਜ਼ ਵਿੱਚ ਘੁਰਾੜੇ ਮਾਰਨਾ
- ਸਾਹ ਰੁਕਣਾ ਅਤੇ ਸ਼ੁਰੂ ਹੋਣਾ
- ਸਾਹ ਘੁੱਟਣਾ, ਘੁਰਾੜੇ ਮਾਰਨਾ ਜਾਂ ਸਾਹ ਘੁੱਟਣ ਦੀਆਂ ਆਵਾਜ਼ਾਂ ਕੱਢਣਾ
- ਵਾਰ-ਵਾਰ ਜਾਗਣਾ
ਦਿਨ ਵੇਲੇ ਪੀੜਤ ਇਹ ਵੀ ਕਰ ਸਕਦੇ ਹਨ-
- ਜਦੋਂ ਉਹ ਉੱਠਦੇ ਹਨ ਤਾਂ ਸਿਰ ਦਰਦ ਹੁੰਦਾ ਹੈ
- ਬਹੁਤ ਥਕਾਵਟ ਮਹਿਸੂਸ ਹੁੰਦੀ ਹੈ
- ਧਿਆਨ ਕੇਂਦਰਿਤ ਕਰਨਾ ਔਖਾ ਹੁੰਦਾ ਹੈ
- ਚੇਤਾ ਕਮਜ਼ੋਰ ਹੋਣਾ
- ਉਦਾਸ, ਚਿੜਚਿੜੇ ਮਹਿਸੂਸ ਕਰਨਾ ਜਾਂ ਮਨੋਦਸ਼ਾ ਦੀਆਂ ਹੋਰ ਤਬਦੀਲੀਆਂ ਮਹਿਸੂਸ ਕਰਨੀਆਂ
- ਤਾਲਮੇਲ ਕਰਨ ਵਿੱਚ ਦਿੱਕਤ
- ਸੈਕਸ ਇੱਛਾ ਖ਼ਤਮ ਹੋਣਾ
ਹੋਰ ਸਿਹਤ ਸਮੱਸਿਆਵਾਂ

ਇਸ ਤੋਂ ਇਲਾਵਾ ਔਬਸਟਰਕਟਿਵ ਸਲੀਪ ਐਪਨੀਆ ਕਈ ਹੋਰ ਸਿਹਤ ਸਮੱਸਿਆਵਾਂ ਨੂੰ ਵੀ ਜਨਮ ਦੇ ਸਕਦਾ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਐਪਨੀਆ ਦੌਰਾਨ ਬਲੱਡ ਆਕਸੀਜਨ ਦੇ ਪੱਧਰ ਵਿੱਚ ਅਚਾਨਕ ਗਿਰਾਵਟ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਇਹ ਇਸ ਨਾਲ ਜੁੜੀਆਂ ਹੋਈਆਂ ਕਈ ਮੈਡੀਕਲ ਸਮੱਸਿਆਵਾਂ ਦੇ ਖ਼ਤਰੇ ਨੂੰ ਵਧਾ ਸਕਦਾ ਹੈ।
ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਓਐੱਸਏ ਦਿਲ ਦੇ ਫੇਲ੍ਹ ਹੋਣ ਦੇ ਖ਼ਤਰੇ ਨੂੰ 140%, ਸਟ੍ਰੋਕ ਦੇ ਖ਼ਤਰੇ ਨੂੰ 60% ਅਤੇ ਕੋਰੋਨਰੀ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ 30% ਤੱਕ ਵਧਾ ਸਕਦਾ ਹੈ।
ਸਲੀਪ ਥੈਰੇਪਿਸਟ ਦਾ ਕਹਿਣਾ ਹੈ ਕਿ ਸਲੀਪ ਐਪਨੀਆ ਸੈਕਸ ਇੱਛਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਡਾ. ਸਤਿਆਮੂਰਤੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਹਾਲਾਂਕਿ ਕੁਝ ਜੋੜਿਆਂ ਨੂੰ ਆਪਣੇ ਸਾਥੀ ਦੇ ਘੁਰਾੜੇ ਹਾਸੋਹੀਣੇ ਲੱਗ ਸਕਦੇ ਹਨ, ਪਰ ਇਹ ਉਨ੍ਹਾਂ ਦੇ ਰਿਸ਼ਤੇ ਲਈ ਇੱਕ ਗੰਭੀਰ ਮਾਮਲਾ ਹੋ ਸਕਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਆਮ ਤੌਰ ’ਤੇ ਮੈਂ ਜਿਨ੍ਹਾਂ ਮਰੀਜ਼ਾਂ ਨੂੰ ਦੇਖ ਰਿਹਾ ਹਾਂ, ਉਨ੍ਹਾਂ ਵਿੱਚੋਂ 90% ਮਰੀਜ਼ਾਂ ਦਾ ਇਲਾਜ ਇਸ ਲਈ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਸਾਥੀ ਬਹੁਤ ਪ੍ਰਭਾਵਿਤ ਹੁੰਦੇ ਹਨ।"
ਇਸ ਕਾਰਨ ਇਹ ਜੋੜੇ ਅਲੱਗ-ਅਲੱਗ ਕਮਰਿਆਂ ਵਿੱਚ ਸੌਣਾ ਸ਼ੁਰੂ ਕਰ ਸਕਦੇ ਹਨ। ਇਸ ਸਥਿਤੀ ਨੂੰ ‘ਸਲੀਪ ਡਾਇਵੋਰਸ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਅਮਰੀਕਾ ਸਥਿਤ ਰਿਲੇਸ਼ਨਸ਼ਿਪ ਥੈਰੇਪਿਸਟ ਸਾਰਾ ਨਾਸੇਰਜ਼ਾਦੇਹ ਇਹ ਕਹਿੰਦੇ ਹਨ ਕਿ ਜੋੜੇ ਘੁਰਾੜਿਆਂ ਕਾਰਨ ਜਾਂ ਉਸ ਦੇ ਬਿਨਾਂ ਅਲੱਗ-ਅਲੱਗ ਸੌਣ ਤਾਂ ਇਹ ਲਾਜ਼ਮੀ ਤੌਰ ’ਤੇ ਕੋਈ ਬੁਰੀ ਗੱਲ ਨਹੀਂ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ਰਾਤ ਨੂੰ ਚੰਗੀ ਤਰ੍ਹਾਂ ਸੌਂ ਕੇ ਦਿਨ ਦੀ ਸ਼ੁਰੂਆਤ ਕਰਨ ਨਾਲ ਦੋਵਾਂ ਸਾਥੀਆਂ ਵਿਚਕਾਰ ਸਿਹਤਮੰਦ ਰਿਸ਼ਤੇ ਨੂੰ ਵਧਾਇਆ ਜਾ ਸਕਦਾ ਹੈ। ਹਾਲਾਂਕਿ, ਇਹ ਨਿਸ਼ਚਤ ਤੌਰ ’ਤੇ ਤਾਂ ਹੀ ਸੰਭਵ ਹੈ ਜਦੋਂ ਉਨ੍ਹਾਂ ਕੋਲ ਇੱਕ ਵਾਧੂ ਬੈੱਡਰੂਮ ਉਪਲੱਬਧ ਹੋਵੇ।
ਪਰ ਕੁਝ ਜੋੜਿਆਂ ਲਈ ‘ਸਲੀਪ ਡਾਇਵੋਰਸ’ ਪੱਕੇ ਤੌਰ ’ਤੇ ਅਲੱਗ ਹੋਣ ਦੇ ਰਾਹ ’ਤੇ ਪਹਿਲਾ ਕਦਮ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਸਮੱਸਿਆ ਨੂੰ ਧਿਆਨ ਵਿੱਚ ਲਿਆਉਣਾ
ਬੇਸ਼ੱਕ ਅਰੁਣਿਕਾ ਸੇਲਵਮ ਸਿੰਗਾਪੁਰ ਵਿੱਚ ਰਹਿੰਦੇ ਹਨ, ਜੋ ਦੁਨੀਆ ਵਿੱਚ ਸਭ ਤੋਂ ਵੱਧ ਵਿਕਸਤ ਦੇਸ਼ ਅਤੇ ਪ੍ਰਤੀ ਵਿਅਕਤੀ ਸਭ ਤੋਂ ਵੱਧ ਜੀਡੀਪੀ ਵਾਲਾ ਦੇਸ਼ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਘਰ ਵਿੱਚ ਕਿਧਰੇ ਹੋਰ ਪਾਸੇ ਬੈੱਡ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਇੱਕ ਬੱਚੇ ਦੀ ਮਾਂ ਜਿਸ ਦਾ ਵਿਆਹ ਹੋਏ ਨੂੰ ਪੰਦਰਾਂ ਸਾਲ ਹੋ ਚੁੱਕੇ ਹਨ, ਉਨ੍ਹਾਂ ਨੇ ਦੱਸਿਆ, "ਸਿੰਗਾਪੁਰ ਵਿੱਚ ਰਹਿਣ ਦੀ ਉੱਚ ਲਾਗਤ ਦੇ ਕਾਰਨ ਸਾਨੂੰ ਵਾਧੂ ਆਮਦਨ ਲਈ ਆਪਣਾ ਗੈਸਟ ਰੂਮ ਕਿਰਾਏ ’ਤੇ ਦੇਣਾ ਪਿਆ।"
ਹਾਲਾਂਕਿ, ਅਣਗਿਣਤ ਰਾਤਾਂ ਦੀ ਨੀਂਦ ਹਰਾਮ ਕਰਨ ਤੋਂ ਬਾਅਦ, ਸੇਲਵਮ ਨੇ ਆਪਣੇ ਪਤੀ ਨਾਲ ਘੁਰਾੜਿਆਂ ਦੀ ਸਮੱਸਿਆ ਬਾਰੇ ਗੱਲ ਕੀਤੀ।
ਉਹ ਡਾਕਟਰ ਦੀ ਸਲਾਹ ਲੈਣ ਤੋਂ ਝਿਜਕ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਦੋਵੇਂ ਘੁਰਾੜੇ ਮਾਰਦੇ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਬਿਲਕੁਲ ਆਮ ਗੱਲ ਹੈ।
ਸੇਲਵਮ ਨੇ ਅੱਗੇ ਕਿਹਾ ਕਿ ਪੁਰਸ਼ਾਂ ਵਿੱਚ ਉੱਚੀ-ਉੱਚੀ ਘੁਰਾੜੇ ਮਾਰਨ ਨੂੰ ਅਕਸਰ ਮਰਦਾਨਗੀ ਦਾ ਹਿੱਸਾ ਮੰਨਿਆ ਜਾਂਦਾ ਹੈ, ਖ਼ਾਸ ਤੌਰ ’ਤੇ ਕੁਝ ਏਸ਼ੀਆਈ ਸੱਭਿਆਚਾਰਾਂ ਵਿੱਚ।
ਘੁਰਾੜਿਆਂ ਕਾਰਨ ਨੀਂਦ ਦੀ ਕਮੀ ਹੋਣ ਦਾ ਮਾਨਸਿਕ ਪ੍ਰਭਾਵ ਬੇਲੋੜੀ ਬਹਿਸ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ।
ਸਾਰਾ ਨਾਸੇਰਜ਼ਾਦੇਹ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਇਸ ਮੁੱਦੇ ਨੂੰ ਆਪਣੇ ਸਾਥੀ ਨਾਲ "ਸਹੀ ਅਤੇ ਸਹਿਜ ਤਰੀਕੇ" ਨਾਲ ਉਠਾਉਣ ਲਈ ਸਹੀ ਸਮਾਂ ਲੱਭਣਾ ਮਹੱਤਵਪੂਰਨ ਹੈ।
‘ਲਵ ਬਾਇ ਡਿਜ਼ਾਈਨ- 6 ਇੰਗਰੀਡਿਐਂਟਸ ਟੂ ਬਿਲਡ ਏ ਲਾਈਫਟਾਈਮ ਲਵ’ ਦੇ ਲੇਖਕ ਨਾਸੇਰਜ਼ਾਦੇਹ ਨੇ ਕਿਹਾ, "ਸੈਕਸ ਕਰਨ ਤੋਂ ਬਾਅਦ ਜਾਂ ਚੰਗੇ ਮੂਡ ਵਿੱਚ ਹੋਣ ਅਤੇ ਉਦੋਂ ਜਦੋਂ ਤੁਸੀਂ ਆਪਸ ਵਿੱਚ ਬਹੁਤ ਜੁੜੇ ਹੋਏ ਮਹਿਸੂਸ ਕਰਦੇ ਹੋ, ਇਸ ਬਾਰੇ ਗੱਲ ਕਰ ਸਕਦੇ ਹੋ।"
ਸਮਾਜਿਕ ਮਨੋਵਿਗਿਆਨ ਦੇ ਮਾਹਿਰ ਨੇ ਕਿਹਾ ਕਿ ਇਹ ਯਾਦ ਰੱਖਣਾ ਵੀ ਮਹੱਤਵਪੂਰਨ ਹੈ ਕਿ ਜੋ ਵਿਅਕਤੀ ਘੁਰਾੜੇ ਮਾਰ ਰਿਹਾ ਹੈ ਉਹ ਅਕਸਰ ਇਸ ਸਥਿਤੀ ਬਾਰੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ।

ਤਸਵੀਰ ਸਰੋਤ, Getty Images
ਗੰਭੀਰ ਨਤੀਜੇ
ਬ੍ਰਿਟਿਸ਼ ਸਨੋਰਿੰਗ ਐਂਡ ਸਲੀਪ ਐਪਨੀਆ ਐਸੋਸੀਏਸ਼ਨ ਦੇ ਅਨੁਸਾਰ ਬ੍ਰਿਟੇਨ ਵਿੱਚ ਲਗਭਗ 15 ਮਿਲੀਅਨ ਘੁਰਾੜੇ ਮਾਰਨ ਵਾਲੇ ਲੋਕ ਹਨ ਅਤੇ ਇਹ ਦੇਸ਼ ਵਿੱਚ 30 ਮਿਲੀਅਨ ਲੋਕਾਂ ’ਤੇ ਅਸਰ ਪਾਉਂਦਾ ਹੈ ਯਾਨਿ ਕਿ ਲਗਭਗ ਅੱਧੀ ਆਬਾਦੀ ’ਤੇ।
ਐਸੋਸੀਏਸ਼ਨ ਨੇ ਕਿਹਾ ਕਿ ਹਾਲ ਹੀ ਦੇ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਘੁਰਾੜੇ ਮਾਰਨ ਵਾਲੇ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਬਹੁਤ ਜ਼ਿਆਦਾ ਹੈ।
ਪਰ ਘੁਰਾੜੇ ਮਾਰਨ ਵਾਲਾ ਚਾਹੇ ਕੋਈ ਵੀ ਹੋਵੇ, ਇਸ ਆਦਤ ਦੇ ਨਤੀਜੇ ਗੰਭੀਰ ਹੋ ਸਕਦੇ ਹਨ।
ਕੁਝ ਰਿਪੋਰਟਾਂ ਘੁਰਾੜਿਆਂ ਨੂੰ ਅਮਰੀਕਾ ਅਤੇ ਯੂਕੇ ਵਿੱਚ ਤਲਾਕ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਦੱਸਦੀਆਂ ਹਨ, ਹਾਲਾਂਕਿ ਦਾਅਵੇ ਦਾ ਸਮਰਥਨ ਕਰਨ ਲਈ ਠੋਸ ਡੇਟਾ ਲੱਭਣਾ ਮੁਸ਼ਕਲ ਹੈ।
ਘੁਰਾੜੇ ਹੋ ਸਕਦੇ ਰਿਸ਼ਤਿਆਂ ਵਿੱਚ ਗੰਭੀਰ ਸਮੱਸਿਆਵਾਂ ਦਾ ਕਾਰਨ
ਯੂਕੇ ਦੀ ਇੱਕ ਪਰਿਵਾਰਕ ਵਕੀਲ ਰੀਟਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਘੁਰਾੜਿਆਂ ਨਾਲ ਜੁੜੇ ਕਈ ਤਲਾਕ ਦੇ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਨਿਸ਼ਚਤ ਤੌਰ ’ਤੇ ਵਿਆਹ ਵਿੱਚ ਨਾਖੁਸ਼ੀ ਦੇ ਇੱਕ ਕਾਰਨ ਵਜੋਂ ਸਾਹਮਣੇ ਆਇਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਮੇਰੇ ਕੋਲ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜੋ ਕਹਿੰਦੀਆਂ ਹਨ, "ਅਸੀਂ ਘੁਰਾੜਿਆਂ ਕਾਰਨ ਕਈ ਸਾਲਾਂ ਤੋਂ ਅਲੱਗ-ਅਲੱਗ ਕਮਰਿਆਂ ਵਿੱਚ ਸੌਂ ਰਹੇ ਹਾਂ, ਅਤੇ ਇਸ ਲਈ ਅਸੀਂ ਹੁਣ ਅਲੱਗ ਹੀ ਹੋ ਗਏ ਹਾਂ।"
ਪਰਿਵਾਰਕ ਵਕੀਲ ਨੇ ਕਿਹਾ ਕਿ ਤਲਾਕ ਦੇ ਮਾਮਲਿਆਂ ਵਿੱਚ ਇੱਕ ਆਮ ਮੁੱਦਾ ਡਾਕਟਰੀ ਇਲਾਜ ਨੂੰ ਨਜ਼ਰਅੰਦਾਜ਼ ਕਰਨਾ ਅਤੇ ਇਸ ਮੁੱਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਨਾ ਚੁੱਕਣਾ ਹੈ, ਜੋ ਅੰਤਰੀਵ ਵਚਨਬੱਧਤਾ ਮੁੱਦਿਆਂ ਨੂੰ ਦਰਸਾਉਂਦਾ ਹੈ।
ਉਦਾਹਰਨ ਵਜੋਂ, ਇਹ ਇੱਕ ਆਦਮੀ ਦੇ ਵਿਰੁੱਧ ਕੇਸ ਹੈ, ਅਤੇ ਉਸ ਦੀ ਪਤਨੀ ਕਹਿ ਰਹੀ ਹੈ, "ਉਹ ਪਹਿਲਾਂ ਤੋਂ ਹੀ ਬੁਰੀ ਤਰ੍ਹਾਂ ਘੁਰਾੜੇ ਮਾਰਦਾ ਹੈ। ਇਹ ਅਸਲ ਵਿੱਚ ਮੇਰੀ ਨੀਂਦ ’ਤੇ ਅਸਰ ਪਾ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।"

ਤਸਵੀਰ ਸਰੋਤ, Getty Images
ਤੁਸੀਂ ਘੁਰਾੜਿਆਂ ਜਾਂ ਸਲੀਪ ਐਪਨੀਆ ਬਾਰੇ ਕੀ ਕਰ ਸਕਦੇ ਹੋ?
ਸਲੀਪ ਐਪਨੀਆ ਦੇ ਇਲਾਜ ਵਿੱਚ ਜੀਵਨਸ਼ੈਲੀ ਵਿੱਚ ਤਬਦੀਲੀਆਂ ਸ਼ਾਮਲ ਹੋ ਸਕਦੀਆਂ ਹਨ ਜਿਵੇਂ:
- ਭਾਰ ਘਟਾਉਣਾ
- ਸਿਗਰਟ ਪੀਣਾ ਛੱਡਣਾ
- ਸ਼ਰਾਬ ਦੇ ਸੇਵਨ ਨੂੰ ਸੀਮਤ ਕਰਨਾ
ਹਾਲਾਂਕਿ, ਕਈ ਵਿਅਕਤੀਆਂ ਲਈ ਸੀਪੀਏਪੀ (ਕੰਟੀਨਿਊਸ ਪਾਜ਼ੇਟਿਵ ਏਅਰਵੇਅ ਪ੍ਰੈੱਸ਼ਰ) ਮਸ਼ੀਨ ਵਜੋਂ ਜਾਣੇ ਜਾਂਦੇ ਉਪਕਰਨ ਦੀ ਵਰਤੋਂ ਲਾਜ਼ਮੀ ਹੈ।
ਇਹ ਹੌਲੀ-ਹੌਲੀ ਹਵਾ ਨੂੰ ਇੱਕ ਮਾਸਕ ਵਿੱਚ ਪਹੁੰਚਾਉਂਦਾ ਹੈ ਜਿਸ ਨੂੰ ਤੁਸੀਂ ਸੌਂਦੇ ਸਮੇਂ ਆਪਣੇ ਮੂੰਹ ਜਾਂ ਨੱਕ ਉੱਤੇ ਪਹਿਨਦੇ ਹੋ।
ਸੀਪੀਏਪੀ ਮਸ਼ੀਨ ਨੀਂਦ ਦੌਰਾਨ ਸਾਹ ਲੈਣ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।
ਡਾ. ਰਾਮਾਮੂਰਤੀ ਸਤਿਆਮੂਰਤੀ ਨੇ ਕਿਹਾ ਕਿ ਸਾਥੀ ਅਤੇ ਘੁਰਾੜੇ ਮਾਰਨ ਵਾਲੇ ਦੋਵਾਂ ਦੀ ਸਿਹਤ ਨੂੰ ਤਰਜੀਹ ਦੇਣਾ ਮਹੱਤਵਪੂਰਨ ਹੈ, ਜਿਸ ਨਾਲ ਉਨ੍ਹਾਂ ਨੂੰ ਡਾਕਟਰੀ ਸਲਾਹ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਉਨ੍ਹਾਂ ਨੇ ਅੱਗੇ ਕਿਹਾ, "ਇਹ ਨਾ ਸਿਰਫ਼ ਰਿਸ਼ਤੇ ਲਈ ਸਗੋਂ ਆਰਥਿਕ ਤੌਰ ’ਤੇ ਵੀ ਫਾਇਦੇਮੰਦ ਹੋਵੇਗਾ, ਕਿਉਂਕਿ ਲੋਕ ਇਸ ਸਥਿਤੀ ਕਾਰਨ ਹੋਣ ਵਾਲੀਆਂ ਹੋਰ ਸਿਹਤ ਸਮੱਸਿਆਵਾਂ ਲਈ ਦਵਾਈਆਂ ’ਤੇ ਘੱਟ ਪੈਸਾ ਖਰਚ ਕਰਨਗੇ। ਇਸ ਲਈ, ਇਹ ਪੂਰੇ ਪਰਿਵਾਰ ਲਈ ਇੱਕ ਸਮੁੱਚਾ ਲਾਭ ਹੈ।"

ਤਸਵੀਰ ਸਰੋਤ, Getty Images
ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਰੁਕਾਵਟਾਂ
ਘੁਰਾੜਿਆਂ ਪ੍ਰਤੀ ਦ੍ਰਿਸ਼ਟੀਕੋਣ ਵਿਸ਼ਵ ਪੱਧਰ ’ਤੇ ਅਤੇ ਵਿਅਕਤੀਗਤ ਰੂਪ ਨਾਲ ਵੱਖ-ਵੱਖ ਹੋ ਸਕਦਾ ਹੈ ਜੋ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਕਾਰਕਾਂ ਅਤੇ ਇੱਥੋਂ ਤੱਕ ਕਿ ਲਿੰਗ ਅਤੇ ਲਿੰਗਕਤਾ ਨਾਲ ਵੀ ਪ੍ਰਭਾਵਿਤ ਹੋ ਸਕਦਾ ਹੈ।
ਸਮਨ (ਅਸਲੀ ਨਾਮ ਨਹੀਂ), ਇੱਕ 40 ਸਾਲਾ ਸਮਲਿੰਗੀ ਵਿਅਕਤੀ ਜੋ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਇੱਕ ਹੋਟਲ ਰਿਸੈਪਸ਼ਨਿਸਟ ਵਜੋਂ ਕੰਮ ਕਰਦਾ ਹੈ। ਉਹ ਆਪਣੀ ਕਾਮੁਕਤਾ ਨੂੰ ਆਪਣੇ ਪਰਿਵਾਰ ਤੋਂ ਗੁਪਤ ਰੱਖਦਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਉਸ ਦਾ ਪ੍ਰੇਮੀ ਸਿਰਫ਼ ਇੱਕ ਦੋਸਤ ਹੈ ਜੋ ਉਸ ਦੇ ਘਰ ਵਿੱਚ ਵਾਧੂ ਕਮਰਾ ਕਿਰਾਏ 'ਤੇ ਲੈ ਕੇ ਰਹਿ ਰਿਹਾ ਹੈ।
ਸਮਨ ਨੇ ਬੀਬੀਸੀ ਨੂੰ ਦੱਸਿਆ, "ਮੇਰਾ ਸਾਥੀ ਉੱਚੀ-ਉੱਚੀ ਘੁਰਾੜੇ ਮਾਰਦਾ ਹੈ ਅਤੇ ਉਸ ਦੇ ਘੁਰਾੜਿਆਂ ਕਾਰਨ ਮੈਨੂੰ ਨੀਂਦ ਨਹੀਂ ਆਉਂਦੀ। ਮੈਨੂੰ ਰਾਤ ਨੂੰ ਚੰਗੀ ਨੀਂਦ ਉਦੋਂ ਆਉਂਦੀ ਹੈ ਜਦੋਂ ਮੇਰੀ ਮਾਂ ਮੈਨੂੰ ਮਿਲਣ ਆਈ ਹੁੰਦੀ ਹੈ।"
ਉਨ੍ਹਾਂ ਨੇ ਕਿਹਾ, "ਉਨ੍ਹਾਂ ਦਿਨਾਂ ਲਈ, ਮੇਰਾ ਸਾਥੀ ਸਵੈਇੱਛਾ ਨਾਲ ਮੇਰੀ ਮਾਂ ਨੂੰ ਇੱਕ ਕਮਰਾ ਦੇ ਦਿੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਉਸ ਦਾ ਕਮਰਾ ਹੈ, ਜਦੋਂ ਕਿ ਉਹ ਸੋਫੇ ’ਤੇ ਸੌਂਦਾ ਹੈ।"
"ਬਸ ਇਹੀ ਸਮਾਂ ਹੈ ਜਦੋਂ ਮੈਂ ਚੰਗੀ ਤਰ੍ਹਾਂ ਸੌਂ ਸਕਦਾ ਹਾਂ।"
ਉਨ੍ਹਾਂ ਕਿਹਾ, "ਮੇਰਾ ਪ੍ਰੇਮੀ ਖੁਦ ਨੂੰ ਇਸਤਰੀ ਗੁਣਾਂ ਵਾਲੇ ਇੱਕ ਸਮਲਿੰਗੀ ਆਦਮੀ ਦੇ ਰੂਪ ਵਿੱਚ ਦੇਖਦਾ ਹੈ, ਪਰ ਸਾਡੇ ਸੱਭਿਆਚਾਰ ਵਿੱਚ ਘੁਰਾੜੇ ਮਾਰਨ ਨੂੰ ਮਰਦਾਨਾ ਸਮਝਿਆ ਜਾਂਦਾ ਹੈ। ਮੈਨੂੰ ਡਰ ਹੈ ਕਿ ਇਸ ਮੁੱਦੇ 'ਤੇ ਚਰਚਾ ਕਰਨ ਨਾਲ ਉਸ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਉਹ ਮੈਨੂੰ ਛੱਡ ਸਕਦਾ ਹੈ।"
ਜਦੋਂਕਿ ਸਮਨ ਆਪਣੇ ਪ੍ਰੇਮੀ ਨਾਲ ਘੁਰਾੜਿਆਂ ਦੇ ਮੁੱਦੇ 'ਤੇ ਚਰਚਾ ਕਰਨ ਦੀ ਹਿੰਮਤ ਜੁਟਾ ਰਿਹਾ ਹੈ, ਸੇਲਵਮ ਨੇ ਆਖ਼ਰਕਾਰ ਆਪਣੇ ਪਤੀ ਨੂੰ ਇੱਕ ਡਾਕਟਰ ਨਾਲ ਗੱਲ ਕਰਨ ਲਈ ਮਨਾ ਲਿਆ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ‘ਔਬਸਟਰਕਟਿਵ ਸਲੀਪ ਐਪਨੀਆ’ ਦਾ ਪਤਾ ਲੱਗਿਆ।
ਸੇਲਵਮ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਪਹਿਲਾਂ ਹੀ ਕੁਝ ਭਾਰ ਘਟਾਉਣ ਦੇ ਉਦੇਸ਼ ਨਾਲ ਕਸਰਤ ਸ਼ੁਰੂ ਕਰਕੇ ਇਸ ਮਾਮਲੇ ਨੂੰ ਆਪ ਹੱਲ ਕਰਨਾ ਸ਼ੁਰੂ ਕਰ ਦਿੱਤਾ ਹੈ।












