'ਸਲੀਪ ਡਾਇਵੋਰਸ' ਕੀ ਹੈ, ਵੱਖ-ਵੱਖ ਕਮਰਿਆਂ ਵਿੱਚ ਸੌਣ ਵਾਲੇ ਜੋੜਿਆਂ ਦੀ ਵਧ ਰਹੀ ਗਿਣਤੀ

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਸਾਰੇ ਜੋੜੇ ਵੱਖਰੇ ਕਮਰਿਆਂ ਵਿੱਚ ਸੌਣ ਦਾ ਫੈਸਲਾ ਕਰਦੇ ਹਨ ਜਦੋਂ ਉਨ੍ਹਾਂ ਵਿੱਚੋਂ ਇੱਕ ਬਹੁਤ ਉੱਚੀ ਘਰਾੜੇ ਮਾਰਦਾ ਹੈ
    • ਲੇਖਕ, ਫਰਨਾਂਡਾ ਪੌਲ
    • ਰੋਲ, ਬੀਬੀਸੀ ਨਿਊਜ਼ ਵਰਲਡ

ਇਹ ਸਭ ਕੋਵਿਡ -19 ਮਹਾਂਮਾਰੀ ਦੇ ਬਾਅਦ ਸ਼ੁਰੂ ਹੋਇਆ। ਘਰਾੜੇ ਅਸਹਿਣਯੋਗ ਹੋ ਗਏ ਅਤੇ ਸੇਸੀਲੀਆ ਸੌਂ ਨਹੀਂ ਸਕੀ।

ਉਸ ਨੇ ਆਪਣੇ ਸਾਥੀ ਨੂੰ ਹਲੂਣਿਆ, ਉਸ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਉਹ ਘਰਾੜੇ ਮਾਰਨਾ ਬੰਦ ਕਰ ਦੇਵੇ।

ਪਰ ਇਹ ਕਾਰਗਰ ਨਹੀਂ ਸੀ।

ਫਿਰ, ਇਹ 35 ਸਾਲਾ ਸੇਸੀਲੀਆ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਹੁਣ ਇੱਕ ਕਮਰੇ ਵਿੱਚ ਇਕੱਠੇ ਨਹੀਂ ਸੌਂ ਸਕਦੇ।

ਲੰਡਨ ਤੋਂ ਬੀਬੀਸੀ ਮੁੰਡੋ ਨਾਲ ਗੱਲਬਾਤ ਕਰਦਿਆਂ ਸੇਸੀਲੀਆ ਦੱਸਦੀ ਹੈ। ਉਹ ਕੁਝ ਸਾਲਾਂ ਤੋਂ ਲੰਡਨ ਵਿੱਚ ਹੀ ਰਹਿ ਰਹੀ ਹੈ।

ਉਸ ਨੇ ਦੱਸਿਆ, “ਮੈਂ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੀ ਸੀ, ਮੈਂ ਪੂਰਾ ਦਿਨ ਥੱਕੀ ਰਹਿੰਦੀ ਸੀ। ਤੁਸੀਂ ਇਸ ਨੂੰ ਕੁਝ ਰਾਤਾਂ ਤੱਕ ਸਹਿ ਸਕਦੇ ਹੋ ਪਰ ਲੰਬੇ ਸਮੇਂ ਤੱਕ ਤੁਸੀਂ ਬਚ ਨਹੀਂ ਸਕਦੇ।"

ਉਹ ਅੱਗੇ ਕਹਿੰਦੇ ਹਨ, "ਇਹ ਕੋਈ ਸੌਖਾ ਫ਼ੈਸਲਾ ਨਹੀਂ ਸੀ। ਇਸ ਨਾਲ ਸਾਡਾ ਦਿਲ ਟੁੱਟ ਗਿਆ, ਪਰ ਜਦੋਂ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਸੌਂ ਸਕਦੇ ਹਾਂ, ਤਾਂ ਮੈਨੂੰ ਖੁਸ਼ ਹੋਈ।’’

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੋਵਿਗਿਆਨੀ ਇਹ ਵੀ ਵਿਸ਼ਵਾਸ ਦਿਵਾਉਂਦੇ ਹਨ ਕਿ ਇਹ 'ਸਿਹਤਮੰਦ' ਰਿਸ਼ਤੇ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ

ਸੇਸੀਲੀਆ ਅਤੇ ਉਸ ਦਾ 43 ਸਾਲਾ ਸਾਥੀ 'ਸਲੀਪ ਡਾਇਵੋਰਸ' ਨਾਮਕ ਤੇਜ਼ੀ ਨਾਲ ਵਧ ਰਹੇ ਰੁਝਾਨ ਦਾ ਹਿੱਸਾ ਹਨ।

ਮੈਕਲੀਨ ਹਸਪਤਾਲ ਦੀ ਮਨੋਵਿਗਿਆਨੀ, ਮਾਨਸਿਕ ਸਿਹਤ ਵਿੱਚ ਮਾਹਰ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਮੈਡੀਸਨ ਫੈਕਲਟੀ ਨਾਲ ਸਬੰਧਤ ਸਟੈਫਨੀ ਕੋਲੀਅਰ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਸਲੀਪ ਡਾਇਵੋਰਸ ਆਮ ਤੌਰ 'ਤੇ ਕੁਝ ਅਜਿਹਾ ਹੁੰਦਾ ਹੈ ਜੋ ਸ਼ੁਰੂ ਵਿੱਚ ਅਸਥਾਈ ਤੌਰ ’ਤੇ ਕੀਤਾ ਜਾਂਦਾ ਹੈ। ਪਰ ਫਿਰ ਜੋੜਿਆਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਦੋਂ ਉਹ ਇਕੱਲੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਸਲ ਵਿੱਚ ਬਹੁਤ ਵਧੀਆ ਨੀਂਦ ਆਉਂਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, ‘‘ਆਮ ਤੌਰ 'ਤੇ ਇਸ ਦੇ ਕਾਰਨ ਸਿਹਤ ਨਾਲ ਸਬੰਧਿਤ ਹੁੰਦੇ ਹਨ… ਉਹ ਇਸ ਲਈ ਹੁੰਦੇ ਹਨ ਕਿਉਂਕਿ ਕੋਈ ਵਿਅਕਤੀ ਘਰਾੜੇ ਮਾਰਦਾ ਹੈ, ਉਸ ਦੀਆਂ ਲੱਤਾਂ ਵਿੱਚ ਥਕਾਵਟ ਰਹਿੰਦੀ ਹੈ, ਨੀਂਦ ਵਿੱਚ ਤੁਰਦਾ ਹੈ ਜਾਂ ਮੈਡੀਕਲ ਕਾਰਨਾਂ ਕਰਕੇ ਵਾਰ-ਵਾਰ ਬਾਥਰੂਮ ਜਾਂਦਾ ਹੈ। ਫਿਰ ਉਹ ਹਿਲਦੇ ਹਨ, ਘੁੰਮਦੇ ਹਨ। ਇਸ ਨਾਲ ਉਨ੍ਹਾਂ ਦੇ ਸਾਥੀ ਨੂੰ ਪਰੇਸ਼ਾਨੀ ਹੁੰਦੀ ਹੈ।"

ਬੀਬੀਸੀ

‘ਮਿਲੇਨਿਯਲਜ਼’ ਵਿੱਚ ਵਧ ਰਿਹਾ ਰੁਝਾਨ

ਪਿਛਲੇ ਸਾਲ ਦੇ ਅੰਤ ਵਿੱਚ ਉੱਘੀ ਅਮਰੀਕੀ ਅਭਿਨੇਤਰੀ ਕੈਮਰੂਨ ਡਿਆਜ਼ ਨੇ ‘ਲਿਪਸਟਿਕ ਆਨ ਦਿ ਰਿਮ’ ਪੋਡਕਾਸਟ ਨੂੰ ਦੱਸਿਆ ਸੀ ਕਿ ਉਹ ਅਤੇ ਉਸ ਦਾ ਪਤੀ ਇੱਕ ਕਮਰੇ ਵਿੱਚ ਨਹੀਂ ਸੌਂਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਨੂੰ ਵੱਖਰੇ ਬੈੱਡਰੂਮਾਂ ਨੂੰ ਆਮ ਗੱਲ ਬਣਾਉਣਾ ਚਾਹੀਦਾ ਹੈ।"

ਹਾਲਾਂਕਿ ਇਸ ਖੁਲਾਸੇ ਕਾਰਨ ਸੋਸ਼ਲ ਨੈੱਟਵਰਕਸ 'ਤੇ ਹਜ਼ਾਰਾਂ ਪ੍ਰਤੀਕਰਮ ਆਏ ਅਤੇ ਮੀਡੀਆ ਵਿੱਚ ਲੇਖ ਛਪੇ ਕਿ ਹੌਲੀਵੁੱਡ ਸਟਾਰ ਦਾ ਮਾਮਲਾ ਅਲੱਗ ਨਹੀਂ ਹੈ।

ਅਮੈਰੀਕਨ ਅਕੈਡਮੀ ਆਫ ਸਲੀਪ ਮੈਡੀਸਨ (ਏਏਐੱਸਐੱਮ) ਦੇ 2023 ਦੇ ਇੱਕ ਅਧਿਐਨ ਅਨੁਸਾਰ, ਅਮਰੀਕਾ ਵਿੱਚ ਇੱਕ ਤਿਹਾਈ ਤੋਂ ਜ਼ਿਆਦਾ ਉੱਤਰ ਦੇਣ ਵਾਲੇ ਵਿਅਕਤੀਆਂ ਨੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਆਪਣੇ ਸਾਥੀ ਨਾਲ ਵੱਖ-ਵੱਖ ਕਮਰਿਆਂ ਵਿੱਚ ਕਦੇ-ਕਦਾਈਂ ਜਾਂ ਨਿਯਮਤ ਤੌਰ 'ਤੇ ਅਲੱਗ ਸੌਣ ਬਾਰੇ ਦੱਸਿਆ।

ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਰੁਝਾਨ 'ਮਿਲੇਨਿਯਲਜ਼' (ਉਹ ਪੀੜ੍ਹੀ ਜੋ ਵਰਤਮਾਨ ਵਿੱਚ ਲਗਭਗ 28 ਤੋਂ 42 ਸਾਲ ਦੀ ਉਮਰ ਦੇ ਵਿਚਕਾਰ ਹੈ) ਵਿੱਚ ਵਧਿਆ ਹੈ ਜਿੱਥੇ ਲਗਭਗ ਅੱਧਿਆਂ (43%) ਨੇ ਜਵਾਬ ਦਿੱਤਾ ਕਿ ਉਹ ਆਪਣੇ ਸਾਥੀ ਤੋਂ ਅਲੱਗ ਸੌਂਦੇ ਹਨ।

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੂਰੇ ਇਤਿਹਾਸ ਵਿੱਚ ਇਸ ਵਿਚਾਰ ਵਿੱਚ ਉਤਰਾਅ-ਚੜ੍ਹਾਅ ਆਇਆ ਹੈ

ਸੂਚੀ ਵਿੱਚ 33% ਦੇ ਨਾਲ ਜਨਰੇਸ਼ਨ ਐਕਸ (X) (1965 ਅਤੇ 1980 ਦੇ ਵਿਚਕਾਰ ਪੈਦਾ ਹੋਏ) ਦਾ ਪਹਿਲਾ ਸਥਾਨ ਹੈ; ਫਿਰ ਜਨਰੇਸ਼ਨ ਜ਼ੈੱਡ (Z) (1997 ਅਤੇ 2012 ਦੇ ਵਿਚਕਾਰ ਪੈਦਾ ਹੋਏ), 28% ਨਾਲ ਦੂਜੇ; ਅਤੇ ਅੰਤ ਵਿੱਚ ਬੇਬੀ ਬੂਮਰਸ (1946 ਅਤੇ 1964 ਦੇ ਵਿਚਕਾਰ ਪੈਦਾ ਹੋਏ) ਵਿੱਚ 22% ਹੈ।

ਸਟੈਫਨੀ ਕੋਲੀਅਰ ਕਹਿੰਦੇ ਹਨ, "ਹਾਲਾਂਕਿ ਇਹ ਚੰਗੀ ਤਰ੍ਹਾਂ ਪਤਾ ਨਹੀਂ ਹੈ ਕਿ ਨੌਜਵਾਨ ਪੀੜ੍ਹੀ ਨੂੰ ਅਜਿਹਾ ਕਰਨ ਦੀ ਜ਼ਿਆਦਾ ਸੰਭਾਵਨਾ ਕਿਉਂ ਹੈ, ਪਰ ਕੁਝ ਅਨੁਮਾਨ ਹਨ। ਇੱਕ ਤਾਂ ਇਹ ਹੈ ਕਿ ਅਲੱਗ ਸੌਣ ਦੇ ਵਿਚਾਰ ਨੂੰ ਲੈ ਕੇ ਉਨ੍ਹਾਂ ਵਿੱਚ ਘੱਟ ਸ਼ਰਮ/ਕਲੰਕ ਹੈ।"

"ਇਹ ਇੱਕ ਸੱਭਿਆਚਾਰਕ ਤਬਦੀਲੀ ਹੈ। ਉਹ ਸੋਚਦੇ ਹਨ, ‘ਜੇ ਮੈਂ ਚੰਗੀ ਨੀਂਦ ਲੈਂਦਾ ਹਾਂ, ਤਾਂ ਮੈਂ ਬਿਹਤਰ ਮਹਿਸੂਸ ਕਰਦਾ ਹਾਂ। ਤਾਂ ਫਿਰ ਕਿਉਂ ਨਾ ਕਰੀਏ?"

ਪੂਰੇ ਇਤਿਹਾਸ ਵਿੱਚ ਇਸ ਵਿਚਾਰ ਵਿੱਚ ਉਤਰਾਅ-ਚੜ੍ਹਾਅ ਆਇਆ ਹੈ।

ਕੁਝ ਇਤਿਹਾਸਕਾਰ ਕਹਿੰਦੇ ਹਨ ਕਿ 'ਮੈਰਿਜ ਬੈੱਡ’ ਇੱਕ ਆਧੁਨਿਕ ਸੰਕਲਪ ਹੈ ਅਤੇ ਇਸ ਦੀ ਵਰਤੋਂ ਉਦਯੋਗਿਕ ਕ੍ਰਾਂਤੀ ਦੇ ਨਾਲ ਤੇਜ਼ ਹੋਈ, ਜਦੋਂ ਲੋਕ ਘੱਟ ਜਗ੍ਹਾ ਵਾਲੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਵਿੱਚ ਰਹਿਣ ਲੱਗੇ।

ਪਰ ਵਿਕਟੋਰੀਅਨ ਯੁੱਗ ਤੋਂ ਪਹਿਲਾਂ ਵਿਆਹੇ ਜੋੜਿਆਂ ਲਈ ਅਲੱਗ ਸੌਣਾ ਆਮ ਗੱਲ ਸੀ।

ਚਿਲੀ ਦੀ ਕੈਥੋਲਿਕ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਦੇ ਸੋਮਨੌਲੋਜਿਸਟ (ਨੀਂਦ ਮਾਹਰ) ਪਾਬਲੋ ਬ੍ਰੋਕਮੈਨ ਕਹਿੰਦੇ ਹਨ, "ਸਮਾਜਿਕ-ਆਰਥਿਕ ਪੱਧਰ ਜਿੰਨਾ ਉੱਚਾ ਸੀ, ਇਹ ਓਨਾ ਹੀ ਆਮ ਸੀ। ਇਹ ਦੇਖਣ ਵਾਲੀ ਗੱਲ ਹੈ ਕਿ ਰਾਜਘਰਾਣਿਆਂ ਦੇ ਮੈਂਬਰ ਕਿਵੇਂ ਸੌਂਦੇ ਸਨ।"

ਸੌਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਤਿਹਾਸਕਾਰ ਸੁਝਾਅ ਦਿੰਦੇ ਹਨ ਕਿ ਪੁਰਾਣੇ ਸਮਿਆਂ ਵਿਚ ਜੋੜਿਆਂ ਲਈ ਵੱਖਰੇ ਕਮਰਿਆਂ ਵਿਚ ਸੌਣਾ ਆਮ ਗੱਲ ਸੀ

ਇਸ ਦੇ ਕੀ ਫਾਇਦੇ ਹਨ?

ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਜੋ ਜੋੜੇ ਵੱਖ-ਵੱਖ ਕਮਰਿਆਂ ਵਿੱਚ ਸੌਣ ਦਾ ਫ਼ੈਸਲਾ ਕਰਦੇ ਹਨ, ਉਨ੍ਹਾਂ ਲਈ ਕਈ ਫਾਇਦੇ ਹਨ।

ਸਟੈਫਨੀ ਕੋਲੀਅਰ ਕਹਿੰਦੇ ਹਨ, "ਮੁੱਖ ਲਾਭ ਇਹ ਹੈ ਕਿ ਉਹ ਨਿਯਮਤ ਅਤੇ ਗਹਿਰੀ ਨੀਂਦ ਲੈ ਸਕਦੇ ਹਨ। ਅਤੇ ਚੰਗੀ ਨੀਂਦ ਲੈਣਾ ਸਮੁੱਚੀ ਤੰਦਰੁਸਤੀ ਲਈ ਜ਼ਰੂਰੀ ਹੈ।"

ਉਹ ਅੱਗੇ ਕਹਿੰਦੇ ਹਨ, "ਜੇਕਰ ਕੋਈ ਵਿਅਕਤੀ ਸੌਂ ਨਹੀਂ ਸਕਦਾ, ਤਾਂ ਇਹ ਉਨ੍ਹਾਂ ਦੀ ਇਮਿਊਨਿਟੀ ਤੋਂ ਲੈ ਕੇ ਉਨ੍ਹਾਂ ਦੇ ਸਰੀਰਕ ਕੰਮਕਾਜ ਤੱਕ ਸਭ ਕੁਝ ਪ੍ਰਭਾਵਿਤ ਕਰਦਾ ਹੈ। ਨਾਲ ਹੀ, ਤੁਹਾਨੂੰ ਗੁੱਸਾ ਜਲਦੀ ਆਉਂਦਾ ਹੈ ਅਤੇ ਤੁਹਾਡੇ ਵਿੱਚ ਇੰਨਾ ਸਬਰ ਨਹੀਂ ਰਹਿੰਦਾ। ਤੁਹਾਡੇ ਵਿੱਚ ਕਿਸੇ ਕਿਸਮ ਦੀ ਉਦਾਸੀ ਵੀ ਵਿਕਸਿਤ ਹੋ ਸਕਦੀ ਹੈ।"

ਮਨੋਵਿਗਿਆਨੀ ਇਹ ਵੀ ਵਿਸ਼ਵਾਸ ਦਿਵਾਉਂਦੇ ਹਨ ਕਿ ਇਹ 'ਸਿਹਤਮੰਦ' ਰਿਸ਼ਤੇ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।

ਉਹ ਕਹਿੰਦੇ ਹਨ, 'ਅਸੀਂ ਜਾਣਦੇ ਹਾਂ ਕਿ ਜੋੜਿਆਂ ਨੂੰ ਜਦੋਂ ਚੰਗੀ ਤਰ੍ਹਾਂ ਆਰਾਮ ਨਹੀਂ ਮਿਲਦਾ ਤਾਂ ਉਹ ਜ਼ਿਆਦਾ ਬਹਿਸ ਕਰ ਸਕਦੇ ਹਨ, ਜ਼ਿਆਦਾ ਚਿੜਚਿੜੇ ਹੋ ਜਾਂਦੇ ਹਨ ਅਤੇ ਹਮਦਰਦੀ ਗੁਆ ਦਿੰਦੇ ਹਨ।"

ਪਲਮੋਨੋਲੋਜਿਸਟ ਅਤੇ ਏਏਐੱਸਐੱਮ ਦੇ ਬੁਲਾਰੇ ਸੀਮਾ ਖੋਸਲਾ ਪਿਛਲੇ ਨੁਕਤੇ ਨਾਲ ਸਹਿਮਤ ਹਨ।

ਜਦੋਂ ਏਏਐੱਸਐੱਮ ਨੇ ‘ਸਲੀਪ ਡਾਇਵੋਰਸ’ ਦੀ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਦੇਖਿਆ, "ਘੱਟ/ਮਾੜੀ ਨੀਂਦ ਮੂਡ ਨੂੰ ਖਰਾਬ ਕਰ ਸਕਦੀ ਹੈ ਅਤੇ ਜੋ ਨੀਂਦ ਤੋਂ ਵਾਂਝੇ ਹਨ, ਉਨ੍ਹਾਂ ਦੀ ਆਪਣੇ ਸਾਥੀਆਂ ਨਾਲ ਬਹਿਸ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।"

"ਨੀਂਦ ਵਿੱਚ ਵਿਘਨ ਪਾਉਣ ਵਾਲੇ ਵਿਅਕਤੀ ਪ੍ਰਤੀ ਕੁਝ ਨਾਰਾਜ਼ਗੀ ਹੋ ਸਕਦੀ ਹੈ, ਜੋ ਰਿਸ਼ਤਿਆਂ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, ‘‘ਰਾਤ ਨੂੰ ਚੰਗੀ ਨੀਂਦ ਲੈਣਾ ਸਿਹਤ ਅਤੇ ਖੁਸ਼ੀ ਦੋਵਾਂ ਲਈ ਮਹੱਤਵਪੂਰਨ ਹੈ, ਇਸ ਲਈ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੁਝ ਜੋੜੇ ਆਪਣੀ ਸਮੁੱਚੀ ਤੰਦਰੁਸਤੀ ਲਈ ਅਲੱਗ ਸੌਣਾ ਚੁਣਦੇ ਹਨ।’’

ਸੇਸੀਲੀਆ ਲਈ ਆਪਣੇ ਮੌਜੂਦਾ ਸਾਥੀ ਤੋਂ ਅਲੱਗ ਕਮਰੇ ਵਿੱਚ ਸੌਣ ਨਾਲ "ਉਸ ਦੀ ਜ਼ਿੰਦਗੀ ਬਦਲ ਗਈ।"

ਉਹ ਕਹਿੰਦੇ ਹਨ, "ਇਹ ਬਹੁਤ ਜ਼ਿਆਦਾ ਆਰਾਮਦਾਇਕ ਹੈ। ਬਿਹਤਰ ਢੰਗ ਨਾਲ ਸੌਣ ਦੇ ਯੋਗ ਹੋਣਾ, ਬੈੱਡ ਵਿੱਚ ਵਧੇਰੇ ਜਗ੍ਹਾ ਹੋਣਾ, ਦੂਸਰਿਆਂ ਨੂੰ ਪਰੇਸ਼ਾਨ ਕੀਤੇ ਬਿਨਾਂ ਪਾਸਾ ਬਦਲਣਾ ਅਤੇ ਮੁੜਨ ਦੇ ਯੋਗ ਹੋਣਾ ਇਸ ਦਾ ਵਧੀਆ ਪੱਖ ਹੈ।"

“ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਸਾਥੀ ਦੇ ਨਾਲ ਇੱਕ ਹੀ ਸਮੇਂ ’ਤੇ ਜਾਗਣ ਦੀ ਲੋੜ ਨਹੀਂ ਹੈ। ਤੁਸੀਂ ਅਸਲ ਵਿੱਚ ਉਦੋਂ ਜਾਗਦੇ ਹੋ ਜਦੋਂ ਤੁਸੀਂ ਚਾਹੁੰਦੇ ਹੋ ਜਾਂ ਤੁਹਾਨੂੰ ਇਸ ਦੀ ਲੋੜ ਹੁੰਦੀ ਹੈ।"

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕ ਜਦੋਂ ਇਕੱਲੇ ਸੌਂਦੇ ਹਨ, ਵਧੇਰੇ ਨਿਯਮਤ ਅਤੇ ਡੂੰਘੀ ਨੀਂਦ ਲੈਂਦੇ ਹਨ

ਇਸ ਦੇ ਨੁਕਸਾਨ ਕੀ ਹਨ?

ਹਾਲਾਂਕਿ, ਇਹ ਫ਼ੈਸਲਾ ਕੁਝ ਨਕਾਰਾਤਮਕ ਪਹਿਲੂ ਵੀ ਲਿਆ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਈ ਜੋੜੇ ਰਿਸ਼ਤੇ ਦੀ ਨੇੜਤਾ ਗੁਆਉਣ ਬਾਰੇ ਚਿੰਤਾ ਕਰਦੇ ਹਨ।

ਸੇਸੀਲੀਆ ਮੰਨਦੇ ਹਨ, "ਮੈਨੂੰ ਲੱਗਦਾ ਹੈ ਕਿ ਮੇਰੇ ਸਾਥੀ ਨਾਲ ਸਬੰਧ ਦੇ ਪੱਧਰ 'ਤੇ ਕੁਝ ਤਬਦੀਲੀ ਆਈ ਹੈ।"

ਉਹ ਅੱਗੇ ਕਹਿੰਦੇ ਹਨ, "ਰਿਸ਼ਤੇ ਦੀ ਨੇੜਤਾ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਪਰ ਇਹ ਓਨਾ ਗੰਭੀਰ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਦੇ ਫਾਇਦੇ ਜ਼ਿਆਦਾ ਹਨ।"

ਸਟੈਫਨੀ ਕੋਲੀਅਰ ਦੱਸਦੇ ਹਨ ਕਿ ਕਈ ਲੋਕ ਜੋ ਫੁੱਲ-ਟਾਈਮ ਕੰਮ ਕਰਦੇ ਹਨ, ਉਹ ਪਲ਼ ਜਦੋਂ ਉਹ ਆਪਣੇ ਸਾਥੀ ਨੂੰ ਮਿਲਦੇ ਹਨ, ਤਾਂ ਉਹ ਸੌਂ ਜਾਂਦੇ ਹਨ।

ਉਹ ਦੱਸਦੇ ਹਨ, "ਇਸ ਲਈ, ਇੱਕ ਹੱਲ ਹੈ ਕਿ ਉਹ ਇਕੱਠੇ ਬਿਤਾਉਣ ਵਾਲੇ ਸਮੇਂ ਨੂੰ ਅਨੁਕੂਲ ਬਣਾਉਣ।"

ਇਸ ਵਿਚਕਾਰ ਪਾਬਲੋ ਬ੍ਰੋਕਮੈਨ ਭਰੋਸਾ ਦਿਵਾਉਂਦੇ ਹਨ ਕਿ ‘ਡਰੀਮ ਡਾਇਵੋਰਸ’ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਸਾਰੇ ਜੋੜਿਆਂ ਲਈ ਕੰਮ ਕਰਦੀ ਹੈ।

“ਇੱਕ ਜੋੜੇ ਦੇ ਰੂਪ ਵਿੱਚ ਸੌਣ ਦੇ ਕੁਝ ਜੈਵਿਕ ਲਾਭ ਹਨ। ਕਈ ਲੋਕਾਂ ਲਈ, ਸੁਪਨੇ ਵਿੱਚ ਇੱਕ ਕੁਨੈਕਸ਼ਨ ਪੈਦਾ ਹੁੰਦਾ ਹੈ। ਇਹ ਮਨੁੱਖ ਪ੍ਰਜਾਤੀ ਵਿੱਚ ਮੁੱਢ ਤੋਂ ਹੀ ਹੈ।

ਉਦਾਹਰਨ ਲਈ ਇੱਕ ਮਾਂ ਅਤੇ ਉਸ ਦਾ ਬੱਚਾ ਆਮ ਤੌਰ 'ਤੇ ਮਾਂ ਦੇ ਦੁੱਧ ਚੁੰਘਾਉਣ ਦੇ ਦੌਰਾਨ ਇੱਕ ਬੰਧਨ ਪੈਦਾ ਕਰਦੇ ਹਨ ਅਤੇ ਉਨ੍ਹਾਂ ਦਾ ਨੀਂਦ ਚੱਕਰ ਸਮਾਨ ਹੁੰਦਾ ਹੈ ਤਾਂ ਕਿ ਉਹ ਦੋਵੇਂ ਆਰਾਮ ਕਰ ਸਕਣ।

ਨੀਂਦ ਮਾਹਰ ਕਹਿੰਦੇ ਹਨ, "ਅਜਿਹੇ ਅਧਿਐਨ ਹਨ ਜੋ ਦਰਸਾਉਂਦੇ ਹਨ ਕਿ ਅਜਿਹੇ ਜੋੜੇ ਹਨ ਜੋ ਸਾਲਾਂ ਤੋਂ ਇਕੱਠੇ ਸੌਂ ਰਹੇ ਹਨ ਜੋ ਇੱਕ ਦੂਜੇ ਨਾਲ ਜੁੜੇ ਹੋਣ ਤੋਂ ਬਾਅਦ ਨੀਂਦ ਦੇ ਪੜਾਵਾਂ ਨੂੰ ਗਹਿਰਾ ਕਰਨ ਵਿੱਚ ਕਾਮਯਾਬ ਹੁੰਦੇ ਹਨ।"

"ਇਸ ਨਾਲ ਤੁਸੀਂ ਆਪਣੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹੋ।"

ਮਾਹਰਾਂ ਦਾ ਕਹਿਣਾ ਹੈ ਕਿ ਕੁਲ ਮਿਲਾ ਕੇ, ਜੇ ਕੋਈ ਜੋੜਾ ‘ਸਲੀਪ ਡਾਇਵੋਰਸ’ ਲੈਣ ਦੀ ਕੋਸ਼ਿਸ਼ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਕੁਝ ਸਿਫ਼ਾਰਸ਼ਾਂ ਹਨ ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਨੀਂਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਰਾਤ ਨੂੰ ਚੰਗੀ ਨੀਂਦ ਲੈਣ ਦੀ ਗੱਲ ਆਉਂਦੀ ਹੈ, ਤਾਂ ਕੁਝ ਵੀ ਹੋ ਜਾਂਦਾ ਹੈ

ਸਟੈਫਨੀ ਕੋਲੀਅਰ ਕਹਿੰਦੇ ਹਨ, "ਇਹ ਉਦੋਂ ਕੰਮ ਨਹੀਂ ਕਰਦਾ ਜਦੋਂ ਇੱਕ ਵਿਅਕਤੀ ਇਸ ਨੂੰ ਚਾਹੁੰਦਾ ਹੈ ਅਤੇ ਦੂਜਾ ਨਹੀਂ ਚਾਹੁੰਦਾ, ਕਿਉਂਕਿ ਇਸ ਨਾਲ ਨਾਰਾਜ਼ਗੀ ਪੈਦਾ ਹੋ ਸਕਦੀ ਹੈ।"

“ਕੁਝ ਲੋਕ ਇਕੱਲੇ ਸੌਣਾ ਨਹੀਂ ਚਾਹੁੰਦੇ ਅਤੇ ਇਸ ਨਾਲ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਫਿਰ ਉਨ੍ਹਾਂ ਨੂੰ ਇੱਕ ਬਰਾਬਰ ਸਮਝੌਤੇ ਬਾਰੇ ਸੋਚਣਾ ਹੋਵੇਗਾ, ਇੱਕ ਅਜਿਹਾ ਫੈਸਲਾ ਜੋ ਉਹ ਦੋਵੇਂ ਸਵੀਕਾਰ ਕਰਦੇ ਹਨ।

ਇਸ ਨਾਲ ਬ੍ਰੋਕਮੈਨ ਸਹਿਮਤ ਹਨ।

ਉਹ ਕਹਿੰਦੇ ਹਨ, "ਜਿਸ ਵਿਅਕਤੀ ਨੂੰ ਇਹ ਸਮੱਸਿਆ ਹੈ, ਚਾਹੇ ਇਹ ਘਰਾੜੇ ਮਾਰਨ ਦੀ ਹੋਵੇ, ਨੀਂਦ ਵਿੱਚ ਚੱਲਣ ਦੀ ਹੋਵੇ ਜਾਂ ਲੱਤਾਂ ਇੱਧਰ ਉੱਧਰ ਮਾਰਨ ਦੀ ਹੋਵੇ, ਇਹ ਮੁਸ਼ਕਲ ਹੋ ਸਕਦਾ ਹੈ। ਕਿਉਂਕਿ ਅਜਿਹੇ ਲੋਕ ਹਨ ਜੋ ਇਸ ਨੂੰ ਪਸੰਦ ਨਹੀਂ ਕਰਦੇ... ਆਮ ਤੌਰ 'ਤੇ ਮਰਦ ਇਸ ਨੂੰ ਕਰਨ ਤੋਂ ਜ਼ਿਆਦਾ ਝਿਜਕਦੇ ਹਨ।"

ਫਿਰ ਵੀ, ਇਹ ਵਧ ਰਿਹਾ ਰੁਝਾਨ ਇਹ ਸਾਬਤ ਕਰਦਾ ਦਿਖ ਰਿਹਾ ਹੈ ਕਿ ਜਦੋਂ ਰਾਤ ਨੂੰ ਚੰਗੀ ਨੀਂਦ ਲੈਣ ਦੀ ਗੱਲ ਆਉਂਦੀ ਹੈ, ਤਾਂ ਕੁਝ ਵੀ ਹੋ ਜਾਂਦਾ ਹੈ।

ਹੁਣ, 'ਸਲੀਪ ਡਾਇਵੋਰਸ' ਦੇ ਫਾਇਦਿਆਂ ਅਤੇ ਨੁਕਸਾਨਾਂ ਨੂੰ ਜਾਣ ਕੇ, ਕੀ ਤੁਸੀਂ ਇਸ ਦੀ ਪੜਚੋਲ ਕਰਨ ਦੀ ਹਿੰਮਤ ਕਰੋਗੇ?

*ਸੇਸੀਲੀਆ ਇੱਕ ਕਾਲਪਨਿਕ ਨਾਮ ਹੈ ਕਿਉਂਕਿ ਇੰਟਰਵਿਊ ਕਰਤਾ ਨੇ ਆਪਣੀ ਪਛਾਣ ਜ਼ਾਹਰ ਨਾ ਕਰਨ ਨੂੰ ਤਰਜੀਹ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)