ਟਾਈਟੈਨਕ ਜਹਾਜ਼ ਦੇ ਮਲਬੇ ਚੋਂ ਲੱਭੀਆਂ ਅਨੋਖੀਆਂ ਚੀਜ਼ਾਂ ਨੇ ਹਾਦਸੇ ਦੇ ਕਈ ਭੇਤ ਖੋਲ੍ਹੇ

ਤੋਮਾਸਿਨਾ ਰੇਅ
ਤਸਵੀਰ ਕੈਪਸ਼ਨ, ਤੋਮਾਸਿਨਾ ਰੇਅ ਆਰਐੱਮਐੱਸ ਟਾਈਟੈਨਿਕ ਇੰਕ ਕੰਪਨੀ ਦੇ ਡਾਇਰੈਕਟਰ ਆਫ ਕਲੈਕਸ਼ਨਜ਼ ਹਨ
    • ਲੇਖਕ, ਰਿਬੈਕਾ ਮੋਰੈੱਲ, ਐਲੀਸਨ ਫ੍ਰਾਂਸਿਸ
    • ਰੋਲ, ਬੀਬੀਸੀ ਨਿਊਜ਼

ਦੁਨੀਆਂ ਭਰ 'ਚ ਮਸ਼ਹੂਰ ਜਹਾਜ਼ ਟਾਈਟੈਨਿਕ ਦੇ ਗੋਦਾਮ ਅੰਦਰੋਂ ਕੀਮਤੀ ਕਲਾਕ੍ਰਿਤੀਆਂ ਮਿਲੀਆਂ ਹਨ। ਟਾਈਟੈਨਿਕ ਜਹਾਜ਼ 1912 ‘ਚ ਡੁੱਬ ਗਿਆ ਸੀ।

ਇਨ੍ਹਾਂ ਕਲਾਕ੍ਰਿਤੀਆਂ ਵਿੱਚ ਇੱਕ ਮਗਰਮੱਛ ਦੇ ਚੰਮ ਦਾ ਬਣਿਆ ਹੋਇਆ ਔਰਤਾਂ ਦਾ ਬੈਗ ਅਤੇ ਇਤਰ ਦੀਆਂ ਛੋਟੀਆਂ-ਛੋਟੀਆਂ ਸ਼ੀਸ਼ੀਆਂ ਸ਼ਾਮਲ ਹਨ ਜੋ ਸਦੀਆਂ ਬਾਅਦ ਵੀ ਬਹੁਤ ਸੋਹਣੀ ਮਹਿਕ ਛੱਡ ਰਹੀਆਂ ਹਨ।

ਜਿਸ ਗੋਦਾਮ ਵਿੱਚ ਇਹ ਚੀਜ਼ਾਂ ਸਾਂਭ ਕਿ ਰੱਖੀਆਂ ਗਈਆਂ ਹਨ ਉਹ ਕਿੱਥੇ ਹੈ ਇਸ ਨੂੰ ਗੁਪਤ ਰੱਖਿਆ ਗਿਆ ਹੈ, ਤਾਂ ਜੋ ਇਨ੍ਹਾਂ ਚੀਜ਼ਾਂ ਨੂੰ ਚੋਰਾਂ ਤੋਂ ਬਚਾਇਆ ਜਾ ਸਕੇ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਰ ਅਸੀਂ ਬਸ ਇਹ ਕਹਿ ਸਕਦੇ ਹਾਂ ਕਿ ਇਹ ਅਮਰੀਕਾ ਦੇ ਜੋਰਜੀਆ ਅਟਲਾਂਟਾ ਸ਼ਹਿਰ 'ਚ ਕਿਤੇ ਹੈ ।

ਗੋਦਾਮ ਦੇ ਅੰਦਰ ਅਲਮਾਰੀਆਂ 'ਚ ਹਜ਼ਾਰਾਂ ਚੀਜ਼ਾਂ ਰੱਖੀਆਂ ਹੋਈਆਂ ਹਨ। ਇੱਕ ਪੁੱਠੇ ਪਏ ਬਾਥਟੱਬ ਅਤੇ ਚਿੱਬਾ ਹੋਇਆ ਪੋਰਥੋਲ (ਜਹਾਜ਼ ਦੀ ਗੋਲ ਖਿੜਕੀ) ਤੋਂ ਲੈ ਕੇ ਗੁੰਝਲਦਾਰ ਮੀਨਾਕਾਰੀ ਵਾਲੇੇ ਕੱਚ ਦੇ ਸਮਾਨ ਅਤੇ ਛੋਟੇ ਬਟਨਾਂ ਤੱਕ।

ਬੀਬੀਸੀ ਨੂੰ ਇਸ ਗੋਦਾਮ ਦੇ ਅੰਦਰ ਜਾਣ ਅਤੇ ਇਨ੍ਹਾਂ ਖ਼ਾਸ ਚੀਜ਼ਾਂ ਪਿੱਛੇ ਦੀਆਂ ਕਹਾਣੀਆਂ ਬਾਰੇ ਜਾਣਨ ਦਾ ਮੌਕਾ ਮਿਲਿਆ।

ਮਗਰਮੱਛ ਦੀ ਚਮੜੀ ਤੋਂ ਬਣਿਆ ਬੈਗ

ਬੈੱਲਫਾਸਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈੱਲਫਾਸਟ ਜਾਂਦਾ ਟਾਈਟੈਨਿਕ ਜਹਾਜ਼

ਤੋਮਾਸਿਨਾ ਰੇਅ ਆਰਐੱਮਐੱਸ ਟਾਈਟੈਨਿਕ ਇੰਕ ਕੰਪਨੀ ਦੇ ਡਾਇਰੈਕਟਰ ਆਫ ਕਲੈਕਸ਼ਨਜ਼ ਹਨ।

ਇਸੇ ਕੰਪਨੀ ਨੇ ਇਹ ਕਲਾਕ੍ਰਿਤੀਆਂ ਲੱਭੀਆਂ ਹਨ।

ਤੋਮਾਸਿਨਾ ਕਹਿੰਦੇ ਹਨ, “ਇਹ ਬਹੁਤ ਸੋਹਣਾ ਬੈਗ ਹੈ।”

ਯੂਐੱਸ ਫਰਮ ਕੋਲ ਜਹਾਜ਼ ਦੇ ਮਲਬੇ ਤੋਂ ਚੀਜ਼ਾਂ ਲੱਭਣ ਤੇ ਸਾਂਭਣ ਦੇ ਅਧਿਕਾਰ ਹਨ ਅਤੇ ਇਨ੍ਹਾਂ ਨੇ 113 ਸਾਲਾਂ ਦੌਰਾਨ ਮਲਬੇ ਵਾਲੀ ਥਾਂ ਤੋਂ 5,500 ਚੀਜ਼ਾਂ ਨੂੰ ਖੋਜਿਆ ਹੈ।

ਇਨ੍ਹਾਂ ਵਿੱਚੋਂ ਕਈ ਚੀਜ਼ਾਂ ਦੁਨੀਆਂ ਭਰ 'ਚ ਪ੍ਰਦਰਸ਼ਿਤ ਵੀ ਕੀਤੀਆਂ ਗਈਆਂ ਹਨ।

ਮਗਰਮੱਛ ਦੀ ਖੱਲ ਦਾ ਬਣਿਆ ਪਰਸ
ਤਸਵੀਰ ਕੈਪਸ਼ਨ, ਮਗਰਮੱਛ ਦੀ ਖੱਲ ਦਾ ਬਣਿਆ ਪਰਸ ਅਤੇ ਮੈਰੀਆਨ ਮੀਨਵੈੱਲ ਦੇ ਮਕਾਨ ਮਾਲਕ ਦੀ ਚਿੱਠੀ

ਬੈਗ ਮਗਰਮੱਛ ਦੀ ਚਮੜੀ ਤੋਂ ਬਣਿਆ ਹੈ, ਜਿਸ ਨੇ ਉੱਤਰੀ ਅਟਲਾਂਟਿਕ ਦੀਆਂ ਡੂੰਘਾਈਆਂ ਵਿੱਚ ਦਹਾਕੇ ਹੰਢਾਏ ਹਨ।

ਬੈਗ ਵਿਚਲੀਆਂ ਨਾਜ਼ੁਕ ਚੀਜ਼ਾਂ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਹੈ, ਜੋ ਬੈਗ ਦੇ ਮਾਲਕ ਦੀ ਜ਼ਿੰਦਗੀ ਬਾਰੇ ਖੁਲਾਸੇ ਕਰਦੀਆਂ ਹਨ।

ਇਸ ਬੈਗ ਦੀ ਮਾਲਕ ਮਾਰੀਅਨ ਮੀਨਵੈਲ ਸੀ।ਉਹ ਜਹਾਜ਼ ਵਿੱਚ ਤੀਜੀ ਸ਼੍ਰੇਣੀ ਦੀ ਟਿਕਟ ਉੱਤੇ ਸਫ਼ਰ ਕਰ ਰਹੀ ਸੀ।

ਤੋਮਾਸਿਨਾ ਦੱਸਦੇ ਹਨ, “ਉਨ੍ਹਾਂ ਦੀ ਉਮਰ 63 ਸਾਲ ਦੇ ਕਰੀਬ ਸੀ, ਉਹ ਆਪਣੀ ਕੁਝ ਸਮਾਂ ਪਹਿਲਾਂ ਵਿਧਵਾ ਹੋਈ ਧੀ ਨੂੰ ਮਿਲਣ ਅਮਰੀਕਾ ਜਾ ਰਹੇ ਸਨ।”

ਬੈਗ ਦੇ ਅੰਦਰ ਕੁਝ ਯਾਦਗਾਰੀ ਚੀਜ਼ਾਂ ਦੇ ਨਾਲ ਇੱਕ ਧੁੰਦਲੀ ਜਿਹੀ ਤਸਵੀਰ ਵੀ ਸੀ, ਜੋ ਕਿ ਮੈਰੀਆਨ ਦੀ ਮਾਂ ਦੀ ਮੰਨੀ ਜਾ ਰਹੀ ਹੈ ।

ਇੱਕ ਔਰਤ ਦੀ ਧੁੰਦਲੀ ਹੋਈ ਫੋਟੋ
ਤਸਵੀਰ ਕੈਪਸ਼ਨ, ਇੱਕ ਔਰਤ ਦੀ ਧੁੰਦਲੀ ਹੋਈ ਫੋਟੋ ਜਿਸ ਨੂੰ ਮੈਰੀਆਨ ਮੀਨਵੈੱਲ ਦੀ ਮਾਂ ਮੰਨਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਬੈਗ 'ਚ ਕੁਝ ਦਸਤਵੇਜ਼ ਵੀ ਸਨ, ਜਿਹੜੇ ਮੈਰੀਆਨ ਨੂੰ ਅਮਰੀਕਾ 'ਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲੋੜੀਂਦੇ ਹੋਣੇ ਸਨ।

ਇਨ੍ਹਾਂ ਦਸਤਾਵੇਜ਼ਾਂ 'ਚ ਇੱਕ ਹੱਥ ਲਿਖਤ ਰੈਫਰੈਂਸ ਪੱਤਰ ਵੀ ਸੀ, ਜੋ ਉਨ੍ਹਾਂ ਦੇ ਲੰਡਨ ਵਾਲੇ ਸਾਬਕਾ ਮਕਾਨ ਮਾਲਕ ਨੇ ਦਿੱਤਾ ਸੀ ।

ਇਸ ਚਿੱਠੀ ਵਿੱਚ ਲਿਖਿਆ ਸੀ, “ਮਿਸ ਮੈਰੀਆਨ ਇੱਕ ਚੰਗੇ ਕਿਰਾਏਦਾਰ ਹਨ, ਜੋ ਸਮੇਂ ’ਤੇ ਕਿਰਾਇਆ ਦਿੰਦੇ ਹਨ।”

ਇਸ ਵਿੱਚ ਉਨ੍ਹਾਂ ਦਾ ਮੈਡੀਕਲ ਜਾਂਚ ਕਾਰਡ ਵੀ ਸੀ।ਇਹ ਕਾਰਡ ਹਰ ਤੀਜੇ ਦਰਜੇ ਦੇ ਯਾਤਰੀ ਨੂੰ ਜਹਾਜ਼ ਵਿੱਚ ਲਿਆਉਣਾ ਲਾਜ਼ਮੀ ਸੀ ਤਾਂ ਜੋ ਉਹ ਇਹ ਸਾਬਤ ਕਰ ਸਕਣ ਕਿ ਉਹ ਕੋਈ ਵੀ ਬਿਮਾਰੀ ਅਮਰੀਕਾ ਲੈ ਕੇ ਨਹੀਂ ਜਾ ਰਹੇ

ਪਰ ਪਾਣੀ ਨਾਲ ਭਿੱਜੇ ਹੋਏ ਨਿਸ਼ਾਨਾਂ ਵਾਲੇ ਦਸਤਾਵੇਜ਼ ਇੱਕ ਮੰਦਭਾਗੀ ਘਟਨਾ ਦਾ ਖੁਲਾਸਾ ਕਰਦੇ ਹਨ ।

ਮੈਰੀਆਨ ਨੇ ਅਮਰੀਕਾ ਜਾਣ ਲਈ ਇੱਕ ਹੋਰ ‘ਵ੍ਹਾਈਟ ਸਟਾਰ ਲਾਈਨ’ ਸਮੁੰਦਰੀ ਜਹਾਜ਼ ‘ਮੈਜੇਸਟਿਕ’ ਬੁੱਕ ਕੀਤਾ ਸੀ।

ਪਰ ਇਸ ਜਹਾਜ਼ ਨੇ ਅਮਰੀਕਾ ਲਈ ਸਫ਼ਰ ਹੀ ਨਹੀਂ ਕੀਤਾ, ਇਸ ਮਗਰੋਂ ਮੈਰੀਆਨ ਨੂੰ ਟਾਈਟੈਨਿਕ 'ਤੇ ਭੇਜ ਦਿੱਤਾ ਗਿਆ ।

ਮੈਰੀਆਨ ਉਨ੍ਹਾਂ 1500 ਲੋਕਾਂ ਦਾ ਹਿੱਸਾ ਬਣੇ, ਜਿਨ੍ਹਾਂ ਨੇ ਟਾਈਟੈਨਿਕ ਨਾਲ ਵਾਪਰੇ ਉਸ ਹਾਦਸੇ 'ਚ ਆਪਣੀ ਜਾਨ ਗਵਾਈ।

ਤੋਮਾਸੀਨਾ ਕਹਿੰਦੇ ਹਨ ਕਿ ਮੈਰੀਆਨ ਦੀ ਕਹਾਣੀ ਦੱਸ ਸਕਣਾ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਇੱਥੇ ਹੋਣਾ ਅਹਿਮ ਹੈ, ਨਹੀਂ ਤਾਂ ਉਹ ਬੱਸ ਮਰਨ ਵਾਲਿਆਂ ਦੀ ਸੂਚੀ ਵਿੱਚ ਇੱਕ ਨਾਮ ਹੀ ਰਹਿ ਗਏ ਹੁੰਦੇ।”

ਇਹ ਵੀ ਪੜ੍ਹੋ-

ਇੱਕ ਇਤਰ ਜੋ ਅਜੇ ਵੀ ਮਹਿਕਾਂ ਛੱਡਦਾ ਹੈ

 ਇਤਰ ਦੀ ਸ਼ੀਸ਼ੀਆਂ
ਤਸਵੀਰ ਕੈਪਸ਼ਨ, ਟਾਈਟੈਨਿਕ ਵਿੱਚੋਂ ਮਿਲੀਆਂ ਇਤਰ ਦੀ ਸ਼ੀਸ਼ੀਆਂ

ਜੋ ਲੋਕ ਬਚ ਗਏ ਸਨ, ਉਨ੍ਹਾਂ ਦੀਆਂ ਚੀਜ਼ਾਂ ਵੀ ਸਮੁੰਦਰ ਦੀ ਡੂੰਘਾਈ ਤੋਂ ਬਾਹਰ ਲਿਆਂਦੀਆਂ ਗਈਆਂ ਹਨ ।

ਤੋਮਾਸੀਨਾ ਨੇ ਇੱਕ ਪਲਾਸਟਿਕ ਦਾ ਡੱਬਾ ਖੋਲ੍ਹਦਿਆਂ ਹੀ ਇੱਕ ਮਿੱਠੀ ਖ਼ੁਸ਼ਬੂ ਹਵਾ 'ਚ ਫੈਲ ਗਈ। ਤੋਮਾਸਿਨਾ ਮੰਨਦੇ ਹਨ, ‘ਇਸ ਦੀ ਸੁਗੰਧ ਹਾਲੇ ਵੀ ਤੇਜ਼ ਹੈ।”

ਪਲਾਸਟਿਕ ਦੇ ਡੱਬੇ ਦੇ ਅੰਦਰ ਇਤਰ ਦੀਆਂ ਛੋਟੀਆਂ ਸ਼ੀਸ਼ੀਆਂ ਹਨ। ਉਹ ਪੂਰੀ ਤਰ੍ਹਾਂ ਬੰਦ ਹਨ, ਪਰ ਸਦੀਆਂ ਬੀਤਣ ਮਗਰੋਂ ਵੀ ਉਨ੍ਹਾਂ ਦੇ ਅੰਦਰ ਦੀ ਮਹਿਕ ਹਵਾ 'ਚ ਫੈਲਦੀ ਜਾਂਦੀ ਹੈ।

ਤੋਮਾਸੀਨਾ ਸਮਝਾਉਂਦੇ ਹਨ, "ਉੱਥੇ ਟਾਈਟੈਨਿਕ 'ਤੇ ਇੱਕ ਇਤਰ ਵੇਚਣ ਵਾਲਾ ਵਿਅਕਤੀ ਵੀ ਸੀ, ਜਿਸਦੇ ਕੋਲ 90 ਦੇ ਕਰੀਬ ਇਹ ਛੋਟੀਆਂ ਇਤਰ ਦੀਆਂ ਸ਼ੀਸ਼ੀਆਂ ਸਨ।”

ਉਹ ਦੱਸਦੇ ਹਨ ਕਿ ਉਸਦਾ ਨਾਮ ਅਡੌਲਫ਼ ਸਾਲਫੈਲਡ ਸੀ ਅਤੇ ਉਹ ਦੂਜੇ ਦਰਜੇ ਦੇ ਯਾਤਰੀ ਵਜੋਂ ਜਹਾਜ਼ 'ਚ ਸਫ਼ਰ ਕਰ ਰਿਹਾ ਸੀ।

ਸਾਲਫੈਲਡ ਉਨ੍ਹਾਂ 700 ਲੋਕਾਂ ਵਿੱਚੋ ਇੱਕ ਸੀ ਜੋ ਬਚ ਗਏ ਸਨ। ਬਚਾਅ ਕਾਰਜਾਂ 'ਚ ਕਿਉਂਕਿ ਔਰਤਾਂ ਅਤੇ ਬੱਚਿਆਂ ਨੂੰ ਪਹਿਲ ਦਿੱਤੀ ਗਈ ਤਾਂ ਕੁਝ ਮਰਦਾਂ ਨੂੰ ਦੁਚਿੱਤੀ ਵਿਚ ਹੀ ਛੱਡ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਸਾਲਫੈਲਡ ਇੱਕ ਸੀ।

ਤੋਮਾਸੀਨਾ ਦੱਸਦੇ ਹਨ, “ਜਦੋਂ ਸਾਨੂੰ ਇਹ ਸ਼ੀਸ਼ੀਆਂ ਮਿਲੀਆਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ, ਪਰ ਮੇਰਾ ਇਹ ਸਮਝਣਾ ਹੈ ਕਿ ਜਦੋਂ ਤੱਕ ਉਹ ਜਿਉਂਦੇ ਰਹੇ ਇਹ ਗੱਲ ਹਮੇਸ਼ਾ ਉਨ੍ਹਾਂ ਨੂੰ ਚੁੱਭਦੀ ਰਹੀ।”

ਇੱਕ ਜਿਉਂਦੀ ਸ਼ਰਾਬ ਦੀ ਬੋਤਲ

ਸ਼ੈਂਪੇਨ ਦੀ ਬੋਤਲ - ਜਿਸ ਵਿੱਚ ਅਜੇ ਵੀ ਵਾਈਨ ਹੈ

ਤਸਵੀਰ ਸਰੋਤ, Getty/BBC

ਤਸਵੀਰ ਕੈਪਸ਼ਨ, ਸ਼ੈਂਪੇਨ ਦੀ ਬੋਤਲ - ਜਿਸ ਵਿੱਚ ਅਜੇ ਵੀ ਵਾਈਨ ਹੈ

ਗੋਦਾਮ ਚੋਂ ਮਿਲੇ ਸਮਾਨ ਵਿੱਚ ਇੱਕ ਸ਼ੈਂਪੇਨ (ਸ਼ਰਾਬ ਦੀ ਬੋਤਲ) ਦੀ ਬੋਤਲ ਵੀ।

ਇਹ ਬੋਤਲ ਅੰਦਰੋਂ ਪੂਰੀ ਸ਼ਰਾਬ ਨਾਲ ਭਰੀ ਹੋਈ ਸੀ ਤੇ ਇਸ ਉੱਤੇ ਇੱਕ ਢੱਕਣ ਲੱਗਾ ਹੋਇਆ ਸੀ।

ਤੋਮਾਸੀਨਾ ਕਹਿੰਦੇ ਹਨ, "ਇਹ ਹੋ ਸਕਦਾ ਹੈ ਕਿ ਢੱਕਣ ਦੇ ਰਾਹੀਂ ਥੋੜ੍ਹਾ ਬਹੁਤ ਪਾਣੀ ਬੋਤਲ ਦੇ ਅੰਦਰ ਚੱਲ ਗਿਆ ਹੋਵੇ, ਜਿਸ ਨੇ ਪ੍ਰੈਸ਼ਰ ਨੂੰ ਬਰਾਬਰ ਕਰ ਦਿੱਤਾ। ਜਿਸ ਕਰ ਕੇ ਇਹ ਸ਼ਰਾਬ ਦੀ ਬੋਤਲ ਸਮੁੰਦਰ ਵਿੱਚ ਡੂੰਘਾਈ 'ਚ ਬੈਠ ਗਈ।"

1912 'ਚ ਇੱਕ ਇਹ ਬਰਫ਼ ਦੇ ਪਹਾੜ ਨਾਲ ਵੱਜਣ ਮਗਰੋਂ ਜਦੋਂ ਟਾਇਟੈਨਿਕ ਡੁੱਬਿਆ, ਤਾਂ ਜਹਾਜ਼ ਦੋ ਹਿੱਸਿਆਂ 'ਚ ਟੁੱਟ ਗਿਆ ਅਤੇ ਇਸ ਦਾ ਸਾਰਾ ਸਮਾਨ ਮਲਬਾ ਬਣ ਕੇ ਬਾਹਰ ਸਮੁੰਦਰ 'ਚ ਫੈਲ ਗਿਆ ।

ਤੋਮਾਸੀਨਾ ਕਹਿੰਦੇ ਹਨ, “"ਸਮੁੰਦਰ ਦੇ ਤਲ 'ਤੇ ਬਹੁਤ ਸਾਰੀਆਂ ਬੋਤਲਾਂ ਅਜੇ ਵੀ ਪਈਆਂ ਹਨ ਅਤੇ ਬਹੁਤ ਸਾਰੇ ਰਸੋਈ ਦੇ ਭਾਂਡੇ ਵੀ ਮੌਜੂਦ ਹਨ, ਕਿਉਂਕਿ ਟਾਈਟੈਨਿਕ ਅਸਲ ਵਿੱਚ ਇੱਕ ਰਸੋਈ ਦੇ ਆਲੇ ਦੁਆਲੇ ਤੋਂ ਟੁੱਟਿਆ ਸੀ।”

ਜਹਾਜ਼ ਵਿੱਚ ਸ਼ੈਂਪੇਨ ਦੀਆਂ ਹਜ਼ਾਰਾਂ ਬੋਤਲਾਂ ਸਨ।

ਜਹਾਜ਼ ਦਾ ਮਾਲਕ ਚਾਹੁੰਦਾ ਸੀ ਕਿ ਪਹਿਲੀ ਸ਼੍ਰੇਣੀ ਦੀ ਟਿਕਟ ਉੱਤੇ ਸਫ਼ਰ ਕਰ ਰਹੇ ਯਾਤਰੀਆਂ ਨੂੰ ਸ਼ਾਨਦਾਰ ਮਾਹੌਲ ਅਤੇ ਸਭ ਤੋਂ ਵਧੀਆ ਖਾਣ-ਪੀਣ ਦੇ ਨਾਲ, ਅਮੀਰੀ ਦਾ ਅਦਭੁੱਤ ਅਨੁਭਵ ਹੋਵੇ।

ਤੋਮਾਸੀਨਾ ਦੱਸਦੇ ਹਨ, "ਇਹ ਇੱਕ ਤੈਰਦੇ ਮਹਿਲ ਵਰਗਾ ਸੀ ਅਤੇ ਟਾਈਟੈਨਿਕ ਨੂੰ ਸਭ ਤੋਂ ਆਲੀਸ਼ਾਨ ਜਹਾਜ਼ ਮੰਨਿਆ ਜਾਂਦਾ ਸੀ।”

“ਇਸ ਲਈ ਸ਼ੈਂਪੇਨ ਦੀਆਂ ਬੋਤਲਾਂ ਤੇ ਜਿੰਮ ਦੇ ਨਾਲ-ਨਾਲ ਇਹ ਸਾਰੀਆਂ ਸਹੂਲਤਾਂ ਹੋਣੀਆਂ ਯਾਤਰੀਆਂ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ।”

ਟਾਈਟੈਨਿਕ ਵਿੱਚ ਲੱਗੇ ਮੋਟੇ ਕਿੱਲ

ਤਸਵੀਰ ਸਰੋਤ, Getty Images/BBC

ਤਸਵੀਰ ਕੈਪਸ਼ਨ, ਟਾਈਟੈਨਿਕ ਵਿੱਚ ਲੱਗੇ ਮੋਟੇ ਕਿੱਲ

ਟਾਈਟੈਨਿਕ ਪਹਿਲੀ ਵਾਰ ਸਫ਼ਰ ਉੱਤੇ ਤਰਿਆ ਸੀ ਜਦੋਂ ਉਹ ਇੱਕ ਬਰਫ਼ ਦੇ ਪਹਾੜਨੁਮਾ ਤੌਦੇ ਨਾਲ ਟਕਰਾਇਆ। ਇਹ ਜਹਾਜ਼ ਸਾਊਥੈਂਪਟਨ ਤੋਂ ਅਮਰੀਕਾ ਜਾ ਰਿਹਾ ਸੀ।

ਜਹਾਜ਼ ਵਿੱਚ ਬਚਾਅ ਅਤੇ ਸੁਰੱਖਿਆ ਦੇ ਕਈ ਅਤਿ ਆਧੁਨਿਕ ਪ੍ਰਬੰਧ ਸਨ ਅਤੇ ਇਹ ਵੀ ਕਿਹਾ ਜਾਂਦਾ ਸੀ ਕਿ ਇਹ ਡੁੱਬ ਨਹੀਂ ਸਕਦਾ।

ਤੋਮਾਸੀਨਾ ਨੇ ਜਹਾਜ਼ ਦੀਆਂ ਕੁਝ ਕਿੱਲਾਂ ਵੀ ਸਾਨੂੰ ਦਿਖਾਈਆਂ।

ਧਾਤ ਦੀਆਂ ਇਹ ਮੋਟੀਆਂ ਮੇਖਾਂ ਨੇ ਜਹਾਜ਼ ਦੀਆਂ ਸਟੀਲ ਦੀਆਂ ਪਲੇਟਾਂ ਨੂੰ ਜੋੜਿਆ ਹੋਇਆ ਸੀ। ਅੰਦਾਜ਼ਿਆਂ ਮੁਤਾਬਕ ਇਨ੍ਹਾਂ ਦੀ ਗਿਣਤੀ ਕਰੀਬ 30 ਲੱਖ ਸੀ।

ਤੋਮਾਸੀਨਾ ਸਮਝਾਉਂਦੇ ਹਨ, "ਜਦੋਂ ਟਾਈਟੈਨਿਕ ਡੁੱਬਿਆ, ਤਾਂ ਉੱਥੇ ਇੱਕ ਇਹ ਵੀ ਚਰਚਾ ਚਲ ਰਹੀ ਸੀ ਕਿ ਜਹਾਜ਼ 'ਚ ਸ਼ਾਇਦ ਕੋਈ ਘਟੀਆ ਸਮਾਨ ਵੀ ਵਰਤਿਆ ਗਿਆ ਸੀ ਜਿਸਦੇ ਕਰ ਕੇ ਇਹ ਬਹੁਤ ਜਲਦੀ ਡੁੱਬ ਗਿਆ।"

ਇਨ੍ਹਾਂ ਵਿੱਚੋ ਕੁਝ ਕਿੱਲਾਂ ਦੀ ਜਾਂਚ ਵੀ ਕੀਤੀ ਗਈ ਇਹ ਦੇਖਣ ਲਈ ਕਿ ਕਿਤੇ ਇਨ੍ਹਾਂ ਵਿੱਚ ਕੋਈ ਅਸ਼ੁੱਧਤਾ ਤਾਂ ਨਹੀਂ ਸੀ।

ਤੋਮਾਸੀਨਾ ਦੱਸਦੇ ਹਨ, "ਇਨ੍ਹਾਂ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਸਲੈਗ ਸੀ, ਜੋ ਕਿ ਇੱਕ ਕੱਚ ਵਰਗੀ ਸਮੱਗਰੀ ਹੈ ਜੋ ਇਸਨੂੰ ਠੰਡ ਵਿੱਚ ਥੋੜ੍ਹਾ ਜ਼ਿਆਦ ਭੁਰਭੁਰਾ ਬਣਾ ਦਿੰਦੀ ਹੈ।"

"ਜੇਕਰ ਇਹ ਕਿੱਲ ਭੁਰਭੁਰੇ ਸਨ ਤਾਂ ਉਹ ਸਕਦਾ ਹੈ ਕਿ ਕੋਈ ਕਿੱਲ ਆਸਾਨੀ ਨਾਲ ਨਿਕਲ ਗਿਆ ਹੋਵੇ।”

“ਤਾਂ ਇਹ ਵੀ ਹੋ ਸਕਦਾ ਹੈ ਬਰਫ਼ ਦੇ ਪਹਾੜ ਨਾਲ ਟਕਰਾਉਣ ਮਗਰੋਂ ਇਹ ਆਮ ਨਾਲੋਂ ਜ਼ਿਆਦਾ ਤੇਜ਼ੀ ਨਾਲ ਖੁੱਲ੍ਹ ਗਿਆ ਹੋਵੇ।”

ਤੋਮਾਸੀਨਾ ਕਹਿੰਦੇ ਹਨ ਕਿ ਹਾਲੇ ਇਸ ਬਾਰੇ ਬਹੁਤ ਕੁਝ ਜਾਣਨਾ ਬਾਕੀ ਹੈ ਕਿ ਜਹਾਜ਼ ਕਿਵੇਂ ਡੁੱਬਿਆ।

"ਅਸੀਂ ਤੱਥਾਂ ਨੂੰ ਵੇਖਣ-ਸਮਝਣ ਵਿੱਚ ਮਦਦ ਕਰਨ ਦੇ ਯੋਗ ਹਾਂ, ਅਸੀਂ ਇਸ ਬਾਰੇ ਖੁਸ਼ ਹਾਂ ਕਿ ਅਸੀਂ ਇਸ ਦੇ ਪਿੱਛੇ ਦੀ ਕਹਾਣੀ ਅਤੇ ਵਿਗਿਆਨ ਪ੍ਰਤੀ ਯੋਗਦਾਨ ਪਾ ਸਕਦੇ ਹਾਂ।"

ਲੋਕਾਂ ਦੀ ਵੰਡ

ਵੱਖ ਵੱਖ ਸ਼੍ਰੇਣੀ ਦੇ ਮੁਸਾਫ਼ਿਰਾਂ ਲਈ ਵਰਤੇ ਜਾਣ ਵਾਲੇ ਕੱਪ
ਤਸਵੀਰ ਕੈਪਸ਼ਨ, ਵੱਖ ਵੱਖ ਸ਼੍ਰੇਣੀ ਦੇ ਮੁਸਾਫ਼ਿਰਾਂ ਲਈ ਵਰਤੇ ਜਾਣ ਵਾਲੇ ਕੱਪ

ਜਹਾਜ਼ ਉੱਤੇ ਸਵਾਰ ਵੱਖ-ਵੱਖ ਜਮਾਤਾਂ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਵੱਖਰੀ ਸੀ, ਕੱਪ ਤੋਂ ਲੈ ਕੇ ਪਲੇਟਾਂ ਤੱਕ ਵੱਖੋ-ਵੱਖਰੇ ਸਨ ।

ਤੀਜੀ ਸ਼੍ਰੇਣੀ ਦੀ ਟਿਕਟ ਉੱਤੇ ਸਫ਼ਰ ਕਰ ਰਹੇ ਲੋਕਾਂ ਲਈ ਕੱਪ ਬਹੁਤ ਸਾਦਾ ਅਤੇ ਮਜ਼ਬੂਤ ਸੀ, ਜਿਸ ਦੇ ਉੱਤੇ ਇੱਕ ਗੜ੍ਹੇ ਲਾਲ ਵ੍ਹਾਈਟ ਸਟਾਰ ਲੋਗੋ ਸੀ।

ਦੂਜੀ ਸ਼੍ਰੇਣੀ ਦੀ ਟਿਕਟ ਉੱਤੇ ਸਫ਼ਰ ਕਰ ਰਹੇ ਲੋਕਾਂ ਦੀ ਪਲੇਟ ਦੇ ਉੱਤੇ ਨੀਲੇ ਰੰਗ ਦੇ ਫੁੱਲਾਂ ਦੀ ਸਜਾਵਟ ਸੀ, ਜੋ ਥੋੜ੍ਹੀ ਵਧੀਆ ਦਿਖਦੀ ਸੀ।

ਪਰ ਪਹਿਲੀ ਸ਼੍ਰੇਣੀ ਵਾਲੇ ਲੋਕਾਂ ਵਾਲੀ ਪਲੇਟ ਚੀਨੀ ਮਿੱਟੀ ਦੀ ਬਣੀ ਹੋਈ ਸੀ। ਜਿਸ ਦੇ ਉੱਤੇ ਸੋਨੇ ਦੀ ਟ੍ਰਿਮ ਸੀ, ਚਾਨਣ ਵਿੱਚ ਦੇਖਕੇ ਤੁਸੀਂ ਇਸ ਉੱਤੇ ਗੁੰਝਲਦਾਰ ਹਾਰ ਦੇ ਪੈਟਰਨ ਦੀ ਝਲਕ ਦੇਖ ਸਕਦੇ ਹੋ ।

ਤੋਮਾਸੀਨਾ ਕਹਿੰਦੇ, “ਉਹ ਡਿਜ਼ਾਈਨ ਰੰਗਦਾਰ ਹੋਣਾ ਸੀ ਪਰ, ਕਿਉਂਕਿ ਇਹ ਰੰਗਿਆ ਹੋਇਆ ਸੀ, ਇਸ ਲਈ ਇਹ ਧੋਣ ਦੇ ਯੋਗ ਸੀ,”

ਪਹਿਲੀ ਸ਼੍ਰੇਣੀ ਦੇ ਅਮੀਰ ਯਾਤਰੀਆਂ ਨੂੰ ਉਨ੍ਹਾਂ ਦੇ ਭੋਜਨ ਲਈ ਚਾਂਦੀ ਦੀ ਭਾਂਡੇ ਦਿੱਤੀ ਜਾਂਦੀ ਸੀ, ਮਤਲਬ ਚਾਂਦੀ ਦੀਆਂ ਪਲੇਟਾਂ ਦਿੱਤੀਆਂ ਜਾਂਦੀਆਂ ਸਨ।

ਪਰ ਤੀਜੇ ਦਰਜੇ ਦੇ ਲੋਕਾਂ ਲਈ ਇਹ ਕਹਾਣੀ ਬਿਲਕੁਲ ਵੱਖਰੀ ਸੀ ।

ਟਾਈਟੈਨਿਕ ਦੇ ਵਿੱਚ ਜਿੰਮ ਵੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਈਟੈਨਿਕ ਦੇ ਵਿੱਚ ਜਿੰਮ ਵੀ ਸੀ

ਆਰਐੱਮਐੱਸ ਟਾਈਟੈਨਿਕ ਇੰਕ ਇਕਲੌਤੀ ਕੰਪਨੀ ਹੈ, ਜਿਸ ਨੂੰ ਘਟਨਾ ਵਾਲੀ ਥਾਂ ਤੋਂ ਵਸਤੂਆਂ ਨੂੰ ਮੁੜ ਖੋਜਣ, ਪ੍ਰਾਪਤ ਕਰਨ ਦੀ ਕਾਨੂੰਨੀ ਤੌਰ 'ਤੇ ਇਜਾਜ਼ਤ ਦਿੱਤੀ ਗਈ ਸੀ।

ਇਹ ਅਧਿਕਾਰ 1994 ਵਿੱਚ ਇੱਕ ਯੂਐੱਸ ਅਦਾਲਤ ਨੇ ਦਿੱਤਾ ਸੀ।

ਪਰ ਇਨ੍ਹਾਂ ਨੂੰ ਇਹ ਕੰਮ ਕਰਨ ਲਈ ਸਖ਼ਤ ਸ਼ਰਤਾਂ ਮੰਨਣੀਆਂ ਪੈਂਦੀਆਂ ਹਨ - ਵਸਤੂਆਂ ਹਮੇਸ਼ਾ ਇਕੱਠੀਆਂ ਰਹਿਣੀਆਂ ਚਾਹੀਦੀਆਂ ਹਨ, ਇਸ ਲਈ ੳੇਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ। ਵੱਖਰੇ ਤੌਰ 'ਤੇ ਬੰਦ, ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।

ਹੁਣ ਤੱਕ, ਮਲਬੇ ਵਿੱਚੋਂ ਸਾਰੀਆਂ ਕਲਾਕ੍ਰਿਤੀਆਂ ਇਕੱਠੀਆਂ ਕੀਤੀਆਂ ਜਾ ਚੁੱਕੀਆਂ ਹਨ।

ਪਰ ਹਾਲ ਹੀ ਵਿੱਚ ਕੰਪਨੀ ਨੇ ਸਮੁੰਦਰੀ ਜਹਾਜ਼ ਵਿੱਚੋਂ ਇੱਕ ਵਸਤੂ ਨੂੰ ਮੁੜ ਪ੍ਰਾਪਤ ਕਰਨ ਦੀ ਇੱਛਾ ਦੱਸਦੇ ਹੋਏ ਵਿਵਾਦ ਛੇੜ ਦਿੱਤਾ ਹੈ - ਮਾਰਕਨੀ ਰੇਡੀਓ ਯੰਤਰ, ਜਿਸ ਨੇ ਡੁੱਬਣ ਦੀ ਰਾਤ ਨੂੰ ਟਾਈਟੈਨਿਕ ਦੇ ਦੁਖਦਾਈ ਕਾਲਾਂ ਨੂੰ ਸੰਚਾਰਿਤ ਕੀਤਾ ਸੀ।

ਆਰਐੱਮਐੱਸ ਟਾਈਟੈਨਿਕ ਦਾ ਡੈੱਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਐੱਮਐੱਸ ਟਾਈਟੈਨਿਕ ਦਾ ਡੈੱਕ

ਕਈਆਂ ਦਾ ਮੰਨਣਾ ਹੈ ਕਿ ਮਲਬਾ ਇੱਕ ਕਬਰਗਾਹ ਹੈ, ਇਸ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ।

ਤੋਮਾਸੀਨਾ ਜਵਾਬ ਵਿੱਚ ਕਹਿੰਦੇ ਹਨ, “ਟਾਈਟੈਨਿਕ ਉਹ ਚੀਜ਼ ਹੈ, ਜਿਸਦਾ ਅਸੀਂ ਸਤਿਕਾਰ ਕਰਨਾ ਚਾਹੁੰਦੇ ਹਾਂ।”

"ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਯਾਦਾਂ ਨੂੰ ਸੁਰੱਖਿਅਤ ਰੱਖ ਸਕੀਏ , ਕਿਉਂਕਿ ਹਰ ਕੋਈ ਟਾਈਟੈਨਿਕ ਵਿੱਚ ਨਹੀਂ ਜਾ ਸਕਦਾ ਹੈ, ਅਤੇ ਅਸੀਂ ਇਸਨੂੰ ਜਨਤਾ ਦੇ ਸਾਹਮਣੇ ਲਿਆਉਣ ਦੇ ਯੋਗ ਹੋਣਾ ਚਾਹੁੰਦੇ ਹਾਂ।"

ਇਸ ਗੁਪਤ ਗੋਦਾਮ ਦੀਆਂ ਅਲਮਾਰੀਆਂ 'ਤੇ ਜਲਦੀ ਹੀ ਹੋਰ ਕਮਰੇ ਦੀ ਲੋੜ ਹੋ ਸਕਦੀ ਹੈ।

ਕੰਪਨੀ ਦੀ ਨਵੀਂ ਮੁਹਿੰਮ ਵਿੱਚ ਮਲਬੇ ਦੀ ਵਿਸਤ੍ਰਿਤ 3 ਡੀ ਸਕੈਨ ਬਣਾਉਣ ਲਈ ਮਲਬੇ ਦੀਆਂ ਲੱਖਾਂ ਤਸਵੀਰਾਂ ਲੈਣਾ ਸ਼ਾਮਲ ਹੈ।

ਮਾਰਕੋਨੀ ਰੇਡੀਓ ਰੂਮ ਦੀ ਮੌਜੂਦਾ ਸਥਿਤੀ ਦਾ ਸਰਵੇਖਣ ਕਰਨ ਦੇ ਨਾਲ-ਨਾਲ ਟੀਮ ਮਲਬੇ ਵਿਚਲੀਆਂ ਅਜਿਹੀਆਂ ਚੀਜ਼ਾਂ ਦੀ ਪਛਾਣ ਕਰ ਰਹੀ ਹੈ ਜੋ ਉਹ ਭਵਿੱਖ ਵਿੱਚ ਹਾਸਲ ਕਰਨੀਆਂ ਚਾਹੁੰਦੇ ਹਨ।

ਹੋ ਸਕਦਾ ਹੈ ਕਿ ਉਨ੍ਹਾਂ ਨੂੰ ਜੋ ਚੀਜ਼ਾਂ ਲੱਭਣ ਉਹ ਟਾਈਟੈਨਿਕ ਜਹਾਜ਼ ਅਤੇ ਇਸ ਵਿੱਚ ਸਵਾਰ ਸਵਾਰੀਆਂ ਦੀਆਂ ਅਣਦੱਸੀਆਂ ਕਹਾਣੀਆਂ ਜਾਣਨ ਵਿੱਚ ਸਾਡੀ ਮਦਦ ਕਰਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)