You’re viewing a text-only version of this website that uses less data. View the main version of the website including all images and videos.
ਦੱਖਣੀ ਅਮਰੀਕਾ ਦੇ ਇਸ ਦੇਸ਼ ਵਿੱਚ 10 'ਚੋਂ 4 ਜਣੇ ਭਾਰਤੀ ਮੂਲ ਦੇ ਕਿਉਂ ਹਨ?
- ਲੇਖਕ, ਲੂਇਸ ਬਰਾਸ਼ੋ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
ਦੱਖਣੀ ਅਮਰੀਕਾ ਦਾ ਇਹ ਅੰਗਰੇਜ਼ੀ ਭਾਸ਼ਾਈ ਦੇਸ ਗਯਾਨਾ, ਵੀ ਕਦੇ ਭਾਰਤ ਵਾਂਗ ਹੀ ਬਰਤਾਨੀਆ ਦੀ ਬਸਤੀ ਹੁੰਦਾ ਸੀ। ਬ੍ਰਿਟੇਨ ਦੀਆਂ ਹੋਰ ਬਸਤੀਆਂ ਵਾਂਗ ਇੱਥੇ ਵੀ ਭਾਰਤੀ ਮੂਲ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਮਿਲਦੇ ਹਨ।
ਗਯਾਨਾ ਦੇ ਇੱਕ ਪਾਸੇ ਬ੍ਰਾਜ਼ੀਲ ਹੈ ਤਾਂ ਦੂਜੇ ਪਾਸੇ ਇਸਦਾ ਸਦੀਆਂ ਤੋਂ ਵੈਨੇਜ਼ੂਏਲਾ ਨਾਲ ਸਰਹੱਦੀ ਵਿਵਾਦ ਹੈ।
ਦਿਲਚਸਪ ਤੱਥ ਇਹ ਹੈ ਕਿ ਇੱਥੋਂ ਦੇ 10 ਵਸਨੀਕਾਂ ਵਿੱਚੋਂ 4 ਦੀਆਂ ਜੜ੍ਹਾਂ ਭਾਰਤੀ ਉਪ ਮਹਾਂਦੀਪ ਵਿੱਚ ਹਨ।
ਭਾਰਤ, ਪਾਕਿਸਤਾਨ, ਬੰਗਲਾਦੇਸ਼ ਨੂੰ ਸਮੁੱਚੇ ਤੌਰ 'ਤੇ ਭਾਰਤੀ ਉਪ-ਮਹਾਂਦੀਪ ਕਿਹਾ ਜਾਂਦਾ ਹੈ। 1940 ਦੇ ਦਹਾਕੇ ਤੱਕ ਇਹ ਉਪ-ਮਹਾਂਦੀਪ ਬਰਤਾਨਵੀ ਬਸਤੀ ਹੁੰਦਾ ਸੀ।
ਗਯਾਨਾ ਦੇ ਰਾਸ਼ਟਰਪਤੀ ਇਰਫ਼ਾਨ ਅਲੀ ਦੀਆਂ ਜੜ੍ਹਾਂ ਵੀ ਭਾਰਤੀ ਉਪ-ਮਹਾਂਦੀਪ ਵਿੱਚ ਹਨ। ਅਲੀ ਗਯਾਨਾ ਦੇ ਪਹਿਲੇ ਮੁਸਲਮਾਨ ਰਾਸ਼ਟਰਪਤੀ ਹਨ।
ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਦੇ ਮੁਤਾਬਕ ਗਯਾਨਾ ਦੀ ਬਾਕੀ ਦੀ ਵਸੋਂ ਵਿੱਚ ਅਫਰੀਕੀ (30%), ਮਿਸ਼ਰਿਤ ਨਸਲ (17%) ਅਤੇ ਅਮੇਰੀਇੰਡੀਅਨ (9%) ਲੋਕ ਹਨ।
ਦਿਲਚਸਪ ਗੱਲ ਤਾਂ ਇਹ ਹੈ ਕਿ ਆਂਧਰਾ ਪ੍ਰਦੇਸ਼ ਜਿੰਨੇ ਛੋਟੇ ਜਿਹੇ ਦੇਸ ਵਿੱਚ ਇੰਨੇ ਜ਼ਿਆਦਾ ਲੋਕ ਧਰਤੀ ਦੇ ਲਗਭਗ ਬਿਲਕੁਲ ਦੂਜੇ ਪਾਸੇ ਤੋਂ ਆ ਕੇ ਕਿਵੇਂ ਵੱਸ ਗਏ?
ਸਾਲ 1814 ਵਿੱਚ ਬ੍ਰਿਟੇਨ ਨੇ ਨਿਪੋਲੀਅਨ ਦੀਆਂ ਜੰਗਾਂ ਦੌਰਾਨ ਗਯਾਨਾ ਉੱਪਰ ਕਬਜ਼ਾ ਕੀਤਾ ਅਤੇ ਫਿਰ ਆਪਣੀ ਬਸਤੀ ਬਣਾ ਲਿਆ। ਬ੍ਰਿਟੇਨ ਦੀ ਬਸਤੀ ਬਣਨ ਮਗਰੋਂ ਇਸ ਨੂੰ ਬ੍ਰਿਟਿਸ਼ ਗਯਾਨਾ ਵਜੋਂ ਜਾਣਿਆ ਜਾਣ ਲੱਗਿਆ।
ਬ੍ਰਿਟੇਨ ਤੋਂ ਪਹਿਲਾਂ ਇੱਥੇ ਫਰਾਂਸੀਸੀ ਅਤੇ ਡੱਚ ਲੋਕਾਂ ਦਾ ਬੋਲਬਾਲਾ ਸੀ।
ਪਹਿਲੀ ਵਾਰ 396 ਭਾਰਤੀ ਪਹੁੰਚੇ
ਸੰਨ 1834 ਵਿੱਚ ਬ੍ਰਿਟੇਨ ਦੀਆਂ ਬਾਕੀ ਬਸਤੀਆਂ ਵਾਂਗ ਹੀ ਇੱਥੇ ਵੀ ਅਫਰੀਕੀ ਲੋਕਾਂ ਨੂੰ ਦਾਸ ਬਣਾ ਕੇ ਰੱਖਣ ਦੀ ਪ੍ਰਥਾ ਖ਼ਤਮ ਕਰ ਦਿੱਤੀ ਗਈ।
ਸੰਜੋਗ ਵਸ ਇੱਥੇ ਭਾਰਤੀ (ਭਾਰਤੀ ਉਪ-ਮਹਾਂਦੀਪ ਦੇ ਵਾਸੀ) ਲੋਕਾਂ ਦਾ ਆਉਣਾ ਅਤੇ ਦਾਸ ਪ੍ਰਥਾ ਦਾ ਅੰਤ ਲਗਭਗ ਇੱਕੋ ਸਮੇਂ ਹੋਇਆ। ਅਸਲ ਵਿੱਚ ਦਾਸ ਪ੍ਰਥਾ ਖ਼ਤਮ ਹੋਣ ਮਗਰੋਂ ਮਜ਼ਦੂਰਾਂ ਦੀ ਕਮੀ ਪੂਰੀ ਕਰਨ ਲਈ ਭਾਰਤ (ਭਾਰਤੀ ਉਪ-ਮਹਾਂਦੀਪ) ਤੋਂ ਲੋਕ ਇੱਥੇ ਲਿਆਂਦੇ ਗਏ।
ਦੂਜੀਆਂ ਬਰਤਾਨਵੀ ਬਸਤੀਆਂ ਜਿਵੇਂ ਜਮਾਇਕਾ, ਟਰਿਨੀਡ ਅਤੇ ਯੁਗਾਂਡਾ ਵਿੱਚ ਵੀ ਭਾਰਤੀ ਮਜ਼ਦੂਰ ਗਏ ਪਰ ਗਯਾਨਾ ਵਿੱਚ ਇਹ ਗਿਣਤੀ ਕੁਝ ਜ਼ਿਆਦਾ ਹੀ ਸੀ।
ਪਹਿਲੀ ਵਾਰ 396 ਭਾਰਤੀ ਇੱਥੇ ਲਿਆਂਦੇ ਗਏ। ਜੋ ਗਲਾਡਸਟੋਨ ਕੁਲੀ ਵਜੋਂ ਜਾਣੇ ਗਏ। ਅਸਲ ਵਿੱਚ ਜੌਹਨ ਗਲਾਡਸਟੋਨ ਗੰਨੇ ਦੇ ਖੇਤਾਂ ਦੇ ਮਾਲਕ ਸਨ, ਜਿਨ੍ਹਾਂ ਦੇ ਖੇਤਾਂ ਲਈ ਇਹ ਲੋਕ ਲਿਆਂਦੇ ਗਏ ਸਨ। ਜੌਹਨ ਵੈਸਟ ਇੰਡੀਜ਼ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸਨ।
ਕੁਲੀ, ਹੱਥ ਦੇ ਮਿਹਨਤਕਸ਼ਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਉਨੀਵੀਂ ਅਤੇ ਵੀਹਵੀਂ ਸਦੀ ਦੌਰਾਨ ਇਹ ਸ਼ਬਦ ਭਾਰਤ ਅਤੇ ਚੀਨ ਤੋਂ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਹਾਲਾਂਕਿ, ਹੁਣ ਇਸ ਸ਼ਬਦ ਨੂੰ ਬਹੁਤ ਸਾਰੇ ਅੰਗਰੇਜ਼ੀ ਭਾਸ਼ੀ ਦੇਸਾਂ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਪ੍ਰਤੀ ਘ੍ਰਿਣਾ ਨਾਲ ਵਰਤਿਆ ਜਾਣ ਵਾਲਾ ਇੱਕ ਨਸਲਵਾਦੀ ਸ਼ਬਦ ਮੰਨਿਆ ਜਾਂਦਾ ਹੈ।
ਇਹ ਮਜ਼ਦੂਰ ਪਹਿਲਾਂ-ਪਹਿਲ ਦੋ ਸਮੁੰਦਰੀ ਜਹਾਜ਼ਾਂ ਐੱਮਵੀ ਵਿਟਬੀ ਅਤੇ ਐੱਮਵੀ ਹੈਸਪਰਸ ਰਾਹੀਂ ਪਹਿਲਾਂ ਹਿੰਦ ਮਹਾਂ ਸਾਗਰ ਅਤੇ ਅਟਲਾਂਟਿਕ ਮਹਾਂ ਸਾਗਰ ਨੂੰ ਪਾਰ ਕਰਕੇ ਇੱਥੇ ਪਹੁੰਚੇ।
ਕਰਾਰ ਮੁਤਾਬਕ ਇਹ ਮਜ਼ਦੂਰ ਬਹੁਤ ਹੀ ਨਿਗੂਣੀ ਮਜ਼ਦੂਰੀ ਬਦਲੇ ਕਈ ਸਾਲਾਂ ਤੱਕ ਖੇਤਾਂ ਵਿੱਚ ਕੰਮ ਕਰਨ ਲਈ ਆਏ ਸਨ।
ਭਾਰਤੀਆਂ ਦੇ ਆਉਣ ਦੀ ਯਾਦ ਵਿੱਚ ਕੌਮੀ ਛੁੱਟੀ
ਗਯਾਨਾ ਦੇ ਸਿੱਖਿਆ ਮੰਤਰਾਲੇ ਮੁਤਾਬਕ ਲਗਭਗ 75 ਸਾਲ ਇਹ ਬੰਦੋਬਸਤ ਦਾਸ ਪ੍ਰਥਾ ਦੇ “ਲੱਛਣ” ਸਮੇਤ ਜਾਰੀ ਰਿਹਾ।
ਆਉਣ ਵਾਲੇ ਦਹਾਕਿਆਂ ਦੌਰਾਨ ਭਾਰਤੀ ਮਜ਼ਦੂਰ ਗਯਾਨਾ ਦੇ ਖੰਡ ਉਦਯੋਗ ਵਿੱਚ ਕ੍ਰਾਂਤੀ ਲੈ ਆਏ। ਖੰਡ ਉਦਯੋਗ ਨੇ ਦੇਸ ਨੂੰ ਖੁਸ਼ਹਾਲ ਬਣਾਉਣ ਵਿੱਚ ਯੋਗਦਾਨ ਦਿੱਤਾ ਤੇ ਆਰਥਿਕਤਾ ਵਿੱਚ ਵੀ ਇਸ ਦੀ ਅਹਿਮ ਥਾਂ ਬਣ ਗਈ।
ਆਪਣਾ ਕਰਾਰ ਖ਼ਤਮ ਹੋਣ ਤੋਂ ਬਾਅਦ ਕੁਝ ਮਜ਼ਦੂਰ ਤਾਂ ਭਾਰਤ ਵਾਪਸ ਚਲੇ ਗਏ ਪਰ ਕੁਝ ਇੱਥੇ ਹੀ ਬਰਤਾਨਵੀ ਗਯਾਨਾ ਵਿੱਚ ਵਸ ਗਏ।
ਰਿਕਾਰਡ ਦੱਸਦੇ ਹਨ ਕਿ 1838 ਤੋਂ 1917 ਦੌਰਾਨ ਭਾਰਤੀ ਉਪ-ਮਹਾਂਦੀਪ ਤੋਂ 500 ਜਹਾਜ਼ਾਂ ਵਿੱਚ 2, 38, 909 ਲੋਕ ਬੰਧੂਆ ਮਜ਼ਦੂਰਾਂ ਦੇ ਰੂਪ ਵਿੱਚ ਗਯਾਨਾ ਲਿਆਂਦੇ ਗਏ।
ਹੋਰ ਅੰਗਰੇਜ਼ੀ ਭਾਸ਼ਾਈ ਦੇਸਾਂ ਦੇ ਮੁਕਾਬਲੇ ਗਯਾਨਾ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਬੰਧੂਆ ਮਜ਼ਦੂਰੀ ਲਈ ਲਿਆਂਦੇ ਗਏ।
ਅਜੋਕੇ ਸਮੇਂ ਵਿੱਚ ਗਯਾਨਾ ਵਿੱਚ 5 ਮਈ ਨੂੰ ਪਹਿਲੇ ਭਾਰਤੀਆਂ ਦੇ ਆਉਣ ਦੀ ਯਾਦ ਕੌਮੀ ਛੁੱਟੀ ਦੇ ਰੂਪ ਵਿੱਚ ਮਨਾਈ ਜਾਂਦੀ ਹੈ।
ਸੰਨ 1966 ਵਿੱਚ ਜਦੋਂ ਪੰਜਾਬ ਦਾ ਪੁਨਰ ਗਠਨ ਕੀਤਾ ਜਾ ਰਿਹਾ ਸੀ ਤਾਂ ਗਯਾਨਾ ਬ੍ਰਿਟੇਨ ਤੋਂ ਅਜ਼ਾਦ ਹੋ ਰਿਹਾ ਸੀ।
ਗਯਾਨਾ ਦੇ ਕਲੰਡਰ ਦੇ ਤਿੱਥ-ਤਿਉਹਾਰਾਂ ਵਿੱਚ ਹੋਲੀ ਅਤੇ ਦੀਵਾਲੀ ਵੀ ਅਹਿਮ ਤਿਉਹਾਰ ਹਨ।