ਪੰਜਾਬ ਦੇ ਸੰਗਠਨ ਵੱਲੋਂ ਕਰਵਾਈ ਕ੍ਰਿਕਟ ਲੀਗ, ਜਿਸ 'ਚ ਕ੍ਰਿਸ ਗੇਲ ਵਰਗੇ ਨਾਮੀ ਖਿਡਾਰੀ ਖੇਡੇ, ਕਿਵੇਂ ਪ੍ਰਬੰਧਕ ਵਿਚਾਲੇ ਛੱਡ ਕੇ ਭੱਜੇ

ਤਸਵੀਰ ਸਰੋਤ, Muheeb Malik
- ਲੇਖਕ, ਆਕੀਬ ਜਾਵੇਦ
- ਰੋਲ, ਸ਼੍ਰੀਨਗਰ ਤੋਂ
ਜੰਮੂ-ਕਸ਼ਮੀਰ ਵਿੱਚ ਇੱਕ ਨਿੱਜੀ ਕ੍ਰਿਕਟ ਲੀਗ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਲੀਗ ਦੇ ਪ੍ਰਬੰਧਕਾਂ ਨੇ ਕਥਿਤ ਤੌਰ 'ਤੇ ਖਿਡਾਰੀਆਂ, ਸਹਾਇਤਾ ਸਟਾਫ ਅਤੇ ਹੋਟਲ ਦੇ ਬਿੱਲਾਂ ਦਾ ਭੁਗਤਾਨ ਕੀਤੇ ਹੀ ਬਿਨਾਂ ਟੂਰਨਾਮੈਂਟ ਨੂੰ ਅੱਧ ਵਿਚਕਰ ਛੱਡ ਦਿੱਤਾ।
ਪੰਜਾਬ ਦੇ ਇੱਕ ਗੈਰ-ਮੁਨਾਫ਼ਾ ਸੰਗਠਨ, ਯੁਵਾ ਸੋਸਾਇਟੀ ਦੁਆਰਾ ਆਯੋਜਿਤ ਇੰਡੀਅਨ ਹੈਵਨ ਪ੍ਰੀਮੀਅਰ ਲੀਗ (ਆਈਐਚਪੀਐਲ) ਦੀ ਸ਼ੁਰੂਆਤ ਸ਼ਾਨਦਾਰ ਸੀ।
ਇਸ ਵਿੱਚ ਕ੍ਰਿਸ ਗੇਲ ਅਤੇ ਡੇਵਨ ਸਮਿਥ ਵਰਗੇ ਅੰਤਰਰਾਸ਼ਟਰੀ ਦਿੱਗਜਾਂ ਨੇ ਵੀ ਸ਼ੁਰੂਆਤੀ ਮੈਚਾਂ ਵਿੱਚ ਹਿੱਸਾ ਲਿਆ ਸੀ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਸਿਤਾਰਿਆਂ ਨੂੰ ਮਿਲਣ ਦਾ ਇੱਕ ਦੁਰਲੱਭ ਮੌਕਾ ਮਿਲਿਆ।
ਪਰ ਟੂਰਨਾਮੈਂਟ ਨੂੰ ਕੁਝ ਮੈਚਾਂ ਤੋਂ ਬਾਅਦ ਹੀ ਰੋਕ ਦਿੱਤਾ ਗਿਆ, ਜਿਸ ਕਾਰਨ ਹੋਟਲ ਮਾਲਕਾਂ ਅਤੇ ਖਿਡਾਰੀਆਂ ਨੂੰ ਆਪਣੇ ਬਕਾਏ ਲਈ ਜੂਝਣਾ ਪਿਆ।
ਪ੍ਰਬੰਧਕਾਂ ਨੇ 1 ਨਵੰਬਰ ਦੀ ਅੱਧੀ ਰਾਤ ਨੂੰ ਕਥਿਤ ਤੌਰ 'ਤੇ ਕਸ਼ਮੀਰ ਛੱਡ ਦਿੱਤਾ ਸੀ, ਜਦਕਿ ਉਦੋਂ ਤੱਕ ਸਿਰਫ਼ 12 ਮੈਚ ਖੇਡੇ ਗਏ ਸਨ। 25 ਅਕਤੂਬਰ ਨੂੰ ਸ਼ੁਰੂ ਹੋਈ ਇਸ ਲੀਗ ਨੇ 8 ਨਵੰਬਰ ਨੂੰ ਖਤਮ ਹੋਣਾ ਸੀ।
ਅੱਧ ਵਿਚਕਾਰ ਕਿਉਂ ਚਲੇ ਗਏ ਪ੍ਰਬੰਧਕ?

ਤਸਵੀਰ ਸਰੋਤ, NurPhoto via Getty Images
ਇਹ ਸਪਸ਼ਟ ਨਹੀਂ ਹੈ ਕਿ ਪ੍ਰਬੰਧਕਾਂ ਇਸ ਤਰ੍ਹਾਂ ਲੀਗ ਨੂੰ ਵਿਚਕਾਰ ਹੀ ਛੱਡ ਕੇ ਕਿਉਂ ਚਲੇ ਗਏ, ਪਰ ਸਥਾਨਕ ਖਿਡਾਰੀਆਂ ਦੇ ਅਨੁਸਾਰ, ਮੈਚਾਂ ਨੂੰ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ ਸੀ ਜਿਸ ਦੀ ਉਮੀਦ ਸੀ।
ਦਰਸ਼ਕਾਂ ਦੀ ਗਿਣਤੀ 25,000 ਤੋਂ 30,000 ਦੀ ਉਮੀਦ ਤੋਂ ਬਹੁਤ ਘੱਟ ਸੀ। ਇਸ ਮਾਮਲੇ 'ਚ ਆਈਐਚਪੀਐਲ ਦੇ ਪ੍ਰਧਾਨ ਆਸ਼ੂ ਦਾਨੀ ਨੇ ਬੀਬੀਸੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਧੋਖਾਧੜੀ ਅਤੇ ਵਿਸ਼ਵਾਸਘਾਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਕ੍ਰਿਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲੇ ਮੈਚ ਵਿੱਚ, ਜਿਸ ਵਿੱਚ ਗੇਲ ਵੀ ਖੇਡੇ ਸਨ, ਸਿਰਫ਼ 400-500 ਲੋਕ ਹੀ ਆਏ ਸਨ। ਅਤੇ ਪ੍ਰਬੰਧਕਾਂ ਵੱਲੋਂ ਟਿਕਟਾਂ ਦੀਆਂ ਕੀਮਤਾਂ ਇੱਕ ਤਿਹਾਈ ਘਟਾਉਣ ਤੋਂ ਬਾਅਦ ਵੀ ਭੀੜ ਘੱਟ ਹੀ ਰਹੀ।
'ਇਹ ਪ੍ਰੋਗਰਾਮ ਬਹੁਤ ਮਾੜੇ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ'

ਤਸਵੀਰ ਸਰੋਤ, Parveez Rasool/FB
ਲੀਗ ਦੇ ਬੰਦ ਹੋਣ ਨਾਲ ਸਥਾਨਕ ਕ੍ਰਿਕਟਰ ਗੁੱਸੇ ਅਤੇ ਨਿਰਾਸ਼ਾ ਵਿੱਚ ਹਨ।
ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਪਰਵੇਜ਼ ਰਸੂਲ ਨੇ ਇਸ ਘਟਨਾ ਨੂੰ "ਮੰਦਭਾਗਾ" ਕਰਾਰ ਦਿੰਦਿਆਂ ਕਿਹਾ ਕਿ ਇਸ ਨੇ "ਕਸ਼ਮੀਰ ਘਾਟੀ ਦੇ ਉਭਰਦੇ ਕ੍ਰਿਕਟਰਾਂ ਨੂੰ ਨਿਰਾਸ਼ ਕੀਤਾ ਹੈ।"
ਉਨ੍ਹਾਂ ਨੇ ਇਸ ਸਥਿਤੀ ਦੇ ਲਈ ਮਾੜੇ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਟੂਰਨਾਮੈਂਟ ਲਈ ਭੁਗਤਾਨ ਨਹੀਂ ਕੀਤਾ ਗਿਆ।
ਇੱਕ ਹੋਰ ਸਥਾਨਕ ਕ੍ਰਿਕਟਰ ਆਬਿਦ ਨਬੀ, ਜੋ ਆਪਣੀ ਤੇਜ਼ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ, ਨੇ ਬੀਬੀਸੀ ਨੂੰ ਦੱਸਿਆ ਕਿ ਇਹ ਲੀਗ "ਸਥਾਨਕ ਖਿਡਾਰੀਆਂ ਲਈ ਅੰਤਰਰਾਸ਼ਟਰੀ ਕ੍ਰਿਕਟਰਾਂ ਨਾਲ ਡ੍ਰੈਸਿੰਗ ਰੂਮ ਸਾਂਝੇ ਕਰਨ ਅਤੇ ਕੁਝ ਤਜਰਬਾ ਹਾਸਲ ਕਰਨ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ।"
ਉਨ੍ਹਾਂ ਕਿਹਾ, "ਪਰ ਬਦਕਿਸਮਤੀ ਨਾਲ ਇਹ ਪ੍ਰੋਗਰਾਮ ਬਹੁਤ ਮਾੜੇ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਕਾਰਨ ਖਿਡਾਰੀ ਫਸ ਗਏ।''
ਖਿਡਾਰੀ ਲਗਭਗ ਤਿੰਨ ਘੰਟੇ ਹੋਟਲ ਵਿੱਚ ਫਸੇ ਰਹੇ

ਤਸਵੀਰ ਸਰੋਤ, Getty Images
ਸ਼੍ਰੀਨਗਰ ਸ਼ਹਿਰ ਦੇ ਰੈਡੀਸਨ ਕਲੈਕਸ਼ਨ ਹੋਟਲ ਦੇ ਇੱਕ ਅਧਿਕਾਰੀ, ਜਿੱਥੇ ਪ੍ਰਬੰਧਕ ਠਹਿਰੇ ਹੋਏ ਸਨ, ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ "ਹੈਰਾਨ" ਹੋ ਗਏ ਸਨ, ਜਿਸ ਵਿੱਚ ਕਥਿਤ ਤੌਰ 'ਤੇ ਪ੍ਰਬੰਧਕਾਂ ਨੂੰ ਅੱਧੀ ਰਾਤ ਨੂੰ ਉੱਥੋਂ ਭੱਜਦੇ ਦੇਖਿਆ ਗਿਆ ਸੀ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਹੋਟਲ ਨੂੰ ਸਿਰਫ ਅੰਸ਼ਕ ਭੁਗਤਾਨ ਕੀਤਾ ਗਿਆ ਸੀ ਅਤੇ ਇਸ ਘਟਨਾ ਤੋਂ ਬਾਅਦ ਹੋਟਲ ਵੱਲੋਂ ਕਈ ਵਾਰ ਆਈਐਚਪੀਐਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੰਪਰਕ ਨਹੀਂ ਹੋ ਸਕਿਆ।
ਇੰਗਲੈਂਡ ਦੇ ਅੰਪਾਇਰ ਮੇਲਿਸਾ ਜੂਨੀਪਰ ਨੇ ਕਿਹਾ ਕਿ ਪ੍ਰਬੰਧਕਾਂ ਦੇ ਭੱਜਣ ਤੋਂ ਬਾਅਦ ਕਈ ਖਿਡਾਰੀ ਲਗਭਗ ਤਿੰਨ ਘੰਟੇ ਹੋਟਲ ਵਿੱਚ ਫਸੇ ਰਹੇ।
ਪ੍ਰਸ਼ਾਸਨਿਕ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਹੋਟਲ ਨੇ ਕਥਿਤ ਤੌਰ 'ਤੇ ਬ੍ਰਿਟਿਸ਼ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਹੀ ਉਨ੍ਹਾਂ ਨੂੰ ਜਾਣ ਦਿੱਤਾ। ਹਾਲਾਂਕਿ ਹੋਟਲ ਪ੍ਰਬੰਧਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।
ਜੂਨੀਪਰ ਨੇ ਕਿਹਾ, "ਅਸੀਂ ਹੋਟਲ ਪ੍ਰਬੰਧਨ ਨਾਲ ਖਿਡਾਰੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਘਰ ਵਾਪਸ ਜਾਣ ਦੀ ਆਗਿਆ ਦੇਣ ਲਈ ਸਹਿਮਤ ਹੋਏ ਸੀ।"
ਉਨ੍ਹਾਂ ਇਲਜ਼ਾਮ ਲਗਾਇਆ ਕਿ ਲਗਭਗ 40 ਸਥਾਨਕ ਅਤੇ ਵਿਦੇਸ਼ੀ ਖਿਡਾਰੀਆਂ, ਜੋ ਹੋਟਲ ਵਿੱਚ ਮੌਜੂਦ ਸਨ, ਨੂੰ ਅਜੇ ਤੱਕ ਲਗਭਗ 5 ਮਿਲੀਅਨ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।
ਘਟਨਾ ਨੇ ਖੜੇ ਕੀਤੇ ਕਈ ਸਵਾਲ

ਤਸਵੀਰ ਸਰੋਤ, NurPhoto via Getty Images
ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਪ੍ਰਬੰਧਕ ਇਸ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਬਿਲਬੋਰਡ ਅਤੇ ਪੋਸਟਰ ਲਗਾ ਰਹੇ ਸਨ।
ਲੀਗ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰਾਂ ਦੀਆਂ ਅੱਠ ਟੀਮਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਖਿਡਾਰੀ ਸ਼ਾਮਲ ਸਨ।
ਇਸ ਘਟਨਾ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਕਿ ਬਿਨਾਂ ਸਹੀ ਨਿਗਰਾਨੀ ਦੇ ਅਜਿਹੇ ਪ੍ਰੋਗਰਾਮ ਨੂੰ ਕਿਵੇਂ ਹੋਣ ਦਿੱਤਾ ਗਿਆ।

ਦੂਜੇ ਪਾਸੇ, ਕਸ਼ਮੀਰ ਦੇ ਸਥਾਨਕ ਅਧਿਕਾਰੀਆਂ ਨੇ ਲੀਗ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ।
ਜੰਮੂ ਅਤੇ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਅੰਸ਼ੁਲ ਗਰਗ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਸ਼ਾਸਨ ਦੀ ਭੂਮਿਕਾ ਸਮਾਗਮ ਅਤੇ ਸਥਾਨ ਲਈ ਇਜਾਜ਼ਤ ਦੇਣ ਤੱਕ ਹੀ ਸੀਮਤ ਸੀ।
ਉਨ੍ਹਾਂ ਕਿਹਾ, "ਅਸੀਂ ਯਕੀਨੀ ਤੌਰ 'ਤੇ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।"
ਪਰ ਇਸ ਘਟਨਾ ਨੇ ਸਥਾਨਕ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
ਉੱਤਰੀ ਕਸ਼ਮੀਰ ਦੇ ਵਸਨੀਕ ਤਾਹਿਰ ਹੁਸੈਨ ਨੇ ਕਿਹਾ, "ਤੁਸੀਂ ਕ੍ਰਿਸ ਗੇਲ ਵਰਗੇ ਸਿਤਾਰਿਆਂ ਨੂੰ ਸੱਦਾ ਦੇ ਕੇ ਅਤੇ ਫਿਰ ਅਚਾਨਕ ਇਸ ਤਰ੍ਹਾਂ ਗਾਇਬ ਨਹੀਂ ਹੋ ਸਕਦੇ।"
ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਸਥਾਨਕ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












