You’re viewing a text-only version of this website that uses less data. View the main version of the website including all images and videos.
ਮੌਲਾ ਜੱਟ ਫਿਲਮ ਦੀ ਰਿਲੀਜ਼ ਭਾਰਤ ਵਿੱਚ ਮੁੜ ਟਲੀ, ਜਾਣੋ ਕਿਉਂ ਲਗਾਈ ਗਈ ਰੋਕ
- ਲੇਖਕ, ਨਿਆਜ਼ ਫਾਰੂਕੀ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨੀ ਬਲੌਕਬਸਟਰ ਫਿਲਮ ʻਦਿ ਲੀਜੈਂਡ ਆਫ਼ ਮੌਲਾ ਜੱਟʼ ਦੀ ਰਿਲੀਜ਼ ਨੂੰ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ।
ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਦੇ ਅਧਿਕਾਰੀਆਂ ਵੱਲੋਂ ਇਸ ਦੀ ਸਕ੍ਰੀਨਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਸ ਪਾਕਿਸਤਾਨੀ ਫਿਲਮ ਦੀ ਰਿਲੀਜ਼ ਨੂੰ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ।
ਇਹ ਫਿਲਮ 1979 ਵਿੱਚ ਬਣੀ ਇੱਕ ਪੰਜਾਬੀ ਫ਼ਿਲਮ, 'ਮੌਲਾ ਜੱਟ' ਦਾ ਰੀਮੇਕ ਹੈ ਅਤੇ ਪਾਕਿਸਤਾਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ।
ਇਹ ਫਿਲਮ ਬੁੱਧਵਾਰ ਨੂੰ ਉੱਤਰੀ ਭਾਰਤ ਦੇ ਸੂਬੇ ਪੰਜਾਬ ਵਿੱਚ ਰਿਲੀਜ਼ ਹੋਣੀ ਸੀ, ਜਿਸ ਨਾਲ ਇਹ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਭਾਰਤੀ ਸਕ੍ਰੀਨਾਂ ʼਤੇ ਹਿੱਟ ਹੋਣ ਵਾਲੀ ਪਹਿਲੀ ਪਾਕਿਸਤਾਨੀ ਫਿਲਮ ਬਣ ਸਕਦੀ ਸੀ।
ਦੱਖਣੀ ਏਸ਼ੀਆਈ ਗੁਆਂਢੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਚੰਗੇ ਨਹੀਂ ਹਨ ਅਤੇ ਤਣਾਅ ਅਕਸਰ ਉਨ੍ਹਾਂ ਵਿਚਕਾਰ ਸਭਿਆਚਾਰਕ ਵਟਾਂਦਰੇ ਨੂੰ ਪ੍ਰਭਾਵਿਤ ਕਰਦਾ ਹੈ।
ਬੁੱਧਵਾਰ ਨੂੰ, ਜ਼ੀ ਸਟੂਡੀਓ ਦੇ ਇੱਕ ਨਜ਼ਦੀਕੀ ਸਰੋਤ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਉਨ੍ਹਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ, ਇਸ ਦੀ ਰਿਲੀਜ਼ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਸੀ।
ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਫਿਲਮ ਨੂੰ ਕਿਉਂ ਰੋਕਿਆ ਗਿਆ ਹੈ। ਬੀਬੀਸੀ ਨੇ ਟਿੱਪਣੀ ਲਈ ਮੰਤਰਾਲੇ ਨਾਲ ਸੰਪਰਕ ਕੀਤਾ ਹੈ।
ਪਾਕਿਸਤਾਨ ਦੇ ਸਭ ਤੋਂ ਵੱਡੇ ਸਿਤਾਰੇ ਫ਼ਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੀ ਮੁੱਖ ਭੂਮਿਕਾ ਵਾਲੀ 2022 ਦੀ ਫਿਲਮ ਇੱਕ ਸਥਾਨਕ ਲੋਕ ਨਾਇਕ ਦੀ ਕਹਾਣੀ ਦੱਸਦੀ ਹੈ ਜੋ ਇੱਕ ਵਿਰੋਧੀ ਕਬੀਲੇ ਦੇ ਨੇਤਾ ਦਾ ਸਾਹਮਣਾ ਕਰਦਾ ਹੈ।
ਇਹ ਫਿਲਮ ਸ਼ੁਰੂ ਵਿੱਚ 2022 ਵਿੱਚ ਭਾਰਤ ਵਿੱਚ ਰਿਲੀਜ਼ ਹੋਣੀ ਸੀ, ਪਰ ਇਸ ਦੀ ਸਕ੍ਰੀਨਿੰਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਫਿਰ ਪਿਛਲੇ ਮਹੀਨੇ ਇਸ ਦੇ ਨਿਰਮਾਤਾ ਬਿਲਾਲ ਲਾਸ਼ਾਰੀ ਨੇ ਐਲਾਨ ਕੀਤਾ ਸੀ ਕਿ ਇਹ ਜਲਦੀ ਹੀ ਭਾਰਤੀ ਸਿਨੇਮਾਘਰਾਂ ਵਿੱਚ ਲੱਗਣ ਜਾ ਰਹੀ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ। “ਦੋ ਸਾਲ ਹੋ ਗਏ ਹਨ, ਪਾਕਿਸਤਾਨ ਵਿੱਚ ਹਾਲੇ ਵੀ ਹਫ਼ਤਾਵਰੀ ਮੌਕੇ ਹਾਊਸ ਫੁੱਲ ਹਨ। ਹੁਣ ਭਾਰਤ ਵਿੱਚ ਸਾਡੇ ਪੰਜਾਬੀ ਦਰਸ਼ਕ ਇਸ ਪਿਆਰ ਦੇ ਜਾਦੂ ਦਾ ਅਨੁਭਵ ਕਰਨਗੇ, ਜਿਸ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਹੈ।”
ਰਿਲੀਜ਼ ਨੂੰ ਲੈ ਕੇ ਵਿਵਾਦ
ਹਾਲਾਂਕਿ, ਇਸ ਖ਼ਬਰ ਨਾਲ ਪੱਛਮੀ ਭਾਰਤੀ ਸੂਬੇ ਮਹਾਰਾਸ਼ਟਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿੱਥੇ ਸਥਾਨਕ ਮਹਾਰਾਸ਼ਟਰ ਨਵਨਿਰਮਾਣ ਸੈਨਾ ਰਾਜਨੀਤਿਕ ਪਾਰਟੀ ਨੇ ਕਿਹਾ ਕਿ ਉਹ "ਕਿਸੇ ਵੀ ਹਾਲ ਵਿੱਚ" ਫਿਲਮ ਦੀ ਰਿਲੀਜ਼ ਦੀ ਇਜਾਜ਼ਤ ਨਹੀਂ ਦੇਵੇਗੀ।
ਮੁੰਬਈ ਬਾਲੀਵੁੱਡ ਦਾ ਘਰ ਹੈ।
ਤਣਾਅ ਕਾਰਨ ਜ਼ੀ ਸਟੂਡੀਓਜ਼ ਨੇ ਫਿਲਮ ਦੀ ਰਿਲੀਜ਼ ਨੂੰ ਪੰਜਾਬ ਸੂਬੇ ਤੱਕ ਸੀਮਤ ਕਰਨ ਦਾ ਫ਼ੈਸਲਾ ਕੀਤਾ, ਜੋ ਪਾਕਿਸਤਾਨ ਦੇ ਪੰਜਾਬ ਸੂਬੇ ਨਾਲ ਸਰਹੱਦ ਅਤੇ ਭਾਸ਼ਾ ਸਾਂਝੀ ਕਰਦਾ ਹੈ।
ਤਣਾਅਪੂਰਨ ਸਬੰਧਾਂ ਦੇ ਬਾਵਜੂਦ, ਭਾਰਤ ਅਤੇ ਪਾਕਿਸਤਾਨ ਨੇ ਹਮੇਸ਼ਾ ਇੱਕ ਦੂਜੇ ਦੀ ਕਲਾ ਅਤੇ ਸੱਭਿਆਚਾਰ ਦੀ ਸਾਂਝ ਨੂੰ ਸਾਂਝਾ ਕੀਤਾ ਹੈ।
ਭਾਰਤ ਅਤੇ ਪਾਕਿਸਤਾਨ ਵਿੱਚ ਬਣੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਸਰਹੱਦ ਦੇ ਪਾਰ ਵਿਆਪਕ ਤੌਰ 'ਤੇ ਦੇਖੀਆਂ ਜਾਂਦੀਆਂ ਹਨ। ਭਾਰਤ ਦੀਆਂ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਖ਼ਾਸ ਤੌਰ 'ਤੇ ਪਾਕਿਸਤਾਨ ਵਿੱਚ ਪ੍ਰਸਿੱਧ ਹਨ, ਜਦਕਿ ਪਾਕਿਸਤਾਨੀ ਲੜੀਵਾਰ ਦੇ ਭਾਰਤ ਵਿੱਚ ਬਹੁਤ ਜ਼ਿਆਦਾ ਦਰਸ਼ਕ ਹਨ।
ਦੋਵਾਂ ਦੇਸ਼ਾਂ ਦੇ ਕਲਾਕਾਰਾਂ ਦਾ ਵੀ ਫਿਲਮ ਅਤੇ ਸੰਗੀਤ ਪ੍ਰੋਜੈਕਟਾਂ 'ਤੇ ਇਕੱਠੇ ਕੰਮ ਕਰਨ ਤੇ ਸਰਹੱਦ ਪਾਰ ਸਹਿਯੋਗ ਕਰਨ ਦਾ ਇਤਿਹਾਸ ਹੈ।
ਪਰ ਅਜਿਹਾ ਸਹਿਯੋਗ ਉਦੋਂ ਰੁਕ ਗਿਆ ਜਦੋਂ ਸਾਲ 2016 ਵਿੱਚ ਬਾਲੀਵੁੱਡ ਨੇ ਪਾਕਿਸਤਾਨੀ ਕਲਾਕਾਰਾਂ ਨੂੰ ਛੱਡ ਦਿੱਤਾ ਅਤੇ ਪਾਕਿਸਤਾਨ ਨੇ 2019 ਵਿੱਚ ਦੇਸ਼ਾਂ ਦਰਮਿਆਨ ਫੌਜੀ ਤਣਾਅ ਕਾਰਨ ਭਾਰਤੀ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ।
ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਦੀਆਂ ਕੁਝ ਪੰਜਾਬੀ ਫਿਲਮਾਂ ਪਾਕਿਸਤਾਨ ਵਿੱਚ ਦਿਖਾਈਆਂ ਗਈਆਂ ਹਨ।
ਸਾਲ 2023 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਵਿੱਚ ਪਾਕਿਸਤਾਨ ਦੇ ਕਲਾਕਾਰਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਕਰਤਾਵਾਂ ਨੂੰ "ਇੰਨੀ ਤੰਗ ਸੋਚ" ਨਾ ਰੱਖਣ ਲਈ ਕਿਹਾ ਗਿਆ ਸੀ।
ਰਿਸ਼ਤਿਆਂ ਵਿੱਚ ਆਈ ਥੋੜ੍ਹੀ ਪਿਘਲਾਹਟ ਅਤੇ ਮੌਲਾ ਜੱਟ ਦੀ ਵਿਸ਼ਵ ਪੱਧਰੀ ਸਫ਼ਲਤਾ ਤੋਂ ਉਤਸ਼ਾਹਿਤ, ਇਸ ਦੇ ਨਿਰਮਾਤਾਵਾਂ ਨੂੰ ਆਸ ਸੀ ਕਿ ਇਹ ਲੋਕ ਨਾਟਕ ਭਾਰਤ ਵਿੱਚ ਦਰਸ਼ਕਾਂ ਨੂੰ ਆਕਰਸ਼ਿਤ ਕਰੇਗਾ।
ਮੌਲਾ ਜੱਟ ਦੇ ਪ੍ਰਮੁੱਖ ਅਦਾਕਾਰ ਪ੍ਰਸਿੱਧ ਪਾਕਿਸਤਾਨੀ ਨਾਟਕਾਂ ਵਿੱਚ ਅਦਾਕਾਰੀ ਕਰਨ ਲਈ ਭਾਰਤ ਵਿੱਚ ਮਸ਼ਹੂਰ ਹਨ। ਉਹ ਇਸ ਤੋਂ ਪਹਿਲਾਂ ਵੱਡੇ ਬਜਟ ਦੀਆਂ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।
ਮੌਲਾ ਜੱਟ ਕੌਣ ਸੀ
ਪੇਸ਼ ਹੈ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਵੱਲੋਂ ਇਸ ਫਿਲਮ ਦੀ ਕਹਾਣੀ ਦੇ ਪਿਛੋਕੜ ਬਾਰੇ ਤਿਆਰ ਕੀਤੀ ਗਈ ਰਿਪੋਰਟ।
ਮੌਲਾ ਜੱਟ ਪਾਕਿਸਤਾਨੀ ਉਰਦੂ ਸ਼ਾਇਰ, ਕਹਾਣੀਕਾਰ ਅਤੇ ਪੱਤਰਕਾਰ ਅਹਿਮਦ ਨਦੀਮ ਕਾਸਮੀ ਦੀ ਕਹਾਣੀ 'ਗੰਡਾਸਾ' ਦਾ ਮੁੱਖ ਕਿਰਦਾਰ ਸੀ।
ਪਾਕਿਸਤਾਨ ਦੇ 'ਸਮਯ' ਟੀਵੀ ਦੇ ਸੰਪਾਦਕ ਜ਼ੁਲਫਿਕਾਰ ਅਲੀ ਮੰਤੋਂ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ, "ਮੌਲਾ ਜੱਟ ਅਹਿਮਦ ਨਦੀਮ ਕਾਸਮੀ ਦੀ ਕਹਾਣੀ ਗੰਡਾਸਾ ਦਾ ਮੁੱਖ ਕਿਰਦਾਰ ਸੀ।"
"ਇਹ ਪੂਰੀ ਤਰ੍ਹਾਂ ਕਾਲਪਨਿਕ ਕਹਾਣੀ ਸੀ, ਇਸ ਦਾ ਹੀਰੋ ਮੌਲਾ ਪੰਜਾਬ ਦੇ ਪੇਂਡੂ ਪਿਛੋਕੜ ਵਾਲਾ ਨੌਜਵਾਨ ਸੀ। ਜਿਸ ਦੇ ਪਿਤਾ ਨੂੰ ਨਿੱਜੀ ਰੰਜ਼ਿਸ਼ ਕਾਰਨ ਕਤਲ ਕਰ ਦਿੱਤਾ ਗਿਆ ਸੀ।"
ਜ਼ੁਲਫਿਕਾਰ ਕਹਿੰਦੇ ਹਨ ਕਿ ਕਾਸਮੀ ਲਹਿੰਦੇ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਨਾਲ ਸਬੰਧਤ ਸਨ, ਉਨ੍ਹਾਂ ਨੇ ਮੌਲੇ ਦੇ ਕਿਰਦਾਰ ਨੂੰ ਪੰਜਾਬੀ ਜੱਟਾਂ ਵਾਲੇ ਮੁਹਾਂਦਰੇ ਅਤੇ ਸੁਭਾਅ ਵਾਂਗ ਪੇਸ਼ ਕੀਤਾ।
ਜ਼ੁਲ਼ਫਿਕਾਰ ਦੱਸਦੇ ਹਨ ਕਿ 'ਗੰਡਾਸਾ' ਕਹਾਣੀ ਵਿੱਚ ਨੌਜਵਾਨ ਮੌਲਾ ਭਲਵਾਨ ਬਣਨਾ ਚਾਹੁੰਦਾ ਸੀ, ਪਰ ਪਿਉ ਦੇ ਕਤਲ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਉਹ ਆਪਣੇ ਗੰਡਾਸੇ ਨਾਲ ਉਹ ਉਨ੍ਹਾਂ ਦੇ ਟੱਬਰਾਂ ਦਾ ਇੱਕ ਇੱਕ ਬੰਦਾ ਮਾਰਨ ਦੀ ਬੇਸਬਰੀ ਨਾਲ ਉਡੀਕ ਕਰਦਾ ਹੋਇਆ, ਬੇਚੈਨ ਜ਼ਿੰਦਗੀ ਬਿਤਾਉਂਦਾ ਹੈ।
ਉਹ ਦਿਨ-ਰਾਤ ਬਦਲੇ ਦੀ ਭਾਵਨਾ ਵਿੱਚ ਗੰਡਾਸਾ ਫੜ੍ਹ ਕੇ ਘੁੰਮਦਾ ਰਹਿੰਦਾ ਹੈ, ਅਜਿਹੇ ਹਾਲਾਤ ਵਿਚ ਕਈ ਸਾਲ ਲੰਘ ਜਾਂਦੇ ਹਨ। ਇਸੇ ਲਈ ਪਿੰਡ ਵਾਲੇ ਉਸ ਨੂੰ ਮੌਲਾ ਗੰਡਾਸੇ ਵਾਲਾ ਆਖਣ ਲੱਗ ਪੈਂਦੇ ਹਨ।
ਜ਼ੁਲਫਿਕਾਰ ਅੱਗੇ ਦੱਸਦੇ ਹਨ ਕਿ ਇਸ ਕਹਾਣੀ ਵਿਚ ਮੌਲਾ ਦੀ ਜਾਤ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਨਾ ਹੀ ਉਸ ਤਰ੍ਹਾਂ ਦੇ ਜ਼ੋਰਦਾਰ ਡਾਇਲਾਗ ਹਨ, ਜਿਵੇਂ ਅਸੀਂ ਅੱਜ-ਕੱਲ੍ਹ ਮੌਲਾ ਜੱਟ ਫਿਲਮ ਵਿਚ ਸੁਣਦੇ ਜਾਂ ਦੇਖਦੇ ਹਾਂ।
ਮੌਲਾ ਜੱਟ ਦਾ ਫ਼ਿਲਮੀ ਅਵਤਾਰ
ਪਾਕਿਸਤਾਨੀ ਸਿਨੇਮੇ ਬਾਰੇ ਵੈੱਬਸਾਈਟ ਪਾਕਿਸਤਾਨ ਸਿਨੇਮਾ ਡੌਟ ਨੈੱਟ ਨੇ ਮੌਲਾ ਜੱਟ ਫਿਲਮ ਦੀ ਸ਼ੁਰੂਆਤੀ ਕਹਾਣੀ ਦਾ ਜ਼ਿਕਰ ਕੀਤਾ ਹੈ।
ਮੌਲਾ ਜੱਟ ਦੀ ਸੰਖੇਪ ਕਹਾਣੀ ਬਾਰੇ ਲੇਖ ਵਿਚ ਯੂਸਫ਼ ਮਹਿਮੂਦ ਲਿਖਦੇ ਹਨ ਕਿ 1975 ਵਿਚ ਨਾਸਿਰ ਅਦੀਬ ਨੇ ਕਾਸਮੀ ਸਾਹਿਬ ਦੀ ਛੋਟੀ ਕਹਾਣੀ ਉੱਤੇ ਫ਼ਿਲਮ ਲਿਖੀ 'ਵਹਿਸ਼ੀ ਜੱਟ'।
ਮਹਿਮੂਦ ਲਿਖਦੇ ਹਨ ਕਿ 'ਵਹਿਸ਼ੀ ਜੱਟ' ਫ਼ਿਲਮ ਵਿੱਚ ਸੁਲਤਾਨ ਰਾਹੀ ਮੁੱਖ ਕਿਰਦਾਰ ਵਿੱਚ ਸਨ, ਅਤੇ ਉਹ ਇਸ ਫਿਲਮ ਨਾਲ ਸਟਾਰ ਕਲਾਕਾਰ ਬਣ ਗਏ।
ਸੁਲਤਾਨ ਰਾਹੀ ਫ਼ਿਲਮਾਂ ਦੇ ਕੰਧਾਂ ਉੱਤੇ ਪੋਸਟਰ ਲਗਾ ਕੇ ਮਿਹਨਤ ਮਜ਼ਦੂਰੀ ਕਰਦੇ ਸਨ, ਬਾਅਦ ਵਿਚ ਉਨ੍ਹਾਂ ਨੂੰ ਮਾੜੀ ਮੋਟੀ ਛੋਟੀ ਭੂਮਿਕਾ ਮਿਲਣ ਲੱਗੀ, ਪਰ ‘ਵਹਿਸ਼ੀ ਜੱਟ’ ਫਿਲਮ ਨੇ ਉਨ੍ਹਾਂ ਨੂੰ ਹੀਰੋ ਵਜੋਂ ਸਥਾਪਤ ਕਰ ਦਿੱਤਾ।
ਸੁਲਤਾਨ ਰਾਹੀ ਨੂੰ ਲੈ ਕੇ ਬਣੀ 'ਵਹਿਸ਼ੀ ਜੱਟ' ਚੰਗੀ ਚੱਲ ਗਈ ਇਸ ਲਈ ਇਸੇ ਦੀ ਲੜੀ ਵਿਚ 1979 ਦੌਰਾਨ ਅਗਲੀ ਫ਼ਿਲਮ ਬਣਾਈ ਗਈ, ਜਿਸ ਦਾ ਨਾਂ ਸੀ 'ਮੌਲਾ ਜੱਟ'। ਮਹਿਮੂਦ ਲਿਖਦੇ ਹਨ, "ਇਸੇ ਫਿਲਮ ਤੋਂ 'ਮੌਲਾ ਜੱਟ' ਦਾ ਕਿਰਦਾਰ ਅਮਰ ਹੋ ਗਿਆ।"
"ਮੌਲੇ ਨੂੰ ਮੌਲਾ ਨਾ ਮਾਰੇ ਤਾਂ ਮੌਲਾ ਨਹੀਂ ਮਰਦਾ" ਅਤੇ "ਨਵਾਂ ਆਇਆ ਐ ਸੋਹਣਿਆ" ਵਰਗੇ ਡਾਇਲਾਗ ਬੱਚੇ-ਬੱਚੇ ਦੀ ਜ਼ਬਾਨ ਵਿਚ ਛਾ ਗਏ।
ਫ਼ਿਲਮ ਵਿਚ ਨੂਰੀ ਨੱਤ, ਮੁੱਖੋ ਜੱਟੀ ਅਤੇ ਦਾਰੋ ਨਤਾਨੀ ਵਰਗੇ ਨਵੇਂ ਕਿਰਦਾਰ ਜੋੜੇ ਗਏ।
ਫ਼ਿਲਮ ਦਾ ਅੰਤ ਮੌਲੇ ਅਤੇ ਨੂਰੀ ਦੀ ਲੜਾਈ ਨਾਲ ਹੁੰਦਾ ਹੈ, ਪਰ ਇਸ ਲੜਾਈ ਦੇ ਅਖ਼ੀਰ ਵਿਚ ਮੌਲੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਨੇ ਬਦਲੇ ਦੀ ਅੱਗ ਨਾਲ ਕਿਵੇਂ ਪੂਰੇ ਪਰਿਵਾਰ ਨੂੰ ਪਿਸਣਾ ਪੈਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ