250 ਸਾਲ ਪਹਿਲਾਂ ਜਾਰੀ ਕੀਤੀ ਗਈ ਤਾਂਬੇ ਦੀ ਛੋਟੀ ਜਿਹੀ ਚੀਜ਼ ਕੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ?

- ਲੇਖਕ, ਸੀਟੂ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ
ਦੁਨੀਆ ਦੀ ਪਹਿਲੀ ਤਾਂਬੇ ਦੀ ਟਿਕਟ 250 ਸਾਲ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਜਾਰੀ ਕੀਤੀ ਗਈ ਸੀ, ਜਿਸ ਦੀ ਕੀਮਤ 40 ਕਰੋੜ ਰੁਪਏ ਤੋਂ ਵੱਧ ਹੈ।
31 ਮਾਰਚ 1774 ਨੂੰ ਜਾਰੀ ਕੀਤੇ ਇਹ ਇੱਕ ਜਾਂ ਦੋ ਆਨਿਆਂ ਦੇ ਇਹ ਟਿਕਟ ਇੱਕ ਤਰੀਕੇ ਦੇ ਪ੍ਰੀਪੇਡ ਟੋਕਨ ਸਨ।
ਇਹ ਡਾਕ ਟਿਕਟ ਭਾਰਤ ਦੇ ਗਵਰਨਰ ਜਨਰਲ ਵਾਰੇਨ ਹੇਸਟਿੰਗਜ਼ ਦੀ ਈਸਟ ਇੰਡੀਆ ਬੰਗਾਲ ਪ੍ਰੈਜ਼ੀਡੈਂਸੀ ਨੇ ਜਾਰੀ ਕੀਤੀ ਸੀ।
ਦੋ ਆਨੇ ਦੇ ਟਿਕਟ ਦਾ ਵਿਆਸ 26.4 ਮਿਲੀਮੀਟਰ ਅਤੇ ਭਾਰ 8.95 ਗ੍ਰਾਮ ਸੀ।
ਗੋਲ ਆਕਾਰ ਵਾਲੀ ਇਸ ਟਿਕਟ 'ਤੇ ਅੰਗਰੇਜ਼ੀ 'ਚ 'ਪਟਨਾ ਪੋਸਟ ਦੋ ਆਨਾ' ਲਿਖਿਆ ਹੋਇਆ ਹੈ, ਜਦਕਿ ਦੂਜੇ ਪਾਸੇ ਫ਼ਾਰਸੀ 'ਚ 'ਅਜੀਮਾਬਾਦ ਡਾਕ ਦੋ ਆਨਾ' ਲਿਖਿਆ ਹੋਇਆ ਹੈ।
ਇਨ੍ਹਾਂ ਦੋ ਟਿਕਟਾਂ ਨੂੰ 'ਅਜ਼ੀਮਾਬਾਦ ਇਕੰਨੀ' ਅਤੇ 'ਅਜੀਮਾਬਾਦ ਦੁਆਨੀ' ਵੀ ਕਿਹਾ ਜਾਂਦਾ ਹੈ।
ਡਾਕ ਟਿਕਟਾਂ ਭਾਰਤ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਦਰਸਾਉਂਦੀਆਂ ਹਨ।
ਇਸ ਤਾਂਬੇ ਦੀ ਟਿਕਟ ਦੇ 250 ਸਾਲ ਪੂਰੇ ਹੋਣ ਦੇ ਮੌਕੇ 'ਤੇ ਬਿਹਾਰ ਦੀ ਰਾਜਧਾਨੀ ਪਟਨਾ 'ਚ 'ਡਾਕ ਟਿਕਟ ਪ੍ਰਦਰਸ਼ਨੀ' ਲਾਈ ਗਈ ਸੀ।

ਦੁਰਲੱਭ ਟਿਕਟਾਂ ਦੀ ਪ੍ਰਦਰਸ਼ਨੀ

ਜਿਸ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ 20,000 ਤੋਂ ਵੱਧ ਡਾਕ ਟਿਕਟਾਂ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ ਸਨ।
ਇਸ ਪ੍ਰਦਰਸ਼ਨੀ ਵਿੱਚ ਦੁਰਲੱਭ ਸਟੈਂਪ ਬ੍ਰਿਟਿਸ਼ ਗੁਆਨਾ ਵਨ ਸੇਂਟ ਮੈਜੇਂਟਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਹ 1856 ਵਿੱਚ ਵਰਤੋਂ ਵਿੱਚ ਆਈ ਸੀ, ਜਦੋਂ ਬ੍ਰਿਟਿਸ਼ ਕਲੋਨੀ ਗੁਆਨਾ ਵਿੱਚ ਸਟੈਂਪ ਦੀ ਇੱਕ ਖੇਪ ਆਉਣ ਵਿੱਚ ਦੇਰੀ ਹੋ ਗਈ ਸੀ।
ਉਸ ਸਮੇਂ, ਗੁਆਨਾ ਦੇ ਤਤਕਾਲੀ ਪੋਸਟਮਾਸਟਰ ਨੇ ਸ਼ਿਪਮੈਂਟ ਆਉਣ ਤੱਕ ਤਿੰਨ ਤਰ੍ਹਾਂ ਦੀਆਂ ਅਸਥਾਈ ਮੋਹਰਾਂ ਛਾਪੀਆਂ ਸਨ।

ਖੇਪ ਆਉਣ ਤੋਂ ਬਾਅਦ ਇਹ ਟਿਕਟ ਪ੍ਰਚਲਣ ਤੋਂ ਬਾਹਰ ਹੋ ਗਈ ਪਰ ਇੱਕ ਟਿਕਟ ਬਚ ਗਈ।
ਵਨ ਸੇਂਟ ਮੈਜੇਂਟਾ ਗੁਆਨਾ ਦੇ 12 ਸਾਲ ਦੇ ਬੱਚੇ ਨੂੰ 1873 ਵਿੱਚ ਆਪਣੇ ਘਰ ਵਿੱਚ ਕਾਗਜ਼ਾਂ ਵਿੱਚੋਂ ਮਿਲਿਆ ਸੀ।
ਇਸ ਬੱਚੇ ਨੇ ਇਸ ਟਿਕਟ ਨੂੰ ਇੱਕ ਸਥਾਨਕ ਵਿਅਕਤੀ ਨੀਲ ਆਰ ਮੈਕਕਿਨਨ ਨੂੰ 6 ਸ਼ਿਲਿੰਗ ਵਿੱਚ ਵੇਚ ਦਿੱਤਾ ਸੀ।
ਬਾਅਦ ਵਿੱਚ ਇਹ ਟਿਕਟ ਕਈ ਹੱਥਾਂ ਵਿੱਚ ਵਿਕਿਆ ਅਤੇ ਅਪ੍ਰੈਲ 1922 ਵਿੱਚ ਇਸਨੂੰ ਇੱਕ ਅਮਰੀਕੀ ਉਦਯੋਗਪਤੀ ਨੇ 7343 ਪੌਂਡ ਵਿੱਚ ਖਰੀਦ ਲਿਆ ਸੀ।
ਜੋ ਉਸ ਸਮੇਂ ਇੱਕ ਟਿਕਟ ਲਈ ਅਦਾ ਕੀਤੀ ਗਈ ਸਭ ਤੋਂ ਵੱਧ ਕੀਮਤ ਸੀ।
ਰੋਮਨ ਮਾਨਤਾਵਾਂ ਨਾਲ ਸਬੰਧਤ ਟਿਕਟ

ਇੱਥੇ ਬਹੁਤ ਸਾਰੀਆਂ ਡਾਕ ਟਿਕਟਾਂ ਹਨ, ਜਿਨ੍ਹਾਂ ਨਾਲ ਦਿਲਚਸਪ ਕਹਾਣੀਆਂ ਜੁੜੀਆਂ ਹੋਈਆਂ ਹਨ। ਇਸ ਪ੍ਰਦਰਸ਼ਨੀ ਵਿੱਚ ਰੋਮਨ ਵਿਸ਼ਵਾਸਾਂ ਨਾਲ ਸਬੰਧਤ ਕਈ ਡਾਕ ਟਿਕਟਾਂ ਵੀ ਮਿਲੀਆਂ ਸਨ।
ਰੋਮਨ ਮਾਨਤਾਵਾਂ ਵਿੱਚ 'ਕਿਊਪਿਡ' ਨੂੰ ਰੱਬ ਦਾ ਦਰਜਾ ਹਾਸਲ ਹੈ। ਉਨ੍ਹਾਂ ਨੂੰ ਇੱਛਾਵਾਂ ਅਤੇ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਹੈ।

ਨੌਜਵਾਨ ਪ੍ਰੇਮੀਆਂ ਵਿੱਚ ਕਿਊਪਿਡ ਅਤੇ ਉਨ੍ਹਾਂ ਨਾਲ ਜੁੜੇ ਪ੍ਰੇਮ ਤੀਰ ਹਮੇਸ਼ਾ ਲੋਕ ਪਸੰਦ ਰਹੇ ਹਨ।
ਪ੍ਰਦਰਸ਼ਨੀ ਵਿੱਚ ਕਈ ਮੋਹਰਾਂ ਸ਼ਾਮਲ ਸਨ ਜੋ ਕਿ ਕਿਊਪਿਡ ਅਤੇ ਐਪਲ (ਸੇਬ) ਨੂੰ ਪ੍ਰਾਚੀਨ ਪਿਆਰ ਦੇ ਪ੍ਰਤੀਕ ਵਜੋਂ ਦਰਸਾਉਂਦੇ ਹਨ, ਇਹ ਮੋਹਰਾਂ ਵੱਖ-ਵੱਖ ਦੇਸ਼ਾਂ ਵਿੱਚ ਜਾਰੀ ਕੀਤੇ ਗਈਆਂ ਹਨ।
ਮਹਾਰਾਜਾ ਰਣਜੀਤ ਸਿੰਘ ਤੇ ਬੇਗ਼ਮ ਅਖ਼ਤਰ 'ਤੇ ਜਾਰੀ ਟਿਕਟ

'ਮਲਿਕਾ-ਏ-ਗ਼ਜ਼ਲ' ਵਜੋਂ ਜਾਣੀ ਜਾਂਦੀ ਭਾਰਤ ਦੀ ਮਸ਼ਹੂਰ ਗ਼ਜ਼ਲ ਗਾਇਕਾ ਬੇਗ਼ਮ ਅਖ਼ਤਰ 'ਤੇ ਜਾਰੀ ਕੀਤੀ ਗਈ ਡਾਕ ਟਿਕਟ ਵੀ ਇੱਥੇ ਪ੍ਰਦਰਸ਼ਿਤ ਕੀਤੀ ਗਈ।
ਇਸ ਡਾਕ ਟਿਕਟ ਦੀ ਕਹਾਣੀ ਇਹ ਹੈ ਕਿ 1994 ਵਿੱਚ ਜਾਰੀ ਕੀਤੀ ਗਈ ਇਸ ਡਾਕ ਟਿਕਟ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਇਸ ਵਿੱਚ ਵਰਤੀ ਗਈ ਸਿਆਹੀ ਪਾਣੀ ਵਿੱਚ ਘੁਲ ਜਾਂਦੀ ਹੈ।
ਇਸ ਡਾਕ ਟਿਕਟ ਪ੍ਰਦਰਸ਼ਨੀ ਵਿਚ ਮਹਾਰਾਜਾ ਰਣਜੀਤ ਸਿੰਘ 'ਤੇ ਜਾਰੀ ਕੀਤੀ ਡਾਕ ਟਿਕਟ ਵੀ ਸ਼ਾਮਲ ਸੀ।
ਸਟੈਂਪ ਇਕੱਠਾ ਕਰਨ ਦਾ ਸ਼ੌਕ

ਟਿਕਟਾਂ ਇਕੱਠੀਆਂ ਕਰਨ ਦੇ ਸੌਕ ਨੂੰ 'ਕਿੰਗ ਆਫ਼ ਹਾਬੀਜ਼' ਸ਼ੋਕਾਂ ਦਾ ਰਾਜਾ ਹੋਣ ਦਾ ਦਰਜਾ ਪ੍ਰਾਪਤ ਹੈ।
ਬਿਹਾਰ ਸਰਕਲ ਦੇ ਚੀਫ਼ ਪੋਸਟ ਜਨਰਲ ਅਨਿਲ ਕੁਮਾਰ ਬੀਬੀਸੀ ਨੂੰ ਦੱਸਿਆ, "ਇਹ ਇੱਕ ਅਜਿਹਾ ਸ਼ੌਕ ਹੈ, ਜਿਸ ਰਾਹੀਂ ਤੁਸੀਂ ਉਸ ਭੂਗੋਲਿਕ ਖੇਤਰ ਬਾਰੇ ਜਾਣ ਸਕਦੇ ਹੋ ਜਿਸ ਵਿੱਚ ਤੁਹਾਡੀ ਦਿਲਚਸਪੀ ਹੈ।"
"ਦੁਨੀਆਂ ਭਰ ਵਿੱਚ 20 ਕਰੋੜ ਤੋਂ ਵੱਧ ਲੋਕ ਟਿਕਟਾਂ ਇਕੱਠੀਆਂ ਕਰਦੇ ਹਨ। ਕਈ ਦੇਸ਼ਾਂ ਵਿੱਚ 'ਨਾਲੇਜ ਥਰੂ ਸਟੈਂਪ' ਨਾਮ ਦੀ ਮੁਹਿੰਮ ਵੀ ਚਲਾਈ ਜਾਂਦੀ ਹੈ।"

ਭਾਰਤ ਵਿੱਚ ਚਿੱਠੀਆਂ ਭੇਜਣ ਅਤੇ ਲੈ ਜਾਣ ਦੇ ਸ਼ੁਰੂਆਤੀ ਤਰੀਕਿਆਂ ਬਾਰੇ ਵਿਸਥਾਰ ਵਿੱਚ ਦੱਸਦੀਆਂ ਟਿਕਟਾਂ ਵੀ ਪ੍ਰਦਰਸ਼ਨੀ ਵਿੱਚ ਹਨ।
ਡਾਕੀਏ, ਰੇਲ, ਪੈਰਾਸ਼ੂਟ ਮੇਲ, ਮੋਟਰ ਡਾਕ ਦੇ ਨਾਲ-ਨਾਲ ਮੁਸ਼ਕਲ ਰੇਗਿਸਤਾਨੀ ਇਲਾਕਿਆਂ ਵਿੱਚ ਚਿੱਠੀਆਂ ਪਹੁੰਚਾਉਣ ਵਾਲੇ ਊਠਾਂ ਦੀਆਂ ਤਸਵੀਰਾਂ ਵੀ ਡਾਕ ਟਿਕਟਾਂ ਦਾ ਸ਼ਿੰਗਾਰ ਰਹੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












