ਦੁਨੀਆਂ ਦੀ ਸਭ ਤੋਂ ਮਹਿੰਗੀ ਵ੍ਹਿਸਕੀ ਦਾ ਸਵਾਦ ਤਿਆਰ ਹੋਣ ਵਿੱਚ 60 ਸਾਲ ਕਿਵੇਂ ਲੱਗੇ

ਤਸਵੀਰ ਸਰੋਤ, TRISTAN FEWINGS
- ਲੇਖਕ, ਫ੍ਰਾਂਚੈਸਕਾ ਜਿਲੇਟ
- ਰੋਲ, ਬੀਬੀਸੀ ਪੱਤਰਕਾਰ
ਵ੍ਹਿਸਕੀ ਦੀ ਇੱਕ ਦੁਰਲੱਭ ਬੋਤਲ 2.1 ਮਿਲੀਅਨ ਪਾਊਂਡ ( ਲਗਭਗ 21.84 ਕਰੋੜ ਰੁਪਏ) ਵਿੱਚ ਨਿਲਾਮ ਹੋਈ ਹੈ।
ਇਹ ਕਿਸੇ ਬੋਲੀ ਵਿੱਚ ਵਿਕਣ ਵਾਲੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਵ੍ਹਿਸਕੀ ਹੈ।
ਇਹ ਇੱਕ ਸਕੌਟਿਸ਼ ਵ੍ਹਿਸਕੀ ਹੈ, ਇਸਦੀ ਬੋਤਲ ਮਕੈਲਨ 1926 ਸਿੰਗਲ ਮਾਲਟ ਦੀ ਭਾਰੀ ਮੰਗ ਹੈ।
ਇਸਦੀ ਬੋਲੀ ਸੋਥਬੀ ਕੰਪਨੀ ਨੇ ਸ਼ਨੀਵਾਰ ਨੂੰ ਕਰਵਾਈ।
ਇਹ ਨਿਲਾਮੀ ਯੂਕੇ ਦੇ ਲੰਡਨ ਸ਼ਹਿਰ ਵਿੱਚ ਹੋਈ ਜਿੱਥੇ ਇਹ ਬੋਤਲ ਪਹਿਲਾਂ ਲਾਏ ਅੰਦਾਜ਼ੇ ਨਾਲੋਂ ਦੁੱਗਣੇ ਭਾਅ ਵਿੱਚ ਵਿਕੀ।
ਤਿਆਰ ਹੋਣ ਵਿੱਚ ਲੱਗੇ 60 ਸਾਲ

ਤਸਵੀਰ ਸਰੋਤ, TRISTAN FEWINGS
ਇਸ ਬੋਲੀ ਦਾ ਪ੍ਰਬੰਧ ਕਰਵਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਸ ਵਾਈਨ ਦੀ ਇੱਕ ਛੋਟੀ ਜਿਹੀ ਬੂੰਦ ਚਖ਼ਣ ਲਈ ਮਿਲੀ ਸੀ।
ਜੌਨੀ ਫਓਲ ਨੇ ਏਐੱਫਪੀ ਖ਼ਬਰ ਏਜੰਸੀ ਨੂੰ ਦੱਸਿਆ, “ਇਹ ਬਹੁਤ ਬੇਹਤਰੀਨ ਸੀ, ਇਸ ਵਿੱਚ ਬਹੁਤ ਜ਼ਿਆਦਾ ਸੁੱਕੇ ਫਲ ਸਨ, ਜੜੀ ਬੂਟੀਆਂ ਅਤੇ ਲੱਕੜੀ ਦਾ ਸਵਾਦ ਸੀ।”
ਇਸ ਵ੍ਹਿਸਕੀ ਨੂੰ 60 ਸਾਲਾਂ ਤੱਕ ਡਾਰਕ ਓਕ ਸ਼ੈਰੀ ਨਾਂਅ ਦੀ ਲੱਕੜ ਦੀ ਬੈਰਲ ਵਿੱਚ ਪੱਕਣ ਲਈ ਰੱਖਿਆ ਗਿਆ ਸੀ।
1986 ਵਿੱਚ ਇਸਦੀਆਂ ਬੱਸ 40 ਬੋਤਲਾਂ ਬਣੀਆਂ ਸਨ।
'ਸ਼ੌਕੀਨ ਲੋਕ ਮੂੰਹੋ ਮੰਗਿਆਂ ਮੁੱਲ ਦੇਣ ਲਈ ਤਿਆਰ ਰਹਿੰਦੇ ਹਨ'

ਤਸਵੀਰ ਸਰੋਤ, Getty Images
ਜਾਣਕਾਰੀ ਮੁਤਾਬਕ ਇਹ ਬੋਤਲਾਂ ਆਮ ਲੋਕਾਂ ਦੇ ਖਰੀਦਣ ਲਈ ਨਹੀਂ ਸਨ, ਬਲਕਿ ਇਨ੍ਹਾਂ ਵਿੱਚੋਂ ਕਈ ਬੋਤਲਾਂ ਮਕੈਲਨ ਦੇ ਚੋਟੀ ਦੇ ਗਾਹਕਾਂ ਨੂੰ ਦਿੱਤੀਆਂ ਗਈਆਂ ਸਨ।
ਜਦੋਂ ਵੀ ਇਨ੍ਹਾਂ ਬੋਤਲਾਂ ਦੀ ਬੋਲੀ ਲੱਗਦੀ ਹੈ ਤਾਂ ਗਾਹਕ ਇਸਦਾ ਚੰਗਾ ਮੁੱਲ ਦੇਣ ਲਈ ਤਿਆਰ ਹੋ ਜਾਂਦੇ ਹਨ।
ਅਜਿਹੀ ਹੀ ਇੱਕ ਬੋਤਲ 2019 ਵਿੱਚ 1.5 ਮਿਲੀਅਨ ਪਾਊਂਡ ਦੀ ਵਿਕੀ ਸੀ।
ਬੋਲੀ ਤੋਂ ਇੱਕ ਮਹੀਨੇ ਪਹਿਲਾਂ ਫੋਓਲ ਨੇ ਕਿਹਾ ਸੀ ਕਿ ਮਕੈਲਨ 1926 ਅਜਿਹੀ ਵ੍ਹਿਸਕੀ ਹੈ ਜਿਸਨੂੰ ਕਿ ਹਰੇਕ ਬੋਲੀ ਕਰਵਾਉਣ ਵਾਲੀ ਕੰਪਨੀ ਵੇਚਣੀ ਚਾਹੁੰਦੀ ਹੈ ਅਤੇ ਸ਼ੌਕੀਨ ਲੋਕ ਇਸਨੂੰ ਖਰੀਦਣ ਲਈ ਕਾਹਲੇ ਹਨ।”
ਸੋਹਣੇ ਅਤੇ ਦੁਰਲੱਭ ਲੇਬਲ

ਤਸਵੀਰ ਸਰੋਤ, Future Publishing/ Getty Images
ਸੋਥਬੀ ਕੰਪਨੀ ਨੇ ਦੱਸਿਆ ਕਿ 1926 ਵਿੱਚ ਪੱਕਣ ਲਈ ਬੈਰਲ ਵਿੱਚ ਰੱਖੀ ਗਈ ਇਸ ਵ੍ਹਿਸਕੀ ਦੀਆਂ 40 ਬੋਤਲਾਂ ਉੱਤੇ ਵੱਖਰੇ-ਵੱਖਰੇ ਲੇਬਲ ਲੱਗੇ ਸਨ।
ਦੋ ਬੋਤਲਾਂ ਉੱਤੇ ਕੋਈ ਲੇਬਲ ਨਹੀਂ ਸਨ।
ਵੱਧ ਤੋਂ ਵੱਧ 14 ਬੋਤਲਾਂ ਨੂੰ ਸੁੰਦਰ ਦੁਰਲੱਭ ਲੇਬਲ ਲਾਏ ਗਏ ਸਨ ਅਤੇ 12 ਲੇਬਲ ਪੌਪ ਕਲਾਕਾਰ ਸਰ ਪੀਟਰ ਬਲੇਕ ਨੇ ਤਿਆਰ ਕੀਤੇ ਸਨ।
12 ਦੇ ਕਰੀਬ ਹੋਰ ਬੋਤਲਾਂ ਨੂੰ ਇਟਾਲੀਅਨ ਚਿੱਤਰਕਾਰ ਵੈਲੇਰੀਓ ਐਡਾਮੀ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ। ਸ਼ਨੀਵਾਰ ਨੂੰ ਨਿਲਾਮ ਹੋਣ ਵਾਲੀ ਬੋਤਲ ਇਨ੍ਹਾਂ ਵਿੱਚੋਂ ਹੀ ਇੱਕ ਸੀ।
ਇਸ ਬਾਰੇ ਜਾਣਕਾਰੀ ਨਹੀਂ ਹੈ ਇਨ੍ਹਾਂ 12 ਬੋਤਲਾਂ ਵਿੱਚੋਂ ਕਿੰਨੀਆਂ ਬੋਤਲਾਂ ਹਾਲੇ ਵੀ ਬਚੀਆਂ ਹਨ।
ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਬੋਤਲ 2011 ਵਿੱਚ ਜਾਪਾਨ ਵਿੱਚ ਆਏ ਭੂਚਾਲ ਵਿੱਚ ਨੁਕਸਾਨੀ ਗਈ ਸੀ।
ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ 12 ਬੋਤਲਾਂ ਵਿੱਚੋਂ ਘੱਟੋ ਘੱਟ ਇੱਕ ਬੋਤਲ ਖੋਲ੍ਹਕੇ ਪੀਤੀ ਜਾ ਚੁੱਕੀ ਹੈ।
2019 'ਚ 1.5 ਮਿਲੀਅਨ ਪਾਊਂਡ ਵਿੱਚ ਵਿਕੀ ਸੀ ਇੱਕ ਬੋਤਲ
2019 ਵਿੱਚ ਵੀ ਮਕੈਲਨ 1926 ਦੀ ਹੀ ਇੱਕ ਬੋਤਲ 1.5 ਮਿਲੀਅਨ ਪਾਉਂਡ ਵਿੱਚ ਵਿਕੀ ਸੀ।
ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਇਹ 3.5 ਲੱਖ ਤੋਂ 4.5 ਲੱਖ ਪਾਊਂਡ ਵਿੱਚ ਵਿਕ ਸਕਦੀ ਹੈ।
ਨਿਲਾਮੀ ਕਰਵਾਉਣ ਵਾਲੀ ਕੰਪਨੀ ਸੋਥਬੀ ਮੁਤਾਬਕ ਇਹ ਅਜਿਹੀ ਵ੍ਹਿਸਕੀ ਹੈ ਜਿਸਦੀ ਭਾਰੀ ਮੰਗ ਰਹਿੰਦੀ ਹੈ।
2018 ਵਿੱਚ ਏਡਿਨਬਰਗ ਵਿੱਚ ਹੋਈ ਇੱਕ ਨਿਲਾਮੀ ਵਿੱਚ ਅਜਿਹੀ ਬੋਤਲ 8.48 ਲੱਖ ਪਾਊਂਡ ਵਿੱਚ ਵਿਕੀ ਸੀ।












