You’re viewing a text-only version of this website that uses less data. View the main version of the website including all images and videos.
ਜੈਮੀਨਾਈ ਰਾਹੀਂ ਤਸਵੀਰਾਂ ਬਣਾਉਣ ਤੋਂ ਪੰਜਾਬ ਪੁਲਿਸ ਨੇ ਕਿਉਂ ਕੀਤਾ ਸਾਵਧਾਨ, ਇਹ ਟੂਲ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਅੱਜਕਲ੍ਹ ਜਦੋਂ ਵੀ ਤੁਸੀਂ ਆਪਣਾ ਇੰਸਟਾਗ੍ਰਾਮ, ਫੇਸਬੁੱਕ ਜਾਂ ਵੱਟਸਐਪ ਖੋਲ੍ਹ ਰਹੇ ਹੋਵੋਗੇ ਤਾਂ ਤੁਹਾਨੂੰ ਆਪਣੇ ਦੋਸਤ-ਰਿਸ਼ਤੇਦਾਰ ਖ਼ਾਸ ਤੌਰ ਉੱਤੇ ਕੁੜੀਆਂ ਰੰਗ-ਬਰੰਗੀਆਂ ਸਾੜੀਆਂ ਪਹਿਨੇ, ਖੁੱਲ੍ਹੇ ਵਾਲਾਂ ਵਿੱਚ ਲੱਗਿਆ ਫੁੱਲ, ਪਤਲਾ ਚਿਹਰਾ, ਗੋਰੇ ਚਿੱਟੇ ਰੰਗ ਵਾਲੀਆਂ ਤਸਵੀਰਾਂ ਵਿੱਚ ਨਜ਼ਰ ਆਉਂਦੀਆਂ ਹੋਣੀਆਂ।
ਪਹਿਲੀ ਨਜ਼ਰੇ ਤੁਹਾਨੂੰ ਬਿਲਕੁਲ ਨਹੀਂ ਲੱਗੇਗਾ ਇਸ ਖੂਬਸੂਰਤ ਸਾੜੀ ਵਾਲੀ ਕੁੜੀ ਤੁਹਾਡੀ ਆਪਣੀ ਕੋਈ ਜਾਣਕਾਰ ਹੋਵੇਗੀ, ਤੁਹਾਨੂੰ ਲੱਗੇਗਾ ਕਿ ਇਹ ਕੋਈ 90 ਦੇ ਦਹਾਕੇ ਦੀ ਫ਼ਿਲਮੀ ਅਦਾਕਾਰਾ ਹੈ।
ਇਨ੍ਹਾਂ ਵਿੱਚੋਂ ਬਹੁਤੀਆਂ ਕੁੜੀਆਂ ਉਹ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਕਦੇ ਸਾੜੀ ਵਿੱਚ ਨਹੀਂ ਦੇਖਿਆ ਹੋਵੇਗਾ।
ਪਰ ਕੁਝ ਸਮੇਂ ਬਾਅਦ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਹ ਕੁੜੀ ਤਾਂ ਤੁਹਾਡੀ ਜਾਣਕਾਰ ਹੈ ਪਰ ਸਵਾਲ ਹੈ ਕਿ ਇਸ ਕੁੜੀ ਨੇ ਕਦੇ ਸਾੜੀ ਨਹੀਂ ਪਹਿਨੀ ਪਰ ਇਹ ਸਾੜੀ ਵਾਲੀਆਂ ਤਸਵੀਰਾਂ ਉਸ ਨੇ ਕਦੋਂ ਅਤੇ ਕਿੱਥੇ ਕਰਵਾਈਆਂ?
ਇਸ ਦਾ ਜਵਾਬ ਹੈ ਕਿ ਇਹ ਸਾਰੀਆਂ ਫੋਟੋਆਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈਆਂ ਗਈਆਂ ਹਨ।
ਇਸ ਤਰ੍ਹਾਂ ਦੀਆਂ ਫੋਟੋਆਂ ਬਣਾਉਣ ਲਈ ਅੱਜਕਲ੍ਹ ਗੂਗਲ ਦੇ ਇੱਕ ਨਵੇਂ ਏਆਈ ਟੂਲ 'ਨੈਨੋ ਬਨਾਨਾ' ਦੀ ਵਰਤੋਂ ਕੀਤੀ ਜਾ ਰਹੀ ਹੈ।
ਗੂਗਲ ਦੇ ਏਆਈ ਟੂਲ 'ਨੈਨੋ ਬਨਾਨਾ' ਦਾ ਅਸਲ ਨਾਮ ਜੈਮੀਨਾਈ 2.5 ਫਲੈਸ਼ ਇਮੇਜ ਹੈ ਜੋ ਨੈਨੋ ਬਨਾਨਾ ਦੇ ਨਾਮ ਨਾਲ ਪ੍ਰਚਲਿਤ ਹੋ ਗਿਆ ਹੈ।
ਇਸ ਦਾ ਮੁੱਖ ਕੰਮ ਆਮ ਲੋਕਾਂ ਦੀਆਂ ਤਸਵੀਰਾਂ ਨੂੰ ਹਾਈ-ਕੁਆਲਿਟੀ ਥ੍ਰੀ ਡੀ ਤਸਵੀਰਾਂ ਵਿੱਚ ਬਦਲਣ ਦਾ ਹੈ।
ਅੱਜਕਲ੍ਹ ਇਸਦੀ ਮਦਦ ਨਾਲ ਇੱਕ ਆਮ ਵਿਅਕਤੀ ਦੀ ਤਸਵੀਰ ਨੂੰ 90 ਦੇ ਦਹਾਕੇ ਵਾਲੇ ਫ਼ਿਲਮੀ ਅਦਾਕਾਰਾਂ ਦੀ ਦਿੱਖ ਵਿੱਚ ਬਦਲਿਆ ਜਾ ਸਕਦਾ ਹੈ।
ਸਾਡੇ ਸਭ ਦੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਟੂਲ ਦੀ ਵਰਤੋਂ ਕਰਕੇ ਆਪਣੀਆਂ ਤਸਵੀਰਾਂ ਨੂੰ ਥ੍ਰੀ ਡੀ ਤਸਵੀਰਾਂ ਵਿੱਚ ਤਬਦੀਲ ਕੀਤਾ ਹੈ ਅਤੇ ਮਗਰੋਂ ਉਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਅਪਲੋਡ ਕੀਤਾ ਹੈ।
ਪਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਪੁਲਿਸ ਨੇ ਇਸ ਟੂਲ ਦੀ ਵਰਤੋਂ ਕਰਨ ਨੂੰ ਖ਼ਤਰਨਾਕ ਦੱਸਿਆ ਹੈ ਅਤੇ ਲੋਕਾਂ ਨੂੰ ਇਸਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਜਲੰਧਰ ਪੁਲਿਸ ਦੀ ਚਿਤਾਵਨੀ
ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਕਦਮ ਹੀ ਜੈਮੀਨਾਈ ਐਪ ਦੀ ਵਰਤੋਂ ਕਰਕੇ ਆਪਣੀਆਂ ਤਸਵੀਰਾਂ ਨੂੰ ਥ੍ਰੀ ਡੀ ਬਣਾਉਣ ਦੀ ਪ੍ਰਕਿਰਿਆ ਦਾ ਜਿਵੇਂ ਹੜ੍ਹ ਹੀ ਆ ਗਿਆ। ਪਰ ਇਸ ਸਭ ਦੇ ਵਿਚਾਲੇ ਜਲੰਧਰ ਪੁਲਿਸ ਨੇ ਆਮ ਲੋਕਾਂ ਨੂੰ ਜੈਮੀਨਾਈ ਐਪ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ।
ਜਲੰਧਰ ਸਾਈਬਰ ਕ੍ਰਾਈਮ ਦਿਹਾਤ ਦੇ ਇੰਸਪੈਕਟਰ ਮੀਨਾ ਕੁਮਾਰੀ ਪਵਾਰ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਜੈਮੀਨਾਈ ਐਪ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਵੀਡੀਓ ਵਿੱਚ ਇੰਸਪੈਕਟਰ ਮੀਨਾ ਕੁਮਾਰੀ ਨੇ ਕਿਹਾ, "ਅੱਜਕੱਲ੍ਹ ਜੈਮੀਨਾਈ ਐਪ ਬਹੁਤ ਜ਼ਿਆਦਾ ਟਰੈਂਡ ਵਿੱਚ ਹੈ, ਜਿਸ ਵਿੱਚ ਤੁਸੀਂ ਆਪਣੀ ਫੋਟੋ ਨੂੰ ਥ੍ਰੀ ਡੀ ਬਣਾਉਂਦੇ ਹੋ, ਜੈਮੀਨਾਈ ਐਪ ਦੀ ਸ਼ਰਤਾਂ ਵਿੱਚ ਲਿਖਿਆ ਵੀ ਗਿਆ ਹੈ ਕਿ ਉਹ ਤੁਹਾਡੀ ਫੋਟੋ ਆਪਣੇ ਸਿਖਲਾਈ ਮਕਸਦ ਲਈ ਵਰਤ ਸਕਦੇ ਹਨ।"
"ਇਸ ਲਈ ਤੁਹਾਡੀ ਫੋਟੋ ਦਾ ਗ਼ਲਤ ਇਸਤੇਮਾਲ ਹੋ ਸਕਦਾ ਹੈ, ਤੁਹਾਡੇ ਨਾਲ ਸਾਈਬਰ ਕਰਾਈਮ ਹੋ ਸਕਦਾ ਹੈ, ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ, ਇਸ ਲਈ ਕੋਈ ਵੀ ਵਿਅਕਤੀ ਆਪਣੀ ਫੋਟੋ ਥ੍ਰੀ ਡੀ ਬਣਾਉਣ ਲਈ ਜੈਮਨੀ ਐਪ ਦੀ ਵਰਤੋਂ ਨਾ ਕਰੋ।"
ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ?
'ਆਰਟੀਫੀਸ਼ੀਅਲ ਇੰਟੈਲੀਜੈਂਸ' ਸ਼ਬਦ ਪਹਿਲੀ ਵਾਰ 1956 ਵਿੱਚ ਵਰਤਿਆ ਗਿਆ ਸੀ।
1960 ਦੇ ਦਹਾਕੇ ਵਿੱਚ ਵਿਗਿਆਨੀ ਕੰਪਿਊਟਰਾਂ ਨੂੰ ਸਿਖਾ ਰਹੇ ਸਨ ਕਿ ਮਨੁੱਖੀ ਫ਼ੈਸਲੇ ਲੈਣ ਦੀ ਨਕਲ ਕਿਵੇਂ ਕਰਨੀ ਹੈ।
ਏਆਈ- ਇੱਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ 'ਮਨੁੱਖੀ' ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ।
ਇਹ ਤਕਨੀਕ ਆਪਣੇ ਆਲੇ-ਦੁਆਲੇ ਤੋਂ ਜਾਣਕਾਰੀ ਲੈ ਕੇ ਜੋ ਕੁਝ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸ ਦੇ ਆਧਾਰ 'ਤੇ ਆਪਣੇ ਜਵਾਬ ਤਿਆਰ ਕਰਦੀ ਹੈ।
ਸਾਡੇ ਰੋਜ਼ਾਨਾ ਇਸਤੇਮਾਲ ਦੇ ਕਈ ਡਿਵਾਈਸ ਅਤੇ ਕੰਮ ਏਆਈ 'ਤੇ ਹੀ ਅਧਾਰਿਤ ਹਨ, ਜਿਵੇਂ ਕਿ ਮੋਬਾਈਲ, ਵੀਡੀਓ ਗੇਮਾਂ ਅਤੇ ਖਰੀਦਦਾਰੀ ਕਰਨਾ ਆਦਿ।
ਇਸ ਤਰ੍ਹਾਂ ਵੀਡੀਓ ਗੇਮਜ਼, ਅਲੈਕਸਾ ਅਤੇ ਸਿਰੀ ਵਰਗੇ ਘਰੇਲੂ ਸਹਾਇਕ ਯੰਤਰ ਵੀ ਇਸ 'ਤੇ ਹੀ ਅਧਾਰਿਤ ਹਨ।
'ਨੈਨੋ ਬਨਾਨਾ' ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?
'ਨੈਨੋ ਬਨਾਨਾ' ਜੈਮੀਨਾਈ ਦਾ ਫੋਟੋ ਨੂੰ ਐਡਿਟ ਕਰਨ ਵਾਲਾ ਟੂਲ ਹੈ। ਇਸ ਨੂੰ ਗੂਗਲ ਦੇ ਡੀਪਮਾਈਂਡ ਵਿਭਾਗ ਦੁਆਰਾ ਵਿਕਸਤ ਕੀਤਾ ਗਿਆ ਸੀ। ਜੈਮੀਨਾਈ ਦੀ ਅਧਿਕਾਰਤ ਵੈਬਸਾਈਟ ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੈਨੋ ਬਨਾਨਾ ਰਾਹੀਂ ਤੁਸੀਂ ਆਪਣੀਆਂ ਫੋਟੋਆਂ ਨੂੰ ਅਗਲੇ ਪੜਾਅ ਉੱਤੇ ਲੈ ਜਾ ਸਕਦੇ ਹੋ।
ਤੁਸੀਂ ਬਸ ਆਪਣੇ ਆਪ ਨੂੰ ਵੱਖ-ਵੱਖ ਦ੍ਰਿਸ਼ਾਂ ਵਿੱਚ ਹੋਣ ਦੀ ਕਲਪਨਾ ਕਰੋ, ਫੋਟੋ ਵਿੱਚ ਹੋਰ ਕਿਹੜੇ ਰਚਨਾਤਮਕ ਤੱਤ ਹੋ ਸਕਦੇ ਹਨ ਉਨ੍ਹਾਂ ਨੂੰ ਜੋੜੋ ਅਤੇ ਟੈਕਸਟ ਦੇ ਰੂਪ ਵਿੱਚ ਜੈਮੀਨਾਈ ਨੂੰ ਕਮਾਂਡ ਦੇ ਦਿਓ ਤਾਂ ਤੁਹਾਨੂੰ ਤੁਹਾਡੀ ਫੋਟੋ ਕਲਪਨਾ ਮੁਤਾਬਕ ਮਿਲ ਜਾਵੇਗੀ।
ਨੈਨੋ ਬਨਾਨਾ ਦੀ ਮਦਦ ਨਾਲ ਉਪਭੋਗਤਾ ਆਪਣੀ ਤਸਵੀਰ ਨੂੰ ਵੱਖ-ਵੱਖ ਢੰਗਾਂ ਰਾਹੀਂ ਬਦਲ ਸਕਦਾ ਹੈ-
- ਉਪਭੋਗਤਾ ਆਪਣੀ ਸੈਲਫੀ ਲੈ ਕੇ ਉਸ ਦਾ ਬੈਕਗਰਾਉਂਡ ਬਦਲਣ ਵਿੱਚ ਮਦਦ ਕਰਦਾ ਹੈ, ਉਪਭੋਗਤਾ ਇੱਕ ਆਮ ਤਸਵੀਰ ਵਿੱਚ ਸਮੁੰਦਰ, ਪਹਾੜ, ਝਰਨੇ ਆਦਿ ਕੁਝ ਵੀ ਸ਼ਾਮਲ ਕਰ ਸਕਦਾ ਹੈ।
- ਦੋ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਨੂੰ ਇੱਕ ਤਸਵੀਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
- ਆਪਣੀਆਂ ਮਨਪਸੰਦ ਤਸਵੀਰਾਂ ਨੂੰ ਖ਼ੂਬਸੂਰਤ ਲਘੂ ਚਿੱਤਰਾਂ ਭਾਵ ਛੋਟੇ-ਛੋਟੇ ਬੁੱਤਾਂ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ।
- ਅੱਜਕਲ੍ਹ ਦੀਆਂ ਤਸਵੀਰਾਂ ਨੂੰ 90 ਅਤੇ 80 ਦੇ ਦਹਾਕੇ ਵਾਲੇ ਦ੍ਰਿਸ਼ਾਂ, ਕੱਪੜਿਆਂ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ।
- ਨੈਨੋ ਬਨਾਨਾ ਦੀ ਮਦਦ ਨਾਲ ਕਿਸੇ ਵੀ ਤਸਵੀਰ ਨੂੰ ਰੈਟਰੋ ਸਟਾਈਲ ਪੋਟਰੇਟ (ਪੁਰਾਣੇ ਫੈਸ਼ਨ) ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
- ਨੈਨੋ ਬਨਾਨਾ ਦੀ ਮਦਦ ਨਾਲ ਕਿਸੇ ਵੀ ਤਸਵੀਰ ਵਿੱਚ ਆਪਣੀ ਮਰਜ਼ੀ ਦਾ ਵਾਲਾਂ ਦਾ ਸਟਾਈਲ ਬਦਲਿਆ ਜਾ ਸਕਦਾ ਹੈ।
ਕਿਵੇਂ ਹੁੰਦੀ ਹੈ ਜੈਮੀਨਾਈ ਨੈਨੋ ਬਨਾਨਾ ਦੀ ਵਰਤੋਂ?
ਜੈਮਨੀ ਨੈਨੋ ਬਨਾਨਾ ਨੂੰ ਵਰਤਣ ਲਈ ਸਭ ਤੋਂ ਪਹਿਲਾਂ ਗੂਗਲ ਜੈਮਨੀ ਤੇ ਜਾਓ। ਆਪਣੇ ਗੂਗਲ ਅਕਾਊਂਟ ਨਾਲ ਲੌਗਇਨ ਕਰੋ। ਜੇ ਅਕਾਊਂਟ ਨਹੀਂ ਹੈ, ਤਾਂ ਮੌਕੇ ਉੱਤੇ ਅਕਾਊਂਟ ਬਣਾਇਆ ਜਾ ਸਕਦਾ ਹੈ।
ਗੂਗਲ ਏਆਈ ਸਟੂਡੀਓ ਵਿੱਚ, 'Gemini 2.5 Flash Image (Nano Banana)' ਸੈਲੈਕਟ ਕਰੋ, ਇਸ ਟੂਲ ਦੇ ਨਾਲ ਇੱਕ ਛੋਟਾ ਕਿਹਾ ਕੇਲਾ ਦਿਖਾਈ ਦਿੰਦਾ ਹੈ।
ਆਪਣੇ ਫੋਨ ਜਾਂ ਕੰਪਿਊਟਰ ਤੋਂ ਇੱਕ ਤਸਵੀਰ ਅਪਲੋਡ ਕਰੋ।
ਤੁਸੀਂ ਫੋਟੋ ਨੂੰ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਹੋ ਇਸ ਬਾਰੇ ਇੱਕ ਸਪੱਸ਼ਟ ਟੈਕਸਟ ਦਿਓ ਜਿਸ ਨੂੰ ਪ੍ਰੌਂਪਟ ਕਿਹਾ ਜਾਂਦਾ ਹੈ। ਉਦਾਹਰਣ ਵਜੋਂ "ਇਸ ਤਸਵੀਰ ਨੂੰ ਥ੍ਰੀ ਡੀ ਵਿੱਚ ਬਦਲੋ,ਬੈਕਗਰਾਉਂਡ ਵਿੱਚ ਸਮੁੰਦਰ ਹੋਵੇ, ਸ਼ਿਫੌਨ ਦੀ ਸਾੜੀ ਹੋਵੇ, ਵਾਲਾਂ ਵਿੱਚ ਫੁੱਲ ਲੱਗਿਆ ਹੋਵੇ ਆਦਿ।"
ਜਨਰੇਟ ਜਾਂ ਸਬਮਿੱਟ ਉੱਤੇ ਕਲਿੱਕ ਕਰਦਿਆਂ ਹੀ ਕੁਝ ਸਕਿੰਟਾਂ ਵਿੱਚ ਨੈਨੋ ਬਨਾਨਾ ਤੁਹਾਡੀ ਐਡਿਟ ਕੀਤੀ ਤਸਵੀਰ ਤਿਆਰ ਕਰ ਦੇਵੇਗਾ।
ਖ਼ਾਸ ਫੋਟੋਆਂ ਲਈ ਖ਼ਾਸ ਕਮਾਂਡ
ਜਾਣਕਾਰ ਦੱਸਦੇ ਹਨ ਕਿ ਗੂਗਲ ਜੈਮੀਨਾਈ ਨੈਨੋ ਬਨਾਨਾ ਦੀ ਵਰਤੋਂ ਕਰਨ ਲਈ ਸਭ ਤੋਂ ਜ਼ਿਆਦਾ ਕੰਮ ਏਆਈ ਨੂੰ ਦਿੱਤੀ ਜਾਣ ਵਾਲੀ ਕਮਾਂਡ ਦਾ ਹੈ। ਇਸ ਕਮਾਂਡ ਨੂੰ ਪ੍ਰੌਂਪਟ ਕਿਹਾ ਜਾਂਦਾ ਹੈ।
ਜਿਸ ਤਰ੍ਹਾਂ ਦੀ ਪ੍ਰੌਂਪਟ ਹੋਵੇਗੀ ਉਸੇ ਤਰ੍ਹਾਂ ਦੀ ਤਸਵੀਰ ਬਣ ਕੇ ਤਿਆਰ ਹੋਵੇਗੀ।
ਉਦਾਹਰਣ ਵੱਜੋਂ ਜੇਕਰ ਤੁਸੀਂ ਥ੍ਰੀਡੀ ਲਘੂ ਬੁੱਤ ਵਾਲੀ ਤਸਵੀਰ ਬਣਾਉਣਾ ਚਾਹੁੰਦੇ ਹੋ ਤਾਂ ਕਮਾਂਡ ਵੱਖਰੀ ਹੋਵੇਗੀ ਅਤੇ ਜੇਕਰ ਤੁਸੀਂ ਬਾਲੀਵੁੱਡ ਸਟਾਈਲ ਵਾਲੀ ਤਸਵੀਰ ਬਣਾਉਣਾ ਚਾਹੁੰਦੇ ਹੋ ਤਾਂ ਕਮਾਂਡ ਵੱਖਰੀ ਹੋਵੇਗੀ।
ਹਾਲਾਂਕਿ ਇਸ ਦੀ ਪ੍ਰਕਿਰਿਆ ਵਿੱਚ ਖਾਸ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਕਿਸੇ ਨਾਮੀ ਸਖਸ਼ੀਅਤ ਦੀ ਫੋਟੋ ਨੂੰ ਨੈਨੋ ਬਨਾਨਾ ਰਾਹੀਂ ਬਦਲਣਾ ਚਾਹੋਗੇ ਤਾਂ ਟੂਲ ਖੁਦ ਤੁਹਾਨੂੰ ਕਹਿ ਦੇਵੇਗਾ ਕਿ ਕਿਸੇ ਨਾਮੀ ਵਿਅਕਤੀ ਦੀ ਤਸਵੀਰ ਨਹੀਂ ਬਦਲੀ ਜਾ ਸਕਦੀ।
ਪਰ ਆਮ ਵਿਅਕਤੀ ਇੱਕ ਦੂਜੇ ਦੀ ਆਈਡੀ ਤੋਂ ਕਿਸੇ ਦੀ ਵੀ ਫੋਟੋ ਨੂੰ ਇਸ ਟੂਲ ਰਾਹੀਂ ਨਵੇਂ ਰੂਪ ਵਿੱਚ ਤਿਆਰ ਕਰਵਾ ਸਕਦੇ ਹਨ।
ਨੌਜਵਾਨ ਕੁੜੀਆਂ ਦਾ ਕੀ ਕਹਿਣਾ ਹੈ?
ਜੈਮੀਨਾਈ ਨੈਨੋ ਬਨਾਨਾ ਦੀ ਵਰਤੋਂ ਨਾਲ ਸਾੜੀ ਵਾਲੀ ਫੋਟੋ ਤਿਆਰ ਕਰਨ ਵਾਲੇ 28 ਸਾਲਾ ਰੁਚੀ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਈ ਦੋਸਤਾਂ ਨੂੰ ਜੈਮੀਨਾਈ ਦੀ ਵਰਤੋਂ ਨਾਲ ਅਜਿਹੀਆਂ ਤਸਵੀਰਾਂ ਤਿਆਰ ਕਰਦੇ ਦੇਖਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਵੀ ਅਜਿਹਾ ਕਰਨ ਦਾ ਵਿਚਾਰ ਆਇਆ।
ਉਹ ਕਹਿੰਦੇ ਹਨ, "ਮੈਂ ਆਪਣੀ ਇੱਕ ਦੋਸਤ ਦੀ ਮਦਦ ਨਾਲ ਇਹ ਫੋਟੋ ਬਣਾਈ, ਪ੍ਰੌਂਪਟ ਵਿੱਚ ਕੀ ਲਿਖਣਾ ਸੀ ਉਹ ਵੀ ਮੇਰੀ ਦੋਸਤ ਨੇ ਲਿਖਿਆ ਲਿਖਾਇਆ ਹੀ ਮੈਨੂੰ ਭੇਜ ਦਿੱਤਾ।"
"ਮੈਂ ਬਸ ਆਪਣੀ ਫੋਟੋ ਅਪਲੋਡ ਕੀਤੀ ਅਤੇ ਬਹੁਤ ਖੂਬਸੂਰਤ ਸਾੜੀ ਵਿੱਚ ਮੇਰੀ ਫੋਟੋ ਮੇਰੇ ਸਾਹਮਣੇ ਆ ਗਈ, ਜੋ ਮੈਨੂੰ ਬਹੁਤ ਪਸੰਦ ਆਈ ਅਤੇ ਮੈਂ ਤਕਰੀਬਨ ਹਰ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਆਪਣੀ ਉਸ ਏਆਈ ਤਸਵੀਰ ਨੂੰ ਸਾਂਝਾ ਕੀਤਾ।"
ਇਸ ਤੋਂ ਉਲਟ 26 ਸਾਲ ਦੇ ਕਾਜਲ ਅਰੋੜਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਫੋਟੋ ਏਆਈ ਉੱਤੇ ਨਹੀਂ ਪਾਉਣਾ ਚਾਹੁੰਦੇ।
ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਆਪਣੀ ਫੋਟੋ ਏਆਈ ਨੂੰ ਦੇਣਾ ਸਹੀ ਹੈ, ਸਾਡੀ ਫੋਟੋ ਨੂੰ ਏਆਈ ਅੱਗੇ ਕਿਤੇ ਵੀ ਵਰਤ ਸਕਦਾ ਹੈ। ਏਆਈ ਖ਼ਤਰਨਾਕ ਹੈ, ਕੀ ਪਤਾ ਏਆਈ ਉੱਤੇ ਪਈਆਂ ਫੋਟੋਆਂ ਅੱਗੇ ਕਿਸੇ ਗ਼ਲਤ ਕੰਮ ਲਈ ਵਰਤ ਲਈਆਂ ਜਾਣ।"
ਕੀ ਨਹੀਂ ਵਰਤਣਾ ਚਾਹੀਦਾ ਜੈਮੀਨਾਈ ਨੈਨੋ ਬਨਾਨਾ ਟੂਲ?
ਜੈਮੀਨਾਈ ਨੈਨੋ ਬਨਾਨਾ ਦੀ ਵਰਤੋਂ ਬਾਰੇ ਅਸੀਂ ਪੰਜਾਬ ਏਆਈ ਐਕਸੀਲੈਂਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੰਦੀਪ ਸਿੰਘ ਸੰਧਾ ਨਾਲ ਗੱਲ ਕੀਤੀ। ਡਾ. ਸੰਦੀਪ ਸਿੰਘ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਤੋਂ ਕੰਪਿਊਟਰ ਸਾਇੰਸ ਵਿੱਚ ਪੀਐੱਚਡੀ ਕੀਤੀ ਹੈ।
ਡਾ. ਸੰਦੀਪ ਸਿੰਘ ਸੰਧਾ ਕਹਿੰਦੇ ਹਨ ਕਿ ਜੈਮੀਨਾਈ ਨੈਨੋ ਬਨਾਨਾ ਦੀ ਵਰਤੋਂ ਕਰਨ ਵੇਲੇ ਸਾਵਧਾਨ ਜ਼ਰੂਰ ਹੋਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਗੂਗਲ ਇੱਕ ਨਾਮੀ ਕੰਪਨੀ ਹੈ, ਕਿਸੇ ਵਿਅਕਤੀ ਦੇ ਨਿੱਜੀ ਡੇਟਾ ਨੂੰ ਕਿਸੇ ਸੁਰੱਖਿਅਤ ਰੱਖਣ ਲਈ ਗੂਗਲ ਦੀਆਂ ਸ਼ਰਤਾਂ ਅਤੇ ਵਾਅਦੇ ਹਨ। ਗੂਗਲ ਕਦੇ ਵੀ ਉਨ੍ਹਾਂ ਦੀ ਉਲੰਘਣਾ ਨਹੀਂ ਕਰੇਗਾ।"
"ਪਰ ਜਦੋਂ ਇੱਕ ਆਮ ਵਿਅਕਤੀ ਗੂਗਲ ਟੂਲ ਜੈਮੀਨਾਈ ਨੈਨੋ ਬਨਾਨਾ ਦੀ ਮਦਦ ਨਾਲ ਥ੍ਰੀ ਡੀ ਤਸਵੀਰ ਬਣਾ ਕੇ ਇੰਸਟਾਗ੍ਰਾਮ, ਫੇਸਬੁੱਕ, ਵੱਟਸਐਪ ਉੱਤੇ ਅਪਲੋਡ ਕਰਦਾ ਹੈ ਤਾਂ ਸ਼ਰਾਰਤੀ ਅਨਸਰ ਜਾਂ ਹੈਕਰ ਉੱਥੇ ਤੁਹਾਡੀ ਫੋਟੋ ਨੂੰ ਗ਼ਲਤ ਕੰਮ ਲਈ ਇਸਤੇਮਾਲ ਕਰ ਸਕਦੇ ਹਨ।"
ਏਆਈ ਬਾਰੇ ਧਿਆਨ ਦੇਣ ਵਾਲੀਆਂ ਗੱਲਾਂ
ਡਾ. ਸੰਦੀਪ ਸਿੰਘ ਇਹ ਵੀ ਸਪੱਸ਼ਟ ਕਰਦੇ ਹਨ ਕਿ ਏਆਈ ਦੇ ਹਰ ਉਪਭੋਗਤਾ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਵੀ ਗੱਲ ਤੁਸੀਂ ਇੱਕ ਵਾਰ ਏਆਈ ਨੂੰ ਦੱਸ ਦਿੱਤੀ ਉਹ ਮੁੜ ਕੇ ਕਦੇ ਵੀ ਡਿਲੀਟ ਨਹੀਂ ਹੋਵੇਗੀ।
ਜਦੋਂ ਕਦੇ ਵੀ ਤੁਸੀਂ ਕੋਈ ਨਵੀਂ ਗੱਲ ਏਆਈ ਨੂੰ ਪੁਛੋਗੇ ਤਾਂ ਉਹ ਤੁਹਾਡੀਆਂ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਜਵਾਬ ਦੇਵੇਗੀ।
ਉਹ ਇਹ ਵੀ ਦੱਸਦੇ ਹਨ ਏਆਈ ਨਾਲ ਸਾਂਝੀ ਕੀਤੀ ਗਈ ਕੋਈ ਵੀ ਜਾਣਕਾਰੀ ਨੂੰ ਉਪਭੋਗਤਾ ਸੈਟਿੰਗ ਅਤੇ ਬ੍ਰਾਊਸਿੰਗ ਹਿਸਟਰੀ ਵਿੱਚ ਜਾ ਕੇ ਡਲੀਟ ਕਰ ਸਕਦੇ ਹਨ।
ਪਰ ਇਹ ਕਰਨਾ ਸੀਮਤ ਹੁੰਦਾ ਹੈ। ਜ਼ਿਆਦਾਤਰ ਉਪਭੋਗਤਾ ਏਆਈ ਨਾਲ ਸਾਂਝੀ ਕੀਤੀ ਜਾਣਕਾਰੀ ਨੂੰ ਕਦੇ ਡਿਲੀਟ ਨਹੀਂ ਕਰਦੇ।
ਉਹ ਜੈਮੀਨਾਈ ਨੈਨੋ ਬਨਾਨਾ ਦੇ ਉਪਭੋਗਤਾਵਾਂ ਨੂੰ ਸਲਾਹ ਦਿੰਦੇ ਹਨ ਕਿ ਤੁਸੀਂ ਜੈਮੀਨਾਈ ਨੈਨੋ ਬਨਾਨਾ ਦੀ ਮਦਦ ਨਾਲ ਬੇਸ਼ੱਕ ਥ੍ਰੀ ਡੀ ਤਸਵੀਰ ਬਣਾ ਲਵੋ ਪਰ ਇਸ ਨੂੰ ਕਿਸੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਅਪਲੋਡ ਨਾ ਕਰੋ, ਆਪਣੇ ਤੱਕ ਹੀ ਸੀਮਤ ਰੱਖੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ