ਅਮਰੀਕਾ ਨੇ ਵਿਦਿਆਰਥੀਆਂ ਲਈ ਵੀਜ਼ਾ ਦੇ ਨਿਯਮ ਸਖ਼ਤ ਕੀਤੇ, ਹੁਣ ਇਹ ਜਾਣਕਾਰੀ ਜਨਤਕ ਕਰਨੀ ਲਾਜ਼ਮੀ ਹੋਵੇਗੀ

ਅਮਰੀਕੀ ਦੂਤਾਵਾਸ ਨੇ ਵੀਜ਼ਾ ਨਿਯਮਾਂ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਹੁਣ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਬਾਰੇ ਜਾਣਕਾਰੀ ਦੇਣੀ ਪਵੇਗੀ।

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਵਰਤੇ ਗਏ ਸਾਰੇ ਸੋਸ਼ਲ ਮੀਡੀਆ ਯੂਜ਼ਰਨੇਮ ਅਤੇ ਹੈਂਡਲ ਸਾਂਝੇ ਕਰਨ ਲਈ ਕਿਹਾ ਗਿਆ ਹੈ।

ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਵਿੱਚ ਅਸਫ਼ਲ ਰਹਿਣ 'ਤੇ ਵੀਜ਼ਾ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ।

ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਭਾਰਤੀ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਲਈ ਅਮਰੀਕਾ ਨਾਲ ਲਗਾਤਾਰ ਸੰਪਰਕ ਵਿੱਚ ਹੈ।

ਸਰਕਾਰ ਦਾ ਕਹਿਣਾ ਹੈ ਕਿ ਵੀਜ਼ਾ ਅਰਜ਼ੀਆਂ ਦਾ ਫ਼ੈਸਲਾ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ।

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਵੀਰਵਾਰ ਨੂੰ ਵੀਜ਼ਾ ਬਿਨੈਕਾਰਾਂ ਨੂੰ ਵੀਜ਼ਾ ਤਸਦੀਕ ਲਈ ਪਿਛਲੇ ਪੰਜ ਸਾਲਾਂ ਵਿੱਚ ਵਰਤੇ ਗਏ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਯੂਜ਼ਰਨੇਮ ਅਤੇ ਹੈਂਡਲ ਜਮ੍ਹਾ ਕਰਾਉਣ ਲਈ ਕਿਹਾ।

ਦੂਤਾਵਾਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਸ ਹਦਾਇਤ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਤਾਂ ਨਾ ਸਿਰਫ਼ ਮੌਜੂਦਾ ਵੀਜ਼ਾ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ ਬਲਕਿ ਭਵਿੱਖ ਦੇ ਵੀਜ਼ਾ ਵੀ ਰੱਦ ਕੀਤੇ ਜਾ ਸਕਦੇ ਹਨ।

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕੀ ਕਿਹਾ?

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਡੀਐੱਸ-160 ਵੀਜ਼ਾ ਅਰਜ਼ੀ ਫ਼ਾਰਮ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵਰਤੇ ਗਏ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੇ ਯੂਜ਼ਰਨੇਮ ਜਾਂ ਹੈਂਡਲ ਦਰਜ ਕਰਨੇ ਪੈਣਗੇ। ਨਾਲ ਹੀ, ਉਨ੍ਹਾਂ ਨੂੰ ਇਹ ਐਲਾਨ ਕਰਨਾ ਪਵੇਗਾ ਕਿ ਉਨ੍ਹਾਂ ਨੇ ਵੀਜ਼ਾ ਅਰਜ਼ੀ ਵਿੱਚ ਸਹੀ ਜਾਣਕਾਰੀ ਦਿੱਤੀ ਹੈ।

ਅਮਰੀਕਾ ਵੱਲੋਂ ਇਹ ਕਦਮ ਟਰੰਪ ਪ੍ਰਸ਼ਾਸਨ ਦੀ ਉਸ ਨੀਤੀ ਤਹਿਤ ਚੁੱਕਿਆ ਗਿਆ ਹੈ, ਜਿਸਦਾ ਮਕਸਦ ਵੀਜ਼ਾ ਪ੍ਰਕਿਰਿਆ ਦੀ ਭਰੋਸੇਯੋਗਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ, ਜਦੋਂ ਅਮਰੀਕੀ ਵਿਦੇਸ਼ ਵਿਭਾਗ ਨੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ, ਤਾਂ ਦੂਤਾਵਾਸ ਨੇ ਸਾਰੇ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਜਨਤਕ ਕਰਨ ਲਈ ਕਿਹਾ ਤਾਂ ਜੋ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਸਕੇ।

ਦੂਤਾਵਾਸ ਨੇ ਐਕਸ 'ਤੇ ਲਿਖਿਆ, "ਸ਼੍ਰੇਣੀ ਐੱਫ਼, ਐੱਮ, ਅਤੇ ਜੇ ਵੀਜ਼ਾ ਲਈ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀਆਂ ਗੋਪਨੀਯਤਾ ਸੈਟਿੰਗਾਂ ਨੂੰ ਜਨਤਕ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਉਨ੍ਹਾਂ ਦੀ ਪਛਾਣ ਅਤੇ ਅਮਰੀਕਾ ਵਿੱਚ ਦਾਖਲੇ ਲਈ ਉਨ੍ਹਾਂ ਯੋਗਤਾ ਦੀ ਜਾਂਚ ਕੀਤੀ ਜਾ ਸਕੇ।"

ਪਿਛਲੇ ਮਹੀਨੇ, ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਦੇ ਅਮਰੀਕੀ ਕੌਂਸਲੇਟਾਂ ਨੂੰ ਨਵੇਂ ਵਿਦਿਆਰਥੀ ਅਤੇ ਵਿਜ਼ਟਰ ਵੀਜ਼ਾ ਲਈ ਇੰਟਰਵਿਊ ਫ਼ੌਰਨ ਰੋਕਣ ਦੇ ਹੁਕਮ ਦਿੱਤੇ ਗਏ ਸਨ।

ਅਮਰੀਕੀ ਅਧਿਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਬਾਇਡਨ ਪ੍ਰਸ਼ਾਸਨ ਦੌਰਾਨ ਪਰਵਾਸੀਆਂ ਦੀ ਜਾਂਚ ਦੀ ਪ੍ਰਕਿਰਿਆ ਢਿੱਲੀ ਪੈ ਗਈ ਸੀ ਅਤੇ ਮੌਜੂਦਾ ਪ੍ਰਣਾਲੀ ਵਿੱਚ ਧੋਖਾਧੜੀ ਦੀ ਸੰਭਾਵਨਾ ਬਣੀ ਹੋਈ ਸੀ।

ਹੁਣ ਅਮਰੀਕਾ ਆਉਣ ਦੇ ਚਾਹਵਾਨ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਅਮਰੀਕੀ ਕੌਂਸਲਰ ਅਧਿਕਾਰੀ ਹੁਣ ਬਿਨੈਕਾਰਾਂ ਦੀਆਂ ਸਾਰੀਆਂ ਆਨਲਾਈਨ ਗਤੀਵਿਧੀਆਂ ਦੀ ਸਮੀਖਿਆ ਕਰਨਗੇ ਜੋ ਅਜਿਹੇ ਕਿਸੇ ਵੀ ਕੰਟੈਂਟ ਦੀ ਪਛਾਣ ਕੀਤੀ ਜਾ ਸਕੇ ਜੋ ਅਮਰੀਕਾ ਦੇ ਨਾਗਰਿਕਾਂ, ਕਦਰਾਂ-ਕੀਮਤਾਂ, ਸੰਸਥਾਵਾਂ, ਸੱਭਿਆਚਾਰ ਜਾਂ ਸਿਧਾਂਤਾਂ ਦੇ ਖ਼ਿਲਾਫ਼ ਹੋਵੇ।

ਸੋਸ਼ਲ ਮੀਡੀਆ ਵੈਟਿੰਗ ਕੀ ਹੈ?

ਸੋਸ਼ਲ ਮੀਡੀਆ ਜਾਂਚ ਵਿੱਚ ਵੀਜ਼ਾ ਬਿਨੈਕਾਰ ਦੀ ਆਨਲਾਈਨ ਗਤੀਵਿਧੀ ਦੀ ਪੂਰੀ ਸਮੀਖਿਆ ਸ਼ਾਮਲ ਹੁੰਦੀ ਹੈ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕੀ ਉਹ ਅਮਰੀਕਾ ਵਿੱਚ ਦਾਖਲ ਹੋਣ ਦੇ ਯੋਗ ਹੈ ਜਾਂ ਨਹੀਂ।

ਸੋਸ਼ਲ ਮੀਡੀਆ ਵਿੱਚ ਫ਼ੇਸਬੁੱਕ, ਐਕਸ, ਲਿੰਕਡਇਨ ਅਤੇ ਟਿੱਕਟਾਕ ਵਰਗੇ ਪਲੇਟਫਾਰਮ ਸ਼ਾਮਲ ਹਨ।

ਇਸ ਕਦਮ ਨੂੰ ਟਰੰਪ ਪ੍ਰਸ਼ਾਸਨ ਦੀ ਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਤਹਿਤ ਕੌਮਾਂਤਰੀ ਵਿਦਿਆਰਥੀਆਂ 'ਤੇ ਨਿਗਰਾਨੀ ਅਤੇ ਨਿਯੰਤਰਣ ਨੂੰ ਸਖ਼ਤ ਕੀਤਾ ਜਾ ਰਿਹਾ ਹੈ।

ਟਰੰਪ ਪ੍ਰਸ਼ਾਸਨ ਨੇ ਹੋਰ ਵੀ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਖ਼ਾਸ ਕਰਕੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਫ਼ਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਵਿੱਚ ਵਾਧੇ ਤੋਂ ਬਾਅਦ।

ਐੱਫ਼, ਐੱਮ ਅਤੇ ਜੇ ਵੀਜ਼ਾ ਕੀ ਹਨ?

ਐੱਫ਼ ਵੀਜ਼ਾ ਮੁੱਖ ਤੌਰ 'ਤੇ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ।

ਐੱਮ ਵੀਜ਼ਾ ਤਕਨੀਕੀ ਜਾਂ ਕਿੱਤਾਮੁਖੀ ਸਕੂਲਾਂ ਵਿੱਚ ਪੜ੍ਹ ਰਹੇ ਗ਼ੈਰ-ਅਕਾਦਮਿਕ ਵਿਦਿਆਰਥੀਆਂ ਲਈ ਹੈ।

ਜੇ ਵੀਜ਼ਾ ਉਨ੍ਹਾਂ ਸੈਲਾਨੀਆਂ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ ਜਾਂ ਵਿਦਿਅਕ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ।

ਸੋਸ਼ਲ ਮੀਡੀਆ 'ਤੇ ਲੋਕ ਕੀ ਕਹਿ ਰਹੇ ਹਨ?

ਇਸ ਫ਼ੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਪ੍ਰਤੀਕਿਰਿਆਵਾਂ ਆਈਆਂ ਹਨ।

ਰਾਜਨੀਤਿਕ ਵਿਗਿਆਨੀ ਅਤੇ ਲੇਖਕ ਇਆਨ ਬ੍ਰੇਮਰ ਨੇ ਲਿਖਿਆ, "ਅਮਰੀਕਾ ਵਿੱਚ ਵਿਦਿਆਰਥੀ ਵੀਜ਼ਾ (ਐੱਫ਼, ਐੱਮ ਅਤੇ ਜੇ ਸ਼੍ਰੇਣੀਆਂ) ਲਈ ਬਿਨੈਕਾਰਾਂ ਨੂੰ ਹੁਣ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ 'ਜਨਤਕ' ਕਰਨਾ ਲਾਜ਼ਮੀ ਹੋ ਗਿਆ ਹੈ।"

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਧੂ ਜਾਂਚ ਪ੍ਰਕਿਰਿਆ ਉਨ੍ਹਾਂ ਬਿਨੈਕਾਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ ਜੋ 'ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ'।

ਇੱਕ ਯੂਜ਼ਰ ਨੇ ਤੰਜ਼ ਭਰੀ ਸੁਰ ਵਿੱਚ ਲਿਖਿਆ , "ਹੁਣ, ਅਮਰੀਕਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕੀਤੀ ਜਾਵੇਗੀ।"

"ਇਹ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਸੈਲਾਨੀਆਂ ਨੂੰ ਵੀ ਇਨ੍ਹਾਂ ਹੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਅਜਿਹੀ ਸਥਿਤੀ ਵਿੱਚ, ਅਜਿਹਾ ਲੱਗਦਾ ਹੈ ਕਿ ਮੈਂ ਹੁਣ ਨੇੜਲੇ ਭਵਿੱਖ ਵਿੱਚ ਤਾਂ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਾਂਗਾ।"

ਇੱਕ ਹੋਰ ਯੂਜ਼ਰ ਨੇ ਲਿਖਿਆ , "ਭਾਵੇਂ ਇਹ ਅਮਰੀਕੀ ਵੀਜ਼ਾ ਅਰਜ਼ੀ ਹੋਵੇ ਜਾਂ ਕੋਈ ਗਲੋਬਲ ਮੌਕਾ, ਤੁਹਾਡਾ ਸੋਸ਼ਲ ਮੀਡੀਆ ਹੁਣ ਤੁਹਾਡਾ ਡਿਜੀਟਲ ਸੀਵੀ ਬਣ ਗਿਆ ਹੈ। ਸਿਰਫ਼ ਇੱਕ ਸਰਚ ਨਾਲ, ਤੁਸੀਂ ਜੋ ਵੀ ਆਨਲਾਈਨ ਪੋਸਟ ਕਰਦੇ ਹੋ ਉਹ ਤੁਹਾਡੀ ਪਛਾਣ ਦਾ ਹਿੱਸਾ ਬਣ ਜਾਂਦਾ ਹੈ।"

"ਇਸ ਲਈ ਆਪਣੀ ਪ੍ਰੋਫਾਈਲ ਨੂੰ ਅਜਿਹਾ ਬਣਾਓ ਜੋ ਤੁਹਾਡੇ ਭਵਿੱਖ ਦੀ ਕਹਾਣੀ ਦੱਸੇ, ਨਾ ਕਿ ਉਸ ਨੂੰ ਰੋਕੇ।"

ਇੱਕ ਹੋਰ ਪ੍ਰਤੀਕਿਰਿਆ ਵਿੱਚ ਸਵਾਲ ਕੀਤਾ ਗਿਆ, "ਕੀ ਅਮਰੀਕੀ ਵੀਜ਼ਾ ਪ੍ਰਕਿਰਿਆ ਦੌਰਾਨ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਸੱਚਮੁੱਚ ਸੁਰੱਖਿਆ ਮਕਸਦਾਂ ਲਈ ਹੈ ਜਾਂ ਇਹ ਸਿਰਫ਼ ਡਾਟਾ ਮਾਈਨਿੰਗ ਦਾ ਇੱਕ ਸਾਧਨ ਹੈ?"

"ਕੀ ਹੁਣ ਸਾਰਾ ਸਿਸਟਮ ਸਿਰਫ਼ ਡਾਟਾ ਇਕੱਠਾ ਕਰਨ ਅਤੇ ਨਿਗਰਾਨੀ ਰੱਖਣ ਦੀ ਇੱਕ ਖੇਡ ਬਣ ਗਿਆ ਹੈ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)