You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਦੇਸ਼ ਨਿਕਾਲੇ ਦੇ ਡਰ ਤੋਂ ਖੇਤਾਂ 'ਚ ਲੁਕ ਰਹੇ ਮਜ਼ਦੂਰ, 'ਅਸੀਂ ਹੁਣ ਘਰੋਂ ਬਾਹਰ ਨਹੀਂ ਜਾਣਾ ਚਾਹੁੰਦੇ, ਸਾਨੂੰ ਡਰ ਹੈ ਕਿ ਉਹ ਸਾਨੂੰ ਫੜ੍ਹ ਲੈਣਗੇ'
- ਲੇਖਕ, ਮੈਕਸ ਮੈਟਜ਼ਾ ਅਤੇ ਲੀਰੇ ਵੈਂਟਾਸ
- ਰੋਲ, ਬੀਬੀਸੀ ਨਿਊਜ਼
ਕੁਝ ਔਰਤਾਂ ਫਲਾਂ ਦੀਆਂ ਝਾੜੀਆਂ ਦੀਆਂ ਲੰਬੀਆਂ ਕਤਾਰਾਂ ਵਿਚਕਾਰ ਲੁਕ ਕੇ ਬੇਚੈਨ ਬੈਠੀਆਂ ਹਨ।
ਟੋਪੀ ਅਤੇ ਜਾਮਨੀ ਰੰਗ ਦੇ ਰੁਮਾਲ ਨਾਲ ਮੂੰਹ ਬੰਨ੍ਹ ਕੇ ਬੈਠੀ ਇੱਕ ਖੇਤ ਮਜ਼ਦੂਰ ਔਰਤ ਨੇ ਸਾਨੂੰ ਡਰਦੇ ਹੋਏ ਪੁੱਛਿਆ "ਕੀ ਤੁਸੀਂ ਆਈਸੀਈ ਤੋਂ ਹੋ?"
ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਪਿਛਲੇ ਹਫ਼ਤੇ ਤੋਂ ਨੇੜਲੇ ਖੇਤਾਂ ਵਿੱਚ ਛਾਪੇ ਮਾਰ ਰਿਹਾ ਹੈ ਅਤੇ ਕਾਮਿਆਂ ਨੂੰ ਗ੍ਰਿਫ਼ਤਾਰ ਕਰ ਰਿਹਾ ਹੈ।
ਅਸੀਂ ਇਨ੍ਹਾਂ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਆਈਸੀਈ ਦੇ ਸਾਥੀ ਨਹੀਂ ਹਾਂ। ਇਸ ਤੋਂ ਬਾਅਦ ਉਹ ਆਪਣੀ ਪਿੱਠ ਸਿੱਧੀ ਕਰਦੇ ਹੋਏ ਉੱਠ ਖੜ੍ਹੇ ਹੋਏ।
ਉਹ ਪੁੱਛਦੀ ਹੈ, "ਕੀ ਤੁਸੀਂ ਕੋਈ ਆਈਸੀਈ ਵੈਨ ਦੇਖੀ ਹੈ? ਕੀ ਉੱਥੇ ਗਸ਼ਤ ਕਰਦੀਆਂ ਕਾਰਾਂ ਹਨ?"
ਉਹ ਅਜੇ ਵੀ ਸਾਡੇ 'ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ।
ਇਹ ਔਰਤ ਮੈਕਸੀਕੋ ਤੋਂ ਬਿਨਾਂ ਕਿਸੇ ਦਸਤਾਵੇਜ਼ਾਂ ਤੋਂ ਅਮਰੀਕਾ ਆਈ ਹੈ ਅਤੇ ਦੋ ਸਾਲ ਪਹਿਲਾਂ ਅਮਰੀਕਾ ਆਉਣ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਔਕਸਨਾਰਡ ਵਿੱਚ ਬੇਰੀਆ ਤੋੜਨ ਦਾ ਕੰਮ ਕਰ ਰਹੀ ਹੈ। ਇਹ ਇੱਕ ਅਜਿਹਾ ਸ਼ਹਿਰ ਹੈ ਜੋ "ਦੁਨੀਆ ਦੀ ਸਟ੍ਰਾਬੇਰੀ ਰਾਜਧਾਨੀ" ਹੋਣ ਦਾ ਦਾਅਵਾ ਕਰਦਾ ਹੈ।
ਜਦੋਂ ਬੁੱਧਵਾਰ ਨੂੰ ਉਨ੍ਹਾਂ ਦੇ ਕੰਮ ਦੀ ਸ਼ਿਫਟ ਖਤਮ ਹੋਈ ਤਾਂ ਉਹ ਔਰਤ ਅਤੇ ਉਹਨਾਂ ਦੇ ਸਾਥੀ ਖੇਤਾਂ ਵਿੱਚ ਲੁਕ ਗਏ। ਉਹ ਉਥੇ ਆਪਣੇ ਇੱਕ ਦੋਸਤ ਦੀ ਉਡੀਕ ਕਰ ਰਹੇ ਸਨ, ਜਿਸ ਨੇ ਉਨ੍ਹਾਂ ਨੂੰ ਉਥੋਂ ਚੁੱਕਣਾ ਸੀ। ਉਨ੍ਹਾਂ ਲਈ ਇਹ ਯਕੀਨੀ ਨਹੀਂ ਸੀ ਕਿ ਪਾਰਕਿੰਗ ਵਿੱਚ ਜਾਣਾ ਸੁਰੱਖਿਅਤ ਹੈ ਜਾਂ ਨਹੀਂ।
ਸਥਾਨਕ ਕਾਰਕੁਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨ ਆਈਸੀਈ ਏਜੰਟਾਂ ਨੇ ਆਕਸਨਾਰਡ ਖੇਤਰ ਵਿੱਚ ਨੌਂ ਫਾਰਮਾਂ ਦਾ ਦੌਰਾ ਕੀਤਾ ਸੀ ਪਰ ਬਿਨਾਂ ਸਰਚ ਵਾਰੰਟ ਦੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਦੇ ਉਲਟ ਉਨ੍ਹਾਂ ਨੇ ਨੇੜਲੀਆਂ ਗਲੀਆਂ ਤੋਂ ਲੋਕਾਂ ਨੂੰ ਚੁੱਕਿਆ ਅਤੇ 35 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
"ਅਸੀਂ ਹੁਣ ਘਰੋਂ ਬਾਹਰ ਨਹੀਂ ਜਾਣਾ ਚਾਹੁੰਦੇ, ਡਰ ਹੈ ਕਿ ਉਹ ਸਾਨੂੰ ਫੜ ਲੈਣਗੇ।"
ਇਹ ਛਾਪੇਮਾਰੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਤੀ ਦਿਨ 3,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਟੀਚੇ ਦਾ ਹਿੱਸਾ ਹੈ।
ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਹਿੰਸਕ ਅਪਰਾਧਾਂ ਦੇ ਦੋਸ਼ੀ ਗੈਰ-ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਸਹੁੰ ਖਾਧੀ ਸੀ। ਇਸ ਵਾਅਦੇ ਨੂੰ ਵਿਆਪਕ ਸਮਰਥਨ ਪ੍ਰਾਪਤ ਹੋਇਆ, ਇੱਥੋਂ ਤੱਕ ਕਿ ਕੁਝ ਹਿਸਪੈਨਿਕਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ।
ਪਰ ਲਾਸ ਏਂਜਲਸ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਸਬੰਧੀ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਹੋਏ, ਜੋ ਕਈ ਵਾਰ ਹਿੰਸਕ ਵੀ ਹੋ ਗਏ। ਇਸ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਵਿਵਾਦਿਤ ਰੂਪ ਨਾਲ ਫੌਜ ਭੇਜਣੀ ਪਈ।
ਇੱਕ ਔਰਤ ਨੇ ਦੱਸਿਆ, "ਉਹ ਸਾਡੇ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰਦੇ ਹਨ ਪਰ ਅਸੀਂ ਇੱਥੇ ਸਿਰਫ਼ ਕੰਮ ਕਰਨ ਅਤੇ ਬਿਹਤਰ ਜ਼ਿੰਦਗੀ ਜਿਉਣ ਲਈ ਆਏ ਸੀ।"
ਇਸ ਔਰਤ ਨੇ ਦੋ ਸਾਲ ਪਹਿਲਾਂ ਆਪਣੇ ਬੱਚਿਆਂ ਨੂੰ ਮੈਕਸੀਕੋ ਛੱਡ ਦਿੱਤਾ ਸੀ ਅਤੇ ਹੁਣ ਉਹ ਅਗਲੇ ਸਾਲ ਉਨ੍ਹਾਂ ਕੋਲ ਵਾਪਸ ਆਉਣ ਦੀ ਉਮੀਦ ਕਰ ਰਹੀ ਹੈ।
"ਅਸੀਂ ਹੁਣ ਘਰੋਂ ਬਾਹਰ ਨਹੀਂ ਜਾਣਾ ਚਾਹੁੰਦੇ। ਅਸੀਂ ਦੁਕਾਨ 'ਤੇ ਨਹੀਂ ਜਾਣਾ ਚਾਹੁੰਦੇ। ਸਾਨੂੰ ਡਰ ਹੈ ਕਿ ਉਹ ਸਾਨੂੰ ਫੜ੍ਹ ਲੈਣਗੇ।"
ਖੇਤੀਬਾੜੀ ਖੇਤਰ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਦਾ ਪ੍ਰਭਾਵ
ਕੈਲੀਫੋਰਨੀਆ ਦੇ ਸੈਂਟਰਲ ਕੋਸਟ ਖੇਤਰ ਦੇ ਇੱਕ ਕਮਿਊਨਿਟੀ ਸੰਗਠਨ ਲੂਕਾਸ ਜ਼ੁਕਰ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਦੇ ਖੇਤੀਬਾੜੀ ਪ੍ਰਧਾਨ ਖੇਤਰ ਵਿੱਚ ਪਿਛਲੇ 15 ਸਾਲਾਂ ਵਿੱਚ ਕੰਮ ਵਾਲੀਆਂ ਥਾਵਾਂ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਨਹੀਂ ਦੇਖੀ ਗਈ ਹੈ।
ਪਰ ਪਿਛਲੇ ਹਫ਼ਤੇ ਅਜਿਹਾ ਲੱਗਦਾ ਹੈ ਕਿ ਇਸ ਵਿੱਚ ਬਦਲਾਅ ਆਇਆ ਹੈ।
ਉਹ ਕਹਿੰਦੇ ਹਨ, "ਉਹ ਔਕਸਨਾਰਡ ਵਰਗੇ ਗੈਰ ਕਾਨੂੰਨੀ ਪ੍ਰਵਾਸੀ ਭਾਈਚਾਰਿਆਂ ਵਿੱਚ ਅੰਨ੍ਹੇਵਾਹ ਘੁਸਪੈਠ ਕਰ ਰਹੇ ਹਨ ਅਤੇ ਆਪਣੇ ਰਾਜਨੀਤਿਕ ਤੌਰ ਤੋਂ ਪ੍ਰੇਰਿਤ ਕੋਟੇ ਨੂੰ ਪੂਰਾ ਕਰਨ ਲਈ ਕਿਸੇ ਵੀ ਵਿਅਕਤੀ ਦੀ ਭਾਲ ਕਰ ਰਹੇ ਹਨ।"
ਅਮਰੀਕੀ ਖੇਤੀਬਾੜੀ ਵਿਭਾਗ ਦੀ 2022 ਦੀ ਰਿਪੋਰਟ ਦੇ ਅਨੁਸਾਰ 40% ਤੋਂ ਵੱਧ ਅਮਰੀਕੀ ਖੇਤ ਮਜ਼ਦੂਰ ਬਿਨ੍ਹਾਂ ਦਸਤਾਵੇਜ਼ਾਂ ਵਾਲੇ ਗੈਰ ਕਾਨੂੰਨੀ ਪ੍ਰਵਾਸੀ ਹਨ। ਕੈਲੀਫੋਰਨੀਆ ਯੂਨੀਵਰਸਿਟੀ, ਮਰਸਡ ਦੇ ਅਨੁਸਾਰ ਕੈਲੀਫੋਰਨੀਆ ਵਿੱਚ 75% ਤੋਂ ਵੱਧ ਲੋਕ ਬਿਨਾਂ ਦਸਤਾਵੇਜ਼ਾਂ ਦੇ ਹਨ।
ਇਸ ਮਹੀਨੇ ਕੈਲੀਫੋਰਨੀਆ ਅਤੇ ਦੇਸ਼ ਭਰ ਵਿੱਚ ਖੇਤੀਬਾੜੀ ਉਦਯੋਗ 'ਤੇ ਨਿਰਭਰ ਖੇਤਾਂ ਅਤੇ ਕਾਰੋਬਾਰਾਂ 'ਤੇ ਛਾਪੇਮਾਰੀ ਵਧੀ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਇਹ ਖਦਸ਼ਾ ਵੱਧ ਗਿਆ ਕਿ ਜੇਕਰ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਜਾਂ ਕੰਮ 'ਤੇ ਆਉਣ ਦੇ ਡਰੋਂ ਉਨ੍ਹਾਂ ਨੂੰ ਲੁਕਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਅਮਰੀਕਾ ਵਿੱਚ ਭੋਜਨ ਸਪਲਾਈ ਵਿੱਚ ਕਮੀ ਆ ਸਕਦੀ ਹੈ।
ਵ੍ਹਾਈਟ ਹਾਊਸ 'ਤੇ ਵੀ ਇਸਦਾ ਅਸਰ ਦਿਖਾਈ ਦੇ ਰਿਹਾ ਹੈ। ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦਾ ਵਾਅਦਾ ਕਰਨ ਤੋਂ ਬਾਅਦ ਚੋਣ ਜਿੱਤਣ ਦੇ ਬਾਵਜੂਦ ਟਰੰਪ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਸਖ਼ਤੀ ਖੇਤੀਬਾੜੀ ਸੈਕਟਰ 'ਤੇ ਮੁਸ਼ਕਲਾਂ ਦਾ ਕਾਰਨ ਬਣ ਰਹੀ ਹੈ।
"ਸਾਡੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਤੁਸੀਂ ਜਾਣਦੇ ਹੋ, ਉਨ੍ਹਾਂ ਕੋਲ ਬਹੁਤ ਵਧੀਆ ਕਰਮਚਾਰੀ ਹਨ। ਉਨ੍ਹਾਂ ਨੇ 20 ਸਾਲਾਂ ਤੋਂ ਉਨ੍ਹਾਂ ਲਈ ਕੰਮ ਕੀਤਾ ਹੈ। ਉਹ ਨਾਗਰਿਕ ਨਹੀਂ ਹਨ ਪਰ ਉਹਨਾਂ ਨੇ ਆਪਣੇ ਆਪ ਨੂੰ ਮਹਾਨ ਸਾਬਤ ਕੀਤਾ ਹੈ।"
ਅਪ੍ਰੈਲ ਵਿੱਚ, ਉਹਨਾਂ ਨੇ ਕਿਹਾ ਸੀ ਕਿ ਕੁਝ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਬਸ਼ਰਤੇ ਉਨ੍ਹਾਂ ਕੋਲ ਆਪਣੇ ਮਾਲਕ ਤੋਂ ਰਸਮੀ ਸਿਫਾਰਸ਼ ਹੋਵੇ ਅਤੇ ਉਹ ਪਹਿਲਾਂ ਅਮਰੀਕਾ ਛੱਡ ਦੇਣ।
ਮਜ਼ਦੂਰਾਂ ਦੀ ਘਾਟ ਕਾਰਨ ਕਾਰੋਬਾਰਾਂ 'ਤੇ ਪੈ ਰਿਹਾ ਪ੍ਰਭਾਵ
ਮੰਗਲਵਾਰ ਨੂੰ ਲਾਸ ਏਂਜਲਸ ਦੇ ਡਾਊਨਟਾਊਨ ਤੋਂ 60 ਮੀਲ (100 ਕਿਲੋਮੀਟਰ) ਪੂਰਬ ਵਿੱਚ ਔਕਸਨਾਰਡ ਨਗਰ ਪਾਲਿਕਾ ਵਿੱਚ ਇੱਕ ਛਾਪੇਮਾਰੀ ਦਾ ਨਤੀਜਾ ਇੱਕ ਸਥਾਨਕ ਫੁੱਲ ਵਪਾਰੀ ਦੁਆਰਾ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।
ਇਸ ਛੋਟੀ ਜਿਹੀ ਕਲਿੱਪ ਵਿੱਚ ਇੱਕ ਆਦਮੀ ਨੂੰ ਭਾਰੀ ਧੁੰਦ ਦੇ ਵਿਚਕਾਰ ਫਸਲਾਂ ਦੇ ਇੱਕ ਵਿਸ਼ਾਲ ਖੇਤ ਵਿੱਚੋਂ ਭੱਜਦੇ ਹੋਏ ਦਿਖਾਇਆ ਗਿਆ ਹੈ, ਜਦੋਂਕਿ ਏਜੰਟ ਪੈਦਲ ਅਤੇ ਟਰੱਕਾਂ ਵਿੱਚ ਉਸਦਾ ਪਿੱਛਾ ਕਰ ਰਹੇ ਹਨ। ਫਿਰ ਉਸ ਨੂੰ ਪੌਦਿਆਂ ਦੀਆਂ ਕਤਾਰਾਂ ਵਿਚਕਾਰ ਜ਼ਮੀਨ 'ਤੇ ਡਿੱਗਦਾ ਦੇਖਿਆ ਜਾ ਸਕਦਾ ਹੈ, ਜਦੋਂਕਿ ਏਜੰਟ ਉਸਨੂੰ ਗ੍ਰਿਫ਼ਤਾਰ ਕਰਨ ਲਈ ਅੱਗੇ ਵੱਧ ਰਹੇ ਹਨ।
ਜਦੋਂ ਬੀਬੀਸੀ ਦੀ ਟੀਮ ਬੁੱਧਵਾਰ ਨੂੰ ਔਕਸਨਾਰਡ ਗਈ ਤਾਂ ਇੱਕ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ (ਸੀਬੀਪੀ) ਦਾ ਟਰੱਕ ਇੱਕ ਜੈਵਿਕ ਉਤਪਾਦਾਂ ਦੀ ਟਰੱਕਿੰਗ ਕੰਪਨੀ ਦੇ ਬਾਹਰ ਖੜ੍ਹਾ ਸੀ। ਇੱਕ ਸੁਰੱਖਿਆ ਗਾਰਡ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਦੌਰਾ ਇਮੀਗ੍ਰੇਸ਼ਨ ਨਾਲ ਸਬੰਧਤ ਨਹੀਂ ਸੀ, ਉਹਨਾਂ ਨੇ ਕਿਹਾ, "ਇਹ ਆਈਸੀਈ ਨਹੀਂ ਹੈ। ਅਸੀਂ ਆਈਸੀਈ ਨੂੰ ਕਦੇ ਵੀ ਇੱਥੇ ਨਹੀਂ ਆਉਣ ਦੇਵਾਂਗੇ।"
ਕਈ ਟਰੈਕਟਰ ਅਤੇ ਟਰੱਕ ਕਈ ਏਕੜ ਖੇਤ ਦੇ ਆਲੇ-ਦੁਆਲੇ ਬੇਕਾਰ ਪਏ ਸਨ, ਕਿਉਂਕਿ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਘਰ ਰਹਿਣ ਦਾ ਫੈਸਲਾ ਕਰ ਲਿਆ ਸੀ।
ਇਸਦਾ ਪ੍ਰਭਾਵ ਹੋਰ ਕਾਰੋਬਾਰਾਂ 'ਤੇ ਵੀ ਪੈ ਰਿਹਾ ਹੈ। ਆਪਣੇ ਪਰਿਵਾਰ ਦੇ ਮੈਕਸੀਕਨ ਰੈਸਟੋਰੈਂਟ ਤੋਂ ਰਾਕੇਲ ਪੇਰੇਜ਼ ਨੇ ਨਕਾਬਪੋਸ਼ ਸੀ.ਬੀ.ਪੀ. ਏਜੰਟਾਂ ਨੂੰ ਸੜਕ ਤੋਂ ਉਸ ਪਾਰ ਸਥਿਤ ਬੋਸਕੋਵਿਚ ਫਾਰਮਜ਼ ਨਾਮ ਦੀ ਸਬਜ਼ੀ ਅਤੇ ਜੜੀ ਬੂਟੀ ਦੀ ਪੈਕਿੰਗ ਕਰਨ ਵਾਲੀ ਥਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ।
ਇਸ ਦਾ ਅਸਰ ਉਹਨਾਂ ਦੇ ਕਾਰੋਬਾਰ ਉਪਰ ਪਿਆ। ਹੁਣ ਕਾਸਾ ਗ੍ਰਾਂਡੇ ਕੈਫੇ ਵਿੱਚ ਆਮ ਤੌਰ 'ਤੇ ਦੁਪਹਿਰ ਦੇ ਖਾਣੇ ਦੇ ਸਮੇਂ ਸਿਰਫ਼ ਇੱਕ ਗਾਹਕ ਆ ਰਿਹਾ ਹੈ ਕਿਉਂਕਿ ਖੇਤ ਮਜ਼ਦੂਰ ਘਰ ਰਹਿ ਰਹੇ ਹਨ। ਉਹਨਾਂ ਦਾ ਅੰਦਾਜ਼ਾ ਹੈ ਕਿ ਉਸਦੇ ਆਮ ਗਾਹਕਾਂ ਵਿੱਚੋਂ ਘੱਟੋ-ਘੱਟ ਅੱਧੇ ਗੈਰ-ਦਸਤਾਵੇਜ਼ੀ ਹਨ।
ਉਹਨਾਂ ਦੀ ਮਾਂ ਪੌਲਾ ਪੇਰੇਜ਼ ਨੇ ਕਿਹਾ, "ਅੱਜ ਕੋਈ ਨਹੀਂ ਆਇਆ, ਅਸੀਂ ਸਾਰੇ ਪਰੇਸ਼ਾਨ ਹਾਂ।"
"ਇੱਥੇ ਕਾਨੂੰਨੀ ਤੌਰ 'ਤੇ ਰਹਿਣ ਦੇ ਬਹੁਤੇ ਰਸਤੇ ਨਹੀਂ ਬਚੇ"
ਰਾਕੇਲ ਕਹਿੰਦੇ ਹਨ ਕਿ ਉਹ ਹੁਣ ਰੈਸਟੋਰੈਂਟ ਦੇ ਭਵਿੱਖ ਬਾਰੇ ਜ਼ਿਆਦਾ ਚਿੰਤਤ ਹੈ, ਜਿੱਥੇ ਚਿਲਾਕਿਲੇਸ, ਫਲਾਨ ਅਤੇ ਹੋਰ ਮੈਕਸੀਕਨ ਪਕਵਾਨ ਪਰੋਸੇ ਜਾਂਦੇ ਹਨ। ਜਦਕਿ ਕੋਵਿਡ ਦੌਰਾਨ ਉਹ ਚਿੰਤਤ ਨਹੀਂ ਸਨ, ਜਦੋਂ ਉਹਨਾਂ ਦੇ ਗਾਹਕ ਆਮ ਵਾਂਗ ਕਾਰੋਬਾਰ ਜਾਰੀ ਰੱਖਦੇ ਸਨ ਅਤੇ ਦੇਸ਼ ਨੂੰ ਤਾਜ਼ੇ ਭੋਜਨ ਦੀ ਸਪਲਾਈ ਦਿੱਤੀ ਜਾਂਦੀ ਸੀ।
ਛਾਪੇਮਾਰੀ ਬਾਰੇ ਉਹ ਕਹਿੰਦੇ ਹਨ, "ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਇਸਦਾ ਪ੍ਰਭਾਵ ਕਿੰਨਾ ਮਾੜਾ ਹੋਣ ਵਾਲਾ ਹੈ।" ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਹੋਰ ਕੰਪਨੀਆਂ ਜੋ ਖੇਤੀਬਾੜੀ 'ਤੇ ਨਿਰਭਰ ਹਨ, ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੀਆਂ ਹਨ। ਇੱਕ ਨੇੜਲਾ ਕਾਰੋਬਾਰ ਜੋ ਲੱਕੜ ਦੇ ਪੈਲੇਟ ਖਰੀਦਦਾ ਅਤੇ ਵੇਚਦਾ ਹੈ, ਉਹ ਬੰਦ ਹੋ ਗਿਆ ਹੈ ਅਤੇ ਇੱਕ ਸਥਾਨਕ ਕਾਰ ਮਕੈਨਿਕ ਵੀ ਬੰਦ ਹੈ।
"ਜੇਕਰ ਸਟ੍ਰਾਬੇਰੀ ਜਾਂ ਸਬਜ਼ੀਆਂ ਨਹੀਂ ਤੋੜੀਆਂ ਜਾਂਦੀਆਂ ਤਾਂ ਇਸਦਾ ਮਤਲਬ ਹੈ ਕਿ ਪੈਕਿੰਗ ਹਾਊਸ ਵਿੱਚ ਕੁਝ ਵੀ ਨਹੀਂ ਆਵੇਗਾ। ਇਸਦਾ ਮਤਲਬ ਹੈ ਕਿ ਸਮਾਨ ਲਿਜਾਣ ਲਈ ਕੋਈ ਟਰੱਕ ਨਹੀਂ ਹੋਣਗੇ।"
ਸੜਕ ਕਿਨਾਰੇ ਆਪਣੇ ਟਰੱਕ ਉੱਤੇ ਸਟ੍ਰਾਬੇਰੀ ਵੇਚ ਰਹੇ ਇੱਕ ਪ੍ਰਵਾਸੀ ਦਾ ਕਹਿਣਾ ਹੈ ਕਿ ਉਹਨਾਂ ਦੇ ਕਾਰੋਬਾਰ ਅਤੇ ਸੰਯੁਕਤ ਰਾਜ ਅਮਰੀਕਾ ਦਾ ਕਾਨੂੰਨੀ ਨਿਵਾਸੀ ਬਣਨ ਦੀਆਂ ਉਮੀਦਾਂ ਦੋਵਾਂ 'ਤੇ ਛਾਪਿਆਂ ਦਾ ਪਹਿਲਾਂ ਹੀ ਵਿਨਾਸ਼ਕਾਰੀ ਪ੍ਰਭਾਵ ਪਿਆ ਹੈ।
ਆਸਕਰ ਕਹਿੰਦੇ ਹਨ, "ਘੱਟ ਲੋਕ ਯਾਤਰਾ ਕਰ ਰਹੇ ਹਨ ਅਤੇ ਉਹ ਮੇਰੇ ਤੋਂ ਘੱਟ ਖਰੀਦਦਾਰੀ ਕਰਦੇ ਹਨ।"
ਆਸਕਰ ਮੈਕਸੀਕੋ ਦੇ ਤਲਾਕਸਕਾਲਾ ਸੂਬੇ ਤੋਂ ਆਉਂਦੇ ਹਨ ਅਤੇ ਭਾਵੇਂ ਉਹ ਬਿਨਾਂ ਦਸਤਾਵੇਜ਼ਾਂ ਦੇ ਹੈ ਪਰ ਉਹਨਾਂ ਦੇ ਬੱਚੇ ਸੰਯੁਕਤ ਰਾਜ ਵਿੱਚ ਪੈਦਾ ਹੋਏ ਸਨ।
ਉਹ ਕਹਿੰਦੇ ਹਨ, "ਮੈਨੂੰ ਡਰ ਲੱਗਦਾ ਹੈ, ਪਰ ਮੈਂ ਕੰਮ 'ਤੇ ਜਾਣਾ ਨਹੀਂ ਰੋਕ ਸਕਦਾ। ਮੈਂ ਆਪਣੇ ਪਰਿਵਾਰ ਦਾ ਪੇਟ ਭਰਨਾ ਹੈ।"
ਆਸਕਰ ਦਾ ਕਹਿਣਾ ਹੈ ਕਿ ਉਹ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਨ ਪਰ ਹੁਣ ਆਈਸੀਈ ਏਜੰਟ ਕਾਗਜ਼ੀ ਕਾਰਵਾਈ ਦਾਇਰ ਕਰਨ ਵਾਲੇ ਪ੍ਰਵਾਸੀਆਂ ਦੀ ਅਦਾਲਤਾਂ ਦੇ ਬਾਹਰ ਉਡੀਕ ਕਰ ਰਹੇ ਹਨ ਇਸ ਲਈ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਅੱਗੇ ਕੀ ਕਰਨਾ ਹੈ।
"ਇੱਥੇ ਕਾਨੂੰਨੀ ਤੌਰ 'ਤੇ ਰਹਿਣ ਦੇ ਬਹੁਤੇ ਰਸਤੇ ਨਹੀਂ ਬਚੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ