ਲੁਧਿਆਣਾ ਦੇ ਕਿਲਾ ਰਾਏਪੁਰ ਵਿਆਹ ਕਰਵਾਉਣ ਪਹੁੰਚੀ 72 ਸਾਲਾ ਅਮਰੀਕੀ ਨਾਗਰਿਕ ਦੇ ਕਤਲ ਬਾਰੇ ਪੁਲਿਸ ਨੇ ਕੀ ਖੁਲਾਸਾ ਕੀਤਾ

ਤਸਵੀਰ ਸਰੋਤ, Ludhiana Police
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮੂਲ ਦੀ 72 ਸਾਲਾ ਅਮਰੀਕੀ ਨਾਗਰਿਕ ਰੁਪਿੰਦਰ ਕੌਰ ਪੰਧੇਰ ਦਾ ਲੁਧਿਆਣਾ ਦੇ ਕਿਲਾ ਰਾਏਪੁਰ ਪਿੰਡ ਵਿੱਚ ਕਥਿਤ ਤੌਰ 'ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਉਹ ਅਮਰੀਕਾ ਦੇ ਸ਼ਹਿਰ ਸਿਆਟਲ ਤੋਂ 75 ਸਾਲਾ ਵਿਅਕਤੀ ਨਾਲ ਵਿਆਹ ਕਰਵਾਉਣ ਲਈ ਕਿਲਾ ਰਾਏਪੁਰ ਆਏ ਸੀ।
ਪੁਲਿਸ ਮੁਤਾਬਕ ਪੀੜਤ ਦੇ ਹੋਣ ਵਾਲੇ ਐੱਨਆਰਆਈ ਪਤੀ ਨੇ ਕਥਿਤ ਤੌਰ ਉੱਤੇ ਭਾੜੇ ਦੇ ਮੁਲਜ਼ਮਾਂ ਤੋਂ ਅਮਰੀਕੀ ਨਾਗਰਿਕ ਦਾ ਕਤਲ ਕਰਵਾਇਆ ਹੈ।
ਪੁਲਿਸ ਨੇ ਕਿਲਾ ਰਾਏਪੁਰ ਦੇ ਮਾਲ੍ਹਾ ਪੱਟੀ ਦੇ ਰਹਿਣ ਵਾਲੇ ਸੁਖਜੀਤ ਸਿੰਘ ਸੋਨੂੰ ਨੂੰ ਕਥਿਤ ਤੌਰ 'ਤੇ ਰੁਪਿੰਦਰ ਕੌਰ ਦਾ ਕਤਲ ਕਰਨ ਅਤੇ ਉਨ੍ਹਾਂ ਦੀ ਲਾਸ਼ ਨੂੰ ਸਾੜਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦਾ ਦੱਸਣਾ ਹੈ ਕਿ ਰੁਪਿੰਦਰ ਕੌਰ ਦੇ ਹੋਣ ਵਾਲੇ ਪਤੀ, ਐੱਨਆਰਆਈ ਚਰਨਜੀਤ ਸਿੰਘ ਗਰੇਵਾਲ ਨੇ ਕਥਿਤ ਤੌਰ ਉੱਤੇ ਸੁਖਜੀਤ ਸਿੰਘ ਤੋਂ ਅਮਰੀਕੀ ਨਾਗਰਿਕ ਦਾ ਕਤਲ ਕਰਵਾਇਆ ਹੈ।
ਮੁਲਜ਼ਮ ਚਰਨਜੀਤ ਸਿੰਘ ਗਰੇਵਾਲ ਇੰਗਲੈਂਡ ਵਿੱਚ ਰਹਿੰਦਾ ਹੈ। ਪਰ ਉਸ ਦਾ ਜਨਮ ਲੁਧਿਆਣਾ ਦੇ ਮਹਿਮਾ ਸਿੰਘ ਵਾਲਾ ਪਿੰਡ ਦਾ ਹੈ। ਪੁਲਿਸ ਨੇ ਚਰਨਜੀਤ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।

ਤਸਵੀਰ ਸਰੋਤ, Ludhiana Police
ਮਾਮਲਾ ਕੀ ਹੈ
ਪੁਲਿਸ ਮੁਤਾਬਕ, ਰੁਪਿੰਦਰ ਕੌਰ ਦੇ ਹੋਣ ਵਾਲੇ ਪਤੀ, ਐੱਨਆਰਆਈ ਚਰਨਜੀਤ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਵਿਆਹ ਲਈ ਕਿਲ੍ਹਾ ਰਾਏਪੁਰ ਬੁਲਾਇਆ ਸੀ।
ਇੱਥੇ ਜ਼ਿਕਰਯੋਗ ਹੈ ਕਿ ਰੁਪਿੰਦਰ ਦਾ ਪਹਿਲਾਂ ਦੋ ਵਾਰੀ ਤਲਾਕ ਹੋ ਚੁੱਕਿਆ ਹੈ।
ਏਸੀਪੀ ਸਾਊਥ ਹਰਜਿੰਦਰ ਸਿੰਘ ਨੇ ਦੱਸਿਆ, “ਅਮਰੀਕੀ ਨਾਗਰਿਕ ਰੁਪਿੰਦਰ ਕੌਰ ਦੇ ਚਰਨਜੀਤ ਸਿੰਘ ਗਰੇਵਾਲ ਨਾਲ ਪ੍ਰੇਮ ਸਬੰਧ ਸਨ। ਰੁਪਿੰਦਰ ਚਰਨਜੀਤ ਨਾਲ ਵਿਆਹ ਕਰਵਾਉਣ ਚਾਹੁੰਦੀ ਸੀ। ਪਰ ਚਰਨਜੀਤ ਵਿਆਹ ਤੋਂ ਮੁੱਕਰ ਰਿਹਾ ਸੀ।”
“ਇਸ ਮਗਰੋਂ ਰੁਪਿੰਦਰ ਨੇ ਚਰਨਜੀਤ ਨੂੰ ਵਿਆਹ ਨਾ ਕਰਾਉਣ ਦੀ ਸੂਰਤ ਵਿੱਚ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ।”
ਉਨ੍ਹਾਂ ਨੇ ਅੱਗੇ ਦੱਸਿਆ, "ਧਮਕੀ ਮਿਲਣ ਮਗਰੋਂ ਚਰਨਜੀਤ ਨੇ ਰੁਪਿੰਦਰ ਦੇ ਕਥਿਤ ਕਤਲ ਦੀ ਸਾਜ਼ਿਸ਼ ਘੜੀ। ਉਸ ਨੇ ਵਿਆਹ ਦੇ ਬਹਾਨੇ ਰੁਪਿੰਦਰ ਨੂੰ ਕਿਲਾ ਰਾਏਪੁਰ ਬੁਲਾਇਆ ਅਤੇ ਸੁਖਜੀਤ ਤੋਂ ਕਤਲ ਕਰਵਾਇਆ।"
ਡੀਸੀਪੀ ਰੁਪਿੰਦਰ ਨੇ ਦੱਸਿਆ, "ਮੁਲਜ਼ਮ ਸੁਖਜੀਤ ਰੁਪਿੰਦਰ ਨੂੰ ਜਾਣਦਾ ਸੀ। ਰੁਪਿੰਦਰ ਦਾ ਲੁਧਿਆਣਾ ਵਿੱਚ ਇੱਕ ਪ੍ਰਾਪਰਟੀ ਵਿਵਾਦ ਚੱਲ ਰਿਹਾ ਸੀ। ਇਸ ਕੇਸ ਵਿੱਚ ਰੁਪਿੰਦਰ ਪੀਓ ਸੀ। ਸੁਖਜੀਤ ਕੋਰਟ ਵਿੱਚ ਟਾਈਪਿਸਟ ਸੀ। ਇਸ ਕਰ ਕੇ ਰੁਪਿੰਦਰ ਸੁਖਜੀਤ ਨੂੰ ਜਾਣਦੀ ਸੀ। ਉਹ ਅਕਸਰ ਸੁਖਜੀਤ ਦੇ ਘਰ ਰੁਕਦੀ ਸੀ।"
"ਸੁਖਜੀਤ ਨੂੰ ਜਾਣਦੀ ਹੋਣ ਕਰਕੇ ਰੁਪਿੰਦਰ ਦਾ ਉਸ ਨਾਲ ਪੈਸੇ ਦਾ ਲੈਣ-ਦੇਣ ਚੱਲਦਾ ਸੀ। ਚਰਨਜੀਤ ਵੀ ਸੁਖਜੀਤ ਨੂੰ ਜਾਣਦਾ ਸੀ। ਉਸ ਨੇ ਸੁਖਜੀਤ ਨੂੰ ਡਰਾਇਆ ਕੀ ਰੁਪਿੰਦਰ ਉਸ ਨੂੰ ਰੇਪ ਅਤੇ ਸੁਖਜੀਤ ਨੂੰ ਧੋਖਾਧੜੀ ਦੇ ਕੇਸ ਵਿੱਚ ਫਸਾ ਦੇਵੇਗੀ। ਇਸ ਤੋਂ ਇਲਾਵਾ ਚਰਨਜੀਤ ਨੇ ਸੁਖਜੀਤ ਨੂੰ 50 ਲੱਖ ਰੁਪਏ ਅਤੇ ਇੰਗਲੈਂਡ ਲੈ ਕੇ ਜਾਣ ਦਾ ਲਾਲਚ ਦੇ ਕੇ ਕਤਲ ਕਰਵਾਇਆ।"
ਪੁਲਿਸ ਜਾਂਚ ਵਿੱਚ ਕੀ ਨਿਕਲਿਆ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਕਥਿਤ ਤੌਰ 'ਤੇ ਪਹਿਲਾਂ ਕਤਲ ਕੀਤਾ ਗਿਆ ਅਤੇ ਫੇਰ ਉਸ ਦੀ ਲਾਸ਼ ਕਿਲਾ ਰਾਏਪੁਰ ਦੇ ਇੱਕ ਘਰ ਦੇ ਸਟੋਰ ਰੂਮ ਵਿੱਚ ਸਾੜ ਦਿੱਤੀ ਗਈ ਸੀ।
ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ, "ਮੁਲਜ਼ਮ ਸੁਖਜੀਤ ਸਿੰਘ ਸੋਨੂੰ ਨੇ ਇਕਬਾਲ ਕੀਤਾ ਕਿ ਉਸ ਨੇ ਕਥਿਤ ਤੌਰ 'ਤੇ ਰੁਪਿੰਦਰ ਕੌਰ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਸਾੜਿਆ ਸੀ।"
"ਸੋਨੂੰ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਇਹ ਕਤਲ ਐੱਨਆਰਆਈ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ 'ਤੇ ਕੀਤਾ ਸੀ। ਇਹ ਕਤਲ ਕਰਨ ਲਈ ਉਸ ਨੂੰ 50 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ।"
ਡੀਸੀਪੀ ਰੁਪਿੰਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "12 ਜੁਲਾਈ ਨੂੰ ਸੁਖਜੀਤ ਨੇ ਪਹਿਲਾਂ ਔਰਤ ਦਾ ਕਤਲ ਕੀਤਾ ਅਤੇ ਫੇਰ ਉਸ ਦੀ ਲਾਸ਼ ਨੂੰ ਸਾੜ੍ਹ ਦਿੱਤਾ ਗਿਆ। ਮਗਰੋਂ ਉਸ ਦੀਆਂ ਹੱਡੀਆਂ ਨੂੰ ਨੇੜੇ ਪੈਂਦੇ ਸੂਏ ਵਿੱਚ ਸੁੱਟ ਦਿੱਤਾ ਗਿਆ। ਰੁਪਿੰਦਰ ਦਾ ਕਤਲ ਕਰਨ ਮਗਰੋਂ ਸੁਖਜੀਤ ਨੇ ਉਸ ਦਾ ਫੋਨ ਵੀ ਹਥੌੜੇ ਨਾਲ ਤੋੜ ਦਿੱਤਾ ਸੀ।"

ਘਟਨਾ ਕਦੋਂ ਵਾਪਰੀ
ਰੁਪਿੰਦਰ ਦੇ ਕਥਿਤ ਕਤਲ ਦੀ ਘਟਨਾ ਜੁਲਾਈ ਮਹੀਨੇ ਦੇ ਅਖ਼ੀਰ ਵਿੱਚ ਵਾਪਰੀ ਸੀ, ਪਰ ਇਸ ਦਾ ਖੁਲਾਸਾ ਹਾਲ ਹੀ ਵਿੱਚ ਉਦੋਂ ਹੋਇਆ ਜਦੋਂ ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਨੂੰ ਐੱਫਆਈਆਰ ਵਿੱਚ ਨਾਮਜ਼ਦ ਕੀਤਾ।
ਇਹ ਐੱਫਆਈਆਰ ਅਗਸਤ ਮਹੀਨੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਡੇਹਲੋਂ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ। ਉਸ ਸਮੇਂ ਪੁਲਿਸ ਨੇ ਰੁਪਿੰਦਰ ਕੌਰ ਦੇ ਲਾਪਤਾ ਹੋਣ ਸਬੰਧੀ ਐੱਫਆਈਆਰ ਦਰਜ ਕੀਤੀ ਸੀ।
ਡੇਹਲੋਂ ਥਾਣੇ ਦੇ ਐੱਸਐੱਚਉ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ 18 ਅਗਸਤ ਨੂੰ ਪੁਲਿਸ ਨੂੰ ਰੁਪਿੰਦਰ ਕੌਰ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਮਿਲੀ ਸੀ।
ਕੇਸ ਦੀ ਸਟੇਟਸ ਰਿਪੋਰਟ, ਜਿਸ ਦੀ ਇੱਕ ਕਾਪੀ ਬੀਬੀਸੀ ਕੋਲ ਮੌਜੂਦ ਹੈ, ਮੁਤਾਬਕ ਪੁਲਿਸ ਨੂੰ 9 ਸਤੰਬਰ ਨੂੰ ਸੁਖਜਿੰਦਰ ਸਿੰਘ ਵੱਲੋਂ ਕਥਿਤ ਤੌਰ ਉੱਤੇ ਰੁਪਿੰਦਰ ਨੂੰ ਕਥਿਤ ਤੌਰ ਉੱਤੇ ਕਤਲ ਕਰਨ ਸਬੰਧੀ ਜਾਣਕਾਰੀ ਮਿਲੀ ਸੀ।
ਇਸ ਮਗਰੋਂ ਪੁਲਿਸ ਨੇ 12 ਸਤੰਬਰ ਨੂੰ ਸੁਖਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 14 ਸਤੰਬਰ ਨੂੰ ਉਸਨੇ ਕਥਿਤ ਤੌਰ ਉੱਤੇ ਆਪਣਾ ਜੁਰਮ ਕਬੂਲ ਲਿਆ। 15 ਸਤੰਬਰ ਨੂੰ ਪੁਲਿਸ ਨੇ ਵਾਰਦਾਤ ਵਾਲੇ ਘਰ ਵਿੱਚ ਜਾ ਕੇ ਸਬੂਤ ਇਕੱਠੇ ਕੀਤੇ।

ਤਸਵੀਰ ਸਰੋਤ, Ludhiana Police
ਪੁਲਿਸ ਕੋਲ ਮਾਮਲਾ ਕਿਵੇਂ ਪਹੁੰਚਿਆ
ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਜੀਤ ਸਿੰਘ ਵੱਲੋਂ ਖੁਦ ਪੁਲਿਸ ਨੂੰ ਰੁਪਿੰਦਰ ਕੌਰ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਕੀਤੀ ਗਈ ਸੀ।
"ਸੁਖਜੀਤ ਤੇ ਰੁਪਿੰਦਰ ਕੌਰ ਇੱਕ ਦੂਜੇ ਨੂੰ ਜਾਣਦੇ ਸੀ। ਰੁਪਿੰਦਰ ਸੁਖਜੀਤ ਦੇ ਘਰ ਹੀ ਰਹਿ ਰਹੀ ਸੀ। ਰੁਪਿੰਦਰ ਕੌਰ ਨੇ ਕੁਝ ਸਿਵਲ ਕ੍ਰਿਮੀਨਲ ਮਾਮਲਿਆਂ ਦੀ ਪਾਵਰ ਆਫ ਅਟਾਰਨੀ ਸੁਖਜੀਤ ਨੂੰ ਦਿੱਤੀ ਹੋਈ ਸੀ।"
ਇੰਸਪੈਕਟਰ ਸੁਖਜਿੰਦਰ ਸਿੰਘ ਮੁਤਾਬਕ ਸੁਖਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਰੁਪਿੰਦਰ ਕੌਰ ਡਿਪਰੈਸ਼ਨ ਦੀ ਮਰੀਜ਼ ਹੈ। ਉਹ 18 ਜੁਲਾਈ ਨੂੰ ਕੈਨੇਡਾ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਕਿਲਾ ਰਾਏਪੁਰ ਤੋਂ ਦਿੱਲੀ ਚਲੀ ਗਈ ਸੀ ਅਤੇ ਇਸ ਤੋਂ ਬਾਅਦ ਉਸ ਦਾ ਕੋਈ ਸੰਪਰਕ ਨਹੀਂ ਹੋਇਆ।
ਵਾਰਦਾਤ ਦਾ ਭੇਦ ਕਿਵੇਂ ਖੁੱਲਿਆ
ਕੇਸ ਦੀ ਸਟੇਟਸ ਰਿਪੋਰਟ ਮੁਤਾਬਕ ਪੁਲਿਸ ਨੂੰ ਮੁਖ਼ਬਰ ਵੱਲੋਂ ਜਾਣਕਾਰੀ ਮਿਲੀ ਸੀ ਕਿ ਉਸ ਨੇ ਮੁਲਜ਼ਮ ਸੁਖਜੀਤ ਸਿੰਘ ਨੂੰ ਫੋਨ ਉੱਤੇ ਕਿਸੇ ਨਾਲ ਵਾਰਦਾਤ ਬਾਰੇ ਗੱਲ ਕਰਦਿਆਂ ਸੁਣਿਆ ਸੀ।
ਮੁਖ਼ਬਰ ਨੇ ਪੁਲਿਸ ਨੂੰ ਦੱਸਿਆ ਕਿ ਸੁਖਜੀਤ ਫੋਨ ਉੱਤੇ ਕਹਿ ਕਿਹਾ ਸੀ ਕਿ ਉਸ ਨੇ ਕਥਿਤ ਤੌਰ ਉੱਤੇ ਰੁਪਿੰਦਰ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਾੜ੍ਹ ਕੇ ਉਸ ਦਾ ਸਾਮਾਨ ਵੀ ਸਾੜ੍ਹ ਦਿੱਤਾ ਹੈ।
ਇਸ ਮਗਰੋਂ ਉਸ ਕਮਰੇ ਵਿੱਚ ਰੰਗ ਕਰ ਦਿੱਤਾ ਗਿਆ ਹੈ ਅਤੇ ਘਰ ਦੇ ਸੀਸੀਟੀਵੀ ਕੈਮਰੇ ਵੀ ਬਦਲ ਦਿੱਤੇ ਗਏ ਹਨ। ਇਸ ਮਗਰੋਂ ਪੁਲਿਸ ਨੇ ਸੁਖਜੀਤ ਨੂੰ ਗ੍ਰਿਫ਼ਤਾਰ ਕਰ ਲਿਆ।
ਸਟੇਟਸ ਰਿਪੋਰਟ ਮੁਤਾਬਕ ਪੁਲਿਸ ਅਤੇ ਫ੍ਰੋਰੈਂਸਿਕ ਟੀਮ ਨੇ ਮੁਲਜ਼ਮ ਦੇ ਘਰੋਂ ਇੱਕ ਹਥੌੜਾ, ਇੱਕ ਮੋਟਰਸਾਈਕਲ, ਅੱਗ ਨਾਲ ਸੁੰਗੜਿਆ ਹੋਇਆ ਇੱਕ ਚਿੱਟੇ ਰੰਗ ਦਾ ਲਿਫ਼ਾਫ਼ਾ, ਸਟੋਰ ਦੇ ਰੋਸ਼ਨਦਾਨ ਵਿੱਚੋਂ ਕਾਲੇ ਧੂੰਏਂ ਦੇ ਸੈਂਪਲ ਅਤੇ ਪਲਾਸਟਿਕ ਦੇ ਇੱਕ ਡੱਬੇ ਦਾ ਟੁੱਕੜਾ ਬਰਾਮਦ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












