ਪਹਿਲਗਾਮ ਹਮਲਾ : ਭਾਰਤ ਵੱਲੋਂ ਅਟਾਰੀ ਪੋਸਟ ਬੰਦ ਕਰਨ ਦਾ ਐਲਾਨ, ਸਿੰਧੂ ਜਲ ਸਮਝੌਤਾ ਰੋਕਿਆ, ਪਾਕਿਸਤਾਨ ਨੇ ਕੀ ਦਿੱਤਾ ਪ੍ਰਤੀਕਰਮ

ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਪਾਕਿਸਤਾਨ ਉੱਤੇ ਕਈ ਤਰੀਕੇ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ
    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ

ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਪਾਕਿਸਤਾਨ ਖਿਲਾਫ਼ ਵੱਡੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਸਿੰਧੂ ਜਲ ਸਮਝੌਤੇ ਨੂੰ ਰੋਕਿਆ ਗਿਆ ਹੈ।

ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਘਾ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਜੋ ਸਾਰਕ ਤਹਿਤ ਵੀਜ਼ਾ ਦੀ ਸਹੂਲਤ ਦਿੱਤੀ ਗਈ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ।

ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਪਾਕਿਸਤਾਨ ਨੂੰ ਭਾਰਤ ਵਿੱਚ ਕੰਮ ਕਰ ਰਹੇ ਆਪਣੇ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਦੂਤਾਵਾਸ ਵਿੱਚ ਮੁਲਾਜ਼ਮਾਂ ਦੀ ਗਿਣਤੀ 55 ਤੋਂ 30 ਕੀਤੀ ਗਈ।

ਪਹਿਲਗਾਮ ਹਮਲਾ

ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਰੱਖਿਆ/ਫੌਜੀ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇੱਕ ਹਫਤੇ ਵਿੱਚ ਭਾਰਤ ਛੱਡਣ ਪਵੇਗਾ।

ਭਾਰਤ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ/ਜਲ ਸੈਨਾ/ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾ ਲਵੇਗਾ। ਸਬੰਧਤ ਹਾਈ ਕਮਿਸ਼ਨਾਂ ਵਿੱਚ ਇਨ੍ਹਾਂ ਅਹੁਦਿਆਂ ਨੂੰ ਰੱਦ ਮੰਨਿਆ ਜਾਂਦਾ ਹੈ।

ਦੋਵਾਂ ਹਾਈ ਕਮਿਸ਼ਨਾਂ ਤੋਂ ਸੇਵਾ ਸਲਾਹਕਾਰਾਂ ਦੇ ਪੰਜ ਸਹਾਇਕ ਸਟਾਫ਼ ਨੂੰ ਵੀ ਵਾਪਸ ਲੈ ਲਿਆ ਜਾਵੇਗਾ।

ਵਿਕਰਮ ਮਿਸਰੀ ਨੇ ਕਿਹਾ ਕਿ ਸਾਰੇ ਫੌਜੀ ਬਲਾਂ ਨੂੰ ਅਲਰਟ ਉੱਤੇ ਰਹਿਣ ਲਈ ਕਿਹਾ ਹੈ।

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ।

ਮਰਨ ਵਾਲਿਆਂ ਵਿੱਚ ਮਹਾਰਾਸ਼ਟਰ ਦੇ 6 ਅਤੇ ਗੁਜਰਾਤ ਦੇ 2 ਜਣੇ ਸ਼ਾਮਲ ਸਨ। ਇਸ ਤੋਂ ਇਲਾਵਾ ਕਰਨਾਟਕ, ਤਮਿਲ ਨਾਡੂ, ਬਿਹਾਰ ਅਤੇ ਯੂਪੀ ਸਣੇ ਹੋਰ ਸੂਬਿਆਂ ਨਾਲ ਸਬੰਧਤ ਲੋਕਾਂ ਦੀ ਸ਼ਨਾਖ਼ਤ ਹੋਈ ਹੈ। ਇਨ੍ਹਾਂ ਵਿੱਚ ਹਰਿਆਣਾ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ।

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਰਤ ਵੱਲੋਂ ਪਾਕਿਸਤਾਨ ਉੱਤੇ ਲਾਈਆਂ ਪਾਬੰਦੀਆਂ ਬਾਰੇ ਜਾਣਕਾਰੀ ਦਿੱਤੀ

ਤਸਵੀਰ ਸਰੋਤ, MEA

ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਰਤ ਵੱਲੋਂ ਪਾਕਿਸਤਾਨ ਉੱਤੇ ਲਾਈਆਂ ਪਾਬੰਦੀਆਂ ਬਾਰੇ ਜਾਣਕਾਰੀ ਦਿੱਤੀ

ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਵਿਨੇ ਨਰਵਾਲ ਦੀ ਇਸ ਹਮਲੇ ਵਿੱਚ ਮੌਤ ਹੋਈ ਹੈ। ਵਿਨੇ ਭਾਰਤੀ ਨੇਵੀ ਦੇ ਅਫ਼ਸਰ ਸਨ ਅਤੇ ਕੋਚੀ ਵਿੱਚ ਤੈਨਾਤ ਸਨ।

ਮੰਗਲਵਾਰ ਨੂੰ ਹੋਏ ਇਸ ਹਮਲੇ ਤੋਂ ਤੁਰੰਤ ਬਾਅਦ, ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਅਤੇ ਹਮਲਾਵਰਾਂ ਦੀ ਭਾਲ਼ ਕੀਤੀ ਜਾ ਰਹੀ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਹਮਲਾ

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਮਲੇ ਦੇ ਮੱਦੇਨਜ਼ਰ ਸਾਊਦੀ ਅਰਬ ਦੀ ਆਪਣੀ ਸਰਕਾਰੀ ਫੇਰੀ ਨੂੰ ਵਿੱਚੇ ਹੀ ਖ਼ਤਮ ਕਰਕੇ ਵਾਪਸ ਦਿੱਲੀ ਪਰਤ ਆਏ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਸਣੇ ਦੁਨੀਆਂ ਭਰ ਦੇ ਆਗੂਆਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਹਮਲੇ ਉੱਤੇ ਦੁੱਖ ਪ੍ਰਗਟਾਇਆ, ਉਨ੍ਹਾਂ ਫ਼ੋਨ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ਤੱਕ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਕਸ਼ਮੀਰ

ਰਾਜਨਾਥ ਕੀ ਬੋਲੇ

ਹਮਲੇ ਬਾਰੇ ਬੋਲਦਿਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ, "ਭਾਰਤ ਦਾ ਇੱਕ-ਇੱਕ ਨਾਗਰਿਕ, ਇਸ ਕਾਇਰਤਾਪੂਰਨ ਕਾਰਵਾਈ ਵਿਰੁੱਧ ਇੱਕਜੁੱਟ ਹੈ। ਅਸੀਂ ਸਿਰਫ਼ ਉਨ੍ਹਾਂ ਲੋਕਾਂ ਤੱਕ ਹੀ ਨਹੀਂ ਪਹੁੰਚਾਂਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਅਸੀਂ ਉਨ੍ਹਾਂ ਲੋਕਾਂ ਤੱਕ ਵੀ ਜਾਵਾਂਗੇ ਜਿਨ੍ਹਾਂ ਨੇ ਪਰਦੇ ਪਿੱਛੇ ਬੈਠ ਕੇ ਭਾਰਤ ਦੀ ਧਰਤੀ 'ਤੇ ਅਜਿਹੇ ਘਿਨਾਉਣੇ ਕੰਮ ਕਰਨ ਦੀ ਸਾਜ਼ਿਸ਼ ਰਚੀ ਹੈ।4

"ਭਾਰਤ ਇੰਨੀ ਪੁਰਾਣੀ ਸੱਭਿਅਤਾ ਹੈ ਅਤੇ ਇੰਨਾ ਵੱਡਾ ਦੇਸ਼ ਹੈ ਕਿ ਇਸ ਨੂੰ ਕਿਸੇ ਵੀ ਅੱਤਵਾਦੀ ਗਤੀਵਿਧੀਆਂ ਨਾਲ ਡਰਾਇਆ ਨਹੀਂ ਜਾ ਸਕਦਾ। ਅਜਿਹੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਨੇੜਲੇ ਭਵਿੱਖ ਵਿੱਚ ਸਖ਼ਤ ਜਵਾਬ ਦਿੱਤਾ ਜਾਵੇਗਾ।"

ਰਾਜਨਾਥ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਜਨਾਥ ਸਿੰਘ ਨੇ ਕਿਹਾ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਸੁਪਰੀਮ ਕੋਰਟ ਨੇ ਪਹਿਲਗਾਮ ਹਮਲੇ ʼਤੇ ਇੱਕ ਮਤਾ ਪਾਇਆ

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਸੁਪਰੀਮ ਕੋਰਟ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇੱਕ ਮਤਾ ਪਾਇਆ ਹੈ

ਸੁਪਰੀਮ ਕੋਰਟ ਨੇ ਇਸ ਹਮਲੇ ʼਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ਅਤੇ ਇਸ ਦੀ ਨਿੰਦਾ ਕੀਤੀ ਹੈ। ਪੂਰੀ ਅਦਾਲਤ ਨੇ ਅੱਜ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਅਦਾਲਤ ਨੇ ਆਪਣੇ ਮਤੇ ਵਿੱਚ ਕਿਹਾ ਕਿ -

"ਬੇਸਮਝ ਹਿੰਸਾ ਦੇ ਇਸ ਭਿਆਨਕ ਕਾਰੇ ਨੇ ਸਾਰਿਆਂ ਦੀ ਅੰਤਰ-ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਅੱਤਵਾਦ ਦੁਆਰਾ ਫੈਲਾਈ ਗਈ ਬੇਰਹਿਮੀ ਅਤੇ ਅਣਮਨੁੱਖਤਾ ਵੱਲ ਧਿਆਨ ਦਿਵਾਉਂਦਾ ਹੈ।”

“ਭਾਰਤ ਦੀ ਸੁਪਰੀਮ ਕੋਰਟ ਉਨ੍ਹਾਂ ਨੂੰ ਸਤਿਕਾਰ ਭਰੀ ਸ਼ਰਧਾਂਜਲੀ ਭੇਟ ਕਰਦਾ ਹੈ, ਜਿਨ੍ਹਾਂ ਦਾ ਬੇਰਹਿਮੀ ਨਾਲ ਅਤੇ ਸਮੇਂ ਤੋਂ ਪਹਿਲਾਂ ਕਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੋਗ ਵਿੱਚ ਡੁੱਬੇ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ।”

ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਪਹਿਲਗਾਮ ਦੇ ਬੈਸਰਨ ਖੇਤਰ ਦਾ ਦੌਰਾ ਕੀਤਾ ਸੀ, ਜਿੱਥੇ ਹਮਲਾ ਹੋਇਆ ਸੀ।

ਅਮਿਤ ਸ਼ਾਹ ਨੇ ਮ੍ਰਿਤਕਾਂ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਵੰਡਾਇਆ।

ਪਾਕਿਸਤਾਨ ਦਾ ਪ੍ਰਤੀਕਰਮ

ਪਾਕਿਸਤਾਨ ਨੇ ਭਾਰਤ ਵੱਲੋਂ ਲਾਈਆਂ ਪਾਬੰਦੀਆਂ ਉੱਤੇ ਵੀ ਜਵਾਬ ਦਿੱਤਾ ਹੈ ਅਤੇ ਨਾਲ ਹਮਲੇ ਉੱਤੇ ਵੀ ਪ੍ਰਤੀਕਰਮ ਦਿੱਤਾ ਸੀ।

ਪਾਕਿਸਤਾਨ ਨੇ ਬਿਆਨ ਵਿੱਚ ਕਿਹਾ ਸੀ ਕਿ, ''ਭਾਰਤ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੈਨਾਲੀਆਂ ਉੱਤੇ ਹੋਏ ਹਮਲੇ ਦਾ ਸਾਨੂੰ ਬਹੁਤ ਦੁੱਖ ਹੈ। ਅਸੀਂ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਨ ਅਤੇ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਕਾਮਨਾ ਕਰਦੇ ਹਨ।''

ਇਸ ਤੋਂ ਇਲਾਵਾ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਪਹਿਲਗਾਮ ਹਮਲੇ ਉੱਤੇ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦਾ ਇਸ ਹਮਲੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ, ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।

ਬੁੱਧਵਾਰ ਨੂੰ ਭਾਰਤ ਵੱਲੋਂ ਪਾਕਿਸਤਾਨ ਉੱਤੇ ਲਾਈਆਂ ਪਾਬੰਦੀਆਂ ਉੱਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਰਤ ਵੱਲੋਂ ਐਲਾਨੇ ਗਏ ਉਪਾਵਾਂ 'ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦਾ।

ਬੀਬੀਸੀ ਉਰਦੂ ਦੇ ਅਨੁਸਾਰ, ਇੱਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਾਪਰੀ ਘਟਨਾ ਨਿੰਦਣਯੋਗ ਹੈ ਅਤੇ ਅੱਤਵਾਦ ਦਾ ਕਿਸੇ ਵੀ ਤਰ੍ਹਾਂ ਸਮਰਥਨ ਨਹੀਂ ਕੀਤਾ ਜਾ ਸਕਦਾ।

ਭਾਰਤ ਵੱਲੋਂ ਸਿੰਧੂ ਜਲ ਸੰਧੀ ਦੀ ਮੁਅੱਤਲ ਕਰਨ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਇਸ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਭਾਰਤੀ ਹਮਲੇ ਦਾ ਢੁਕਵਾਂ ਜਵਾਬ ਦੇਣ ਦੀ 100 ਫੀਸਦੀ ਸਥਿਤੀ ਵਿੱਚ ਹੈ।

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੁਰੰਤ ਉਹ ਭਾਰਤ ਵੱਲੋਂ ਚੁੱਕੇ ਕਦਮਾਂ ਉੱਤੇ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੁਰੰਤ ਉਹ ਭਾਰਤ ਵੱਲੋਂ ਚੁੱਕੇ ਕਦਮਾਂ ਉੱਤੇ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦਾ

ਉਨ੍ਹਾਂ ਕਿਹਾ ਕਿ ਭਾਰਤ ਹਵਾਈ ਖੇਤਰ ਦੀ ਉਲੰਘਣਾ ਲਈ ਅਭਿਨੰਦਨ ਦੇ ਰੂਪ ਵਿੱਚ ਦਿੱਤੇ ਗਏ ਜਵਾਬ ਨੂੰ ਯਾਦ ਰੱਖੇਗਾ।

ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਅਨੁਸਾਰ, "ਬਲੋਚਿਸਤਾਨ ਵਿੱਚ ਭਾਰਤ ਦੀ ਸਰਪ੍ਰਸਤੀ ਹੇਠ ਅੱਤਵਾਦ ਪਣਪ ਰਿਹਾ ਹੈ। ਜਾਫਰ ਐਕਸਪ੍ਰੈਸ ਦੀ ਘਟਨਾ ਵਿੱਚ ਕੀ ਹੋਇਆ, ਹਰ ਕੋਈ ਜਾਣਦਾ ਹੈ। ਭਾਰਤ ਨੇ ਵੱਖਵਾਦੀਆਂ ਨੂੰ ਪਨਾਹ ਦਿੱਤੀ ਹੈ। ਬਲੋਚਿਸਤਾਨ ਦੇ ਵੱਖਵਾਦੀ ਇਲਾਜ ਲਈ ਭਾਰਤ ਜਾਂਦੇ ਹਨ। ਇਸ ਦੇ ਕਈ ਸਬੂਤ ਹਨ।"

ਖਵਾਜਾ ਆਸਿਫ਼ ਨੇ ਕਿਹਾ ਕਿ ਭਾਰਤ ਨੂੰ ਪਹਿਲਗਾਮ ਦੀ ਘਟਨਾ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਇਹ ਵੀ ਸੰਭਵ ਹੈ ਕਿ ਪਹਿਲਗਾਮ ਹਮਲਾ ਭਾਰਤ ਵੱਲੋਂ ਹੀ ਕੀਤਾ ਗਿਆ ਇੱਕ 'ਝੂਠਾ ਅਭਿਆਨ' ਹੋਵੇ।''

ਉਨ੍ਹਾਂ ਕਿਹਾ, "ਭਾਰਤ ਤੋਂ ਪੁੱਛਣਾ ਚਾਹੀਦਾ ਹੈ ਕਿ ਜੇਕਰ ਕਸ਼ਮੀਰ ਵਿੱਚ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ, ਤਾਂ ਦਹਾਕਿਆਂ ਤੋਂ ਉੱਥੇ ਮੌਜੂਦ ਸੱਤ ਲੱਖ ਸੈਨਿਕ ਕੀ ਕਰ ਰਹੇ ਹਨ?"

ਪਹਿਲਗਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਲੇ ਤੋਂ ਬਾਅਦ ਵਾਦੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਖ਼ਬਰ ਏਜੰਸੀ ਏਐੱਨਆਈ ਨੇ ਭਾਰਤ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੁਆਰਾ ਆਯੋਜਿਤ ਸਰਕਾਰੀ ਰਾਤ ਦੇ ਖਾਣੇ ਨੂੰ ਛੱਡ ਦਿੱਤਾ ਸੀ। ਆਪਣੀ ਫੇਰੀ ਨੂੰ ਛੋਟਾ ਕਰਨ ਦਾ ਫ਼ੈਸਲਾ ਕੀਤਾ ਸੀ।

ਅਸਲ ਵਿੱਚ ਉਨ੍ਹਾਂ ਨੇ ਵੀਰਵਾਰ ਰਾਤ ਵਾਪਸ ਆਉਣਾ ਸੀ, ਹੁਣ ਉਹ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਬੁੱਧਵਾਰ ਸਵੇਰੇ ਭਾਰਤ ਪਹੁੰਚ ਗਏ ਹਨ।

ਐਕਸ 'ਤੇ ਇੱਕ ਪੋਸਟ ਵਿੱਚ, ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ, "ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੀ ਆਪਣੀ ਸਰਕਾਰੀ ਫ਼ੇਰੀ ਸਮਾਪਤ ਕੀਤੀ ਹੈ ਅਤੇ ਭਾਰਤ ਲਈ ਯੋਜਨਾ ਬਣਾਈ ਹੈ।"

ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਘਟਨਾ ਦੀ ਜਾਣਕਾਰੀ ਲੈਣ ਦੇ ਨਾਲ ਨਾਲ ਸੁਰੱਖਿਆ ਸਮੀਖਿਆ ਬੈਠਕ ਵੀ ਕੀਤੀ ਹੈ।

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸਭ ਤੋਂ ਵੱਡਾ ਹਮਲਾ ਦੱਸਿਆ ਹੈ।

ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਹਵਾਈ ਅੱਡੇ ਉੱਤੇ

ਸ੍ਰੀਨਗਰ ਤੇ ਅਨੰਤਨਾਗ 'ਚ ਜ਼ਖ਼ਮੀਆਂ ਦਾ ਇਲਾਜ

ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਦੇ ਅਨੁਸਾਰ, ਕੁਝ ਜ਼ਖ਼ਮੀਆਂ ਨੂੰ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜੰਮੂ-ਕਸ਼ਮੀਰ ਦੀ ਸਿਹਤ ਮੰਤਰੀ ਸਕੀਨਾ ਇਟੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਜ਼ਖ਼ਮੀਆਂ ਨੂੰ ਅਨੰਤਨਾਗ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਲੋਕਾਂ ਦੀ ਹਾਲਤ ਹੁਣ ਸਥਿਰ ਹੈ ਜਦਕਿ ਇੱਕ ਦੀ ਹਾਲਤ ਨਾਜ਼ੁਕ ਹੈ।

ਉਨ੍ਹਾਂ ਨੇ ਤਿੰਨ ਹੋਰ ਜ਼ਖ਼ਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੂੰ ਸ਼੍ਰੀਨਗਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮਾਜਿਦ ਜਹਾਂਗੀਰ ਨੇ ਇਸ ਹਮਲੇ ਬਾਰੇ ਗੁਜਰਾਤ ਦੇ ਇੱਕ ਸੈਲਾਨੀ ਨਾਲ ਗੱਲ ਕੀਤੀ ਹੈ, ਜੋ ਉਸੇ ਸਮੂਹ ਵਿੱਚ ਸੀ ਜਿਸ 'ਤੇ ਗੋਲੀਬਾਰੀ ਹੋਈ ਸੀ।

ਸੈਲਾਨੀ ਨੇ ਦੱਸਿਆ ਹੈ ਕਿ ਅਚਾਨਕ ਹੋਈ ਗੋਲੀਬਾਰੀ ਕਾਰਨ ਹਫ਼ੜਾ-ਦਫ਼ੜੀ ਮਚ ਗਈ ਅਤੇ ਹਰ ਕੋਈ ਰੋਂਦਾ-ਕੁਰਲਾਉਂਦਾ ਇਧਰ-ਉਧਰ ਭੱਜਣ ਲੱਗਾ।

ਯਮੁਨਾ ਜਗਦਾਲੇ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਦੇ ਦਿਓਰ ਅਤੇ ਦਰਾਣੀ ਆਪਣੀ ਧੀ ਦੇ ਨਾਲ ਕਸ਼ਮੀਰ ਘੁੰਮਣ ਗਏ ਸਨ।

ਉਨ੍ਹਾਂ ਨੇ ਕਿਹਾ, "ਸਾਨੂੰ ਤਾਂ ਇਹੀ ਖ਼ਬਰ ਮਿਲੀ ਹੈ ਕਿ ਮੇਰੇ ਦਿਓਰ ਨੂੰ ਗੋਲੀ ਲੱਗੀ ਅਤੇ ਬਾਕੀ ਮਾਵਾਂ ਧੀਆਂ ਸੁਰੱਖਿਅਤ ਹਨ। ਬਾਕੀ ਮੇਰਾ ਕੋਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ।"

ਪ੍ਰਧਾਨ ਮੰਤਰੀ ਮੋਦੀ

ਚਸ਼ਮਦੀਦਾਂ ਨੇ ਕੀ ਦੱਸਿਆ

ਹਮਲਾ

ਤਸਵੀਰ ਸਰੋਤ, ANI

ਇੱਕ ਚਸ਼ਮਦੀਦ ਨੇ ਦੱਸਿਆ ਕਿ ਉਹ ਪਹਿਲਗਾਮ ਘੁੰਮਣ ਗਏ ਸੀ ਅਸੀਂ ਜਦੋਂ ਸਾਰਾ ਘੁੰਮ ਲਿਆ ਤਾਂ ਇਹ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ, "ਮੈਂ ਗੋਲੀਆਂ ਚਲਾਉਂਦੇ ਹੋਏ ਨਹੀਂ ਦੇਖਿਆ ਕਿਸੇ ਨੂੰ ਕਿਉਂਕਿ ਅਸੀਂ 20 ਫੁੱਟ ਦੂਰ ਸੀ। ਜਦੋਂ ਗੋਲੀਆਂ ਚੱਲ ਰਹੀਆਂ ਸੀ ਤਾਂ ਅਸੀਂ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ। ਲੋਕ ਇੱਕ-ਦੂਜੇ ਡਿੱਗ ਰਹੇ ਸਨ। ਉੱਥੋਂ ਬਾਹਰ ਆਉਣ ਵਾਲਾ ਦਰਵਾਜ਼ਾਂ 4 ਫੁੱਟ ਦਾ ਸੀ।"

ਇੱਕ ਹੋਰ ਚਸ਼ਮਦੀਦ ਨੇ ਦੱਸਿਆ, "ਲੋਕਾਂ ਨੇ ਆਵਾਜ਼ਾਂ ਦਿੱਤੀਆਂ ਕਿ ਗੋਲੀਆਂ ਚੱਲ ਰਹੀਆਂ ਹਨ, ਬੱਸ ਤੁਰਦੇ ਜਾਓ। ਅਸੀਂ ਅੱਗੇ ਭੱਜ ਰਹੇ ਸੀ ਲੋਕ ਪਿੱਛੇ ਭੱਜ ਰਹੇ ਸਨ। ਲੋਕ ਇੱਕ-ਦੂਜੇ ਉੱਤੇ ਚੜ੍ਹ ਰਹੇ ਸਨ। ਕਾਫੀ ਸੈਲਾਨੀ ਸਨ ਅਤੇ ਬੱਚੀ ਵੀ ਸਨ। ਲੱਗਾ ਹੀ ਨਹੀਂ ਕਿ ਅਸੀਂ ਬਚ ਸਕਾਂਗੇ।"

ਇੱਕ ਹੋਰ ਚਸ਼ਮਦੀਦ ਨੇ ਦੱਸਿਆ, ''ਸਾਨੂੰ ਉੱਥੇ ਬੈਠਿਆਂ ਨੂੰ 5-10 ਮਿੰਟ ਹੀ ਹੋਏ ਸਨ ਕਿ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ। ਉਸ ਤੋਂ ਹਫ਼ੜਾ-ਦਫੜੀ ਮੱਚ ਗਈ। ਸਾਰੇ ਲੋਕ ਇੱਧਰ ਉੱਧਰ ਭੱਜਣ ਲੱਗੇ।''

''ਕੋਈ ਗਿਰ ਗਿਆ, ਕਿਸੇ ਦਾ ਹੱਥ ਟੁੱਟ ਗਿਆ, ਕਿਸੇ ਨੂੰ ਕਿਤੇ ਸੱਟ ਵੱਜੀ। ਇਹ ਗੋਲ਼ੀਆਂ ਕਰੀਬ 10-15 ਮਿੰਟ ਚੱਲਦੀਆਂ ਰਹੀਆਂ। ਪਹਿਲਾਂ ਇੱਕ ਫਾਇਰ ਹੋਇਆ, ਫੇਰ ਦੂਜਾ..ਤੀਜਾ ਅਤੇ ਫੇਰ ਬਹੁਤ ਤੇਜ਼ ਫਾਇਰਿੰਗ ਹੋਣ ਲੱਗੀ।''

' ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ'- ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਇਸ ਘਿਨਾਉਣੀ ਘਟਨਾ ਦੇ ਪਿੱਛੇ ਜੋ ਲੋਕ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੇਗੀ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।"

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਘਾਟੀ ਵਿੱਚ ਸੈਲਾਨੀਆਂ ਦਾ ਸੀਜ਼ਨ ਆਪਣੇ ਸਿਖ਼ਰ 'ਤੇ ਹੈ।

ਪਹਿਲਗਾਮ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ। ਇਸ ਦੇ ਹਰੇ ਭਰੇ ਮੈਦਾਨਾਂ ਅਤੇ ਝੀਲਾਂ ਦੇ ਕਾਰਨ, ਹਰ ਸਾਲ ਬਹੁਤ ਸਾਰੇ ਸੈਲਾਨੀ ਇੱਥੇ ਆਉਂਦੇ ਹਨ।

ਉਮਰ ਅਬਦੁੱਲ੍ਹਾ
ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਵੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ (ਫਾਈਲ ਫੋਟੋ)

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਮੈਂ ਬਿਲਕੁਲ ਹੈਰਾਨ ਹਾਂ। ਸੈਲਾਨੀਆਂ 'ਤੇ ਇਹ ਹਮਲਾ ਇੱਕ ਘਿਣਾਉਣਾ ਕੰਮ ਹੈ।"

ਉਨ੍ਹਾਂ ਲਿਖਿਆ, "ਮਰਨ ਵਾਲਿਆਂ ਦੀ ਗਿਣਤੀ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ। ਮੈਂ ਇਸ ਸਮੇਂ ਵੇਰਵਿਆਂ ਵਿੱਚ ਨਹੀਂ ਜਾ ਰਿਹਾ ਹਾਂ। ਸਥਿਤੀ ਸਪੱਸ਼ਟ ਹੁੰਦੇ ਹੀ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਜਾਵੇਗਾ। ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਇਹ ਹਾਲ ਹੀ ਦੇ ਸਮੇਂ ਵਿੱਚ ਆਮ ਨਾਗਰਿਕਾਂ 'ਤੇ ਸਭ ਤੋਂ ਵੱਡਾ ਹਮਲਾ ਹੈ।"

ਭਾਰਤੀ ਦੌਰੇ ਉੱਤੇ ਆਏ ਅਮਰੀਕਾ ਉੱਪ ਰਾਸ਼ਟਰਪਤੀ ਜੇਡੀ ਵੇਂਸ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਐਕਸ ਹੈਂਡਲ ਉੱਤੇ ਲਿਖਿਆ ਹੈ, "ਮੈਂ ਅਤੇ ਊਸ਼ਾ ਭਾਰਤ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ, ਅਸੀਂ ਇਸ ਦੇਸ਼ ਅਤੇ ਇਸ ਦੇ ਲੋਕਾਂ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋਏ ਹਾਂ। ਇਸ ਭਿਆਨਕ ਹਮਲੇ ਦੇ ਸੋਗ ਵਿੱਚ ਸਾਡੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ।"

ਇਹ ਵੀ ਪੜ੍ਹੋ-

ਅਮਿਤ ਸ਼ਾਹ ਨੇ ਹਮਲੇ 'ਤੇ ਕੀ ਕਿਹਾ?

ਸੈਲਾਨੀਆਂ 'ਤੇ ਹੋਈ ਗੋਲੀਬਾਰੀ 'ਤੇ ਕੇਂਦਰੀ ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਮੈਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਨ।"

ਅਮਿਤ ਸ਼ਾਹ ਨੇ ਕਿਹਾ ਹੈ ਕਿ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।

ਅਮਿਤ ਸ਼ਾਹ ਨੇ ਕਿਹਾ ਹੈ, "ਪ੍ਰਧਾਨ ਮੰਤਰੀ ਮੋਦੀ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਬੰਧਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ।"

ਅਮਿਤ ਸ਼ਾਹ
ਤਸਵੀਰ ਕੈਪਸ਼ਨ, ਅਮਿਤ ਸ਼ਾਹ ਸ਼੍ਰੀਨਗਰ ਪਹੁੰਚ ਗਏ ਹਨ

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਹਮਲਾਵਰਾਂ ਨੂੰ ਛੱਡਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਮੈਂ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਇਹ ਘਿਨਾਉਣਾ ਹਮਲਾ ਕੀਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।"

"ਮੈਂ ਡੀਜੀਪੀ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਫੌਜ ਅਤੇ ਪੁਲਿਸ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਪਣਾ ਆਪਰੇਸ਼ਨ ਚਲਾ ਰਹੇ ਹਨ।"

ਜਦਕਿ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਐਕਸ 'ਤੇ ਲਿਖਿਆ, "ਮੈਂ ਪਹਿਲਗਾਮ ਵਿੱਚ ਹੋਏ ਇਸ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੀ ਹਾਂ। ਇਸ ਤਰ੍ਹਾਂ ਦੀ ਹਿੰਸਾ ਬਿਲਕੁਲ ਅਸਵੀਕਾਰਨਯੋਗ ਹੈ।"

"ਇਤਿਹਾਸਕ ਤੌਰ 'ਤੇ, ਕਸ਼ਮੀਰ ਨੇ ਸੈਲਾਨੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹੈ। ਇਸ ਲਈ, ਹਮਲੇ ਦੀਆਂ ਦੁਰਲੱਭ ਘਟਨਾਵਾਂ ਬਹੁਤ ਚਿੰਤਾਜਨਕ ਹਨ।"

ਰਾਹੁਲ ਗਾਂਧੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਵਿੱਚ ਸੈਲਾਨੀਆਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਬਹੁਤ ਨਿੰਦਣਯੋਗ ਅਤੇ ਦਿਲ ਦਹਿਲਾ ਦੇਣ ਵਾਲੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)