You’re viewing a text-only version of this website that uses less data. View the main version of the website including all images and videos.
ਵੀਅਤਨਾਮ ਦੇ 'ਅੰਕਲ ਹੋ': ਜਾਪਾਨ, ਫਰਾਂਸ ਤੇ ਅਮਰੀਕਾ ਨਾਲ ਲੋਹਾ ਲੈਣ ਵਾਲੇ ਆਗੂ ਜਦੋਂ ਅੰਮ੍ਰਿਤਾ ਪ੍ਰੀਤਮ ਦਾ ਮੱਥਾ ਚੁੰਮ ਕੇ ਬੋਲੇ 'ਆਪਾਂ ਦੋਵੇਂ ਸਿਪਾਹੀ ਹਾਂ'
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਹਿੰਦੀ
ਵੀਅਤਨਾਮ ਦੇ ਇਤਿਹਾਸ ਦੇ ਸਭ ਤੋਂ ਮਸ਼ਹੂਰ ਆਗੂ ਹੋ ਚੀ ਮਿਨ੍ਹ ਦਾ ਜਨਮ 1890 ਵਿੱਚ ਹੋਇਆ ਸੀ। ਉਹ ਆਪਣੇ ਦੇਸ਼ ਦੇ ਜ਼ਿਆਦਾਤਰ ਲੋਕਾਂ ਲਈ 'ਅੰਕਲ ਹੋ' ਬਣ ਗਏ ਸਨ।
ਉਨ੍ਹਾਂ ਨੇ 21 ਸਾਲ ਦੀ ਉਮਰ ਵਿੱਚ ਆਪਣਾ ਦੇਸ਼ ਛੱਡ ਦਿੱਤਾ ਸੀ ਅਤੇ ਅਗਲੇ 30 ਸਾਲਾਂ ਤੱਕ ਵੀਅਤਨਾਮ ਵਾਪਸ ਨਹੀਂ ਆਏ ਸਨ।
ਉਨ੍ਹਾਂ ਨੇ ਪੈਰਿਸ ਵਿੱਚ ਰਹਿੰਦੇ ਹੋਏ ਫ੍ਰੈਂਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ ਸੀ।
ਉਹ ਅਮਰੀਕਾ, ਇੰਗਲੈਂਡ, ਫਰਾਂਸ, ਮਾਸਕੋ ਅਤੇ ਚੀਨ ਵਿੱਚ ਨਾਮ ਬਦਲ ਕੇ ਰਹਿ ਰਹੇ ਸਨ।
ਸਟੈਨਲੀ ਕਾਰਨੋਵ ਨੇ ਆਪਣੀ ਕਿਤਾਬ 'ਵੀਅਤਨਾਮ: ਅ ਹਿਸਟਰੀ' ਵਿੱਚ ਲਿਖਿਆ ਸੀ, "1920 ਦੇ ਦਹਾਕੇ ਵਿੱਚ ਜੇਕਰ ਉਨ੍ਹਾਂ ਦੀ ਏਸ਼ਿਆਈ ਸ਼ਕਲ 'ਤੇ ਲੋਕਾਂ ਦਾ ਧਿਆਨ ਨਾ ਜਾਂਦਾ ਤਾਂ ਉਹ ਉਨ੍ਹਾਂ ਨੂੰ ਇੱਕ ਨੌਜਵਾਨ ਫ੍ਰੈਂਚ ਬੁੱਧੀਜੀਵੀ ਹੀ ਸਮਝਦੇ। ਉਨ੍ਹਾਂ ਦਾ ਕੱਦ ਛੋਟਾ ਸੀ ਅਤੇ ਉਹ ਬਹੁਤ ਦੁਬਲੇ-ਪਤਲੇ ਸਨ। ਉਨ੍ਹਾਂ ਦੇ ਕਾਲੇ ਵਾਲ ਸਨ ਅਤੇ ਕਾਲੀਆਂ ਅੱਖਾਂ, ਜੋ ਲੋਕਾਂ ਵਿੱਚ ਡੂੰਘਾਈ ਨਾਲ ਦੇਖਦੀਆਂ ਸਨ, ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਸਨ।"
"ਉਹ ਮੋਂਮਾਤਰ ਇਲਾਕੇ ਦੇ ਇੱਕ ਹੋਟਲ ਦੇ ਇੱਕ ਗੰਦੇ ਕਮਰੇ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਪੇਸ਼ਾ ਪੁਰਾਣੀਆਂ ਤਸਵੀਰਾਂ ਨੂੰ ਸੁਧਾਰਨਾ ਅਤੇ ਵੱਡਾ ਕਰਨਾ ਸੀ। ਉਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਸ਼ੇਕਸਪੀਅਰ ਜਾਂ ਐਮਿਲ ਜ਼ੋਲਾ ਦੀ ਕਿਤਾਬ ਹੁੰਦੀ ਸੀ। ਉਹ ਸ਼ਾਂਤ ਸੀ ਪਰ ਡਰਪੋਕ ਨਹੀਂ।''
''ਉਹ ਨਾਟਕ, ਸਾਹਿਤ ਅਤੇ ਅਧਿਆਤਮਵਾਦ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਮੀਟਿੰਗਾਂ ਵਿੱਚ ਫਰਾਟੇਦਾਰ ਫ੍ਰੈਂਚ 'ਚ ਆਪਣੇ ਵਿਚਾਰ ਪ੍ਰਗਟ ਕਰਦੇ ਸਨ। ਉਨ੍ਹਾਂ ਨੇ ਪੱਛਮ ਦੇ ਪ੍ਰਭਾਵ ਨੂੰ ਆਪਣੇ ਅੰਦਰ ਸਮੋ ਤਾਂ ਲਿਆ ਸੀ ਪਰ ਉਸ ਦੇ ਪ੍ਰਭੁਤਵ 'ਚ ਆਉਣ ਲਈ ਤਿਆਰ ਨਹੀਂ ਸਨ।"
ਹੋ ਚੀ ਮਿਨ੍ਹ ਦੀ ਕਲਕੱਤਾ ਯਾਤਰਾ
ਇਹ ਇੱਕ ਮਸ਼ਹੂਰ ਕਿੱਸਾ ਹੈ ਕਿ 1941 ਵਿੱਚ ਅਚਾਨਕ ਕਲਕੱਤਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਤੋਂ ਸਾਰੇ ਸਾਥੀਆਂ ਨੂੰ ਫ਼ੋਨ ਕੀਤੇ ਗਏ ਕਿ ਉਨ੍ਹਾਂ ਨੂੰ ਤੁਰੰਤ ਪਾਰਟੀ ਦਫ਼ਤਰ ਪਹੁੰਚਣਾ ਚਾਹੀਦਾ ਹੈ।
ਕਮਿਊਨਿਸਟ ਆਗੂ ਮੋਹਿਤ ਸੇਨ ਆਪਣੀ ਆਤਮਕਥਾ 'ਅ ਟ੍ਰੈਵਲਰ ਐਂਡ ਦ ਰੋਡ, ਦ ਜਰਨੀ ਆਫ਼ ਐਨ ਇੰਡੀਅਨ ਕਮਿਊਨਿਸਟ' ਵਿੱਚ ਲਿਖਦੇ ਹਨ, "ਜਦੋਂ ਅਸੀਂ ਦਫ਼ਤਰ ਪਹੁੰਚੇ ਤਾਂ ਸਾਡੀ ਸਾਰਿਆਂ ਦੀ ਜਾਣ-ਪਛਾਣ ਇੱਕ ਪਤਲੇ ਆਦਮੀ, ਜਿਸ ਦੀਆਂ ਅੱਖਾਂ ਮੁਸਕਰਾਉਂਦੀਆਂ ਸਨ ਅਤੇ ਦਾੜ੍ਹੀ ਪਤਲੀ ਸੀ, ਨਾਲ ਕਰਵਾਈ ਗਈ। ਉਨ੍ਹਾਂ ਨੇ ਉਹ ਕੱਪੜੇ ਪਾਏ ਹੋਏ ਸਨ ਜੋ ਚੀਨੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਬਾਅਦ ਵਿੱਚ ਪਹਿਨਣੇ ਸ਼ੁਰੂ ਕੀਤੇ ਸਨ।''
''ਉਨ੍ਹਾਂ ਦੇ ਪੈਰਾਂ ਵਿੱਚ ਰਬੜ ਦੇ ਸੈਂਡਲ ਸਨ। ਉਨ੍ਹਾਂ ਦਾ ਨਾਮ ਹੋ ਚੀ ਮਿਨ੍ਹ ਸੀ। ਉਨ੍ਹਾਂ ਨੇ ਆਪਣੀ ਜਾਣ-ਪਛਾਣ ਕਰਵਾਈ ਅਤੇ ਕਿਹਾ ਕਿ ਉਹ ਫਰਾਂਸੀਸੀ ਸਰਕਾਰ ਨਾਲ ਗੱਲਬਾਤ ਕਰਨ ਲਈ ਪੈਰਿਸ ਜਾ ਰਹੇ ਹਨ। ਉਹ ਗ੍ਰੇਟ-ਈਸਟਰਨ ਹੋਟਲ ਵਿੱਚ ਠਹਿਰੇ ਹੋਏ ਸਨ ਅਤੇ ਉੱਥੇ ਇੱਕ ਵੇਟਰ ਦੀ ਮਦਦ ਨਾਲ ਕਮਿਊਨਿਸਟ ਪਾਰਟੀ ਦੇ ਦਫ਼ਤਰ ਪਹੁੰਚੇ ਸਨ।"
ਵੀਅਤਨਾਮ ਨੂੰ ਆਜ਼ਾਦ ਕਰਵਾਇਆ
ਜਦੋਂ ਵੀ ਹੋ ਚੀ ਮਿਨ੍ਹ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਵਿਰੋਧ ਅਤੇ ਇਨਕਲਾਬੀ ਭਾਵਨਾ ਵਰਗੇ ਸ਼ਬਦ ਆਪਣੇ ਆਪ ਹੀ ਯਾਦ ਆ ਜਾਂਦੇ ਹਨ। ਉਹ ਇੱਕ ਅਜਿਹੇ ਵਿਅਕਤੀ ਸਨ, ਜਿਨ੍ਹਾਂ ਦਾ ਉਨ੍ਹਾਂ ਦੇ ਜਿਉਂਦੇ ਜੀਅ ਇੱਕ ਪਾਸੇ ਤਾਂ ਬਹੁਤ ਸਤਿਕਾਰ ਮਿਲਦਾ ਸੀ, ਪਰ ਦੂਜੇ ਪਾਸੇ ਵਿਰੋਧੀ ਉਸਨੂੰ ਨਫ਼ਰਤ ਨਾਲ ਦੇਖਦੇ ਸਨ।
ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਬਸਤੀਵਾਦੀ ਸ਼ਾਸਨ ਅਧੀਨ ਰਹੇ ਆਪਣੇ ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਵਾਈ।
ਜੈਕਸਨ ਹਾਰਟੀ ਆਪਣੀ ਕਿਤਾਬ 'ਹੋ ਚੀ ਮਿਨ੍ਹ ਫਰਾਮ ਅ ਹੰਬਲ ਵਿਲੇਜ ਟੂ ਲੀਡਿੰਗ' ਵਿੱਚ ਲਿਖਦੇ ਹਨ, "ਮੱਧ ਵੀਅਤਨਾਮ ਦੇ ਇੱਕ ਪਿੰਡ ਤੋਂ ਦੇਸ਼ ਦੇ ਆਜ਼ਾਦੀ ਦੀ ਲੜਾਈ ਦੇ ਮੁਖੀ ਤੱਕ ਦਾ ਉਨ੍ਹਾਂ ਦਾ ਸਫ਼ਰ ਨਾ ਸਿਰਫ਼ ਸੰਘਰਸ਼ ਅਤੇ ਹਿੰਮਤ ਦੀ ਕਹਾਣੀ ਹੈ, ਸਗੋਂ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਵੀ ਹੈ ਜਿਸਨੇ ਦੁਨੀਆਂ ਦੀਆਂ ਸਭ ਤੋਂ ਸ਼ਕਤੀਸ਼ਾਲੀ ਸ਼ਕਤੀਆਂ ਦੁਆਰਾ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ।''
''ਵੀਅਤ ਮਿਨ੍ਹ ਦੇ ਆਗੂ ਦੇ ਰੂਪ ਵਿੱਚ ਉਨ੍ਹਾਂ ਨੇ ਨਾ ਸਿਰਫ਼ ਫਰਾਂਸੀਸੀ ਸਾਮਰਾਜਵਾਦੀਆਂ ਵਿਰੁੱਧ ਲੜਾਈ ਲੜੀ ਸਗੋਂ ਉਨ੍ਹਾਂ ਦੀ ਸਹਾਇਤਾ ਕਰਨ ਵਾਲੀ ਮਹਾਂਸ਼ਕਤੀ ਅਮਰੀਕਾ ਨੂੰ ਹਾਰ ਸਵੀਕਾਰ ਕਰਨ ਲਈ ਵੀ ਮਜਬੂਰ ਕੀਤਾ।"
ਸ਼ੁਰੂ ਵਿੱਚ ਅਮਰੀਕਾ ਨੇ ਪੱਲਾ ਝਾੜਿਆ
29 ਅਗਸਤ, 1945 ਨੂੰ ਵੀਅਤਨਾਮ ਦੀ ਆਜ਼ਾਦੀ ਲਈ ਲੜਨ ਵਾਲੇ ਸਮੂਹ ਵੀਅਤ ਮਿਨ੍ਹ ਨੇ ਹਨੋਈ ਨੂੰ ਜਾਪਾਨ ਤੋਂ ਆਜ਼ਾਦ ਕਰਵਾਇਆ।
2 ਸਤੰਬਰ ਨੂੰ ਵੀਅਤਨਾਮ ਸੁਤੰਤਰ ਰਾਸ਼ਟਰ ਦੀ ਸਥਾਪਨਾ ਕਰ ਦਿੱਤੀ ਗਈ। ਅਮਰੀਕਾ ਨੇ ਇਸ ਜਸ਼ਨ ਵਿੱਚ ਹਿੱਸਾ ਲਿਆ। ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਵੀਅਤਨਾਮ ਨੂੰ ਫਰਾਂਸੀਸੀਆਂ ਨੂੰ ਵਾਪਸ ਸੌਂਪਣ ਦੇ ਹੱਕ ਵਿੱਚ ਨਹੀਂ ਸਨ।
ਉਹ ਵੀਅਤਨਾਮ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਹੇਠ ਜਾਂ ਅਸਥਾਈ ਤੌਰ 'ਤੇ ਚੀਨੀ ਨਿਯੰਤਰਣ ਹੇਠ ਰੱਖਣ ਲਈ ਵੀ ਤਿਆਰ ਸਨ।
ਅਗਸਤ ਦੀ ਪੋਟਸਡਮ ਸੰਧੀ ਵਿੱਚ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨੇ ਵੀਅਤਨਾਮ ਦੀ ਉੱਤਰ ਅਤੇ ਦੱਖਣ ਵਿੱਚ ਵੰਡ ਕਰਕੇ ਉੱਤਰ ਵਿੱਚ ਜਾਪਾਨੀਆਂ ਤੋਂ ਹਥਿਆਰ ਰਖਵਾਉਣ ਅਤੇ ਕਾਨੂੰਨ-ਵਿਵਸਥਾ ਦਾ ਕੰਮ ਚੀਨ ਨੂੰ ਅਤੇ ਦੱਖਣ ਵਿੱਚ ਇਹ ਕੰਮ ਬ੍ਰਿਟੇਨ ਨੂੰ ਸੌਂਪਦੇ ਹੋਏ, ਭਵਿੱਖ ਵਿੱਚ ਰਾਸ਼ਟਰੀ ਏਕੀਕਰਨ ਦਾ ਰਸਤਾ ਬਣਾਉਣ ਦੀ ਸਲਾਹ ਦੇ ਨਾਲ ਆਪਣਾ ਪੱਲਾ ਝਾੜ ਲਿਆ।
ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਸ਼ੀਤ ਯੁੱਧ ਸ਼ੁਰੂ ਹੋਇਆ ਤਾਂ ਅਮਰੀਕਾ ਦੀਆਂ ਨਜ਼ਰਾਂ ਵਿੱਚ ਹੋ ਚੀ ਮਿਨ੍ਹ ਹੁਣ ਇੱਕ ਰਾਸ਼ਟਰਵਾਦੀ ਦੇਸ਼ਭਗਤ ਨਹੀਂ ਸੀ ਸਗੋਂ ਇੱਕ ਕੱਟੜ ਕਮਿਊਨਿਸਟ ਅਤੇ 'ਮਾਸਕੋ ਦੇ ਏਜੰਟ' ਬਣ ਗਏ ਸਨ।
ਵੀਕੇ ਸਿੰਘ ਆਪਣੀ ਕਿਤਾਬ 'ਹੋ ਚੀ ਮਿਨ੍ਹ ਅਤੇ ਉਨ੍ਹਾਂ ਦਾ ਵੀਅਤਨਾਮ' ਵਿੱਚ ਲਿਖਦੇ ਹਨ, "27 ਮਾਰਚ, 1947 ਦੇ ਟਰੂਮੈਨ ਸਿਧਾਂਤ" ਨੇ ਐਲਾਨ ਕੀਤਾ ਕਿ ਅਮਰੀਕਾ ਹਰੇਕ ਉਸ ਦੇਸ਼ ਦੀ ਮਦਦ ਕਰੇਗਾ ਜਿਸਨੂੰ ਅੰਦਰੂਨੀ ਬਗਾਵਤ, ਬਾਹਰੀ ਹਮਲੇ ਜਾਂ ਕਮਿਊਨਿਸਟ ਕਬਜ਼ੇ ਦਾ ਖ਼ਤਰਾ ਹੋਵੇ।''
''8 ਮਈ, 1950 ਨੂੰ ਅਮਰੀਕਾ ਨੇ ਵੀਅਤਨਾਮ ਵਿੱਚ ਫਰਾਂਸ ਨਾਲ ਇੱਕ ਰਣਨੀਤਕ ਸਹਾਇਤਾ ਸਮਝੌਤੇ 'ਤੇ ਹਸਤਾਖਰ ਕੀਤੇ। ਸਤੰਬਰ 1953 ਵਿੱਚ ਅਮਰੀਕੀ ਕਾਂਗਰਸ ਨੇ 900 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ। 1954 ਤੱਕ ਅਮਰੀਕਾ ਵੀਅਤਨਾਮ ਵਿੱਚ ਫਰਾਂਸ ਦੀ ਜੰਗ ਦੀ ਲਾਗਤ ਦਾ 80 ਫੀਸਦੀ ਖਰਚਾ ਚੁੱਕਣ ਲੱਗਾ ਸੀ।''
1954 ਵਿੱਚ ਫਰਾਂਸ ਨੂੰ ਦਿਏਨ ਬਿਏਨ ਫੂ ਵਿੱਚ ਫਰਾਂਸ ਨੂੰ ਇੱਕ ਫੈਸਲਾਕੁੰਨ ਹਾਰ ਦਾ ਸਾਹਮਣਾ ਕਰਨਾ ਪਿਆ। ਸਾਢੇ ਸੱਤ ਹਜ਼ਾਰ ਫਰਾਂਸੀਸੀ ਸੈਨਿਕ ਮਾਰੇ ਗਏ ਅਤੇ ਦਸ ਹਜ਼ਾਰ ਜੰਗੀ ਕੈਦੀ ਬਣ ਗਏ। 19 ਜੁਲਾਈ, 1954 ਨੂੰ ਜਿਨੇਵਾ ਸਮਝੌਤੇ ਦੇ ਤਹਿਤ ਜੰਗਬੰਦੀ ਦੇ ਨਾਲ ਫਰਾਂਸ-ਵੀਅਤ ਮਿਨ੍ਹ ਜੰਗ ਦਾ ਫੈਸਲਾਕੁੰਨ ਅੰਤ ਹੋਇਆ।
ਵੀਅਤ ਮਿਨ੍ਹ ਨੇ ਲੱਖਾਂ ਲੋਕਾਂ ਦੀ ਮੌਤ ਦੀ ਕੀਮਤ 'ਤੇ ਸਿੱਖਿਆ ਕਿ ਜੰਗਾਂ ਆਪਣੇ ਤੋਂ ਕਈ ਗੁਣਾ ਵੱਡੀਆਂ ਤਾਕਤਾਂ ਵਿਰੁੱਧ ਲੜੀਆਂ ਅਤੇ ਜਿੱਤੀਆਂ ਜਾ ਸਕਦੀਆਂ ਹਨ।
ਅਮਰੀਕਾ ਨੇ ਆਪਣੀ ਸਾਰੀ ਤਾਕਤ ਲਗਾਈ
ਜੇਨੇਵਾ ਸਮਝੌਤੇ ਤੋਂ ਬਾਅਦ ਵੀਅਤਨਾਮ ਨੂੰ ਇਕਜੁੱਟ ਕਰਨ ਦਾ ਰਸਤਾ ਲੱਭਣ ਦੀ ਬਜਾਏ ਰਾਸ਼ਟਰਪਤੀ ਆਈਜ਼ਨਹਾਵਰ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਜੌਨ ਫੋਸਟਰ ਡਲੇਸ ਨੇ ਉਸ ਖੇਤਰ ਵਿੱਚ ਕਮਿਊਨਿਜ਼ਮ ਦੇ ਫੈਲਾਅ ਨੂੰ ਰੋਕਣ ਲਈ ਦੱਖਣੀ ਵੀਅਤਨਾਮ ਨੂੰ ਇੱਕ ਵੱਖਰਾ ਦੇਸ਼ ਬਣਾਉਣ ਦਾ ਫੈਸਲਾ ਕੀਤਾ।
ਆਈਜ਼ਨਹਾਵਰ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਵੀਅਤਨਾਮ ਵਿੱਚ ਸਿੱਧੀ ਅਮਰੀਕੀ ਦਖਲਅੰਦਾਜ਼ੀ ਸ਼ੁਰੂ ਕੀਤੀ। ਇਸ ਤੋਂ ਬਾਅਦ ਕੈਨੇਡੀ, ਲਿੰਡਨ ਜੌਨਸਨ ਅਤੇ ਰਿਚਰਡ ਨਿਕਸਨ ਦੇ ਕਾਰਜਕਾਲ ਦੌਰਾਨ ਅਮਰੀਕੀ ਦਖਲਅੰਦਾਜ਼ੀ ਵਧਦੀ ਰਹੀ।
27 ਜਨਵਰੀ, 1965 ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੈਕਗਵਰਸ ਬੰਡੀ ਅਤੇ ਰੱਖਿਆ ਮੰਤਰੀ ਰੌਬਰਟ ਮੈਕਨਾਮਾਰਾ ਨੇ ਰਾਸ਼ਟਰਪਤੀ ਜਾਨਸਨ ਨੂੰ ਕਿਹਾ ਕਿ ਵੀਅਤਨਾਮ ਵਿੱਚ ਸੀਮਤ ਫੌਜੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ।
ਹੁਣ ਅਮਰੀਕਾ ਕੋਲ ਸਿਰਫ਼ ਦੋ ਹੀ ਵਿਕਲਪ ਸਨ। ਜਾਂ ਤਾਂ ਇਸਨੂੰ ਲੜਾਈ ਵਿੱਚ ਪੂਰੀ ਤਰ੍ਹਾਂ ਕੁੱਦਣਾ ਚਾਹੀਦਾ ਹੈ ਜਾਂ ਫਿਰ ਇਸਨੂੰ ਉੱਥੋਂ ਪੂਰੀ ਤਰ੍ਹਾਂ ਪਿੱਛੇ ਹਟ ਜਾਣਾ ਚਾਹੀਦਾ ਹੈ। 6 ਫਰਵਰੀ, 1965 ਨੂੰ ਜਾਨਸਨ ਨੇ 'ਓਪਰੇਸ਼ਨ ਫਲੇਮਿੰਗ ਡਾਰਟ' ਨੂੰ ਮਨਜ਼ੂਰੀ ਦਿੱਤੀ।
ਅਮਰੀਕੀ ਫੌਜਾਂ ਦੀ ਤਾਕਤ ਦੇ ਬਾਵਜੂਦ ਉੱਤਰੀ ਵੀਅਤਨਾਮ ਦੀ ਫੌਜ ਨੇ ਇਸਨੂੰ ਕੜੀ ਟੱਕਰ ਦਿੱਤੀ।
ਡੇਵਿਡ ਲੇਨ ਫੈਮ ਹੋ ਚੀ ਮਿਨ੍ਹ ਦੀ ਜੀਵਨੀ ਵਿੱਚ ਲਿਖਦੇ ਹਨ, "ਹੋ ਚੀ ਮਿਨ੍ਹ ਦੀ ਰਣਨੀਤਕ ਲੀਡਰਸ਼ਿਪ ਅਤੇ ਉੱਤਰੀ ਵੀਅਤਨਾਮ ਵਿੱਚ ਕਮਿਊਨਿਸਟ ਸ਼ਾਸਨ ਨੇ ਵੀਅਤਕਾਂਗ ਨੂੰ ਲੜਾਈ ਜਾਰੀ ਰੱਖਣ ਲਈ ਲੋੜੀਂਦੇ ਸਰੋਤ ਅਤੇ ਵਿਚਾਰਧਾਰਕ ਸਮਰਥਨ ਪ੍ਰਦਾਨ ਕੀਤਾ। ਅਮਰੀਕੀਆਂ ਨੂੰ ਜਲਦ ਹੀ ਅਹਿਸਾਸ ਹੋ ਗਿਆ ਕਿ ਉਹ ਇੱਕ ਫੌਜੀ ਤਾਕਤ ਨਾਲ ਨਹੀਂ ਸਗੋਂ ਪੂਰੇ ਜਨਤਾ ਨਾਲ ਲੜ ਰਹੇ ਹਨ।''
''ਇਹ ਯੁੱਧ ਅਮਰੀਕਾ ਲਈ ਇੱਕ ਦਲਦਲ ਬਣ ਗਿਆ, ਜਿਸ ਵਿੱਚ ਜਿੱਤ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਅਮਰੀਕੀ ਫੌਜ ਨੂੰ ਨਾ ਸਿਰਫ਼ ਵੀਅਤਨਾਮ ਵਿੱਚ ਹੋ ਚੀ ਮਿਨ੍ਹ ਦੀਆਂ ਫੌਜਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਵੀ ਜੰਗ ਵਿਰੋਧੀ ਅੰਦੋਲਨ ਜ਼ੋਰ ਫੜ੍ਹਨ ਲੱਗਿਆ, ਜਿਸ ਨੇ ਯੁੱਧ ਦੀ ਨੈਤਿਕਤਾ ਅਤੇ ਪ੍ਰਭਾਵਸ਼ੀਲਤਾ 'ਤੇ ਸਵਾਲ ਉਠਾਏ।"
ਗੁਰੀਲਾ ਯੁੱਧ 'ਤੇ ਜ਼ੋਰ
ਪੂਰੀ ਜੰਗ ਦੌਰਾਨ ਹੋ ਚੀ ਮਿਨ੍ਹ ਨੇ ਬਦਲਦੇ ਹਾਲਾਤਾਂ ਅਨੁਸਾਰ ਆਪਣੇ-ਆਪ ਨੂੰ ਅਨੁਕੂਲ ਬਣਾਉਣ ਅਦਭੁਤ ਯੋਗਤਾ ਦਿਖਾਈ।
ਵਿਲੀਅਮ ਜੇ ਡਾਇਕਾ ਨੇ ਆਪਣੀ ਕਿਤਾਬ 'ਹੋ ਚੀ ਮਿਨ੍ਹ ਅ ਲਾਈਫ' ਵਿੱਚ ਲਿਖਿਆ, "ਹੋ ਦੀ ਲੀਡਰਸ਼ਿਪ ਨੇ ਲੜਾਈ ਦੌਰਾਨ ਉੱਤਰੀ ਵੀਅਤਨਾਮ ਦੇ ਸੰਕਲਪ ਨੂੰ ਬਣਾਈ ਰੱਖਣ ਅਤੇ ਵੀਅਤਨਾਮੀ ਲੋਕਾਂ ਨੂੰ ਰਾਸ਼ਟਰਵਾਦ ਅਤੇ ਸਮਾਜਵਾਦ ਦੇ ਝੰਡੇ ਹੇਠ ਇੱਕਜੁੱਟ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੰਘਰਸ਼ ਬਾਰੇ ਉਨ੍ਹਾਂ ਦੀ ਸਮਝ ਅਤੇ ਮੁਸ਼ਕਲ ਸਮਿਆਂ ਦੌਰਾਨ ਉਨ੍ਹਾਂ ਦੀ ਠੋਸ ਅਗਵਾਈ, ਉਨ੍ਹਾਂ ਦੀ ਸਫਲਤਾ ਦਾ ਮੁੱਖ ਕਾਰਨ ਬਣੀ।"
ਹੋ ਚੀ ਮਿਨ੍ਹ ਦੀ ਸਫਲਤਾ ਦਾ ਇੱਕ ਵੱਡਾ ਕਾਰਨ ਗੁਰੀਲਾ ਯੁੱਧ 'ਤੇ ਉਨ੍ਹਾਂ ਦਾ ਜ਼ੋਰ ਦੇਣਾ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੰਗਲਾਂ ਨਾਲ ਭਰੇ ਵੀਅਤਨਾਮ ਵਰਗੇ ਦੇਸ਼ ਵਿੱਚ ਰਵਾਇਤੀ ਯੁੱਧ ਨਹੀਂ ਲੜਿਆ ਜਾ ਸਕਦਾ। ਉਨ੍ਹਾਂ ਦੀ ਰਣਨੀਤੀ ਇਹ ਸੀ ਕਿ ਵੀਅਤਕਾਂਗ ਪੇਂਡੂ ਆਬਾਦੀ ਨਾਲ ਰਲ਼ ਜਾਣਾ, ਅਮਰੀਕੀ ਸੈਨਿਕਾਂ 'ਤੇ ਅਚਾਨਕ ਹਮਲਾ ਕਰਨਾ ਅਤੇ ਜੰਗਲਾਂ ਅਤੇ ਪਿੰਡਾਂ ਵਿੱਚ ਅਲੋਪ ਹੋ ਜਾਣ। ਅਮਰੀਕੀ ਸੈਨਿਕਾਂ ਨੂੰ ਇਸ ਕਿਸਮ ਦੀ ਲੜਾਈ ਲਈ ਸਿਖਲਾਈ ਨਹੀਂ ਦਿੱਤੀ ਗਈ ਸੀ।
ਚੀਨ ਅਤੇ ਸੋਵੀਅਤ ਸੰਘ ਦਾ ਸਹਿਯੋਗ
ਹੋ ਚੀ ਮਿਨ੍ਹ ਦੀ ਸਫਲਤਾ ਦਾ ਇੱਕ ਹੋਰ ਕਾਰਨ ਸੋਵੀਅਤ ਸੰਘ ਅਤੇ ਚੀਨ ਦਾ ਪੂਰਾ ਫੌਜੀ ਅਤੇ ਰਾਜਨੀਤਿਕ ਸਮਰਥਨ ਵੀ ਸੀ। 1957 ਵਿੱਚ ਹੋ ਚੀਨ ਦੇ ਦੌਰੇ 'ਤੇ ਗਏ ਸਨ।
ਸਾਬਕਾ ਭਾਰਤੀ ਵਿਦੇਸ਼ ਮੰਤਰੀ ਨਟਵਰ ਸਿੰਘ ਆਪਣੀ ਕਿਤਾਬ 'ਫਰੌਮ ਹਾਰਟ ਟੂ ਹਾਰਟ' ਵਿੱਚ ਲਿਖਦੇ ਹਨ, "ਜਦੋਂ ਹੋ ਪੀਕਿੰਗ ਆਏ ਸਨ ਤਾਂ ਮਾਓਤਸੇ ਤੁੰਗ ਤੋਂ ਲੈ ਕੇ ਚਾਉ ਐਨ ਲਾਈ ਅਤੇ ਲਿਉ ਸ਼ਾਓ ਚੀ ਤੱਕ ਚੀਨ ਦੀ ਪੂਰੀ ਉੱਚ ਲੀਡਰਸ਼ਿਪ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਆਈ ਸੀ। ਉਹ ਚੱਪਲਾਂ ਪਾ ਕੇ ਜਹਾਜ਼ ਤੋਂ ਹੇਠਾਂ ਉਤਰੇ ਸਨ। ਉਹ ਬਾਹਰੋਂ ਜ਼ਰੂਰ ਬਹੁਤ ਨਰਮ ਦਿਖਾਈ ਦੇ ਰਹੇ ਸਨ ਪਰ ਉਨ੍ਹਾਂ ਦੀਆਂ ਹੱਡੀਆਂ ਲੋਹੇ ਵਾਂਗ ਮਜ਼ਬੂਤ ਸਨ।"
ਹੋ ਚੀ ਮਿਨ੍ਹ 1953 ਵਿੱਚ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਮਾਸਕੋ ਵਿੱਚ ਸਟਾਲਿਨ ਨੂੰ ਮਿਲੇ ਸਨ।
ਵਿਲੀਅਮ ਡਾਈਕ ਲਿਖਦੇ ਹਨ, "ਇਸ ਮੁਲਾਕਾਤ ਵਿੱਚ ਸਟਾਲਿਨ ਨੇ ਦੋ ਕੁਰਸੀਆਂ ਵੱਲ ਇਸ਼ਾਰਾ ਕੀਤਾ ਅਤੇ ਹੋ ਨੂੰ ਪੁੱਛਿਆ ਕਿ ਇਨ੍ਹਾਂ ਵਿੱਚੋਂ ਇੱਕ ਕੁਰਸੀ ਰਾਸ਼ਟਰਵਾਦੀਆਂ ਲਈ ਹੈ ਅਤੇ ਦੂਜੀ ਅੰਤਰਰਾਸ਼ਟਰੀਵਾਦੀਆਂ ਲਈ ਹੈ। ਤੁਸੀਂ ਇਨ੍ਹਾਂ ਵਿੱਚੋਂ ਕਿਸ 'ਤੇ ਬੈਠਣਾ ਪਸੰਦ ਕਰੋਗੇ? ਹੋ ਨੇ ਜਵਾਬ ਦਿੱਤਾ, 'ਕਾਮਰੇਡ ਸਟਾਲਿਨ ਮੈਂ ਦੋਵਾਂ ਕੁਰਸੀਆਂ 'ਤੇ ਬੈਠਣਾ ਪਸੰਦ ਕਰਾਂਗਾ।' ਸਟਾਲਿਨ ਨੇ ਹੋ ਦੀ ਹਾਜ਼ਿਰਜਵਾਬੀ ਦੀ ਬਹੁਤ ਪ੍ਰਸ਼ੰਸਾ ਕੀਤੀ।''
''ਜਦੋਂ ਲਗੱਡੀ ਰਾਹੀਂ ਮਾਸਕੋ ਤੋਂ ਪੀਕਿੰਗ ਦੇ ਰਸਤੇ ਹਨੋਈ ਵਾਪਸ ਆਉਂਦੇ ਹੋਏ ਹੋ ਚੀ ਮਿਨ੍ਹ ਇਹ ਕਿੱਸਾ ਨਾਲ ਸਫ਼ਰ ਕਰ ਰਹੇ ਮਾਓਤਸੇ ਤੁੰਗ ਅਤੇ ਚਾਉ ਐਨ ਲਾਈ ਨੂੰ ਸੁਣਾਇਆ ਤਾਂ ਉਨ੍ਹਾਂ ਨੇ ਕਿਹਾ, ਸਟਾਲਿਨ ਤੋਂ ਕੁਝ ਪ੍ਰਾਪਤ ਉਸੇ ਤਰ੍ਹਾਂ ਹੈ ਜਿਵੇਂ ਸ਼ੇਰ ਦੇ ਮੂੰਹ ਵਿੱਚੋਂ ਮਾਸ ਖੋਹ ਲੈਣਾ।"
79 ਸਾਲ ਦੀ ਉਮਰ ਵਿੱਚ ਦੇਹਾਂਤ
ਹੋ ਚੀ ਮਿਨ੍ਹ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਨਹਿਰੂ ਪ੍ਰਧਾਨ ਮੰਤਰੀ ਵਜੋਂ ਦੋ ਵਾਰ ਹੋ ਨੂੰ ਮਿਲੇ ਸਨ।
ਇੱਕ ਵਾਰ 1954 ਵਿੱਚ ਹਨੋਈ ਵਿੱਚ ਅਤੇ ਦੂਜੀ ਵਾਰ 1958 ਵਿੱਚ ਦਿੱਲੀ ਵਿੱਚ ਜਦੋਂ ਹੋ ਚੀ ਮਿਨ੍ਹ ਇੱਕ ਸਰਕਾਰੀ ਦੌਰੇ 'ਤੇ ਭਾਰਤ ਆਏ ਸਨ।
ਇਸੇ ਯਾਤਰਾ ਦੌਰਾਨ ਭਾਰਤ ਦੀ ਮਸ਼ਹੂਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਵੀ ਹੋ ਚੀ ਮਿਨ੍ਹ ਨੂੰ ਮਿਲੇ ਸਨ।
ਉਨ੍ਹਾਂ ਨੇ ਆਪਣੀ ਆਤਮਕਥਾ ਰਸੀਦੀ ਟਿਕਟ ਵਿੱਚ ਲਿਖਿਆ, "ਹੋ ਚੀ ਮਿਨ੍ਹ ਨੇ ਮੇਰੇ ਮੱਥੇ ਨੂੰ ਚੁੰਮਿਆ ਅਤੇ ਕਿਹਾ, 'ਅਸੀਂ ਦੋਵੇਂ ਸਿਪਾਹੀ ਹਾਂ। ਤੂੰ ਕਲਮ ਨਾਲ ਲੜਦੀ ਹੈਂ। ਮੈਂ ਤਲਵਾਰ ਨਾਲ ਲੜਦਾ ਹਾਂ।'"
1969 ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦੀ ਸ਼ੁਤੁਆਤ ਹੋਈ। ਅਗਸਤ ਤੱਕ ਇਹ ਬਿਮਾਰੀ ਗੰਭੀਰ ਹੋ ਗਈ ਅਤੇ 2 ਸਤੰਬਰ, 1969 ਨੂੰ ਸਵੇਰੇ 9:45 ਵਜੇ ਹੋ ਚੀ ਮਿਨ੍ਹ ਨੇ 79 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
ਪੂਰਾ ਵੀਅਤਨਾਮ ਸੋਗ ਵਿੱਚ ਡੁੱਬ ਗਿਆ ਪਰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਕਿਹਾ ਕਿ ਉਹ ਹੋ ਚੀ ਮਿਨ੍ਹ ਦੀਆਂ ਨੀਤੀਆਂ ਨੂੰ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਉਨ੍ਹਾਂ ਦੀ ਧਰਤੀ 'ਤੇ ਇੱਕ ਵੀ ਵਿਦੇਸ਼ੀ ਰਹਿੰਦਾ ਹੈ।
ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਲਗਭਗ ਇੱਕ ਲੱਖ ਲੋਕਾਂ ਨੇ ਹਿੱਸਾ ਲਿਆ। 121 ਦੇਸ਼ਾਂ ਨੇ ਵੀਅਤਨਾਮ ਨੂੰ ਸ਼ੋਕ ਸੰਦੇਸ਼ ਭੇਜੇ। ਅਮਰੀਕਾ ਨੇ ਇੱਕ ਵੀ ਸ਼ਬਦ ਨਹੀਂ ਕਿਹਾ ਪਰ ਇੱਕ ਦਿਨ ਲਈ ਵੀਅਤਨਾਮ 'ਤੇ ਬੰਬਾਰੀ ਰੋਕ ਦਿੱਤੀ।
ਉਨ੍ਹਾਂ ਦੀ ਮੌਤ ਤੋਂ ਛੇ ਸਾਲ ਬਾਅਦ 1975 ਵਿੱਚ ਅਮਰੀਕਾ ਨੂੰ ਉਨ੍ਹਾਂ ਦਾ ਦੇਸ਼ ਛੱਡਣਾ ਪਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ