You’re viewing a text-only version of this website that uses less data. View the main version of the website including all images and videos.
ਚੀਨ ਦਾ 'ਬਾਕਸਰ ਵਿਦਰੋਹ' ਕੀ ਸੀ ਜਿਸ ਨੂੰ ਦਬਾਉਣ ਲਈ ਬ੍ਰਿਟਿਸ਼ ਰਾਜ ਨੇ ਭਾਰਤੀ ਸਿੱਖ ਫੌਜੀਆਂ ਨੂੰ ਭੇਜਿਆ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
4 ਅਗਸਤ, 1900 ਨੂੰ ਸਿੱਖ ਅਤੇ ਪੰਜਾਬੀ ਰੈਜੀਮੈਂਟਾਂ ਦੇ ਫੌਜੀ ਤਿਆਨਜਿਨ ਤੋਂ ਰਵਾਨਾ ਹੋਏ, ਜੋ ਕਿ ਅੱਠ ਦੇਸ਼ਾਂ ਦੇ ਵੱਡੇ ਗਠਜੋੜ ਦਾ ਹਿੱਸਾ ਸਨ। ਉਨ੍ਹਾਂ ਨੂੰ ਘੇਰੇ ਹੋਏ ਕੁਆਰਟਰ ਦੀ ਸਹਾਇਤਾ ਲਈ ਭੇਜਿਆ ਗਿਆ ਸੀ।
ਦਰਅਸਲ, ਉਸ ਸਮੇਂ ਚੀਨ ਵਿੱਚ 'ਬਾਕਸਰ ਵਿਦਰੋਹ' ਚੱਲ ਰਿਹਾ ਸੀ ਅਤੇ ਬ੍ਰਿਟਿਸ਼ ਭਾਰਤੀ ਫੌਜਾਂ ਨੂੰ ਇੱਥੇ ਚਰਚਾਂ ਅਤੇ ਈਸਾਈ ਮਿਸ਼ਨਰੀਆਂ ਦੀ ਰਾਖੀ ਲਈ ਭੇਜਿਆ ਗਿਆ ਸੀ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਚੀਨ ਦੇ ਤਿਆਨਜਿਨ ਵਿੱਚ ਮੁਲਾਕਾਤ ਹੋਈ ਜਿਸ ਤੋਂ ਬਾਅਦ ਇਹ ਸ਼ਹਿਰ ਇੱਕ ਵਾਰ ਫਿਰ ਚਰਚਾ ਵਿੱਚ ਹੈ।
ਇਸ ਲੜਾਈ ਦਾ ਹਿੱਸਾ ਰਹੇ ਠਾਕੁਰ ਗਦਾਧਰ ਸਿੰਘ ਆਪਣੀ ਕਿਤਾਬ, 'ਥਰਟੀਨ ਮੰਥਸ ਇਨ ਚਾਇਨਾ' ਵਿੱਚ ਲਿਖਦੇ ਹਨ ਕਿ ਬੀਜਿੰਗ ਨੂੰ ਆਜ਼ਾਦ ਕਰਵਾਉਣ ਲਈ ਤਿੰਨ ਹਜ਼ਾਰ ਬ੍ਰਿਟਿਸ਼ ਸੈਨਿਕਾਂ ਨੂੰ ਜਾਣ ਦੇ ਹੁਕਮ ਦਿੱਤੇ ਗਏ ਸਨ।
ਇਨ੍ਹਾਂ ਵਿੱਚ ਪਹਿਲੀ ਸਿੱਖ ਇਨਫੈਂਟਰੀ ਦੇ 500 ਸੈਨਿਕ. 7ਵੀਂ ਰਾਜਪੂਤ ਬਟਾਲੀਅਨ ਦੇ 500 ਸੈਨਿਕ, 24ਵੀਂ ਪੰਜਾਬ ਬਟਾਲੀਅਨ (ਇਨਫੈਂਟਰੀ) ਦੇ 250, ਪਹਿਲੀ ਬੰਗਾਲ ਲੈਂਸਰਸ ਦੇ 400, ਰਾਇਲ ਵੇਲਜ਼ (ਵੈਲਚ) ਫਿਊਜ਼ਿਲੀਅਰ ਵ੍ਹਾਈਟ ਬਟਾਲੀਅਨ ਦੇ 300 ਅਤੇ ਹਾਂਗਕਾਂਗ ਹਿੰਦੁਸਤਾਨੀ ਬਟਾਲੀਅਨ ਦੇ 100 ਸੈਨਿਕ ਸ਼ਾਮਲ ਸਨ।
"ਬਾਕੀ ਫੌਜਾਂ ਅਤੇ ਗੋਲਾ ਬਾਰੂਦ ਤਿਆਨਜਿਨ ਅਤੇ ਹੋਰ ਥਾਵਾਂ 'ਤੇ ਮਜ਼ਬੂਤੀ ਲਈ ਛੱਡ ਦਿੱਤੇ ਗਏ ਸਨ।"
ਬਾਕਸਰ ਦਾ ਵਿਦਰੋਹ ਕੀ ਸੀ ?
ਬਾਰਕਸ ਦਾ ਵਿਦਰੋਹ ਦੁਨੀਆਂ ਦੇ ਇਤਿਹਾਸ ਵਿੱਚ ਵੱਡੀ ਘਟਨਾ ਵਜੋਂ ਦਰਜ ਹੈ। ਬਾਕਸਰ ਈਸਾਈ ਮਿਸ਼ਨਰੀਆਂ ਨੂੰ ਆਪਣੇ ਦੇਸ਼ ਵਿੱਚ ਨਿਸ਼ਾਨਾ ਬਣਾ ਰਹੇ ਸਨ।
ਅੱਠ-ਦੇਸ਼ਾਂ ਦੇ ਗਠਜੋੜ ਵੱਲੋਂ ਚੀਨ ਵਿੱਚ ਫੌਜ ਭੇਜੀ ਗਈ ਜਿਨ੍ਹਾਂ ਵਿੱਚ ਬ੍ਰਿਟੇਨ, ਫ਼ਰਾਂਸ, ਜਰਮਨੀ, ਰੂਸ, ਜਪਾਨ, ਸੰਯੁਕਤ ਰਾਜ, ਇਟਲੀ ਅਤੇ ਆਸਟਰੀਆ-ਹੰਗਰੀ ਸ਼ਾਮਿਲ ਸਨ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਸਾਲ 1899 ਤੋਂ 1901 ਵਿਚਕਾਰ ਉੱਤਰੀ ਚੀਨ ਵਿੱਚ "ਬਾਕਸਰ ਵਿਦਰੋਹ" ਚੀਨ ਦੀ ਚਿੰਗ ਸਰਕਾਰ ਵਿੱਚ ਹੋ ਰਹੇ ਸੁਧਾਰਾਂ ਨੂੰ ਰੋਕਣ, ਵਿਦੇਸ਼ੀਆਂ ਨੂੰ ਕੱਢਣ ਅਤੇ ਪਰੰਪਰਾਗਤ ਸ਼ਾਸਨ ਨੂੰ ਦੁਬਾਰਾ ਸਥਾਪਤ ਕਰਨ ਦੀ ਕੋਸ਼ਿਸ਼ ਸੀ।
ਇਹ ਬਗ਼ਾਵਤ ਵਿਦੇਸ਼ੀ ਦਖ਼ਲਅੰਦਾਜ਼ੀ ਕਾਰਨ ਨਾਕਾਮ ਰਹੀ, ਜਿਸ ਤੋਂ ਬਾਅਦ ਪੱਛਮੀ ਤਾਕਤਾਂ, ਰੂਸ ਅਤੇ ਜਪਾਨ ਨੇ ਕਮਜ਼ੋਰ ਚਿੰਗ ਸਰਕਾਰ ਤੋਂ ਹੋਰ ਛੋਟਾਂ ਅਤੇ ਲਾਭ ਹਾਸਲ ਕਰ ਲਏ।
ਉੱਤਰੀ ਚੀਨ ਵਿੱਚ ਕਿਸਾਨ ਬਾਗ਼ੀ ਆਪਣੇ ਆਪ ਨੂੰ "ਬਾਕਸਰ" ਕਹਿੰਦੇ ਸਨ। ਉਨ੍ਹਾਂ ਨੇ ਇਸਾਈ ਮਿਸ਼ਨਰੀਆਂ ਅਤੇ ਧਰਮ ਪਰਿਵਰਤਨ ਕਰਨ ਵਾਲਿਆਂ ਲਈ ਮੌਤ ਦੀ ਮੰਗ ਕੀਤੀ ਸੀ। ਇਹ ਧਰਮ ਪਰਿਵਰਤਨ ਕਰਨ ਵਾਲੇ ਚੀਨ ਦੇ ਗ਼ੱਦਾਰ ਮੰਨੇ ਜਾਂਦੇ ਸਨ।
ਸ਼ੁਰੂ ਵਿੱਚ, ਚੀਨੀ ਰਾਜ ਦਰਬਾਰ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ, ਜਿਸ ਕਾਰਨ ਬਹੁਤ ਸਾਰੇ ਚੀਨੀ ਇਸਾਈਆਂ ਦਾ ਕਤਲ ਹੋਇਆ, ਪਰ ਆਖ਼ਰਕਾਰ ਇਹ ਬਗ਼ਾਵਤ ਦਬਾ ਦਿੱਤੀ ਗਈ।
ਗਦਾਧਰ ਸਿੰਘ ਲਿਖਦੇ ਹਨ, "ਸਾਡੀ 7ਵੀਂ ਰਾਜਪੂਤ ਬਟਾਲੀਅਨ ਚੀਨ ਪਹੁੰਚਣ ਵਾਲੀਆਂ ਹਿੰਦੁਸਤਾਨੀ ਫੌਜਾਂ ਵਿੱਚੋਂ ਸਭ ਤੋਂ ਪਹਿਲੀ ਸੀ। ਇਸ ਲਈ ਸਾਡਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।"
ਉਸ ਸਮੇਂ ਦੇ ਹਾਲਾਤ ਬਾਰੇ ਉਹ ਲਿਖਦੇ ਹਨ, "ਤਿਆਨਜਿਨ ਇੱਕ ਵੱਡਾ ਅਤੇ ਖੁਸ਼ਹਾਲ ਸ਼ਹਿਰ ਹੈ ਜਾਂ ਸੀ, ਜੋ ਉੱਤਰੀ ਚੀਨ ਵਿੱਚ ਵਸਿਆ ਹੋਇਆ ਹੈ। ਇਹ ਇੱਕ ਸ਼ਹਿਰ ਹੈ, ਪਰ ਬਿਨ੍ਹਾਂ ਵੱਸਣ ਵਾਲਿਆਂ ਦੇ! ਘਰ ਹਨ ਪਰ ਰਹਿਣ ਵਾਲੇ ਨਹੀਂ! ਲਾਸ਼ਾਂ ਹਨ ਪਰ ਜਾਨ ਨਹੀਂ! ਓਹ! ਫਿਰ ਕੁਝ ਵੀ ਨਹੀਂ!"
ਉਹ ਅੱਗੇ ਲਿਖਦੇ ਹਨ, "ਤਿਆਨਜਿਨ ਵਿੱਚ ਲਗਭਗ 800 ਵਿਦੇਸ਼ੀ ਮਾਰੇ ਗਏ! ਜਿਸ ਅਮਰੀਕੀ ਨਾਲ ਮੈਂ ਗੱਲ ਕੀਤੀ, ਉਸ ਨੇ ਜਪਾਨੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ।"
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਤਿਆਨਜਿਨ ਵਿੱਚ ਆਮਦ ਅਤੇ ਜਿੱਤ ਦੋਵੇਂ ਸਿਰਫ ਜਪਾਨੀਆਂ ਦੀ ਵਜ੍ਹਾ ਨਾਲ ਸੰਭਵ ਹੋਈ। ਨਹੀਂ ਤਾਂ ਇਹ ਅਸੰਭਵ ਹੁੰਦਾ।"
ਸਿੱਖ ਸੈਨਿਕਾਂ ਦੀ ਬਹਾਦਰੀ
ਯੂਕੇ ਸਿਵਲ ਸਰਵਿਸ ਤੋਂ ਸੇਵਾ ਮੁਕਤ ਗੁਰਮੁਖ ਸਿੰਘ ਆਪਣੀ ਕਿਤਾਬ, ਐਂਗਲੋ-ਸਿੱਖ ਰਿਲੇਸ਼ਨ ਐਂਡ ਦਿ ਵਰਲਡ ਵਾਰਜ਼ ਵਿੱਚ ਲਿਖਦੇ ਹਨ ਕਿ ਇਸ ਬਗ਼ਾਵਤ ਨੂੰ ਕੁਚਲਣ ਤੋਂ ਬਾਅਦ ਅਮਨ ਕਾਇਮ ਰੱਖਣ ਲਈ ਭਾਰਤੀ ਫੌਜ ਨੂੰ ਉੱਥੇ ਤੈਨਾਤ ਕੀਤਾ ਗਿਆ ਸੀ।
ਉਹ ਲਿਖਦੇ ਹਨ, "13 ਜੂਨ 1904 ਨੂੰ 47ਵੀਂ ਸਿੱਖ ਰੈਜੀਮੈਂਟ ਨੂੰ ਉੱਤਰੀ ਚੀਨ ਵਿੱਚ ਡਿਊਟੀ ਕਰਨ ਦੇ ਆਦੇਸ਼ ਦਿੱਤੇ ਗਏ, ਜਿੱਥੇ ਉਨ੍ਹਾਂ ਨੂੰ ਬਾਕਸਰ ਬਗਾਵਤ ਤੋਂ ਬਾਅਦ ਕਾਇਦੇ-ਕਾਨੂੰਨ ਬਹਾਲ ਕਰਨ ਲਈ ਗਠਜੋੜੀ ਫੌਜ ਦੇ ਹਿੱਸੇ ਵਜੋਂ ਤਾਇਨਾਤ ਕੀਤਾ ਗਿਆ।"
"ਇਹ ਰੈਜੀਮੈਂਟ ਤਿੰਨ ਸਾਲ ਤੱਕ ਚੀਨ ਦੇ ਟੀਐਂਜਿਨ (ਤਿਆਨਜਿਨ) ਅਤੇ ਲੂਤਾਈ ਸ਼ਹਿਰਾਂ ਵਿੱਚ ਰਹੀ ਯਾਨੀ ਮਈ 1905 ਦੀ ਸ਼ੁਰੂਆਤ ਤੋਂ ਲੈ ਕੇ ਅਪ੍ਰੈਲ 1908 ਤੱਕ। ਇਨ੍ਹਾਂ ਨੇ ਇਲਾਕੇ ਵਿੱਚ ਕਾਨੂੰਨ ਅਤੇ ਕਾਇਦਾ ਕਾਇਮ ਰੱਖਣ ਲਈ ਬਹੁਤ ਹੀ ਦਲੇਰੀ ਨਾਲ ਕੰਮ ਕੀਤਾ।"
ਗੁਰਮੁਖ ਸਿੰਘ ਲਿਖਦੇ ਹਨ ਕਿ ਉੱਤਰੀ ਚੀਨ ਫੋਰਸ ਦੇ ਕਮਾਂਡਰ, ਬ੍ਰਿਗੇਡੀਅਰ ਜਨਰਲ ਡਬਲਯੂ. ਐੱਚ. ਵਾਲਟਰਨਜ਼ ਇਨ੍ਹਾਂ ਦੀ ਕਾਰਗੁਜ਼ਾਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਜਾਣ ਸਮੇਂ ਉਨ੍ਹਾਂ ਨੇ ਕਿਹਾ,"……ਤੁਸੀਂ ਮਹਾਰਾਜਾ ਦੀ ਫੌਜ ਦੀ ਕਿਸੇ ਵੀ ਯੂਨਿਟ ਤੋਂ ਘੱਟ ਨਹੀਂ ਹੋ।"
ਇਸ ਦੇ ਨਾਲ ਹੀ ਉਹ ਲਿਖਦੇ ਹਨ ਕਿ ਜਰਮਨ ਫੀਲਡ ਮਾਰਸ਼ਲ ਵਾਨ ਵਾਲਡਰਸੀ ਨੇ ਸ਼ੰਘਾਈ ਵਿੱਚ ਸਿੱਖਾਂ ਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੀ ਸਰੀਰਕ ਬਣਤਰ ਅਤੇ ਫੌਜੀ ਚਾਲ-ਢਾਲ ਦੀ ਬਹੁਤ ਪ੍ਰਸ਼ੰਸਾ ਕੀਤੀ।
ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਕੇਵਲ ਛੇ ਸਾਲ ਬਾਅਦ, ਇਹੀ 47ਵੀਂ ਸਿੱਖ ਰੈਜੀਮੈਂਟ ਫਰਾਂਸ ਵਿੱਚ ਉਨ੍ਹਾਂ ਦੇ ਸਭ ਤੋਂ ਵਧੀਆ ਜਰਮਨ ਸਿਪਾਹੀਆਂ ਨੂੰ ਹਰਾਵੇਗੀ।
ਮਿਲਟਰੀ ਦੇ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਕਹਿੰਦੇ ਹਨ ਕਿ ਸਿੱਖ ਫੌਜੀਆਂ ਦੇ ਅਫ਼ਸਰਾਂ ਵੱਲੋਂ ਫੌਜ ਦੀ ਟਰੇਨਿੰਗ ਅਤੇ ਹਥਿਆਰਾਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ ਜਿਸ ਕਾਰਨ ਵੀ ਉਨ੍ਹਾਂ ਦਾ ਇਸ ਲੜਾਈ ਦੌਰਾਨ ਦਬਦਬਾ ਬਣਿਆ ਰਿਹਾ।
ਉਹ ਕਹਿੰਦੇ ਹਨ, "ਸਿੱਖ ਫੌਜੀਆਂ ਦੀ ਲੀਡਰਸ਼ਿਪ ਬਹੁਚ ਚੰਗੀ ਸੀ। ਪੰਜਾਬੀ ਫੌਜੀਆਂ ਵਿੱਚ ਸਿੱਖ, ਮੁਸਲਮਾਨ ਅਤੇ ਪਠਾਨ ਆਦਿ ਵੀ ਸ਼ਾਮਿਲ ਸਨ। ਇਨ੍ਹਾਂ ਫੌਜਾਂ ਦਾ ਕਾਫ਼ੀ ਹਿੱਸਾ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਪਾਕਿਸਤਾਨ ਚਲਾ ਗਿਆ।"
ਬਾਰਕਸਾਂ ਨਾਲ ਹਮਦਰਦੀ
ਚੀਨ ਉਸ ਸਮੇਂ ਇਕ ਸੁੰਤਤਰ ਦੇਸ਼ ਸੀ ਅਤੇ ਉੱਥੋਂ ਦੇ ਲੋਕਾਂ ਵੱਲੋਂ ਲੜੀ ਗਈ ਇਸ ਲੜਾਈ ਵਿੱਚ ਉਨ੍ਹਾਂ ਨੂੰ ਜਨਤਾ ਦਾ ਸਮਰਥਨ ਵੀ ਮਿਲਿਆ।
ਮਨਦੀਪ ਬਾਜਵਾ ਕਹਿੰਦੇ ਹਨ, "ਬਗਾਵਤ ਉਹ ਹੁੰਦੀ ਹੈ ਜੋ ਆਪਣੇ ਹੀ ਦੇਸ਼ ਵਿੱਚ ਸਰਕਾਰ ਖਿਲਾਫ਼ ਉੱਠੀ ਹੋਏ ਪਰ ਬਾਰਕਸ ਤਾਂ ਆਪਣੇ ਦੇਸ਼ ਵਿੱਚ ਲੜਾਈ ਲੜ ਰਹੇ ਸਨ। ਉਹ ਆਪਣੇ ਦੇਸ਼ ਵਿੱਚੋਂ ਵਿਦੇਸ਼ੀ ਪ੍ਰਭਾਵ ਖਤਮ ਕਰਨਾ ਚਾਹੁੰਦੇ ਸਨ। ਉਹ ਵਪਾਰ 'ਚੋਂ ਵਿਦੇਸ਼ੀ ਕੰਟਰੋਲ ਖਤਮ ਕਰਨ ਦੀ ਲੜਾਈ ਲੜ ਰਹੇ ਸਨ ਪਰ ਅੱਠ ਦੇਸ਼ਾਂ ਵੱਲੋਂ ਮਿਲ ਕੇ ਇਸ ਲੜਾਈ ਨੂੰ ਦਬਾ ਦਿੱਤਾ ਗਿਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ