You’re viewing a text-only version of this website that uses less data. View the main version of the website including all images and videos.
ਸਾਰਾਗੜ੍ਹੀ: 36 ਸਿੱਖ ਬਟਾਲੀਅਨ ਦੀ ਬਹਾਦਰੀ ਨੇ ਕਿਵੇਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ
- ਲੇਖਕ, ਸੌਰਭ ਦੁੱਗਲ
- ਰੋਲ, ਸੀਨੀਅਰ ਖੇਡ ਪੱਤਰਕਾਰ
ਦੂਜੀ ਐਂਗਲੋ ਸਿੱਖ ਜੰਗ (1848-49) ਤੋਂ ਬਾਅਦ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਮਗਰੋਂ ਉਨ੍ਹਾਂ ਨੇ ਜਲੰਧਰ ਛਾਉਣੀ ਕਾਇਮ ਕੀਤੀ।
ਇਸ ਕਾਰਜ ਲਈ ਸੰਸਾਰਪੁਰ ਦੀ ਖੇਤੀਯੋਗ ਜ਼ਮੀਨ ਲਈ ਗਈ। ਇੱਥੋਂ ਹੀ ਇਸ ਪਿੰਡ ਦੇ ਹਾਕੀ, ਫੌਜ ਅਤੇ ਜੰਗੀ ਬਹਾਦਰੀ ਨਾਲ ਰਿਸ਼ਤੇ ਦੀ ਸ਼ੁਰੂਆਤ ਹੋਈ।
ਕੈਂਟ ਦੇ ਨੇੜੇ ਹੋਣ ਕਾਰਨ ਸੰਸਾਰਪੁਰ ਵਿੱਚ ਹਾਕੀ ਆਈ। ਪਿੰਡ ਦੀ ਕਰੀਬ ਅੱਧੀ ਜ਼ਮੀਨ ਕੈਂਟ ਹੇਠ ਚਲੀ ਗਈ ਸੀ, ਇਸ ਲਈ ਹਾਕੀ ਦੀ ਪ੍ਰੈਕਟਿਸ ਘਰ-ਘਰ ਹੋਣ ਲੱਗੀ।
ਪਿੰਡ ਦੇ ਹਰ ਪਰਿਵਾਰ ਦਾ ਕੋਈ ਨਾ ਕੋਈ ਜੀਅ ਫੌਜ ਵਿੱਚ ਸੀ, ਇਸ ਨੇ ਪਿੰਡ ਦੀ ਫੌਜੀ ਵਿਰਾਸਤ ਦਾ ਮੁੱਢ ਬੰਨ੍ਹਿਆ।
ਸੰਸਾਰਪੁਰ ਨੂੰ ਹਾਕੀ ਵਿੱਚ ਨੌਂ ਓਲੰਪਿਕ ਮੈਡਲਾਂ ਅਤੇ ਕੁੱਲ 15 ਮੈਡਲਾਂ ਲਈ ਜਾਣਿਆਂ ਜਾਂਦਾ ਹੈ। ਪਿੰਡ ਨੇ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਕਈ ਫੌਜੀ ਮੁਹਿੰਮਾਂ ਵਿੱਚ ਯੋਗਦਾਨ ਪਾਇਆ ਹੈ। ਸਾਰਾਗੜ੍ਹੀ ਫੌਜੀ ਇਤਿਹਾਸ ਦੇ ਸਭ ਤੋਂ ਮਿਸਾਲੀ ਮੁਕਾਬਲਿਆਂ ਵਿੱਚੋਂ ਇੱਕ ਹੈ।
ਸਾਰਾਗੜ੍ਹੀ ਦੀ ਲੜਾਈ ਅਤੇ ਸੰਸਾਰਪੁਰ
ਸੰਨ 1897 ਦੇ ਸਤੰਬਰ ਦੀ 12 ਤਰੀਕ ਨੂੰ 22 ਸੈਨਿਕ, ਜਿਨ੍ਹਾਂ ਵਿੱਚ ਖ਼ੁਦਾ ਬਖ਼ਸ਼ ਵੀ ਸ਼ਾਮਲ ਸੀ, ਉਹ 36 ਸਿੱਖ (ਮੌਜੂਦਾ ਭਾਰਤੀ ਫੌਜ ਦੀ 4 ਸਿੱਖ) ਦਾ ਇੱਕ ਗੈਰ ਜੰਗਚੂ ਸੀ, ਉਹਨਾਂ ਨੇ 10,000 ਪਸ਼ਤੂਨ ਓਰਾਕਜ਼ੀ ਕਬਾਇਲੀਆਂ ਦਾ ਡੱਟਵਾਂ ਮੁਕਾਬਲਾ ਕੀਤਾ।
ਸਾਰੇ 22 ਸੈਨਿਕਾਂ ਨੇ ਹਵਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ, ਪੋਸਟ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਨੂੰ ਯੂਨੈਸਕੋ ਨੇ ਬਹਾਦਰੀ ਦੀਆਂ ਅੱਠ ਕਹਾਣੀਆਂ ਵਿੱਚੋਂ ਇੱਕ ਚੁਣਿਆ ਹੈ।
ਸੰਸਾਰਪੁਰ ਦੇ ਵਾਸੀ ਅਤੇ ਮੈਕਸੀਕੋ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜੇਤੂ, ਕਰਨਲ ਬਲਬੀਰ ਸਿੰਘ ਦੱਸਦੇ ਹਨ, “36 ਸਿੱਖ ਬਟਾਲੀਅਨ, ਸੰਸਾਰਪੁਰ ਪਿੰਡ ਦੇ ਨੇੜੇ ਜਲੰਧਰ ਕੈਂਟ ਵਿੱਚ ਹੀ ਤਿਆਰ ਕੀਤੀ ਗਈ ਸੀ ਜਿੱਥੇ ਸਿਖਲਾਈ ਲਈ ਵਿਸ਼ਾਲ ਖੇਤਰ ਉਪਲਭਦ ਸੀ।”
“ਦਸ ਸਾਲ ਬਾਅਦ 1897 ਵਿੱਚ ਸਾਰਾਗੜ੍ਹੀ ਦੀ ਜੰਗ ਲੜੀ ਗਈ। ਸਾਰਾਗੜ੍ਹੀ ਬਟਾਲੀਅਨ ਦੇ ਵਿਕਾਸ ਦਾ ਰਸਤਾ ਉਸਦੇ ਸੰਸਾਰਪੁਰ ਵਿੱਚ ਬਚਪਨ ਵਿੱਚੋਂ ਹੋ ਕੇ ਗੁਜਰਿਆ।”
“ਜਿੱਥੇ ਨੌਜਵਾਨ ਫੌਜੀਆਂ ਨੂੰ 1887 ਤੋਂ 1894 ਤੱਕ ਸਿਖਲਾਈ ਦਿੱਤੀ ਗਈ। ਉਸ ਤੋਂ ਬਾਅਦ 36 ਸਿੱਖ ਬਟਾਲੀਅਨ ਮਣੀਪੁਰ, ਕੋਹਾਟ ਅਤੇ ਫਿਰ ਆਖਰ 1896 ਵਿੱਚ ਸਾਰਾਗੜ੍ਹੀ ਕਿਲ੍ਹੇ ’ਤੇ ਤੈਨਾਤ ਕਰ ਦਿੱਤੀ ਗਈ।”
ਉਹ ਲਿਖਦੇ ਨੇ,“ਸੰਸਾਰਪੁਰ ਦੀ ਮਿੱਟੀ ਵਿੱਚ ਹੀ ਕੁਝ ਖਾਸ ਹੈ, ਜਿਸ ਨੇ ਇੰਨੇ ਸਾਰੇ ਹਾਕੀ ਖਿਡਾਰੀਆਂ ਅਤੇ ਯੋਧਿਆਂ ਨੂੰ ਜਨਮ ਦਿੱਤਾ ਹੈ।”
ਸਾਰਾਗੜ੍ਹੀ ਵਿੱਚ ਜਾਨ ਲੇਖੇ ਲਾਉਣ ਵਾਲੇ ਸਾਰੇ 21 ਸੈਨਿਕਾਂ ਨੂੰ ਮੌਤ ਮਗਰੋਂ ਇੰਡੀਅਨ ਆਰਡਰ ਆਫ਼ ਮੈਰਿਟ ਦਿੱਤਾ ਗਿਆ। ਇਹ ਉਸ ਸਮੇਂ ਬ੍ਰਿਟਿਸ਼ ਫੌਜ ਵਿੱਚ ਕਿਸੇ ਭਾਰਤੀ ਨੂੰ ਦਿੱਤਾ ਜਾ ਸਕਣ ਵਾਲਾ ਸਭ ਤੋਂ ਉੱਚਾ ਤਮਗਾ ਸੀ।
36 ਸਿੱਖ ਬਟਾਲੀਅਨ ਦਾ ਬਚਪਨ ਤੇ ਹਾਕੀ ਦੀ ਆਮਦ
ਰੈਜੀਮੈਂਟ ਲੈਫ਼ਟੀਨੈਂਟ ਕਰਨਲ ਜੇਮਸ ਕੁੱਕ ਦੀ ਦੇਖ-ਰੇਖ ਹੇਠ 1887 ਵਿੱਚ 36 ਸਿੱਖ ਆਫ਼ ਬੰਗਾਲ ਇਨਫੈਂਟਰੀ ਵਜੋਂ ਤਿਆਰ ਕੀਤੀ ਗਈ ਸੀ। 1901 ਵਿੱਚ ਇਹ 36 ਸਿੱਖ ਇਨਫੈਂਟਰੀ ਅਤੇ 1922 ਵਿੱਚ ਇਸ ਦਾ ਨਾਮ ਚੌਥੀ ਸਿੱਖ ਬਟਾਲੀਅਨ ਕਰ ਦਿੱਤਾ ਗਿਆ। ਇਹੀ ਨਾਮ ਹੁਣ ਤੱਕ ਚੱਲਿਆ ਆ ਰਿਹਾ ਹੈ।
36ਵੀਂ ਸਿੱਖ ਬਟਾਲੀਅਨ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸੰਸਾਰਪੁਰ ਦੇ ਕਈ ਗੱਭਰੂ ਸਾਰਾਗੜ੍ਹੀ ਬਟਾਲੀਅਨ ਵਿੱਚ ਭਰਤੀ ਹੋਏ।
ਸੰਸਾਰਪੁਰ ਵਿੱਚ ਹਾਕੀ ਦੀ ਸ਼ੁਰੂਆਤ 36 ਸਿੱਖ ਦੇ ਇੱਕ ਸੈਨਿਕ ਈਸ਼ਰ ਸਿੰਘ ਕੁੱਲ੍ਹਰ ਤੋਂ ਹੋਈ ਜੋ 1911 ਵਿੱਚ ਦਿੱਲੀ ਦਰਬਾਰ ਵਿੱਚ ਖੇਡੇ ਗਏ ਇੱਕ ਹਾਕੀ ਟੂਰਨਾਮੈਂਟ ਵਿੱਚ ਖੇਡੇ ਸਨ। ਉਨ੍ਹਾਂ ਦੀ ਟੀਮ ਨੇ 33ਵੀਂ ਪੰਜਾਬ ਦੇ ਖਿਲਾਫ਼ ਫਾਈਨਲ ਮੁਕਾਬਲਾ ਖੇਡਿਆ।
ਬਲਬੀਰ ਸਿੰਘ ਆਪਣੀ ਕਿਤਾਬ ‘ਐਨ ਓਲੰਪੀਅਨਜ਼ ਟਰਾਇਸਟ ਵਿਦ ਸੋਲਡਰਿੰਗ’ ਵਿੱਚ ਲਿਖਦੇ ਨੇ, “ਭਾਵੇਂ ਕਿ 36ਵੀਂ ਸਿੱਖ ਦੀ ਟੀਮ ਦੂਜੇ ਦਰਜੇ ਉੱਤੇ ਰਹੀ ਪਰ ਈਸ਼ਰ ਸਿੰਘ, ਜੋ ਲੈਫਟ ਵਿੰਗਰ ਵਜੋਂ ਖੇਡੇ ਸਨ, ਟੂਰਨਾਮੈਂਟ ਦੇ ਸਭ ਤੋਂ ਵਧੀਆ ਖਿਡਾਰੀ ਐਲਾਨੇ ਗਏ।”
ਸਾਲ 1922 ਤੋਂ ਬਾਅਦ ਜਦੋਂ 36ਵੀਂ ਸਿੱਖ ਬਟਾਲੀਅਨ ਚੌਥੀ ਸਿੱਖ ਬਟਾਲੀਅਨ ਬਣ ਗਈ, ਸਿਪਾਹੀ ਤੇਜਾ ਸਿੰਘ ਕੁੱਲ੍ਹਰ ਅਤੇ ਸਿਪਾਹੀ ਗੁਰਪਾਲ ਸਿੰਘ ਕੁੱਲ੍ਹਰ ਚੌਥੀ ਸਿੱਖ ਵਿੱਚ ਸ਼ਾਮਲ ਹੋ ਗਏ। ਦੋਵਾਂ ਨੇ ਆਪਣੀ ਰੈਜੀਮੈਂਟ ਲਈ ਹਾਕੀ ਖੇਡੀ।
ਗੁਰਪਾਲ ਸਿੰਘ ਨੇ ਦੂਜਾ ਵਿਸ਼ਵ ਯੁੱਧ ਵੀ ਲੜਿਆ ਅਤੇ ਉਸੇ ਵਿੱਚ ਮਾਰੇ ਗਏ ਸਨ। ਉਨ੍ਹਾਂ ਦੇ ਭਰਾ ਨਾਇਕ ਨਗਿੰਦਰ ਸਿੰਘ ਕੁੱਲ੍ਹਰ ਨੇ ਫੌਜ ਦੀ ਟੀਮ ਲਈ ਹਾਕੀ ਖੇਡੀ ਸੀ ਉਨ੍ਹਾਂ ਦੀ ਵੀ ਇਸ ਵੱਡੀ ਜੰਗ ਵਿੱਚ ਜਾਨ ਚਲੀ ਗਈ ਸੀ।
ਸੰਸਾਰਪੁਰ ਤੋਂ ਪਹਿਲਾਂ ਓਲੰਪਿਕ ਮੈਡਲ ਜਿੱਤਣ ਵਾਲੇ ਸਨ ਕਰਨਲ ਗੁਰਮੀਤ ਸਿੰਘ, ਜੋ 4ਵੀਂ ਸਿੱਖ ਬਟਾਲੀਅਨ ਦੇ ਹਿੱਸਾ ਸਨ। ਉਨ੍ਹਾਂ ਨੇ ਵੀ ਦੂਜੀ ਵੱਡੀ ਜੰਗ ਲੜੀ। ਅੱਗੇ ਜਾ ਕੇ ਉਹ ਸੁਭਾਸ਼ ਚੰਦਰ ਬੋਸ ਦੀ ਅਜ਼ਾਦ ਹਿੰਦ ਫੌਜ ਨਾਲ ਜੁੜ ਗਏ। ਉਹ 1932 ਵਿੱਚ ਓਲੰਪਿਕ ਜਾਣ ਵਾਲੀ ਪੁਰਸ਼ ਹਾਕੀ ਟੀਮ ਦੇ ਮੈਂਬਰ ਸਨ, ਜਿਸ ਨੇ ਖੇਡਾਂ ਦੇ ਵਿਸ਼ਵੀ ਮਹਾਂ-ਕੁੰਭ ਵਿੱਚ ਗੋਲਡ ਮੈਡਲ ਜਿੱਤਿਆ।
ਅਜ਼ਾਦੀ ਤੋਂ ਬਾਅਦ ਸੰਸਾਰਪੁਰ ਤੋਂ ਕਰਨਲ ਬਲਬੀਰ ਸਿੰਘ (ਉਦੋਂ ਇੱਕ ਜਵਾਨ ਸਨ) ਸਮੇਤ ਨੌਂ ਹਾਕੀ ਖਿਡਾਰੀ, ਚੌਥੀ ਸਿੱਖ ਬਟਾਲੀਅਨ ਵਿੱਚ ਭਰਤੀ ਹੋਏ।
ਡਾ਼ ਭੁਪਿੰਦਰ ਸਿੰਘ ਕੁਲਾਰ ਨੇ ਸੰਸਾਰਪੁਰ ਅਤੇ ਹਾਕੀ ਬਾਰੇ ਖੋਜ ਕੀਤੀ ਹੈ। ਉਹ ਖ਼ੁਦ ਵੀ ਇੱਕ ਕੌਮੀ ਪੱਧਰ ਦੇ ਹਾਕੀ ਖਿਡਾਰੀ ਹਨ। ਉਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਸਿੱਖਿਆ ਫੈਕਲਟੀ ਤੋਂ ਸੇਵਾ ਮੁਕਤ ਹੋਏ ਹਨ।
ਉਹ ਦੱਸਦੇ ਹਨ, “ਜਲੰਧਰ ਕੈਂਟ ਦੇ ਨੇੜੇ ਹੋਣ ਕਾਰਨ ਸੰਸਾਰਪੁਰ ਦਾ ਹਾਕੀ ਅਤੇ ਫੌਜ ਨਾਲ ਲੰਬਾ ਸੰਬੰਧ ਹੈ। ਪਿੰਡ ਨੇ 300 ਕੌਮੀ ਪੱਧਰ ਦੇ ਹਾਕੀ ਖਿਡਾਰੀ ਪੈਦਾ ਕੀਤੇ ਹਨ।”
ਆਲੇ ਦੁਆਲੇ ਦੇ ਪਿੰਡਾਂ ਉੱਤੇ ਅਸਰ
ਸੰਸਾਰਪੁਰ ਦੇ ਅਸਰ ਤੋਂ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਫਾਇਦਾ ਪਹੁੰਚਿਆ ਹੈ।
ਸੰਸਾਰਪੁਰ ਤੋਂ ਤਿੰਨ ਕਿੱਲੋਮੀਟਰ ਦੂਰ ਬੜਿੰਗ ਪਿੰਡ ਸੀ। ਉੱਥੋਂ ਦੇ ਹਵਲਦਾਰ ਕਿਰਪਾ ਰਾਮ, ਇੱਕ ਗੋਲਚੀ ਸਨ ਜਿਨ੍ਹਾਂ ਨੇ ਸੰਸਾਰਪੁਰ ਦੀ ਟੀਮ ਨਾਲ ਖੇਡਦਿਆਂ ਹੀ ਹਾਕੀ ਦੀਆਂ ਬਰੀਕੀਆਂ ਸਿੱਖੀਆਂ ਸਨ।
ਉਹ ਚੌਥੀ ਸਿੱਖ ਵਿੱਚ ਇੱਕ ਗੈਰ-ਜੰਗਚੂ ਟਰੇਡਸਮੈਨ ਵਜੋਂ ਭਰਤੀ ਹੋਏ ਸਨ। ਉਨ੍ਹਾਂ ਦੀ ਮੁਹਾਰਤ ਬੂਟ ਬਣਾਉਣ ਅਤੇ ਫੌਜੀ ਬੂਟਾਂ ਵਿੱਚ ਕਿੱਲ ਗੱਡਣ ਦੀ ਸੀ।
ਹਾਕੀ ਨੈਸ਼ਨਲਜ਼ ਵਿੱਚ ਉਨ੍ਹਾਂ ਨੇ ਭਾਰਤੀ ਫੌਜ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਹ ਇੱਕ ਕੁਸ਼ਨ ਨਿਸ਼ਾਨਚੀ ਅਤੇ ਬੁਨਿਆਦੀ ਇਨਫੈਂਟਰੀ ਪੈਂਤੜਿਆਂ ਦੇ ਮਾਹਰ ਸਨ। ਇਹ ਸਭ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਹਰ ਕਿਸਮ ਦੀ ਕਸਰਤ ਅਤੇ ਸਿਖਲਾਈ ਵਿੱਚ ਹਿੱਸਾ ਲੈ ਕੇ ਹਾਸਲ ਕੀਤੀ ਸੀ।
ਉਹ 1962 ਦੀ ਚੀਨ ਜੰਗ ਦੌਰਾਨ ਵਲੌਂਗ ਦੀ ਲੜਾਈ ਦੇ ਨਾਇਕ ਬਣ ਕੇ ਉੱਭਰੇ ਸਨ। ਜੰਗ ਵਿੱਚ ਯੋਗਦਾਨ ਬਦਲੇ ਉਨ੍ਹਾਂ ਨੂੰ ਵੀਰ ਚੱਕਰ ਦਿੱਤਾ ਗਿਆ।
ਕਰਨਲ ਬਲਬੀਰ ਸਿੰਘ ਮੁਤਾਬਕ, “ਹਵਲਦਾਰ ਕਿਰਪਾ ਰਾਮ ਨੂੰ ਮੌਤ ਮਗਰੋਂ ਵੀਰ ਚੱਕਰ ਦਿੱਤਾ ਗਿਆ ਜੋ ਕਿ ਇੱਕ ਗੈਰ ਜੰਗਚੂ ਨੂੰ ਦੁਰਲਭ ਹੀ ਮਿਲਣ ਵਾਲਾ ਖਿਤਾਬ ਹੈ।”
ਕਰਨਲ ਬਲਬੀਰ ਸਿੰਘ ਮੁਤਾਬਕ,“ਦਸੰਬਰ 1964 ਵਿੱਚ ਚੌਥੀ ਸਿੱਖ ਨਾਲ ਆਪਣਾ ਫੌਜੀ ਜੀਵਨ ਸ਼ੁਰੂ ਕਰਨਾ ਮੇਰੀ ਖੁਸ਼ ਕਿਸਮਤੀ ਸੀ। ਮੈਨੂੰ 4 ਸਿੱਖ ਦੇ ਕਮਾਂਡਿੰਗ ਅਫ਼ਸਰ, ਲੈਫ਼ ਕਰਨਲ ਅਨੰਤ ਸਿੰਘ ਨੇ ਭਰਤੀ ਕੀਤਾ ਸੀ। ਰੂਪਾ ਵੈਲੀ, ਅਰੁਣਾਚਲ ਪ੍ਰਦੇਸ਼ ਵਿੱਚ ਖੇਡਣ ਦੌਰਾਨ ਮੇਰੀ ਮੁਲਾਕਾਤ ਸੂਬੇਦਾਰ ਮੇਜਰ ਪਿਆਰਾ ਸਿੰਘ ਨਾਲ ਹੋਈ। ਉਹ ਸਾਰਾਗੜ੍ਹੀ ਦੇ ਨਾਇਕ ਹਵਲਦਾਰ ਈਸ਼ਰ ਸਿੰਘ ਦੀ ਤੀਜੀ ਪੀੜ੍ਹੀ ਵਿੱਚੋਂ ਸਨ।”
“ਸਾਰਾਗੜ੍ਹੀ ਲੜਨ ਵਾਲੀ ਬਟਾਲੀਅਨ ਦਾ ਹਿੱਸਾ ਹੋਣਾ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਜਦੋਂ ਵੀ ਉਨ੍ਹਾਂ 22 ਸਿਪਾਹੀਆਂ ਦੇ ਕਾਰਨਾਮੇ ਯਾਦ ਕੀਤੇ ਜਾਂਦੇ ਹਨ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।”
ਕਰਨਲ ਬਲਬੀਰ ਸਿੰਘ ਦਸੰਬਰ 1970 ਵਿੱਚ ਕਮਿਸ਼ਨ ਮਿਲਣ ਤੱਕ 4 ਸਿੱਖ ਨਾਲ ਰਹੇ। “ਓਲੰਪਿਕ ਤੋਂ ਬਾਅਦ, ਮੇਰੇ ਗੋਡੇ ਦਾ ਵੱਡਾ ਅਪਰੇਸ਼ਨ ਹੋਇਆ। ਜਿਸ ਨੇ ਮੈਨੂੰ ਇਨਫੈਂਟਰੀ ਵਿੱਚ ਸੇਵਾ ਕਰਨ ਤੋਂ ਵਾਂਝਾ ਕਰ ਦਿੱਤਾ। ਇਸ ਲਈ ਮੈਨੂੰ ਆਰਮੀ ਸਰਵਿਸਸ ਕੋਰ ਵਿੱਚ ਕਮਿਸ਼ਨ ਕਰ ਦਿੱਤਾ ਗਿਆ। ਲੇਕਿਨ 4 ਸਿੱਖ ਨਾਲ ਮੇਰਾ ਰਿਸ਼ਤਾ ਸਦੀਵੀ ਹੈ।”
ਕਰਨਲ ਬਲਬੀਰ ਸਿੰਘ ਕੁੱਲਰ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਨੇ ਫੌਜ ਦੀ ਸੇਵਾ ਕੀਤੀ ਹੈ।
ਕਰਨਲ ਬਲਬੀਰ ਸਿੰਘ ਦੇ ਦਾਦਾ ਜਗਤ ਸਿੰਘ ਕੁੱਲਰ ਨੇ ਪਹਿਲੀ ਵੱਡੀ ਲੜਾਈ ਲੜੀ। ਉਨ੍ਹਾਂ ਦੇ ਪਿਤਾ ਗੱਜਣ ਸਿੰਘ ਕੁੱਲਰ ਨੇ ਧਿਆਨ ਚੰਦ ਨਾਲ ਮੁਕਾਬਲਿਆਂ ਵਿੱਚ ਹਾਕੀ ਖੇਡੀ ਸੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ। ਜਦਕਿ ਬਲਬੀਰ ਸਿੰਘ ਦੇ ਪੁੱਤਰ ਕਰਨਲ ਸਰਫਰਾਜ਼ ਸਿੰਘ ਇਸ ਖਾਨਦਾਨ ਦੇ ਚੌਥੀ ਪੀੜ੍ਹੀ ਦੇ ਫੋਜੀ ਅਫ਼ਸਰ ਹਨ। ਉਨ੍ਹਾਂ ਨੇ ਸੰਸਾਰਪੁਰ ਦੀ ਵਿਰਾਸਤ ਨੂੰ ਮਾਊਂਟ ਐਵਰਿਸਟ ਤੱਕ ਪਹੁੰਚਾ ਦਿੱਤਾ ਹੈ। ਉਹ ਐਵਰਿਸਟ ਉੱਤੇ ਇੱਕ ਹਾਕੀ ਲੈ ਕੇ ਗਏ ਸਨ।
ਸਾਰਾਗੜ੍ਹੀ ਦੀ ਯਾਦ
ਸਿੱਖ ਰੈਜੀਮੈਂਟ ਦੀ ਚੌਥੀ ਸਿੱਖ ਬਟਾਲੀਅਨ ਹਰ ਸਾਲ ਦੋ ਸਤੰਬਰ ਨੂੰ ਸਾਰਾਗੜ੍ਹੀ ਦੀ ਬਰਸੀ ਮਨਾਉਂਦੀ ਹੈ। ਇਸ ਸਾਲ ਉਹ ਗੁਰਦਾਸਪੁਰ ਵਿੱਚ ਹੋਈ ਟਿਬਰੀ ਕੰਟੂਨਮੈਂਟ ਵਿੱਚ 127ਵੀਂ ਬਰਸੀ ਮਨਾ ਰਹੇ ਹਨ। ਜਿੱਥੇ ਕਿ ਬਟਾਲੀਅਨ ਇਸ ਸਮੇਂ ਤੈਨਾਤ ਹੈ।
ਕਰਨਲ ਬਲਬੀਰ ਸਿੰਘ ਦੱਸਦੇ ਹਨ, “1987 ਵਿੱਚ ਬ੍ਰਿਟਿਸ਼ ਅਫ਼ਸਰਾਂ ਮੇਜਰ ਜੋਹਨ ਐਨਿਸ ਅਤੇ ਕੈਪਟਨ ਐਲਨ ਵਿੰਮਬੁਸ਼ ਜਿਨ੍ਹਾਂ ਨੇ ਚੌਥੀ ਸਿੱਖ (ਪਹਿਲਾਂ 36 ਸਿੱਖ) ਦੇ ਨਾਲ ਦੂਜੀ ਵੱਡੀ ਜੰਗ ਲੜੀ ਸੀ। ਉਹ ਰੈਜੀਮੈਂਟ ਦੇ ਸ਼ਤਾਬਦੀ ਜਸ਼ਨਾਂ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਨੇ ਮੇਰੇ ਨਾਲ ਠੇਠ ਪੰਜਾਬੀ ਵਿੱਚ ਗੱਲਬਾਤ ਕੀਤੀ ਅਤੇ ਦੱਸਿਆ ਕਿ ਅਜ਼ਾਦੀ ਤੋਂ ਪਹਿਲਾਂ ਸਿੱਖ ਰੈਜੀਮੈਂਟ ਦੇ ਬ੍ਰਿਟਿਸ਼ ਅਫ਼ਸਰ, ਸੈਨਿਕਾਂ ਨਾਲ ਉਨ੍ਹਾਂ ਦੀ ਬੋਲੀ ਵਿੱਚ ਹੀ ਗੱਲ ਕਰਨ ਨੂੰ ਪਹਿਲ ਦਿੰਦੇ ਸਨ।”
ਉਨ੍ਹਾਂ ਨੇ ਕਿਹਾ ਕਿ “ਮੈਂ ਟਿਬਰੀ ਵਿੱਚ ਮਨਾਈ ਜਾਣ ਵਾਲੀ ਸਾਰਾਗੜ੍ਹੀ ਦੀ ਲੜਾਈ ਦੀ 127ਵੀਂ ਬਰਸੀ ਵਿੱਚ ਸ਼ਾਮਲ ਹੋਵਾਂਗਾ।”
ਹਾਕੀ ਅਤੇ ਫੌਜੀ ਬਹਾਦਰੀ ਦਾ ਸੁਮੇਲ ਸੰਸਾਰਪੁਰ ਨੂੰ ਨਿਵੇਕਲੀ ਪਛਾਣ ਦਿੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)