You’re viewing a text-only version of this website that uses less data. View the main version of the website including all images and videos.
ਜਦੋੋਂ ਇੱਕ ਪਾਕਿਸਤਾਨੀ ਪਾਇਲਟ ਨੇ ਇਜ਼ਰਾਈਲ ਦੇ ਲੜਾਕੂ ਜਹਾਜ਼ ਨੂੰ ਕੀਤਾ ਢੇਰ
“ਮੇਰੇ ਦਿਮਾਗ ’ਚ ਪਤਾ ਨਹੀਂ ਕਿੰਨੇ ਕੁ ਖਿਆਲ ਆਏ ਕਿ ਸ਼ਾਇਦ ਮਿਜ਼ਾਈਲ ਫਸ ਗਈ ਹੈ ਜਾਂ ਕੁਝ ਹੋਰ ਹੋ ਗਿਆ ਹੈ। ਉਹ ਇਕ ਸੰਕਿਟ ਦਾ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਲੰਮਾ ਪਲ ਸੀ। ਫਿਰ ਅਚਾਨਕ ਮਿਜ਼ਾਈਲ ਨੇ ਆਪਣਾ ਨਿਸ਼ਾਨਾ ਸਾਧਿਆ ਅਤੇ ਦੋ-ਤਿੰਨ ਮਿੰਟਾਂ ’ਚ ਹੀ ਮਿਜ਼ਾਈਲ ਇਜ਼ਰਾਈਲੀ ਮਿਰਾਜ ’ਚ ਜਾ ਕੇ ਟਕਰਾਈ ਅਤੇ ਮੈਂ ਉਸ ਨੂੰ ਫੱਟਦੇ ਹੋਏ ਆਪਣੇ ਅੱਖੀਂ ਵੇਖਿਆ।”
ਇਹ ਘਟਨਾ ਅੱਜ ਤੋਂ ਠੀਕ 50 ਸਾਲ ਪਹਿਲਾਂ 26 ਅਪ੍ਰੈਲ 1974 ਨੂੰ ਵਾਪਰੀ ਸੀ, ਜਦੋਂ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਲਾਈਟ ਲੈਫਟੀਨੈਂਟ ਸੱਤਾਰ ਅਲਵੀ ਨੇ ਸੀਰੀਆਈ ਹਵਾਈ ਸੈਨਾ ਦੇ ਲੜਾਕੂ ਜਹਾਜ਼ ‘ਮਿਗ’ ਨੂੰ ਉਡਾਉਂਦੇ ਹੋਏ ਇਜ਼ਰਾਇਲੀ ‘ਮਿਰਾਜ’ ਨੂੰ ਢੇਰੀ ਕਰ ਦਿੱਤਾ ਸੀ।
ਇਹ ਆਪਣੀ ਕਿਸਮ ਦੀ ਵਿਲੱਖਣ ਘਟਨਾ ਸੀ ਕਿਉਂਕਿ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਇੱਕ ਹੋਰ ਦੇਸ਼ ਦੀ ਹਵਾਈ ਸੈਨਾ ਵੱਲੋਂ ਇਜ਼ਰਾਈਲ ਦੇ ਖ਼ਿਲਾਫ਼ ਲੜ੍ਹ ਰਹੇ ਸਨ, ਜਿਸ ਨੂੰ ਪਾਕਿਸਤਾਨ ਕੂਟਨੀਤਕ ਤੌਰ ’ਤੇ ਸਵੀਕਾਰ ਨਹੀਂ ਕਰਦਾ ਹੈ।
ਪਰ ਪਾਕਿਸਤਾਨੀ ਪਾਇਲਟ ਸੀਰੀਆ ਕਿਵੇਂ ਪਹੁੰਚੇ?
ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਪੰਜ ਦਹਾਕੇ ਪਿੱਛੇ ਜਾਣਾ ਪਵੇਗਾ।
‘ਕੀ ਤੁਸੀਂ ਸੱਚਮੁੱਚ ਲੜੋਗੇ ?’
ਅਕਤੂਬਰ 1973 ’ਚ ਜਦੋਂ ਅਰਬ- ਇਜ਼ਰਾਇਲ ਯੁੱਧ ਦਾ ਆਗਾਜ਼ ਹੋਇਆ ਤਾਂ ਉਸ ਸਮੇਂ ਨੌਜਵਾਨ ਪਾਇਲਟ ਸੱਤਾਰ ਅਲਵੀ ਰਸਾਲਪੁਰ ’ਚ ਸਿਖਲਾਈ ਕੋਰਸ ’ਚ ਸ਼ਾਮਲ ਸਨ।
ਟਰੇਨਿੰਗ ਲੈਣ ਵਾਲੇ ਪਾਇਲਟ ਅਕਸਰ ਹੀ ਸ਼ਾਮ ਦੇ ਸਮੇਂ ਅਰਬ-ਇਜ਼ਰਾਇਲ ਯੁੱਧ ਬਾਰੇ ਗੱਲਬਾਤ ਕਰਦੇ ਸਨ।
ਅਜਿਹੀ ਹੀ ਗੱਲਬਾਤ ਦੌਰਾਨ ਇੱਕ ਦਿਨ ਸਵਾਲ ਉੱਠਿਆ ਕਿ ਉਹ ਆਪ ਕੀ ਕਰ ਸਕਦੇ ਹਨ।
ਸੱਤਾਰ ਅਲਵੀ ਨੇ ਇੱਕ ਇੰਟਰਵਿਊ ’ਚ ਦੱਸਿਆ, “ਮੈਂ ਕਿਹਾ ਕਿ ਅਸੀਂ ਲੜਾਕੂ ਪਾਇਲਟ ਹਾਂ, ਅਸੀਂ ਆਪਣੀ ਮਰਜ਼ੀ ਨਾਲ ਉੱਥੇ ਜਾਣ ਦੀ ਇੱਛਾ ਪ੍ਰਗਟ ਕਰ ਸਕਦੇ ਹਾਂ। ਕਿਸੇ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਉੱਥੇ ਜਾ ਕੇ ਜੰਗ ਦਾ ਹਿੱਸਾ ਬਣੋਗੇ? ਮੈਂ ਕਿਹਾ, ਹਾਂ। ਮੇਰੇ ਰੂਮਮੇਟ ਨੇ ਕਿਹਾ, ਮੈਂ ਵੀ ਤੁਹਾਡੇ ਨਾਲ ਹਾਂ। ਹੁਣ ਉੱਠੋ।”
ਸੱਤਾਰ ਅਲਵੀ ਦੇ ਮੁਤਾਬਕ, “ਅੱਧੀ ਰਾਤ ਦਾ ਸਮਾਂ ਸੀ ਜਦੋਂ ਅਸੀਂ ਅਕੈਡਮੀ ਕਮਾਂਡੈਂਟ ਦੇ ਘਰ ਜਾ ਪਹੁੰਚੇ। ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਅਸੀਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ‘ਬਾਰ’ ਤੋਂ ਆ ਰਹੇ ਹੋ? ਅਸੀਂ ਜਵਾਬ ਦਿੱਤਾ, ਨਹੀਂ।ਪਰ ਉਨ੍ਹਾਂ ਨੇ ਕਿਹਾ ਕਿ ਸਵੇਰੇ ਦਫ਼ਤਰ ’ਚ ਆ ਕੇ ਮਿਲੋ।”
ਅਗਲੀ ਸਵੇਰ ਕਮਾਂਡੈਂਟ ਦੇ ਦਫ਼ਤਰ ’ਚ ਆਪਣੀ ਮਰਜ਼ੀ ਨਾਲ ਸੀਰੀਆ ਜਾਣ ਵਾਲੇ ਪਾਕਿਸਤਾਨੀ ਪਾਇਲਟਾਂ ਤੋਂ ਇੱਕ ਵਾਰ ਫੇਰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪ੍ਰਸਤਾਵ ਪ੍ਰਤੀ ਗੰਭੀਰ ਹਨ।
ਸੱਤਾਰ ਅਲਵੀ ਦੱਸਦੇ ਹਨ, “ਅਸੀਂ ਜਵਾਬ ਦਿੱਤਾ, ਬਿਲਕੁਲ। ਉਨ੍ਹਾਂ ਨੇ ਸਾਨੂੰ 10 ਮਿੰਟ ਇੰਤਜ਼ਾਰ ਕਰਨ ਲਈ ਕਿਹਾ ਅਤੇ ਫਿਰ ਕਿਹਾ ਕਿ ਪੇਸ਼ਾਵਰ ਪਹੁੰਚੋ, ਉੱਥੋਂ ਜਹਾਜ਼ ਤੁਹਾਨੂੰ ਲੋਕਾਂ ਨੂੰ ਲੈ ਜਾਵੇਗਾ।”
“ਬਾਅਦ ’ਚ ਸਾਨੂੰ ਪਤਾ ਲੱਗਾ ਕਿ ਹਵਾਈ ਸੈਨਾ ਦੇ ਚੀਫ਼ ਨੇ ਭੁੱਟੋ ਸਾਹਿਬ ਨਾਲ ਗੱਲ ਕੀਤੀ ਅਤੇ ਫਿਰ ਉਨ੍ਹਾਂ ਨੇ ਸੀਰੀਆ ਦੇ ਰਾਸ਼ਟਰਪਤੀ ਹਾਫਿਜ਼ ਅਲ ਅਸਦ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਹਾਂ ਕਰ ਦਿੱਤੀ।”
ਅਲਵੀ ਅੱਗੇ ਕਹਿੰਦੇ ਹਨ, “ਮੈਂ ਆਪਣਾ ਸਲਵਾਰ-ਕਮੀਜ਼ ਅਤੇ ਫਲਾਇੰਗ ਗੇਅਰ ਲਿਆ ਅਤੇ ਪੇਸ਼ਾਵਰ ਪਹੁੰਚ ਕੇ ਸਾਨੂੰ ਪਤਾ ਲੱਗਿਆ ਕਿ 14 ਹੋਰ ਪਾਇਲਟ ਆਪਣੀ ਮਰਜ਼ੀ ਨਾਲ ਸੀਰੀਆ ਜਾਣ ਦੇ ਦੌਰੇ ’ਚ ਸ਼ਾਮਲ ਹਨ। ਸਾਨੂੰ ਚੀਫ਼ ਦੇ ਫ਼ੋਕਰ ਜਹਾਜ਼ ’ਚ ਬਿਠਾ ਦਿੱਤਾ ਗਿਆ। ਕੁਝ ਸਮੇਂ ਬਾਅਦ ਚੀਫ਼ ਵੀ ਆ ਗਏ। ਅਸੀਂ ਇਸ ਗੱਲ ਤੋਂ ਅਣਜਾਣ ਸੀ ਕਿ ਅਸੀਂ ਜਾ ਕਿੱਥੇ ਰਹੇ ਹਾਂ।”
‘ਸਰਕਾਰ ਅਤੇ ਹਵਾਈ ਸੈਨਾ ਜ਼ਿੰਮੇਵਾਰੀ ਨਹੀਂ ਲੈਣਗੇ’
ਇਸ ਦੌਰਾਨ ਇਕ ਹੋਰ ਮਹੱਤਵਪੂਰਣ ਗੱਲ ਇਹ ਹੋਈ ਕਿ ਪਾਕਿਸਤਾਨੀ ਪਾਇਲਟਾਂ ਨੂੰ ਇੱਕ ਕਾਗਜ਼ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ’ਤੇ ਦਸਤਖ਼ਤ ਕਰ ਦੇਣ।
ਸੱਤਾਰ ਅਲਵੀ ਦੇ ਮੁਤਾਬਕ, “ਇਸ ਕਾਗਜ਼ ’ਤੇ ਲਿਖਿਆ ਸੀ ਕਿ ਅਸੀਂ ਪਾਕਿਸਤਾਨ ਤੋਂ ਬਾਹਰ ਛੁੱਟੀ ’ਤੇ ਜਾ ਰਹੇ ਹਾਂ ਅਤੇ ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪਾਕਿਸਤਾਨ ਸਰਕਾਰ ਜਾਂ ਫਿਰ ਪਾਕਿਸਤਾਨੀ ਹਵਾਈ ਫੌਜ ਸਾਡੀ ਜ਼ਿੰਮੇਵਾਰੀ ਨਹੀਂ ਲਵੇਗੀ। ਇਸ ਦਾ ਮਤਲਬ ਸਪੱਸ਼ਟ ਸੀ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਅਤੇ ਹਵਾਈ ਸੈਨਾ ਸਾਨੂੰ ਪਛਾਣਨ ਤੋਂ ਇਨਕਾਰ ਕਰ ਸਕਦੀ ਹੈ ਅਤੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਮੁਨਕਰ ਹੋ ਸਕਦੀ ਹੈ।”
ਪਾਕਿਸਤਾਨੀ ਪਾਲਿਟਾਂ ਨੂੰ ਪਹਿਲਾਂ ਕਰਾਚੀ ਅਤੇ ਫਿਰ ‘ਸੀ 130’ ਜਹਾਜ਼ ਰਾਹੀਂ ਬਗਦਾਦ ਲਿਜਾਇਆ ਗਿਆ। ਬਗਦਾਦ ਤੋਂ ਸੱਤਾਰ ਅਲਵੀ ਅਤੇ ਦੂਜੇ ਪਾਇਲਟ ਪਹਿਲਾਂ ਜਾਰਡਨ ਅਤੇ ਫਿਰ ਸੜਕ ਰਸਤੇ ਦਮਿਸ਼ਕ ਪਹੁੰਚੇ।
ਪਾਕਿਸਤਾਨ ਪਾਇਲਟਾਂ ਦੀ ਕੁੱਲ ਗਿਣਤੀ 16 ਸੀ। ਇਨ੍ਹਾਂ ’ਚੋਂ 8 ਨੂੰ ਮਿਸਰ ਭੇਜਿਆ ਗਿਆ ਅਤੇ 8 ਨੂੰ ਸੀਰੀਆ ’ਚ ਹੀ ਰਹਿਣ ਦੇ ਹੁਕਮ ਦਿੱਤੇ ਗਏ। ਸੱਤਾਰ ਅਲਵੀ ਸੀਰੀਆ ’ਚ ਰਹਿ ਜਾਣ ਵਾਲੇ 8 ਪਾਇਲਟਾਂ ’ਚੋਂ ਇੱਕ ਸਨ।
ਸੱਤਾਰ ਅਲਵੀ ਅਤੇ ਬਾਕੀ ਪਾਇਲਟਾਂ ਨੂੰ ਬਾਅਦ ’ਚ ਦਮਿਸ਼ਕ ਤੋਂ 30 ਮਿੰਟ ਦੀ ਦੂਰੀ ’ਤੇ ਦਮੀਰ ਏਅਰ ਬੇਸ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ’67 ਏ’ ਦਾ ਨਾਮ ਦਿੱਤਾ ਗਿਆ।
ਪਾਕਿਸਤਾਨੀ ਪਾਇਲਟਾਂ ਨੂੰ ਦਿੱਤੀ ਗਈ ਸੁਰੱਖਿਆ ਦੀ ਜ਼ਿੰਮੇਵਾਰੀ
ਪਾਕਿਸਤਾਨੀ ਪਾਇਲਟਾਂ ਦੇ ਲਈ ਇੱਕ ਵੱਡੀ ਸਮੱਸਿਆ ਭਾਸ਼ਾ ਦੀ ਸੀ। ਸੱਤਾਰ ਅਲਵੀ ਦੱਸਦੇ ਹਨ ਕਿ ਸੀਰੀਆਈ ਏਅਰ ਫੋਰਸ ਦੇ ਮਿਗ 21 ਜਹਾਜ਼ਾਂ ’ਚ ਰੂਸੀ ਭਾਸ਼ਾ ਲਿਖੀ ਹੋਈ ਸੀ ਜਦਕਿ ਰਡਾਰ ਅਤੇ ਏਟੀਸੀ ਅਰਬੀ ’ਚ ਗੱਲ ਕਰਦੇ ਸਨ।
“ਅਸੀਂ ਇਸ ਮੁਸ਼ਕਲ ਦਾ ਹੱਲ ਇਹ ਕੱਢਿਆ ਕਿ ਜੋ ਜ਼ਰੂਰੀ ਚੀਜ਼ਾਂ ਜਹਾਜ਼ ਉਡਾਉਣ ਲਈ ਸਾਨੂੰ ਚਾਹੀਦੀਆਂ ਸਨ, ਉਨ੍ਹਾਂ ਨੂੰ ਅਸੀਂ ਲਿਖਲਿਆ ਅਤੇ ਉਨ੍ਹਾਂ ਨੂੰ ਇੱਕ ਕਾਗਜ਼ ’ਤੇ ਆਪਣੇ ਫਲਾਇੰਗ ਸੂਟ ’ਚ ਰੱਖ ਲਿਆ, ਜੋ ਕਿ ਅਸੀਂ ਹਰ ਸਮੇਂ ਪਾ ਕੇ ਰੱਖਦੇ ਸੀ।”
“ਇਸ ਦਾ ਫਾਇਦਾ ਇਹ ਹੋਇਆ ਕਿ ਅਸੀਂ ਇੱਕ ਹਫ਼ਤੇ ’ਚ ਹੀ ਲੋੜੀਂਦੀ ਅਰਬੀ ਭਾਸ਼ਾ ਸਿੱਖ ਗਏ ਸੀ।”
ਪਾਕਿਸਤਾਨੀ ਪਾਇਲਟਾਂ ਦੇ ਸੀਰੀਆਈ ਯੂਨਿਟ ਦੇ ਹਿੱਸੇ ਹਵਾਈ ਰੱਖਿਆ ਦੀ ਜ਼ਿੰਮੇਵਾਰੀ ਆਈ ਸੀ।
ਇਸ ਦੇ ਤਹਿਤ ਇਹ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ ਕਿ ਜੇਕਰ ਕੋਈ ਵੀ ਇਜ਼ਰਾਈਲੀ ਜਹਾਜ਼ ਸੀਰੀਆ ਦੇ ਹਵਾਈ ਖੇਤਰ ’ਚ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਰੋਕਣ ਦਾ ਕੰਮ ਪਾਕਿਸਤਾਨੀ ਪਾਇਲਟਾਂ ਦਾ ਹੋਵੇਗਾ।
ਇਸ ਦੌਰਾਨ ਮਿਸਰ ਨੇ ਇਜ਼ਰਾਈਲ ਨਾਲ ਜੰਗਬੰਦੀ ਲਈ ਸਹਿਮਤੀ ਪ੍ਰਗਟ ਕਰ ਦਿੱਤੀ ਸੀ। ਪਰ ਸੀਰੀਆ ਅਤੇ ਇਜ਼ਰਾਈਲ ਦਰਮਿਆਨ ਗੋਲਾਨ ਦੀਆਂ ਪਹਾੜੀਆਂ ’ਤੇ ਜੰਗ ਬਾਦਸਤੂਰ ਜਾਰੀ ਰਹੀ।
ਸੱਤਾਰ ਅਲਵੀ ਦੇ ਅਨੁਸਾਰ, “ਅਸੀਂ ਰੋਜ਼ਾਨਾ ਸਵੇਰੇ ਸੇਹਰੀ ਤੋਂ ਪਹਿਲਾਂ ਤਿਆਰ ਹੋ ਜਾਂਦੇ ਅਤੇ ਏਅਰ ਬੇਸ ’ਤੇ ਪਹੁੰਚ ਕੇ ਇੰਤਜ਼ਾਰ ਕਰਦੇ ਸੀ। ਇਹ ਰੂਟੀਨ 7 ਮਹੀਨਿਆਂ ਤੱਕ ਜਾਰੀ ਰਿਹਾ।”
ਇਸ ਦੌਰਾਨ ਪਾਕਿਸਤਾਨੀ ਪਾਇਲਟਾਂ ਨੂੰ ਕਈ ਵਾਰ ਅਸਮਾਨ ’ਚ ਭੇਜਿਆ ਗਿਆ ਅਤੇ ਕਈ ਵਾਰ ਉਨ੍ਹਾਂ ਦਾ ਇਜ਼ਰਾਈਲੀ ਜਹਾਜ਼ਾਂ ਨਾਲ ਸਾਹਮਣਾ ਤਾਂ ਹੋਇਆ ਪਰ ਮੁਕਾਬਲਾ ਨਹੀਂ ਹੋਇਆ।
‘ਸ਼ਾਹਬਾਜ਼ 8’ ਬਨਾਮ ਇਜ਼ਰਾਈਲੀ ਹਵਾਈ ਸੈਨਾ
ਸੱਤਾਰ ਅਲਵੀ ਦੇ ਮੁਤਾਬਕ, “ਪਾਕਿਸਤਾਨੀ ਪਾਇਲਟਾਂ ਨੇ ਸੋਚਿਆ ਹੋਇਆ ਸੀ ਕਿ ਭਾਵੇਂ ਅਸੀਂ ਕਿਸੇ ਇਜ਼ਰਾਈਲੀ ਜਹਾਜ਼ ਨੂੰ ਨਿਸ਼ਾਨਾ ਬਣਾਈਏ ਜਾਂ ਫਿਰ ਨਹੀਂ ਪਰ ਕੋਈ ਵੀ ਪਾਕਿਸਤਾਨੀ ਪਾਇਲਟ ਇਜ਼ਰਾਈਲੀਆਂ ਦੇ ਹੱਥੇ ਨਾ ਚੜ੍ਹੇ, ਸਾਡੀ ਰਣਨੀਤੀ ਇਸ ਦੇ ਅਧਾਰ ’ਤੇ ਹੀ ਬਣੀ।”
26 ਅਪ੍ਰੈਲ, 1974 ਵੀ ਕਿਸੇ ਆਮ ਦਿਨ ਵਾਂਗ ਹੀ ਸ਼ੁਰੂ ਹੋਇਆ ਸੀ, ਪਰ ਦੁਪਹਿਰ ਦੇ ਲਗਭਗ ਸਾਢੇ ਤਿੰਨ ਵਜੇ ਪਾਕਿਸਤਾਨੀ ਪਾਇਲਟਾਂ ਨੂੰ ਇੱਕ ਆਮ ਰੱਖਿਆ ਮਿਸ਼ਨ ਸੌਂਪਿਆ ਗਿਆ।
ਸੱਤਾਰ ਅਲਵੀ ਦੇ ਮੁਤਾਬਕ, “ਜਦੋਂ ਅਸੀਂ ਆਪਣਾ ਮਿਸ਼ਨ ਮੁਕੰਮਲ ਕਰਨ ਤੋਂ ਬਾਅਦ ਬੇਸ ’ਤੇ ਪਰਤ ਰਹੇ ਸੀ ਤਾਂ ਅਚਾਨਕ ਰਡਾਰ ਨੇ ਇਜ਼ਰਾਈਲੀ ਜਹਾਜ਼ ਦੀ ਮੌਜੂਦਗੀ ਦੀ ਸੂਚਨਾ ਦਿੱਤੀ।”
ਉਦੋਂ ਤੱਕ ਸੱਤਾਰ ਅਲਵੀ ਸਮੇਤ ਪਾਕਿਸਤਾਨੀ ਪਾਇਲਟਾਂ ਦੇ ਜਹਾਜ਼ਾਂ ’ਚ ਬਹੁਤ ਜ਼ਿਆਦਾ ਈਂਧਨ ਦੀ ਵਰਤੋਂ ਹੋ ਚੁੱਕੀ ਸੀ ਅਤੇ ਅਚਾਨਕ ਰਡਾਰ ਜਾਮ ਹੋਣ ਕਰਕੇ ਉਨ੍ਹਾਂ ਦਾ ਆਪਸੀ ਸੰਪਰਕ ਵੀ ਟੁੱਟ ਗਿਆ ਸੀ।
8 ਪਾਕਿਸਤਾਨੀ ਪਾਇਲਟ ‘ਸ਼ਾਹਬਾਜ਼ 8’ ਫਾਰਮੇਸ਼ਨ ’ਚ ਉੱਡ ਰਹੇ ਸਨ, ਜਿਸ ’ਚ ਸੱਤਾਰ ਅਲਵੀ ਸਭ ਤੋਂ ਅਖੀਰ ’ਚ ਸਨ। ਉਨ੍ਹਾਂ ਦੇ ਅਨੁਸਾਰ ਸੰਪਰਕ ਟੁੱਟਣ ਤੋਂ ਪਹਿਲਾਂ ਫਾਰਮੇਸ਼ਨ ਕਮਾਂਡਰ ਵੱਲੋਂ ਉਸ ਦਿਸ਼ਾ ਵੱਲ ਮੁੜਨ ਦੀ ਦਾਇਤ ਕੀਤੀ ਗਈ ਸੀ, ਜਿਸ ਦਿਸ਼ਾ ਤੋਂ ਇਜ਼ਰਾਈਲੀ ਜਹਾਜ਼ਾਂ ਦੇ ਆਉਣ ਦੀ ਜਾਣਕਾਰੀ ਮਿਲੀ ਸੀ।
ਇਹ ਲੇਬਨਾਨ ਦੀ ਹਵਾਈ ਸਰਹੱਦ ਸੀ, ਜਿੱਥੇ ਉਸੇ ਸਮੇਂ ਸੱਤਾਰ ਅਲਵੀ ਨੂੰ ਜ਼ਮੀਨ ਵੱਲ ਇੱਕ ਚਮਕਦੀ ਹੋਈ ਚੀਜ਼ ਨਜ਼ਰ ਆਈ।
ਉਨ੍ਹਾਂ ਅਨੁਸਾਰ ਇਹ ਇੱਕ ਇਜ਼ਰਾਈਲੀ ਮਿਰਾਜ ਲੜਾਕੂ ਜਹਾਜ਼ ਸੀ। ਸੱਤਾਰ ਅਲਵੀ ਨੇ ਉਸੇ ਸਮੇਂ ਆਪਣੀ ਫਾਰਮੇਸ਼ਨ ਤੋਂ ਵੱਖ ਹੁੰਦੇ ਹੋਏ ਆਪਣਾ ਰੁਖ਼ ਉਸ ਜਹਾਜ਼ ਵੱਲ ਮੋੜ ਲਿਆ।
ਅਲਵੀ ਦੇ ਅਨੁਸਾਰ, “ਉਹ ਜਹਾਜ਼ ਮੇਰੇ ਕਲੋਂ ਦੀ ਲੰਘ ਚੁੱਕਿਆ ਸੀ, ਪਰ ਮੇਰੀ ਨਜ਼ਰ ਉਸ ਦੇ ਪਿੱਛੇ ਇੱਕ ਹੋਰ ਮਿਰਾਜ ਲੜਾਕੂ ਜਹਾਜ਼ ’ਤੇ ਪਈ।”
“ਜਿਵੇਂ ਹੀ ਉਹ ਦੂਜਾ ਜਹਾਜ਼ ਮੇਰੇ ਨੇੜਿਓਂ ਦੀ ਲੰਘਿਆ, ਤਾਂ ਮੈ ਉਸ ਵੱਲ ਮੁੜਨ ਲਈ ਇੱਕ ਅਜਿਹੀ ਹਵਾਈ ਤਕਨੀਕ ਦੀ ਵਰਤੋਂ ਕੀਤੀ, ਜਿਸ ਨਾਲ ਜਹਾਜ਼ ਦੀ ਗਤੀ ਹੌਲੀ ਹੋ ਜਾਂਦੀ ਹੈ।”
“ਮੈਂ ਵੇਖਿਆ ਕਿ ਵਿਰੋਧੀ ਜਹਾਜ਼ ਨੇ ਵੀ ਉਸੇ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਤਕਨੀਕ ਨੂੰ ਅਸੀਂ ‘ਸੀਜ਼ਰਸ’ ਭਾਵ ਕੈਂਚੀ ਦੀ ਤਰ੍ਹਾਂ ਜਹਾਜ਼ ਉਡਾਉਣਾ ਕਹਿੰਦੇ ਹਾਂ। ਯਾਨੀ ਕਿ ਦੋਵੇਂ ਜਹਾਜ਼ ਅੱਗੇ-ਪਿੱਛੇ ਅਤੇ ਸੱਜੇ-ਖੱਬੇ ਮੁੜਦੇ ਹਨ, ਤਾਂ ਜੋ ਵਿਰੋਧੀ ਦੇ ਪਿੱਛੇ ਪਹੁੰਚ ਕੇ ਉਸ ਨੂੰ ਨਿਸ਼ਾਨਾ ਬਣਾ ਸਕਣ।”
ਸੱਤਾਰ ਅਲਵੀ ਦੇ ਅਨੁਸਾਰ ਇਸ ਦੌਰਾਨ ਉਨ੍ਹਾਂ ਨੇ ਜ਼ੀਰੋ ਸਪੀਡ ’ਤੇ ਆਪਣੇ ਜਹਾਜ਼ ਨੂੰ ਹਵਾ ’ਚ ਇੱਕ ਪਲ ਲਈ ਰੋਕਿਆ ਤਾਂ ਇਜ਼ਰਾਇਲੀ ਮਿਰਾਜ ਉਨ੍ਹਾਂ ਦੇ ਅੱਗੇ ਆ ਗਿਆ।
ਪਰ ਹੁਣ ਸੱਤਾਰ ਅਲਵੀ ਦੇ ਸਾਹਮਣੇ ਇੱਕ ਮੁਸ਼ਕਲ ਸੀ।
ਉਨ੍ਹਾਂ ਦੇ ਮੁਤਾਬਕ, “ ਉਹ ਜਹਾਜ਼ ਇੰਨਾ ਨਜ਼ਦੀਕ ਸੀ ਕਿ ਜੇਕਰ ਮੈਂ ਤੁਰੰਤ ਫਾਇਰ ਕਰਦਾ ਤਾਂ ਉਸ ਦਾ ਮਲਬਾ ਮੇਰੇ ਜਹਾਜ਼ ’ਤੇ ਡਿੱਗਦਾ। ਮੈਨੂੰ ਸੁਰੱਖਿਆ ਦੂਰੀ ਕਾਇਮ ਕਰਨ ਲਈ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਪਿਆ।”
ਪਰ ਹੁਣ ਸਮਾਂ ਬਹੁਤ ਘੱਟ ਸੀ ਕਿਉਂਕਿ ਇੱਕ ਪਾਸੇ ਇਜ਼ਰਾਇਲੀ ਲੜਾਕੂ ਜਹਾਜ਼ ਹੁਣ ਸੱਤਾਰ ਅਲਵੀ ਵੱਲ ਰੁਖ਼ ਕਰ ਰਿਹਾ ਸੀ, ਜਦਕਿ ਅਲਵੀ ਦੇ ਜਹਾਜ਼ ਦਾ ਈਂਧਨ ਵੀ ਖ਼ਤਮ ਹੋਣ ਦੀ ਕਗਾਰ ’ਤੇ ਸੀ। ਇਸ ਲਈ ਉਨ੍ਹਾਂ ਨੂੰ ਤੁਰੰਤ ਫੈਸਲਾ ਲੈਣ ਦੀ ਜ਼ਰੂਰਤ ਸੀ।
ਸੱਤਾਰ ਅਲਵੀ ਦੇ ਅਨੁਸਾਰ ਇਜ਼ਰਾਇਲੀ ਲੜਾਕੂ ਜਹਾਜ਼ ਦੇ ਪਾਇਲਟ ਕੈਪਟਨ ਲਿਟਜ਼ ਨੇ ਆਪਣੀ ਕਮਜ਼ੋਰ ਸਥਿਤੀ ਨੂੰ ਭਾਂਪਦੇ ਹੋਏ ਹੇਠਾਂ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਇਸ ਯਤਨ ਨੇ ਸੱਤਾਰ ਅਲਵੀ ਨੂੰ ਉਹ ਸੁਰੱਖਿਅਤ ਦੂਰੀ ਪ੍ਰਦਾਨ ਕਰ ਦਿੱਤੀ, ਜੋ ਕਿ ਉਨ੍ਹਾਂ ਨੂੰ ਪਾਇਰ ਕਰਨ ਲਈ ਜ਼ਰੂਰੀ ਸੀ।
ਸੱਤਾਰ ਅਲਵੀ ਨੇ ਫਾਇਰ ਕਰਨ ਲਈ ਰੂਸੀ ਮਿਜ਼ਾਈਲ ਦੀ ਚੋਣ ਕੀਤੀ ਅਤੇ ਬਟਨ ਦਬਾ ਕੇ ਮਿਜ਼ਾਈਲ ਦਾਗ ਦਿੱਤੀ, ਪਰ ਮਿਜ਼ਾਈਲ ਨਹੀਂ ਚੱਲੀ।
ਇੱਕ ਸਕਿੰਟ ਤੋਂ ਵੀ ਘੱਟ ਦਾ ਸਮਾਂ ਸੀ, ਜਿਸ ’ਚ ਸੱਤਾਰ ਅਲਵੀ ਕਹਿੰਦੇ ਹਨ, “ ਮੇਰੇ ਦਿਮਾਗ ’ਚ ਪਤਾ ਨਹੀਂ ਕਿੰਨੇ ਕੁ ਖਿਆਲ ਆਏ ਕਿ ਸ਼ਾਇਦ ਮਿਜ਼ਾਈਲ ਫਸ ਗਈ ਹੈ ਜਾਂ ਕੁਝ ਹੋਰ ਹੋ ਗਿਆ ਹੈ।”
ਦਰਅਸਲ ਮਿਜ਼ਾਈਲ ਬਟਨ ਦਬਾਉਣ ਤੋਂ ਇੱਕ ਸੰਕਿਟ ਬਾਅਦ ਹੀ ਫਾਇਰ ਹੁੰਦੀ ਹੈ। ਅਲਵੀ ਲਈ ਇਹ ਸੰਕਿਟ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਸੀ।
“ਦੋ-ਤਿੰਨ ਮਿੰਟਾਂ ’ਚ ਹੀ ਮਿਜ਼ਾਈਲ ਇਜ਼ਰਾਇਲੀ ਮਿਰਾਜ ’ਚ ਜਾ ਕੇ ਟਕਰਾਈ ਅਤੇ ਮੈਂ ਉਸ ਨੂੰ ਫੱਟਦੇ ਹੋਏ ਆਪਣੀ ਅੱਖੀਂ ਵੇਖਿਆ।”
ਇਹ ਪੂਰੀ ਝੜਪ ਲਗਭਗ 30 ਸੰਕਿਟਾਂ ’ਚ ਖਤਮ ਹੋ ਗਈ ਸੀ, ਜਿਸ ਤੋਂ ਬਾਅਦ ਸੱਤਾਰ ਅਲਵੀ ਨੇ ਜਹਾਜ਼ ਨੂੰ ਜ਼ਮੀਨ ਵੱਲ ਮੋੜਿਆ ਅਤੇ ਸੁਪਰਸੋਨਿਕ ਸਪੀਡ ’ਤੇ ਜ਼ਮੀਨ ਤੋਂ ਸਿਰਫ 50 ਫੁੱਟ ਦੀ ਉਚਾਈ ’ਤੇ ਆਪਣੇ ਸੀਰੀਆਈ ਬੇਸ ਦਾ ਰੁਖ਼ ਕੀਤਾ।
ਜਦੋਂ ਸੱਤਾਰ ਅਲਵੀ ਦੇ ਜਹਾਜ਼ ਨੇ ਰਨਵੇਅ ’ਤੇ ਲੈਂਡ ਕੀਤਾ ਤਾਂ ਉਦੋਂ ਤੱਕ ਫਿਊਲ ਗੇਜ ਜ਼ੀਰੋ ਤੋਂ ਵੀ ਹੇਠਾਂ ਜਾ ਚੁੱਕਿਆ ਸੀ।
‘ਮੇਰੀਆਂ ਲੱਤਾਂ ’ਚ ਜਾਨ ਨਹੀਂ ਸੀ’
ਸੱਤਾਰ ਅਲਵੀ ਕਹਿੰਦੇ ਹਨ, “ਜਿਵੇਂ ਹੀ ਮੈਂ ਜਹਾਜ਼ ਰੋਕ ਕੇ ਸਵਿੱਚ ਆਫ਼ ਕੀਤਾ ਤਾਂ ਮੈਨੂੰ ਇੰਝ ਮਹਿਸੂਸ ਹੋਇਆ, ਜਿਵੇਂ ਮੇਰੀਆਂ ਲੱਤਾਂ ’ਚ ਜਾਨ ਹੀ ਨਹੀਂ ਸੀ।”
ਜ਼ਮੀਨ ’ਤੇ ਮੌਜੂਦ ਸਟਾਫ਼ ਵੇਖ ਚੁੱਕਿਆ ਸੀ ਕਿ ਜਹਾਜ਼ ਤੋਂ ਇੱਕ ਮਿਜ਼ਾਈਲ ਗਾਇਬ ਹੈ, ਪਰ ਸੱਤਾਰ ਅਲਵੀ ਨੇ ਕਾਕਪਿਟ ’ਚੋਂ ਨਿਕਲਦੇ ਹੀ ਇੱਕ ਕੱਪ ਚਾਹ ਤਲਬ ਕੀਤੀ।
ਫਿਰ ਉਨ੍ਹਾਂ ਨੇ ਸੀਰੀਆਈ ਫੌਜ ਨੂੰ ਉਸ ਥਾਂ ਬਾਰੇ ਦੱਸਿਆ ਜਿੱਥੇ ਸੰਭਾਵਿਤ ਤੌਰ ’ਤੇ ਝੜਪ ਹੋਈ ਸੀ।
ਇਸ ਤੋਂ ਬਾਅਦ ਸੀਰੀਆਈ ਸੈਨਿਕ ਹੈਲੀਕਾਪਟਰ ਰਾਹੀਂ ਮੌਕੇ ਵਾਲੀ ਥਾਂ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਜ਼ਖਮੀ ਹਾਲਤ ’ਚ ਇਜ਼ਰਾਈਲੀ ਪਾਇਲਟ ਕੈਪਟਨ ਲਿਟਜ਼ ਮਿਲੇ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਸੱਤਾਰ ਅਲਵੀ ਇਜ਼ਰਾਇਲੀ ਪਾਇਲਟ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਪਰ ਮੁਲਾਕਾਤ ਤੋਂ ਪਹਿਲਾਂ ਹੀ ਕੈਪਟਨ ਲਿਟਜ਼ ਦਾ ਦੇਹਾਂਤ ਹੋ ਗਿਆ।
ਸੀਰੀਆਈ ਸਰਕਾਰ ਨੇ ਸੱਤਾਰ ਅਲਵੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਅਤੇ ਇਜ਼ਰਾਇਲੀ ਪਾਇਲਟ ਕੈਪਟ ਲਿਟਜ਼ ਦਾ ਫਲਾਇੰਗ ਓਵਰਆਲ ਵੀ ਉਨ੍ਹਾਂ ਨੂੰ ਟਰਾਫੀ ਵੱਜੋਂ ਦਿੱਤਾ ਗਿਆ।
ਸੱਤਾਰ ਅਲਵੀ ਦੇ ਮੁਤਾਬਕ, “ਪਾਕਿਸਤਾਨ ਸਰਕਾਰ ਨੇ ਕਈ ਸਾਲਾਂ ਤੱਕ ਇਸ ਘਟਨਾ ਨੂੰ ਸਵੀਕਾਰ ਨਹੀਂ ਕੀਤਾ।”
“ਮੈਂ ਵੀ ਚੁੱਪ ਰਿਹਾ। ਜੇਕਰ ਕੋਈ ਮੈਨੂੰ ਪੁੱਛਦਾ ਸੀ ਤਾਂ ਮੈਂ ਕਹਿੰਦਾ ਸੀ ਕਿ ਮੈਂ ਤਾਂ ਕਦੇ ਸੀਰੀਆ ਗਿਆ ਹੀ ਨਹੀਂ ਹਾਂ।”
ਪਰ ਬਾਅਦ ’ਚ ਪਾਕਿਸਤਾਨ ਹਕੂਮਤ ਵੱਲੋਂ ਵੀ ਸੱਤਾਰ ਅਲਵੀ ਨੂੰ ‘ਸਿਤਾਰਾ-ਏ-ਜ਼ੁਰਤ’ ਨਾਲ ਸਨਮਾਨਿਤ ਕੀਤਾ ਗਿਆ।
ਨੋਟ: ਇਹ ਕਹਾਣੀ ਸੱਤਾਰ ਅਲਵੀ ਵੱਲੋਂ ਇਜ਼ਰਾਈਲੀ ਪਾਇਲਟ ਨਾਲ ਹੋਏ ਮੁਕਾਬਲੇ ਸਬੰਧੀ ਅਤੀਤ ’ਚ ਦਿੱਤੇ ਗਏ ਇੱਕ ਇੰਟਰਵਿਊ ’ਤੇ ਅਧਾਰਤ ਹੈ, ਜਿਸ ਦੀ ਪੁਸ਼ਟੀ ਉਨ੍ਹਾਂ ਨੇ ਬੀਬੀਸੀ ਨਾਲ ਹੋਈ ਗੱਲਬਾਤ ਦੌਰਾਨ ਕੀਤੀ ਹੈ।