ਈਰਾਨ ਨੇ ਇਜ਼ਰਾਈਲ ਉੱਤੇ ਹਮਲਾ ਕਿਉਂ ਕੀਤਾ, ਦੋਵਾਂ ਮੁਲਕਾਂ ਦੀ ਦੋਸਤ ਤੋਂ ਵੈਰੀ ਬਣਨ ਦੀ ਕਹਾਣੀ

    • ਲੇਖਕ, ਰਫੀ ਬਰਗ, ਟੌਮ ਸਪੈਂਡਰ, ਜੋਨਾਥਨ ਬਿਅਲ
    • ਰੋਲ, ਬੀਬੀਸੀ ਨਿਊਜ਼

ਈਰਾਨ ਨੇ ਇਜ਼ਰਾਈਲ ਉੱਤੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਡਰੋਨਾਂ ਅਤੇ ਮਿਜ਼ਾਇਲਾਂ ਨਾਲ ਹਮਲਾ ਕੀਤਾ।

ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਈਰਾਨ ਨੇ ਸਿੱਧੇ ਤੌਰ ਉੱਤੇ ਇਜ਼ਰਾਈਲ ਉੱਤੇ ਹਮਲਾ ਕੀਤਾ ਹੈ।

ਈਰਾਨ ਨੇ ਇਹ ਹਮਲਾ ਸੀਰੀਆ ਦੀ ਰਾਜਧਾਨੀ ਡਮੈਸਕਸ ਵਿਚਲੇ ਈਰਾਨੀ ਕੌਂਸਲੇਟ ਉੱਤੇ ਹੋਏ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਕੀਤਾ।

ਇਜ਼ਰਾਈਲ ਨੇ ਇਹ ਨਹੀਂ ਕਿਹਾ ਸੀ ਕਿ ਕੌਂਸਲੇਟ ਉੱਤੇ ਇਹ ਹਮਲਾ ਉਸ ਨੇ ਕੀਤਾ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਇਸ ਹਮਲੇ ਦੇ ਪਿੱਛੇ ਇਜ਼ਰਾਈਲ ਦੀ ਭੂਮਿਕਾ ਸੀ।

ਇਸ ਤੋਂ ਪਹਿਲਾਂ ਈਰਾਨ ਅਤੇ ਇਜ਼ਰਾਈਲ ਸਾਲਾਂ ਲੰਬੀ ਸ਼ੈਡੋ ਵਾਰ ਯਾਨਿ ਅਸਿੱਧੀ ਜੰਗ ਵਿੱਚ ਰਹੇ ਹਨ।

ਇਹ ਦੋਵੇਂ ਬਿਨਾ ਜ਼ਿੰਮੇਵਾਰੀ ਲਏ ਅਸਿੱਧੇ ਰੂਪ ਵਿੱਚ ਇੱਕ ਦੂਜੇ ਉੱਤੇ ਹਮਲੇ ਕਰਦੇ ਰਹੇ ਹਨ।

ਇਹ ਹਮਲੇ ਗਾਜ਼ਾ ਵਿਚਲੇ ਫਲਸਤੀਨੀ ਸੰਗਠਨ ਵੱਲੋਂ ਬੀਤੀ ਅਕਤੂਬਰ ਨੂੰ ਇਜ਼ਰਾਈਲ ਵਿੱਚ ਵੜ ਕੇ ਹਮਲਾ ਕੀਤੇ ਜਾਣ ਤੋਂ ਬਾਅਦ ਵੱਧ ਗਏ ਹਨ।

ਇਜ਼ਾਰਾਈਲ ਅਤੇ ਈਰਾਨ ਇੱਕ ਦੂਜੇ ਦੇ ਵੈਰੀ ਕਿਉਂ ਹਨ?

ਇਹ ਦੋਵੇਂ ਮੁਲਕ ਇੱਕ 1979 ਦੇ ਇਸਲਾਮਿਕ ਰੈਵੋਲਿਊਸ਼ਨ ਯਾਨਿ ਇਸਲਾਮੀ ਇਨਕਲਾਬ ਤੱਕ ਇੱਕ ਦੂਜੇ ਦੇ ਨਜ਼ਦੀਕੀ ਸਨ।

ਇਸਲਾਮਿਕ ਰੈਵੋਲਿਊਸ਼ਨ ਤੋਂ ਬਾਅਦ ਇਜ਼ਰਾਈਲ ਦਾ ਵਿਰੋਧ ਈਰਾਨ ਦੀ ਮੁੱਖ ਵਿਚਾਰਧਾਰਾ ਦਾ ਹਿੱਸਾ ਬਣ ਗਿਆ।

ਈਰਾਨ ਇਜ਼ਰਾਈਲ ਦੀ ਹੋਂਦ ਨੂੰ ਨਹੀਂ ਮੰਨਦਾ ਅਤੇ ਇਸ ਨੂੰ ਮਿਟਾਏ ਜਾਣ ਦਾ ਸਮਰਥਨ ਕਰਦਾ ਹੈ।

ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾਹ ਅਲੀ ਖਾਮਿਨੀ ਇਜ਼ਰਾਈਲ ਦੀ ਤੁਲਨਾ 'ਕੈਂਸਰ ਦੀ ਰਸੌਲੀ' ਨਾਲ ਵੀ ਕਰ ਚੁੱਕੇ ਹਨ, 'ਜਿਸ ਨੂੰ ਜੜ੍ਹੋਂ ਪੁੱਟਿਆ ਜਾਵੇਗਾ'।

ਇਜ਼ਰਾਈਲ ਦਾ ਮੰਨਣਾ ਹੈ ਕਿ ਈਰਾਨ ਉਸ ਦੀ ਹੋਂਦ ਲਈ ਖ਼ਤਰਾ ਹੈ ਜਿਸ ਦਾ ਪਤਾ ਈਰਾਨ ਵੱਲੋਂ ਵਰਤੀ ਜਾਂਦੀ ਭਾਸ਼ਾ ਤੋਂ ਲੱਗਦਾ ਹੈ।

ਇਜ਼ਰਾਈਲ ਦੇ ਅਜਿਹਾ ਮੰਨਣ ਦੇ ਹੋਰ ਕਾਰਨ ਹਨ - ਈਰਾਨ ਵੱਲੋਂ ਅਜਿਹੇ ਸੰਗਠਨਾਂ ਨੂੰ ਹੁਲਾਰਾ ਦੇਣਾ ਜੋਂ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਈਰਾਨ ਵੱਲੋਂ ਹਮਾਸ ਸਣੇ ਹੋਰ ਫਲਸੀਤੀ ਸੰਗਠਨਾਂ ਦੇ ਨਾਲ-ਨਾਲ ਲੈਬਨਾਨ ਦੇ ਲੜਾਕੂ ਸ਼ੀਆ ਸੰਗਠਨ ਹਿਜ਼ਬੁੱਲਾਹ ਦੀ ਪੈਸਾ ਅਤੇ ਹਥਿਆਰਾਂ ਨਾਲ ਮਦਦ ਕਰਨਾ ਵੀ ਇਜ਼ਰਾਈਲ ਦੀ ਅਜਿਹੀ ਸਮਝ ਦਾ ਕਾਰਨ ਹੈ।

ਇਸ ਦੇ ਨਾਲ ਹੀ ਈਰਾਨ ਵੱਲੋਂ ਪ੍ਰਮਾਣੂ ਹਥਿਆਰ ਬਣਾਉਣ ਦੀ ਗੁਪਤ ਕੋਸ਼ਿਸ਼ ਕਰਨਾ ਵੀ ਇਜ਼ਰਾਈਲ ਵੱਲੋਂ ਈਰਾਨ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਣਾ ਦਾ ਕਾਰਨ ਹੈ, ਹਾਲਾਂਕਿ ਈਰਾਨ ਦਾ ਇਹ ਕਹਿਣਾ ਹੈ ਕਿ ਉਹ ਪ੍ਰਮਾਣੂ ਬੰਬ ਨਹੀਂ ਬਣਾਉਣਾ ਚਾਹੁੰਦੇ।

ਕੌਂਸਲੇਟ ਉੱਤੇ ਹਮਲੇ ਤੋਂ ਬਾਅਦ ਈਰਾਨ ਬਦਲਾ ਲੈਣਾ ਚਾਹੁੰਦਾ ਸੀ

ਈਰਾਨ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਨੂੰ ਇਜ਼ਰਾਈਲ ਉੱਤੇ ਬੰਬਾਰੀ ਇਜ਼ਰਾਈਲ ਵੱਲੋਂ 1 ਅਪ੍ਰੈਲ ਨੂੰ ਸੀਰੀਆ ਦੀ ਰਾਜਧਾਨੀ ਵਿਚਲੇ ਈਰਾਨੀ ਕੌਂਸਲੇਟ ਉੱਤੇ ਕੀਤੇ ਗਏ ਹਵਾਈ ਹਮਲੇ ਦੇ ਜਵਾਬ ਵਜੋਂ ਸੀ।

ਇਸ ਹਮਲੇ ਵਿੱਚ ਸੀਨੀਅਰ ਈਰਾਨੀ ਕਮਾਂਡਰਾਂ ਦੀ ਮੌਤ ਹੋ ਗਈ ਸੀ।

ਈਰਾਨ ਇਸ ਹਵਾਈ ਹਮਲੇ ਦਾ ਦੋਸ਼ੀ ਇਜ਼ਰਾਈਲ ਨੂੰ ਮੰਨਦਾ ਹੈ। ਇਸ ਨੂੰ ਉਹ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਵਜੋਂ ਵਜੋਂ ਮੰਨਦਾ ਹੈ।

ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਇਹ ਹਮਲਾ ਨਹੀਂ ਕੀਤਾ, ਪਰ ਕਾਫੀ ਲੋਕਾਂ ਵੱਲੋਂ ਇਹ ਮੰਨਿਆ ਜਾਂਦਾ ਹੈ ਕਿ ਹਮਲੇ ਪਿੱਛੇ ਇਜ਼ਰਾਈਲ ਸੀ।

ਇਸ ਹਮਲੇ ਵਿੱਚ ਈਰਾਨ ਦੀ ਰਿਪਬਲਕਿਟ ਗਾਰਡਸ ਫੋਰਸ ਦੀ ਵਿਦੇਸ਼ੀ ਵਿੰਗ ਕੁਦਸ ਫੋਰਸ ਦੇ ਸੀਨੀਅਰ ਕਮਾਂਡਰ ਬ੍ਰਿਗੇਡੀਅਰ ਜਨਰਲ ਮੁਹੰਮਦ ਰੇਜ਼ਾ ਜ਼ਾਹੇਦੀ ਸਣੇ 13 ਜਣਿਆਂ ਦੀ ਮੌਤ ਹੋ ਗਈ ਸੀ।

ਜ਼ਾਹੇਦੀ ਦੀ ਲੈਬਨਾਨ ਦੇ ਸ਼ੀਆ ਸੰਗਠਨ ਹਿਜ਼ਬੁੱਲਾਹ ਨੂੰ ਹਥਿਆਰਬੰਦ ਕਰਨ ਦੀ ਈਰਾਨੀ ਯੋਜਨਾ ਵਿੱਚ ਮੁੱਖ ਭੂਮਿਕਾ ਸੀ।

ਕੌਂਸਲੇਟ ਉੱਤੇ ਇਹ ਹਮਲਾ ਈਰਾਨ ਉੱਤੇ ਪਿਛਲੇ ਸਮੇਂ ਵਿੱਚ ਹੋਏ ਹਵਾਈ ਹਮਲਿਆਂ ਨਾਲ ਜੁੜਦਾ ਹੈ, ਜਿਸ ਦਾ ਇਲਜ਼ਾਮ ਇਜ਼ਰਾਈਲ ਉੱਤੇ ਲੱਗਾ ਸੀ।

ਪਿਛਲੇ ਮਹੀਨਿਆਂ ਵਿੱਚ ਆਈਆਰਜੀਸੀ ਦੇ ਕਈ ਸੀਨੀਅਰ ਕਮਾਂਡਰ ਅਜਿਹੇ ਹਵਾਈ ਹਮਲਿਆਂ ਵਿੱਚ ਮਾਰੇ ਜਾ ਚੁੱਕੇ ਹਨ।

ਈਰਾਨੀ ਆਈਆਰਜੀਸੀ ਅਤਿ ਆਧੁਨਿਕ ਮਿਜ਼ਾਇਲਾਂ ਸਣੇ ਹਥਿਆਰ ਅਤੇ ਹੋਰ ਸਾਜੋ ਸਮਾਨ ਸੀਰੀਆ ਰਾਹੀਂ ਹਿਜ਼ਬੁੱਲਾਹ ਕੋਲ ਪਹੁੰਚਾਉਂਦੀ ਹੈ। ਇਜ਼ਰਾਈਲ ਈਰਾਨ ਨੂੰ ਇਹ ਹਥਿਆਰ ਪਹੁੰਚਾਉਣ ਅਤੇ ਸੀਰੀਆ ਵਿੱਚ ਈਰਾਨ ਦੇ ਫੌਜੀ ਦਬਦਬੇ ਨੂੰ ਮਜ਼ਬੂਤ ਕਰਨ ਤੋਂ ਰੋਕ ਰਿਹਾ ਹੈ।

ਈਰਾਨ ਨੂੰ ਕੌਣ ਸਮਰਥਨ ਦੇ ਰਿਹਾ

ਈਰਾਨ ਨੇ ਮੱਧ ਪੂਰਬ ਖੇਤਰ ਵਿੱਚ ਆਪਣੇ ਸਹਿਯੋਗੀਆਂ ਅਤੇ ਸੰਗਠਨਾਂ ਦਾ ਅਜਿਹਾ ਨੈੱਟਵਰਕ ਬਣਾ ਲਿਆ ਹੈ ਜਿਸ ਨੂੰ ਇਹ “ਐਕਸਿਸ ਆਫ ਰਸਿਸਟੈਂਸ” ਕਹਿੰਦਾ ਹੈ। ਇਹ ਇਸ ਰਾਹੀਂ ਅਮਰੀਕਾ ਅਤੇ ਇਜ਼ਰਾਈਲ ਨੂੰ ਚੁਣੌਤੀ ਦਿੰਦਾ ਹੈ।

ਸੀਰੀਆ ਈਰਾਨ ਦਾ ਸਭ ਤੋਂ ਅਹਿਮ ਹੈ। ਈਰਾਨ ਨੇ ਰੂਸ ਨਾਲ ਰਲ ਕੇ ਬਸ਼ਾਰ ਅਲ ਅਸਦ ਦੀ ਸਰਕਾਰ ਨੂੰ ਇੱਕ ਦਹਾਕਾ ਚੱਲੀ ਘਰੇਲੂ ਖਾਨਾਜੰਗੀ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ ਸੀ।

ਹਿਜ਼ਬੁੱਲਾਹ ਲੈਬਨਾਨ ਵਿਚਲੇ ਸਭ ਤੋਂ ਵੱਧ ਤਾਕਤਵਰ ਹਥਿਆਰਬੰਦ ਸੰਗਠਨਾਂ ਵਿੱਚੋਂ ਹੈ ਜਿਸਦੀ ਈਰਾਨ ਮਦਦ ਕਰਦਾ ਹੈ।

ਇਜ਼ਰਾਈਲ ਅਤੇ ਹਮਾਸ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਅਤੇ ਹਿਜ਼ਬੁੱਲਾਹ ਸਹਿਯੋਗੀ ਲਾਹ ਵਿਚਾਲੇ ਗੋਲੀਬਾਰੀ ਦੀਆਂ ਘਟਨਾਵਾਂ ਹਰ ਦਿਨ ਵਾਪਰ ਰਹੀਆਂ ਹਨ।

ਇਸ ਹਿੰਸਾ ਕਾਰਨ ਹਜ਼ਾਰਾਂ ਲੋਕ ਉੱਜੜ ਗਏ।

ਈਰਾਨ ਈਰਾਕ ਵਿਚਲੇ ਸ਼ੀਆ ਸੰਗਠਨਾਂ ਦੀ ਹਮਾਇਤ ਕਰਦਾ ਹੈ ਜੋ ਈਰਾਕ, ਸੀਰੀਆ ਅਤੇ ਜੋਰਡਨ ਵਿਚਲੇ ਅਮਰੀਕੀ ਠਿਕਾਣਿਆਂ ਉੱਤੇ ਰਾਕੇਟ ਹਮਲੇ ਕਰਦੇ ਹਨ। ਅਮਰੀਕਾ ਨੇ ਜੋਰਡਨ ਵਿਚਲੇ ਇਸ ਦੇ ਟਿਕਾਣੇ ਉੱਤੇ ਹਮਲੇ ਵਿੱਚ ਤਿੰਨ ਫੌਜੀਆਂ ਦੇ ਮਾਰੇ ਜਾਣ ਮਗਰੋਂ ਜਵਾਬੀ ਕਾਰਵਾਈ ਕੀਤੀ ਸੀ।

ਯਮਨ ਵਿੱਚ ਈਰਾਨ ਹੂਤੀ ਲਹਿਰ ਦਾ ਸਮਰਥਨ ਕਰਦਾ ਹੈ। ਹੂਤੀ ਸਮੂਹ ਯਮਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਹਿੱਸਿਆਂ ਉੱਤੇ ਕੰਟਰੋਲ ਕਰਦੇ ਹਨ।

ਗਾਜ਼ਾ ਵਿੱਚ ਹਮਾਸ ਪ੍ਰਤੀ ਆਪਣਾ ਸਮਰਥਨ ਦਿਖਾਉਣ ਲਈ ਹੂਤੀਆਂ ਨੇ ਮਿਜ਼ਾਇਲਾਂ ਅਤੇ ਡਰੋਨ ਇਜ਼ਰਾਈਲ ਉੱਤੇ ਦਾਗ਼ੇ, ਇਸ ਦੇ ਨਾਲ ਹੀ ਉਹ ਇਜ਼ਰਾਈਲ ਦੇ ਕਿਨਾਰਿਆਂ ਨੇੜੇ ਵਪਾਰਕ ਬੇੜਿਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਅਤੇ ਇੱਕ ਬੇੜੇ ਨੂੰ ਡੋਬ ਦਿੱਤਾ।

ਇਸ ਦੇ ਜਵਾਬ ਵਿੱਚ ਅਮਰੀਕਾ ਅਤੇ ਯੂਕੇ ਨੇ ਹੂਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਈਰਾਨ ਹਮਾਸ ਸਣੇ ਫਲਸਤੀਨੀ ਹਥਿਆਰਬੰਦ ਧੜਿਆਂ ਨੂੰ ਹਥਿਆਰ ਅਤੇ ਸਿਖਲਾਈ ਦਿੰਦੇ ਰਹੇ ਹਨ।

ਹਮਾਸ ਨੇ ਬੀਤੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹਮਲਾ ਕਤਿਾ ਜਿਸ ਮਗਰੋਂ ਮੌਜੂਦਾ ਜੰਗ ਦੀ ਸ਼ੁਰੂਆਤ ਹੋ ਗਈ.. ਇਸ ਦੇ ਨਾਲ ਹੀ ਸ਼ੁਰੂ ਹੋਇਆ ਮੱਧ ਪੂਰਬ ਖਤਰ ਵਿੱਚ ਈਰਾਨ ਦੇ ਸਮਰਥਨ ਵਾਲੇ ਸੰਗਠਨਾਂ ਅਤੇ ਇਜ਼ਰਾਈਲ ਦੇ ਸਮਰਥਕਾਂ ਵਿਚਾਲੇ ਅਸਿੱਧੀ ਹਥਿਆਰਬੰਦ ਲੜਾਈ ਦਾ ਦੌਰ।

ਈਰਾਨ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਗਏ ਹਮਲੇ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਾ ਹੈ।

ਈਰਾਨ ਅਤੇ ਇਜ਼ਰਾਈਲ ਦੀ ਫੌਜੀ ਸਮਰੱਥਾ

ਈਰਾਨ ਅਤੇ ਖੇਤਰਫ਼ਲ ਪੱਖੋਂ ਇਜ਼ਰਾਈਲ ਤੋਂ ਕਾਫੀ ਵੱਡਾ ਅਤੇ ਇਸ ਦੀ ਆਬਾਦੀ ਕਰੀਬ 90 ਮਿਲੀਅਨ ਹੈ, ਇਹ ਇਜ਼ਰਾਈਲ ਤੋਂ 10 ਗੁਣਾ ਵੱਡਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਦੀ ਫੌਜੀ ਸਮਰੱਥਾ ਈਰਾਨ ਤੋਂ ਘੱਟ ਹੈ।

ਈਰਾਨ ਨੇ ਮਿਜ਼ਾਇਲਾਂ ਅਤੇ ਡਰੋਨ ਤਕਨੀਕ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਈਰਾਨ ਕੋਲ ਆਪਣੇ ਲਈ ਵੱਡੀ ਮਾਤਰਾ ਵਿੱਚ ਜੰਗੀ ਸਾਜੋ ਸਮਾਨ ਹੋਣ ਦੇ ਨਾਲ-ਨਾਲ ਇਹ ਯਮਨ ਵਿੱਚ ਹੂਤੀਆਂ ਅਤੇ ਲੈਬਨਾਨ ਵਿੱਚ ਹਿਜ਼ਬੁੱਲਾਹ ਨੂੰ ਵੀ ਅਸਲਾ ਸਪਲਾਈ ਕਰਦਾ ਹੈ।

ਈਰਾਨ ਲਈ ਆਧੁਨਿਕ ਹਵਾਈ ਸੁਰੱਖਿਆ ਪ੍ਰਬੰਧ ਅਤੇ ਫਾਈਟਰ ਜੈੱਟ ਨਾਲ ਹੋਣਾ ਮਾਅਨੇ ਨਹੀਂ ਰੱਖਦਾ। ਇਹ ਮੰਨਿਆ ਜਾ ਰਿਹਾ ਹੈ ਕਿ ਰੂਸ ਈਰਾਨ ਵੱਲੋਂ ਯੂਕਰੇਨ ਜੰਗ ਵਿੱਚ ਕੀਤੇ ਗਏ ਫੌਜੀ ਸਮਰਥਨ ਦੇ ਬਦਲੇ ਵਿੱਚ ਈਰਾਨ ਦਾ ਇਸ ਮਾਮਲੇ ਵਿੱਚ ਸਹਿਯੋਗ ਕਰ ਰਿਹਾ ਹੈ।

ਈਰਾਨ ਨੇ ਰੂਸ ਦੀ ਈਰਾਨੀ ਡਰੋਨਾਂ ਨਾਲ ਸਹਾਇਤੀ ਕੀਤੀ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਰੂਸ ਇਹ ਹਥਿਆਰ ਹੁਣ ਆਪ ਬਣਾਉਣ ਜਾ ਰਿਹਾ।

ਇਸ ਦੇ ਮੁਕਾਬਲੇ ਇਜ਼ਰਾਈਲ ਕੋਲ ਸੰਸਾਰ ਦੀ ਸਭ ਤੋਂ ਆਧੁਨਿਕ ਹਵਾਈ ਫੌਜ ਹੈ।

ਆਈਆਈਐੱਸਐੱਸ ਮਿਲੀਟਰੀ ਬੈਲੇਂਸ ਰਿਪੋਰਟ ਦੇ ਮੁਤਾਬਕ ਇਜ਼ਰਾਈਲ ਕੋਲ ਘੱਟੋ-ਘੱਟ 14 ਲੜਾਕੂ ਹਵਾਈ ਜਹਾਜ਼ਾਂ ਦੇ ਦਸਤੇ ਹਨ, ਜਿਸ ਵਿੱਚ ਐੱਫ-15, ਐੱਫ-15 ਅਤੇ ਨਵੇਂ ਐਫ 25 ਸਟੈੱਲਥ ਜੈੱਟ ਸ਼ਾਮਲ ਹਨ।

ਕੀ ਈਰਾਨ ਅਤੇ ਇਜ਼ਰਾਈਲ ਕੋਲ ਪ੍ਰਮਾਣੂ ਹਥਿਆਰ ਹਨ?

ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਕੋਲ ਆਪਣੇ ਪ੍ਰਮਾਣੂ ਹਥਿਆਰ ਹਨ ਪਰ ਇਸ ਦੀ ਅਧਿਕਾਰਤ ਨੀਤੀ ਹੈ ਕਿ ਇਹ ਇਸ ਬਾਰੇ ਜਾਣਬੁਝ ਕੇ ਸਪੱਸ਼ਟਤਾ ਨਹੀਂ ਦਿੰਦਾ।

ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹਨ, ਅਤੇ ਉਹ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਇੱਕ ਪ੍ਰਮਾਣੂ ਹਥਿਆਰਾਂ ਵਾਲਾ ਮੁਲਕ ਬਣਨ ਲਈ ਵਰਤ ਰਿਹਾ ਹੈ।

ਪਿਛਲੇ ਸਾਲ ਇੰਟਰਨੈਸ਼ਨਲ ਐਟੋਮਿਕ ਰਿਸਰਚ ਏਜੰਸੀ ਦੇ ਸਾਹਮਣੇ ਆਇਆ ਕਿ ਈਰਾਨ ਵਿੱਚ ਯੂਰੇਨੀਅਮ 83.7 ਫ਼ੀਸਦ ਸ਼ੁੱਧ ਸਨ ਜੋ ਕਿ ਹਥਿਆਰ ਬਣਾਉਣ ਲਈ ਲੋੜੀਂਦੇ ਯੂਰੇਨੀਅਮ ਦੇ ਕਾਫੀ ਨੇੜੇ ਸੀ।

ਈਰਾਨ ਨੇ ਕਿਹਾ ਸੀ ਯੂਰੇਨੀਅਮ ਦੀ ਸ਼ੁੱਧਤਾ ਵਿੱਚ ਅਜਿਹਾ ਉਤਰਾਅ ਚੜ੍ਹਾਅ ਕਰਨ ਦੀ ਉਨ੍ਹਾਂ ਦੀ ਕੋਈ ਮੰਸ਼ਾ ਨਹੀਂ ਸੀ।

ਈਰਾਨ ਸ਼ਰੇਆਮ ਦੋ ਸਾਲਾਂ ਤੱਕ ਯੂਰੇਨੀਅਮ 60 ਫ਼ੀਸਦ ਤੱਕ ਸ਼ੁੱਧ ਕਰਦਾ ਰਿਹਾ ਹੈ, ਇਹ 2015 ਦੇ ਪ੍ਰਮਾਣੂ ਸਮਝੌਤੇ ਦੀ ਉਲੰਘਣਾ ਸੀ।

ਹਾਲਾਂਕਿ ਇਹ ਸਮਝੌਤਾ ਉਦੋਂ ਤੋਂ ਖ਼ਤਮ ਹੋਣ ਦੀ ਕਗਾਰ ਉੱਤੇ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਇੱਕ ਪਾਸੜ ਤੇ ਅਮਰੀਕਾ ਨੂੰ ਇਸ ਸਮਝੌਤੇ ਵਿੱਚੋਂ ਬਾਹਰ ਕੱਢ ਲਿਆ ਅਤੇ 2018 ਵਿੱਚ ਇਜ਼ਰਾਈਲ ਉੱਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ।

ਇਜ਼ਰਾਈਲ ਸ਼ੁਰੂ ਤੋਂ ਹੀ ਇਸ ਪ੍ਰਮਾਣੂ ਸਮਝੌਤੇ ਦੇ ਵਿਰੋਧ ਵਿੱਚ ਸੀ।

ਇਸ ਹਮਲੇ ਰਾਹੀਂ ਈਰਾਨ ਕੀ ਸੁਨੇਹਾ ਦੇ ਰਿਹਾ

ਹਮਲੇ ਬਾਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ ਅਸੀਂ ਮਿਜ਼ਾਇਲਾਂ ਨੂੰ ਰੋਕਿਆ ਅਤੇ ਅਸੀਂ ਇਕੱਠੇ ਜਿੱਤਾਂਗੇ।''

ਪਰ ਟੋਮ ਫਲੈਚਰ, ਯੂਕੇ ਦੇ ਕਈ ਪ੍ਰਧਾਨ ਮੰਤਰੀਆਂ ਦੇ ਨੀਤੀ ਸਲਾਹਕਾਰ ਰਹਿ ਚੁੱਕੇ ਹਨ ਅਤੇ ਉਹ ਲੈਬਨਾਨ ਵਿੱਚ ਯੂਕੇ ਦੇ ਰਾਜਦੂਤ ਵੀ ਰਹਿ ਚੁੱਕੇ ਹਨ।

ਉਹ ਦੱਸਦੇ ਹਨ ਕਿ ਇਹ ਹਮਲਾ ਇਰਾਨ ਦੀ ਸਮਰੱਥਾ ਦਾ ਇੱਕ ਨਮੂਨਾ ਸੀ।

ਈਰਾਨ ਅਤੇ ਇਜ਼ਰਾਇਲ ਦੋਵਾਂ ਮੁਲਕਾ ਦੇ ਆਗੂ ਆਪੋ-ਆਪਣੇ ਮੁਲਕਾਂ ਵਿੱਚ ਦਬਾਅ ਮਹਿਸੂਸ ਕਰ ਰਹੇ ਸਨ ਅਤੇ ਕੌਮਾਂਤਰੀ ਪੱਧਰ ਉੱਤੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਉਹ ਦੱਸਦੇ ਹਨ ਕਿ ਦੋਵੇਂ ਮੁਲਕਾਂ ਦੇ ਆਗੂ ਅੱਗ ਨਾਲ ਖੇਡਣ ਲਈ ਤਿਆਰ ਹਨ।

ਉਹ ਕਹਿੰਦੇ ਹਨ ਕਿ ਈਰਾਨ ਨੇ ਇਹ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਹਮਲਾ ਕਰੇਗਾ ਜਿਸ ਕਾਰਨ ਇਜ਼ਰਾਈਲ ਲਈ ਇਸ ਨੂੰ ਰੋਕਣਾ ਆਸਾਨ ਹੋ ਗਿਆ।

ਆਪਣਾ ਤਜਰਬਾ ਸਾਂਝਾ ਕਰਦਿਆਂ ਉਹ ਦੱਸਦੇ ਹਨ ਕਿ ਈਰਾਨ ਦੀ ਮੰਸ਼ਾ ਆਪਣੀ ਸਮਰੱਥਾ ਦਿਖਾਉਣ ਦੀ ਸੀ ਅਤੇ ਉਹ ਹਾਲਾਤ ਜ਼ਿਆਦਾ ਖ਼ਰਾਬ ਨਹੀਂ ਕਰਨਾ ਚਾਹੁੰਦਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਕਾਰਾਤਮਕ ਹੈ ਕਿ ਈਰਾਨ ਨੇ ਹਿਜ਼ਬੁੱਲਾਹ ਰਾਹੀਂ ਹਮਲਾ ਕਰਨ ਦੀ ਥਾਂ ਸਿੱਧਾ ਟਾਕਰਾ ਲਿਆ।

ਚੈਥਮ ਹਾਊਸ ਥਿੰਕ ਟੈਂਕ ਦੀ ਸਨਮ ਵਕੀਲ ਕਹਿੰਦੇ ਹਨ ਕਿ ਈਰਾਨ ਦੇ ਨਜ਼ਰੀਏ ਤੋਂ ਇਹ ਇੱਕ ਸਫ਼ਲਤਾ ਹੈ।

ਉਹ ਕਹਿੰਦੇ ਹਨ ਕਿ ਇਹ ਪਹਿਲੀ ਵਾਰੀ ਹੈ ਕਿ ਈਰਾਨ ਨੇ ਸਿੱਧੇ ਤੋਂ ਉੱਤੇ ਇਜ਼ਰਾਈਲ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ।

ਉਹ ਕਹਿੰਦੇ ਹਨ ਕਿ ਈਰਾਨ ਨੇ ਆਪਣਾ ਹਮਲਾ ਫੌਜੀ ਟਿਕਾਣਿਆਂ ਉੱਤੇ ਕੇਂਦਰ ਰੱਖਿਆ ਅਤੇ ਇਸ ਦਾ ਇਹ ਟੀਚਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)