You’re viewing a text-only version of this website that uses less data. View the main version of the website including all images and videos.
ਈਰਾਨ ਤੇ ਇਜ਼ਰਾਈਲ ਵਿਚਾਰੇ ਤਣਾਅ ਦੌਰਾਨ ਹਰਿਆਣਾ ਤੋਂ ਇਜ਼ਰਾਈਲ ਗਏ ਨੌਜਵਾਨਾਂ ਨੇ ਕੀ ਦੱਸਿਆ
- ਲੇਖਕ, ਪ੍ਰਵੀਣ ਕੁਮਾਰ
- ਰੋਲ, ਬੀਬੀਸੀ ਸਹਿਯੋਗੀ
ਈਰਾਨ ਅਤੇ ਇਜ਼ਰਾਈਲ ਵਿਚਾਲੇ ਵੱਧ ਰਹੇ ਤਣਾਅ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਐਡਵਾਇਜ਼ਰੀ ਵਿੱਚ ਭਾਰਤੀ ਨਾਗਰਿਕਾਂ ਨੂੰ ਅਗਲੀ ਜਾਣਕਾਰੀ ਤੱਕ ਈਰਾਨ ਅਤੇ ਇਜ਼ਰਾਈਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਭਾਰਤ ਸਰਕਾਰ ਨੇ ਇਜ਼ਰਾਈਲ ਜਾਣ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਹੈ ਪਰ ਸਾਵਧਾਨੀ ਲਈ ਨਾਗਰਿਕਾਂ ਨੂੰ ਯਾਤਰਾ ਕਰਨ ਤੋਂ ਬਚਣ ਲਈ ਕਿਹਾ ਹੈ।
ਸ਼ਨੀਵਾਰ ਰਾਤ ਈਰਾਨ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ 'ਤੇ ਵੱਡੇ ਪੱਧਰ 'ਤੇ ਹਮਲੇ ਕੀਤੇ ਹਨ। ਇਸ ਨੂੰ ਸੀਰੀਆ ਵਿੱਚ ਉਸ ਦੇ ਵਣਜ ਦੂਤਘਰ ਉੱਤੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਦੱਸਿਆ ਜਾ ਰਿਹਾ ਹੈ।
ਭਾਰਤ ਸਰਕਾਰ ਦੀ ਇਸ ਐਡਵਾਇਜ਼ਰੀ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ ਜਿਨ੍ਹਾਂ ਨੇ ਨੌਕਰੀ ਦੇ ਲਈ ਇਜ਼ਰਾਈਲ ਜਾਣਾ ਸੀ, ਕਿਉਂਕਿ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਨੌਜਵਾਨਾਂ ਨੇ 15 ਅਪ੍ਰੈਲ ਨੂੰ ਇਜ਼ਰਾਈਲ ਜਾਣ ਦੀ ਫਲਾਈਟ ਲੈਣੀ ਸੀ, ਉਨ੍ਹਾਂ ਨੂੰ ਸ਼ਨੀਵਾਰ ਨੂੰ ਵਟਸਐਪ ਰਾਹੀਂ ਇੱਕ ਸੁਨੇਹਾ ਮਿਲਿਆ।
ਇਸ ਵਿੱਚ ਕਿਹਾ ਗਿਆ ਹੈ ਕਿ ‘ਵਿਦੇਸ਼ ਮੰਤਰਾਲੇ ਦੇ ਨਿਰਦੇਸ਼ਾਂ ਦੇ ਮੁਤਾਬਕ ਇਜ਼ਰਾਈਲ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ, ਤੁਸੀਂ ਅਗਲੀ ਜਾਣਕਾਰੀ ਮਿਲਣ ਤੱਕ ਇੰਤਜ਼ਾਰ ਕਰੋ।’
ਇਸ ਮਗਰੋਂ ਉਨ੍ਹਾਂ ਨੌਜਵਾਨਾਂ ਨੂੰ ਆਪਣਾ ਭਵਿੱਖ ਹਨੇਰੇ ਵਿੱਚ ਜਾਪਦਾ ਹੈ।
ਇੱਕ ਪਾਸੇ ਜੰਗ ਦੇ ਖ਼ਦਸ਼ੇ ਕਾਰਨ ਉਹ ਰਾਹਤ ਵੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਮਾ ਰਹਿੰਦੇ ਹੀ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਚੰਗੀ ਕਮਾਈ ਦਾ ਮੌਕੇ ਨਾ ਮਿਲਣ ਦਾ ਦੁੱਖ ਹੈ।
ਸ਼ਨੀਵਾਰ ਦੀ ਸਵੇਰ ਨੂੰ ਬੀਬੀਸੀ ਸਹਿਯੋਗੀ ਪੱਤਰਕਾਰ ਸਤ ਸਿੰਘ ਨੇ ਇਜ਼ਰਾਈਲ ਪਹੁੰਚ ਚੁੱਕੇ ਦੋ ਨੌਜਵਾਨਾਂ ਨਾਲ ਗੱਲਬਾਤ ਕੀਤੀ ।
ਉਨ੍ਹਾਂ ਨੇ ਦੱਸਿਆ ਕਿ ‘ਉਹ ਲੋਕ ਸੁਰੱੱਖਿਅਤ ਹਨ ਅਤੇ ਕੰਮ ਸ਼ੁਰੂ ਕਰ ਚੁੱਕੇ ਹਨ ਅਤੇ ਕੋਈ ਵੀ ਚਿੰਤਾ ਦੀ ਗੱਲ ਨਹੀਂ ਹੈ।
ਸਤ ਸਿੰਘ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨੌਜਵਾਨ ਸਰਵੀਣ ਮੋਰ ਨਾਲ ਜ਼ੂਮ ਉੱਤੇ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ, “ਇੱਥੇ ਸਭ ਕੁਝ ਠੀਕ ਹੈ, ਕੰਮ ਮਿਲ ਗਿਆ ਹੈ, ਖਾਣ-ਪੀਣ ਦੇ ਲਈ ਕੰਪਨੀ ਨੇ ਪੈਸੇ ਵੀ ਦਿੱਤੇ ਹਨ, ਹੋਟਲ ਜਿਹਾ ਕਮਰਾ ਹੈ, ਇੱਕ ਸੇਫਟੀ ਟ੍ਰਨਿੰਗ ਵੀ ਦਿੱਤੀ ਹੈ, ਕੋਈ ਦਿੱਕਤ ਹੋਣ ਉੱਤੇ ਬੰਕਰ ਦੇ ਅੰਦਰ ਜਾਣ ਦੀ ਸਲਾਹ ਦਿੱਤੀ ਗਈ ਹੈ।”
ਇਸ ਦੇ ਨਾਲ ਹੀ ਯਮੁਨਾਨਗਰ ਤੋਂ ਇਜ਼ਰਾਈਲ ਗਏ ਨੌਜਵਾਨ ਮਹੇਸ਼ ਨੇ ਕਿਹਾ ਕਿ ਉਹ ਸਾਰੇ ਬਿਲਕੁਲ ਸੁਰੱਖਿਅਤ ਹਾਂ।
ਹਾਲਾਂਕਿ ਇਜ਼ਰਾਈਲ ਗਏ ਹਰਿਆਣਾ ਦੇ ਨੌਜਵਾਨਾਂ ਦੇ ਪਰਿਵਾਰ ਆਪਣੀਆਂ ਜ਼ਰੂਰਤਾਂ ਨੂੰ ਲੈ ਕੇ ਚਿੰਤਤ ਹਨ।
'ਪਰਿਵਾਰ ਦੁਚਿੱਤੀ ਵਿੱਚ'
ਇਨ੍ਹਾਂ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਟਿਕਟਾਂ ਅਤੇ ਵੀਜ਼ਾ ਲਈ ਲਏ ਗਏ ਉਨ੍ਹਾਂ ਦੇ ਪੈਸੇ ਸੁਰੱਖਿਅਤ ਹਨ।
ਇਹ ਨੌਜਵਾਨ ਅਤੇ ਇਨ੍ਹਾਂ ਦੇ ਪਰਿਵਾਰ ਹੁਣ ਦੁਚਿੱਤੀ ਵਿੱਚ ਹਨ।
ਸ਼ੁੱਕਰਵਾਰ ਨੂੰ ਸਰਕਾਰੀ ਹਦਾਇਤਾਂ ਤੋਂ ਪਹਿਲਾਂ ਬੀਬੀਸੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਕੁਝ ਨੌਜਵਾਨਾਂ ਨਾਲ ਗੱਲ ਕੀਤੀ ਸੀ, ਜੋ ਇਜ਼ਰਾਈਲ ਜਾਣ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਨੂੰ ਹੁਣ ਸਰਕਾਰ ਦੇ ਨਵੇਂ ਐਲਾਨ ਤੱਕ ਉਡੀਕ ਕਰਨੀ ਪਵੇਗੀ।
ਜਗਦੀਸ਼ਪੁਰ ਪਿੰਡ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਦੇ 20 ਤੋਂ ਵੱਧ ਨੌਜਵਾਨਾਂ ਨੂੰ ਇਜ਼ਰਾਈਲ ਜਾਣ ਲਈ ਚੁਣਿਆ ਗਿਆ ਹੈ।
ਇਨ੍ਹਾਂ ਨੌਜਵਾਨਾਂ 'ਚੋਂ ਇਕ ਅਜੀਤ ਸਿੰਘ ਹੈ। ਜਦੋਂ ਅਸੀਂ ਉਸ ਨੂੰ ਮਿਲਣ ਲਈ ਜਗਦੀਸ਼ਪੁਰ ਪਹੁੰਚੇ ਤਾਂ ਦੇਖਿਆ ਕਿ ਉਹ ਉਸਾਰੀ ਅਧੀਨ ਮਕਾਨ 'ਚ ਮਜ਼ਦੂਰੀ ਕਰਦਾ ਸੀ।
ਅਜੀਤ ਆਪਣੇ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਿਛਲੇ 15 ਸਾਲਾਂ ਤੋਂ ਰਾਜਮਿਸਤਰੀ ਦਾ ਕੰਮ ਕਰ ਰਹੇ ਹਨ, ਇਸੇ ਕੰਮ ਨਾਲ ਉਨ੍ਹਾਂ ਦੇ ਘਰ ਦਾ ਖਰਚਾ ਚੱਲਦਾ ਹੈ।
10ਵੀਂ ਪਾਸ ਅਜੀਤ ਕਹਿੰਦੇ ਹਨ, “ਅਜਿਹਾ ਕੰਮ ਰੋਜ਼ ਨਹੀਂ ਮਿਲਦਾ, ਜਿੰਨਾ ਕੰਮ ਮਿਲਦਾ ਹੈ ਉਸ ਦੇ ਹਿਸਾਬ ਨਾਲ ਮਹੀਨੇ ਵਿੱਚ 10 ਹਜ਼ਾਰ ਰੁਪਏ ਤੱਕ ਕਮਾ ਲੈਂਦੇ ਹਾਂ, ਇੰਨੇ ਵਿੱਚ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ।”
ਇਜ਼ਰਾਈਲ ਜਾ ਰਹੇ ਅਜੀਤ ਨੇ ਪਿਛਲੇ ਸਾਲ ਤੱਕ ਇਜ਼ਰਾਈਲ ਦਾ ਨਾਮ ਤੱਕ ਨਹੀਂ ਸੁਣਿਆ ਸੀ।
ਅਕਤੂਬਰ ਵਿੱਚ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਸ਼ੁਰੂ ਹੋਈ ਲੜਾਈ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰੀ ਖ਼ਬਰਾਂ ਵਿੱਚ ਇਜ਼ਰਾਈਲ ਦਾ ਨਾਮ ਸੁਣਿਆ ਸੀ।
ਉਹ ਕਹਿੰਦੇ ਹਨ, “ਪਰਿਵਾਰਕ ਮਜਬੂਰੀ ਦੇ ਕਰਕੇ ਜਾਨ ਜੋਖ਼ਮ ਵਿੱਚ ਪਾ ਕੇ ਇਜ਼ਰਾਈਲ ਜਾ ਰਹੇ ਹਨ, ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਕਿਸੇ ਦੇਸ਼ ਵਿੱਚ ਜਾਣਾ ਪੈ ਰਿਹਾ ਹੈ ਅਤੇ ਉੱਥੇ ਖ਼ਤਰਾ ਹੋ ਸਕਦਾ ਹੈ।”
ਚੰਗੇ ਪੈਸੇ ਕਮਾਉਣ ਨੂੰ ਪਰਿਵਾਰ ਦੇ ਲਈ ਜ਼ਿਆਦਾ ਜ਼ਰੂਰੀ ਦੱਸਦੇ ਹੋਏ ਅਜੀਤ ਕਹਿੰਦੇ ਹਨ, “ਜਦੋਂ ਇੱਥੇ ਉੱਨਾ ਰੁਜ਼ਗਾਰ ਨਹੀਂ ਹੈ ਤਾਂ ਸਰਕਾਰ ਬਾਹਰ ਜਾਣ ਦਾ ਪ੍ਰਬੰਧ ਕਰੇਗੀ ਹੀ।”
ਸਰਕਾਰ ਦੀਆਂ ਤਿਆਰੀਆਂ ਤੋਂ ਪਰਿਵਾਰ ਸੰਤੁਸ਼ਟ ਹੈ
ਕੋਲ ਹੀ ਬੈਠੀ ਅਜੀਤ ਸਿੰਘ ਦੀ ਪਤਨੀ ਫੂਲਾ ਦੇਵੀ ਦੀਆਂ ਵਾਰ-ਵਾਰ ਗੱਲਬਾਤ ਦੌਰਾਨ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਨ੍ਹਾਂ ਦਾ ਗੱਚ ਵੀ ਭਰ ਗਿਆ।
ਉਹ ਕਹਿੰਦੀ ਹੈ, "ਮੈਂ ਨਹੀਂ ਚਾਹੁੰਦੀ ਕਿ ਉਹ ਜਾਵੇ। ਮੈਂ ਉਸ ਨੂੰ ਕਈ ਵਾਰ ਨਾ ਜਾਣ ਲਈ ਕਿਹਾ ਪਰ ਉਹ ਨਹੀਂ ਮੰਨਿਆ। ਹੁਣ ਮੈਂ ਆਪਣੇ ਆਪ ਨੂੰ ਮਨਾ ਲਿਆ ਹੈ ਕਿ ਪਰਿਵਾਰ ਦੇ ਹਿੱਤ ਵਿੱਚ ਉਸ ਦਾ ਜਾਣਾ ਸਹੀ ਹੋਵੇਗਾ।"
ਅਜੀਤ ਇਕੱਲਾ ਨਹੀਂ ਹੈ। ਉਸ ਦਾ ਛੋਟਾ ਭਰਾ ਧਨਰਾਜ ਵੀ ਪਲਾਸਟਰਿੰਗ ਦੇ ਕੰਮ ਲਈ ਇਜ਼ਰਾਈਲ ਜਾ ਰਿਹਾ ਹੈ।
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਧਨਰਾਜ ਥੋੜ੍ਹਾ ਅਸੰਤੁਸ਼ਟ ਜਾਪਦਾ ਸੀ।
ਉਨ੍ਹਾਂ ਕਿਹਾ, "ਅਪਲਾਈ ਕਰਨ ਤੋਂ ਬਾਅਦ ਦੱਸਿਆ ਗਿਆ ਸੀ ਕਿ ਜਾਣ ਲਈ ਕੋਈ ਪੈਸੇ ਨਹੀਂ ਲਏ ਜਾਣਗੇ, ਪਰ ਬਾਅਦ ਵਿੱਚ ਮੈਨੂੰ ਟਿਕਟ ਅਤੇ ਵੀਜ਼ੇ ਲਈ 66,800 ਰੁਪਏ ਜਮ੍ਹਾਂ ਕਰਵਾਉਣੇ ਪਏ।"
ਧਨਰਾਜ ਅਤੇ ਅਜੀਤ ਦੇ ਪਿਤਾ ਸ਼ਾਰਦਾ ਸਿੰਘ ਜੰਗ ਦੇ ਵਿਚਾਲੇ ਆਪਣੇ ਦੋਵਾਂ ਪੁੱਤਰਾਂ ਦੇ ਇਜ਼ਰਾਈਲ ਜਾਣ ਨੂੰ ਠੀਕ ਨਹੀਂ ਮੰਨਦੇ ਪਰ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ।
ਉਹ ਦੱਸਦੇ ਹਨ, "ਇੱਥੇ ਤੁਹਾਨੂੰ ਰੋਜ਼ ਕੰਮ ਵੀ ਨਹੀਂ ਮਿਲਦਾ। ਜੇਕਰ ਤੁਹਾਨੂੰ ਦੋ ਦਿਨ ਕੰਮ ਮਿਲਦਾ ਹੈ ਤਾਂ ਤੁਹਾਨੂੰ 10 ਦਿਨ ਬੈਠਣਾ ਪੈਂਦਾ ਹੈ। ਉੱਥੇ ਘੱਟੋ-ਘੱਟ ਤੁਹਾਨੂੰ ਰੋਜ਼ ਕੰਮ ਮਿਲ ਰਿਹਾ ਹੈ ਅਤੇ ਪੈਸੇ ਵੀ ਚੰਗੇ ਹਨ।"
ਪਹਿਲਾਂ ਤਾਂ ਅਜੀਤ ਅਤੇ ਧਨਰਾਜ ਇਹ ਗੱਲ ਦੱਸਣ ਤੋਂ ਬਚਦੇ ਰਹੇ ਕਿ ਉਹ ਦੋਵੇਂ ਭਰਾ-ਭਰਾ ਹਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਇੱਕ ਘਰ ਦੇ ਦੋ ਵਿਅਕਤੀਆਂ ਦੀ ਚੋਣ ਦੀ ਖ਼ਬਰ ਜਨਤਕ ਹੋ ਗਈ ਤਾਂ ਕੌਣ ਜਾਣਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਦੀ ਚੋਣ ਰੱਦ ਹੋ ਸਕਦੀ ਹੈ।
ਇਜ਼ਰਾਈਲ ਨੂੰ ਇੰਨੇ ਕਾਮਿਆਂ ਦੀ ਲੋੜ ਕਿਉਂ ਹੈ?
ਇਜ਼ਰਾਇਲੀ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੂੰ ਭਾਰਤ ਅਤੇ ਚੀਨ ਦੇ ਕਰੀਬ 70 ਹਜ਼ਾਰ ਕਾਮਿਆਂ ਦੀ ਲੋੜ ਹੈ ਕਿਉਂਕਿ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਉੱਥੇ ਨਿਰਮਾਣ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਭਾਰੀ ਕਮੀ ਹੈ।
ਅਜਿਹਾ ਇਸ ਲਈ ਹੋਇਆ ਕਿਉਂਕਿ ਇਜ਼ਰਾਈਲ ਨੇ ਉੱਥੇ ਕੰਮ ਕਰਨ ਵਾਲੇ 80 ਹਜ਼ਾਰ ਫਲਸਤੀਨੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਇਜ਼ਰਾਈਲ ਨੂੰ ਇਸ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਕਾਮਿਆਂ ਦੀ ਲੋੜ ਹੈ।
ਭਾਰਤ ਸਰਕਾਰ ਅਤੇ ਇਜ਼ਰਾਈਲ ਸਰਕਾਰ ਦਰਮਿਆਨ ਹੋਏ ਸਮਝੌਤੇ ਤਹਿਤ ਪਲਾਸਟਰਿੰਗ, ਸਿਰੇਮਿਕ ਟਾਈਲਿੰਗ, ਬਿਲਡਿੰਗ ਫਰੇਮਵਰਕ (ਸੈਟਿੰਗ ਕਾਰਪੇਂਟਰ), ਲੋਹੇ ਦੀ ਵੈਲਡਿੰਗ ਵਿੱਚ ਹੁਨਰਮੰਦ ਕਾਮਿਆਂ ਨੂੰ ਸਕ੍ਰੀਨਿੰਗ ਤੋਂ ਬਾਅਦ ਇਜ਼ਰਾਈਲ ਭੇਜਿਆ ਜਾਣਾ ਸੀ।
ਇਜ਼ਰਾਈਲ ਦੀ ਟੀਮ ਨੇ ਇਨ੍ਹਾਂ ਨੌਜਵਾਨਾਂ ਦਾ ਟੈੱਸਟ ਲਿਆ ਗਿਆ ਸੀ। ਇਹ ਟੈਸਟ ਇਸ ਸਾਲ ਜਨਵਰੀ-ਫਰਵਰੀ ਵਿੱਚ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵੀ ਕਰਵਾਏ ਗਏ ਸਨ।
ਅਸੀਂ ਜਗਦੀਸ਼ਪੁਰ ਦੇ ਇੱਕ ਹੋਰ ਨੌਜਵਾਨ ਰਣਜੀਤ ਨੂੰ ਮਿਲੇ। ਰਣਜੀਤ ਨੂੰ ਲੋਹੇ ਦੀ ਵੈਲਡਿੰਗ ਦੇ ਕੰਮ ਲਈ ਚੁਣਿਆ ਗਿਆ ਹੈ।
10,000 ਕਾਮੇ ਇਜ਼ਰਾਈਲ ਜਾ ਰਹੇ ਹਨ
ਲਖਨਊ ਦੇ ਅਲੀਗੰਜ ਆਈਟੀਆਈ ਦੇ ਪ੍ਰਿੰਸੀਪਲ ਰਾਜਕੁਮਾਰ ਯਾਦਵ ਦੇ ਮੁਤਾਬਕ ਕਰੀਬ 14,000 ਨੌਜਵਾਨ ਸਕ੍ਰੀਨਿੰਗ ਵਿੱਚ ਸ਼ਾਮਲ ਹੋਏ ਹਨ, ਇਨ੍ਹਾਂ ਵਿੱਚੋਂ 9145 ਨੌਜਵਾਨ ਚੁਣੇ ਗਏ ਸਨ।
ਇਨ੍ਹਾਂ ਕਾਮਿਆਂ ਨੂੰ ਨੌਕਰੀ ਦੇ ਲਈ ਨਿਯੁਕਤੀ ਪੱਤਰ ਦਿੱਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੌਂ ਕੁਲ 2176 ਕਾਮੇ ਇਜ਼ਰਾਈਲ ਜਾਣ ਦੇ ਲਈ ਚੁਣੇ ਗਏ ਸਨ।
ਉੱਤਰ ਪ੍ਰਦੇਸ਼ ਤੋਂ ਪਹਿਲਾ ਹਰਿਆਣਾ ਤੋਂ ਵੀ ਪਿਛਲੇ ਹਫ਼ਤੇ 530 ਕਾਮੇ ਇਜ਼ਰਾਈਲ ਜਾ ਚੁੱਕੇ ਸਨ।
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ 238 ਮਜ਼ਦੂਰਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 187 ਨੌਜਵਾਨਾਂ ਨੇ ਪਹਿਲੇ ਪੜਾਅ ਵਿੱਚ ਜਾਣਾ ਸੀ। ਪਰ ਹੁਣ ਇਨ੍ਹਾਂ ਸਾਰਿਆਂ ਨੂੰ ਅਗਲੀ ਸੂਚਨਾ ਤੱਕ ਉਡੀਕ ਕਰਨ ਲਈ ਕਿਹਾ ਗਿਆ ਹੈ।
ਇਨ੍ਹਾਂ ਸਾਰੇ ਕਾਮਿਆਂ ਨੂੰ ਅਲੀਗੰਜ ਆਈ.ਟੀ.ਆਈ. ਵਿਖੇ ਪਲਾਸਟਰਿੰਗ, ਸਿਰੇਮਿਕ ਟਾਈਲਿੰਗ, ਆਇਰਨ ਬੈਂਡਿੰਗ ਅਤੇ ਬਿਲਡਿੰਗ ਫਰੇਮ ਵਰਕ (ਸੈਟਿੰਗ ਕਾਰਪੇਂਟਰ) ਦੀ ਸਕਰੀਨਿੰਗ ਤੋਂ ਬਾਅਦ ਮੈਡੀਕਲ ਟੈਸਟ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਇਜ਼ਰਾਈਲ ਜਾਣ ਲਈ ਚੁਣਿਆ ਗਿਆ।
ਅਸੀਂ ਜਗਦੀਸ਼ਪੁਰ ਦੇ ਇੱਕ ਹੋਰ ਨੌਜਵਾਨ ਰਣਜੀਤ ਨੂੰ ਮਿਲੇ। ਰਣਜੀਤ ਨੂੰ ਲੋਹੇ ਦੀ ਵੈਲਡਿੰਗ ਦੇ ਕੰਮ ਲਈ ਚੁਣਿਆ ਗਿਆ ਹੈ।
ਚੰਗੇ ਪੈਸੇ ਮਿਲਣ ਦੀ ਉਮੀਦ
23 ਸਾਲਾ ਰਣਜੀਤ ਇਜ਼ਰਾਈਲ ਜਾਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਰਣਜੀਤ ਦੀ 15 ਅਪ੍ਰੈਲ ਨੂੰ ਇਜ਼ਰਾਈਲ ਲਈ ਫਲਾਈਟ ਹੈ, ਉਸ ਦੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਕਰ ਲਏ ਗਏ ਹਨ।
ਹਰ ਮਹੀਨੇ ਮਿਲਣ ਵਾਲੀ 1,37,250 ਰੁਪਏ ਦੀ ਤਨਖ਼ਾਹ ਬਾਰੇ ਦੱਸਦੇ ਹੋਏ ਰਣਜੀਤ ਦੀਆਂ ਅੱਖਾਂ 'ਚ ਚਮਕ ਆ ਗਈ।
ਉਹ ਕਹਿੰਦੇ ਹਨ, "ਉੱਥੇ ਜਾਣ ਨੂੰ ਲੈ ਕੇ ਮੇਰੇ ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਭਾਸ਼ਾ ਨੂੰ ਲੈ ਕੇ ਡਰ ਜ਼ਰੂਰ ਸੀ, ਪਰ ਚੋਣ ਦੌਰਾਨ ਦੱਸਿਆ ਗਿਆ ਕਿ ਉੱਥੇ ਹਿੰਦੀ ਬੋਲਣ ਵਾਲੇ ਲੋਕ ਹੋਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਜੋ ਪੈਸਾ ਮਿਲੇਗਾ, ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ।"
ਰਣਜੀਤ ਵਾਂਗ ਪਿੰਡ ਜਗਦੀਸ਼ਪੁਰ ਦੇ ਵਿਜੇ ਕੁਮਾਰ ਨੂੰ ਵੀ ਲੋਹੇ ਦੀ ਵੈਲਡਿੰਗ ਦੇ ਕੰਮ ਲਈ ਚੁਣਿਆ ਗਿਆ ਹੈ। ਵਿਜੇ ਕੁਮਾਰ ਨੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਟਿਕਟ ਲਈ 66,800 ਰੁਪਏ ਜਮ੍ਹਾਂ ਕਰਵਾਏ ਹਨ। ਹੁਣ ਉਹ ਦਿਨ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਾਣ ਦੀ ਤਰੀਕ ਕਿਸੇ ਵੀ ਸਮੇਂ ਤੈਅ ਹੋ ਸਕਦੀ ਹੈ। ਸੂਬੇ ਵਿੱਚ ਬੇਰੁਜ਼ਗਾਰੀ ਬਾਰੇ ਗੱਲ ਕਰਦਿਆਂ ਵਿਜੇ ਕੁਮਾਰ ਦਾ ਕਹਿਣਾ ਹੈ, "ਇੱਥੇ ਕੰਮ ਕਰਨ ਵਾਲੇ ਜ਼ਿਆਦਾ ਹਨ, ਕੰਮ ਘੱਟ। ਇਸ ਲਈ ਇੱਥੇ ਮੁਕਾਬਲਾ ਬਹੁਤ ਹੈ, ਜਿਸ ਕਾਰਨ ਸਾਨੂੰ ਉਚਿਤ ਉਜਰਤ ਨਹੀਂ ਮਿਲ ਰਹੀ ਹੈ। ਘੱਟੋ-ਘੱਟ ਸਾਨੂੰ ਉੱਥੇ ਵਧੀਆ ਪੈਸਾ ਮਿਲ ਰਿਹਾ ਹੈ।"
ਟਿਕਟ ਦੇ ਪੈਸੇ ਆਪ ਜਮ੍ਹਾ ਕਰਵਾਉਣੇ ਪਏ
ਟਿਕਟ ਦੇ ਪੈਸਿਆਂ ਦਾ ਇੰਤਜ਼ਾਮ ਕਰਨ 'ਤੇ ਵਿਜੇ ਕਹਿੰਦੇ ਹਨ, "ਪਹਿਲਾਂ ਪੈਸਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਟਿਕਟ ਲਈ ਪੈਸੇ ਚਾਹੀਦੇ ਹਨ ਤਾਂ ਮੈਂ ਪਰੇਸ਼ਾਨ ਹੋਇਆ। ਕਿਸੇ ਤਰ੍ਹਾਂ ਮੈਂ ਜ਼ਮੀਨ ਗਹਿਣੇ ਰੱਖ ਕੇ ਪੈਸੇ ਦਾ ਪ੍ਰਬੰਧ ਕੀਤਾ। ਤੁਹਾਨੂੰ ਉੱਥੇ ਚੰਗੇ ਪੈਸੇ ਮਿਲ ਜਾਣਗੇ ਤਾਂ ਘਰ ਦੀ ਹਾਲਤ ਸੁਧਰੇਗੀ ਅਤੇ ਜ਼ਮੀਨ ਗਹਿਣੇ ਰੱਖਣ ਵਾਲੇ ਨੂੰ ਪੈਸੇ ਵੀ ਮੋੜਾਂਗੇ।
ਇਨ੍ਹੀਂ ਦਿਨੀਂ ਵਿਜੇ ਯੂਟਿਊਬ ਅਤੇ ਇੰਟਰਨੈੱਟ ਰਾਹੀਂ ਇਜ਼ਰਾਈਲ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਪਰ ਜਦੋਂ ਤੋਂ ਉਨ੍ਹਾਂ ਨੂੰ ਸਰਕਾਰ ਦੀ ਸਲਾਹ ਬਾਰੇ ਪਤਾ ਲੱਗਾ ਹੈ, ਉਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਉਸ ਨੇ ਕਿਹਾ, "ਜਦੋਂ ਤੱਕ ਅਸੀਂ ਉੱਥੇ ਜਾ ਕੇ ਆਪਣੀ ਤਨਖ਼ਾਹ ਦੇ ਪੈਸੇ ਨਹੀਂ ਲੈਂਦੇ, ਅਸੀਂ ਚਿੰਤਤ ਰਹਾਂਗੇ। ਜਨਵਰੀ 2024 ਨੂੰ ਜਦੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਉਦੋਂ ਤੋਂ ਤਿੰਨ ਮਹੀਨੇ ਬੀਤ ਚੁੱਕੇ ਹਨ। ਕੋਈ ਆਮਦਨ ਨਹੀਂ ਹੈ। ਪਹਿਲਾਂ ਮੈਂ ਸਕ੍ਰੀਨਿੰਗ ਲਈ ਭੱਜਦਾ ਰਿਹਾ ਅਤੇ ਫਿਰ ਆਉਂਦਾ ਰਿਹਾ। ਕਾਗਜ਼ ਆਦਿ ਜਮ੍ਹਾਂ ਕਰਵਾਉਣ ਲਈ ਅੱਗੇ-ਪਿੱਛੇ ਲਖਨਊ ਜਾ ਰਿਹਾ ਹਾਂ। ਹੁਣ ਮੈਨੂੰ ਨਹੀਂ ਪਤਾ ਕਿ ਮੈਨੂੰ ਹੋਰ ਕਿੰਨੇ ਦਿਨ ਉਡੀਕ ਕਰਨੀ ਪਵੇਗੀ।"
ਵਿਜੇ ਕੁਮਾਰ ਦੇ ਪਿਤਾ ਦੇ ਵੱਡੇ ਭਰਾ ਰਾਮਪਾਲ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨ ਉਨ੍ਹਾਂ ਨੂੰ ਭਰੋਸਾ ਹੈ ਕਿ ਇਜ਼ਰਾਈਲ ਜਾਣ ਵਾਲੇ ਬੱਚਿਆਂ ਨੂੰ ਉੱਥੇ ਕੋਈ ਸਮੱਸਿਆ ਨਹੀਂ ਆਵੇਗੀ, ਕੋਈ ਖਤਰਾ ਨਹੀਂ ਹੋਵੇਗਾ।
ਭਾਰਤ ਵਿੱਚ ਬੇਰੁਜ਼ਗਾਰੀ ਦੀ ਸਥਿਤੀ
ਨਰਿੰਦਰ ਮੋਦੀ ਪਿਛਲੇ ਦਸ ਸਾਲਾਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੇ ਇਰਾਦੇ ਨਾਲ ਚੋਣਾਂ ਲੜ ਰਹੇ ਹਨ।
2014 ਦੇ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ।
ਪਰ ਭਾਰਤ ਵਿੱਚ ਨੌਕਰੀਆਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ।
ਭਾਰਤ ਵਿੱਚ ਬੇਰੁਜ਼ਗਾਰੀ ਘੱਟ ਰਹੀ ਹੈ ਪਰ ਇਸਦੀ ਦਰ ਅਜੇ ਵੀ ਬਹੁਤ ਜ਼ਿਆਦਾ ਹੈ।
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਇੱਕ ਰਿਪੋਰਟ ਦੇ ਮੁਤਾਬਕ, 2019 ਤੋਂ ਨਿਯਮਤ ਤਨਖਾਹ ਵਾਲੀਆਂ ਨੌਕਰੀਆਂ ਦੀ ਰਫਤਾਰ ਘੱਟ ਰਹੀ ਹੈ। ਇਸ ਦਾ ਕਾਰਨ ਆਰਥਿਕ ਮੰਦੀ ਅਤੇ ਕੋਰੋਨਾ ਦੱਸਿਆ ਜਾ ਰਿਹਾ ਹੈ। ਇਸ ਰਿਪੋਰਟ ਦੇ ਅਨੁਸਾਰ, ਮਹਾਂਮਾਰੀ ਤੋਂ ਬਾਅਦ 15 ਪ੍ਰਤੀਸ਼ਤ ਤੋਂ ਵੱਧ ਗ੍ਰੈਜੂਏਟ ਬੇਰੁਜ਼ਗਾਰ ਹਨ। ਇੰਨਾ ਹੀ ਨਹੀਂ, ਜਿਨ੍ਹਾਂ ਗ੍ਰੈਜੂਏਟਾਂ ਦੀ ਉਮਰ 25 ਸਾਲ ਤੋਂ ਘੱਟ ਹੈ, ਉਨ੍ਹਾਂ ਵਿੱਚੋਂ ਕੁੱਲ 42 ਫੀਸਦੀ ਬੇਰੁਜ਼ਗਾਰ ਹਨ।
ਭਾਰਤ ਅਤੇ ਇਜ਼ਰਾਇਲ ਵਿਚਾਲੇ ਕੀ ਸਮਝੌਤਾ ਹੋਇਆ ਸੀ
ਭਾਰਤ ਅਤੇ ਇਜ਼ਰਾਈਲ ਦਰਮਿਆਨ ਹੋਏ ਸਮਝੌਤੇ ਤਹਿਤ 15 ਮੈਂਬਰੀ ਇਜ਼ਰਾਈਲੀ ਟੀਮ ਭਾਰਤ ਤੋਂ ਪਲਾਸਟਰਿੰਗ, ਸਿਰੇਮਿਕ ਟਾਈਲਿੰਗ, ਬਿਲਡਿੰਗ ਫਰੇਮ ਵਰਕ ਅਤੇ ਲੋਹੇ ਦੀ ਵੈਲਡਿੰਗ ਵਿੱਚ ਹੁਨਰਮੰਦ ਕਾਮਿਆਂ ਦੀ ਚੋਣ ਕਰ ਰਹੀ ਹੈ।
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਰਾਹੀਂ ਭਾਰਤ ਤੋਂ ਕਾਮਿਆਂ ਨੂੰ ਇਜ਼ਰਾਈਲ ਭੇਜਿਆ ਜਾ ਰਿਹਾ ਹੈ ਜੋ ਉੱਥੇ ਉਸਾਰੀ ਅਤੇ ਉੱਦਮੀ ਖੇਤਰ ਵਿੱਚ ਯੋਗਦਾਨ ਪਾਉਣਗੇ।
ਭਾਰਤ ਤੋਂ ਇਜ਼ਰਾਈਲ ਜਾਣ ਵਾਲੇ ਕਾਮਿਆਂ ਨੂੰ ਪੰਜ ਸਾਲ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ।
ਚੁਣੇ ਗਏ ਕਾਮਿਆਂ ਨੂੰ ਇਜ਼ਰਾਈਲ ਵਿੱਚ ਘੱਟੋ-ਘੱਟ ਇੱਕ ਸਾਲ ਅਤੇ ਵੱਧ ਤੋਂ ਵੱਧ ਪੰਜ ਸਾਲ ਕੰਮ ਕਰਨ ਦਾ ਮੌਕਾ ਮਿਲੇਗਾ।
ਸਾਲ ਵਿੱਚ ਇੱਕ ਮਹੀਨੇ ਦੀ ਛੁੱਟੀ ਹੋਵੇਗੀ, ਜਿਸ ਦੌਰਾਨ ਮਜ਼ਦੂਰ ਆਪਣੇ ਦੇਸ਼ ਪਰਤ ਸਕਦੇ ਹਨ, ਭਾਵੇਂ ਲੋੜ ਪੈਣ 'ਤੇ ਮਜ਼ਦੂਰ ਆਪਣੇ ਦੇਸ਼ ਪਰਤ ਸਕਦੇ ਹਨ।
ਕੀ ਹਨ ਸ਼ਰਤਾਂ
ਬਾਰਾਬੰਕੀ ਦੇ ਸਹਾਇਕ ਲੇਬਰ ਕਮਿਸ਼ਨਰੀ ਮਯੰਕ ਸਿੰਘ ਨੇ ਕਿਹਾ, "ਕਿਸੇ ਮਜ਼ਦੂਰ ਨੂੰ ਜ਼ਬਰਦਸਤੀ ਨਹੀਂ ਭੇਜਿਆ ਜਾ ਰਿਹਾ ਹੈ। ਸਾਰੇ ਨੌਜਵਾਨ ਆਪਣੀ ਮਰਜ਼ੀ ਨਾਲ ਨੌਕਰੀ ਲਈ ਜਾ ਰਹੇ ਹਨ। ਰਾਜ ਸਰਕਾਰ ਉਨ੍ਹਾਂ ਦੇ ਜਾਣ ਵਿੱਚ ਪੂਰੀ ਮਦਦ ਕਰ ਰਹੀ ਹੈ।"
ਹਾਲਾਂਕਿ ਹੁਣ ਇਨ੍ਹਾਂ ਨੌਜਵਾਨਾਂ ਨੂੰ ਹੋਰ ਜਾਣਕਾਰੀ ਦੇਣ ਤੋਂ ਰੋਕ ਦਿੱਤਾ ਗਿਆ ਹੈ, ਜਿਸ ਬਾਰੇ ਸ਼ਨੀਵਾਰ ਤੱਕ ਮਯੰਕ ਸਿੰਘ ਨੂੰ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਉਸ ਨੇ ਦੱਸਿਆ ਕਿ 'ਉਸ ਨੂੰ ਇਹ ਜਾਣਕਾਰੀ ਉਨ੍ਹਾਂ ਲੜਕਿਆਂ ਤੋਂ ਮਿਲੀ, ਜਿਨ੍ਹਾਂ ਨੇ 15 ਅਪ੍ਰੈਲ ਨੂੰ ਜਾਣਾ ਸੀ।'
ਉੱਥੇ ਵਰਕਰਾਂ ਨੂੰ 1,37,250 ਭਾਰਤੀ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਜੇਕਰ ਉਹ ਓਵਰਟਾਈਮ ਕੰਮ ਕਰਦੇ ਹਨ ਤਾਂ ਮਹੀਨਾਵਾਰ ਤਨਖਾਹ 1,37,250 ਰੁਪਏ ਤੋਂ ਵੱਧ ਹੋ ਸਕਦੀ ਹੈ।
ਇਜ਼ਰਾਈਲ ਵਿੱਚ, ਨਿਯੋਕਤਾ ਕੰਪਨੀ ਦੁਆਰਾ ਰਿਹਾਇਸ਼ ਮੁਫਤ ਦਿੱਤੀ ਜਾਵੇਗੀ, ਪਰ ਕਰਮਚਾਰੀਆਂ ਨੂੰ ਭੋਜਨ ਲਈ ਖੁਦ ਭੁਗਤਾਨ ਕਰਨਾ ਪਏਗਾ।
ਇਨ੍ਹਾਂ ਕਾਮਿਆਂ ਨੂੰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਤੋਂ ਬੀਮੇ ਦਾ ਲਾਭ ਵੀ ਮਿਲੇਗਾ, ਜਿਸ ਵਿੱਚ ਹਰੇਕ ਵਰਕਰ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਸ਼ਾਮਲ ਹੈ।