ਗ਼ਦਰ-2 ਨੇ ਮਚਾਇਆ ਗ਼ਦਰ: 10 ਸਾਲ ਤੋਂ 'ਫ਼ਲਾਪ' 66 ਸਾਲਾ ਸੰਨੀ ਦਿਓਲ ਨੇ ਇੰਝ ਕੀਤੀ ਜ਼ਬਰਦਸਤ ਵਾਪਸੀ

ਗ਼ਦਰ-2

ਤਸਵੀਰ ਸਰੋਤ, Getty Images

    • ਲੇਖਕ, ਅਭਿਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਸੰਨੀ ਦਿਓਲ ਦੀ ਫਿਲਮ ਗ਼ਦਰ-2 ਨੇ ਪਿਛਲੇ ਨੌਂ ਦਿਨਾਂ ਤੋਂ ਬਾਕਸ ਆਫਿਸ 'ਤੇ ਵੀ ਗ਼ਦਰ ਮਚਾ ਰੱਖਿਆ ਹੈ। ਫ਼ਿਲਮ ਨੇ ਹੁਣ ਤੱਕ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

11 ਅਗਸਤ, 2023 ਨੂੰ, ਗ਼ਦਰ-2 ਦੀ ਰਿਲੀਜ਼ ਤੋਂ ਬਾਅਦ ਪੰਜਵਾਂ ਦਿਨ ਭਾਰਤ ਦਾ ਸੁਤੰਤਰਤਾ ਦਿਵਸ ਸੀ। ਗ਼ਦਰ-2 ਨੇ ਉਸ ਦਿਨ ਰਿਕਾਰਡ ਕਮਾਈ ਕੀਤੀ। ਇਸ ਨੇ ਕਮਾਈ ਦੇ ਪਿਛਲੇ ਸਾਰੇ ਅੰਕੜਿਆਂ ਨੂੰ ਪਿੱਛੇ ਛੱਡ ਦਿੱਤਾ।

ਗ਼ਦਰ-2 ਨੇ ਇਸ ਇੱਕ ਦਿਨ 'ਚ 55.40 ਕਰੋੜ ਰੁਪਏ ਕਮਾਏ ਹਨ।

ਫਿਲਮ ਆਲੋਚਕ ਤਰਣ ਆਦਰਸ਼ ਨੇ ਟਵੀਟ ਕੀਤਾ, ''15 ਅਗਸਤ ਨੂੰ ਇਸ ਫਿਲਮ ਨੇ ਕਮਾਈ ਦੇ ਪਿਛਲੇ ਸਾਰੇ ਰਿਕਾਰਡਾਂ ਨੂੰ ਪਿੱਛੇ ਛੱਡ ਕੇ ਇਤਿਹਾਸ ਰਚ ਦਿੱਤਾ। 11 ਅਗਸਤ ਨੂੰ 40.10 ਕਰੋੜ, 12 ਅਗਸਤ ਨੂੰ 43.08 ਕਰੋੜ, 13 ਅਗਸਤ ਨੂੰ 51.70 ਕਰੋੜ, 14 ਅਗਸਤ ਨੂੰ 38.70 ਕਰੋੜ ਰੁਪਏ ਅਤੇ 15 ਅਗਸਤ ਨੂੰ 55.40 ਕਰੋੜ ਰੁਪਏ ਦੀ ਕਮਾਈ ਕੀਤੀ।"

ਉਨ੍ਹਾਂ ਲਿਖਿਆ, "15 ਅਗਸਤ ਨੂੰ ਹਾਲਤ ਇਹ ਸੀ ਕਿ ਸਿਰਫ਼ ਸਿੰਗਲ ਸਕਰੀਨਾਂ ਵਿੱਚ ਹੀ ਨਹੀਂ, ਸਗੋਂ ਮਲਟੀਪਲੈਕਸਾਂ ਵਿੱਚ ਵੀ ਟਿਕਟਾਂ ਉਪਲੱਬਧ ਨਹੀਂ ਸਨ। ਸਪਸ਼ਟ ਹੈ ਕਿ ਸਪਲਾਈ ਨਾਲੋਂ ਮੰਗ ਕਿਤੇ ਵੱਧ ਹੈ।"

ਗ਼ਦਰ-2

ਤਸਵੀਰ ਸਰੋਤ, ANI

ਹੁਣ ਇਸ ਨੇ ਇੱਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ। ਸ਼ਨੀਵਾਰ ਨੂੰ ਫਿਲਮ ਦੀ ਕਮਾਈ ਦਾ ਅੰਕੜਾ 300 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਅਤੇ ਇਸ ਦੇ ਨਾਲ ਹੀ ਇਹ ਸਭ ਤੋਂ ਤੇਜ਼ੀ ਨਾਲ 300 ਕਰੋੜ ਰੁਪਏ ਕਮਾਉਣ ਵਾਲੀ ਫਿਲਮ ਬਣ ਗਈ ਹੈ।

ਫਿਲਮ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਇਸ ਦਾ ਕਾਰੋਬਾਰ 400 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

ਰਿਕਾਰਡ ਤੋੜ ਪ੍ਰਦਰਸ਼ਨ ਦਾ ਕਾਰਨ

ਗ਼ਦਰ: ਏਕ ਪ੍ਰੇਮ ਕਥਾ

ਤਸਵੀਰ ਸਰੋਤ, Getty Images

ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਇਹ ਫਿਲਮ 2001 ਦੀ ਬਲਾਕਬਸਟਰ ਫਿਲਮ 'ਗ਼ਦਰ: ਏਕ ਪ੍ਰੇਮ ਕਥਾ' ਦਾ ਸੀਕਵਲ ਹੈ।

ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਕੋਈ ਸੀਕਵਲ ਦੋ ਦਹਾਕਿਆਂ ਬਾਅਦ ਵੀ ਆਪਣਾ ਪੁਰਾਣਾ ਜਾਦੂ ਬਰਕਰਾਰ ਰੱਖੇ।

ਫਿਲਮ ਆਲੋਚਕ ਤਰਣ ਆਦਰਸ਼ ਨੇ ਗ਼ਦਰ-2 ਦੀ ਰਿਲੀਜ਼ ਵਾਲੇ ਦਿਨ ਹੀ ਇਸ ਨੂੰ ਸਾਢੇ ਚਾਰ ਦੀ ਰੇਟਿੰਗ ਦਿੱਤੀ ਸੀ ਅਤੇ ਇੱਕ ਸ਼ਬਦ ਵਿੱਚ ਫ਼ਿਲਮ ਨੂੰ ਬਲਾਕਬਸਟਰ ਤੱਕ ਕਹਿ ਦਿੱਤਾ ਸੀ।

ਫਿਲਮ 'ਆਸ਼ਿਕੀ' ਦਾ ਸੀਕਵਲ ਵੀ 23 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਆਇਆ ਸੀ ਅਤੇ 2013 'ਚ ਇਸ ਨੇ 100 ਕਰੋੜ ਰੁਪਏ ਕਮਾਏ ਸਨ।

'ਗ਼ਦਰ-2' ਦੇ ਨਿਰਮਾਤਾਵਾਂ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਰਗੇ ਸੂਬੇ ਵਿੱਚ ਕਿਸੇ ਵੀ ਹਿੰਦੀ ਫ਼ਿਲਮ ਦੇ ਲਿਹਾਜ਼ ਨਾਲ ਇਸ ਦਾ ਕੁਲੈਕਸ਼ਨ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ।

ਮਹਿਲਾ ਫਿਲਮ ਆਲੋਚਕ ਭਾਰਤੀ ਦੂਬੇ ਨੇ ਬੀਬੀਸੀ ਸਹਿਯੋਗੀ ਮਧੂ ਪਾਲ ਨੂੰ ਦੱਸਿਆ ਕਿ ਸੰਨੀ ਦਿਓਲ ਦੀ 'ਗ਼ਦਰ-2' ਦੀ ਸਫਲਤਾ ਦਾ ਇੱਕ ਵੱਡਾ ਕਾਰਨ ਰਾਸ਼ਟਰਵਾਦ ਹੈ।

ਉਹ ਕਹਿੰਦੇ ਹਨ, "ਅਸੀਂ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਉਹ ਰਾਸ਼ਟਰਵਾਦ ਦਾ ਹੈ। ਸੰਨੀ ਨੇ ਵੀ ਇਸ ਫ਼ਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕੀਤਾ ਹੈ।"

ਗ਼ਦਰ-2

ਤਸਵੀਰ ਸਰੋਤ, Getty Images

ਭਾਰਤੀ ਦੂਬੇ ਮੁਤਾਬਕ, "ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਇਸ ਨੂੰ ਰਿਲੀਜ਼ ਕੀਤੇ ਜਾਣਾ ਇਸ ਦੇ ਹਿੱਟ ਹੋਣ ਦਾ ਇੱਕ ਵੱਡਾ ਕਾਰਨ ਹੈ। ਇਹ ਫਿਲਮ ਰਾਸ਼ਟਰਵਾਦ ਨੂੰ ਜਗਾਉਂਦੀ ਹੈ। ਅਜਿਹਾ ਨਹੀਂ ਹੈ ਕਿ ਕਹਾਣੀ ਵਿੱਚ ਦਮ ਹੈ ਪਰ ਦਰਸ਼ਕਾਂ 'ਚ 'ਗ਼ਦਰ- ਏਕ ਪ੍ਰੇਮ ਕਥਾ' ਲਈ ਜੋ ਉਤਸਾਹ ਸੀ, ਉਸ ਦਾ ਸਿੱਧਾ ਫਾਇਦਾ 'ਗ਼ਦਰ-2' ਨੂੰ ਮਿਲਿਆ ਹੈ। ਫ਼ਿਲਮ ਦੀ ਟਾਇਮੰਗ, ਇਸ ਦੇ ਗੀਤ ਸਭ ਕੁਝ ਸਟੀਕ ਬੈਠਿਆ।''

ਉਹ ਕਹਿੰਦੇ ਹਨ ਕਿ ਸੰਨੀ ਨੇ ਵਾਪਸੀ ਕੀਤੀ ਹੈ, "ਸੰਨੀ ਦਿਓਲ 66 ਸਾਲ ਦੇ ਹੋ ਗਏ ਹਨ, ਉਹ ਇੱਕ ਸੀਨੀਅਰ ਸਿਟੀਜ਼ਨ ਹਨ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਇੱਕ ਵੱਡੀ ਵਾਪਸੀ ਕੀਤੀ ਹੈ।"

ਦੂਜੇ ਪਾਸੇ, ਫਿਲਮ ਆਲੋਚਕ ਗਿਰੀਸ਼ ਵਾਨਖੇੜੇ ਬੀਬੀਸੀ ਸਹਿਯੋਗੀ ਮਧੂ ਪਾਲ ਨੂੰ ਕਹਿੰਦੇ ਹਨ, "15 ਅਗਸਤ ਵਾਲੇ ਦਿਨ ਲੋਕ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਜਾਂਦੇ ਹਨ। ਇਸ ਫਿਲਮ ਵਿੱਚ ਮਾਤਾ-ਪਿਤਾ ਅਤੇ ਪਾਕਿਸਤਾਨ, ਉਹ ਸਾਰੇ ਮਸਾਲੇ ਹਨ ਜੋ ਲੋਕਾਂ ਵਿਚਕਾਰ ਇੱਕ ਹਿੱਟ ਫਾਰਮੂਲਾ ਵੀ ਹੈ। ਲੋਕਾਂ ਨੂੰ ਇਹ ਫਿਲਮ ਜਚ ਗਈ ਹੈ।''

ਗਿਰੀਸ਼ ਕਹਿੰਦੇ ਹਨ, "ਭਾਰਤੀ ਦਰਸ਼ਕਾਂ ਨਾਲ ਇਸ ਦਾ ਜਜ਼ਬਾਤੀ ਲਗਾਅ ਬਹੁਤ ਜ਼ਬਰਦਸਤ ਹੈ। ਇਹ ਭਾਰਤ ਦੀ ਫ਼ਿਲਮ ਹੈ, ਜਿਸ ਨੂੰ ਹਿੰਦੁਸਤਾਨ ਦੀ ਫ਼ਿਲਮ ਕਿਹਾ ਜਾ ਰਿਹਾ ਹੈ। ਇਸ ਲਈ ਕਿਤੇ ਨਾ ਕਿਤੇ ਇਹ ਭਾਵਨਾ ਹੈ ਕਿ ਸਾਡਾ ਹਿੰਦੂ ਹੀਰੋ ਬਹੁਤ ਵੱਡਾ ਹੈ।''

''ਪਰ ਉਹ ਬਹੁਤ ਥੋੜ੍ਹੀ ਮਾਤਰਾ 'ਚ ਹੈ। ਵੱਡੀ ਮਾਤਰਾ 'ਚ ਗੱਲ ਇਹ ਹੈ ਕਿ ਹਰੇਕ ਭਾਰਤੀ ਦਾ ਦਿਲ ਫਿਲਮ ਨਾਲ ਜੁੜ ਗਿਆ ਹੈ, ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ। ਸੰਨੀ ਦਿਓਲ ਦੀ ਤਸਵੀਰ ਧਰਮ ਤੋਂ ਪਰ੍ਹੇ ਹੈ। ਇਹ ਵੱਡੀ ਗੱਲ ਹੈ। ਕੋਈ ਹੋਰ ਅਦਾਕਾਰ ਇਸ ਦਾਇਰੇ ਵਿੱਚ ਨਹੀਂ ਆਉਂਦਾ।"

ਲਾਈਨ

ਓਐਮਜੀ-2 ਅਤੇ ਜੇਲਰ ਨਾਲ ਸਖ਼ਤ ਮੁਕਾਬਲਾ

ਓਐਮਜੀ-2

ਤਸਵੀਰ ਸਰੋਤ, Taran Adarsh/FB

ਗ਼ਦਰ-2 ਦਾ ਇਹ ਬੌਕਸ ਆਫਿਸ ਟੈਸਟ ਸੌਖਾ ਨਹੀਂ ਸੀ। ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਦੀ ਓਐਮਜੀ- ਓਹ ਮਾਈ ਗੌਡ - 2 ਵੀ 11 ਅਗਸਤ ਨੂੰ ਹੀ ਰਿਲੀਜ਼ ਹੋਈ ਸੀ।

ਬੌਕਸ ਆਫਿਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਓਐਮਜੀ-2 ਨੇ ਹੁਣ ਤੱਕ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

11 ਅਗਸਤ ਨੂੰ ਹੀ ਦੱਖਣ ਦੇ ਸੁਪਰਸਟਾਰ ਚਿਰੰਜੀਵੀ, ਤਮੰਨਾ ਭਾਟੀਆ ਅਤੇ ਕੀਰਤੀ ਸੁਰੇਸ਼ ਵਰਗੇ ਸਟਾਰਕਾਸਟ ਵਾਲੀ ਫਿਲਮ 'ਭੋਲਾ ਸ਼ੰਕਰ' ਵੀ ਰਿਲੀਜ਼ ਹੋਈ ਸੀ ਪਰ ਇਹ ਬੌਕਸ ਆਫਿਸ 'ਤੇ ਕੁਝ ਖਾਸ ਨਹੀਂ ਕਰ ਪਾਈ।

ਦੂਜੇ ਪਾਸੇ, ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਵੀ ਇਸੇ ਦਿਨ ਰਿਲੀਜ਼ ਹੋਈ ਸੀ, ਜੋ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ।

'ਜੇਲਰ' ਨੇ ਕਮਾਈ ਦੇ ਮਾਮਲੇ 'ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। 'ਜੇਲਰ' ਦੀ ਵਿਦੇਸ਼ੀ ਕਮਾਈ ਨੂੰ ਜੋੜੀਏ ਤਾਂ ਇਹ ਵੱਡੀ ਬਲਾਕਬਸਟਰ ਸਾਬਤ ਹੋ ਰਹੀ ਹੈ।

ਦੁਨੀਆਂ ਭਰ 'ਚ 'ਜੇਲਰ' ਦੀ ਕਮਾਈ ਦਾ ਅੰਕੜਾ 450 ਕਰੋੜ ਦੇ ਕਰੀਬ ਪਹੁੰਚ ਗਿਆ ਹੈ ਤੇ ਵਿਸ਼ਵ ਪੱਧਰ 'ਤੇ ਕਮਾਈ ਦੇ ਮਾਮਲੇ 'ਚ 'ਜੇਲਰ' ਨੇ 'ਗ਼ਦਰ-2' ਨੂੰ ਵੀ ਪਿੱਛੇ ਛੱਡ ਦਿੱਤਾ ਹੈ। 'ਗ਼ਦਰ-2' ਦੀ ਵਿਦੇਸ਼ਾਂ ਵਿੱਚ ਕੁੱਲ ਕਮਾਈ ਹੁਣ ਤੱਕ 35 ਕਰੋੜ ਰੁਪਏ ਦੇ ਕਰੀਬ ਹੈ।

ਜੇਲਰ

ਤਸਵੀਰ ਸਰੋਤ, Filmy Track/Twitter

ਫਿਲਮ ਆਲੋਚਕਾਂ ਦੇ ਅਨੁਸਾਰ, ਇਸ ਦੇ ਮੁੱਖ ਦਰਸ਼ਕ ਉੱਤਰੀ ਭਾਰਤ ਦੇ ਦਰਸ਼ਕ ਹਨ ਅਤੇ ਇਹ ਇਸ ਦੀ ਘੱਟ ਵਿਦੇਸ਼ੀ ਕਮਾਈ ਵਿੱਚ ਵੀ ਦਿਖਾਈ ਦਿੰਦਾ ਹੈ।

ਉਨ੍ਹਾਂ ਮੁਤਾਬਕ, ਉੱਤਰੀ ਭਾਰਤੀ ਥੀਏਟਰਾਂ ਵਿੱਚ ਇਸ ਫ਼ਿਲਮ ਦਾ ਕਬਜ਼ਾ 88 ਫੀਸਦੀ ਰਿਹਾ ਹੈ। ਹਾਲਾਂਕਿ, ਇਸ ਦੇ ਨਾਲ ਹੀ ਰਿਲੀਜ਼ ਹੋਈ 'ਓਹ ਮਾਈ ਗੌਡ-2' ਨੇ ਦਰਸ਼ਕਾਂ ਦੇ ਇੱਕ ਵਰਗ ਨੂੰ ਆਪਣੇ ਵੱਲ ਖਿੱਚ ਲਿਆ ਹੈ। ਜੇਕਰ ਇਹ ਫਿਲਮ ਇਕੱਲੀ ਹੀ ਰਿਲੀਜ਼ ਹੁੰਦੀ ਤਾਂ ਇਸ ਦੀ ਕਮਾਈ ਹੋਰ ਵੀ ਵੱਧ ਹੋਣੀ ਸੀ।

ਫਿਲਮ ਆਲੋਚਕ ਗਿਰੀਸ਼ ਵਾਨਖੇੜੇ ਦਾ ਕਹਿਣਾ ਹੈ, "ਇਹ 'ਓਹ ਮਾਈ ਗੌਡ' ਵਰਗੀ ਫਿਲਮ ਨਾਲ ਰਿਲੀਜ਼ ਹੋਈ। ਓਪਨਹਾਈਮਰ, ਬਾਰਬੀ ਨੇ ਪਹਿਲਾਂ ਹੀ ਬੌਕਸ ਆਫਿਸ 'ਤੇ ਧੂਮ ਮਚਾ ਰੱਖੀ ਸੀ। 'ਰੌਕੀ ਔਰ ਰਾਨੀ ਕਿ ਪ੍ਰੇਮ ਕਹਾਨੀ' ਅਜੇ ਵੀ ਵਧੀਆ ਚੱਲ ਰਹੀ ਹੈ।''

''ਤਾਂ ਇਸ ਦੀ ਰਿਲੀਜ਼ ਦਾ ਸਮਾਂ ਬਹੁਤ ਵਧੀਆ ਹੈ। ਫਿਲਮ ਵਿੱਚ ਕਰਨਲ ਨੂੰ ਦਿਖਾਉਂਦੇ ਹਨ, ਉਸ ਵੇਲੇ ਵੰਦੇ ਮਾਤਰਮ ਦੀ ਧੁਨ ਵੱਜਦੀ ਹੈ। ਬੈਕਗਰਾਊਂਡ ਮਿਊਜ਼ਿਕ ਹੈ। ਉਸ ਦਾ ਇੱਕ ਭਾਵਨਾਤਮਕ ਹਿੱਸਾ ਹੈ। ਪਿਓ-ਪੁੱਤ ਵਿਚਕਾਰਲਾ ਪਿਆਰ ਦਾ ਭਾਵ। ਕੁਝ ਹੱਦ ਤੱਕ ਪਾਕਿਸਤਾਨ ਵਿਰੋਧੀ ਭਾਵਨਾ ਵੀ ਹੈ।"

ਸੰਨੀ ਦਿਓਲ ਦਾ ਦਮ

ਗ਼ਦਰ-2

ਤਸਵੀਰ ਸਰੋਤ, UNIVERSAL PR

ਸੰਨੀ ਦਿਓਲ ਪਹਿਲਾਂ ਵੀ ਬਲਾਕਬਸਟਰ ਫਿਲਮਾਂ ਦਿੰਦੇ ਰਹੇ ਹਨ ਪਰ ਉਨ੍ਹਾਂ ਦੀਆਂ ਫਿਲਮਾਂ ਲਈ ਮੁਕਾਬਲਾ ਵੀ ਓਨਾ ਹੀ ਸਖ਼ਤ ਰਿਹਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਨੀ ਦਿਓਲ ਦੀ ਫਿਲਮ ਦੇ ਨਾਲ ਹੀ ਆਪਣੇ ਦੌਰ ਦੀ ਇੱਕ ਹੋਰ ਵੱਡੀ ਫਿਲਮ ਰਿਲੀਜ਼ ਹੋਈ ਹੈ।

ਆਮਿਰ ਖਾਨ ਦੀ 'ਲਗਾਨ' ਵੀ ਉਸੇ ਦਿਨ ਰਿਲੀਜ਼ ਹੋਈ ਸੀ ਜਦੋਂ 'ਗ਼ਦਰ-ਏਕ ਪ੍ਰੇਮ ਕਥਾ' ਪਰਦੇ 'ਤੇ ਆਈ ਸੀ। 15 ਜੂਨ 2001 ਨੂੰ ਰਿਲੀਜ਼ ਹੋਈਆਂ ਦੋਵੇਂ ਫਿਲਮਾਂ ਰਾਸ਼ਟਰਵਾਦ 'ਤੇ ਆਧਾਰਿਤ ਸਨ।

'ਲਗਾਨ' ਨੇ ਜਿੱਥੇ ਕਰੀਬ 60 ਕਰੋੜ ਰੁਪਏ ਦੀ ਕਮਾਈ ਕੀਤੀ, ਉੱਥੇ ਹੀ 'ਗ਼ਦਰ-ਏਕ ਪ੍ਰੇਮ ਕਥਾ' ਨੇ 130 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।

22 ਜੂਨ, 1990 ਨੂੰ ਸੰਨੀ ਦਿਓਲ ਦੀ ਫਿਲਮ 'ਘਾਇਲ' ਰਿਲੀਜ਼ ਹੋਈ ਸੀ, ਉਸੇ ਦਿਨ ਆਮਿਰ ਖਾਨ ਦੀ 'ਦਿਲ' ਵੀ ਰਿਲੀਜ਼ ਹੋਈ ਸੀ।

ਉਦੋਂ 'ਘਾਇਲ' ਨੇ 20 ਕਰੋੜ ਦੀ ਕਮਾਈ ਕੀਤੀ ਸੀ, ਜਦਕਿ 'ਦਿਲ' ਨੇ ਵੀ 17 ਕਰੋੜ ਰੁਪਏ ਕਮਾਏ ਸਨ। ਫਿਲਮ ਆਲੋਚਕਾਂ ਨੇ ਦੋਵਾਂ ਫਿਲਮਾਂ ਨੂੰ ਬਲਾਕਬਸਟਰ ਕਿਹਾ ਸੀ।

ਹਾਲਾਂਕਿ, ਇਨ੍ਹਾਂ ਅੰਕੜਿਆਂ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਸਾਹਮਣੇ ਭਾਵੇਂ ਕੋਈ ਹੋਵੇ,ਕਮਾਈ ਦੇ ਮਾਮਲੇ 'ਚ ਸੰਨੀ ਦਿਓਲ ਦੀਆਂ ਫ਼ਿਲਮਾਂ ਹੀ ਵੀਹ ਸਾਬਿਤ ਹੋਈਆਂ ਹਨ ਅਤੇ ਦੂਜੀਆਂ ਉੱਨੀਂ।

ਪਿਛਲੇ 10 ਸਾਲਾਂ ਤੋਂ ਨਹੀਂ ਚੱਲੀਆਂ ਸਨ ਸੰਨੀ ਦੀਆਂ ਫਿਲਮਾਂ

ਗ਼ਦਰ-2

ਤਸਵੀਰ ਸਰੋਤ, ANI

ਅਜਿਹਾ ਨਹੀਂ ਹੈ ਕਿ 'ਗ਼ਦਰ-ਏਕ ਪ੍ਰੇਮ ਕਥਾ' ਤੋਂ ਬਾਅਦ ਸੰਨੀ ਦਿਓਲ ਦੀਆਂ ਸਾਰੀਆਂ ਫਿਲਮਾਂ ਬੌਕਸ ਆਫਿਸ 'ਤੇ ਸਫਲ ਰਹੀਆਂ ਸਨ।

'ਗ਼ਦਰ-ਏਕ ਪ੍ਰੇਮ ਕਥਾ' ਤੋਂ ਬਾਅਦ ਸੰਨੀ ਦਿਓਲ ਦੀ 'ਯਮਲਾ ਪਗਲਾ ਦੀਵਾਨਾ' 2011 ਵਿੱਚ ਆਈ ਸੀ। ਇਸ ਨੇ ਲਗਭਗ 90 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਹਿੱਟ ਹੋ ਗਈ, ਪਰ ਉਦੋਂ ਤੋਂ ਹੀ ਸੰਨੀ ਦਿਓਲ ਦੇ ਸਿਤਾਰੇ ਗਰਦਿਸ਼ 'ਚ ਰਹਿਣ ਲੱਗੇ।

2013 'ਚ ਜਦੋਂ ਉਸੇ ਫ਼ਿਲਮ ਦਾ ਸੀਕਵਲ 'ਯਮਲਾ ਪਗਲਾ ਦੀਵਾਨਾ-2' ਆਇਆ ਤਾਂ ਇਸ ਨੇ 50 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਇਹ ਔਸਤ ਫ਼ਿਲਮ ਰਹੀ।

ਇਸੇ ਤਰ੍ਹਾਂ, 2018 'ਚ ਇਸ ਦੀ ਤੀਜੀ ਫ਼ਿਲਮ 'ਯਮਲਾ ਪਗਲਾ ਰਿਟਰਨਸ' ਨੇ ਸਿਰਫ 17 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਇਹ ਫਲੌਪ ਸਾਬਤ ਹੋਈ।

2022 'ਚ ਉਨ੍ਹਾਂ ਦੀ ਮਨੋਵਿਗਿਆਨਕ ਥ੍ਰਿਲਰ 'ਚੁਪ' 19 ਕਰੋੜ ਰੁਪਏ ਦੀ ਕਮਾਈ ਨਾਲ ਫਲੌਪ ਸਾਬਤ ਹੋਈ, ਜਦਕਿ 2019 'ਚ ਆਈ 'ਬਲੈਂਕ' ਨੇ ਸਿਰਫ਼ ਅੱਠ ਕਰੋੜ ਰੁਪਏ ਦੀ ਕਮਾਈ ਕੀਤੀ।

ਗ਼ਦਰ-2 ਦੀ ਤਾਕਤ

ਫਿਲਮ ਆਲੋਚਕ ਗਿਰੀਸ਼ ਵਾਨਖੇੜੇ

ਤਸਵੀਰ ਸਰੋਤ, MADHU PAL

ਤਸਵੀਰ ਕੈਪਸ਼ਨ, ਫਿਲਮ ਆਲੋਚਕ ਗਿਰੀਸ਼ ਵਾਨਖੇੜੇ

ਫਿਲਮ ਆਲੋਚਕ ਗਿਰੀਸ਼ ਵਾਨਖੇੜੇ ਦਾ ਕਹਿਣਾ ਹੈ ਕਿ 'ਗ਼ਦਰ-2', ਸਭ ਤੋਂ ਤੇਜ਼ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ 'ਪਠਾਨ' ਅਤੇ 'ਆਦਿਪੁਰਸ਼' ਤੋਂ ਬਾਅਦ ਤੀਜੀ ਫਿਲਮ ਬਣ ਗਈ ਹੈ।

ਉਹ ਕਹਿੰਦੇ ਹਨ, "ਇਹ ਫ਼ਿਲਮ ਬਹੁਤੀ ਬਿਹਤਰ ਨਹੀਂ ਹੈ। ਇਸ ਦੇ ਰੀਵਿਊਜ਼ ਵੀ ਬਹੁਤ ਜ਼ਬਰਦਸਤ ਨਹੀਂ ਹਨ। ਇਹ 15 ਅਗਸਤ ਤੋਂ ਠੀਕ ਪਹਿਲਾਂ ਰਿਲੀਜ਼ ਹੋਈ। ਦੇਸ਼ ਪ੍ਰੇਮ ਦੀ ਭਾਵਨਾ ਕੰਮ ਕਰ ਗਈ। ਸੰਨੀ ਦਿਓਲ ਦੀ ਸਵੀਕ੍ਰਿਤੀ, ਉਨ੍ਹਾਂ ਦੀ ਨਿਮਰਤਾ, ਉਨ੍ਹਾਂ ਪ੍ਰਤੀ ਲੋਕਾਂ ਦਾ ਪਿਆਰ, ਇਹ ਸਾਰੇ ਇਸ ਫ਼ਿਲਮ ਦੀ ਸਫ਼ਲਤਾ ਦੇ ਕਾਰਨਾਂ ਵਜੋਂ ਗਿਣਵਾਏ ਜਾ ਸਕਦੇ ਹਨ।

ਗਿਰੀਸ਼ ਵਾਨਖੇੜੇ ਦਾ ਕਹਿਣਾ ਹੈ, "ਗ਼ਦਰ ਇੱਕ ਬੁਝਾਰਤ ਦੀ ਤਰ੍ਹਾਂ ਰਹੀ ਹੈ, ਇਸ ਦੀ ਉਹੀ ਤਾਕਤ ਰਹੀ ਹੈ, ਇਸ ਨੂੰ ਲੈ ਕੇ ਉਤਸ਼ਾਹ ਰਿਹਾ ਹੈ ਅਤੇ ਉਹ ਗੀਤ ਅਤੇ ਡਰਾਮਾ, ਜਿਸ ਨੂੰ ਲੋਕਾਂ ਨੇ ਪਰਦੇ 'ਤੇ 22 ਸਾਲ ਬਾਅਦ ਵੀ ਸਰਾਹਿਆ ਹੈ। ਲੋਕ ਇਸ ਨੂੰ ਭਾਵੁਕਤਾ ਨਾਲ ਦੇਖ ਰਹੇ ਹਨ। ਪੰਜਾਬ ਵਿੱਚ ਲੋਕ ਟਰੈਕਟਰਾਂ 'ਤੇ ਜਾ ਰਹੇ ਹਨ ਫ਼ਿਲਮ ਨੂੰ ਦੇਖਣ ਲਈ। ਲੋਕ ਸਿਨੇਮਾਘਰਾਂ ਵਿੱਚ ਜਾ ਕੇ ਉਨ੍ਹਾਂ ਗੀਤਾਂ ਉੱਤੇ ਨੱਚ ਰਹੇ ਹਨ।"

ਕੀ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਜਿਹਾ ਕੋਈ ਅਨੁਮਾਨ ਸੀ ਕਿ ਫ਼ਿਲਮ ਇਸ ਤਰ੍ਹਾਂ ਦਾ ਧਮਾਲ ਮਚਾਵੇਗੀ?

ਇਸ 'ਤੇ ਗਿਰੀਸ਼ ਵਾਨਖੇੜੇ ਕਹਿੰਦੇ ਹਨ, "ਫ਼ਿਲਮਾਂ ਬਣ ਜਾਂਦੀਆਂ ਹਨ, ਬਣਾਈਆਂ ਨਹੀਂ ਜਾਂਦੀਆਂ। ਅਨਿਲ ਸ਼ਰਮਾ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਇਹ ਇੰਨੀ ਹਿੱਟ ਹੋ ਜਾਵੇਗੀ। ਅਸੀਂ ਟ੍ਰੇਲਰ ਦੇਖਿਆ ਸੀ, ਸਾਨੂੰ ਵੀ ਅਜਿਹਾ ਨਹੀਂ ਲੱਗਾ ਸੀ। ਇਹ ਫ਼ਿਲਮ ਲਗਭਗ 60 ਕਰੋੜ ਰੁਪਏ 'ਚ ਬਣਾਈ ਗਈ ਹੈ ਅਤੇ ਇਸ ਦੀ ਕਮਾਈ 350 ਕਰੋੜ ਰੁਪਏ ਤੱਕ ਪਹੁੰਚ ਗਈ ਹੈ।''

ਉਨ੍ਹਾਂ ਦਾ ਕਹਿਣਾ ਹੈ ਕਿ ਹਰ ਫਿਲਮ ਆਪਣੀ ਕਿਸਮਤ ਲੈ ਕੇ ਆਉਂਦੀ ਹੈ ਅਤੇ 'ਗ਼ਦਰ-2' ਦੀ ਤੁਲਨਾ 'ਪਠਾਨ' ਜਾਂ ਹੋਰ ਫਿਲਮਾਂ ਨਾਲ ਕਰਨਾ ਠੀਕ ਨਹੀਂ ਹੈ।

ਇਹ ਪੁੱਛੇ ਜਾਣ 'ਤੇ ਕਿ ਇਸ ਫਿਲਮ ਦੀ ਸਕਾਰਾਤਮਕ ਗੱਲ ਕੀ ਹੈ, ਗਿਰੀਸ਼ ਵਾਨਖੇੜੇ ਕਹਿੰਦੇ ਹਨ, "ਦੇਸ਼ ਭਗਤੀ ਦੀ ਭਾਵਨਾ, ਪਾਕਿਸਤਾਨ ਵਿਰੋਧੀ ਮਨੋਭਾਵ ਤੋਂ ਵੱਧ ਮਨੋਰੰਜਨ ਦੀ ਭਾਵਨਾ, ਦੂਜਿਆਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ- ਉਹ ਹੈ ਅਤੇ ਐਕਸ਼ਨ ਹੈ ਤੇ ਸੰਨੀ ਪਾਜੀ ਹਨ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)